ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Friday, April 8, 2011

ਨਿਰਮਲ ਸਿੰਘ ਕੰਧਾਲਵੀ - ਕ੍ਰਿਸ਼ਨ ਚੰਦਰ - ਪਹਿਲਾ ਬਿਲ – ਕਹਾਣੀ – ਭਾਗ ਪਹਿਲਾ


ਦੋਸਤੋ! ਹਿੰਦੀ ਅਤੇ ਉਰਦੂ ਦੇ ਸੁਪ੍ਰਸਿੱਧ ਅਫ਼ਸਾਨਾਨਿਗਾਰ ਜਨਾਬ ਕ੍ਰਿਸ਼ਨ ਚੰਦਰ ਸਾਹਿਬ 23 ਨਵੰਬਰ, 1914 ਨੂੰ ਲਾਹੌਰ ਵਿਚ ਜਨਮੇ ਤੇ ਜ਼ਿੰਦਗੀ ਦਾ ਬਹੁਤਾ ਸਮਾਂ ਕਸ਼ਮੀਰ ਬਿਤਾਉਣ ਤੋਂ ਬਾਅਦ 8 ਮਾਰਚ, 1977 ਨੂੰ ਮੁੰਬਈ ਵਿਖੇ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ। ਉਹਨਾਂ ਨੇ ਆਪਣੇ ਜੀਵਨ-ਕਾਲ ਦੌਰਾਨ 20 ਨਾਵਲ, 30 ਤੋਂ ਵੱਧ ਕਹਾਣੀ-ਸੰਗ੍ਰਹਿ ਅਤੇ ਬਹੁਤ ਸਾਰੇ ਨਾਟਕ ਰੇਡਿਓ ਲਈ ਲਿਖੇ। ਅੱਜ ਉਹਨਾਂ ਦੀ ਕਲਮ ਨੂੰ ਸਲਾਮ ਕਰਦਿਆਂ, ਇਹ ਬੇਹੱਦ ਖ਼ੂਬਸੂਰਤ ਕਹਾਣੀ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਆਸ ਹੈ ਕਿ ਨਵੇਂ ਕਹਾਣੀਕਾਰ ਇਸ ਨੂੰ ਪੜ੍ਹ ਕੇ ਸੇਧ ਜ਼ਰੂਰ ਲੈਣਗੇ। ਕੰਧਾਲਵੀ ਸਾਹਿਬ! ਤੁਹਾਡਾ ਸ਼ੁਕਰੀਆ ਅਦਾ ਕਰਨ ਲਈ ਮੇਰੇ ਕੋਲ਼ ਅੱਜ ਸ਼ਬਦ ਥੁੜ ਗਏ ਹਨ...ਫੇਰ ਵੀ ਆਖਾਂਗੀ...ਤੁਸੀਂ ਪਿੱਠ ਦਰਦ ਤੋਂ ਪੀੜਿਤ ਹੁੰਦਿਆਂ ਹੋਇਆਂ ਵੀ ਆਰਸੀ ਦੁਬਾਰਾ ਅਪਡੇਟ ਹੋਣ ਦੀ ਖ਼ੁਸ਼ੀ ਚ ਹਾਜ਼ਰੀ ਲਵਾਈ ਹੈ.... ਬਹੁਤ-ਬਹੁਤ ਸ਼ੁਕਰੀਆ। ਪਰਮਾਤਮਾ ਤੁਹਾਨੂੰ ਛੇਤੀ ਸਿਹਤਯਾਬ ਕਰੇ....ਆਮੀਨ!!

ਅਦਬ ਸਹਿਤ


ਤਨਦੀਪ ਤਮੰਨਾ


******


ਪਹਿਲਾ ਬਿਲ


ਕਹਾਣੀ


ਮੂਲ ਲੇਖਕ: ਕ੍ਰਿਸ਼ਨ ਚੰਦਰ


ਹਿੰਦੀ ਤੋਂ ਪੰਜਾਬੀ ਅਨੁਵਾਦ: ਨਿਰਮਲ ਸਿੰਘ ਕੰਧਾਲਵੀ


ਭਾਗ ਪਹਿਲਾ


ਊਸ਼ਾ ਨੇ ਟੈਲੀਫ਼ੂਨ ਬੰਦ ਕਰ ਦਿੱਤਾ ਅਤੇ ਆਪਣੇ ਭਰਾ ਕੈਲਾਸ਼ ਨੂੰ ਕਹਿਣ ਲੱਗੀ,“ਰਾਤੀਂ ਸੇਠ ਜੀ ਨਾਲ ਮੇਰੀ ਗੱਲ ਹੋਈ ਸੀ।ਅੱਜ ਫੇਰ ਮੈਂ ਪੱਕੀ ਕਰ ਲਈ ਐ।ਪਹਿਲੀ ਤਰੀਕ ਤੋਂ ਤੂੰ ਉਨ੍ਹਾਂ ਦੇ ਦਫ਼ਤਰ ਵਿਚ ਕੰਮ ਸ਼ੁਰੂ ਕਰਨੈ।ਸਾਢੇ ਸੱਤ ਸੌ ਰੁਪਏ ਤੇਰੀ ਤਨਖ਼ਾਹ ਹੋਵੇਗੀ, ਤੇ ਫੇਰ ਆਪਣੀ ਹਿੰਮਤ ਨਾਲ ਤੂੰ ਕਿਤੇ ਵੀ ਪਹੁੰਚ ਸਕਦੈਂ।ਸੇਠ ਜੀ ਦੀ ਅਲਮੀਨੀਅਮ ਫ਼ੈਕਟਰੀ ਦਾ ਮੈਨੇਜਰ ਹੁਣ ਮਹੀਨੇ ਦੀ ਬਾਰਾਂ ਹਜ਼ਾਰ ਤਨਖ਼ਾਹ ਲੈਂਦੈ।ਤੂੰ ਵੀ ਏਥੇ ਤੱਕ ਪਹੁੰਚ ਸਕਦੈਂ।ਉਹ ਵੀ ਤੇਰੇ ਵਾਂਗ ਪਹਿਲਾਂ ਥੋੜ੍ਹੀ ਤਨਖ਼ਾਹ ਤੇ ਹੀ ਸ਼ੁਰੂ ਹੋਇਆ ਸੀ।ਏਨਾ ਕਹਿ ਕੇ ਉਹ ਕੈਲਾਸ਼ ਦੇ ਚੇਹਰੇ ਵੱਲ ਦੇਖਣ ਲੱਗੀ।


-----


ਕੈਲਾਸ਼ ਉਸ ਵੇਲੇ ਖਾਣੇ ਦੀ ਮੇਜ਼ ਤੇ ਬੈਠਾ ਸੰਗਤਰਾ ਛਿੱਲ ਰਿਹਾ ਸੀ।ਉਸ ਦੇ ਸਾਹਮਣੇ ਮੇਜ਼ ਉੱਪਰ ਇਕ ਬੜੇ ਕੀਮਤੀ ਫੁੱਲਦਾਨ ਵਿਚ ਨਰਗਿਸ ਦੇ ਫੁੱਲ ਮਹਿਕਾਂ ਖ਼ਿਲਾਰ ਰਹੇ ਸਨ।ਸਮੁੰਦਰ ਵੱਲ ਦੀ ਖਿੜਕੀ ਖੁੱਲ੍ਹੀ ਸੀ ਤੇ ਹਲਕੇ ਹਰੇ ਰੰਗ ਦੇ ਪਰਦਿਆਂ ਰਾਹੀਂ ਅਠਖੇਲੀਆਂ ਕਰਦੀ ਹਵਾ ਅੰਦਰ ਆ ਰਹੀ ਸੀ।ਊਸ਼ਾ ਖੁੱਲ੍ਹੀ ਹੋਈ ਖਿੜਕੀ ਦੇ ਕੋਲ ਖੜ੍ਹੀ ਸੀ।ਉਹਦੇ ਕੱਟੇ ਹੋਏ ਸੁੰਦਰ ਸੁਨਹਿਰੀ ਵਾਲ ਉਸ ਦੇ ਮੋਢਿਆਂ ਤੇ ਝੂਲ ਰਹੇ ਸਨ।ਅਠੱਤੀਆਂ ਸਾਲਾਂ ਦੀ ਉਮਰ ਵਿਚ ਵੀ ਉਹ ਮਸਾਂ ਚੌਵੀ ਪੱਚੀ ਸਾਲਾਂ ਦੀ ਲਗਦੀ ਸੀ।ਕੈਲਾਸ਼ ਨੂੰ ਆਪਣੀ ਭੈਣ ਦੀ ਸੁੰਦਰਤਾ ਉੱਪਰ ਬੜਾ ਮਾਣ ਸੀ।ਉਹ ਕਈ ਵਾਰੀ ਸੋਚਦਾ ਕਿ ਚਾਲੀਆਂ ਦੀ ਉਮਰ ਦੇ ਨੇੜੇ ਤੇੜੇ ਜਾ ਕੇ ਤਾਂ ਕਈ ਔਰਤਾਂ ਲਗਭਗ ਖ਼ਤਮ ਹੀ ਹੋ ਜਾਂਦੀਆਂ ਹਨ, ਪਤਾ ਨਹੀਂ ਉਸ ਦੀ ਭੈਣ ਨੇ ਕਿਹੜੇ ਕਿਹੜੇ ਯਤਨਾਂ ਨਾਲ ਸਰੀਰ ਦੀ ਸੁੰਦਰਤਾ ਨੂੰ ਹੁਣ ਤੱਕ ਬਚਾ ਕੇ ਰੱਖਿਆ ਹੋਇਆ ਸੀ।ਬੈਂਗਣੀ ਰੰਗ ਦੀ ਸਾੜ੍ਹੀ ਦੇ ਪੱਲੂ ਨੂੰ ਸੰਭਾਲੀ ਉਹ ਖਿੜਕੀ ਤੋਂ ਬਾਹਰ ਦੇਖ ਰਹੀ ਸੀ।ਕੈਲਾਸ਼ ਉਹਦੇ ਨੇੜੇ ਜਾ ਖੜ੍ਹਾ ਹੋਇਆ।ਸਮੁੰਦਰ ਦੇ ਕਿਨਾਰੇ ਕਾਲੇ-ਕਾਲੇ ਤਣਿਆਂ ਵਾਲੇ ਨਾਰੀਅਲ ਦੇ ਬ੍ਰਿਛ, ਲੰਮੇ ਕੱਦ ਵਾਲੇ ਦੈਂਤਾਂ ਦੇ ਸਮਾਨ ਮੋਰ ਪੰਖ ਹੱਥਾਂ ਵਿਚ ਲਈ ਖੜ੍ਹੇ ਸਨ ਅਤੇ ਉਨ੍ਹਾਂ ਦੇ ਹਰੇ ਹਰੇ ਪੱਤੇ ਸਮੁੰਦਰ ਅਤੇ ਆਸਮਾਨ ਦੀ ਨੀਲੱਤਣ ਵਿਚ ਝਾਲਰਾਂ ਦੀ ਤਰ੍ਹਾਂ ਲਟਕ ਰਹੇ ਸਨ।


-----


ਕੈਲਾਸ਼ ਨੇ ਖ਼ੁਸ਼ੀ ਅਤੇ ਤਸੱਲੀ ਨਾਲ ਇਕ ਲੰਮਾ ਸਾਹ ਲੈ ਕੇ ਪੁੱਛਿਆ, “ਪਰ ਭੈਣ, ਮੈਂ ਕੰਮ ਕੀ ਕਰਨਾ ਹੋਊ?”



ਊਸ਼ਾ ਨੇ ਕੈਲਾਸ਼ ਦੀ ਤਰਫ਼ ਮੁੜੇ ਬਿਨਾਂ ਸਮੁੰਦਰ ਵਲ ਇਸ਼ਾਰਾ ਕਰ ਕੇ ਕਿਹਾ, “ ਸਮੁੰਦਰ ਪਾਰ ਤੋਂ ਬੜੇ-ਬੜੇ ਲੋਕ ਸਾਡੇ ਦੇਸ਼ ਵਿਚ ਵਿਉਪਾਰ ਕਰਨ ਲਈ ਆਉਂਦੇ ਐ- ਤੇਰਾ ਕੰਮ ਬਸ ਹੋਵੇਗਾ, ਉਨ੍ਹਾਂ ਨੂੰ ਖ਼ੁਸ਼ ਰੱਖਣਾ।ਅਜਿਹਾ ਕੰਮ ਕਰਨ ਵਾਲਿਆਂ ਨੂੰ ਅੱਜ ਦੇ ਜ਼ਮਾਨੇ ਵਿਚ ਕਾਂਟੈਕਟ-ਮੈਨ ਕਹਿੰਦੇ ਐ।ਬਹੁਤ ਮਹੱਤਵਪੂਰਨ ਪਰ ਬਹੁਤ ਸੂਝ-ਬੂਝ ਵਾਲਾ ਕੰਮ ਹੈ ਇਹ।


....


ਸਮਝ ਗਿਆ,” ਕੈਲਾਸ਼ ਲਾਪਰਵਾਹੀ ਨਾਲ ਬੋਲਿਆ।


.............


ਨਹੀਂ, ਤੂੰ ਅਜੇ ਨਹੀਂ ਸਮਝਿਆ,” ਊਸ਼ਾ ਉਹਦੇ ਵਲ ਮੁੜ ਕੇ ਬੋਲੀ, “ ਤੂੰ ਅਜੇ ਬਾਈਆਂ ਸਾਲਾਂ ਦਾ ਨੌਜੁਆਨ ਐਂ, ਤੂੰ ਆਪਣੀ ਭੈਣ ਦੀ ਤਰ੍ਹਾਂ ਨਹੀਂ ਇਹ ਦੁਨੀਆਂ ਦੇਖੀ ਅਜੇ, ਅਤੇ ਮੈਂ ਚਾਹੁੰਦੀ ਵੀ ਨਹੀਂ ਕਿ ਤੂੰ ਦੇਖੇਂ, ਮੈਂ ਤੈਨੂੰ ਹੁਣ ਤੱਕ ਦੁਨੀਆਂ ਦੀ ਹਰ ਘਿਰਣਾ ਤੋਂ ਬਚਾ ਕੇ ਰੱਖਿਐ, ਜਿਵੇਂ ਕੋਈ ਮਾਂ ਆਪ ਚਿੱਕੜ ਵਿਚ ਖੜ੍ਹੀ ਹੋ ਕੇ ਵੀ ਆਪਣੇ ਬੱਚੇ ਨੂੰ ਬਾਹਾਂ ਤੇ ਚੁੱਕੀ ਰੱਖਦੀ ਐ।ਏਸੇ ਤਰ੍ਹਾਂ ਹੀ ਮੈਂ ਤੈਨੂੰ ਗ਼ਰੀਬੀ ਅਤੇ ਉਸਦੀ ਹਰ ਬੁਰਿਆਈ ਤੋਂ ਹੁਣ ਤੱਕ ਬਚਾ ਕੇ ਰੱਖਿਐ।ਮੈਂ ਹੁਣ ਚਾਹੁੰਨੀ ਆਂ ਕਿ ਤੂੰ ਛੇਤੀ ਛੇਤੀ ਜੀਵਨ ਦੇ ਰਾਹ ਤੇ ਅੱਗੇ ਵਧੇਂ ਅਤੇ ਇਕ ਦਿਨ ਆਪਣੇ ਸੇਠ ਜੀ ਦੀ ਤਰ੍ਹਾਂ ਹੀ ਕਰੋੜਪਤੀ ਬਣੇਂ,” ਊਸ਼ਾ ਦੀ ਆਵਾਜ਼ ਵਿਚ ਡੂੰਘਾ ਵਿਸ਼ਵਾਸ ਸੀ।


.............


ਮੈਂ ਵੀ ਪੈਸੇ ਵਿਚ ਖੇਲ੍ਹਣਾ ਚਾਹੁੰਨਾ ਭੈਣ, ਕਿਉਂਕਿ ਪੈਸੇ ਬਿਨਾਂ ਤਾਂ ਜੀਵਨ ਨਰਕ ਬਣ ਜਾਂਦੈ,” ਕੈਲਾਸ਼ ਨੇ ਕਿਹਾ।


..........


ਤੂੰ ਤਾਂ ਇਸ ਨਰਕ ਬਾਰੇ ਸਿਰਫ਼ ਸੁਣਿਐ; ਮੈਂ ਤਾਂ ਇਸ ਨਰਕ ਨੂੰ ਭੋਗਿਆ ਵੀ ਐ,” ਏਨਾ ਕਹਿ ਕੇ ਊਸ਼ਾ ਖਿੜਕੀ ਦੇ ਕੋਲ ਪਈ ਇਕ ਆਰਾਮ ਕੁਰਸੀ ਤੇ ਲੇਟ ਗਈ ਅਤੇ ਉਸ ਨੇ ਆਪਣੀਆਂ ਅੱਖਾਂ ਮੁੰਦ ਲਈਆਂ ਤੇ ਬੋਲੀ, “ ਬੱਸ ਮੈਂ ਚਾਹੁੰਨੀ ਆਂ ਕਿ ਤੂੰ ਛੇਤੀ ਤੋਂ ਛੇਤੀ ਪੈਸੇ ਵਿਚ ਖੇਲੇਂ।ਸੇਠ ਜੀ ਨੇ ਵਚਨ ਦਿੱਤੈ ਕਿ ਜੇ ਤੂੰ ਉਨ੍ਹਾਂ ਦੇ ਕਹਿਣੇ ਵਿਚ ਰਿਹਾ ਤਾਂ ਉਹ ਪੰਜਾਂ ਸਾਲਾਂ ਦੇ ਵਿਚ ਵਿਚ ਤੈਨੂੰ ਲੱਖਪਤੀ ਬਣਾ ਦੇਣਗੇ।ਜ਼ਰਾ ਸੋਚ, ਸਤਾਈ ਸਾਲ ਦੀ ਉਮਰ ਵਿਚ ਹੀ ਤੂੰ ਲੱਖਪਤੀ ਬਣ ਜਾਵੇਂਗਾ।


............


ਮੈਂ ਸੇਠ ਜੀ ਦੇ ਕਹੇ ਮੁਤਾਬਿਕ ਹੀ ਕੰਮ ਕਰਾਂਗਾ ਭੈਣ,” ਕੈਲਾਸ਼ ਨੇ ਬੜੇ ਵਿਸ਼ਵਾਸ ਨਾਲ ਕਿਹਾ ਅਤੇ ਇਹ ਕਹਿੰਦਿਆਂ ਉੇਹਦੇ ਮੂੰਹ ਤੇ ਮੁਸਕਰਾਹਟ ਖੇਡਣ ਲੱਗੀ।ਊਸ਼ਾ, ਕੈਲਾਸ਼ ਦੇ ਭੋਲੇ ਚਿਹਰੇ ਨੂੰ ਦੇਖ਼ ਕੇ ਮੁਸਕਰਾਏ ਬਿਨਾਂ ਨਾ ਰਹਿ ਸਕੀ।


...........


ਉਹ ਮਨ ਹੀ ਮਨ ਸੋਚਣ ਲੱਗੀ ਕਿ ਕੈਲਾਸ਼ ਅਜੇ ਕਿਤਨਾ ਭੋਲ਼ਾ ਤੇ ਅਨਜਾਣ ਹੈ ਤੇ ਉਹਨੇ ਬੜੇ ਪਿਆਰ ਨਾਲ ਕੈਲਾਸ਼ ਨੂੰ ਕਿਹਾ, “ਜਾਹ, ਪਹਿਲਾਂ ਆਪਣਾ ਸੰਤਰਾ ਖ਼ਤਮ ਕਰ ਲੈ, ਮੇਰਾ ਵੀਰ।



ਤੇ ਫਿਰ ਸਮੁੰਦਰ ਵਲ ਦੇਖਦਿਆਂ ਉਹਦੀਆਂ ਅੱਖਾਂ ਵਿਚ ਨੀਂਦ ਰੜਕਣ ਲੱਗੀ, ਨੀਂਦ ਆਵੇ ਵੀ ਕਿਉਂ ਨਾ? ਕਮਰਾ ਕਿਤਨਾ ਆਰਾਮ-ਦੇਹ, ਫ਼ਰਸ਼ ਤੇ ਈਰਾਨੀ ਗ਼ਲੀਚੇ ਤੇ ਛੱਤ ਅਤੇ ਕੰਧਾਂ ਦੇ ਰੰਗਾਂ ਦੀ ਮਨਮੋਹਣੀ ਕਲਰ-ਸਕੀਮ।ਕਮਰੇ ਦਾ ਵਾਤਾਵਰਣ ਕਿਸੇ ਨੂੰ ਵੀ ਮਿੰਟਾਂ ਵਿਚ ਨੀਂਦ ਲਿਆ ਸਕਦੈ।ਮਹੀਨੇ ਦੇ ਚਾਰ ਪੰਜ ਹਜ਼ਾਰ ਰੁਪਏ ਤਾਂ ਇਸ ਫਲੈਟ ਦੀ ਰੱਖ-ਰਖਾਈ ਤੇ ਹੀ ਖ਼ਰਚ ਹੋ ਜਾਂਦੇ ਨੇ, ਪਰ ਕਦੋਂ ਤੱਕ ਇਹ ਖ਼ਰਚ ਹੁੰਦਾ ਰਹੇਗਾ?


-----


ਅਚਾਨਕ ਹੀ ਊਸ਼ਾ ਚੌਂਕੀ।ਖੜੱਪੇ ਸੱਪ ਦੀ ਤਰ੍ਹਾਂ ਇਹ ਪ੍ਰਸ਼ਨ ਉਹਦੇ ਸਾਹਮਣੇ ਫਣ ਫ਼ੈਲਾਈ ਖੜ੍ਹਾ ਸੀ।ਉਹ ਸੋਚਾਂ ਦੇ ਗਹਿਰੇ ਸਾਗਰ ਚ ਉੱਤਰ ਕੇ ਇਸ ਪ੍ਰਸ਼ਨ ਦੀਆਂ ਅੱਖਾਂ ਚ ਅੱਖਾਂ ਪਾ ਕੇ ਦੇਖਣ ਲੱਗੀ- ਕਦੋਂ ਤੱਕ? ਸੇਠ ਜੀ ਉਸ ਨੂੰ ਬਹੁਤ ਪਿਆਰ ਕਰਦੇ ਨੇ, ਪਰ ਕਦੋਂ ਤੱਕ..? ਕਦੋਂ ਤੱਕ..? ਸਿਰਫ਼ ਉਸ ਸਮੇਂ ਤੱਕ ਹੀ ਜਦੋਂ ਤੱਕ ਉਹਦੇ ਸਰੀਰ ਦੀ ਕੋਮਲਤਾ ਤੇ ਸੁੰਦਰਤਾ ਕਾਇਮ ਰਹੇਗੀ, ਫਿਰ ਉਹ ਕਿਸੇ ਨਵੀਂ ਜਵਾਨੀ ਦੀ ਤਲਾਸ਼ ਸ਼ੁਰੂ ਕਰ ਦੇਣਗੇ।


.........


ਨਹੀਂ, ਨਹੀਂ ਸੇਠ ਜੀ ਇਸ ਤਰ੍ਹਾਂ ਦੇ ਨਹੀਂ।ਹੁਣ ਦੋ ਕੁ ਸਾਲਾਂ ਤੋਂ ਤਾਂ ਉਹ ਮੇਰੇ ਨਾਲ ਏਵੇਂ ਸਲੂਕ ਕਰ ਰਹੇ ਐ ਜਿਵੇਂ ਮੈਂ ਉਨ੍ਹਾਂ ਦੀ ਵਿਆਹ ਕੇ ਲਿਆਂਦੀ ਹੋਈ ਪਤਨੀ ਹੋਵਾਂ, ਬਿਲਕੁਲ ਪਤਨੀ ਦੀ ਤਰ੍ਹਾਂ।ਵਾਰ ਵਾਰ ਕਹਿ ਚੁੱਕੇ ਐ, “ ਊਸ਼ਾ, ਹੁਣ ਤੂੰ ਆਰਾਮ ਨਾਲ ਰਹਿ, ਖਾਹ ਪੀ, ਮੌਜ ਕਰ ਤੇ ਪਿਛਲੀਆਂ ਗੱਲਾਂ ਨੂੰ ਭੁੱਲ ਜਾ! ਹੁਣ ਤਾਂ ਮੈਂ ਤੈਨੂੰ ਆਪਣੀ ਬੀਵੀ ਦੀ ਤਰ੍ਹਾਂ ਈ ਰੱਖਿਆ ਹੋਇਐ।ਉਹਦੇ ਵਾਂਗ ਈ ਤੂੰ ਖ਼ਰਚ ਕਰਦੀ ਏਂ, ਉਹੀ ਮਾਣ-ਇੱਜ਼ਤ, ਦੱਸ ਕੋਈ ਕਸਰ ਐ?”


...........


ਕਸਰ ਤਾਂ ਨਹੀਂ ਪਰ……..”


.............


ਪਰ ਕੀ?” ਊਸ਼ਾ ਨੇ ਪ੍ਰਸ਼ਨ ਦੇ ਲਹਿਰਾਉਂਦੇ ਫਣ ਤੇ ਡੂੰਘੀ ਨਜ਼ਰ ਮਾਰ ਕੇ ਕਿਹਾ, “ ਹਾਏ, ਉਹ ਦਿਨ ਬੀਤ ਗਏ, ਜਵਾਨੀ ਦੇ ਖ਼ਾਲੀਪਨ ਦੇ, ਜਦੋਂ ਦਿਲ ਆਪਣੇ ਸਾਹਮਣੇ ਆਪਣਾ ਹੀ ਕੋਈ ਹਮਜੋਲੀ ਮੰਗਦਾ ਹੈ।ਉਹ ਉਂਗਲੀਆਂ ਜਿਨ੍ਹਾਂ ਨੂੰ ਛੂਹ ਲੈਣ ਨਾਲ ਸਰੀਰ ਵਿਚ ਬਿਜਲੀ ਦੌੜੇ; ਉਹ ਨਜ਼ਰ ਜਿਸ ਨੂੰ ਦੇਖਣ ਨਾਲ ਸਰੀਰ ਟੁੱਟਣ ਲੱਗੇ; ਉਹ ਸਾਹ ਜਿਨ੍ਹਾਂ ਨੂੰ ਆਪਣੇ ਨੇੜੇ ਅਨੁਭਵ ਕਰ ਕੇ ਹੀ ਮਨ ਦਾ ਮੋਰ ਪੈਲਾਂ ਪਾਉਣ ਲੱਗੇ; ਉਹ, ਜਿਸ ਲਈ ਇਸਤਰੀ ਹਾਰ-ਸ਼ਿੰਗਾਰ ਕਰਦੀ ਐ, ਸੀਨੇ ਵਿਚ ਬੱਚੇ ਦੀ ਆਸ ਲੈ ਕੇ ਘੁੰਮਦੀ ਐ ਅਤੇ ਵਿਛੋੜੇ ਦੀ ਅੱਗ ਹੋਵੇ ਜਾਂ ਚਿਤਾ ਦੀ, ਖ਼ਾਮੋਸ਼ੀ ਨਾਲ ਸਿਰ ਝੁਕਾ ਕੇ ਜਲ ਜਾਂਦੀ ਐ।ਪਗਲੀ! ਜਦ ਉਹੀ ਨਾ ਮਿਲਿਆ ਅਤੇ ਜਦ ਸਮਾਂ ਹੀ ਬੀਤ ਗਿਆ ਤਾਂ ਹੁਣ ਸ਼ਿਕਾਇਤ ਕਰਨ ਦਾ ਕੀ ਫ਼ਾਇਦਾ? ਹੁਣ ਤਾਂ ਇਹੀ ਸੋਚ ਕਿ ਸੇਠ ਕਸਤੂਰੀ ਚੰਦ ਹੀ ਤੇਰਾ ਸਭ ਕੁਝ ਹੈ, ਉਹੀ ਭਗਵਾਨ, ਉਹੀ ਦੇਵਤਾ….ਉਹੀ ਤੇਰਾ ਪਤੀ


-----


ਸੋਚਦਿਆਂ ਸੋਚਦਿਆਂ ਊਸ਼ਾ ਦੀਆਂ ਅੱਖਾਂ ਵਿਚ ਅੱਥਰੂ ਆ ਗਏ।ਸਮੁੰਦਰ ਵਿਚ ਇਕ ਕਿਸ਼ਤੀ ਕਿਨਾਰੇ ਵਲ ਆ ਰਹੀ ਸੀ।ਅੱਜ ਤੋਂ ਕਈ ਸਾਲ ਪਹਿਲਾਂ ਇਸੇ ਤਰ੍ਹਾਂ ਹੀ ਸੇਠ ਕਸਤੂਰੀ ਚੰਦ ਵੀ ਇਕ ਕਿਸ਼ਤੀ ਤੇ ਸਵਾਰ ਹੋ ਕੇ ਉਨ੍ਹਾਂ ਦੇ ਪਿੰਡ ਆਇਆ ਸੀ ਤੇ ਉਸ ਨੇ ਉਹਦੇ ਮਾਂ ਬਾਪ ਨਾਲ ਊਸ਼ਾ ਦਾ ਸੌਦਾ ਕਰ ਲਿਆ ਸੀ।ਉਸ ਸਮੇਂ ਸੋਕਾ ਪੈਣ ਕਰ ਕੇ ਪਿੰਡਾਂ ਵਿਚ ਭੁੱਖ-ਮਰੀ ਵਰਗੀ ਹਾਲਤ ਬਣੀ ਹੋਈ ਸੀ।ਉਸ ਵੇਲੇ ਉਹਦੀ ਉਮਰ ਸਿਰਫ਼ ਗਿਆਰਾਂ ਸਾਲ ਦੀ ਸੀ।ਸੇਠ ਕਸਤੂਰੀ ਚੰਦ ਦਾ ਅਸੂਲ ਸੀ ਕਿ ਉਹ ਹਮੇਸ਼ਾ ਅੱਲ੍ਹੜ ਕੁੜੀਆਂ ਹੀ ਖ਼ਰੀਦਦਾ ਸੀ।ਇਕ ਤਾਂ ਸਸਤੀਆਂ ਮਿਲ ਜਾਂਦੀਆਂ ਸਨ ਤੇ ਦੂਸਰਾ ਉਨ੍ਹਾਂ ਨੂੰ ਮਨਮਰਜ਼ੀ ਦੇ ਸੱਚੇ ਵਿਚ ਢਾਲਿਆ ਜਾ ਸਕਦਾ ਸੀ।ਊਸ਼ਾ ਤੋਂ ਪਹਿਲਾਂ ਸੇਠ ਨੇ ਇੰਜ ਹੀ ਤਿੰਨ ਲੜਕੀਆਂ ਹੋਰ ਵੀ ਖ਼ਰੀਦੀਆਂ ਸਨ।


------


ਊਸ਼ਾ ਉੱਪਰ ਇਕ ਅਜੀਬ ਕਿਸਮ ਦਾ ਆਲਮ ਤਾਰੀ ਹੋ ਗਿਆ।ਉਹ ਜਿਵੇਂ ਬੁੜਬੜਾ ਰਹੀ ਸੀ।



ਕਿਥੇ ਐਂ ਤੂੰ ਮੇਰੇ ਪਿਆਰੇ ਪਿਆਰੇ ਪਿੰਡ? ਕਿੱਥੇ ਐ ਉਹ ਅੱਲ੍ਹੜ ਜਿਹਾ ਮੁੰਡਾ ਜੋ ਡੰਗਰ ਚਾਰਦਿਆਂ ਮੇਰੀ ਗੁੱਤ ਖਿੱਚ ਕੇ ਕਹਿੰਦਾ ਹੁੰਦਾ ਸੀ, “ ਊਸ਼ੀਏ, ਮੈਂ ਤੇਰੇ ਨਾਲ ਵਿਆਹ ਕਰਵਾਉਣੈ, ਦੱਸ ਕਦੋਂ ਕਰਾਵਾਂ?” ਪਿੰਡ ਦੇ ਮੰਦਰ ਦੇ ਪੁਜਾਰੀ ਨੇ ਇਕ ਦਿਨ ਸੁਹਾਗਵਤੀ ਹੋਣ ਦੀ ਅਸੀਸ ਦਿੱਤੀ ਸੀ ਤੇ ਇਸ ਅਸੀਸ ਤੋਂ ਦੋ ਦਿਨ ਬਾਅਦ ਹੀ ਮੇਰੇ ਮਾਂ ਬਾਪ ਨੇ ਮੈਨੂੰ ਵੇਚ ਦਿੱਤਾ ਸੀ।ਰੁਪਇਆਂ ਨਾਲ ਮੇਰਾ ਲਗਨ ਕਰ ਦਿੱਤਾ ਗਿਆ ਸੀ।ਹੁਣ ਮੈਂ ਸੋਚਦੀ ਆਂ ਕਿ ਰੁਪੱਇਆ ਹੀ ਉਹ ਡੰਗਰ ਚਾਰਨੇ ਵਾਲਾ ਮੁੰਡਾ ਹੈ ਜੋ ਪਿੰਡਾਂ ਦੀਆਂ ਭੁੱਖੀਆਂ ਤੇ ਭੋਲੀਆਂ ਮੱਝਾਂ ਗਾਈਆਂ ਨੂੰ ਸ਼ਹਿਰ ਦੇ ਬੁੱਚੜਖਾਨਿਆਂ ਵਿਚ ਛੱਡ ਆਉਂਦਾ ਹੈ।ਕਿਉਂ ਮੈਨੂੰ ਇਸ ਵੇਲੇ ਆਪਣੀ ਮਾਂ ਨਾਲੋਂ ਆਪਣੇ ਘਰ ਦਾ ਵਿਹੜਾ ਵਧੇਰੇ ਯਾਦ ਆ ਰਿਹੈ? ਅਤੇ ਉਹ ਕੈਂਹੇਂ ਦੀ ਕਟੋਰੀ ਜਿਸ ਵਿਚ ਮੈਂ ਜ਼ਿਦ ਕਰ ਕੇ ਦੁਧ ਪੀਂਦੀ ਹੁੰਦੀ ਸਾਂ! ਆਪਣੇ ਬਾਪ ਨਾਲੋਂ ਜ਼ਿਆਦਾ ਮੈਨੂੰ ਵਿਹੜੇ ਚ ਲੱਗੀ ਹੋਈ ਤੁਲਸੀ ਯਾਦ ਆਉਂਦੀ ਹੈ, ਜਿਸ ਨੇ ਮੇਰਾ ਸੌਦਾ ਨਹੀਂ ਸੀ ਕੀਤਾ ਅਤੇ ਮੇਰੇ ਫਲੈਟ ਦੇ ਗ਼ਮਲਿਆਂ ਚ ਲਗੇ ਵਿਦੇਸ਼ੀ ਫੁੱਲਾਂ ਨਾਲੋਂ ਮੰਦਰ ਦੇ ਅਹਾਤੇ ਚ ਲੱਗੀ ਹੋਈ ਰਾਤ ਦੀ ਰਾਣੀ ਜੋ ਬਿਨਾਂ ਪੈਸੇ ਤੋਂ ਮਹਿਕਦੀ ਹੈ- ਹੁਣ ਮੇਰੇ ਕੋਲ ਸਭ ਕੁਝ ਹੈ।ਆਪਣਾ ਫਲੈਟ, ਕਾਰ, ਬੈਂਕ ਬੈਲੈਂਸ, ਫਿਰ ਮੈਨੂੰ ਅਜਿਹੀਆਂ ਚੀਜ਼ਾਂ ਕਿਉਂ ਯਾਦ ਆ ਰਹੀਆਂ ਨੇ ਜਿਨ੍ਹਾਂ ਦੀ ਕੋਈ ਕੀਮਤ ਹੀ ਨਹੀਂ ਹੈ


-----


ਊਸ਼ਾ ਨੇ ਚੁੱਪ ਕਰਕੇ ਆਪਣੇ ਅੱਥਰੂ ਪੂੰਝ ਸੁੱਟੇ।



ਪਾਗਲ ਹੋ ਰਹੀ ਹਾਂ ਮੈਂ, ਜੋ ਇਸ ਤਰ੍ਹਾਂ ਦੀਆਂ ਗੱਲਾਂ ਸੋਚਦੀ ਆਂ; ਨਹੀਂ ਤਾਂ ਪੈਸੇ ਤੋਂ ਬਿਨਾਂ ਸੰਭਵ ਵੀ ਕੀ ਹੈ? ਦੋ ਮੁੱਠੀ ਚਾਵਲ ਵੀ ਪੈਸੇ ਬਿਨਾਂ ਨਹੀਂ ਮਿਲਦੇ।ਮੇਰੇ ਮਾਂ ਬਾਪ ਚੰਗੀ ਤਰ੍ਹਾਂ ਇਹ ਗੱਲ ਜਾਣਦੇ ਸਨ ਤਾਂ ਹੀ ਉਨ੍ਹਾਂ ਨੇ ਮੈਨੂੰ ਵੇਚ ਦਿੱਤਾ ਸੀ।ਫੇਰ ਅਗਲੇ ਪੰਜ ਸੱਤ ਸਾਲਾਂ ਵਿਚ ਮੈਂ ਵੀ ਇਸ ਗੱਲ ਨੂੰ ਸਮਝ ਗਈ ਤੇ ਹੁਣ ਮੈਂ ਆਪਣੇ ਮਾਂ ਬਾਪ ਨੂੰ ਦੋਸ਼ ਕਿਉਂ ਦੇਵਾਂ? ਕੀ ਮੈਂ ਆਪਣੀ ਸੁੰਦਰਤਾ ਨੂੰ ਇਕ ਕਲਾ ਵਾਂਗ ਨਹੀਂ ਵੇਚਿਆ, ਜਿਵੇਂ ਵਕੀਲ ਆਪਣੀ ਵਕਾਲਤ, ਇਕ ਡਾਕਟਰ ਆਪਣੀ ਡਾਕਟਰੀ ਤੇ ਇਕ ਮਜ਼ਦੂਰ ਆਪਣੇ ਸਰੀਰ ਦੀ ਸ਼ਕਤੀ ਵੇਚਦਾ ਹੈ? ਪੈਸਾ ਤਾਂ ਜੀਵਨ ਦੀ ਇਕ ਬਹੁਤ ਬੜੀ ਸਚਾਈ ਹੈ, ਸੇਠ ਕਸਤੂਰੀ ਚੰਦ ਨੇ ਹੌਲੀ ਹੌਲੀ ਸਾਰਾ ਕੁਝ ਮੈਨੂੰ ਸਮਝਾ ਦਿੱਤਾ ਸੀ।ਪੈਸੇ ਨਾਲ ਹੀ ਸਭ ਕੁਝ ਵੇਚਿਆ ਤੇ ਖ਼ਰੀਦਿਆ ਜਾਂਦਾ ਹੈ।ਚਾਹੇ ਦੋ ਮੁੱਠੀ ਚਾਵਲ ਹੋਣ, ਔਰਤ ਹੋਵੇ ਜਾਂ ਕਲਾ।ਇਸੇ ਲਈ ਤਾਂ ਮੈਂ ਆਪਣੇ ਸਰੀਰ ਨੂੰ ਬੜਾ ਸੰਭਾਲ ਸੰਭਾਲ ਕੇ ਰੱਖਿਐ ਤਾਂ ਕਿ ਮੇਰੇ ਮਾਂ ਬਾਪ ਦਾ ਪੱਕਾ ਘਰ ਬਣ ਜਾਵੇ ਤੇ ਮੇਰੇ ਭੈਣ ਭਰਾ ਕਦੀ ਭੁੱਖੇ ਨਾ ਰਹਿਣ ਅਤੇ ਮੇਰਾ ਸਭ ਤੋਂ ਪਿਆਰਾ ਭਰਾ ਕੈਲਾਸ਼ ਪੜ੍ਹ ਲਿਖ਼ ਕੇ ਕਿਸੇ ਚੰਗੀ ਨੌਕਰੀ ਤੇ ਲੱਗ ਜਾਵੇ ਤੇ ਅੱਜ, ਹੁਣ ਜਦੋਂ ਇਹ ਦਿਨ ਆ ਗਿਐ ਤਾਂ ਪਤਾ ਨਹੀਂ ਕਿਉਂ ਮੇਰਾ ਮਨ ਘਬਰਾ ਰਿਹੈ ਤੇ ਮੈਨੂੰ ਆਪਣਾ ਪਿੰਡ ਤੇ ਘਰ ਦਾ ਵਿਹੜਾ ਕਿਉਂ ਏਨਾ ਯਾਦ ਆ ਰਿਹੈ……


..........


ਭੈਣ, ਤੂੰ ਰੋਂਦੀ ਪਈ ਏਂ?” ਕੈਲਾਸ਼ ਨੇ ਨੇੜੇ ਆ ਕੇ ਆਪਣੀ ਭੈਣ ਦੇ ਮੋਢੇ ਤੇ ਹੱਥ ਰੱਖਦਿਆਂ ਪੁੱਛਿਆ।


............


ਹਾਂ, ਕੈਲਾਸ਼,” ਊਸ਼ਾ ਨੇ ਆਪਣੇ ਅੱਥਰੂ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ।ਉਵੇਂ ਹੀ ਰੋਂਦਿਆਂ ਰੋਂਦਿਆਂ ਬੋਲੀ, “ ਇਕ ਦਿਨ ਮੈਂ ਰੱਬ ਕੋਲ ਪ੍ਰਾਰਥਨਾ ਕੀਤੀ ਸੀ ਕਿ ਜਿਸ ਦਿਨ ਮੇਰੇ ਭਰਾ ਨੂੰ ਨੌਕਰੀ ਮਿਲ ਜਾਏਗੀ ਮੈਂ ਸਮਝਾਂਗੀ ਕਿ ਮੇਰਾ ਜੀਵਨ ਸਫ਼ਲ ਹੋ ਗਿਐ, ਇਹ ਤਾਂ ਖ਼ੁਸ਼ੀ ਦੇ ਅੱਥਰੂ ਨੇ ਮੇਰੇ ਵੀਰੇ।


-----


ਸੇਠ ਜੀ ਦੇ ਦਫ਼ਤਰ ਵਿਚ ਕੈਲਾਸ਼ ਦਾ ਅੱਜ ਪਹਿਲਾ ਦਿਨ ਸੀ।ਉਹ ਆਪਣੇ ਕੈਬਿਨ ਵਿਚ ਬੈਠਾ ਬੜੀ ਫ਼ੁਰਤੀ ਨਾਲ ਕੰਮ ਕਰ ਰਿਹਾ ਸੀ।ਸਾਫ਼-ਸੁਥਰਾ ਏਅਰ ਕੰਡੀਸ਼ਨਡ ਕੈਬਿਨ।ਬਾਹਰ ਦਰਵਾਜ਼ੇ ਤੇ ਬੈਠਾ ਚਪੜਾਸੀ, ਚਪੜਾਸੀ ਨੂੰ ਅੰਦਰ ਬੁਲਾਉਣ ਲਈ ਘੰਟੀ, ਟੈਲੀਫ਼ੂਨ ਅਤੇ ਹੋਰ ਸਾਜ਼-ਸਾਮਾਨ ਦੇ ਨਾਲ ਨਾਲ ਅੰਦਰ ਇਕ ਨੌਜੁਆਨ ਆਦਮੀ ਬੈਠਾ ਸੀ ਜੋ ਛੇਤੀ ਤੋਂ ਛੇਤੀ ਲੱਖਪਤੀ ਬਣਨਾ ਚਾਹੁੰਦਾ ਸੀ।ਉਹਦੇ ਟੀਚੇ ਬੜੇ ਉੱਚੇ, ਅਣਗਿਣਤ ਆਸ਼ਾਵਾਂ ਅਤੇ ਦਿਲ ਵਿਚ ਉੱਜਲ ਭਵਿੱਖ ਦੀ ਤਾਂਘ।ਇਕ ਤਰ੍ਹਾਂ ਨਾਲ ਉਹ ਹੁਣ ਇਸ ਦਫ਼ਤਰ ਅਤੇ ਬਿਲਡਿੰਗ ਨੂੰ ਆਪਣੀ ਹੀ ਸਮਝਦਾ ਸੀ ਕਿਉਂਕਿ ਸੇਠ ਜੀ ਉਸ ਦੇ ਆਪਣੇ ਹੀ ਸਨ ਇਕ ਤਰ੍ਹਾਂ ਨਾਲ- ਇਸ ਗੱਲ ਨੂੰ ਸਭ ਜਾਣਦੇ ਸਨ।ਉਹ ਆਪ ਵੀ ਜਾਣਦਾ ਸੀ, ਨਹੀਂ ਤਾਂ ਕੇਵਲ ਇਕ ਸਾਧਾਰਣ ਗ੍ਰੈਜੂਏਟ ਨੂੰ ਸਾਢੇ ਸੱਤ ਸੌ ਰੁਪਏ ਦੀ ਨੌਕਰੀ ਇਤਨੀ ਆਸਾਨੀ ਨਾਲ ਕਿਵੇਂ ਮਿਲ ਸਕਦੀ ਸੀ? ਉਸ ਨੂੰ ਸਭ ਪਤਾ ਸੀ।ਏਸੇ ਲਈ ਉਹ ਹਰੇਕ ਗੱਲ ਲਈ ਸੇਠ ਜੀ ਉੱਪਰ ਨਿਰਭਰ ਨਹੀਂ ਰਹਿਣਾ ਚਾਹੁੰਦਾ ਸੀ।ਉਸ ਨੇ ਮਨ ਹੀ ਮਨ ਇਰਾਦਾ ਕੀਤਾ ਕਿ ਹੁਣ ਉਹ ਆਪਣੀ ਮਿਹਨਤ ਨਾਲ ਅੱਗੇ ਵਧੇਗਾ।ਚੁਸਤੀ ਅਤੇ ਸਮਝਦਾਰੀ ਨਾਲ ਹਰ ਕੰਮ ਕਰੇਗਾ ਤੇ ਖ਼ੁਦ ਉਹ ਸਾਰੇ ਭੇਦ ਜਾਣ ਲਵੇਗਾ ਕਿ ਸੇਠ ਜੀ ਪੈਸਾ ਕਿਵੇਂ ਬਣਾਉਂਦੇ ਹਨ।ਕੰਪਨੀ ਦਾ ਜਨਰਲ ਮੈਨੇਜਰ ਇਤਨਾ ਅਮੀਰ ਕਿਵੇਂ ਹੋ ਗਿਐ।ਉਹ ਖ਼ੁਦ ਸਾਰੇ ਗੁਰ ਸਿੱਖੇਗਾ ਜਿਸ ਨਾਲ ਜਲਦੀ ਤੋਂ ਜਲਦੀ ਅਮੀਰਾਂ ਦੀ ਕਤਾਰ ਵਿਚ ਖੜ੍ਹਾ ਹੋ ਸਕੇ।ਰੂਬੀ, ਉਹਦੀ ਗਰਲ-ਫਰੈਂਡ ਤਾਂ ਬਹੁਤ ਫ਼ਜ਼ੂਲ ਖ਼ਰਚ ਐ।ਕੀ ਉਹ ਸਾਢੇ ਸੱਤ ਸੌ ਰੁਪਏ ਦੀ ਨੌਕਰੀ ਨਾਲ ਉਹਦਾ ਦਿਲ ਜਿੱਤ ਸਕੇਗਾ? ਕੀ ਉਹ ਵਿਆਹ ਲਈ ਰਜ਼ਾਮੰਦ ਵੀ ਹੋ ਜਾਵੇਗੀ? ਅਮੀਰ ਬਾਪ ਦੀ ਵਿਗੜੀ ਹੋਈ ਬੇਟੀ ਐ।ਹਰ ਹਾਲਤ ਵਿਚ ਜਲਦੀ ਹੀ ਖੁੱਲ੍ਹਾ ਪੈਸਾ ਕਮਾਉਣਾ ਹੋਵੇਗਾ।ਸੇਠ ਜੀ ਦੇ ਨਜ਼ਦੀਕ ਰਹਿ ਕੇ ਚੁਪ-ਚਾਪ ਉਹ ਨੁਸਖੇ ਸਿੱਖ ਲਵੇਗਾ ਜਿਸ ਨਾਲ ਜਲਦੀ ਤੋਂ ਜਲਦੀ ਪੈਸਾ ਕਮਾਇਆ ਜਾ ਸਕੇ।ਉਹ ਏਨਾ ਸਿੱਧਾ ਤੇ ਭੋਲਾ ਵੀ ਨਹੀਂ ਜਿਤਨਾ ਉਹਦੀ ਭੈਣ ਉਹਨੂੰ ਸਮਝਦੀ ਐ….


******


ਲੜੀ ਜੋੜਨ ਲਈ ਹੇਠਲੀ ਪੋਸਟ ਭਾਗ ਦੂਜਾ ਜ਼ਰੂਰ ਪੜ੍ਹੋ ਜੀ।






No comments: