ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, April 24, 2011

ਮੇਜਰ ਮਾਂਗਟ – ਮੈਂ ਤੇ ਮੇਰੇ ਪਾਠਕ - ਲੇਖ

ਮੈਂ ਤੇ ਮੇਰੇ ਪਾਠਕ

ਲੇਖ


ਮੈਂ 1990 ਵਿੱਚ ਕੈਨੇਡਾ ਆਇਆ ਸੀ।ਉਦੋਂ ਤੱਕ ਮੇਰੇ ਗੀਤਾਂ ਦਾ ਕਿਤਾਬਚਾ ਸੱਚ ਦੀ ਆਵਾਜ਼ਅਤੇ ਇੱਕ ਕਹਾਣੀਆਂ ਦੀ ਪੁਸਤਕ ਤਲੀਆਂ ਤੇ ਉੱਗੇ ਥੋਹਰ ਛਪ ਚੁੱਕੇ ਸਨ।ਮੇਰੀਆਂ ਰਚਨਾਵਾਂ ਅਕਸਰ ਅਖ਼ਬਾਰਾਂ ਵਿੱਚ ਛਪਣ ਕਾਰਨ ਪਾਠਕ ਤਾਂ ਮੇਰੇ ਉਦੋਂ ਵੀ ਸਨ।ਪਰ ਜਦੋਂ 1993 ਵਿੱਚ ਮੇਰਾ ਦੂਸਰਾ ਕਹਾਣੀ ਸੰਗ੍ਰਹਿ ਕੂੰਜਾਂ ਦੀ ਮੌਤਛਪਿਆ ਤਾਂ ਮੇਰੇ ਬਹੁਤ ਸਾਰੇ ਪਾਠਕ ਨਵੇਂ ਜੁੜ ਗਏ।1990 ਵਿੱਚ ਮੇਰੀ ਕਿਤਾਬ ਤੇ ਮੇਰੀ ਗ਼ੈਰ-ਹਾਜ਼ਰੀ ਵਿੱਚ ਹੋਏ ਸਮਾਗਮ ਵਿੱਚ ਮੇਰੇ ਪਾਠਕਾਂ ਦਾ ਭਰਵਾਂ ਇਕੱਠ ਹੋਇਆ।1993 ਵਿੱਚ ਤਾਂ ਇਹ ਗਿਣਤੀ ਬਹੁਤ ਸੀ।ਸਵਰਨਜੀਤ ਸਵੀ ਨੇ ਇਹ ਕਿਤਾਬ ਛਾਪੀ ੳਤੇ ਸੁਰਜੀਤ ਪਾਤਰ ਨੇ ਪ੍ਰਧਾਨਗੀ ਕੀਤੀ।1996 ਵਿੱਚ ਮੇਰੀ ਕਿਤਾਬ ਤ੍ਰਿਸ਼ੰਕੂਚੇਤਨਾ ਪ੍ਰਕਾਸ਼ਨ ਨੇ ਛਾਪੀ ਇਸ ਦਾ ਸਮਾਗਮ ਵੀ ਪੰਜਾਬੀ ਭਵਨ ਲਧਿਆਣੇ ਲੇਖਕਾਂ, ਵਿਦਵਾਨਾ ਅਤੇ ਪਾਠਕਾਂ ਦੀ ਭਰਪੂਰ ਹਾਜ਼ਰੀ ਵਿੱਚ ਹੋਇਆ।ਫੇਰ ਸਨ 2000 ਵਿੱਚ ਮੇਰੀ ਮੁਲਾਕਾਤਾਂ ਦੀ ਪੁਸਤਕ ਆਹਮਣੇ ਸਾਹਮਣੇਪ੍ਰਕਾਸ਼ਿਤ ਹੋਈ ਮੇਰੇ ਪੰਜਾਬ ਜਾਣ ਤੇ ਸਾਹਿਤ ਸਭਾ ਸਮਰਾਲਾ,ਲਿਖਾਰੀ ਸਭਾ ਰਾਮਪੁਰ ਅਤੇ ਸਾਹਿਤ ਸਭਾ ਮਾਛੀਵਾੜਾ ਨੇ ਮੇਰੇ ਪਾਠਕਾਂ ਦੀ ਵੱਡੀ ਗਿਣਤੀ ਇਨ੍ਹਾਂ ਤੇ ਸਫ਼ਲ ਸਮਾਗਮ ਕਰਵਾਏ।ਫੇਰ ਸਨ 2004 ਵਿੱਚ ਮੇਰਾ ਚੌਥਾ ਕਹਾਣੀ ਸੰਗ੍ਰਹਿ ਪਰੀਆਂ ਦਾ ਦੇਸਛਪਿਆ ਜਿਸ ਤੇ ਸਮਰਾਲੇ ਵਿੱਚ ਬਹੁਤ ਵੱਡਾ ਸਮਾਗਮ ਹੋਇਆ ਜਿਸ ਵਿੱਚ ਡਾ: ਗੁਲਜ਼ਾਰ ਮੁਹੰਮਦ ਗੋਰੀਆ, ਲਾਲ ਸਿੰਘ ਦਿਲ, ਪ੍ਰੋ: ਹਮਦਰਦਵੀਰ ਨੌਸ਼ਹਿਰਵੀ ਵੀ ਸ਼ਾਮਿਲ ਸਨ।ਅਜਿਹਾ ਹੀ 2008 ਅਤੇ 2009 ਵਿੱਚ ਵੀ ਹੋਇਆ ਜਦੋਂ ਪਾਠਕਾਂ ਨਾਲ ਮੇਰੇ ਰੂ-ਬ-ਰੂ ਕਰਵਾਏ ਗਏ ਤੇ ਮੇਰੀਆਂ ਕਹਾਣੀਆਂ ਤੇ ਵਿਸ਼ੇਸ਼ ਸਮਾਗਮ ਹੋਏ।ਪਿਛਲੀ ਵਾਰ ਤਾਂ ਮੇਰੇ ਕਾਵਿ ਸੰਗ੍ਰਹਿ ਦਰਿਆ ਚੋਂ ਦਿਸਦਾ ਚੰਨ ਸਮੇਂ ਮਹੀਨਾ ਭਰ ਇਹ ਰੌਣਕਾ ਲੱਗਦੀਆਂ ਰਹੀਆਂ।



ਇਸ ਵਕ਼ਤ ਤੱਕ ਮੇਰੇ ਨਾਲ ਬਹੁਤ ਸਾਰੇ ਪਾਠਕ ਜੁੜ ਚੁੱਕੇ ਸਨ ਜੋ ਮੇਰੀ ਕਹਾਣੀ ਨੂੰ ਸ਼ਿੱਦਤ ਨਾਲ ਪਿਆਰ ਕਰਦੇ ਸਨ।ਇਨ੍ਹਾਂ ਪਾਠਕਾਂ ਵਿੱਚ ਮੇਰੇ ਪ੍ਰਾਇਮਰੀ ਸਕੂਲ ਤੋਂ ਲੈ ਕੇ ਕਾਲਜ ਫੇਰ ਯੂਨੀਵਰਸਿਟੀ ਪੜ੍ਹਨ ਵਾਲੇ ਪਾਠਕ ਮਿੱਤਰ ਵੀ ਸਨ।ਜਦੋਂ ਵੀ ਮੈਂ ਭਾਰਤ ਗਿਆ ਮੇਰੀ ਕੋਈ ਨਾ ਕੋਈ ਕਿਤਾਬ ਵੀ ਛਪਦੀ ਰਹੀ ਤੇ ਤੇ ਸਮਾਗਮ ਵੀ ਹੁੰਦੇ ਰਹੇ।ਪਰ ਸਾਲ 2010 ਦਾ ਮੇਰਾ ਇਹ ਗੇੜਾ ਬਗੈਰ ਕਿਸੇ ਪੁਸਤਕ ਦੀ ਚਰਚਾ ਅਤੇ ਕਿਸੇ ਸਾਹਿਤਕ ਸਮਾਗਮ ਤੋਂ ਬਗੈਰ ਸੀ।ਹੋਰ ਤਾਂ ਹੋਰ ਮੈਂ ਪਰਿਵਾਰ ਨਾਲ ਹੋਣ ਕਾਰਨ ਕਿਸੇ ਵੀ ਸਾਹਿਤਕਾਰ ਨੂੰ ਨਾ ਮਿਲ ਸਕਿਆ।ਮੈਨੂੰ ਪਤਾ ਸੀ ਕਿ ਸਾਰੇ ਮੇਰੇ ਨਾਲ ਬੇਹੱਦ ਗ਼ੁੱਸੇ ਹੋਣਗੇ।ਪਰ ਮੇਰੇ ਲਈ ਆਪਣੇ ਬੱਚੇ ਤੇ ਪਰਿਵਾਰ ਬਹੁਤ ਜ਼ਰੂਰੀ ਸਨ ਜਿਨਾਂ ਨੂੰ ਲੈ ਕੇ ਆਇਆ ਸੀ।ਮੈਂ ਸਾਰਾ ਸਮਾਂ ਉਨ੍ਹਾਂ ਨੂੰ ਹੀ ਦੇਣਾ ਚਾਹੁੰਦਾ ਸੀ।



ਸਾਲ 2010 ਵਿੱਚ ਮੇਰੀਆਂ ਨਵੀਆਂ ਕਹਾਣੀਆਂ ਸਿਰਜਣਾ, ਕਹਾਣੀ ਪੰਜਾਬ, ਤ੍ਰਿਸ਼ੰਕੂ, ਜਾਗੋ, ਸਰੋਕਾਰ, ਅਕਸ, ਰੂਪ ੳਤੇ ਕਈ ਹੋਰ ਮੈਗਜ਼ੀਨਾਂ ਨੇ ਛਾਪੀਆਂ ਜਿਨਾਂ ਦੀ ਚਰਚਾ ਸੀ, ਪਰ ਪੰਜਾਬੀ ਦੇ ਇਹ ਸਾਹਿਤਕ ਪਰਚੇ ਆਮ ਘਰਾਂ ਅਤੇ ਪਾਠਕਾਂ ਤੱਕ ਨਹੀਂ ਪਹੁੰਚਦੇ।ਮੇਰਾ ਇਹ ਸੁਭਾਅ ਵੀ ਨਹੀਂ ਕਿ ਮੈਂ ਕਿਸੇ ਦੋਸਤ, ਰਿਸ਼ਤੇਦਾਰ ਜਾ ਜਾਣ ਪਛਾਣ ਵਾਲੇ ਨੂੰ ਦੱਸਾਂ ਕਿ ਮੈਂ ਲਿਖਦਾ ਹਾਂ ਮੈਨੂੰ ਜ਼ਰੂਰ ਪੜ੍ਹੋ, ਪਰ ਜਦੋਂ ਤੋਂ ਮੇਰੇ ਆਰਟੀਕਲ ਰੋਜ਼ਾਨਾ ਅਜੀਤ ਨੇ ਛਾਪਣੇ ਸ਼ੁਰੂ ਕੀਤੇ ਮੈਨੂੰ ਸਾਰੇ ਪੰਜਾਬ ਵਿੱਚੋਂ ਹਰ ਜ਼ਿਲ੍ਹੇ ਅਤੇ ਪਿੰਡ ਵਿੱਚੋਂ ਆਮ ਪਾਠਕਾਂ ਦਾ ਵਿਸ਼ਾਲ ਘੇਰਾ ਮਿਲਿਆ।ਜਦੋਂ ਕੋਈ ਆਰਟੀਕਲ ਅਜੀਤ ਜਾਂ ਨਵਾਂ ਜ਼ਮਾਨਾ ਵਿਚ ਛਪਦਾ ਮੈਂਨੂੰ ਸੈਂਕੜੇ ਫੋਨ ਭਾਰਤ ਤੋਂ ਆਉਂਦੇ।ਈਮੇਲਜ਼ ਆਉਂਦੀਆ।ਇਹ ਪਾਠਕ ਮੇਰੇ ਆਉਣ ਦਾ ਪਤਾ ਪੁੱਛਦੇ ਅਤੇ ਮੈਨੂੰ ਮਿਲਣਾ ਚਾਹੁੰਦੇ, ਪਰ ਜਦੋਂ ਮੇਰੇ ਜਾਣ ਦਾ ਪ੍ਰੋਗਾਰਾਮ ਬਣਿਆ ਤਾਂ ਮੈਂ ਅਜਿਹੇ ਕਿਸੇ ਪਾਠਕ ਨੂੰ ਨਹੀਂ ਸੀ ਦੱਸ ਸਕਿਆ।



ਪਿਛਲੇ ਤੀਹਾਂ ਸਾਲਾਂ ਵਿੱਚ ਮੇਰੇ ਇਹ ਪਾਠਕ ਹਰ ਤਰ੍ਹਾਂ ਦੇ ਹਨ ਨੌਜਵਾਨ ਮੁੰਡੇ, ਕੁੜੀਆਂ, ਮੇਰੇ ਹਮ-ਉਮਰ, ਚਾਚਿਆਂ-ਤਾਇਆਂ ਵਰਗੇ, ਮੇਰੀਆਂ ਮਤਾਵਾਂ ਭੈਣਾਂ ਤੇ ਬਜ਼ੁਰਗ।ਇਨ੍ਹਾਂ ਚੋਂ ਇੱਕ ਪਾਠਕ ਅਜਿਹਾ ਵੀ ਸੀ ਜੋ ਰਾੜਾ ਗੁਰਦੁਵਾਰੇ ਵਿੱਚ ਲਮਬੇ ਅਰਸੇ ਤੋਂ ਰਹਿੰਦਾ ਸੀ ਤੇ ਜਿਸ ਦਾ ਹੋਰ ਕੋਈ ਨਹੀਂ ਸੀ।ਉਹ ਮੇਰੀਆਂ ਰਚਨਾਵਾਂ ਨੂੰ ਐਨਾ ਪਿਆਰ ਕਰਦਾ ਕਿ ਹਰ ਰੋਜ਼ ਹੀ ਮੈਨੂੰ ਕੈਨੇਡਾ ਫੋਨ ਕਰਕੇ ਮੇਰੇ ਆਉਣ ਬਾਰੇ ਪੁੱਛਦਾ, ਪਰ ਮੈਂ ਸੋਚਦਾ ਸੀ ਕਿ ਗੁਰਦੁਵਾਰੇ ਰਹਿਣ ਵਾਲਾ ਬਾਬਾ ਸਾਹਿਤ ਦਾ ਐਨਾ ਪ੍ਰੇਮੀ ਕਿਵੇਂ ਹੋ ਸਕਦਾ ਹੈ।ਮੈਂ ਤਾਂ ਕੋਈ ਧਾਰਮਿਕ ਬੰਦਾ ਵੀ ਨਹੀਂ।ਪਰ ਉਸਦੇ ਪਿਆਰ ਸਾਹਮਣੇ ਮੈਂ ਆਪਣਾ ਜਾਣਾ ਲੁਕੋ ਨਹੀਂ ਸੀ ਸਕਿਆ।ਮੇਰੇ ਪਾਠਕ ਜਾਣਦੇ ਸਨ ਕਿ ਕਹਾਣੀਆਂ ਲਿਖਣ ਦੇ ਨਾਲ਼-ਨਾਲ਼ ਬ੍ਰਹਿਮੰਡ ਦੇ ਰਹੱਸਾਂ ਬਾਰੇ ਵੀ ਵਿਗਿਆਨਕ ਅਤੇ ਖੋਜ ਭਰਪੂਰ ਲੇਖ ਲਿਖਦਾ ਹਾਂ।ਇਸ ਵਿਸ਼ੇ ਵਿੱਚ ਦਿਲਚਸਪੀ ਰੱਖਣ ਵਾਲੇ ਵੀ ਮੇਰੇ ਪੰਜਾਬ ਵਿੱਚ ਬਹੁਤ ਸਾਰੇ ਪਾਠਕ ਹਨ।ਜੋ ਅਕਸਰ ਮੈਨੂੰ ਈਮੇਲਜ਼ ਅਤੇ ਫ਼ੋਨ ਕਰਦੇ ਹਨ, ਪਰ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਮੈਂ ਪੰਜਾਬ ਆਇਆ ਹੋਇਆ ਹਾਂ।



ਮੇਰੇ ਧੂਲਕੋਟ ਵਾਲੇ ਅੰਕਲ ਨੂੰ ਜਾਣਦੇ ਕੁਝ ਮੁੰਡੇ ਜੋ ਮੇਰੇ ਬ੍ਰਹਿਮੰਡ ਸਬੰਧੀ ਲਿਖੇ ਲੇਖਾਂ ਦੇ ਪਾਠਕ ਸਨ ਇਹ ਮੰਨ ਨਹੀਂ ਸੀ ਰਹੇ ਕਿ ਅੰਕਲ ਦਾ ਰਿਸ਼ਤੇਦਾਰ ਹਾਂ।ਜਦੋਂ ਅੰਕਲ ਨੇ ਦੱਸਿਆ ਕਿ ਮੈਂ ਭਾਰਤ ਆ ਰਿਹਾ ਹਾਂ ਤਾਂ ਉਹ ਕਹਿੰਦੇ ਕੇ ਅਸੀਂ ਹਰ ਹਾਲਤ ਵਿੱਚ ਮਿਲਣਾ ਹੈ।ਹੁਣ ਜਿਸ ਦਿਨ ਦਾ ਮੈਂ ਉੱਤਰਿਆਂ ਸਾਂ ਮਿਲਣ ਵਾਲਿਆਂ ਦੇ ਲਗਾਤਾਰ ਫੋਨ ਆ ਰਹੇ ਸਨ।ਬਾਬਾ ਦਰਵਾਰਾ ਸਿੰਘ ਜੋ ਰਾੜਾ ਸਾਹਿਬ ਗੁਰਦੁਵਾਰੇ ਵਿੱਚ ਹਰ ਰੋਜ਼ ਉੱਠਣ ਸਾਰ ਫ਼ੋਨ ਕਰਦਾ ਤੇ ਮੈਨੂੰ ਮਿਲਣ ਲਈ ਕਹਿੰਦਾ।ਮੇਰੇ ਕੋਲ ਸਮਾਂ ਨਹੀਂ ਸੀ ਮੈਂ ਬਥੇਰੇ ਬਹਾਨੇ ਲਗਾਏ ਪਰ ਉਸਦੇ ਹਠ ਸਾਹਮਣੇ ਹਾਰ ਗਿਆ।ਮੈਨੂੰ ਸਹੁਰਿਆਂ ਤੋਂ ਆਪਣੇ ਪਿੰਡ ਜਾਂ ਸਮਰਾਲੇ ਜਾਣ ਲਈ ਰਾੜਾ ਸਾਹਿਬ ਗੁਰਦਵਾਰੇ ਦੇ ਅੱਗੇ ਤੋਂ ਹੀ ਲੰਘਣਾ ਪੈਂਦਾ ਸੀ।ਮੈਂ ਕਿਹਾ ਕਿ ਮੈਂ ਆ ਰਿਹਾ ਹਾਂ ਬਾਬਾ ਦਰਬਾਰਾ ਸਿੰਘ ਘੰਟਾ ਪਹਿਲਾਂ ਹੀ ਸੜਕ ਦੇ ਵਿਚਕਾਰ ਖਲੋ ਗਏ ਤੇ ਪੁੱਛਣ ਲੱਗ ਪਏ ਕਿ ਕਿੱਥੇ ਹੈ।ਮੇਰੇ ਪੁੱਜਣ ਤੇ ਉਨ੍ਹਾਂ ਨੂੰ ਚਾਅ ਚੜ੍ਹ ਗਿਆ।ਉਹ ਸਭ ਕੁਝ ਭੁੱਲ ਗਏ।ਮੇਰੀ ਗੱਡੀ ਆਪਣੇ ਕਮਰੇ ਤੱਕ ਲੈ ਕੇ ਗਏ ਤੇ ਹਰ ਕਿਸੇ ਨੂੰ ਦੱਸ ਰਹੇ ਸਨ ਮੇਰਾ ਲੇਖਕ ਦੋਸਤ ਹੈ ਮੇਜਰ ਮਾਂਗਟ ਕਨੇਡਾ ਤੋਂ ਆਇਆ ਹੈ।ਉਹ ਮੈਨੂੰ ਵੱਡੇ ਬਾਬਾ ਜੀ ਨੂੰ ਮਿਲਾਉਣਾ ਚਾਹੁੰਦੇ ਸਨ ਪਰ ਮੇਰੇ ਕੋਲ ਸਮਾ ਨਹੀਂ ਸੀ।ਉਨ੍ਹਾਂ ਮੈਨੂੰ ਸਾਰਾ ਗੁਰਦੁਵਾਰਾ ਦਿਖਾਇਆ ਕਈ ਕਿਤਾਬਾਂ ਤੇ ਤੋਹਫ਼ੇ ਦਿੱਤੇ।ਜਿਵੇਂ ਮੈਂ ਉਸਦੇ ਪਰਿਵਾਰ ਦਾ ਕੋਈ ਖ਼ਾਸ ਮੈਂਬਰ ਹੋਵਾਂ।ਉਸ ਵਲੋਂ ਕੀਤਾ ਐਨਾ ਮਾਣ ਤਾਣ ਦੇਖਕੇ ਮੇਰੇ ਅੱਖਾਂ ਵਿੱਚ ਅੱਥਰੂ ਆ ਗਏ।ਹੁਣ ਵੀ ਬਾਬਾ ਦਰਵਾਰਾ ਸਿੰਘ ਦੇ ਫ਼ੋਨ ਮੈਨੂੰ ਅਕਸਰ ਆਉਦੇ ਹਨ।ਉਹ ਮੇਰਾ ਪਾਠਕ ਹੈ ਦੋਸਤ ਹੈ ਉਸ ਨਾਲ ਇਹ ਮਿਲਣੀ ਮੇਰੇ ਚੇਤੇ ਵਿੱਚ ਉੱਕਰੀ ਗਈ।



ਗੁਰਦੁਵਾਰਾ ਰਾੜਾ ਸਾਹਿਬ ਨਾਲ ਮੇਰਾ ਗੂੜ੍ਹਾ ਰਿਸ਼ਤਾ ਕੈਨੇਡਾ ਆਉਣ ਤੋਂ ਪਹਿਲਾਂ ਵੀ ਰਿਹਾ ਹੈ।ਪਹਿਲੀ ਵਾਰ ਮੈਂ ਆਪਣੀ ਦਾਦੀ ਬਸੰਤ ਕੌਰ ਅਤੇ ਮਾਤਾ ਹਰਭਜਨ ਕੌਰ ਨਾਲ਼ ਉਦੋਂ ਆਇਆ ਸੀ ਜਦੋਂ ਸੰਤ ਬਾਬਾ ਈਸ਼ਰ ਸਿੰਘ ਦੀ ਮ੍ਰਿਤਕ ਦੇਹ ਏਥੇ ਲਿਆਂਦੀ ਗਈ ਸੀ।ਅਸੀਂ ਬਚਪਨ ਵਿੱਚ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੇ ਦੀਵਾਨ ਸੁਣਨ ਦੂਰ-ਦੁਰਾਡੇ ਜਾਂਦੇ ਰਹਿੰਦੇ ਸੀ।ਮੇਰੀ ਪਹਿਲੀ ਪੁਸਤਕ ਤਲੀਆਂ ਤੇ ਉੱਗੇ ਥੋਹਰਵੀ ਰਾੜਾ ਸਹਿਬ ਹੀ ਛਪੀ ਸੀ।ਏਥੇ ਇਸ ਪੁਸਤਕ ਦੇ ਪਰੂਫ ਪੜ੍ਹਨ ਮੈਂ ਮੰਚ ਪ੍ਰਿੰਟਿੰਗ ਪ੍ਰੈੱਸ ਤੇ ਆਮ ਹੀ ਆਉਂਦਾ ਸੀ।ਏਥੇ ਮੇਰਾ ਦੋਸਤ ਹਰਪਾਲ ਖੰਗੂੜਾ ਅਤੇ ਬਲਦੇਵ ਸਿੰਘ ਅਕਸਰ ਮਿਲਦੇ।ਏਥੇ ਹੀ ਅਸੀਂ ਨਵ-ਲੇਖਕ ਮੰਚ ਰਾੜਾ ਸਾਹਿਬ ਬਣਾਇਆ ਤੇ ਉਸ ਦੀਆਂ ਮੀਟਿੰਗਾਂ ਵੀ ਅਕਸਰ ਕਰਿਆ ਕਰਦੇ ਸੀ।ਫੇਰ ਮੇਰੀ ਪਹਿਲੀ ਪੁਸਤਕ ਵੀ ਏਥੇ ਕਰਮਸਰ ਕਾਲਜ ਵਿੱਚ ਰਿਲੀਜ਼ ਹੋਈ ਸੀ।ਜਿੱਥੇ ਮੈਂ ਇਹ ਸਭ ਕੁਝ ਯਾਦ ਕਰ ਰਿਹਾ ਸੀ ਉੱਥੇ ਬਾਬਾ ਦਰਬਾਰਾ ਸਿੰਘ ਜੀ ਨੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਹਰ ਜਗਾ ਦੇ ਦਰਸ਼ਨ ਕਰਵਾਏ ਅਤੇ ਬੜੇ ਪਿਆਰ ਨਾਲ ਲੰਗਰ ਵੀ ਛਕਾਇਆ।



ਇਸੇ ਪ੍ਰਕਾਰ ਇੱਕ ਦਿਨ ਅੰਕਲ ਕਰਨੈਲ ਸਿੰਘ ਨਾਲ ਤਿੰਨ ਚਾਰ ਬੰਦੇ ਆਏ।ਅੰਕਲ ਨੇ ਦੱਸਿਆ ਕਿ ਉਹ ਮੇਰੇ ਪਾਠਕ ਹਨ ਅਤੇ ਹਮੇਸ਼ਾਂ ਮੇਰੀਆਂ ਲਿਖਤਾਂ ਪੜ੍ਹਦੇ ਹਨ।ਉਨ੍ਹਾਂ ਵਿੱਚੋਂ ਮੇਰੀਆਂ ਕਹਾਣੀਆਂ ਦੇ ਪਾਠਕ ਸਨ ਤੇ ਦੋ ਬ੍ਰਹਿਮੰਡ ਸਬੰਧੀ ਲਿਖੇ ਜਾ ਰਹੇ ਲੇਖਾਂ ਦੇ।ਉਨ੍ਹਾਂ ਨੂੰ ਮੇਰਾ ਬ੍ਰਹਮ ਦੇਸ਼ ਦੀਆਂ ਮਹਾਂਨਗਰੀਆਂ ਵਾਲਾ ਆਰਟੀਕਲ ਬਹੁਤ ਵਧੀਆ ਲੱਗਿਆ ਸੀ।ਉਹ ਮੇਰੇ ਤੋਂ ਬ੍ਰਹਿਮੰਡ ਬਾਰੇ ਬਹੁਤ ਪ੍ਰਸ਼ਨ ਪੁੱਛ ਰਹੇ ਸਨ।ਉਨ੍ਹਾਂ ਜੋ ਇੱਕ ਬੰਦਾ ਮੈਨੂੰ ਆਪਣੇ ਚਾਚੇ ਨਾਲ ਮਿਲਾਉਣਾ ਚਾਹੁੰਦਾ ਸੀ ਜੋ ਹਮੇਸ਼ਾਂ ਤਾਰਿਆਂ ਨੂੰ ਨਿਹਾਰਦਾ ਰਹਿੰਦਾ ਤੇ ਇਸ ਸਬੰਧੀ ਬਹੁਤ ਗਿਆਨ ਰੱਖਦਾ ਹੈ।ਇਨ੍ਹਾਂ ਪਾਠਕਾਂ ਨੇ ਮੇਰੀਆਂ ਉਹ ਲਿਖਤਾਂ ਬਾਰੇ ਵੀ ਗੱਲਾਂ ਕੀਤੀਆਂ ਜੋ ਮੈਨੂੰ ਵਿੱਸਰ ਚੁੱਕੀਆਂ ਸਨ।ਉਹ ਮੈਨੂੰ ਬੇਹੱਦ ਸਤਿਕਾਰ ਦੇ ਰਹੇ ਸਨ ਤੇ ਲੱਗਭਾਗ ਦੋ ਘੰਟੇ ਮੇਰੇ ਨਾਲ ਰਹੇ।



ਮੇਰੇ ਮਨ ਵਿੱਚ ਮੇਰੇ ਪਾਠਕਾਂ ਨਾਲ ਜੁੜੀਆਂ ਅਜਿਹੀਆਂ ਸੈਂਕੜੇ ਯਾਦਾਂ ਹਨ।ਮੈਂ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਜਾਵਾਂ ਤਾਂ ਮੇਰੇ ਪਾਠਕ ਮਿਲ ਹੀ ਜਾਂਦੇ ਹਨ, ਜੋ ਮੇਰਾ ਬਹੁਤ ਮਾਣ ਤਾਣ ਕਰਦੇ ਹਨ।ਇਹ ਮੇਰਾ ਇੱਕ ਬਹੁਤ ਵੱਡਾ ਪਰਿਵਾਰ ਹੈ ਜੋ ਕਦੇ ਵੀ ਮੈਨੂੰ ਰਿਸ਼ਤਿਆਂ ਦੀ ਘਾਟ ਮਹਿਸੂਸ ਨਹੀਂ ਹੋਣ ਦਿੰਦਾ।ਇੱਕ ਲੇਖਕ ਦੀ ਪਾਠਕ ਬਹੁਤ ਵੱਡੀ ਪੂੰਜੀ ਹੁੰਦੇ ਹਨ।ਇਹ ਮੇਰੇ ਬੱਚਿਆਂ ਨੂੰ ਵੀ ਮਿਲਦੇ ਕਈ ਤਾਂ ਏਥੋਂ ਤੱਕ ਵੀ ਆਖਦੇ ਕਿ ਫਲਾਣੀ ਕਹਾਣੀ ਤਾਂ ਮੇਰੀ ਹੈ।ਇਨ੍ਹਾਂ ਪਾਠਕਾਂ ਦੀਆਂ ਸੈਂਕੜੇ ਚਿੱਠੀਆਂ ਮੈਂ ਸੰਭਾਲ ਰੱਖੀਆਂ ਹਨ।ਮੈਂ ਭਾਵੇਂ ਕਿਤੇ ਵੀ ਜਾਵਾਂ ਮੇਰੇ ਪਾਠਕਾਂ ਦੀ ਮਿਲਣੀ ਤੋਂ ਬਗੈਰ ਮੇਰਾ ਸਫ਼ਰ ਅਧੂਰਾ ਰਹਿੰਦਾ ਹੈ।

No comments: