ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, March 16, 2011

ਸੁਰਿੰਦਰ ਸੋਹਲ - ਸੋਹਣ ਕਾਦਰੀ – ਇਮਤਿਹਾਨ - ਯਾਦਾਂ


ਤਸਵੀਰ: (ਖੱਬਿਓਂ ਸੱਜੇ) ਸੁਰਿੰਦਰ ਸੋਹਲ, ਡਾ. ਗੁਰਬਚਨ, ਸੋਹਨ ਕਾਦਰੀ, ਕਾਨਾ ਸਿੰਘ, ਮਨਮੋਹਨ ਬਾਵਾ, ਉਂਕਾਰਪ੍ਰੀਤ ਅਤੇ ਨਾਟਕਕਾਰ ਆਤਮਜੀਤ। ਚੰਡੀਗੜ੍ਹ। ਆਤਮਜੀਤ ਦਾ ਘਰ। 1997 ਦਾ ਵਰ੍ਹਾ ।

******

ਇਮਤਿਹਾਨ

ਯਾਦਾਂ

ਪੇਸ਼ਕਸ਼ ਸੁਰਿੰਦਰ ਸੋਹਲ

ਪ੍ਰਸਿੱਧ ਚਿੱਤਰਕਾਰ ਅਤੇ ਕਵੀ ਸੋਹਨ ਕਾਦਰੀ ਦਾ ਜਨਮ 2 ਨਵੰਬਰ 1932 ਨੂੰ ਪਿੰਡ ਚਾਚੋਕੀ (ਫਗਵਾੜਾ) ਨੇੜੇ ਹੋਇਆ। ਉਸਨੇ ਵਿਦਿਆ ਰਾਮਗੜ੍ਹੀਆ ਕਾਲਜ ਤੋਂ ਮੁਕੰਮਲ ਕੀਤੀ ਅਤੇ ਆਰਟ ਦਾ ਡਿਪਲੋਮਾ ਸ਼ਿਮਲੇ ਤੋਂ ਕੀਤਾ। ਕੁਝ ਦੇਰ ਰਾਮਗੜ੍ਹੀਆ ਕਾਲਜ ਵਿਚ ਪੜ੍ਹਾਇਆ। ਜਲੰਧਰ ਵਿਚ ਫੋਟੋਗ੍ਰਾਫੀ ਕੀਤੀ ਤੇ ਫਿਰ ਦੇਸ਼-ਵਿਦੇਸ਼ ਵਿਚ ਆਪਣੇ ਚਿੱਤਰਾਂ ਦੀਆਂ ਨੁਮਾਇਸ਼ਾਂ ਲਾਉਂਦਾ ਹੋਇਆ, ਡੈਨਮਾਰਕ ਵਿਚ ਪੱਕੇ ਤੌਰ ਤੇ ਰਹਿਣ ਲੱਗ ਪਿਆ। ਸੋਹਨ ਕਾਦਰੀ ਦੇ ਚਿੱਤਰ ਅਤੇ ਕਵਿਤਾ ਰਿਵਾਇਤਾਂ ਨੂੰ ਤੋੜਦੇ ਹਨ। ਉਸਦੀ ਸਥਾਪਤੀ-ਅਸਥਾਪਤੀ ਦੇ ਦਿਨਾਂ ਦੀ ਇਹ ਘਟਨਾ ਹੈ।

-----

ਚਿੱਤਰਕਾਰ ਸੋਹਨ ਕਾਦਰੀ ਉਸ ਰਾਤ ਸੌਂ ਨਾ ਸਕਿਆ। ਉਸਨੂੰ ਉਹ ਅਜਨਬੀ ਵਿਅਕਤੀ ਵਾਰ ਵਾਰ ਯਾਦ ਆ ਰਿਹਾ ਸੀ, ਜਿਸ ਨਾਲ ਉਸਨੇ ਫ਼ੋਨ ਤੇ ਗੱਲ ਕੀਤੀ ਸੀ। ਕਦੇ ਸੋਹਨ ਕਾਦਰੀ ਨੂੰ ਉਸ ਵਿਅਕਤੀ ਦੀ ਗੱਲ ਮਜ਼ਾਕ ਜਾਪਦੀ। ਕਦੇ ਕਦੇ ਵਿਅਕਤੀ ਦੀ ਗੰਭੀਰ ਆਵਾਜ਼ ਬਾਰੇ ਸੋਚਿਆਂ ਇਸ ਵਿਚੋਂ ਸੱਚਾਈ ਦੀ ਝਲਕ ਵੀ ਮਹਿਸੂਸ ਹੁੰਦੀ। ਮਜ਼ਾਕ ਅਤੇ ਸੱਚਾਈ ਦੀ ਖਿੱਚੋਤਾਣ ਵਿਚ ਉਸਨੇ ਸਾਰੀ ਰਾਤ ਪਾਸੇ ਮਾਰਦਿਆਂ ਲੰਘਾ ਦਿੱਤੀ।

-----

1966 ਦੀ ਆਖਰੀ ਤਿਮਾਹੀ ਦੇ ਦਿਨ ਸਨ। ਸੋਹਨ ਕਾਦਰੀ ਆਪਣੀਆਂ ਤਸਵੀਰਾਂ ਦੀ ਨੁਮਾਇਸ਼ ਲਾਉਣ ਲਈ ਬਰੱਸਲਜ਼ ਆਇਆ ਹੋਇਆ ਸੀ। ਬਰੱਸਲਜ਼ ਵਿਚ ਉਸਦੀ ਪਹਿਲੀ ਨੁਮਾਇਸ਼ ਸੀ। ਕਾਦਰੀ ਇਹਨੀਂ ਦਿਨੀਂ ਸਥਾਪਤੀ-ਅਸਥਾਪਤੀ ਦਾ ਦੌਰ ਹੰਢਾ ਰਿਹਾ ਸੀ। ਇਕ ਕੰਪਨ ਦੀ ਸਥਿਤੀ ਵਿਚ ਸੀ। ਉਸਦੀ ਸਥਿਤੀ ਆਸਮਾਨ ਵਿਚ ਲਟਕਦੀ ਉਸ ਬੂੰਦ ਵਰਗੀ ਸੀ, ਜੋ ਕਿਸੇ ਸਿੱਪ ਵਿਚ ਪੈ ਕੇ ਮੋਤੀ ਵੀ ਬਣ ਸਕਦੀ ਸੀ ਅਤੇ ਕਿਸੇ ਗੁੰਮਨਾਮੀ ਦੇ ਵੀਰਾਨ ਮਾਰੂਥਲ ਵਿਚ ਡਿੱਗ ਕੇ ਫ਼ਨਾ ਵੀ ਹੋ ਸਕਦੀ ਸੀ। ਉਸਦੇ ਭਵਿੱਖ ਦਾ ਫੈਸਲਾ ਹੋਣਾ ਸੀ। ਉਂਝ ਵੀ ਚਾਚੋਕੀ ਤੋਂ ਆਏ ਮੁੰਡੇ ਦੀ ਨੁਮਾਇਸ਼ ਬਰੱਸਲਜ਼ ਵਿਚ ਲੱਗਣੀ ਕੋਈ ਸੌਖੀ ਗੱਲ ਨਹੀਂ ਸੀ।

-----

ਉਹ ਦਿੱਲੀ ਦੇ ਆਰਟਿਸਟ ਸਹਿਗਲ ਕੋਲ ਠਹਿਰਿਆ ਹੋਇਆ ਸੀ। ਸਹਿਗਲ ਨੇ ਉਸ ਨਾਲ ਬੜੀ ਨੇੜਤਾ ਜਤਾਈ ਸੀ। ਸਹਿਗਲ ਨੇ ਸੋਚਿਆ, ਇਕ ਮੁੰਡਾ ਖੁੰਡਾ ਚਿੱਤਰਕਾਰ। ਕਾਰ ਵੀ ਰੱਖੀ ਹੋਈ ਹੈ। ਮੁਲਕ ਰਾਜ ਆਨੰਦ ਦੀ ਚਿੱਠੀ ਵੀ ਕੋਲ ਹੈ। ਬਰੱਸਲਜ਼ ਵਿਚ ਨੁਮਾਇਸ਼ ਲੱਗ ਰਹੀ ਹੈ। ਸਵਿਟਜ਼ਰਲੈਂਡ ਵਿਚ ਰਹਿੰਦਾ ਹੈ। ਚੰਗਾ ਆਰਟਿਸਟ ਹੀ ਹੋਵੇਗਾ।

------

ਕਾਦਰੀ ਆਪਣੀ ਕਾਰ ਵਿਚ ਆਪਣੀਆਂ ਤਸਵੀਰਾਂ ਲੱਦੀਆਂ ਅਤੇ ਬਰੱਸਲਜ਼ ਦੀ ਗੈਲਰੀ ਵਿਚ ਜਾ ਲਾਈਆਂ।

ਸਿਰਫ਼ ਇਕ ਤਸਵੀਰ ਵਿਕੀ।

ਸੋਹਨ ਕਾਦਰੀ ਦਾ ਦਿਲ ਢਹਿ ਗਿਆ। ਉਸ ਦਾ ਮਨ ਬਹੁਤ ਉਦਾਸ ਹੋ ਗਿਆ।

ਉਸਨੇ ਬਚੀਆਂ ਤਸਵੀਰਾਂ ਕਾਰ ਵਿਚ ਰੱਖੀਆਂ। ਕਾਰ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ। ਕਾਰ ਘਰਰ ਘਰਰਕਰਕੇ ਚੁੱਪ ਕਰ ਗਈ।

-----

ਸਹਿਗਲ ਨੇ ਦੇਖਿਆ, ਕਾਦਰੀ ਦੀ ਕਾਰ ਖ਼ਰਾਬ ਹੋ ਗਈ ਸੀ। ਤਸਵੀਰ ਵੀ ਇਕ ਹੀ ਵਿਕੀ ਹੈ। ਹੋ ਸਕਦਾ ਹੈ ਹੁਣ ਕਾਦਰੀ ਕਾਰ ਰਿਪੇਅਰ ਕਰਾਉਣ ਲਈ ਪੈਸੇ ਮੰਗੇ। ਸਹਿਗਲ ਕਹਿਣ ਲੱਗਾ,‘ਮੇਰੇ ਅੱਜ ਹੋਰ ਗੈਸਟ ਆਉਣੇ ਐਂ। ਤੂੰ ਕਿਤੇ ਹੋਰ ਇੰਤਜ਼ਾਮ ਕਰ ਲੈ।

ਸਹਿਗਲ ਆਪਣੇ ਘਰ ਨੂੰ ਤੁਰ ਗਿਆ।

ਕਾਦਰੀ ਨੇ ਆਪਣੀ ਕਿਸੇ ਦੋਸਤ ਕੁੜੀ ਕੋਲ ਜਾਣ ਦਾ ਮਨ ਬਣਾ ਲਿਆ।

ਅਣਮੰਨੇ ਮਨ ਨਾਲ ਕਾਦਰੀ ਨੇ ਇਕ ਵਾਰ ਫਿਰ ਕਾਰ ਦੀ ਚਾਬੀ ਘੁੰਮਾਈ। ਕਾਰ ਫਰਰ ਫਰਰਕਰਕੇ ਚੱਲ ਪਈ। ਸੋਹਨ ਕਾਦਰੀ ਦੀ ਪ੍ਰੇਸ਼ਾਨੀ ਰਤਾ ਕੁ ਘਟੀ। ਉਹ ਕਾਗ਼ਜ਼ੀ ਕਾਰਵਾਈ ਕਰਨ ਲਈ ਆਖਰੀ ਵਾਰ ਗੈਲਰੀ ਵਿਚ ਗਿਆ।

-----

ਗੈਲਰੀ ਵਾਲੀ ਲੜਕੀ ਨੇ ਉਸਦੇ ਨਾਂ ਆਇਆ ਕਿਸੇ ਦਾ ਮੈਸੇਜ ਉਸਨੂੰ ਦਿੰਦੇ ਹੋਏ ਕਿਹਾ,‘ਇਹ ਆਦਮੀ ਤੁਹਾਨੂੰ ਲੱਭਦਾ ਫਿਰਦਾ ਸੀ। ਇਹ ਉਸਦਾ ਫੋਨ ਨੰਬਰ ਹੈ।

ਸੋਹਨ ਕਾਦਰੀ ਨੂੰ ਯਾਦ ਆਇਆ ਕਿ ਇਕ ਆਦਮੀ ਬੜੇ ਧਿਆਨ ਨਾਲ ਉਸਦੀਆਂ ਪੇਂਟਿੰਗਜ਼ ਦੇਖ ਰਿਹਾ ਸੀ। ਉਸ ਨਾਲ ਇਕ ਲੰਬੀ ਜਿਹੀ ਲੜਕੀ ਵੀ ਸੀ। ਹੋਵੇ ਨਾ ਹੋਵੇ, ਇਹ ਉਸੇ ਬੰਦੇ ਦਾ ਹੀ ਫੋਨ ਨੰਬਰ ਹੈ।

ਦੋਸਤ ਲੜਕੀ ਦੇ ਘਰ ਜਾ ਕੇ, ਤਸਵੀਰਾਂ ਚੁੱਕ ਕੇ ਉਸਨੇ ਗੈਰਾਜ ਵਿਚ ਰੱਖ ਦਿੱਤੀਆਂ। ਅੰਦਰ ਜਾ ਕੇ ਦਿੱਤੇ ਹੋਏ ਫੋਨ ਨੰਬਰ ਤੇ ਫੋਨ ਕੀਤਾ।

ਅੱਗਿਉਂ ਆਦਮੀ ਦੀ ਆਵਾਜ਼ ਆਈ। ਉਸ ਨੇ ਪੁੱਛਿਆ,‘ਇਸ ਵਕ਼ਤ ਤੁਹਾਡੇ ਕੋਲ ਪੇਟਿੰਗਜ਼ ਦੀ ਲਿਸਟ ਹੈ?’

ਕਾਦਰੀ ਨੇ ਕਿਹਾ,‘ਹਾਂ ਹੈ।

ਆਦਮੀ ਨੇ ਕਿਹਾ ਕਿ ਇਸ ਇਸ ਨੰਬਰ ਵਾਲੀਆਂ ਪੰਜ ਤਸਵੀਰਾਂ ਤੇਰੀ ਕੀਮਤ ਤੇ। ਜਾਣੀ ਗੈਲਰੀ ਦੀ ਪ੍ਰਾਈਸ ਤੇ। ਬਾਕੀ ਪੰਦਰਾਂ ਤਸਵੀਰਾਂ ਮੇਰੀ ਪ੍ਰਾਈਸ ਤੇ।

ਕਾਦਰੀ ਨੇ ਪੁੱਛਿਆ,‘ਤੁਸੀਂ ਹੋ ਕੌਣ?’

ਉਸ ਆਦਮੀ ਨੇ ਕਿਹਾ,‘ਇਸ ਨੂੰ ਭੁੱਲ ਜਾਵੋ। ਕੀ ਤੁਸੀਂ ਆਪਣੀਆਂ ਪੰਜ ਤਸਵੀਰਾਂ ਆਪਣੀ ਕੀਮਤ ਤੇ ਅਤੇ ਬਾਕੀ ਤਸਵੀਰਾਂ ਮੇਰੀ ਕੀਮਤ ਤੇ ਵੇਚਣੀਆਂ ਚਾਹੁੰਦੇ ਹੋ?’

ਸੋਹਨ ਕਾਦਰੀ ਨੂੰ ਯਕੀਨ ਨਾ ਆਵੇ।

ਉਸਨੇ ਫਿਰ ਪੁੱਛਿਆ,‘ਪਰ ਤੁਸੀਂ..?’

ਉਸ ਆਦਮੀ ਨੇ ਕਿਹਾ,‘ਤੁਹਾਨੂੰ ਇਸ ਨਾਲ ਕੀ? ਤਸਵੀਰਾਂ ਵੇਚਣੀਆਂ ਹਨ ਤਾਂ ਕੱਲ੍ਹ ਨੂੰ ਮੈਨੂੰ ਫੋਨ ਕਰੀਂ।

ਸੋਹਨ ਕਾਦਰੀ ਸਾਰੀ ਰਾਤ ਸੌਂ ਨਾ ਸਕਿਆ। ਕੀ ਇਹ ਮਜ਼ਾਕ ਸੀ?

-----

ਉਸਨੇ ਸ਼ਸੋਪੰਜ ਵਿਚ ਹੀ ਸਾਰੀ ਰਾਤ ਲੰਘਾ ਦਿੱਤੀ। ਸਵੇਰੇ ਉੱਠ ਕੇ ਉਸਨੇ ਠੰਢੇ ਦਿਮਾਗ਼ ਨਾਲ ਸੋਚਿਆ, ਪਹਿਲਾਂ ਉਸ ਅਣਜਾਣ ਆਦਮੀ ਵਾਸਤੇ ਪੰਜ ਤਸਵੀਰਾਂ ਹੀ ਲੈ ਕੇ ਜਾਵੇਗਾ। ਆਪੇ ਮਜ਼ਾਕ ਜਾਂ ਸੱਚਾਈ ਦਾ ਪਤਾ ਲੱਗ ਜਾਵੇਗਾ।

ਕਾਦਰੀ ਨੇ ਉਸ ਆਦਮੀ ਨੂੰ ਫੋਨ ਕੀਤਾ,‘ਮੈਂ ਆ ਰਿਹਾ ਹਾਂ।

ਉਹ ਅਣਜਾਣ ਆਦਮੀ ਪੁੱਛਣ ਲੱਗਾ,‘ਕੀ ਫੈਸਲਾ ਕੀਤਾ ਹੈ?’

ਕਾਦਰੀ ਨੇ ਕਿਹਾ,‘ਮੈਂ ਪੰਜ ਤਸਵੀਰਾਂ ਲੈ ਕੇ ਆ ਰਿਹਾ ਹਾਂ।

ਉਸ ਆਦਮੀ ਨੇ ਡਾਇਰੈਕਸ਼ਨ ਦੇ ਦਿੱਤੀ।

ਕਾਦਰੀ ਗਿਆ।

ਘੰਟੀ ਵਜਾਈ।

ਦਰਵਾਜ਼ਾ ਖੁੱਲ੍ਹਿਆ। ਦਰਵਾਜ਼ਾ ਖੁੱਲ੍ਹਿਆ ਕਿ ਕਿਸੇ ਕਲਾ ਦੇ ਸਵਰਗ ਦਾ ਪਰਵੇਸ਼ ਦੁਆਰ ਸੀ ਇਹ। ਅੰਦਰ ਏਡਾ ਵੱਡਾ ਸਟੂਡੀਓ! ਹਰ ਪਾਸੇ ਪੇਂਟਿੰਗਾਂ ਹੀ ਪੇਂਟਿੰਗਾਂ। ਕਲਾ ਦੀ ਜਿਵੇਂ ਬਹਾਰ ਆਈ ਹੋਈ ਸੀ।

ਕਾਦਰੀ ਨੇ ਝਕਦੇ ਝਕਦੇ ਪੁੱਛਿਆ,‘ਤੁਸੀਂ...?’

ਵਿਲਾਂਵਿਕ।

ਵਿਲਾਂਵਿਕ ਤਾਂ ਬੈਲਜੀਅਮ, ਬਲਕਿ ਯੂਰਪ ਦਾ ਬਹੁਤ ਵੱਡਾ ਆਰਟਿਸਟ ਸੀ। ਆਰਟ ਦੀ ਰਾਇਲ ਅਕੈਡਮੀ ਦਾ ਪ੍ਰੋਫੈਸਰ।

ਕਾਦਰੀ ਨੇ ਪੁੱਛਿਆ,‘ਤੁਹਾਨੂੰ ਮੇਰੀਆਂ ਪੇਂਟਿੰਗ ਕਿਉਂ ਚਾਹੀਦੀਆਂ ਹਨ?’

ਪ੍ਰੋਫੈਸਰ ਨੇ ਕਿਹਾ,‘ਮੈਨੂੰ ਨਹੀਂ ਚਾਹੀਦੀਆਂ। ਇਕ ਲੜਕੀ ਹੈ। ਉਹ ਇਥੋਂ ਕਿਊਬਿਕ ਸਿਟੀ ਮੂਵ ਹੋ ਰਹੀ ਹੈ ਉਹ ਕਿਊਬਿਕ ਸਿਟੀ ਵਿਚ ਆਰਟ ਗੈਲਰੀ ਖੋਲ੍ਹਣਾ ਚਾਹੁੰਦੀ ਹੈ। ਉਸਨੂੰ ਤੁਹਾਡਾ ਕੰਮ ਪਸੰਦ ਆਇਆ ਹੈ।

-----

ਸੋਹਨ ਕਾਦਰੀ ਨੂੰ ਯਾਦ ਆਇਆ, ਇਹ ਤਾਂ ਉਹੀ ਜੋੜਾ ਹੈ, ਜਿਹੜਾ ਉਸਦੀਆਂ ਪੇਂਟਿੰਗਜ਼ ਨੂੰ ਧਿਆਨ ਨਾਲ ਦੇਖ ਰਿਹਾ ਸੀ। ਉਹ ਲੜਕੀ ਪ੍ਰੋਫੈਸਰ ਨੂੰ ਮਾਹਿਰ ਦੇ ਤੌਰ ਤੇ ਲੈ ਕੇ ਗਈ ਸੀ। ਪ੍ਰੋਫੈਸਰ ਨੇ ਪੇਂਟਿੰਗਜ਼ ਦੀ ਤਾਰੀਫ਼ ਕੀਤੀ ਹੋਵੇਗੀ, ਉਹ ਲੜਕੀ ਸਾਰਾ ਕੰਮ ਖ਼ਰੀਦਣ ਲਈ ਤਿਆਰ ਹੋ ਗਈ।

ਸੋਹਨ ਕਾਦਰੀ ਨੇ ਕਿਹਾ,‘ਮੈਂ ਤਾਂ ਪੰਜ ਹੀ ਪੇਂਟਿੰਗਜ਼ ਲੈ ਕੇ ਆਇਆ ਹਾਂ।

ਪ੍ਰੋਫੈਸਰ ਵਿਲਾਂਵਿਕ ਨੇ ਕਿਹਾ,‘ਸ਼ਾਬਾਸ਼! ਤੁਸੀਂ ਅਸਲੀ ਆਰਟਿਸਟ ਹੋ। ਤੁਸੀਂ ਜ਼ਰੂਰ ਤਰੱਕੀ ਕਰੋਗੇ।

ਕਾਦਰੀ ਨੇ ਪੁੱਛਿਆ,‘ਕਿਉਂ?’

ਪ੍ਰੋਫੈਸਰ ਬੋਲਿਆ,‘ਤੁਸੀਂ ਸਿਰਫ਼ ਉਹੀ ਤਸਵੀਰਾਂ ਲੈ ਕੇ ਆਏ ਹੋ, ਜੋ ਤੁਹਾਡੀ ਆਪਣੀ ਪ੍ਰਾਈਸ ਦੀਆਂ ਹਨ। ਦੂਸਰੀਆਂ ਨਹੀਂ ਲਿਆਏ। ਤੁਹਾਡਾ ਇਹ ਆਤਮਵਿਸ਼ਵਾਸ ਦੱਸਦਾ ਹੈ ਕਿ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ।

ਪਰ ਸੋਹਨ ਕਾਦਰੀ ਤਾਂ ਬਾਕੀ ਵੀ ਵੇਚਣੀਆਂ ਚਾਹੁੰਦਾ ਸੀ। ਉਹ ਤਾਂ ਸਿਰਫ਼ ਇਹ ਦੇਖਣ ਹੀ ਆਇਆ ਸੀ ਕਿ ਉਸ ਨਾਲ ਕਿਸੇ ਨੇ ਮਜ਼ਾਕ ਤਾਂ ਨਹੀਂ ਸੀ ਕੀਤਾ। ਉਹ ਚਾਹੁੰਦਾ ਸੀ ਕਿ ਕਹਿ ਦੇਵੇ ਕਿ ਉਹ ਬਾਕੀ ਤਸਵੀਰਾਂ ਵੀ ਲੈ ਆਉਂਦਾ ਹੈ। ਪਰ ਪ੍ਰੋਫੈਸਰ ਦੀ ਗੱਲ ਸੁਣ ਕੇ ਉਸਨੇ ਸੋਚਿਆ,‘ਹੁਣ ਚੁੱਪ ਹੀ ਚੰਗੀ।

-----

ਪ੍ਰੋਫੈਸਰ ਵਿਲਾਂਵਿਕ ਨੇ ਇਕ ਆਰਟ ਦੇ ਐਕਸਪਰਟ ਨੂੰ ਸੋਹਨ ਕਾਦਰੀ ਦਾ ਕੰਮ ਦਿਖਾਇਆ। ਸੋਹਨ ਕਾਦਰੀ ਡਰਦਾ ਹੀ ਰਿਹਾ ਕਿ ਇਹ ਐਕਸਪਰਟ ਇਹ ਨਾ ਕਹਿ ਦੇਵੇ ਕਿ ਇਸ ਕੰਮ ਉੱਤੇ ਤਾਂ ਪੱਛਮੀ ਪ੍ਰਭਾਵ ਸਪੱਸ਼ਟ ਦਿਸਦਾ ਹੈ।

ਉਸ ਐਕਸਪਰਟ ਨੇ ਕਾਦਰੀ ਦੀਆਂ ਕਲਾ ਕਿਰਤਾਂ ਬਾਰੇ ਲੇਖ ਲਿਖਿਆ। ਉਸ ਨੇ ਲਿਖਿਆ ਕਿ ਇਸ ਆਰਟ ਦੀ ਸ਼ੈਲੀ ਪੂਰਬ ਵਲੋਂ ਆਈ ਹੈ। ਕਾਦਰੀ ਦੇ ਟੋਨਜ਼ ਯੂਰਪੀਨ ਨਹੀਂ ਹਨ।

ਬਸ ਫਿਰ ਕੀ ਸੀ! ਸੋਹਨ ਕਾਦਰੀ ਨੂੰ ਯਕੀਨ ਹੋ ਗਿਆ ਕਿ ਹੁਣ ਉਹ ਨਹੀਂ ਡਿੱਗੇਗਾ। ਆਪਣੀ ਮੌਲਿਕਤਾ ਕਾਰਨ ਉਹ ਆਰਟ ਦੀ ਦੁਨੀਆ ਵਿਚ ਆਪਣਾ ਥਾਂ ਬਣਾ ਲਵੇਗਾ। ਹੁਣ ਕੋਈ ਇਹ ਨਹੀਂ ਕਹਿ ਸਕੇਗਾ ਕਿ ਉਹ ਪੱਛਮੀ ਆਰਟ ਦੀ ਕਾਪੀ ਕਰਦਾ ਹੈ।

( ਕਾਦਰੀ ਬਾਰੇ ਇਹ ਆਰਟੀਕਲ ਨਵੰਬਰ 1966 ਵਿਚ ਛਪਿਆ ਸੀ। ਦਸ ਸਤਰਾਂ ਦੇ ਇਸ ਆਰਟੀਕਲ ਨੇ ਸੋਹਨ ਕਾਦਰੀ ਦੇ ਭਵਿੱਖ ਦੇ ਦਰਵਾਜ਼ੇ ਖੋਲ੍ਹ ਦਿੱਤੇ ਸਨ। )

No comments: