ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਬਲਜੀਤ ਸਿੰਘ ਬਰਾੜ - ਲੇਖ

ਚਲੋ! ਦੀਵਾਲੀ ਨੂੰ ਬਦਲੀਏ
( ਪੋਸਟ: ਨਵੰਬਰ 2, 2008)
ਦੀਵਾਲੀ ਤਾਂ ਹੁਣ ਸਿਰਫ਼ ਰਾਵਣ ਬਿਰਤੀ ਵਾਲੇ ਲੋਕਾਂ ਲਈ ਹੀ ਬਾਕੀ ਬਚੀ ਹੈ। ਅਪਾਹਜ਼ ਲੋਕਤੰਤਰ ’ਚ ਇਮਾਨਦਾਰੀ ਨਾਲ ਰੋਜ਼ੀ-ਰੋਟੀ ਕਮਾਉਣ ਵਾਲਾ ਨਾਗਰਿਕ ਖੁਸ਼ੀ ਦੇ ਦੀਵੇ ਬਾਲਣ ਦੀ ਸਮਰੱਥਾ ਹੀ ਗੁਆ ਬੈਠਾ ਹੈ। ਜਿਨ੍ਹਾਂ ਦੀ ਜ਼ਿੰਦਗੀ ਵਿੱਚ ਹਨ੍ਹੇਰਾ ਪਸਰਿਆ ਹੋਵੇ ਉਨ੍ਹਾਂ ਲਈ ਮਿੱਟੀ ਦੇ ਦੀਵੇ ਦੀ ਲੋਅ ਦਾ ਕੋਈ ਅਰਥ ਨਹੀਂ ਹੁੰਦਾ। ਆਮ ਆਦਮੀ ਦੀ ਜ਼ਿੰਦਗੀ ’ਚ ਰੌਸ਼ਨੀ ਕਿਵੇਂ ਆਵੇ ਜਦੋਂ ‘ਰਾਮ-ਰਾਜ’ ਦਾ ਸੰਕਲਪ ਹੀ ਚੌਪਟ ਹੋ ਗਿਆ ਹੈ।
ਦੀਵਾਲੀ ਦੀ ਮਾਸੂਮੀਅਤ ਨੂੰ ਬਾਜ਼ਾਰ ਨੇ ਲੀਲ੍ਹ ਲਿਆ ਹੈ। ਭ੍ਰਿਸ਼ਟ ਰਾਜ ਨੇਤਾਵਾਂ, ਅਫ਼ਸਰਾਂ ਅਤੇ ਵਪਾਰੀਆਂ ਨੇ ਰਲ-ਮਿਲ ਕੇ ਦੀਵਾਲੀ ਨੂੰ ਲੁੱਟ ਦਾ ਉਤਸਵ ਬਣਾ ਦਿੱਤਾ ਹੈ। ਇਸ ਪਵਿੱਤਰ ਮੌਕੇ ਨੂੰ ਚੀਜ਼ਾਂ ਵੇਚਣ ਦਾ ਸਾਧਨ ਮਾਤਰ ਬਣਾ ਕੇ ਰੱਖ ਦਿੱਤਾ ਗਿਆ ਹੈ। ਦੀਵਾਲੀ ਦਾ ਬਾਜ਼ਾਰ ਲੋਕਾਂ ਦੀ ਜੇਬ ਵਿੱਚੋਂ ਪੈਸੇ ਕਢਾਉਣ ਲਈ ਹੀ ਸਜਦਾ ਹੈ। ਇਸ ਮੌਕੇ ’ਤੇ ਹਰ ਦੂਸਰੇ ਦਰਜ਼ੇ ਦੀ ਚੀਜ਼ ਦੁੱਗਣੇ ਮੁੱਲ ’ਤੇ ਵਿਕਦੀ ਹੈ। ਮਿਲਾਵਟ ਅਤੇ ਜਮ੍ਹਾਖੋਰੀ ਦਾ ਜ਼ਸ਼ਨ ਮਨਾਇਆ ਜਾਂਦਾ ਹੈ।
ਬਾਜ਼ਾਰ ਦਾ ਇੱਕ ਹਿੱਸਾ ਬਣ ਜਾਣ ਕਾਰਨ ਦੀਵਾਲੀ ਦਾ ਪੁਰਾਤਨ ਸੰਕਲਪ ਕਿਧਰੇ ਗੁਆਚ ਗਿਆ ਹੈ । ਹੁਣ ਕਿਸੇ ਨੂੰ ਇਹ ਯਾਦ ਨਹੀਂ ਹੈ ਕਿ ਦੀਵਾਲੀ ਅਸਲ ਵਿੱਚ ‘ਰਾਮ-ਰਾਜ’ ਦੀ ਪੁਨਰ ਸਥਾਪਨਾ ਦੀ ਜਨਤਕ ਖੁਸ਼ੀ ਦਾ ਪ੍ਰਗਟਾਵਾ ਸੀ। ਦੀਵਾਲੀ ਦੇ ਇਸ ਅਰਥ ਨੂੰ ਪਟਾਖਿਆਂ ਦੇ ਖੜਾਕ, ਰੌਲੇ ਰੱਪੇ ਅਤੇ ਪਲੀਤ ਧੂਏਂ ’ਚ ਰੋਲ਼ ਦਿੱਤਾ ਗਿਆ ਹੈ। ਹੁਣ ਦੀਵਾਲੀ ਹੈ ਸਿਰਫ਼ ਮਾਲ ਵੇਚਣ ਦੀ, ਰਿਸ਼ਵਤ ਨੂੰ ਤੋਹਫ਼ਿਆਂ ਵਿੱਚ ਬਦਲਣ ਦੀ, ਹਨ੍ਹੇਰ ਨਗਰੀ ਨੂੰ ਦੀਵਿਆਂ ਦੇ ਝੂਠੇ ਚਾਨਣ ਨਾਲ ਰੌਸ਼ਨ ਕਰਨ ਦੀ।
ਪਤਾ ਨਹੀਂ ਕਿਉਂ, ਹਰ ਦੀਵਾਲੀ ਨੂੰ ਅਸੀਂ ਤਮਾਸ਼ਬੀਨ ਕਿਉਂ ਬਣ ਜਾਂਦੇ ਹਾਂ? ਜ਼ਿੰਦਗੀ ਦੀ ਰਮਾਇਣ ਦੇ ਸਿੱਧੇ-ਸਾਦੇ ਅਰਥ ਵੀ ਸਮਝਣ ਤੋਂ ਅਸਮਰੱਥ ਹਾਂ। ਝੂਠੀ ਖੁਸ਼ੀ ਮਨਾਉਣ ਲਈ ਘਰ ਦੀ ਚੌਖਟ ’ਤੇ ਦੀਵੇ ਬਾਲਦੇ ਹਾਂ, ਅੰਦਰ ਹਨ੍ਹੇਰੇ ਪਾਲਦੇ ਹਾਂ। ਉਹ ਦੀਵਾਲੀ ਕਦੋਂ ਆਵੇਗੀ, ਜਦੋਂ ਹਰ ਦਹਿਲੀਜ਼ ’ਤੇ ਚਾਨਣ ਹੋਵੇਗਾ? ਉਹ ਦੀਵਾਲੀ ਕਦੋਂ ਆਵੇਗੀ, ਜਦੋਂ ਇਸ ਧਰਤੀ ਦਾ ਹਰ ਬਸ਼ਿੰਦਾ ਖ਼ੁਦ ਚਿਰਾਗ ਬਣ ਜਾਵੇਗਾ?ਬਹੁਤ ਦੀਵਾਲੀਆਂ ਅਜਾਈਂ ਚਲੀਆਂ ਗਈਆਂ, ਚਲੋ ਹੁਣ ਇਸ ਦੀਵਾਲੀ ਨੂੰ ਕੁਝ ਨਵਾਂ ਕਰਨ ਦਾ ਸਬੱਬ ਬਣਾਈਏ। ਇਸ ਦੀਵਾਲੀ ’ਤੇ ਇਹ ਧਾਰ ਲਈਏ ਕਿ ਜ਼ਿੰਦਗੀ ਦੇ ਹਨ੍ਹੇਰੇ ਨੂੰ ਦੂਰ ਕਰਨਾ ਹੈ। ਇਸ ਅਪਾਹਜ ਲੋਕਤੰਤਰ ਨੂੰ ਲੋਕਾਂ ਦੇ ਅਸਲੀ ਰਾਜ ਵਿੱਚ ਤਬਦੀਲ ਕਰਨਾ ਹੈ। ਭ੍ਰਿਸ਼ਟ ਰਾਜ ਨੇਤਾਵਾਂ, ਅਫ਼ਸਰਾਂ ਅਤੇ ਵਪਾਰੀਆਂ ਤੋਂ ਇਸ ਮੁਲਕ ਨੂੰ ਆਜ਼ਾਦ ਕਰਾਉਣ ਦਾ ਸੰਕਲਪ ਲੈਣਾ ਹੈ। ਦੀਵਾਲੀ ਨੂੰ ਪਲੀਤ ਹੋਣ ਤੋਂ ਬਚਾਉਣਾ ਹੈ। ਬਾਰੂਦ ਦੀ ਗੰਧ ਤੋਂ ਤੋਬਾ ਕਰਨੀ ਹੈ। ਦੀਵੇ ਦੀ ਲੋਅ ਨੂੰ ਪ੍ਰਤੀਕ ਮੰਨ ਕੇ ਇਸ ਧਰਤੀ ਨੂੰ ਰੌਸ਼ਨ ਕਰਨਾ ਹੈ। ਇਸ ਦੀਵਾਲੀ ਨੂੰ ਬਦਲ ਦੇਣਾ ਹੈ। ਇਸ ਲਈ ਆਪਾਂ ਖ਼ੁਦ ਚਿਰਾਗ ਬਣ ਜਾਣਾ ਹੈ।

No comments: