ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, January 29, 2009

ਸੁਖਿੰਦਰ- ਲੇਖ

ਰਿਸ਼ਤਿਆਂ ਦੀ ਸਾਰਥਿਕਤਾ ਦੀ ਤਲਾਸ਼

(ਪੋਸਟ: ਜਨਵਰੀ 22, 2009)


ਸਾਧੂ ਬਿਨਿੰਗ ਦਾ ਕਾਵਿ-ਸੰਗ੍ਰਹਿ 'ਯਾਰ ਮੇਰਾ ਦਰਿਆ' ਰਿਸ਼ਤਿਆਂ ਦੀ ਸਾਰਥਿਕਤਾ ਦੀ ਤਲਾਸ਼ ਕਰਨ ਦਾ ਇੱਕ ਯਤਨ ਕਿਹਾ ਜਾ ਸਕਦਾ ਹੈ।
ਇਹ ਤਲਾਸ਼ ਨਾ ਸਿਰਫ਼ ਮਨੁੱਖੀ ਰਿਸ਼ਤਿਆਂ ਤੱਕ ਹੀ ਸੀਮਿਤ ਹੈ; ਬਲਕਿ ਤਲਾਸ਼ ਦਾ ਇਹ ਸਫ਼ਰ ਮਨੁੱਖ ਦੇ ਆਪਣੇ ਚੌਗਿਰਦੇ ਨਾਲ ਅਤੇ ਕੁਦਰਤ ਨਾਲ ਪੈਦਾ ਹੋਏ ਰਿਸ਼ਤਿਆਂ ਤੱਕ ਵੀ ਫੈਲਿਆ ਹੋਇਆ ਹੈ। ਸਾਧੂ ਬਿਨਿੰਗ ਦੀਆਂ ਇਹ ਕਵਿਤਾਵਾਂ ਸਮੇਂ, ਸਥਾਨ ਅਤੇ ਪੁਲਾੜ ਵਿੱਚ ਫੈਲੇ ਅਜਿਹੇ ਮਨੁੱਖੀ ਰਿਸ਼ਤਿਆਂ ਦੀ ਗੱਲ ਕਰਦੀਆਂ ਹਨ। ਇਹ ਕਵਿਤਾਵਾਂ ਸਾਡੇ ਸਭਿਆਚਾਰਕ, ਰਾਜਨੀਤਿਕ ਅਤੇ ਆਰਥਿਕ ਰਿਸ਼ਤਿਆਂ ਦੀ ਵੀ ਗੱਲ ਕਰਦੀਆਂ ਹਨ।
ਸਾਧੂ ਬਿਨਿੰਗ ਦੀਆਂ ਇਹ ਕਵਿਤਾਵਾਂ ਪੂਰਬੀ ਅਤੇ ਪੱਛਮੀ ਸਭਿਆਚਾਰ ਦੀ ਪਹਿਚਾਣ ਦੀ ਗੱਲ ਵੀ ਕਰਦੀਆਂ ਹਨ। ਕਿਤੇ ਕਿਤੇ, ਇਨ੍ਹਾਂ ਕਵਿਤਾਵਾਂ ਨੂੰ ਪੜ੍ਹਦਿਆਂ ਇਹ ਵੀ ਮਹਿਸੂਸ ਹੁੰਦਾ ਹੈ ਕਿ ਇਨ੍ਹਾਂ ਕਵਿਤਾਵਾਂ ਦਾ ਲੇਖਕ ਪੂਰਬੀ ਸਭਿਆਚਾਰ ਪ੍ਰਤੀ ਆਪਣਾ ਮੋਹ ਜਤਾਉਂਦਾ ਕੁਝ ਜ਼ਿਆਦਾ ਹੀ ਭਾਵੁਕਤਾ ਦਿਖਾ ਜਾਂਦਾ ਹੈ।
'
ਯਾਰ ਮੇਰਾ ਦਰਿਆ' ਕਾਵਿ ਸੰਗ੍ਰਹਿ ਬਾਰੇ ਗੱਲ ਸਾਧੂ ਬਿਨਿੰਗ ਦੀ ਕਵਿਤਾ 'ਕਵਿਤਾ ਨਾਲ ਸੰਵਾਦ' ਦੀਆਂ ਇਨ੍ਹਾਂ ਕਾਵਿ ਸਤਰਾਂ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ:
ਕਵਿਤਾ ਹੁੰਦੀ ਹੈ
ਲੋਕਾਂ ਨਾਲ ਸਨੇਹ ਜਤਾਉਂਣ ਲਈ
ਉਨ੍ਹਾਂ ਦੇ ਦੁੱਖਾਂ ਦਰਦਾਂ ਦੇ
ਗੀਤ ਗਾਉਣ ਲਈ
ਲੋੜ ਪੈਣ 'ਤੇ ਹੱਕਾਂ ਲਈ
ਝੰਡਾ ਉਠਾਉਣ ਲਈ
ਸਾਧੂ ਬਿਨਿੰਗ ਆਪਣੀ ਗੱਲ ਦੀ ਸ਼ੁਰੂਆਤ ਕਰਦਿਆਂ ਹੀ ਪਹਿਲਾਂ ਇਹ ਦਸਣਾ ਜ਼ਰੂਰੀ ਸਮਝਦਾ ਹੈ ਕਿ ਕਵਿਤਾ ਦਾ ਮਨੁੱਖ ਨਾਲ ਇੱਕ ਗੂੜ੍ਹਾ ਰਿਸ਼ਤਾ ਹੈ। ਮੁੱਢ-ਕਦੀਮ ਤੋਂ ਕਵਿਤਾ ਮਨੁੱਖ ਦੇ ਨਾਲ ਨਾਲ ਤੁਰੀ ਹੈ। ਕਵਿਤਾ ਵਿੱਚ ਮਨੁੱਖ ਦੀ ਰੂਹ ਬੋਲਦੀ ਹੈ। ਕਵਿਤਾ ਦੇ ਬੋਲਾਂ ਰਾਹੀਂ ਹੀ ਮਨੁੱਖ ਨੇ ਆਪਣੀਆਂ ਉਮੰਗਾਂ, ਇੱਛਾਵਾਂ, ਦੁੱਖਾਂ, ਦਰਦਾਂ, ਖੁਸ਼ੀਆਂ, ਗ਼ਮੀਆਂ ਨੂੰ ਭਾਵਨਾਤਮਕ ਅਰਥਾਂ ਦੇ ਰੂਪ ਵਿੱਚ ਪ੍ਰਗਟਾ ਕੇ ਆਪਣੀ ਹੋਂਦ ਦਾ ਇਜ਼ਹਾਰ ਕਰਨਾ ਸਿੱਖਿਆ ਹੈ। ਅਸੀਂ ਕਾਵਿਕ ਬੋਲਾਂ ਰਾਹੀਂ ਨ ਸਿਰਫ ਆਪਣੇ ਆਪ ਦਾ ਹੀ ਇਜ਼ਹਾਰ ਕਰਨਾ ਪਸੰਦ ਕਰਦੇ ਹਾਂ; ਬਲਕਿ, ਇਜ਼ਹਾਰ ਕਰਨ ਦੀ ਅਜਿਹੀ ਵਿਧੀ ਰਾਹੀਂ ਅਸੀਂ ਆਪਣੇ ਸਰੋਤੇ ਦੀ ਚੇਤਨਾ ਵਿੱਚ ਵੀ ਤਰੰਗਾਂ ਦੀ ਅਜਿਹੀ ਝਰਨਾਟ ਛੇੜਦੇ ਹਾਂ ਕਿ ਉਸਦੇ ਜਿਸਮ ਦੇ ਕਣ ਕਣ ਵਿੱਚ ਇੱਕ ਮਹਾਂ-ਨਾਚ ਦੀ ਥਿਰਕਣ ਸ਼ੁਰੂ ਕਰ ਦਿੰਦੇ ਹਾਂ। ਜਿਸ ਸਦਕਾ ਉਸ ਨਾਲ ਸਾਡਾ ਇੱਕ ਰਿਸ਼ਤਾ ਸਥਾਪਿਤ ਹੋਣਾ ਸ਼ੁਰੂ ਹੋ ਜਾਂਦਾ ਹੈ।
ਮਨੁੱਖੀ ਸਭਿਅਤਾ ਦੇ ਬੀਜ ਦਰਿਆਵਾਂ ਦੇ ਕੰਢੇ ਹੀ ਬੀਜੇ ਗਏ. ਮਨੁੱਖੀ ਸਭਿਅਤਾ ਦੀ ਸ਼ੁਰੂਆਤ ਵਿੱਚ ਮਨੁੱਖ ਦਰਿਆਵਾਂ ਦੇ ਕੰਢਿਆਂ ਉੱਤੇ ਹੀ ਵੱਸਿਆ। ਸ਼ਾਇਦ, ਇਸੇ ਲਈ ਹੀ ਮਨੁੱਖ ਅਤੇ ਦਰਿਆਵਾਂ ਦੀ ਦੋਸਤੀ ਸਦੀਵੀ ਦੋਸਤੀ ਦਾ ਰੂਪ ਵਟਾ ਗਈ। ਦਰਿਆ ਨ ਸਿਰਫ਼ ਮਨੁੱਖ ਲਈ ਜੀਣ ਦਾ ਸਾਧਨ ਬਣੇ, ਦਰਿਆ ਮਨੁੱਖ ਲਈ ਆਉਣ ਜਾਣ ਦਾ ਸਾਧਨ ਬਣੇ ਅਤੇ ਮਨੁੱਖੀ ਜ਼ਿੰਦਗੀ ਵਿੱਚ ਆਉਣ ਵਾਲੇ ਦੁੱਖਾਂ-ਦਰਦਾਂ ਅਤੇ ਖੁਸ਼ੀਆਂ ਵਿੱਚ ਹਿੱਸਾ ਵਟਾਉਣ ਵਾਲੇ ਕਰੀਬੀ ਸਾਥੀ ਵੀ। ਇਨ੍ਹਾਂ ਲੱਖਾਂ ਸਾਲਾਂ ਦੌਰਾਨ ਮਨੁੱਖ ਅਤੇ ਦਰਿਆਵਾਂ ਦੀ ਦੋਸਤੀ ਦੋਵੱਲੀ ਹੋ ਨਿਬੜੀ। ਮਨੁੱਖ ਵੀ ਦਰਿਆਵਾਂ ਦੇ ਦੁੱਖਾਂ-ਦਰਦਾਂ ਨੂੰ ਸਮਝਣ ਲੱਗਾ। ਮਨੁੱਖ ਅਤੇ ਦਰਿਆਵਾਂ ਦੇ ਅਜਿਹੇ ਦੋਵੱਲੀ ਰਿਸ਼ਤੇ ਨੂੰ ਸਾਧੂ ਬਿਨਿੰਗ ਵੀ ਬੜੀ ਚੰਗੀ ਤਰ੍ਹਾਂ ਸਮਝਦਾ ਹੈ:
ਜਦ ਕੋਈ
ਵੱਡੀ ਕਾਰੋਬਾਰੀ ਕਿਸ਼ਤੀ
ਤੇਜ਼ੀ ਨਾਲ ਹਿੱਕ ਤੋਂ ਲੰਘੇ
ਗੁੱਸੇ 'ਚ ਦਰਿਆ
ਕੰਢਿਆਂ 'ਤੇ ਪਏ ਪੱਥਰਾਂ ਦੇ
ਖਿਝ ਖਿਝ ਥਪੇੜੇ ਮਾਰੇ
ਝੱਗ ਸੁੱਟੇ ਤਿਲਮਲਾਵੇ
ਤੇ ਜਦੋਂ
ਕਤਾਰਾਂ ਬੰਨ੍ਹ ਮੁਰਗਾਬੀਆਂ
ਏਧਰ ਓਧਰ ਫਿਰਨ ਤਰਦੀਆਂ
ਜਾਂ ਨਿੱਕੀ ਬੇੜੀ 'ਚ ਬੈਠਾ ਜੋੜਾ
ਹੌਲ਼ੀ- ਹੌਲ਼ੀ ਚੱਪੂ ਮਾਰੇ
ਦਰਿਆ ਖ਼ਾਮੋਸ਼ ਵਗੇ
ਖੁਸ਼ੀ 'ਚ ਝੂੰਮਦਾ ਨਜ਼ਰ ਆਵੇ
ਯਾਰ ਮੇਰਾ ਦਰਿਆ
ਇੰਝ ਦਿਲ ਦੀਆਂ ਸਮਝਾਵੇ
(
ਯਾਰ ਮੇਰਾ ਦਰਿਆ)
ਸਾਧੂ ਬਿਨਿੰਗ ਮਨੁੱਖ ਅਤੇ ਦਰਿਆਵਾਂ ਦੀ ਦੋਸਤੀ ਦੀ ਗੱਲ ਕਰਨ ਵਾਂਗ ਹੀ ਮਨੁੱਖ ਅਤੇ ਉਸਦੇ ਚੌਗਿਰਦੇ ਦੀ ਗੱਲ ਕਰਦਿਆਂ ਮਨੁੱਖ ਦੀ ਘਾਹ ਨਾਲ ਪੈਦਾ ਹੋਈ ਦੋਸਤੀ ਬਾਰੇ ਵੀ ਗੱਲ ਕਰਦਾ ਹੈ:
ਸੈਰ ਗਏ ਨੂੰ ਘਾਹ ਪੁੱਛਦਾ ਹੈ
ਨਾ ਕਦੀ ਬੈਠ ਕੇ ਦੁੱਖ ਸੁੱਖ ਕਰਦਾਂ
ਨਾ ਕੋਈ ਬੋਲ ਗੁਣਗੁਣਾਵੇਂ
ਕਦੀ ਕਦਾਈਂ ਹਫਦਾ ਆਵੇਂ
ਤੇ ਹਫਦਾ ਤੁਰ ਜਾਵੇਂ
ਕੀ ਸੱਚ ਮੁੱਚ ਤੈਨੂੰ ਚੇਤਾ ਨਹੀਂ ਰਿਹਾ
ਯਾਰਾਂ ਨਾਲ ਮਾਰੀਆਂ ਗੱਪਾਂ
ਮਹਿਬੂਬ ਨਾਲ ਗਾਏ ਨਗਮੇ
ਤੇਰੇ ਜੀਵਨ ਦੇ ਸਾਰੇ ਮਿੱਠੇ ਸੋਹਣੇ ਪਲ
ਮੇਰੇ ਉੱਤੇ ਬੈਠਿਆਂ
ਮੇਰੀਆਂ ਤਿੜਾਂ ਨਾਲ ਖੇਡਦਿਆਂ ਬੀਤੇ
ਮੇਰੇ ਕੋਲੋਂ ਇੰਜ ਪਰਾਇਆ ਹੋ ਚੁੱਕਿਆ ਤੂੰ
ਖ਼ੁਦ ਕੋਲੋਂ ਕੋਈ ਜਿਵੇਂ ਪਰਾਇਆ ਹੋ ਜਾਵੇ
(
ਸੈਰ ਗਏ ਨੂੰ)
ਮਨੁੱਖ ਦੀ ਨਿੱਤ ਦਿਨ ਵਧਦੀ ਜਾਂਦੀ ਲਾਲਚ ਨੇ ਨਾ ਸਿਰਫ ਕੁਦਰਤੀ ਸਾਧਨਾਂ ਦੀ ਤਬਾਹੀ ਕੀਤੀ ਹੈ; ਬਲਕਿ ਇਸਨੇ ਆਪਣੇ ਚੌਗਿਰਦੇ ਅਤੇ ਵਾਤਾਵਰਨ ਨੂੰ ਵੀ ਅਤਿ ਦਰਜੇ ਦੀ ਹੱਦ ਤੱਕ ਪ੍ਰਦੂਸ਼ਿਤ ਕਰ ਦਿੱਤਾ ਹੈ। ਮਨੁੱਖ ਨੇ ਨਦੀਆਂ, ਦਰਿਆਵਾਂ ਵਿੱਚ ਇੰਡਸਟਰੀਅਲ ਕੂੜਾ-ਕਰਕਟ ਸੁੱਟ ਸੁੱਟ ਕੇ ਆਪਣੀ ਹੀ ਤਬਾਹੀ ਦੇ ਬੀਜ ਬੀਜੇ ਹਨ। ਕਾਰਖਾਨਿਆਂ ਦੀਆਂ ਚਿਮਨੀਆਂ 'ਚੋਂ ਨਿਕਲ ਰਹੀਆਂ ਜ਼ਹਿਰੀਲੀਆਂ ਗੈਸਾਂ ਵਾਤਾਵਰਨ ਨੂੰ ਜ਼ਹਿਰੀਲਾ ਬਣਾ ਰਹੀਆਂ ਹਨ। ਧਰਤੀ ਦੇ ਅਨੇਕਾਂ ਇਲਾਕਿਆਂ ਵਿੱਚ ਵਾਤਾਵਰਨ ਵਿੱਚ ਵੱਧ ਰਹੇ ਪ੍ਰਦੂਸ਼ਨ ਕਾਰਨ ਮਨੁੱਖਾਂ ਲਈ ਸਾਹ ਲੈਣਾ ਮੁਸ਼ਕਿਲ ਹੋ ਰਿਹਾ ਹੈ। ਵਾਤਾਵਰਨ ਵਿੱਚ ਵੱਧ ਰਹੇ ਪ੍ਰਦੂਸ਼ਨ ਕਾਰਨ ਗਲੋਬਲ ਵਾਰਮਿੰਗ ਵਧ ਰਹੀ ਹੈ। ਜਿਸ ਕਾਰਨ ਭੂਚਾਲ ਆ ਰਹੇ ਹਨ, ਟੋਰਨੈਡੋ ਆ ਰਹੇ ਹਨ, ਸਮੁੰਦਰੀ ਤੂਫ਼ਾਨ ਆ ਰਹੇ ਹਨ, ਸੁਨਾਮੀ ਲਹਿਰਾਂ ਕਾਰਨ ਆਏ ਸਮੁੰਦਰੀ ਤੂਫ਼ਾਨਾਂ ਸਦਕਾ ਲੱਖਾਂ ਲੋਕਾਂ ਦੀ ਮੌਤ ਹੋ ਰਹੀ ਹੈ। ਹਜ਼ਾਰਾਂ ਕਿਸਮ ਦੀਆਂ ਨਵੀਆਂ ਅਤੇ ਖਤਰਨਾਕ ਬੀਮਾਰੀਆਂ ਸ਼ੁਰੂ ਹੋ ਰਹੀਆਂ ਹਨ। ਧਰਤੀ ਉੱਤੇ ਮਨੁੱਖ ਦੀ ਸਦੀਵੀ ਹੋਂਦ ਆਪਣੇ ਚੌਗਿਰਦੇ ਨਾਲ, ਵਾਤਾਵਰਨ ਨਾਲ, ਰੁੱਖਾਂ ਨਾਲ ਪੈਦਾ ਹੋਏ ਰਿਸ਼ਤੇ ਨੂੰ ਸੁਖਾਵਾਂ ਰੱਖਣ ਸਦਕਾ ਹੀ ਸੰਭਵ ਰਹਿ ਸਕੇਗੀ। ਮਨੁੱਖ ਜੇਕਰ ਇਸ ਸਚਾਈ ਵੱਲੋਂ ਮੂੰਹ ਮੋੜੇਗਾ ਤਾਂ ਉਹ ਆਪਣੇ ਪੈਰਾਂ ਥੱਲੇ ਆਪ ਹੀ ਕੰਡੇ ਬੀਜ ਰਿਹਾ ਹੋਵੇਗਾ. ਹਵਾ ਨਾਲ, ਘਾਹ ਨਾਲ, ਰੁੱਖਾਂ ਨਾਲ, ਮਨੁੱਖ ਦੇ ਤਿੜਕ ਰਹੇ ਰਿਸ਼ਤਿਆਂ ਬਾਰੇ ਸਾਧੂ ਬਿਨਿੰਗ ਵੀ ਚੇਤੰਨ ਹੈ:
ਸੈਰ ਗਏ ਨੂੰ
ਹਵਾ ਆਖਦੀ
ਘਾਹ ਪੁੱਛਦਾ ਹੈ
ਕਰਦੇ ਰੁੱਖ ਸ਼ਿਕਾਇਤ
(
ਸੈਰ ਗਏ ਨੂੰ)
ਪੂਰਬੀ ਅਤੇ ਪੱਛਮੀ ਸਭਿਆਚਾਰਾਂ ਵਿੱਚ ਇੱਕ ਵੱਡਾ ਵੱਖਰੇਂਵਾਂ ਹੈ - ਜ਼ਿੰਦਗੀ ਜਿਊਣ ਦਾ ਢੰਗ। ਪੂਰਬੀ ਸਭਿਆਚਾਰਾਂ ਵਿੱਚ ਪ੍ਰਵਾਰਕ ਰਿਸ਼ਤਿਆਂ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਹੈ; ਪਰ ਇਸਦੇ ਮੁਕਾਬਲੇ ਵਿੱਚ ਪੱਛਮੀ ਸਭਿਆਚਾਰਾਂ ਵਿੱਚ 'ਨਿੱਜ' ਨੂੰ ਵਧੇਰੇ ਅਹਿਮੀਅਤ ਦਿੱਤੀ ਜਾਂਦੀ ਹੈ। ਖਪਤ ਸਭਿਆਚਾਰ ਦੇ ਪਸਾਰ ਨਾਲ ਵਸਤਾਂ ਦੀ ਚਕਾਚੌਂਦ ਨਾਲ ਆਪਣੇ ਘਰਾਂ ਨੂੰ ਭਰਨ ਦੀ ਦੌੜ ਵਿੱਚ ਕੁਝ ਲੋਕ ਇਹ ਭੁੱਲ ਰਹੇ ਹਨ ਕਿ ਘਰ ਵਸਤਾਂ ਦੇ ਅੰਬਾਰ ਲਗਾਉਣ ਨਾਲ ਨਹੀਂ ਬਣਦੇ। ਬਲਕਿ ਉਨ੍ਹਾਂ ਘਰਾਂ ਵਿੱਚ ਰਹਿ ਰਹੇ ਮਨੁੱਖਾਂ ਦੇ ਆਪਸੀ ਸੁਖਾਵੇਂ ਰਿਸ਼ਤਿਆਂ ਦੀ ਹੋਂਦ ਸਦਕਾ ਹੀ ਬਣਦੇ ਹਨ। ਸਾਧੂ ਬਿਨਿੰਗ ਨੂੰ ਵੀ ਇਸ ਗੱਲ ਦਾ ਅਹਿਸਾਸ ਹੈ:
ਬਹੁਤ ਰੌਸ਼ਨ ਹੈ
ਮੇਰਾ ਇਹ ਘਰ ਨਵਾਂ
ਚਮਕਦਾਰ ਚੀਜ਼ਾਂ ਨਾਲ ਭਰਿਆ
ਨਜ਼ਰਾਂ ਦਾ ਭਰਪੂਰ ਦ੍ਰਿਸ਼ ਪਰ
ਅੰਦਰ ਦਾ ਖਲਾਅ ਨਹੀਂ ਭਰਦਾ
ਜਾਂ
ਹੁਣ ਇਹ ਨਵਾਂ ਨਕੋਰ ਰੋਸ਼ਨ ਘਰ
ਭਰਿਆ ਹੋਇਆ ਵੀ ਖਾਲੀ ਖਾਲੀ
ਯਾਦਾਂ ਤੇ ਕਹਾਣੀਆਂ ਤੋਂ ਵਾਂਝਾ
(
ਘਰ)
ਕੈਨੇਡਾ ਇਮੀਗਰੈਂਟਾਂ ਦਾ ਦੇਸ਼ ਹੈ. ਦੁਨੀਆਂ ਦੇ ਹਰੇਕ ਕੋਨੇ 'ਚੋਂ ਆ ਕੇ ਲੋਕ ਇੱਥੇ ਵਸੇ ਹਨ। ਵਧੇਰੇ ਲੋਕ ਇੱਥੇ ਆਰਥਿਕ ਕਾਰਨਾਂ ਕਰਕੇ ਹੀ ਆਏ ਹਨ। ਅਜਿਹੇ ਲੋਕ ਪਿੱਛੇ ਛੱਡ ਆਈ ਆਪਣੀ ਜਨਮ ਭੂਮੀ ਨਾਲੋਂ ਕੈਨੇਡਾ ਵਿੱਚ ਭਾਵੇਂ ਜਿੰਨੀ ਮਰਜ਼ੀ ਸੁਖਾਲੀ ਜ਼ਿੰਦਗੀ ਕਿਉਂ ਨ ਜੀਅ ਰਹੇ ਹੋਣ, ਉਹ ਫਿਰ ਵੀ ਸਾਰੀ ਉਮਰ ਇੱਥੋਂ ਦੇ ਮਾਹੌਲ, ਚੌਗਿਰਦੇ, ਵਾਤਾਵਰਨ ਅਤੇ ਮੌਸਮਾਂ ਨਾਲ ਅੰਦਰੂਨੀ ਤੌਰ ਉੱਤੇ ਪੂਰੀ ਤਰ੍ਹਾਂ ਸਾਂਝ ਨਹੀਂ ਪਾ ਸਕਦੇ। ਜਦੋਂ ਕਦੀ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਆਪਣੀ ਜਨਮ-ਭੂਮੀ ਵੱਲ ਆਪਣੇ ਉਦਰੇਵੇਂ ਦਾ ਪ੍ਰਗਟਾਵਾ ਕਰਦੇ ਹਨ. ਉੱਥੇ ਦੇ ਖੇਤਾਂ, ਦਰਿਆਵਾਂ, ਪੌਣ ਪਾਣੀ ਅਤੇ ਮੌਸਮਾਂ ਨੂੰ ਯਾਦ ਕਰਕੇ ਉਦਾਸ ਹੋ ਜਾਂਦੇ ਹਨ। ਪਿੱਛੇ ਛੱਡ ਆਏ ਦੇਸ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹਣ ਲੱਗਿਆਂ ਉਹ ਸਭ ਹੱਦਾਂ ਬੰਨੇ ਟੱਪ ਜਾਂਦੇ ਹਨ। ਕੁਝ ਇਹੋ ਜਿਹੇ ਝਲਕਾਰੇ ਸਾਧੂ ਬਿਨਿੰਗ ਦੀ ਕਵਿਤਾ 'ਚਿਟੀ ਪਰੀ' ਪੜ੍ਹਦਿਆਂ ਵੀ ਮਿਲਦੇ ਹਨ:
ਮੈਨੂੰ ਤਾਂ ਕਾਂਬਾ ਛਿੜੇ
ਤੇਰੇ ਨੇੜੇ ਜਾਂਦਿਆਂ ਹੀ
ਤੇਰੇ ਨਾਲ ਖੇਡਣ ਨੂੰ
ਤੇਰੇ ਤੋਂ ਫਿਸਲਣ ਨੂੰ
ਮਨ ਨਾ ਮਚਲੇ
ਜਿੱਦਾਂ ਮੋਹਲੇਧਾਰ ਮੀਂਹ '
ਕੱਚੀਆਂ ਗਲੀਆਂ '
ਟੱਪਣ ਨੂੰ ਮਚਲਦਾ ਸੀ
(
ਚਿੱਟੀ ਪਰੀ)
ਪਰ ਕੈਨੇਡਾ ਦੇ ਪੰਜਾਬੀ ਕਵੀਆਂ ਵਿੱਚ ਸਾਧੂ ਬਿਨਿੰਗ ਅਜਿਹੀਆਂ ਉਦਰੇਵੇਂ ਵਾਲੀਆਂ ਭਾਵਨਾਵਾਂ ਦਾ ਪ੍ਰਗਟਾ ਕਰਨ ਵਾਲਾ ਕੋਈ ਇਕੱਲਾ ਕਵੀ ਨਹੀਂ। ਅਨੇਕਾਂ ਹੋਰ ਕਵੀਆਂ ਦੀਆਂ ਰਚਨਾਵਾਂ ਵਿੱਚ ਵੀ ਅਜਿਹਾ ਉਦਰੇਵਾਂ ਦੇਖਿਆ ਜਾ ਸਕਦਾ ਹੈ। ਖਾਸ ਕਰਕੇ ਉਨ੍ਹਾਂ ਲੇਖਕਾਂ ਦੀਆਂ ਰਚਨਾਵਾਂ ਵਿੱਚ ਜੋ ਕਿ ਕੈਨੇਡਾ ਵਿੱਚ ਲੰਬਾ ਸਮਾਂ ਰਹਿਣ ਦੇ ਬਾਵਜੂਦ ਵੀ ਮਾਨਸਿਕ ਤੌਰ ਉੱਤੇ ਕੈਨੇਡਾ ਦੇ ਸਭਿਆਚਾਰਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਮਾਹੌਲ ਵਿੱਚ ਰਚ-ਮਿਚ ਨਹੀਂ ਸਕੇ।
'
ਯਾਰ ਮੇਰਾ ਦਰਿਆ' ਕਾਵਿ ਸੰਗ੍ਰਹਿ ਵਿੱਚ ਸਾਧੂ ਬਿਨਿੰਗ ਨੇ ਅਨੇਕਾਂ ਹੋਰ ਕਿਸਮ ਦੇ ਰਿਸ਼ਤਿਆਂ ਦੀ ਵੀ ਗੱਲ ਕੀਤੀ ਹੈ।
ਔਰਤ ਅਤੇ ਮਰਦ ਦੇ ਰਿਸ਼ਤੇ ਦੀ ਗੱਲ ਕਰਦਿਆਂ ਬਿਨ੍ਹਾਂ ਕਿਸੀ ਸੰਕੋਚ ਦੇ ਸਾਧੂ ਬਿਨਿੰਗ ਇਹ ਗੱਲ ਮੰਨਦਾ ਹੈ ਕਿ ਮਰਦ ਪ੍ਰਧਾਨ ਸਮਾਜ ਨੇ ਜ਼ਿੰਦਗੀ ਦੇ ਅਨੇਕਾਂ ਖੇਤਰਾਂ ਵਿੱਚ ਆਪਣੀ ਸਰਦਾਰੀ ਕਾਇਮ ਰੱਖਣ ਖਾਤਰ ਸਦੀਆਂ ਤੋਂ ਔਰਤ ਨੂੰ ਅਨੇਕਾਂ ਤਰ੍ਹਾਂ ਦੀ ਮਾਨਸਿਕ ਗੁਲਾਮੀ ਦੇ ਸੰਗਲਾਂ ਵਿੱਚ ਜਕੜਿਆ ਹੋਇਆ ਹੈ। ਜਿਸ ਕਾਰਨ ਆਦਮੀ ਅਤੇ ਔਰਤ ਦਰਮਿਆਨ ਬਰਾਬਰੀ ਦੇ ਸੰਕਲਪ ਉੱਤੇ ਆਧਾਰਤ ਪੈਦਾ ਹੋਈ ਆਪਸੀ ਸਮਝ 'ਚੋਂ ਜਨਮੇ ਰਿਸ਼ਤਿਆਂ ਦੀ ਅਣਹੋਂਦ ਕਾਰਨ ਅਨੇਕਾਂ ਘਰਾਂ ਵਿੱਚ ਪਤੀ ਪਤਨੀ ਦਾ ਆਪਸੀ ਰਿਸ਼ਤਾ 'ਮਹਿਬੂਬ' ਵਾਲਾ ਹੋਣ ਦੀ ਥਾਂ ਇੱਕ-ਦੂਜੇ ਦੇ ਦੁਸ਼ਮਣ ਵਾਲਾ ਜਾਂ ਮਾਲਿਕ ਅਤੇ ਗੁਲਾਮ ਵਾਲਾ ਹੈ। ਜਿਸ ਕਾਰਨ ਉਹ ਮਹਿਜ਼ ਦਿਖਾਵੇ ਦੇ ਤੌਰ ਉੱਤੇ ਹੀ ਪਤੀ ਪਤਨੀ ਦੇ ਰੂਪ ਵਿੱਚ ਰਹਿ ਰਹੇ ਹੁੰਦੇ ਹਨ। ਅਜਿਹੇ ਜੋੜੇ ਮਾਨਸਿਕ ਤੌਰ ਉੱਤੇ, ਭਾਵਨਾਤਮਕ ਤੌਰ ਉੱਤੇ ਅਤੇ ਅਨੇਕਾਂ ਵਾਰ ਸਰੀਰਕ ਤੌਰ ਉੱਤੇ ਵੀ ਇੱਕ ਦੂਜੇ ਉੱਤੇ ਹਿੰਸਾਤਮਕ ਹਮਲੇ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਅਜਿਹੇ ਅਸੰਤੁਲਿਤ ਮਨੁੱਖੀ ਰਿਸ਼ਤਿਆਂ ਦੀ ਉਸਾਰੀ ਵਿੱਚ ਸਾਡੇ ਧਾਰਮਿਕ, ਸਭਿਆਚਾਰਕ, ਸਮਾਜਿਕ, ਸਾਹਿਤਕ, ਦਾਰਸ਼ਨਿਕ ਅਤੇ ਰਾਜਨੀਤਿਕ ਗ੍ਰੰਥਾਂ ਦਾ ਵੀ ਯੋਗਦਾਨ ਹੈ। ਜਿਸ ਵਿੱਚ ਔਰਤ ਨੂੰ ਪੈਰ ਦੀ ਜੁੱਤੀ, ਗੰਵਾਰ ਅਤੇ ਜਾਨਵਰ ਤੱਕ ਵੀ ਕਿਹਾ ਗਿਆ ਹੈ। ਔਰਤ ਅਤੇ ਮਰਦ ਦੇ ਆਪਸੀ ਰਿਸ਼ਤੇ ਦੀ ਸਦੀਆਂ ਤੋਂ ਸਾਡੀ ਸੰਸਕ੍ਰਿਤੀ ਵਿੱਚ ਚੱਲੀ ਆ ਰਹੀ ਗਲਤ ਪ੍ਰੀਭਾਸ਼ਾ ਅਤੇ ਉਸਦੇ ਪ੍ਰਭਾਵ ਸਦਕਾ ਹੋ ਰਹੇ ਮਨੁੱਖੀ ਰਿਸ਼ਤਿਆਂ ਦੀ ਤਬਾਹੀ ਵੱਲ ਸਾਧੂ ਬਿਨਿੰਗ ਦੀਆਂ ਹੇਠ ਲਿਖੀਆਂ ਕਾਵਿ ਸਤਰਾਂ ਵੀ ਇਸ਼ਾਰਾ ਕਰਦੀਆਂ ਹਨ:
ਤੇ ਤੂੰ
ਆਪਣੇ ਜਿਸਮ 'ਤੇ ਸਜਾ ਰੱਖੇ ਸਨ
ਹਲੀਮੀ, ਨਿਮਰਤਾ, ਤਾਬਿਆਦਾਰੀ
ਤੇਰੇ ਹਿੱਸੇ ਦੀ ਸੰਸਕ੍ਰਿਤੀ ਵੱਲੋਂ
ਤੈਨੂੰ ਹਿਦਾਇਤ ਸੀ
ਆਪਣੇ ਹਥਿਆਰਾਂ ਨਾਲ
ਮੇਰੇ ਅੱਗ ਵਰਸਾਉਂਦੇ ਬਾਣਾਂ 'ਤੇ ਵਿਜੇ ਪਾਵੇ
ਇਹਨਾਂ ਹਥਿਆਰਾਂ ਨੂੰ ਸਾਂਭਦੀ
ਸਿਤਾਰਿਆਂ ਭਰੀ ਸਾੜੀ 'ਚ ਲਿਪਟੀ
ਮੇਰੇ ਵਾਂਗ ਤੂੰ ਵੀ ਗ਼ੈਰ ਹਾਜ਼ਰ ਸੀ
ਆਪਣੀ ਹੀ ਜ਼ਿੰਦਗੀ ਦੇ ਜਸ਼ਨ ਵਿਚੋਂ
ਇੰਝ ਬਣਨਾ ਹੀ ਸੀ ਸਾਡੀ ਸੇਜ ਨੇ
ਇਕ ਹਾਸੋ-ਹੀਣਾ ਜੰਗੀ ਮੈਦਾਨ
ਤੇ ਉਸ ਵਿਚ ਸਦਾ ਵਾਂਗ
ਜ਼ਖ਼ਮੀ ਤੂੰ ਹੀ ਹੋਣਾ ਸੀ
ਤੇ ਹੋਈ
ਸਾਧੂ ਬਿਨਿੰਗ ਦੇ ਕਾਵਿ ਸੰਗ੍ਰਹਿ 'ਯਾਰ ਮੇਰਾ ਦਰਿਆ' ਵਿੱਚ ਜਿਹੜੀ ਗੱਲ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ ਉਹ ਇਹ ਹੈ ਕਿ ਜ਼ਿੰਦਗੀ ਦੇ ਸਫ਼ਰ ਦੌਰਾਨ ਖੁਸ਼ੀਆਂ ਵਿੱਚ, ਗਮੀਆਂ ਵਿੱਚ, ਪ੍ਰਾਪਤੀਆਂ ਵਿੱਚ, ਅਸਫਲਤਾਵਾਂ ਵਿੱਚ ਸਾਨੂੰ ਇਹ ਗੱਲ ਭੁੱਲ ਨ ਜਾਵੇ ਕਿ ਸਾਡਾ ਸੁਪਨਾ ਖ਼ੂਬਸੂਰਤ ਰਿਸ਼ਤਿਆਂ ਦੀ ਉਸਾਰੀ ਕਰਨਾ ਹੈ। ਇਹ ਰਿਸ਼ਤੇ ਚਾਹੇ ਮਨੁੱਖੀ ਹੋਣ, ਸਭਿਆਚਾਰਕ ਹੋਣ, ਸਮਾਜਿਕ ਹੋਣ, ਰਾਜਨੀਤਿਕ ਹੋਣ, ਆਰਥਿਕ ਹੋਣ, ਵਾਤਾਵਰਨ ਨਾਲ ਸਬੰਧਤ ਹੋਣ ਜਾਂ ਸਾਡੇ ਚੌਗਿਰਦੇ ਨਾਲ ਜੁੜੇ ਹੋਣ।
ਰਿਸ਼ਤਿਆਂ ਦੀ ਸਾਰਥਿਕਤਾ ਬਾਰੇ ਪਾਠਕਾਂ ਨੂੰ ਚੇਤੰਨ ਕਰਨਾ ਹੀ ਸਾਧੂ ਬਿਨਿੰਗ ਦੀ ਕਾਵਿ ਪੁਸਤਕ 'ਯਾਰ ਮੇਰਾ ਦਰਿਆ' ਦਾ ਮੂਲ ਉਦੇਸ਼ ਕਿਹਾ ਜਾ ਸਕਦਾ ਹੈ। ਮੇਰੇ ਵਿਚਾਰ ਅਨੁਸਾਰ, ਕਿਸੇ ਵੀ ਲੇਖਕ ਵੱਲੋਂ ਆਪਣੀ ਰਚਨਾ ਦਾ ਅਜਿਹਾ ਉਦੇਸ਼ ਨਿਰਧਾਰਤ ਕਰਨਾ ਕੋਈ ਛੋਟੀ ਪ੍ਰਾਪਤੀ ਨਹੀਂ।
ਅਜਿਹੀ ਕਾਵਿ-ਪ੍ਰਾਪਤੀ ਕਰਨ ਸਦਕਾ ਸਾਧੂ ਬਿਨਿੰਗ ਲਈ ਮੇਰੀਆਂ ਸ਼ੁੱਭ ਇਛਾਵਾਂ !

No comments: