
ਮੇਰੇ ਦਿਲ ਦੀ ਕਿਤਾਬ ਦੀਏ ਪਹਿਲੀਏ ਸਤਰੇ !
ਤੈਨੂੰ ਮੁੱਲ ਖਰੀਦੇ 'ਮੁੱਖ ਬੰਦ' ਵਰਗਾ ਪਿਆਰ..!!
ਮੇਰੀ ਗ਼ਜ਼ਲ ਦੀਆਂ ਬਹਿਰਾਂ ਵਾਂਗੂੰ ਤੂੰ ਕਾਹਤੋਂ ਕਈ ਦਿਨਾਂ ਤੋਂ ਉੱਖੜੀ-ਉੱਖੜੀ ਫਿਰਦੀ ਏਂ ? ਖੁੱਲ੍ਹੀ ਕਵਿਤਾ ਵਾਂਗੂੰ ਹੁਣ ਕਦੇ ਖੁੱਲ੍ਹ ਕੇ ਗੱਲ ਨਹੀਂ ਕਰਦੀ ? ਮੇਰੇ ਪਿਆਰ ਨੂੰ ਹੁਣ ਤੂੰ ਕਿਹੜੇ ਤਰਾਜ਼ੂ ਵਿੱਚ ਤੋਲ ਕੇ ਦੇਖਣੈ.? ਪਰ ਪਿਆਰ ਤਾਂ ਮੇਰਾ ਐਨਾ ਭਾਰਾ ਏ, ਜਿਸਨੇ ਵੀ ਦਿਲ 'ਤੇ ਰੱਖਿਐ ! ਬੱਸ, ਚਿੱਬ ਪਾ ਦਿੱਤੇ ਨੇ !! ਫੇਰ ਦਿਲ ਤਾਂ ਏਦਾਂ ਡਿੱਕ ਡੋਲੋ ਖਾਂਦਾ ਏ ; ਜਿਵੇਂ ਭਕਾਨੇ 'ਚ ਪਾਣੀ ਭਰਿਆ ਹੋਵੇ ! ਜੀਅ ਤਾਂ ਕਰਦੈ, ਆਪਣੇ ਇਸ਼ਕ ਦਾ ਟੀਕਾ ਐਸੇ ਦਿਲਾਂ 'ਚ ਸਿੱਧਾ ਹੀ ਲਾ ਦਿਆਂ । ਪਰ ਫੇਰ ਕਹਿਣੈ, ਚੰਦਰੇ ਨੇ ਸਾਡਾ ਭਕਾਨਾ ਪੈਂਚਰ ਕਰ ਦਿੱਤਾ ਏ ।
----
ਨਾਲੇ ਆਸ਼ਕਾਂ ਦੇ ਦਿਲ ਦਾ ਤਾਂ ਤੈਨੂੰ ਪਤਾ ਈ ਐ ! ਕਦੇ ਉਦਾਸ ਹੋ ਜਾਂਦੈ, ਕਦੇ ਟੁੱਟ ਜਾਂਦੈ, ਟੋਟੇ-ਟੋਟੇ ਹੋ ਜਾਂਦੈ !! ਕਦੇ ਚੋਰੀ ਹੋ ਜਾਂਦੈ,..“ਦਿਲ ਚੋਰੀ ਸਾਡਾ ਹੋ ਗਿਆ..ਕੀ ਕਰੀਏ ! ਕੀ ਕਰੀਏ !!” ਕਰਨਾ ਕੀ ਐ ? ਸਕਰੈਪ ਵਾਲੇ ਕਬਾੜੀਆਂ ਤੋਂ ਅੱਧ-ਮੁੱਲ 'ਚ ਕੋਈ ਹੋਰ ਸੈਕਿੰਡ ਹੈਂਡ ਲੈ ਕੇ ਕੱਛ 'ਚ ਵੈਲਡਿੰਗ ਕਰਵਾ ਲਓ । ਨਾਲੇ ਫਿਰ ਜੇ ਕੋਈ ਗਰਾਰੀ ਬਦਲਣੀ ਪਈ, ਤਾਂ ਦਿਲ ਖੋਲ੍ਹਣਾ ਸੌਖਾ ਹੋਊਗਾ । ਚੱਲ ਛੱਡ ! ਸਾਨੂੰ ਕੀ ਲੋੜ ਐ - ਕੱਛਾਂ 'ਚ ਕੁਤਕੁਤੀਆਂ ਕੱਢਣ ਦੀ ।
----
ਮੇਰੀ ਕੁਤਕੁਤੋ ! ਤਾਂ ਆਪ ਰੁੱਸੀ ਫਿਰਦੀ ਐ- ਕਈ ਦਿਨਾਂ ਦੀ !! ਮੈਂ ਐਨੇ ਤੈਨੂੰ ਖ਼ਤ ਲਿਖੇ । ਪਰ ਤੂੰ ਕਦੇ ਕਿਸੇ ਦਾ ਜੁਆਬ ਨਹੀਂ ਦਿੱਤਾ । ਹੁਣ ਤਾਂ ਮੇਰਾ ਜੀਅ ਕਰਦੈ, ਸਾਰੇ ਖ਼ਤਾਂ ਦੀ ਇੱਕ ਕਿਤਾਬ ਛਪਵਾ ਲਵਾਂ । ਪਰ ਮੇਰੇ ਕੋਲ ਅਜੇ ਕਿਸੇ ਕੋਲੋਂ 'ਮੁੱਖ ਬੰਦ' ਲਿਖਾਉਣ ਜੋਗੇ ਪੈਸੇ ਹੈ ਨਹੀਂ । ਨਾਲੇ, ਲੁਧਿਆਣੇ ਵਾਲੇ ‘ਸਾਹਿਤ ਦੇ ਡਾਕਟਰਾਂ’ ਨੇ ਤਾਂ ਬਾਹਰਲੇ ਲੇਖਕਾਂ ਵਾਸਤੇ ਭਾਅ ਵੀ ਵੱਧ ਹੀ ਰੱਖਿਆ ਹੋਇਆ ਏ , ਥੋਕ 'ਚ ਭੂਮਿਕਾ ਲਿਖਣ ਲਈ । ਪੰਡਿਤਾਂ ਦੀ ਯੰਤਰੀ ਵਾਂਗੂੰ 'ਮੁੱਖ ਬੰਦ' ਲਿਖ ਕੇ ਕੱਛਾਂ 'ਚ ਲਈ ਫਿਰਦੇ ਨੇ । ਤੁਹਾਡੀ ਲੇਖਣੀ ਦਾ ਟੇਵਾ ਤਾਂ ਪਹਿਲਾਂ ਹੀ ਬਣਾਈ ਬੈਠੇ ਨੇ । ਬੱਸ, ਡਾਲਰਾਂ ਵਾਲੀ ਮੁੱਠੀ ਖੋਲ ਕੇ ਜ਼ਰਾ ਹੱਥ ਦਿਖਾਓ ! ਓਦੋਂ ਹੀ ਦੱਸ ਦੇਣਗੇ ਕਿ ਤੁਹਾਡੀ ਕਲਾ 'ਚ ਕਿੰਨਾ ਕੁ ਦਮ ਹੈ ? ਇੱਕ ਦਿਨ ਤੁਹਾਡਾ ਨਾਮ ਸਾਹਿਤਕ ਖੇਤਰ ਵਿੱਚ ਕਿਵੇਂ ਧਰੂੰ ਤਾਰੇ ਵਾਂਗੂੰ ਚਮਕੇਗਾ ।
----
ਪਰ ਤੈਨੂੰ ਨਹੀਂ ਪਤੈ ? ਇਨ੍ਹਾਂ ਨੇ ਖ਼ੁਦ ਆਪਣਾ ਨਾਂ ਕਿਵੇਂ ਚਮਕਾਇਆ ਏ ?? ਆਪਣੇ-ਆਪ ਨੂੰ ਸਨਮਾਨਿਤ ਕਰਵਾਉਂਣ ਲਈ ਟਰਾਫੀਆਂ ਵੀ ਆਪ ਹੀ ਖਰੀਦ ਕੇ ਵਿਚਾਰੇ ਸਭਿਆਚਾਰਕ ਸਮਾਗਮਾਂ ਦੇ ਪ੍ਰਬੰਧਕਾਂ ਨੂੰ ਲੈ ਕੇ ਦਿੰਦੇ ਰਹੇ ਨੇ ! ਤਾਂ ਜਾ ਕੇ ਗੱਲ ਬਣੀ । ਹੁਣ ਤਾਂ ਸੁੱਖ ਨਾਲ ਟਰਾਫੀਆਂ ਤੇ ਸਨਮਾਨ-ਚਿੰਨ੍ਹਾਂ ਨਾਲ ਇਨ੍ਹਾਂ ਦੇ ਘਰ ਭਰੇ ਪਏ ਨੇ ! ਕਈ ਵਾਰ ਹੁਣ ਤਾਂ ਇਹ ਸਨਮਾਨ ਚਿੰਨ ਕਿਰਾਏ 'ਤੇ ਵੀ ਦੇ ਦਿੰਦੇ ਨੇ ! ਨਾਲੇ 'ਲਿਖਤੀ ਕਿਰਤਾਂ' ਦਾ ਮੁੱਲ ਜੇ ਹੁਣ ਨਾ ਪਿਆ , ਤਾਂ ਫਿਰ ਕਦੋਂ ਪਊਗਾ..?
----
ਹੁਣ ਐਡੇ ਵੱਡੇ ਲੇਖਕਾਂ ਕੋਲ ਨਵੇਂ ਲਿਖਾਰੀ ਪਤਾ ਨਹੀਂ ਕਾਹਤੋਂ ਖਾਲੀ ਹੱਥ 'ਪੁਸਤਕ ਰਵਿਊ' ਕਰਵਾਉਣ ਚਲੇ ਜਾਂਦੇ ਨੇ ? ਬਾਹਰੋਂ ਗਏ ਓ ! ਸੌ-ਦੋ ਸੌ ਡਾਲਰ ਨਾਲ ਭਲਾ ਇੱਕ ਦੋ ਬੋਤਲਾਂ ਵਿਸਕੀ-ਸ਼ਿਸਕੀ ਦੀਆਂ ਮਹਾਨ ਵਿਅਕਤੀ ਦੇ ਘਰ ਦੇ ਆਓਂਗੇ , ਤਾਂ ਲੋਹੜਾ ਤਾਂ ਨਹੀਂ ਆਉਣ ਲੱਗਾ ??
ਪਰ ਕਈਆਂ ਨੂੰ ਜੀਣ ਜੋਗੀਏ ! ਵੱਡੇ ਸ਼ਾਇਰਾਂ ਦੀ ਚਾਪਲੂਸੀ ਵੀ ਨਹੀਂ ਕਰਨੀ ਆਉਂਦੀ ।
----
ਉਂਝ ਦੇਖ ਲੈ ! ਪਹਿਲਾਂ ਤਾਂ ਭ੍ਰਿਸ਼ਟਾਚਾਰ ਨੇ ਪ੍ਰਸਾਸ਼ਨ, ਧਰਮ 'ਤੇ ਸਿਆਸਤ ਵਿੱਚ ਘੁਸਪੈਠ ਕੀਤੀ ਸੀ, ਹੁਣ ਇਹ ਸਾਹਿਤ ਦੇ ਪਵਿੱਤਰ ਵਿਹੜੇ ਵਿੱਚ ਵੀ ਪ੍ਰਵੇਸ਼ ਕਰ ਚੁੱਕਾ ਹੈ । ਇਨ੍ਹਾਂ ਦੀਆਂ ਚਾਰ ਕੁ ਕਿਤਾਬਾਂ ਤਾਂ ਕੀ ਛਪ ਗਈਆਂ ? ਸਾਡੇ ਸਾਰੇ ਸਾਹਿਤਕ ਜਗਤ 'ਤੇ ਕਬਜਾ ਕਰ ਕੇ ਬੈਠ ਗਏ । ਕਿਤਾਬਾਂ ਵੀ ਕਾਹਦੀਆਂ ? ਅੱਧੀਆਂ ਰਚਨਾਵਾਂ ਤਾਂ ਕਿਸੇ ਹੋਰ ਲੇਖਕਾਂ ਦੇ ਖਿਆਲ ਚੋਰੀ ਕਰਕੇ ਵਿੱਚ ਪਾਈਆਂ ਹੁੰਦੀਆਂ ਨੇ ।ਹੁਣ ਤਾਂ ਇਹ ਆਪਣੀ ਕਲਾ ਏਦਾਂ ਵੇਚਦੇ ਫਿਰਦੇ ਨੇ ; ਜਿਵੇਂ : ਬਸ ਅੱਡੇ 'ਤੇ ਸੁਰਮਾ ਵੇਚਣ ਵਾਲੇ ਬਸਾਂ ਦੀਆਂ ਬਾਰੀਆਂ ਨਾਲ ਲਮਕਦੇ ਫਿਰਦੇ ਹੋਣ !
----
ਅੜੀਏ ! ਅੱਜਕਲ ਜਿਵੇਂ ਤੂੰ ਬਾਹਰ ਅੰਦਰ ਬੜਾ ਘੁੰਮਦੀ ਫਿਰਦੀ ਏਂ , ਓਵੇਂ ਸਾਡੇ ਅਖੌਤੀ ਨਾਮਵਾਰ ਲੇਖਕ ਵੀ ਵਿਦੇਸ਼ਾਂ ਦੇ ਟੂਰ 'ਤੇ ਬੜਾ ਜਾਣ ਲੱਗ ਪਏ ਨੇ । ਸਾਹਿਤ ਦਾ ਪ੍ਰਚਾਰ ਕਰਨ ਆਉਂਦੇ ਨੇ, ਜਾਂ ਅਯਾਸ਼ੀ ਕਰਨ ਅਤੇ ਪੈਸਾ ਬਣਾਉਣ ?
....................
ਇਹ ਤਾਂ ਰੱਬ ਹੀ ਜਾਣੇ ??
ਪਰ ਪਹਿਲੇ ਕਈ ਲੇਖਕਾਂ ਕੋਲ ਤਾਂ ਕਿਤਾਬ ਛਪਵਾਉਣ ਜੋਗੇ ਪੈਸੇ ਨਹੀਂ ਸਨ ਹੁੰਦੇ । ਅੱਜਕਲ੍ਹ ਦਿਆਂ ਕੋਲ ਹਵਾਈ ਟਿਕਟਾਂ ਤੇ ਹੋਰ ਖਰਚਾ–ਪਾਣੀ ਕਰਨ ਲਈ ਐਨੀ ਮਾਇਆ ਪਤਾ ਨਹੀਂ ਕਿਥੋਂ ਆ ਜਾਂਦੀ ਏ ?
----
'ਤੇ ਓਧਰ ਦੇਖ ਲੈ ! ਕਿਤਾਬਾਂ ਛਾਪਣ ਵਾਲੇ ਪ੍ਰਕਾਸ਼ਕ !! ਉਹ ਵੀ ਬਾਹਰਲੇ ਲਿਖਾਰੀਆਂ ਦੀ ਛਿੱਲ ਇੰਝ ਲਾਹੁੰਦੇ ਨੇ; ਜਿਵੇਂ: ਬਿਨ-ਬਾਂਗੇ ਮੁਰਗੇ ਦੀ ਘੰਡੀ ਮਰੋੜ ਕੇ ਗਰਮ-ਗਰਮ ਚਮੜੀ ਲਾਹੀਦੀ ਹੁੰਦੀ ਆ ! ਓਧੇੜ ਕੇ ਰੱਖ ਦਿੰਦੇ ਨੇ – ਦਿਲ, ਕਾਲਜਾ ਤੇ ਪਤਾਲੂ ਤਾਂ ਉਂਗਲਾਂ ਨਾਲ ਹੀ ਖਿੱਚ ਲੈਂਦੇ ਨੇ ! ਫਿਰ ਚਿਕਨੇ ਲਿਖਾਰੀ ਦੀ ਬਰਿੱਸਟ ਦੇ ਪੀਸ ਬਣਾ-ਬਣਾ ਕੇ ਰੱਖ ਲੈਂਦੇ ਨੇ ! ਬੱਸ, ਓਹਦੇ ਪੱਲੇ ਤਾਂ ਆਂਦਰਾਂ ਦਾ ਗੁੱਛਾ ਹੀ ਰਹਿ ਜਾਂਦਾ ਏ । ਅਖੀਰ, ਢਿੱਡ 'ਚ ਮੁੱਠੀਆਂ ਦੇ ਕੇ ਵਾਪਸ ਮੁੜ ਆਉਂਦੈ-ਸੌ ਕੁ ਕਾਪੀਆਂ ਨਾਲ ਲੈ ਕੇ !!
----
ਚੱਲ ਛੱਡ ! ਬੱਸ ਹੀ ਕਰਦਾਂ । ਸ਼ਾਇਦ ਕੱਲ ਨੂੰ ਮੈਨੂੰ ਵੀ ਖੱਲ ਲੁਹਾਉਣੀ ਪੈ ਜਾਵੇ ? ਕਿਸੇ ਤੋਂ 'ਮੁੱਖ ਬੰਦ' (ਭੂਮਿਕਾ) ਲਿਖਵਾਉਣੀ ਪੈ ਜਾਵੇ ?? ਪਰ ਮੇਰੇ ਕਾਲਜੇ 'ਤੇ ਤਾਂ ਪਹਿਲਾਂ ਹੀ ਇੱਕ 'ਪੁਸਤਕ ਮੇਲੇ ਵਾਲਾ' ਕਨੇਡਾ ਆਕੇ ਹੀ ਨਹੁੰਦਰਾਂ ਮਾਰ ਗਿਆ ਏ । ਚਾਰ ਕੁ ਕਿਤਾਬਾਂ ਦੇ ਪੈਂਹਟ ਡਾਲਰ ਲੈ ਗਿਆ । ਬਾਅਦ 'ਚ ਮੈਂ ਚਾਲੀ ਨਾਲ ਗੁਣਾ ਕੀਤੀ ਤਾਂ ਛੱਬੀ ਸੌ ਰੁਪੀਈਆ ਬਣ ਗਿਆ । ਪਰ ਇੰਡੀਆ ਤੋਂ ਛੱਬੀ ਸੌ ਦੀਆਂ ਕਿਤਾਬਾਂ ਖਰੀਦ ਕੇ ਭਾਵੇਂ ਅਟੈਚੀ ਭਰ ਕੇ ਲੈ ਆਉਂਦਾ । ਨਾਲੇ ਪਤੰਦਰ ਕਿਸੇ ਰਸਾਲੇ ਲਈ ਚੰਦਾ ਲੈ ਗਿਆ । ਸਾਲ ਹੋ ਗਿਐ, ਅਜੇ ਤੱਕ ਕੋਈ ਰਸਾਲਾ ਮੇਰੇ ਤੱਕ ਨਹੀਂ ਪਹੁੰਚਿਆ । ਆਹ ! ਤਾਂ ਹਾਲ ਹੈ- ਸਾਡੇ 'ਸਾਹਿਤਕ ਸਭਿਆਚਾਰੂ ਵਪਾਰੀਆਂ ਦਾ' ॥
'ਮੈਂ ਤਾਂ ਮਨ ਦੀ ਭੜਾਸ ਕੱਢ ਲਈ ਆ, ਪਰ ਹੁਣ ਕੀ ਬਣਦਾ ਬੁੱਲ ਟੇਰੇ 'ਤੇ !
ਪਰ ਹੁਣ ਬਚ ਕੇ ਰਿਹਾ ਕਰ ਤੂੰ ਨਖਰੋ ! ਨੀ ਕੋਈ ਹੱਥ ਫੇਰ ਜੂ ਤੇਰੇ 'ਤੇ !!”
ਪਰ ਮੇਰੀਏ ਰਾਗਮਣੀਏ ! ਹੁਣ ਤੂੰ ਕਿਸੇ ਹੋਰ ਨਾਲ ਰਾਗ ਨਾ ਅਲਾਪਣ ਲੱਗ ਜਾਵੀਂ ?
ਤੂੰ ਮਿਲੀ ਤਾਂ ਦਿਲ ਵਿੱਚ ਜੀਣ ਦੀ ਆਸ ਹੋਈ !
ਤੂੰ ਮਿਲ ਕੇ ਰੋਈ ਤਾਂ ਜੰਗਲ 'ਚ ਬਰਸਾਤ ਹੋਈ !
ਹਾਲੇ ਵੀ ਸ਼ੁਕਰ ਐ ! ਜੇ ਹੱਸ ਕੇ ਮਿਲਦੀ ਤਾਂ ਜੰਗਲ ਵਿਚ ਅੱਗ ਲੱਗ ਜਾਣੀ ਸੀ ।
ਪਰ ਦੇਖਿਆ ? ਮੈਂ ਵੀ ਸ਼ਾਇਰੀ ਕਰ ਲੈਂਦਾ ਹਾਂ, ਭਾਵੇਂ ਚੋਰੀ ਕਰ ਕੇ ਹੀ ਕਰਾਂ !
ਐਪਰ ਮੈਂ ਚੋਰ ਨਹੀਂ, ਚੋਰਾਂ ਨੂੰ ਪੈਣ ਵਾਲਾ ਮੋਰ ਹਾਂ !
ਤੇਰੇ ਕਦਮਾਂ ਤੋਂ ਅੱਗੇ ਲੰਘਦੀ ਮੂਹਰੇ ਤੁਰਦੀ ਤੋਰ ਹਾਂ !
ਤੇਰੀਆਂ ਨਜ਼ਰਾਂ ਵਿੱਚ ਸ਼ਾਇਰ ਜਾਂ ਮੈਂ ਕੁਝ ਹੋਰ ਹਾਂ !!'
ਪਰ ਮੈਂ ਤੇਰਾ ਹਾਂ । ਤੂੰ ਮੈਨੂੰ ਆਪਣਾ ਬਣਾ ਕੇ ਰੱਖੀਂ । ਨਹੀਂ ਤਾਂ ਮੈਂ ਵੀ ਲੁਧਿਆਣੇ ਜਾ ਕੇ 'ਮੁੱਖ ਬੰਦ-ਭੂਮਿਕਾ ਸੈਂਟਰ ਫਾਰ ਨਿਊ ਐਂਡ ਫਾਰਨਰ ਰਾਈਟਰਜ਼ ਐਸੋਸੀਏਸ਼ਨ' ਨਾਮੀ ਸੰਸਥਾ ਖੋਲ ਕੇ ਬਹਿ ਜਾਣਾ ਏ ।
ਪਰ ਫਿਰ ਵੀ ਜੇ ਕਦੇ ਤੂੰ ਆਪਣੇ ਹੁਸਨ ਦੀ ਭੂਮਿਕਾ ਬਨ੍ਹਾਉਣੀ ਹੋਈ ਜਾਂ ਅੰਤਿਕਾ ਲਿਖਵਾਉਣੀ ਹੋਈ ਤਾਂ ਸਿੱਧੀ ਮੇਰੀ ਦੁਕਾਨ 'ਤੇ ਆ ਜਾਵੀਂ । ਸੱਚੀਂ ! ਨਾਂਹ ਨਹੀਂ ਕਰੂੰਗਾ । ਪਰ ਉਸਦੇ ਬਦਲੇ 'ਚ ਪਿਆਰ ਦੀ ਦਕਸ਼ਣਾ ਤਾਂ ਦੇਣੀ ਹੀ ਪੈਣੀ ਏ..! ਮੇਰੀਏ ਸਾਹਿਤਕ-ਦ੍ਰਿਸ਼ਟੀਏ ! ਅਸਾਹਿਤਕ-ਸ੍ਰਿਸ਼ਟੀਏ !!
ਤੇਰੇ 'ਗ਼ਜ਼ਲੀ ਜੋਬਨ' ਦੇ ਆਖਰੀ ਮਤਲੇ ਵਰਗਾ,
ਤੇਰੇ ਦਿਲ ਦਾ ਸਭਿਆਚਾਰੀ ਅਲੰਬਰਦਾਰ !
ਨਹੀਂ ਸੱਚ, ਲੰਬੜਦਾਰ !!
ਤੇਰਾ ਗੁਰਮੇਲ ਬਦੇਸ਼ਾ ਯਾਰ !!!