ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਰੋਜ਼ੀ ਸਿੰਘ - ਲੇਖ

ਰੂਹ ਦੇ ਰੰਗ
(ਪੋਸਟ: ਦਸੰਬਰ 2, 2008)
ਮੀਂਹ ਪਿੱਛੋਂ ਸ਼ਾਮ ਵੇਲੇ ਲਹਿੰਦੇ ਵੱਲ ਪਈ ਸਤਰੰਗੀ ਪੀਂਘ ਵੱਲ ਤੱਕ ਕੇ ਰੰਗਾਂ ਦੇ ਮਹੱਤਵ ਦਾ ਅਕੱਥ ਅਨੁਭਵ ਹੁੰਦਾ ਹੈ। ਰੰਗਾਂ ਨੂੰ ਮਾਨਣਾ ਹੋਵੇ ਤਾਂ ਬਰਸਾਤ ਵਿਚ ਬਾਗੀਂ ਨੱਚਦੇ ਮੋਰ ਨੂੰ ਤੱਕ ਕੇ ਵੇਖੋ, ਰੂਹ ਬਾਗੋ-ਬਾਗ ਹੋ ਜਾਂਦੀ ਹੈ। ਰੰਗਾਂ ਤੋਂ ਬਿਨ੍ਹਾਂ ਹਯਾਤੀ ਬੇਰੌਣਕ ਹੀ ਤਾਂ ਹੈ, ਰੰਗਾਂ ਨਾਲ ਖ਼ਲਕਤ ਰੰਗੀਨ ਲਗਦੀ ਹੈ। ਜੇਕਰ ਇਕ ਘੜੀ ਇਹ ਮੰਨ ਲਿਆ ਜਾਵੇ ਬਈ ਦੁਨੀਆਂ ਰੰਗਾਂ ਤੋਂ ਖ਼ਾਲੀ ਹੋ ਗਈ ਹੈ ਤਾਂ ਕਿੰਝ ਲੱਗੇਗਾ...? ਰੰਗਾਂ ਨਾਲ ਜੀਵਨ ਭਰਿਆ ਭਰਿਆ ਦਿਸਦਾ ਹੈ.. ਤੇ ਇਨ੍ਹਾਂ ਤੋਂ ਬਗੈਰ ਜ਼ਿੰਦਗੀ ਅਸਲੋਂ ਖ਼ਾਲੀ ਬਣ ਜਾਂਦੀ ਹੈ। ਰੰਗ ਹਯਾਤੀ ਵਿਚ ਖ਼ੁਸ਼ੀਆਂ ਤੇ ਖੇੜੇ ਲੈ ਕੇ ਆਉਂਦੇ ਹਨ। ਰੰਗਾਂ ਨਾਲ ਜੀਵਨ ਦੀਆਂ ਖ਼ੁਸ਼ੀਆਂ ਤੇ ਗ਼ਮਾਂ ਦਾ ਮਾਪ ਲਾਇਆ ਜਾ ਸਕਦਾ ਹੈ। ਜੀਵਨ ਦੇ ਹਰ ਪੜਾਅ ਵਿਚ ਰੰਗਾਂ ਦਾ ਖ਼ਾਸ ਰੁਤਬਾ ਹੁੰਦਾ ਹੈ। ਬਹਾਰ ਦੇ ਮੌਸਮ ਵਿਚ ਬਗ਼ੀਚੀ ਵਿਚ ਖਿੜੇ ਰੰਗ ਬਿਰੰਗੇ ਫੁੱਲਾਂ ਨੂੰ ਵੇਖ ਕੇ ਰੂਹ ਦਾ ਖ਼ੁਸ਼ ਹੋਣਾ ਯਕੀਨੀ ਹੈ।
---
ਰੂਹਾਨੀ ਖ਼ੁਸ਼ੀ ਦਾ ਹੋਣਾ ਜ਼ਿੰਦਗੀ ਵਿਚ ਬਹਾਰ ਤੇ ਖੇੜੇ ਦੀ ਨਿਸ਼ਾਨੀ ਹੁੰਦਾ ਹੈ। ਰੂਹ ਅਸਲ ਵਿਚ ਕੀ ਹੈ...? ਸਿਰਫ਼ ਮਨ ਦੀ ਸਚਾਈ, ਮਨ ਦੀ ਵਿਸ਼ਾਲਤਾ, ਮਨ ਦੀਆਂ ਡੂੰਘਾਈਆਂ ਅਤੇ ਆਪਣੇ ਮਨ ਦੀਆਂ ਸੀਮਾਵਾਂ ਦਾ ਨਿਰੰਤਰ ਵਿਸਥਾਰ, ਮਨ ਦੀ ਸਤਰੰਗੀ ਪੀਂਘ ਦਾ ਗਿਆਨ, ਰੂਹ ਦੀ ਜੀਵਨ ਵਿਚ ਰਵਾਨੀ ਦਾ ਹੁਸਨ, ਨਾ ਦੌੜਨਾ, ਨਾ ਖਲੋਣਾ, ਸਿਰਫ਼ ਤੁਰਨਾ। ਇਕੱਲਤਾ ਨੂੰ ਮਾਣੇ ਬਿਨਾਂ ਰੂਹ ਦਾ ਅਹਿਸਾਸ ਨਹੀਂ ਹੋ ਸਕਦਾ। ਰੂਹ ਖ਼ੁਸ਼ੀ ਗਮੀ ਤੋਂ ਪਰੇ, ਕੁਦਰਤ ਦੀ ਬਖ਼ਸ਼ੀ ਹਯਾਤ ਵਿਚ ਰੁਝੇ ਰਹਿਣ ਦਾ ਅਹਿਸਾਸ ਹੈ। ਬਾਹਰੀ ਖੁਸ਼ੀ ਨਾਲੋਂ ਰੂਹ ਅਤੇ ਮਨ ਦੀ ਖ਼ੁਸ਼ੀ ਜ਼ਿਆਦਾ ਮਹੱਤਵਪੂਰਨ ਹੈ। ਰੂਹ ਡਰ ਅਤੇ ਦਲੇਰੀ ਤੋਂ ਛੁੱਟ ਸਥਿਰਤਾ ਦੀ ਹਾਣੀ ਹੁੰਦੀ ਹੈ। ਸੰਜੀਦਗੀ ਤੇ ਹੌਸਲਾ ਖ਼ੁਸ਼ੀ ਨੂੰ ਸਾਂਭ ਰੱਖਣ ਲਈ ਬਹੁਤ ਜ਼ਰੂਰੀ ਹਨ। ਰੂਹ ਦਾ ਖਿੜੇ ਰਹਿਣਾ ਕਿਸੇ ਪ੍ਰਾਪਤੀ ਤੋਂ ਘੱਟ ਨਹੀਂ। ਅੰਤਰ ਮਨ ਨੂੰ ਘੋਖਣਾ ਅਤੇ ਔਕੜਾਂ, ਮੁਸੀਬਤਾਂ ਵਿਚੋਂ ਗੁਜ਼ਰ ਕੇ ਰੂਹਾਂ ਦਾ ਅਨੁਭਵ ਕਰਨਾ ਜ਼ਿੰਦਗੀ ਦਾ ਅਸਲ ਹਾਸਲ ਹੈ। ਆਤਮ ਗਿਆਨ ਅਤੇ ਆਤਮ ਅਨੁਭਵ ਤੋਂ ਬਿਨਾਂ ਹਯਾਤੀ ਦੇ ਰੰਗਾਂ ਨੂੰ ਮਾਣਿਆ ਨਹੀਂ ਜਾ ਸਕਦਾ। ਕੁਦਰਤ ਆਪਣੇ ਆਪ ਵਿਚ ਅਸੀਮ ਹੈ। ਇਸ ਦੇ ਰੰਗਾਂ ਦਾ ਕੋਈ ਅੰਤ ਨਹੀਂ ਹੈ, ਕੁਦਰਤ ਦੇ ਰੰਗਾਂ ਨੂੰ ਮਾਨਣਾ ਰੂਹ ਲਈ ਨਰੋਈ ਖ਼ੁਰਾਕ ਦੇਣਾ ਹੁੰਦਾ ਹੈ।
---
ਆਪਣੇ ਆਪ ਨੂੰ ਜ਼ਿਆਦਾ ਸਵੈ-ਕੇਂਦਰਤ ਜਾਂ ਅੰਤਰਮੁਖੀ ਕਰਨਾ ਹਯਾਤੀ ਵਿਚ ਗੁੰਮ ਜਾਣ ਦੇ ਬਰਾਬਰ ਹੈ ਅਤੇ ਜ਼ਿਆਦਾ ਬਾਹਰਮੁਖੀ ਹੋਣਾ ਆਪਣੇ ਆਪ ਤੋਂ ਭਟਕ ਜਾਣਾ ਜਾਂ ਗੁਆਚ ਜਾਣਾ ਹੈ। ਜੀਵਨ ਨੂੰ ਇਕਸਾਰ ਰੱਖਣਾ ਤੇ ਖ਼ੁਸ਼ੀਆਂ ਦੇ ਰੰਗਾਂ ਨੂੰ ਮਾਨਣਾ ਸੰਪੂਰਨਤਾ ਦਾ ਅਹਿਸਾਸ ਹੈ। ਦੁਨੀਆਂ 'ਤੇ ਹਰ ਬੰਦੇ ਨੇ ਆਪਣੇ ਆਪ ਨੂੰ ਕਿਸੇ ਨਾ ਕਿਸੇ ਰੰਗ ਵਿਚ ਰੰਗ ਰੱਖਿਆ ਹੈ। ਕੁਝ ਲੋਕ ਦਿਆਲੂ ਤੇ ਖੁਸ਼ ਤਬੀਅਤ ਦੇ ਮਾਲਕ ਹੁੰਦੇ ਹਨ ਅਤੇ ਕਿਸੇ ਦੀ ਤਰੱਕੀ ਨੂੰ ਵੇਖ ਕੇ ਸ਼ਲਾਘਾ ਅਤੇ ਤਾਰੀਫ਼ ਕਰਦੇ, ਅਗਲੇ ਦੀ ਖ਼ੁਸ਼ੀ ਵਿਚ ਆਪਣੀ ਖ਼ੁਸ਼ੀ ਮਹਿਸੂਸ ਕਰਦੇ ਹਨ। ਇਹ ਤਾਂ ਹੀ ਸੰਭਵ ਹੈ ਜੇਕਰ ਸਾਡੇ ਸਰੀਰ ਅੰਦਰ ਇਕ ਨਰੋਈ ਰੂਹ ਮੌਜੂਦ ਹੈ। ਇਸ ਦੇ ਉਲਟ ਕੁਝ ਲੋਕ ਈਰਖ਼ਾਲੂ ਕਿਸਮ ਦੇ ਹੁੰਦੇ ਹਨ। ਕਿਸੇ ਦੀ ਤਰੱਕੀ ਵੇਖਣਾ ਉਨ੍ਹਾਂ ਦੀ ਫ਼ਿਤਰਤ ਵਿਚ ਨਹੀਂ ਹੁੰਦੀ ਕਿਉਂ ਜੋ ਉਨ੍ਹਾਂ ਅੰਦਰ ਇਕ ਨਰੋਈ ਰੂਹ ਅਤੇ ਨਿਰਛਲ ਮਨ ਦੀ ਘਾਟ ਹੁੰਦੀ ਹੈ।
---
ਰੂਹ ਦਾ ਰੱਜ ਜਾਣਾ ਜੀਵਨ ਵਿਚ ਰੰਗਾਂ ਦੀ ਬਹੁਤਾਤ ਅਤੇ ਦਿਲ ਦੇ ਵਿਹੜੇ ਵਿਚ ਖ਼ੁਸ਼ੀਆਂ ਦੇ ਝੁਰਮਟ ਦੀ ਨਿਸ਼ਾਨਦੇਹੀ ਹੈ। ਰੱਬ ਦਾ ਅਹਿਸਾਸ ਸਾਨੂੰ ਡਰ ਦੇ ਹਾਲਾਤਾਂ ਵੇਲੇ ਹੁੰਦਾ ਹੈ। ਭਾਵੇਂ ਕਿ ਦੁਨਿਆਵੀ ਤੌਰ 'ਤੇ ਅਸੀਂ ਕਿੰਨੇ ਵੀ ਤਾਕਤਵਰ ਕਿਉਂ ਨਾ ਹੋਈਏ, ਪਰ ਸਾਡੇ ਆਪਣੇ ਦੁਆਰਾ ਪੈਦਾ ਕੀਤੀਆਂ ਪ੍ਰਸਥਿਤੀਆਂ ਕਾਰਨ ਅਸੀਂ ਬਹੁਤੇ ਵਾਰੀ ਆਪਣੇ ਪਰਛਾਵੇਂ ਤੋਂ ਵੀ ਡਰ ਜਾਂਦੇ ਹਾਂ। ਮਨ ਦਾ ਕੰਬਣਾ ਮੌਤ ਵਰਗੇ ਡਰ ਕਾਰਨ ਹੁੰਦਾ ਹੈ। ਮੌਤ ਅਟੱਲ ਸੱਚਾਈ ਹੈ ਪਰ ਇਸ ਦਾ ਭੈਅ ਸਾਡੀਆਂ ਨਸਾਂ ਵਿਚ ਵਸਿਆ ਰਹਿੰਦਾ ਹੈ। ਇਨਸਾਨ ਆਪਣੀ ਹਿਫ਼ਾਜ਼ਤ ਲਈ ਜਿੰਨੀਆਂ ਉਚੀਆਂ ਸੁਰੱਖਿਆ ਦੀਆਂ ਦੀਵਾਰਾਂ ਖੜ੍ਹੀਆਂ ਕਰੀ ਜਾ ਰਿਹਾ ਹੈ, ਓਨਾ ਹੀ ਉਹ ਕੈਦੀ ਬਣ ਕੇ ਰਹਿ ਗਿਆ ਹੈ। ਰੂਹਾਨੀ ਖ਼ੁਸ਼ੀ ਵਾਸਤੇ ਆਜ਼ਾਦ ਫ਼ਿਜ਼ਾਵਾਂ ਵਿਚੋਂ ਗੁਜ਼ਰਨਾ ਅਤਿ ਲਾਜ਼ਮੀ ਹੈ। ਮੌਸਮਾਂ ਦੀ ਰੰਗੀਨੀ ਅਤੇ ਬਰਸਾਤ ਦਾ ਆਨੰਦ ਮੀਂਹ ਵਿਚ ਭਿੱਜ ਕੇ ਹੀ ਲਿਆ ਜਾ ਸਕਦਾ ਹੈ। ਸੰਗਮਰਮਰ ਦੇ ਫ਼ਰਸ਼ 'ਤੇ ਬੈਠ ਕੇ, ਤਾਜ਼ੀ ਵਾਹੀ ਪੈਲ਼ੀ ਦੀ ਖ਼ੁਸ਼ਬੂ ਦਾ ਅਨੁਭਵ ਕਰਨਾ ਰੂਹ ਨੂੰ ਧੋਖਾ ਦੇਣਾ ਹੈ। ਧੁੱਪ, ਛਾਂ ਵਿਚਲਾ ਫ਼ਰਕ ਘਰੋਂ ਬਾਹਰ ਨਿਕਲ ਕੇ ਹੀ ਜਾਣਿਆ ਜਾ ਸਕਦਾ ਹੈ। ਸੰਗੀਤ ਰੂਹ ਦੀਆਂ ਤਰੰਗਾਂ ਨੂੰ ਛੇੜਨ ਦਾ ਸੌਖਾ ਜਿਹਾ ਜ਼ਰੀਆ ਹੈ। ਸੰਗੀਤ ਦੀਆਂ ਧੁਨਾਂ ਮਾਹੌਲ ਨੂੰ ਰੰਗੀਨ ਬਣਾ ਦਿੰਦੀਆਂ ਹਨ। ਸੰਜੀਦਾ ਮੌਸੀਕੀ ਰੂਹਾਨੀਅਤ ਦਾ ਧਰਾਤਲ ਬਣਦੀ ਹੈ, ਜਦਕਿ ਤੇਜ਼ ਧੁਨਾਂ ਜ਼ਿੰਦਗੀ ਦੇ ਹਕੀਕੀ ਰਕਸ ਨੂੰ ਮਾਨਣ ਦਾ ਅਰਥ...।
---
ਰੁੱਤਾਂ ਦਾ ਤਬਾਦਲਾ ਜ਼ਿੰਦਗੀ ਵਿਚ ਬਦਲਾਅ ਦਾ ਅਹਿਸਾਸ ਕਰਵਾਉਂਦਾ ਹੈ। ਰੁਕੇ ਰਹਿਣਾ ਜਾਂ ਅਟਕ ਜਾਣ ਤੋਂ ਭਾਵ ਉਸ ਮਰੀਜ਼ ਤੋਂ ਲਿਆ ਜਾ ਸਕਦਾ ਹੈ ਜੋ 'ਕੋਮਾ' ਵਿਚ ਚਲਾ ਜਾਂਦਾ ਹੈ। ਨਿਰੰਤਰ ਤੁਰਨਾ ਤੇ ਤਰਦੇ ਰਹਿਣਾ ਹੀ ਕੁਦਰਤ ਅਤੇ ਹਯਾਤ ਦਾ ਅਸਲ ਅਸੂਲ ਹੈ। ਹਰ ਮੌਸਮ ਦਾ ਆਪਣਾ ਰੰਗ ਹੈ ਤੇ ਹਰ ਨਵਾਂ ਦਿਨ ਨਵੀਂਆਂ ਉਮੰਗਾਂ ਲੈ ਕੇ ਆਉਂਦਾ ਹੈ। ਸੂਰਜ ਡੁੱਬਣਾ ਨਵੇਂ ਸਵੇਰੇ ਦੀ ਆਮਦ ਦਾ ਸੁਨੇਹਾ ਹੈ। ਹਰ ਰਾਤ ਨਵੇਂ ਨਿਕੋਰ ਦਿਨ ਦੀਆਂ ਸੰਭਾਵਨਾਵਾਂ ਦੀ ਹਾਮੀ ਭਰਦੀ ਹੈ। ਰੁਕੀ ਹੋਈ ਜ਼ਿੰਦਗੀ ਬੇ-ਰੰਗ ਤੇ ਅਹਿਸਾਸਹੀਣ ਹੋ ਕੇ ਰੰਗੀਨੀਆਂ ਅਤੇ ਹਾਸਿਆਂ ਤੋਂ ਵਾਂਝੀ ਰਹਿ ਜਾਂਦੀ ਹੈ। ਦੁਨੀਆਂ 'ਤੇ ਇਕੋ ਜਿਹੀਆਂ ਰੂਹਾਂ ਦਾ ਮਿਲਣਾ ਪ੍ਰਮਾਤਮਾ ਦੀ ਖ਼ਾਸ ਸੌਗਾਤ ਹੁੰਦਾ ਹੈ। ਕੁਝ ਲੋਕਾਂ ਨੂੰ ਮਿਲ ਕੇ ਇੰਝ ਲਗਦਾ ਹੈ ਜਿਵੇਂ ਉਨ੍ਹਾਂ ਨਾਲ ਸਦੀਆਂ ਦੀ ਕੋਈ ਦਿਲੀ ਸਾਂਝ ਹੋਵੇ ਤੇ ਵਾਰ-ਵਾਰ ਦਿਲ ਉਨ੍ਹਾਂ ਨੂੰ ਮਿਲਣ ਲਈ ਉਤਾਵਲਾ ਜਿਹਾ ਜਾਪਦਾ ਹੈ। ਪਰ ਕੁਝ ਲੋਕ ਅਜਿਹੇ ਵੀ ਮਿਲਦੇ ਹਨ, ਜਿਨ੍ਹਾਂ ਕੋਲ ਕੁੜੱਤਣ ਤੋਂ ਇਲਾਵਾ ਕੁਝ ਵੀ ਨਹੀਂ ਮਿਲਦਾ। ਜਿਨ੍ਹਾਂ ਲੋਕਾਂ ਦੀ ਜ਼ਿੰਦਗੀ ਰੰਗਾਂ ਦੇ ਝੁਰਮਟ ਤੋਂ ਸੱਖਣੀ ਰਹਿ ਜਾਂਦੀ ਹੈ, ਉਨ੍ਹਾਂ ਦੀ ਰੂਹ ਕਦੀ ਤ੍ਰਿਪਤ ਨਹੀਂ ਹੁੰਦੀ। ਹਯਾਤੀ ਦਾ ਅਸਲ ਮੁਕਾਮ ਉਹ ਹੁੰਦਾ ਹੈ, ਜਿਥੇ ਜਾ ਕੇ ਰੂਹ ਨੂੰ ਸ਼ਾਂਤੀ ਮਿਲ ਜਾਵੇ..., ਜਿਥੇ ਰੌਸ਼ਨੀ ਦੀਆਂ ਪਰੀਆਂ ਦਾ ਝੁਰਮਟ ਪਿਆ ਨਜ਼ਰੀਂ ਆਵੇ..., ਜਿਥੇ ਜਿਸਮਾਂ ਦੀਆਂ ਦੀਵਾਰਾਂ ਢਹਿ ਢੇਰੀ ਹੋ ਜਾਣ..., ਜਿਥੇ ਨਫ਼ਰਤ ਦਾ ਖ਼ਾਤਮਾ ਹੋ ਜਾਵੇ..., ਜਿਥੇ ਪਿਆਰ ਦੇ ਅੰਕੁਰ ਪਏ ਫੁੱਟਦੇ ਹੋਣ...!
---
ਸੂਰਜ ਦਾ ਚੜ੍ਹਨਾ, ਸ਼ਾਮ ਦਾ ਢਲਣਾ, ਹਵਾਵਾਂ ਦੀ ਸਰਸਰਾਹਟ, ਪਹਾੜਾਂ ਦੀਆਂ ਢਲਾਣਾਂ ਤੋਂ ਡਿਗਦੇ ਝਰਨਿਆਂ ਦੀ ਕਲ-ਕਲ, ਟਿਕੀ ਹੋਈ ਰਾਤ ਵੇਲੇ ਤਾਰਿਆਂ ਭਰਿਆ ਅਕਾਸ਼, ਬੱਦਲਾਂ ਦਾ ਵਰ੍ਹਨਾ, ਲੌਢੇ ਵੇਲੇ ਲਹਿੰਦੇ ਵਲੋਂ ਪਰਤਦੀਆਂ ਕੂੰਜਾਂ ਦੀ ਡਾਰ, ਕੁਦਰਤ ਦੇ ਅਸੀਮ ਨਜ਼ਾਰਿਆਂ ਦੀ ਇਕ ਛੋਟੀ ਜਿਹੀ ਝਲਕ ਹੈ। ਇਨ੍ਹਾਂ ਰੰਗਾਂ ਵਿਚ ਰੂਹ ਨੂੰ ਰੰਗਣ ਲਈ, ਨਰੋਈ ਸੋਚ ਅਤੇ ਸਵੱਛ ਹਿਰਦੇ ਦੀ ਡਾਹਢੀ ਲੋੜ ਹੁੰਦੀ ਹੈ। ਰੂਹ ਨੂੰ ਰੰਗਣ ਲਈ ਸਾਧਨਾ ਦੀ ਕਸੌਟੀ ਵਿਚੋਂ ਗੁਜ਼ਰਨਾ ਪੈਂਦਾ ਹੈ, ਇਹ ਕਿਸੇ ਲਲਾਰੀ ਦੁਆਰਾ ਨਹੀਂ ਰੰਗਾਈ ਜਾ ਸਕਦੀ। ਦੁਨੀਆਂ ਦੇ ਅਨੇਕ ਰੰਗਾਂ ਵਿਚੋਂ ਹਰ ਬੰਦੇ ਦੇ ਮੇਚ ਦਾ ਇਕ ਰੰਗ ਹੁੰਦੈ...! ਪਰ ਸਾਡੀ ਸਾਰੀ ਉਮਰ ਕਿਸੇ ਇਕ ਰੰਗ ਨੂੰ ਛੱਡ ਕੇ ਬਾਕੀ ਸਾਰੇ ਰੰਗਾਂ ਨੂੰ ਅਪਣਾਉਣ ਵਿਚ ਗਵਾਚ ਜਾਂਦੀ ਹੈ। ਇਸ ਭਟਕਣ ਵਿਚ ਸਾਡੇ ਹਿੱਸੇ ਆਇਆ ਰੰਗ ਕਦੋਂ ਫਿੱਕਾ ਪੈ ਜਾਂਦਾ ਹੈ, ਪਤਾ ਹੀ ਨਹੀਂ ਲਗਦਾ। ਦਰਅਸਲ ਅਸੀਂ ਹਕੀਕਤ ਵਿਚ ਉਹ ਨਹੀਂ ਹੁੰਦੇ ਜੋ ਦਿਸਦੇ ਹਾਂ, ਸਗੋਂ ਸਾਡੇ ਅੰਦਰ ਕੁਝ ਹੋਰ ਹੁੰਦਾ ਹੈ ਜੋ ਦਿਸਦਾ ਨਹੀਂ..., ਜ਼ਿੰਦਗੀ ਦੇ ਰੰਗਾਂ ਨੂੰ ਮਾਨਣਾ ਹਰ ਇਕ ਦੀ ਤਕਦੀਰ ਵਿਚ ਨਹੀਂ ਹੁੰਦਾ ਤੇ ਹਰੇਕ ਵਾਸਤੇ ਸਾਰੇ ਰੰਗ...?

No comments: