ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਡਾ: ਬਲਦੇਵ ਸਿੰਘ ਖਹਿਰਾ - ਮਿੰਨੀ ਕਹਾਣੀ

ਸੁਫ਼ਨਿਆਂ ਦੀਆਂ ਲੋਥਾਂ
(ਪੋਸਟ: ਨਵੰਬਰ 9 , 2008)
ਵੀਰੋ ਕੈਨੇਡਾ ਵਿਆਹੀ ਜਾਣ ਮਗਰੋਂ ਪੰਜਾਂ ਸਾਲਾਂ ਬਾਅਦ ਆਪਣੇ ਛੋਟੇ ਭਰਾ ਦੇ ਵਿਆਹ'ਤੇ ਆਈ ਸੀ।ਉਹਦੇ ਕੱਪੜੇ ਗਹਿਣੇ, ਸਾਬਣ, ਸ਼ੈਂਪੂ, ਸੈਂਟ ਤੇ ਹੋਰ ਚੀਜ਼ਾਂ-ਵਸਤਾਂ ਦੇਖ ਕੇ ਸਹੇਲੀਆਂ ਮਨ ਹੀ ਮਨ ਉਹਦੇ ਨਾਲ ਈਰਖਾ ਕਰ ਰਹੀਆਂ ਸਨ।ਬਚਪਨ ਦੀ ਸਹੇਲੀ ਜੋਤੀ ਨੇ ਉਹਦੇ ਬਲੌਰੀ ਝੁਮਕੇ ਨੂੰ ਨੀਝ ਨਾਲ ਤੱਕਦਿਆਂ ਪੁਛਿਆ,
"ਵੀਰੋ! ਤੂੰ ਖ਼ੁਸ਼ ਤਾਂ ਹੈਂ ਨਾ ?"
ਕੁੜੀ ਚਹਿਕਦੀ-ਚਹਿਕਦੀ ਚੁੱਪ ਜਿਹੀ ਹੋ ਗਈ।ਚਿਹਰੇ ਦੇ ਬਦਲਦੇ ਹਾਵ ਭਾਵ ਦੇਖ ਕੇ ਜੋਤੀ ਬੋਲੀ,
"ਤੂੰ ਜਾਣ ਲੱਗੀ ਨੇ ਕਿਹਾ ਸੀ ਬਈ ਏਥੇ ਤਾਂ ਜਨਾਨੀਆਂ ਸਾਰਾ ਦਿਨ ਧੰਦ ਪਿਟਦੀਆਂ, ਕੋਈ ਕਦਰ ਨੀ…ੳਥੇ ਕੰਮ ਦੇ ਡਾਲਰ ਮਿਲਣਗੇ,ਮੇਰੀ ਕੋਈ ਪੁੱਛ ਪਰਤੀਤ ਹੋਊ"
"ਆਹੋ! ਸੋਚਿਆ ਤਾਂ ਏਦਾਂ ਈ ਸੀ " ਇੱਕ ਨਿੱਕਾ ਜਿਹਾ ਹਉਕਾ ਬੋਲਿਆ
"ਨਾ ਫੇਰ ਮਿਲਿਆ ਇੱਜ਼ਤ ਪਿਆਰ?"
"ਕਿੱਥੇ ਭੈਣੇਂ?.....ੳਥੇ ਡਾਲਰ ਤਾਂ ਮਿਲਦੇ ਐ……ਪਰ ਪੇ ਪੈਕਟ ਆਉਂਦਿਆਂ ਈ
ਖੋਹ ਲੈਂਦੇ ਐ ਅਗਲੇ"
"ਅੱਛਾ…?
"ਤੇ ਹੋਰ….?ਸਾਰਾ ਦਿਨ ਜਾਬ ਤੇ ਹੱਡ ਤੁੜਾਓ! ਆ ਕੇ ਘਰ ਦਾ ਕੰਮਕਾਰ ਕਰੋ,
ਨੈਟ ਨੂੰ ਸ਼ਰਾਬੀ ਪਤੀ ਦੀਆਂ ਗਾਲਾਂ ਤੇ ਕੁੱਟ…." ਵੀਰੋ ਫਿੱਸ ਪਈ।
"ਨਾ ਤੇ ਤੁਸੀਂ ਅੱਗੋਂ ਕੋਈ ਉਜਰ ਨੀ ਕਰਦੀਆਂ?"
"ਲੈ!ਮਾੜਾ ਜਿਹਾ ਕੁਸ਼ ਕਹੋ ਸਹੀ,ਅਗਲਾ ਕਹਿੰਦੈ ਘਰੋਂ ਕੱਢ ਦਊਂ, ਮੈਨੂੰ ਇੰਡੀਆ ਤੋਂ
ਹੋਰ ਬਥੇਰੀਆਂ……"
ਝੀਲ ਵਰਗੀਆਂ ਅੱਖਾਂ ਵਿੱਚ ਸੁਫ਼ਨਿਆਂ ਦੀਆਂ ਲੋਥਾਂ ਤਰ ਰਹੀਆਂ ਸਨ।

No comments: