ਖ਼ਲੀਲ ਜਿਬਰਾਨ ਨੇ ਕਿਹਾ ਸੀ.....
ਖ਼ੁਸ਼ੀ ਅਤੇ ਗ਼ਮ
(ਪੋਸਟ: ਜਨਵਰੀ 24, 2009)
-*- ਤੁਹਾਡੀ ਖ਼ੁਸ਼ੀ ਦਰਅਸਲ ਵਿਚ ਤੁਹਾਡਾ ਗ਼ਮ ਹੀ ਹੁੰਦਾ ਹੈ ਜੋ ਬੇਨਕਾਬ ਹੁੰਦਾ ਹੈ।
-*- ਤੁਹਾਡੇ ਹਾਸੇ ਤੁਹਾਡੇ ਹੰਝੂਆਂ ‘ਚੋਂ ਹੀ ਉਪਜਦੇ ਹਨ।
-*- ਦੁੱਖ ਜਿੰਨਾ ਡੂੰਘਾ ਤੁਹਾਨੂੰ ਕੁਰੇਦਦਾ ਹੈ, ਓਨਾ ਹੀ ਆਨੰਦ ਵੀ ਤਾਂ ਦਿੰਦਾ ਹੈ, ਬਿਲਕੁਲ ਓਸੇ ਤਰ੍ਹਾਂ ਜਿਵੇਂ ਸ਼ਰਾਬ ਪੀਣ ਵਾਲ਼ਾ ਪਿਆਲਾ, ਘੁਮਿਆਰ ਦੇ ਭੱਠੇ ‘ਚ ਤਪ ਕੇ ਹੀ ਤੁਹਾਨੂੰ ਆਨੰਦ ਦੇਣ ਲਈ ਤੁਹਾਡੇ ਹੱਥਾਂ ‘ਚ ਪਹੁੰਚਦਾ ਹੈ। ਜਾਂ ਫਿਰ ਰੂਹਾਨੀ ਸਕੂਨ ਦੇਣ ਵਾਲ਼ੀ ਸੁਰੀਲੀ ਬੰਸਰੀ ਦੀ ਤਰ੍ਹਾਂ, ਜਿਸਦੀ ਲੱਕੜੀ ਬੰਸਰੀ ਬਣਨ ਤੋਂ ਪਹਿਲਾਂ, ਚਾਕੂਆਂ ਨਾਲ਼ ਖੋਖਲ਼ੀ ਕੀਤੀ ਜਾਂਦੀ ਹੈ।
-*- ਜਦੋਂ ਵੀ ਜ਼ਿਆਦਾ ਖ਼ੁਸ਼ ਹੋਵੋਂ, ਜ਼ਰਾ ਦਿਲ ਅੰਦਰ ਝਾਤੀ ਮਾਰ ਕੇ ਦੇਖਣਾ ਕਿ ਜਿਸ ਚੀਜ਼ ਨੇ ਤੁਹਾਨੂੰ ਜ਼ਿਆਦਾ ਦੁੱਖ ਦਿੱਤੈ, ਓਹੀ ਤਾਂ ਖ਼ੁਸ਼ੀ ਵੀ ਦੇ ਰਹੀ ਹੈ। ਜਦੋਂ ਦਿਲ ਦਾ ਆਲਮ ਜ਼ਿਆਦਾ ਗ਼ਮਗੀਨ ਹੋਵੇ ਤਾਂ ਫੇਰ ਝਾਤੀ ਮਾਰਿਆਂ ਸੱਚਾਈ ਦਾ ਪਤਾ ਲੱਗ ਜਾਵੇਗਾ ਕਿ ਦਰਅਸਲ ਤੁਹਾਡੀ ਖ਼ੁਸ਼ੀ ਨੇ ਤੁਹਾਨੂੰ ਗ਼ਮ ‘ਚ ਡੁਬੋਇਆ ਹੈ।
-*- ਤੁਹਾਡੇ ‘ਚੋਂ ਕੁੱਝ ਸਮਝਦੇ ਨੇ ਕਿ ਖ਼ੁਸ਼ੀ, ਗ਼ਮ ਤੋਂ ਵੱਡੀ ਹੁੰਦੀ ਹੈ ਤੇ ਕੁੱਝ ਗ਼ਮ ਨੂੰ ਖ਼ੁਸ਼ੀ ਤੋਂ ਵੱਡਾ ਦੱਸਦੇ ਨੇ। ਪਰ ਮੇਰਾ ਵਿਚਾਰ ਹੈ ਕਿ ਇਹਨਾਂ ਦੋਵਾਂ ਨੂੰ ਨਿਖੇੜਨਾ ਅਸੰਭਵ ਹੈ। ਦੋਵੇਂ ਇੱਕਠੇ ਆਉਂਦੇ ਨੇ, ਜਦੋਂ ਇੱਕ ਤੁਹਾਡੇ ‘ਤੇ ਹਾਵੀ ਹੁੰਦਾ ਹੈ ਤਾਂ ਦੂਜਾ ਕੋਲ਼ ਹੀ ਤੁਹਾਡੇ ਬਿਸਤਰ ਤੇ ਸੁੱਤਾ ਪਿਆ ਹੁੰਦਾ ਹੈ।
-*- ਅਸਲ ਵਿਚ ਤੁਸੀਂ ਹਮੇਸ਼ਾ ਹੀ ਖ਼ੁਸ਼ੀ ਅਤੇ ਗ਼ਮ ਦੀ ਤੱਕੜੀ ‘ਦੇ ਐਨ ਵਿਚਕਾਰ ਲਟਕ ਰਹੇ ਹੁੰਦੇ ਓ! ਅਤੇ ਇਹ ਤੱਕੜੀ ਓਦੋਂ ਹੀ ਸੰਤੁਲਤ ਹੁੰਦੀ ਹੈ, ਜਦੋਂ ਤੁਸੀਂ ਖਾਲੀ ਹੋਵੋਂ। ਜਦੋਂ ਖ਼ਜ਼ਾਨਚੀ ਆਪਣਾ ਸੋਨੇ ਅਤੇ ਚਾਂਦੀ ਤੋਲਣ ਲਈ ਤੁਹਾਨੂੰ ਚੁੱਕਦਾ ਹੈ ਤਾਂ ਤੁਹਾਡੀ ਖ਼ੁਸ਼ੀ ਜਾਂ ਗ਼ਮ ਵਧਣੇ ਜਾਂ ਘਟਣੇ ਲਾਜ਼ਮੀ ਹੋ ਜਾਂਦੇ ਹਨ।
--------------
ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ: ਤਨਦੀਪ 'ਤਮੰਨਾ'
No comments:
Post a Comment