ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਸੁਰਿੰਦਰ ਸਿੰਘ ਸੁੱਨੜ - ਇਤਿਹਾਸ ਝਰੋਖਾ

ਆਪਣਾ ਅਤੀਤ (ਭਾਗ - ਪਹਿਲਾ)
(ਪੋਸਟ: ਨਵੰਬਰ 9, 2008)

ਜਨਮ ਕੁੰਡਲੀ ਬਣਾਉਂਣ ਵਾਲੇ ਸਾਰੇ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਜੇ ਸਾਡੇ ਜਨਮ ਦਾ ਸਹੀ ਸਮਾਂ, ਸਹੀ ਤਾਰੀਕ ਅਤੇ ਸਹੀ ਅਸਥਾਨ ਦਾ ਪਤਾ ਹੋਵੇ ਤਾਂ ਬਹੁਤ ਹੱਦ ਤੱਕ ਪਤਾ ਲੱਗ ਜਾਂਦਾ ਹੈ ਕਿ ਇਨਸਾਨ ਦੇ ਸਿਤਾਰੇ ਕਿਸ ਤਰ੍ਹਾਂ ਦੇ ਹਨ। ਸੂਰਜ ਦੇ ਦੁਆਲੇ ਘੁੰਮ ਰਹੇ ਇਹ ਗ੍ਰਹਿਆਂ ਦੀ ਜੋ ਆਪਣੀ ਆਕਰਸ਼ਣ ਸ਼ਕਤੀ ਹੈ ਉਸਦਾ ਪ੍ਰਭਾਵ ਇਕ ਦੂਸਰੇ ਗ੍ਰਹਿ ਤੇ ਪੈਂਦਾ ਹੈ। ਧਰਤੀ ਸੂਰਜ ਤੋਂ ਲੱਖਾਂ ਮੀਲ ਦੂਰ ਹੋਣ ਦੇ ਬਾਵਜੂਦ ਵੀ ਧਰਤੀ ਤੇ ਸੂਰਜ ਦੀ ਆਕਰਸ਼ਣ ਸ਼ਕਤੀ ਦਾ ਪ੍ਰਭਾਵ ਪੈਂਦਾ ਹੈ।
ਜੇ ਜਨਮ ਅਸਥਾਨ ਦੇ ਕਰਕੇ ਸਿਤਾਰੇ ਪਤਾ ਚਲ ਸਕਦੇ ਹਨ ਤਾਂ ਸਿਤਾਰਿਆਂ ਦੀ ਸਹੀ ਜਾਣਕਾਰੀ ਹੋਵੇ ਤਾਂ ਫਿਰ ਸਾਡਾ ਜਨਮ ਅਸਥਾਨ ਵੀ ਭਾਲ਼ਿਆ ਜਾ ਸਕਦਾ ਹੈ। ਭੁਮੱਧ ਰੇਖਾ ਤੋਂ ਉੱਤਰ ਵੱਲ, ਦੱਖਣ ਵੱਲ ਜਾਂ ਪੂਰਬ-ਪੱਛਮ ਕਿਸੇ ਪਾਸੇ ਜਨਮ ਹੋਇਆ। ਜੇ ਜਨਮ ਦਾ ਪਤਾ ਕਰਕੇ ਸਿਤਾਰੇ ਪਤਾ ਚਲ ਸਕਦੇ ਹਨ ਤਾਂ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਸਿਤਾਰਿਆਂ ਦੀ ਸਹੀ ਜਾਣਕਾਰੀ ਹੋਵੇ ਤਾਂ ਅਸੀਂ ਸਹੀ ਜਨਮ ਅਸਥਾਨ ਦਾ ਵੀ ਪਤਾ ਲਗਾ ਸਕਦੇ ਹਾਂ।
ਅੱਜ ਤੱਕ ਦੀ ਖੋਜ ਮੁਤਾਬਕ ਜਿੰਨਾ ਕੁ ਅਸੀਂ ਸਿਤਾਰਿਆਂ ਦੀ ਜਾਣਕਾਰੀ ਰੱਖਦੇ ਹਾਂ ਉਸ ਮੁਤਾਬਕ ਦੇਖੀਏ ਤਾਂ ਧਰਤੀ ਤੇ ਕਈ ਕਰੋੜ ਸਾਲ ਪਹਿਲਾਂ ਪਾਣੀ ਮੌਜੂਦ ਸੀ। ਪਾਣੀ ਮੌਜੂਦ ਸੀ, ਇਸ ਦਾ ਭਾਵ ਕਈ ਕਰੋੜ ਸਾਲ ਪਹਿਲਾਂ ਹਵਾ ਵੀ ਸੀ ਕਿਉਂਕਿ ਹਵਾ ਬਿਨ੍ਹਾ ਪਾਣੀ ਦੀ ਹੋਂਦ ਅਸੰਭਵ ਹੈ। ਪਾਣੀ ਸੀ, ਹਵਾ ਸੀ, ਧਰਤੀ ਸੀ ਤੇ ਇਹ ਵੀ ਸਾਨੂ ਪਤਾ ਹੈ ਕਿ ਧਰਤੀ ਦੇ ਵਿਚਕਾਰ ਹਾਲੇ ਵੀ ਏਨੀ ਗਰਮੀ ਹੈ ਕਿ ਧਰਤੀ ਦੇ ਆਰ-ਪਾਰ ਮੋਰੀ ਨਹੀਂ ਕੀਤੀ ਜਾ ਸਕਦੀ। ਕਹਿਣ ਤੋਂ ਭਾਵ ਪਾਣੀ, ਹਵਾ , ਧਰਤੀ ਅਤੇ ਅਗਨ ਧਰਤੀ ਤੇ ਕਈ ਕਰੋੜਾਂ ਸਾਲ ਪਹਿਲਾਂ ਮੌਜੂਦ ਸਨ। ਜੇ ਮੈਂ ਅਰਬਾਂ ਸਾਲ ਕਹਾਂ ਤਾ ਵੀ ਕੋਈ ਇਸ ਨੂੰ ਗ਼ਲਤ ਨਹੀਂ ਕਹਿ ਸਕਦਾ। ਇਸ ਵਿਸ਼ੇ ਤੇ ਮੈਂ ਸੈਂਕੜੇ ਕਿਤਾਬਾਂ ਪੜ੍ਹੀਆਂ, ਬਹੁਤੀਆਂ ਅੰਗ੍ਰੇਜ਼ੀ ਵਿਚ ਹੀ ਲਿਖੀਆਂ ਹੋਈਆਂ ਹਨ। ਬਾਕੀ ਭਾਸ਼ਾਵਾਂ ਵਿਚ ਜੇ ਇੱਕੜ-ਦੁੱਕੜ ਕਿਤਾਬਾਂ ਮਿਲਦੀਆਂ ਹਨ ਉਹ ਵੀ ਅੰਗ੍ਰੇਜ਼ੀ ਦੀਆਂ ਲਿਖਤਾਂ ਦੀ ਨਕਲ ਮਾਰ ਕੇ ਹੀ ਲਿਖੀਆਂ ਲਗਦੀਆਂ ਹਨ। ਬੰਦੇ ਦੇ ਜਨਮ ਬਾਰੇ ਕਿ ਬੰਦਾ ਕਿਥੇ ਤੇ ਕਦੋਂ ਪੈਦਾ ਹੋਇਆ, ਇਸ ਬਾਰੇ ਬਹੁਤ ਹੀ ਅਜੀਬ ਅੰਦਾਜ਼ੇ ਲਗਾਏ ਹੋਏ ਹਨ। ਦਸ ਹਜ਼ਾਰ ਬੀ•ਸੀ• 30 ਹਜ਼ਾਰ ਬੀ•ਸੀ•, 35 ਹਾਜ਼ਾਰ ਬੀ•ਸੀ•, 50 ਹਜ਼ਾਰ ਬੀ•ਸੀ• ਤੇ ਕਿਤੇ ਕਿਤੇ 5 ਲੱਖ ਸਾਲ ਪਹਿਲਾਂ ਦੀ ਗੱਲ ਕੀਤੀ ਮਿਲਦੀ ਹੈ। ਪੰਜ ਲੱਖ ਦੇ ਨਾਲ ਕਈਆਂ ਨੇ ਇਕ ਬਿੰਦੀ ਹੋਰ ਲਾ ਕੇ ਪੰਜਾਹ ਲੱਖ ਸਾਲ ਵੀ ਲਿਖ ਲਿਆ। ਚੈਸਟਰ ਸਟਾਰ ਦੀ ਕਿਤਾਬ 'ਹਿਸਟਰੀ ਆਫ਼ ਦੀ ਏਸ਼ੀਅਨ ਵਰਲਡ' ਵਿਚ 1 ਕਰੋੜ 57 ਲੱਖ ਸਾਲ ਦੀ ਵੀ ਗੱਲ ਕੀਤੀ ਹੈ।
ਆਦਮੀ ਦੇ ਮੁੱਢ ਕਦੀਮ ਬਾਰੇ ਇਹ ਜਿਨੇ ਵੀ ਹਵਾਲੇ ਮਿਲਦੇ ਹਨ ਉਸ ਸਾਰੀ ਗੱਲ ਬਾਤ ਦਾ ਜ਼ਰੀਆ ਖੁਦਾਈ ਕਰਕੇ ਮਿਲੀਆਂ ਹੱਡੀਆਂ, ਪਿੰਜਰ ਤੇ ਇਨਸਾਨੀ ਨਿਸ਼ਾਨੀਆਂ ਹੀ ਹਨ। ਲੇਕਿਨ ਕਿਸੇ ਨੇ ਵੀ ਅੱਜ ਤੱਕ ਇਹ ਦਾਅਵਾ ਨਹੀਂ ਕੀਤਾ ਕਿ ਆਦਮੀ ਜਿਸਦਾ ਪਿੰਜਰ ਮਿਲ਼ਿਆ ਬਹੁਤ ਪੁਰਾਣਾ, ਇਸ ਆਦਮੀ ਦਾ ਜਨਮ ਕਿਥੇ ਹੋਇਆ ਹੋਊ। ਆਦਮੀ ਕੋਈ ਦਰੱਖ਼ਤ ਤਾਂ ਸੀ ਨਹੀਂ ਕਿ ਜਿੱਥੇ ਜੰਮਿਆ ਉਥੇ ਹੀ ਉਸਦੀ ਮੌਤ ਹੋਈ ਹੈ। ਯੂਨਾਨੀ ਸਭਿਅਤਾ ਬਾਰੇ ਬੜਾ ਕੁੱਝ ਲਿਖਿਆ ਗਿਆ।ਸਾਡੀ ਵਰਗੀ ਸ਼ਕਲ ਦਾ ਦੇਸ਼ ਹੈ ਇਟਲੀ, ਪਰ ਕਿਉਂਕਿ ਸਮੁੰਦਰ ਦਾ ਪਾਣੀ ਬਹੁਤ ਸੀ ਇਸ ਲਈ ਸਮੁੰਤਰੀ ਤੱਟਾਂ ਤੇ ਹੀ ਬੰਦੇ ਦੀ ਸ਼ੁਰੂਆਤ ਕਰਦੇ ਹਨ। ਗਰੀਸ ਦੀ ਵੀ ਇਹ ਹੀ ਕਹਾਣੀ ਹੈ ਕਿ ਆਦਮੀ ਸਮੁੰਦਰ ਦੇ ਕਰਕੇ ਏਥੇ ਪੈਦਾ ਹੋਇਆ। ਅਫ਼ਰੀਕਾ ਤੇ ਅਰਬ ਦੇਸ਼ਾਂ ਵਿਚ ਦਰਿਆਵਾਂ ਦੇ ਕੰਢੇ ਆਦਮੀ ਮਿਲਿਆ ਦੱਸਦੇ ਹਨ। ਚੀਨ ਵਿਚ ਵੀ ਨਦੀ ਦੇ ਕਿਨਾਰੇ ਹੀ ਛੇ ਸੌ ਬੀ•ਸੀ• ਦੇ ਕਰੀਬ ਬੰਦਾ ਮਿਲਦਾ ਹੈ, ਲੇਕਿਨ ਕਿਸੇ ਨੇ ਵੀ ਆਦਮੀ ਦੀ ਕੁੰਡਲੀ ਨਹੀਂ ਬਣਾਈ। ਕੁੰਡਲੀ ਬਣਾਵਾਂਗੇ ਤਾਂ ਇਹ ਦਲੀਲ ਦੇਣੀ ਪਵੇਗੀ। ਹੱਡੀਆਂ ਮਿਲਣ ਕਰਕੇ ਜਨਮ ਦਾ ਤਾਂ ਅੰਦਾਜ਼ਾ ਨਹੀਂ ਨਾ ਲੱਗ ਸਕਦਾ।
ਆਓ ਆਪਾਂ ਭੁਮੱਧ ਰੇਖਾ ਦੇ ਆਧਾਰ ਤੇ ਕਰਕ ਰੇਖਾ ਦੇ ਆਧਾਰ ਤੇ, ਗ੍ਰਹਿਆਂ ਦੇ ਆਧਾਰ ਤੇ, ਧਰਤੀ ਦੀ ਬਣਤਰ ਦੇ ਆਧਾਰ ਤੇ, ਵਾਯੂਮੰਡਲ ਦੇ ਆਧਾਰ ਤੇ, ਤਾਪਮਾਨ ਦੇ ਆਧਾਰ ਤੇ ਅਤੇ ਸਮੁੱਚੇ ਧਰਾਤਲ ਦੇ ਆਧਾਰ ਤੇ ਸਾਰੇ ਰਲ਼ ਮਿਲ਼ ਕੇ ਆਦਮੀ ਦੇ ਮੁੱਢ ਕਦੀਮ ਦੀ ਗੱਲ ਚਲਾਈਏ। ਜੇ ਕਿਤੋਂ ਕਮੀ ਰਹਿ ਗਈ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਮਿਹਨਤ ਕਰਕੇ ਸਹੀ ਜਨਮ ਕੁੰਡਲੀ ਬਣਾ ਲੈਣਗੀਆਂ। ਕਰੋੜਾਂ ਸਾਲ ਸ਼ਾਇਦ ਅਰਬਾਂ ਸਾਲ ਪਹਿਲਾਂ ਧਰਤੀ ਸੀ, ਪਾਣੀ ਸੀ, ਹਵਾ ਸੀ, ਗਰਮੀ ਸੀ ਤਾਂ ਫਿਰ ਆਦਮੀ ਦੇ ਵਜੂਦ ਦਾ ਬਾਕੀ ਕੀ ਹੈ ਜੋ ਨਹੀਂ ਸੀ। ਆਕਾਰ ਬਣ ਜਾਵੇ ਤਾਂ ਪੰਜੇ ਤੱਤ ਇਕੱਠੇ ਹੋ ਕੇ ਬੰਦਾ ਬਣ ਜਾਵੇ। ਮੇਰੇ ਕਹਿਣ ਤੋਂ ਭਾਵ ਜੇ ਪੰਜੇ ਤਤ ਅਰਬਾਂ ਸਾਲ ਪਹਿਲਾਂ ਹੀ ਮੌਜੂਦ ਸਨ ਤਾ ਕਿਸੇ ਨਾ ਕਿਸੇ ਆਕਰ ਵਿਚ ਕਿਸੇ ਨਾ ਕਿਸੇ ਸ਼ਕਲ ਵਿਚ ਬੰਦਾ ਵੀ ਅਰਬਾਂ ਸਾਲ ਪਹਿਲਾਂ ਜਨਮਿਆ। ਪੰਜਾਂ ਤੱਤਾਂ ਦੀ ਜ਼ਰੂਰਤ ਹੈ ਬੰਦੇ ਦੇ ਵਜੂਦ ਵਾਸਤੇ ਤੇ ਜੇ ਪੰਜੇ ਹੀ ਅਰਬਾਂ ਸਾਲ ਪਹਿਲਾਂ ਮੌਜੂਦ ਸਨ ਤਾਂ ਮੈਨੂੰ ਕਹਿ ਲੈਣ ਦਿਓ ਕਿ ਆਦਮੀ ਅਰਬਾਂ ਸਾਲ ਪਹਿਲਾਂ ਪੈਦਾ ਹੋਇਆ। ਸਗੋਂ ਗ੍ਰਹਿਆਂ ਦੇ ਹਿਸਾਬ ਨਾਲ ਇਸ ਤੋਂ ਵੀ ਪਹਿਲਾਂ ਦੀ ਕੋਈ ਗੱਲ ਸੁਣਾਓਗੇ ਤਾਂ ਮੈਨੂੰ ਚੰਗਾ ਲਗੇਗਾ।
ਅਰਬਾਂ ਸਾਲ ਪਹਿਲਾਂ ਸਮੁੰਦਰ ਦਾ ਪਾਣੀ ਗਰਮੀ ਨਾਲ ਭਾਫ਼ ਬਣ ਉੱਡਦਾ, ਨਮੀਂ ਵਾਲੀ ਹਵਾ ਕਿਉਂਕਿ ਭਾਰੀ ਹੁੰਦੀ ਹੈ, ਬੱਦਲਾਂ ਦੇ ਰੂਪ ਵਿਚ ਇਹ ਹਵਾਵਾਂ ਉਨ੍ਹਾਂ ਇਲਾਕਿਆਂ ਵਲ ਉੱਡ ਤੁਰਦੀਆਂ ਜਿੱਧਰ ਹਵਾ ਹਲਕੀ ਹੋਵੇ। ਹਵਾ ਦੇ ਵਾਤਾਵਰਣ ਕਰਕੇ ਟਕਰਾਅ ਨਾਲ ਮੀਂਹ ਪੈਂਦੇ। ਮੀਹਾਂ ਦੇ ਪਾਣੀ ਨਦੀਆਂ ਨਾਲ਼ਿਆਂ ਵਿਚ ਦੀ ਹੁੰਦੇ ਹੋਏ ਫਿਰ ਹੌਲੀ ਹੌਲੀ ਸਮੁੰਦਰ ਵਿਚ ਆਣ ਰਲ਼ਦੇ। ਕੁਝ ਬਦਲ ਜੋ ਉਚੇ ਪਰਬਤਾਂ ਤੇ ਚਲੇ ਜਾਂਦੇ ਜੋ ਪਰਬਤ ਭੁਮੱਧ ਰੇਖਾ ਤੋਂ ਬਹੁਤ ਦੂਰ ਹੁੰਦੇ। ਨਾਰਥ ਪੋਲ ਵੱਲ ਦੇ ਸਾਰੇ ਉੱਚੇ ਪਹਾੜਾਂ ਤੇ ਐਨੀ ਠੰਢ ਹੁੰਦੀ ਕਿ ਸਮੁੰਦਰੀ ਹਵਾਵਾਂ ਓਥੇ ਪਹੁੰਚਦੀਆਂ ਹੀ ਜੰਮ ਜਾਂਦੀਆਂ। ਫਿਰ ਕਦੇ ਗਰਮ ਹਵਾ ਦੇ ਵਗਣ ਨਾਲ ਬਰਫਾਂ ਥੋੜ੍ਹਾ ਬਹੁਤ ਖੁਰ ਵੀ ਜਾਂਦੀਆਂ ਤੇ ਉਹ ਪਾਣੀ ਵੀ ਨਦੀਆਂ ਨਾਲ਼ਿਆਂ ਵਿਚ ਬਰਸਾਤੀ ਪਾਣੀਆਂ ਨਾਲ ਰਲ਼ਦਾ ਰਲ਼ਾਉਂਦਾ ਸਮੁੰਦਰ ਵਿਚ ਚਲਾ ਜਾਂਦਾ। ਹੁਣ ਤਕ ਆਪਾਂ ਇਸ ਸਿੱਟੇ ਤੇ ਪਹੁਚੇ ਹਾਂ ਕਿ ਅਰਬਾਂ ਸਾਲ ਪਹਿਲਾਂ ਬੰਦੇ ਦੇ ਵਜੂਦ ਵਾਸਤੇ ਲੋੜੀਂਦੇ ਸਾਰੇ ਤੱਤ ਮੌਜੂਦ ਸਨ। ਉੱਚੇ ਪਹਾੜ, ਬਰਫ਼, ਬਾਰਸ਼ ਤੇ ਨਦੀਆਂ ਨਾਲੇ ਮੌਜੂਦ ਸਨ। ਇਹ ਸਭ ਕੁਝ ਘੋਖ ਕੇ ਤਾਂ ਮੇਰਾ ਦਿਲ ਕਰਦਾ ਹੈ ਕਿ ਮੈਂ ਜ਼ਿੱਦ ਕਰਕੇ ਕਹਾਂ ਕਿ ਬੰਦਾ ਅਰਬਾਂ ਸਾਲ ਪਹਿਲਾਂ ਪੈਦਾ ਹੋਇਆ। ਬੰਦੇ ਦੇ ਸਿਤਾਰਿਆਂ ਵਲੋਂ, ਧਰਤੀ ਅਤੇ ਬਾਕੀ ਸਾਰੇ ਗ੍ਰਹਿ ਜੋ ਸੂਰਜ ਦੇ ਇਰਦ- ਗਿਰਦ ਘੁੰਮਦੇ ਹਨ ਉਨ੍ਹਾਂ ਗ੍ਰਹਿਆਂ ਵਲੋਂ ਲੱਭਣਾ ਸ਼ੁਰੂ ਕਰਾਂਗੇ ਤਾਂ ਅਰਬਾਂ ਸਾਲ ਦੇ ਬੰਦੇ ਦੀ ਜਨਮ ਕੁੰਡਲੀ ਵੀ ਬਣਾ ਲਵਾਂਗੇ।
ਅਜੋਕੇ ਸਮੇਂ ਦੀਆਂ ਸਹੂਲਤਾਂ ਤੋਂ ਬਿਨਾਂ ਨਾ ਤਾਂ ਆਦਮੀ ਭੁਮੱਧ ਰੇਖਾ ਦੇ ਕਰੀਬ ਰਹਿ ਸਕਦਾ ਸੀ ਤੇ ਨਾ ਹੀ ਉੱਤਰ ਵਿਚ ਬਰਫ਼ਾਨੀ ਇਲਾਕਿਆਂ ਵਿਚ ਹੀ ਰਹਿ ਸਕਦਾ ਹੈ। ਜੇ ਉੱਤਰ ਵਿਚ ਬੰਦਾ ਪੈਦਾ ਹੋਇਆ ਵੀ ਹੋਊ ਤਾਂ ਠਰ ਕੇ ਮਰ ਗਿਆ ਹੋਊ, ਕੁਝ ਦਿਨਾਂ ਵਿਚ ਜਾਂ ਸ਼ਾਇਦ ਕੁਝ ਘੰਟਿਆਂ ਵਿਚ ਹੀ। ਕਈ ਇਲਾਕੇ ਇਸ ਧਰਤੀ ਐਸੇ ਹਨ ਜਿਥੇ ਆਕਸੀਜ਼ਨ ਨਾਲ ਲੈ ਕੇ ਹੀ ਜਾਇਆ ਜਾ ਸਕਦਾ ਹੈ। ਕਈ ਐਸੇ ਗਰਮ ਇਲਾਕੇ ਵੀ ਹਨ ਜਿਥੇ ਏਅਰਕਡੀਸ਼ਨ ਤੋਂ ਬਿਨਾਂ ਬੰਦਾ ਜੀਅ ਨਹੀਂ ਸਕਦਾ। ਇਸ ਦਾ ਭਾਵ ਬੰਦਾ ਨਾ ਬਹੁਤੇ ਗਰਮ ਨਾ ਬਹੁਤੇ ਠੰਢੇ ਇਲਾਕੇ ਵਿਚ ਪੈਦਾ ਹੋਇਆ। ਦੂਸਰੀ ਵੱਡੀ ਗੱਲ ਕਿ ਪਾਣੀ ਤੋਂ ਬਿਨ੍ਹਾਂ ਅਸੀਂ ਕਿੰਨਾ ਚਿਰ ਜੀਅ ਸਕਦੇ ਹਾਂ ? ਤਾਂ ਫਿਰ ਜ਼ਾਹਰ ਹੈ ਕਿ ਪਾਣੀਆਂ ਦੇ ਕੰਢਿਆਂ ਤੇ ਬੰਦਾ ਪੈਦਾ ਹੋਇਆ। ਸਮੁੰਦਰ ਦਾ ਪਾਣੀ ਤਾਂ ਖਾਰਾ ਹੁਦਾ ਹੈ । ਅੱਜ ਵੀ ਨਹੀਂ ਪੀਤਾ ਜਾ ਸਕਦਾ। ਲੇਕਿਨ ਬਰਸਾਤੀ ਪਾਣੀ ਅਤੇ ਬਰਫ਼ਾਨੀ ਪਾਣੀ ਤਾਂ ਮਿੱਠਾ ਹੁੰਦਾ ਹੈ। ਕਿਸੇ ਪਸ਼ੂ ਨੂੰ ਵੀ ਦੋ ਬਰਤਨਾਂ ਵਿਚ ਪਾਣੀ ਦਿਓ; ਇਕ ਵਿਚ ਸਮੁੰਦਰ ਦਾ ਅਤੇ ਦੂਜੇ ਵਿਚ ਨਦੀ ਦਾ, ਜਾਨਵਰ ਵੀ ਨਦੀ ਦਾ ਪਾਣੀ ਪੀ ਕੇ ਖ਼ੁਸ਼ ਰਹੇਗਾ। ਤੇ ਫਿਰ ਜੇ ਮੈਂ ਇਸ ਗੱਲ ਦੀ ਵੀ ਜ਼ਿੱਦ ਕਰਾਂ ਕਿ ਬੰਦਾ ਸਮੁੰਦਰੀ ਤੱਟ ਤੇ ਨਹੀਂ ਸਗੋਂ ਨਦੀਆਂ ਦੇ ਕਿਨਾਰਿਆਂ ਤੇ ਪੈਦਾ ਹੋਇਆ ਤਾਂ ਮੇਰੀ ਇਸ ਜ਼ਿੱਦ ਦਾ ਜਵਾਬ ਵੀ ਕਿਸੇ ਤੋਂ ਸੌਖਾ ਨਹੀਂ ਦਿਤਾ ਜਾਣਾ।
ਅਰਬਾਂ ਸਾਲ ਪਹਿਲਾਂ ਧਰਤੀ ਤੇ ਨਦੀਆਂ ਦੇ ਕਿਨਾਰਿਆਂ ਤੇ ਬੰਦਾ, ਜਾਨਵਰ, ਪਸ਼ੂ-ਪੰਛੀ ਪੈਦਾ ਹੋਏ। ਜੇ ਮੇਰੇ ਨਾਲ ਏਥੇ ਤੱਕ ਸਹਿਮਤ ਹੋ ਤਾਂ ਮੈਂ ਅਗਲੀ ਗੱਲ ਕਰਾਂ ਕਿ ਕਿਹੜੀਆਂ ਨਦੀਆਂ ਤੇ ਬੰਦਾ ਪੈਦਾ ਹੋਇਆ ਹੋਊ। ਯੂਨਾਨੀ ਲੋਕਾਂ ਨਾਲ ਤਾਂ ਮੈਂ ਸਹਿਮਤ ਨਹੀਂ ਕਿਉਂਕਿ ਸਮੁੰਦਰ ਦਾ ਪਾਣੀ ਕੇ ਸਾਡੇ ਨਗੜਦਾਦੇ ਜੀਂਦੇ ਰਹੇ, ਮੈਂ ਨਹੀਂ ਮੰਨਦਾ। ਅਫ਼ਰੀਕਾ ਵਿਚ ਭੁਮੱਧ ਰੇਖਾ ਦੇ ਕਰੀਬ ਕਰਕੇ ਗਰਮੀ ਏਨੀ ਹੈ ਕਿ ਕਿਸੇ ਹਾਲਤ ਵਿਚ ਵੀ ਬੰਦਾ ਅਫ਼ਰੀਕਾ ਵਿਚ ਪੈਦਾ ਨਹੀਂ ਹੋਇਆ। ਅਰਬ ਦੇਸ਼ਾਂ ਵਿਚ ਵੀ ਜੀਵਨ ਸ਼ੂਰੂ ਹੋਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਏਨੀ ਗਰਮੀ ਕੋਈ ਨਹੀ ਸਹਾਰ ਸਕਦਾ; ਹਾਂ ਇਰਾਨ ਵਿਚ ਪੰਜਾਂ ਦਰਿਆਵਾਂ ਦੇ ਵਿਚਾਲੇ ਦਾ ਇਲਾਕਾ ਜਿਸ ਨੂ ਕਦੇ ਪੰਜਾਬ ਵੀ ਕਿਹਾ ਜਾਂਦਾ ਸੀ, ਉਸ ਇਲਾਕੇ ਵਿਚ ਦੂਜੇ ਜਾਂ ਤੀਜੇ ਪੜਾਅ ਤੇ ਹੋ ਸਕਦਾ ਹੈ ਵਸ ਵੀ ਗਿਆ ਹੋਵੇ। ਚੀਨ ਦੀ ਵੀ ਗਲ ਮੰਨਣ ਵਾਲੀ ਨਹੀਂ ਕਿਉਂਕਿ ਸਰਦੀਆਂ ਸਹਿ ਸਕਣੀਆਂ ਵੀ ਮੁੱਢਲੇ ਬੰਦੇ ਲਈ ਔਖੀ ਗੱਲ ਸੀ। ਯੂਰਪ ਵਿਚ ਜੇ ਕੋਈ ਪਿੰਜਰ ਬਹੁਤ ਪੁਰਾਣਾ ਮਿਲ਼ ਵੀ ਗਿਆ ਹੋਊ ਤਾਂ ਉਸਦਾ ਮਤਲਬ ਇਹ ਨਹੀਂ ਹੋ ਸਕਦਾ ਕਿ ਬੰਦਾ ਪੈਦਾ ਹੀ ਓਥੇ ਹੋਇਆ। ਕੋਈ ਭੁੱਲਿਆ ਭਟਕਿਆ ਕਬੀਲਾ ਜਾ ਵੀ ਸਕਦਾ ਹੈ ਗ਼ਲਤ ਪਾਸੇ ਤੇ ਫਿਰ ਠੰਢ ਨੇ ਓਥੇ ਹੀ ਸਿੱਟ ਲਿਆ ਹੋਵੇ।
ਦੁਨੀਆਂ ਦੇ ਤਖ਼ਤ ‘ਤੇ ਹੜੱਪਾ ਤੇ ਮਹਿੰਜੋਦੜੋ ਵਰਗਾ ਕੋਈ ਐਸਾ ਇਲਾਕਾ ਨਹੀਂ ਹੈ ਜਿਸ ਨੂੰ ਬੰਦੇ ਦੇ ਪੈਦਾ ਹੋ ਸਕਣ ਦਾ ਅਸਥਾਨ ਕਿਹਾ ਜਾ ਸਕਦਾ ਹੈ। ਹੜੱਪਾ ਸਮੁੰਦਰ ਤੋਂ ਕੋਈ ਚਾਰ ਕੁ ਸੌ ਮੀਲ ਦੂਰ ਤੇ ਪਹਾੜ ਤੋਂ ਵੀ ਚਾਰ ਕੁ ਸੌ ਮੀਲ ਦੂਰ ਮੌਨਸੂਨ ਹਵਾਵਾਂ ਦਾ ਰਸਤਾ, ਬਰਸਾਤੀ ਪਾਣੀ ਤੇ ਪਹਾੜਾਂ ਤੋਂ ਢਲ਼ ਕੇ ਆਇਆ ਬਰਫ਼ ਦਾ ਮਿੱਠਾ ਪਾਣੀ, ਇੰਦਸ ਤੇ ਜਿਹਲਮ ਨਦੀਆਂ ਦੀ ਗੋਦ ਵਿਚ ਵਸਿਆ ਸਵਰਗ ਭੁਮੱਧ ਰੇਖਾ ਦੀ ਗਰਮੀ ਤੋਂ ਦੂਰ ਬਰਫ਼ਾਨੀ ਉੱਤਰੀ ਇਲਾਕੇ ਤੋਂ ਦੂਰ। ਬਨਸਪਤੀ ਵਾਸਤੇ ਐਨੀ ਅਨੁਕੂਲ ਜ਼ਰਖ਼ੇਜ਼ ਜ਼ਮੀਨ। ਸਭ ਕੁਝ ਗਿਣੀ ਜਾਣ ਤੋਂ ਚੰਗਾ ਹੈ ਕਿ ਮੈਂ ਸਵਾਲ ਕਰਾਂ ਕਿ ਇਸ ਤੋਂ ਵੱਧ ਅਨੁਕੂਲ ਇਲਾਕਾ ਜਿਥੇ ਬੰਦਾ ਉਪਜਿਆ, ਵਿਗਸਿਆ ਹੋ ਸਕਦਾ ਕਿਹੜਾ ਇਲਾਕਾ ਹੋ ਸਕਦਾ ਹੈ ? ਇਸੇ ਧਰਤੀ ਤੇ ਤਾਂ ਇਸ ਤੋਂ ਵਧੀਆ ਅਸਥਾਨ ਮੈਨੂੰ ਨਹੀਂ ਦਿਸਿਆ ਜਿਥੇ ਬੰਦਾ ਪੈਦਾ ਹੋ ਸਕਦਾ ਸੀ। ਅਰਬ ਦੇਸ਼, ਇਟਲੀ, ਯੌਰਪ, ਚੀਨ, ਰੂਸ, ਅਮਰੀਕਾ, ਕੈਨੇਡਾ, ਮੈਂ ਸਾਰਾ ਗਾਹ ਵੇਖਿਆ; ਹੜੱਪਾ ਵਰਗਾ ਕੋਈ ਇਲਾਕਾ ਨਹੀਂ ਹੈ ਜਿਸ ਵਿਚ ਬੰਦਾ ਪੈਦਾ ਹੋਇਆ ਹੋ ਸਕਦਾ ਹੈ। ਸੁਰਤੀ ਸਿਰਤੀ ਲਾ ਕੇ ਇਸ ਪਾਸੇ ਸੋਚੋਗੇ ਤਾਂ ਮੇਰੇ ਜ਼ਿੱਦ ਕਰਨ ਦੇ ਕੁਝ ਅਰਥ ਜ਼ਰੂਰ ਲੱਭਣਗੇ। ਜ਼ਿੱਦ ਲਫ਼ਜ਼ ਚੰਗਾ ਲੱਗਣ ਲੱਗ ਗਿਆ ਹੈ ਮੈਨੂੰ ।
ਦੁਨੀਆਂ ਦੇ ਸਾਰੇ ਖੋਜੀ ਹਰ ਕਿਤਾਬ ਵਿਚ ਹੜੱਪਾ ਨੂ ਸਭ ਤੋਂ ਪੁਰਾਣਾ ਸ਼ਹਿਰ ਮਨਦੇ ਹਨ। 3000 ਬੀ•ਸੀ• ਵਿਚ ਪੱਕੀਆਂ ਇੱਟਾਂ ਦੇ ਬਣੇ ਹੜੱਪਾ ਤੇ ਮਹਿੰਜੋਦੜੋ ਨੂੰ ਜਦ ਆਰੀਆ ਢਾਹ ਢੇਰੀ ਕਰਦੇ ਹਨ ਤਾਂ ਉਸ ਵਕਤ ਦੀ ਗੱਲ ਲਿਖਦਿਆਂ, ਬਹੁਤ ਸਾਰੇ ਹਿਸਟੋਰੀਅਨ ਲਿਖਦੇ ਹਨ ਕਿ ਨਾਟਕ ਕਲਾ ਸਿਖਰ ‘ਤੇ ਸੀ। ਇੱਕ ਨਾਟਕ ਖੇਲਣ ਵਾਲਾ ਮੰਚ ਚਾਰ ਬਲਾਕ ਵਿਚ ਲਿਖਦੇ ਹਨ। ਤਕਰੀਬਨ ਸੌ ਘਰ ਦੀ ਜਗ੍ਹਾ ਵਿਚ। ਢਕੀਆਂ ਹੋਈਆਂ ਨਾਲ਼ੀਆਂ ਪਾਣੀ ਨਿਕਲਣ ਲਈ ਹਨ। ਚਾਲੀ ਸੇਰ ਦੇ ਵਟੇ ਮਿਲ਼ੇ। ਹੱਡੀਆਂ ਤੇ ਸੋਨੇ ਚਾਂਦੀ ਦੇ ਗਹਿਣੇ, ਖੇਤੀ ਕਰਨ ਦੇ ਔਜ਼ਾਰ, ‘ਲਿੱਪੀ’ ਸ਼ਬਦ ਦਾ ਜਾਮਾ ਵੀ ਖੋਜੀਆਂ ਨੇ ਲੱਭਾ। ਸਭ ਕੁੱਝ ਹੀ ਲੱਭਾ ਜਿਸਨੂੰ ਗਿਣ ਕੇ ਅਸੀਂ ਕਹਿ ਸਕਦੇ ਹਾਂ ਕਿ ਦੁਨੀਆਂ ਦੀ ਆਰੰਭਤਾ ਹੜੱਪਾ ਤੇ ਮਹਿੰਜੋਦੜੇ ਤੋਂ ਹੀ ਹੋਈ, ਪਰ ਪਤਾ ਨਹੀਂ ਕਿਉਂ ਸਾਰੇ ਇਤਿਹਾਸਕਾਰ ਇਹ ਕਹਿਣ ਤੋਂ ਅਜ ਤਕ ਕਿਉਂ ਸੰਗਦੇ ਰਹੇ ਕਿ ਇਨਸਾਨ ਪੈਦਾ ਵੀ ਹੜੱਪਾ ਤੇ ਮਹਿੰਜੋਦੜੋ ਇਲਾਕੇ ਵਿੱਚ ਅਤੇ ਇਨਸਾਨੀ ਸੱਭਿਅਤਾ ਵੀ ਇਸੇ ਇਲਾਕੇ ਵਿਚ ਹੀ ਸ਼ੁਰੂ ਹੋਈ। ਚਾਰੇ ਪਾਸੇ ਜਿਧਰ ਕਿਤੇ ਵੀ ਬੰਦਾ ਗਿਆ ਏਥੋਂ ਹੀ ਗਿਆ, ਮੇਰਾ ਵਿਸ਼ਵਾਸ ਹੈ। ਮੇਰੀ ਇਸ ਜ਼ਿੱਦ ਨੂੰ ਗ਼ਲਤ ਸਾਬਤ ਕਰਨ ਦੀ ਜੇ ਕਿਸੇ ਦੀ ਦਲੀਲ ਹੋਵੇ ਤਾਂ ਮੈਂ ਆਪਣੀ ਉਮਰ ਦੇ ਸਾਰੇ ਦਿਨ ਜੋ ਬਚੇ ਹਨ ਇਸ ਵਿਸ਼ੇ ਤੇ ਬਹਿਸ ਕਰਨ ਨੂੰ ਤਿਆਰ ਹਾਂ।

No comments: