ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Tuesday, January 27, 2009

ਰਿਸ਼ੀ ਗੁਲਾਟੀ - ਕਹਾਣੀ

ਕੁੱਖ ਦਾ ਕਤਲ
(ਪੋਸਟ: ਨਵੰਬਰ 2, 2008)
ਬਚਨੇ ਦੀਆਂ ਅੱਖਾਂ ਦੇ ਹੰਝੂ ਉਹਦੀ ਕਰੜ-ਬਰੜ ਦਾਹੜ੍ਹੀ ਵਿੱਚ ਦੀ ਹੋ ਕੇ ਚੋ ਰਹੇ ਸਨ । ਉਹਦੀਆਂ ਅੱਖਾਂ ਰੋ-ਰੋ ਕੇ ਲਾਲ ਹੋਈਆਂ ਪਈਆਂ ਸਨ । ਉਹ ਬੜਾ ਕੁਝ ਕਹਿਣਾ ਚਾਹੁੰਦਾ ਸੀ ਪਰ ਗਲੇ ਵਿੱਚੋਂ ਆਵਾਜ਼ ਹੀ ਨਹੀਂ ਨਿੱਕਲ ਰਹੀ ਸੀ । ਉਹ ਤਾਂ ਬੱਸ ਭੁੱਬਾਂ ਹੀ ਮਾਰੀ ਜਾ ਰਿਹਾ ਸੀ ਜਾਂ ਕਦੀ-ਕਦੀ ਆਪਣੇ ਮੂੰਹ ਤੇ ਚਪੇੜਾਂ ਮਾਰ ਲੈਂਦਾ ਸੀ । ਸੱਥਰ ਤੇ ਬੈਠੇ ਸਾਕ ਸੰਬੰਧੀ ਉਸਨੂੰ ਬਥੇਰਾ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਹ ਸੀ ਕਿ ਬੱਸ ਵਿਲਕੀ ਹੀ ਜਾਂਦਾ ਸੀ । ਕੋਲੇ ਬੈਠੇ ਉਹਦੇ ਪੁੱਤਰ ਹਰਜਿੰਦਰ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਜਗ੍ਹਾ ਅੱਗ ਵਰ੍ਹ ਰਹੀ ਸੀ । ਉਹ ਬੈਠਾ ਕਦੇ ਆਪਣੇ ਨਹੁੰ ਕੁਤਰਣ ਲੱਗ ਪੈਂਦਾ ਤੇ ਕਦੇ ਸੱਥਰ ਵਾਲੀ ਦਰੀ ਦੇ ਧਾਗੇ ਖਿੱਚਣ ਲੱਗ ਪੈਂਦਾ । ਚਿਹਰੇ ਵੱਲ ਤੱਕ ਕੇ ਪਤਾ ਲੱਗਦਾ ਸੀ ਕਿ ਉਹ ਆਪਣੇ ਆਪ ਨਾਲ ਗੱਲਾਂ ਕਰਦਾ ਦੰਦ ਕਿਰਚੀ ਜਾਂਦਾ ਸੀ । ਉਸਦੇ ਦਿਲ ਵਿੱਚ ਜ਼ਬਰਦਸਤ ਤੁਫਾਨ ਉਮੜਿਆ ਹੋਇਆ ਸੀ, ਜਿਸਨੂੰ ਇਸ ਮੁਸ਼ਕਿਲ ਦੀ ਘੜੀ ਵਿੱਚ ਉਸਨੇ ਬੜੀ ਮੁਸ਼ਕਿਲ ਨਾਲ ਕਾਬੂ ਕੀਤਾ ਹੋਇਆ ਸੀ ।
ਇੱਕ ਭਿਆਨਕ ਜਿਹਾ ਵਾਤਾਵਰਣ ਚਾਰ ਚੁਫੇਰੇ ਪਸਰਿਆ ਹੋਇਆ ਸੀ । ਸਾਰਾ ਪਿੰਡ ਸੱਥਰ ਤੇ ਬੈਠਾ ਸੀ ਪਰ ਮੌਤ ਵਰਗੀ ਖਾਮੋਸ਼ੀ ਛਾਈ ਹੋਈ ਸੀ । ਪਿੰਡ ਵਾਲੇ ਤੇ ਰਿਸ਼ਤੇਦਾਰ ਨਮੋਸ਼ੀ ਤੇ ਦੁੱਖ ਵਿੱਚ ਸਿਰ ਝੁਕਾਈ ਬੈਠੇ ਸਨ । ਜੇ ਕਿਸੇ ਦੀ ਨਜ਼ਰ ਇੱਕ ਦੂਜੇ ਨਾਲ ਟਕਰਾ ਵੀ ਜਾਂਦੀ ਤਾਂ ਉਹ ਨਜ਼ਰ ਚੁਰਾ ਲੈਂਦਾ । ਜਾਪਦਾ ਸੀ ਕਿ ਕੋਈ ਹੋਵੇ ਹੀ ਨਾ । ਬਚਨੇ ਦੇ ਵਿਲਕਣ ਦੀ ਆਵਾਜ਼ ਜਾਂ ਕਦੇ ਕਿਸੇ ਜਨਾਨੀ ਦਾ ਕੀਰਨਾ ਹੀ ਸੁਣਦਾ ਸੀ । ਅੰਦਰਲੀ ਸਬਾਤ ਵਿੱਚ ਜਿੱਥੇ ਜਨਾਨੀਆਂ ਬੈਠੀਆਂ ਸਨ, ਬਚਨੇ ਦੀ ਘਰ ਵਾਲੀ ਸੰਤੀ ਦੀ ਲਾਸ਼ ਪਈ ਸੀ । ਸੰਤੀ ਢਿੱਲੀ ਤਾਂ ਕਾਫੀ ਚਿਰ ਦੀ ਸੀ ਪਰ ਦਮਾ ਐਨਾ ਵੀ ਨਹੀਂ ਸੀ ਕਿ ਚਾਣ-ਚੱਕ ਹੀ ਉਹ ਤੁਰ ਜਾਂਦੀ । ਬਚਨੇ ਨੇ ਬੜਾ ਪੈਸਾ ਰੋੜਿਆ ਸੰਤੀ ਦੇ ਇਲਾਜ ਤੇ ਪਰ ਸਭ ਵਿਅਰਥ ਹੋ ਗਿਆ ਸੀ । ਆਪਣੇ ਵਿਤ ਤੋਂ ਵਧ ਕੇ, ਉਸਨੇ ਆੜ੍ਹਤੀਆਂ ਤੋਂ ਵਿਆਜੂ ਪੈਸੇ ਚੁੱਕ-ਚੁੱਕ ਕੇ ਇਲਾਜ ਤੇ ਲਾਏ ਤਾਂ ਜੋ ਘਰ ਦਾ ਚੁੱਲਾ ਤਪਦਾ ਰਹੇ ਪਰ ਹੋਣੀ ਅੱਗੇ ਕਿਸ ਦਾ ਜ਼ੋਰ ਚਲਦਾ ਹੈ । ਬਚਨਾ ਆਪ ਤਾਂ ਭਾਵੇਂ ਕੋਰਾ ਅੰਗੂਠਾ ਛਾਪ ਸੀ ਪਰ ਉਸਦੀ ਸੋਚ ਬੜੀ ਅਗਾਂਹ ਵਧੂ ਸੀ । ਚਾਰ ਬੰਦਿਆਂ ਵਿੱਚ ਗੱਲਬਾਤ ਕਰਨ ਜੋਗਾ ਸੀ । ਸਾਰੇ ਪਿੰਡ ਵਿੱਚ ਚੰਗੀ ਬਣਾ ਕੇ ਰੱਖੀ ਸੀ । ਹਰੇਕ ਦੇ ਦੁੱਖ ਸੁੱਖ ਵਿੱਚ ਕੰਮ ਆਉਂਦਾ ਸੀ । ਚਾਰ ਚੱਪੇ ਪੈਲੀ ਦੇ ਵੀ ਸਨ । ਚੰਗੀ ਰੋਟੀ ਦੇ ਗੁਜ਼ਾਰੇ ਤੋਂ ਬਿਨਾਂ ਇਕਲੌਤੇ ਮੁੰਡੇ ਨੂੰ ਅੰਗਰੇਜ਼ੀ ਸਕੂਲ ਵਿੱਚ ਪੜ੍ਹਨੇ ਪਾ ਛੱਡਿਆ ਸੀ ਉਹ ਵੀ ਅਗਲੇ ਸਾਲ ਕਾਲਜ ਜਾਣ ਜੋਗਾ ਹੋ ਗਿਆ ਸੀ ਤੇ ਕੁੜੀ ਵੀ ਪੜ੍ਹਨ ਲਈ ਸ਼ਹਿਰ ਜਾਂਦੀ ਸੀ । ਹਰ ਸਾਲ ਬੇ-ਵਕਤੇ ਮੀਂਹ ਤੇ ਸੁੰਡੀ ਪੈਣ ਕਰਕੇ ਕਿਰਸਾਨੀ ਦਮ ਤੋੜਨ ਲੱਗੀ ਸੀ, ਖਰਚੇ ਤੇ ਆਮਦਨ ਦੇ ਵਧਦੇ ਫਰਕ ਨੂੰ ਮਹਿਸੂਸ ਕਰਦਿਆਂ ਉਸਨੇ ਸ਼ਹਿਦ ਦੀਆਂ ਮੱਖੀਆਂ ਪਾਲ ਲਈਆਂ ਸਨ ਤੇ ਨਾਲ ਬੈਂਕ ਤੋਂ ਕਰਜ਼ਾ ਲੈ ਕੇ ਦੋ ਝੋਟੀਆਂ ਵੀ ਲੈ ਲਈਆਂ ਸਨ । ਮਾੜੀ ਕਿਸਮਤ ਨੂੰ ਸੰਤੀ ਨੂੰ ਦਮੇ ਵਰਗੀ ਚੰਦਰੀ ਬਿਮਾਰੀ ਨੇ ਘੇਰ ਲਿਆ ਤੇ ਉਸਦੀ ਦਵਾਈ ਤੇ ਵੀ ਕਾਫੀ ਖਰਚ ਆਉਣ ਲੱਗ ਪਿਆ ਸੀ । ਹਾਲਾਂਕਿ ਸੰਤੀ ਬਥੇਰਾ ਕਲਪਦੀ “ਰਾਣੋ ਦੇ ਬਾਪੂ, ਮੇਰਾ ਕੀ ਭਰੋਸਾ । ਹੁਣ ਰਾਣੋ ਦੇ ਹੱਥ ਪੀਲੇ ਕਰ ਦੇ ।” ਪਰ ਆੜਤੀਆਂ ਦੇ ਹਿਸਾਬ ਤੇ ਬੈਂਕ ਦੇ ਖਾਤੇ ਦਾ ਸੰਤੀ ਨੂੰ ਕੀ ਪਤਾ ਸੀ, ਉਹ ਤਾਂ ਬਚਨੇ ਨੂੰ ਹੀ ਪਤਾ ਸੀ ਕਿ ਕਿਵੇਂ ਤੋਰੀ ਫੁਲਕਾ ਚਲਾਉਂਦਾ ਸੀ । ਕਈ ਵਾਰੀ ਤਾਂ ਜੀ ਕਰਦਾ ਕਿ ਮੁੰਡੇ ਨੂੰ ਪੜਨੋਂ ਹਟਾ ਕੇ ਆੜ੍ਹਤੀਆਂ ਦੀ ਦੁਕਾਨ ਤੇ ਹੀ ਲਾ ਦੇਵੇ । ਮੁਨੀਮ ਬਣ ਕੇ ਮੁੰਡਾ ਆਪਣੇ ਪੈਰਾਂ ਤੇ ਖੜਾ ਹੋ ਜਾਊ ਤੇ ਸ਼ਾਇਦ ਆੜ੍ਹਤੀਆਂ ਦੇ ਵਿਆਜ ਦੇ ਮੀਟਰ ਦੀ ਸਪੀਡ ਵੀ ਕੁਝ ਹੌਲੀ ਹੋ ਜਾਵੇ । ਪਰ ਫਿਰ ਉਸਦੇ ਵਿਚਾਰ ਸਿਰ ਚੁੱਕ ਲੈਂਦੇ “ਬਚਨ ਸਿਆਂ ਕੋਈ ਨੀਂ ਚਾਰ ਪੰਜ ਸਾਲ ਦੀ ਗੱਲ ਐ, ਮੁੰਡਾ ਪੜ੍ਹ ਲਿਖ ਕੇ ਪੈਰਾਂ ਸਿਰ ਹੋ ਜਾਊ ਤੇ ਨੌਕਰੀ ਲੱਗ ਕੇ ਸਾਰੇ ਦੁੱਖ ਧੋ ਦੇਊ ।” ਕੁੜੀ ਨੂੰ ਤਾਂ ਪੜ੍ਹਨੋਂ ਹਟਾਉਣ ਦਾ ਮਤਲਬ ਹੀ ਪੈਦਾ ਨਹੀਂ ਸੀ ਹੁੰਦਾ ਕਿਉਂਕਿ ਜੇ ਘਰੇ ਬੈਠੀ ਰਹਿੰਦੀ ਤਾਂ ਕੋਠੇ ਵਰਗੀ ਹੁੰਦੀ ਜਾਂਦੀ ਧੀ ਟੁੰਬੀ ਜਾਂਦੀ । ਹੁਣ ਸਾਰਾ ਦਿਨ ਕਿਤਾਬਾਂ ਵਿੱਚ ਰੁੱਝੀ ਰਹਿੰਦੀ ਹੈ । ਉਹਦੀਆਂ ਦਸਵੀਂ ਦੀਆਂ ਜਮਾਤਣਾਂ ਵਿੱਚੋਂ ਕਈਆਂ ਦੇ ਕੁੱਛੜ ਤਾਂ ਬਾਲ ਵੀ ਹਨ । ਜਦੋਂ ਰਾਣੋ ਦੀਆਂ ਸਹੇਲੀਆਂ ਪੇਕੇ ਆਈਆਂ ਉਸਨੂੰ ਮਿਲਣ ਆਉਂਦੀਆਂ ਤਾਂ ਉਹ ਤਾਂ ਰਾਣੋ ਦੇ ਪੜ੍ਹੀ ਲਿਖੀ ਹੋਣ ਤੇ ਰਸ਼ਕ ਕਰਦੀਆਂ ਕਹਿੰਦੀਆਂ “ਨੀਂ ਰਾਣੋ, ਧੰਨ ਤੇਰੇ ਮਾਪੇ ਜਿਹੜੇ ਤੈਨੂੰ ਪੜ੍ਹਾਈ ਜਾਂਦੇ ਐ, ਪੜ੍ਹ ਕੇ ਅਫਸਰ ਲੱਗ ਜਾਏਂਗੀ । ਅਸੀਂ ਤਾਂ ਸਾਰੀ ਉਮਰ ਗੋਹਾ ਚੁੱਕਣ ਜੋਗੀਆਂ ਹੀ ਰਹਿ ਗਈਆਂ ।” ਉਹ ਤਾਂ ਇਹ ਕਹਿ ਦਿੰਦੀਆਂ ਪਰ ਉਹਨਾਂ ਦੀ ਗੱਲ ਸੁਣ ਕੇ ਬਚਨੇ ਤੇ ਸੰਤੀ ਦੇ ਸਾਹਮਣੇ ਆਪਣੀ ਅਫਸਰ ਧੀ ਰਾਣੋ ਨਹੀਂ ਸਗੋਂ ਆਪਣੀਆਂ ਉਹ ਮਜ਼ਬੂਰੀਆਂ ਘੁੰਮਣ ਲੱਗ ਜਾਂਦੀਆਂ ਜਿਹਨਾਂ ਕਰਕੇ ਰਾਣੋ ਅਜੇ ਤੱਕ ਪੜ੍ਹ ਰਹੀ ਸੀ । ਆਖਿਰ ਕੀਤਾ ਵੀ ਕੀ ਜਾ ਸਕਦਾ ਸੀ ? ਮਜ਼ਬੂਰੀ ਮਾਰਿਆ ਠੰਢਾ ਹੌਕਾ ਖਿੱਚ ਕੇ ਹੀ ਸਾਰ ਲੈਂਦੇ । ਜ਼ਿੰਦਗੀ ਆਪਣੇ ਉਸੇ ਰਸਤੇ ਤੇ ਚਲਦੀ ਗਈ ਜਿਸ ਤੇ ਅੱਜ ਤੱਕ ਚਲ ਰਹੀ ਸੀ । ਸਮਾਂ ਆਪਣੀ ਤੋਰ ਤੁਰਦਾ ਰਿਹਾ ਤੇ ਸੰਤੀ ਤੇ ਬਚਨੇ ਦੀ ਸੋਚ ਵੀ ਇੰਝ ਢਲਣੀ ਸ਼ੁਰੂ ਹੋ ਗਈ ਕਿ ਜੇਕਰ ਰਾਣੋ ਪੜ੍ਹ ਲਿਖ ਕੇ ਆਪਣੇ ਪੈਰਾਂ ਸਿਰ ਹੋ ਗਈ ਤਾਂ ਸ਼ਾਇਦ ਹਾਲਾਤ ਸੁਧਰ ਜਾਣ ।
ਮਹਿੰਗੀਆਂ ਪੜ੍ਹਾਈਆਂ, ਕਾਲਜਾਂ ਦੀਆਂ ਡੋਨੇਸ਼ਨਾਂ ਤੇ ਸਮੇਂ ਦੀ ਨਜ਼ਾਕਤ ਸਮਝਦਿਆਂ ਰਾਣੋ ਨੇ ਕੰਪਿਊਟਰ ਲਾਈਨ ਨੂੰ ਆਪਣਾ ਕੈਰੀਅਰ ਬਨਾਉਣਾ ਚਾਹਿਆ ਤੇ ਸ਼ਹਿਰ ਦੇ ਨਾਮੀ ਕੰਪਿਊਟਰ ਸੈਂਟਰ ਵਿੱਚ ਦਾਖਲਾ ਲੈ ਲਿਆ । ਹਾਲਾਂਕਿ ਘਰੇਲੂ ਹਾਲਾਤ ਏਨਾ ਖ਼ਰਚ ਕਰਨ ਦੀ ਇਜ਼ਾਜ਼ਤ ਨਹੀਂ ਸਨ ਦਿੰਦੇ, ਪਰ ਵਿਆਹ ਦੇ ਖਰਚ ਨਾਲੋਂ ਕਈ ਗੁਣਾਂ ਘੱਟ ਖ਼ਰਚ ਦੇ ਲਾਲਚ ਕਰਕੇ ਬਚਨੇ ਨੂੰ ਇਹ ਫ਼ੀਸਾਂ ਭਰਨੀਆਂ ਸੌਖੀਆਂ ਜਾਪੀਆਂ । ਕੰਪਿਊਟਰ ਸੈਂਟਰ ਵਿੱਚ ਸਮੇਂ ਸਮੇਂ ਸਿਰ ਕਰਵਾਏ ਜਾਂਦੇ ਸੈਮੀਨਾਰਾਂ ਵਿੱਚ ਉਸਨੇ ਵਧ-ਚੜ੍ਹ ਕੇ ਭਾਗ ਲੈਣਾ ਸ਼ੁਰੂ ਕੀਤਾ । ਬੱਸ ਇਕੋ ਹੀ ਧੁਨ ਸਵਾਰ ਹੋ ਗਈ ਕਿ ਆਪਣੇ ਪੈਰਾਂ ਸਿਰ ਖੜੀ ਹੋਣਾ ਹੈ । ਉਹ ਕਲਾਸ ਤੋਂ ਬਾਅਦ ਵੀ ਕੰਪਿਊਟਰ ਤੇ ਪ੍ਰੈਕਟਿਸ ਕਰਦੀ ਤੇ ਆਪਣੇ ਤੋਂ ਜੂਨੀਅਰ ਸਿਖਿਆਰਥੀਆਂ ਨੂੰ ਵੀ ਸਿਖਾਉਂਦੀ, ਇਹ ਸੋਚ ਕੇ ਕਿ ਉਸਦੀ ਪ੍ਰੈਕਟਿਸ ਹੋ ਰਹੀ ਹੈ । ਇਸੇ ਦੌਰਾਨ ਉਸ ਦੀਆਂ ਅੱਖਾਂ ਰਾਜੇਸ਼ ਨਾਲ ਚਾਰ ਹੋ ਗਈਆਂ । ਰਾਜੇਸ਼ ਦੇ ਪਾਪਾ ਕਿਸੇ ਸਰਕਾਰੀ ਦਫ਼ਤਰ ਵਿੱਚ ਕਲਰਕ ਲੱਗੇ ਹੋਏ ਸਨ । ਕੁੱਲ ਮਿਲਾ ਕੇ ਘਰ ਦਾ ਤੋਰੀ ਫੁਲਕਾ ਚੰਗਾ ਚਲਦਾ ਸੀ । ਰਾਜੇਸ਼ ਦੀ ਵੱਡੀ ਭੈਣ ਵੀ ਵਿਆਹੁਣ ਯੋਗ ਸੀ । ਸਮੱਸਿਆ ਉਹੀ ਸੀ ਜੋ ਹਰ ਮੱਧਿਅਮ ਸ਼੍ਰੇਣੀ ਦੀ ਪੜ੍ਹੀ ਲਿਖੀ ਲੜਕੀ ਨੂੰ ਪੇਸ਼ ਆਉਂਦੀ ਹੈ, ਕਿ ਬਰਾਬਰ ਦੇ ਪੜ੍ਹੇ ਲਿਖੇ ਪਰਿਵਾਰ ਦੀਆਂ ਮੰਗਾਂ ਪੂਰੀਆਂ ਕਰਨੀਆਂ ਔਖੀਆਂ ਹਨ ਤੇ ਘੱਟ ਪੜ੍ਹੇ ਘਰ ਜਾਣ ਨੂੰ ਲੜਕੀ ਦਾ ਦਿਲ ਨਹੀਂ ਮੰਂਨਦਾ । ਬਰਾਬਰ ਸਮਾਂ ਆਪਣੀ ਤੋਰ ਤੁਰਦਾ ਗਿਆ ਤੇ ਰਾਣੋ ਤੇ ਰਾਜੇਸ਼ ਦੀਨ-ਦੁਨੀਆਂ ਤੋਂ ਬੇ-ਖ਼ਬਰ ਆਪਣੀ ਦੁਨੀਆਂ ਵਿੱਚ ਵਿਚਰਦੇ ਰਹੇ ।
“ਰਾਜੇਸ਼, ਕੋਰਸ ਪੂਰਾ ਕਰਕੇ ਕੀ ਸੋਚਿਆ ?”
“ਸੋਚਣਾਂ ਕੀ ਐ ਰਾਣੋ, ਸਰਕਾਰੀ ਦਫ਼ਤਰਾਂ ਵਿੱਚ ਐਪਲੀਕੇਸ਼ਨਾਂ ਤਾਂ ਭੇਜੀ ਹੀ ਜਾਂਦੇ ਆਂ । ਜਿਵੇਂ ਜਿਵੇਂ ਸਮੈਸਟਰ ਕੰਪਲੀਟ ਹੋਈ ਜਾਂਦੇ ਐ, ਐਪਲੀਕੇਸ਼ਨ ਨਾਲ ਇੱਕ ਸਰਟੀਫਿਕੇਟ ਹੋਰ ਵਧ ਜਾਂਦਾ ਹੈ ।”
“ਤੈਨੂੰ ਤਾਂ ਹਮੇਸ਼ਾ ਨੌਕਰੀ ਹੀ ਨਜ਼ਰ ਆਉਂਦੀ ਹੈ, ਮੈਂ ਨਹੀਂ । ਕਦੇ ਤਾਂ ਆਪਣੇ ਸੁਪਨੇ ਸੱਚ ਹੋਣ ਦੀ ਗੱਲ ਕਰ ਲਿਆ ਕਰ” ਰਾਣੋ ਕਦੀ-ਕਦੀ ਜਿਵੇਂ ਨਾਰਾਜ਼ ਹੋ ਜਾਂਦੀ ।
“ਰਾਣੋ... ਮੇਰੀ ਰਾਣੋ... ਪਲੀਜ਼ ਇੰਝ ਨਾਰਾਜ਼ ਹੋਇਆ ਕਰ” ਰਾਜੇਸ਼ ਰਾਣੋ ਦਾ ਚਿਹਰਾ ਆਪਣੇ ਦੋਨਾਂ ਹੱਥਾਂ ਵਿੱਚ ਲੈ ਕੇ ਕਹਿੰਦਾ “ਦੇਖ ਰਾਣੋ... ਮੈਨੂੰ ਤੇਰੇ ਨਾਲ ਕੀਤੇ ਵਾਅਦਿਆਂ ਦਾ ਪੂਰਾ-ਪੂਰਾ ਅਹਿਸਾਸ ਹੈ । ਪਰ ਸਾਨੂੰ ਜਿੰਦਗੀ ਵਿੱਚ ਆਪਣੀਆਂ ਜਿੰਮੇਵਾਰੀਆਂ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ ।”
ਵਕਤੀ ਚਾਲ ਨਾਲ ਉਹਨਾਂ ਦੇ ਪਿਆਰ ਦੀ ਖੁਸ਼ਬੋਈ ਆਲੇ ਦੁਆਲੇ ਫੈਲ ਗਈ ਤੇ ਉੱਡਦਿਆਂ-ਉੱਡਦਿਆਂ ਰਾਣੋ ਦੇ ਘਰ ਤੱਕ ਜਾ ਪੁੱਜੀ । ਬਚਨੇ ਨੇ ਆਪਣੀ ਪੱਗ ਦਾ ਬਥੇਰਾ ਵਾਸਤਾ ਦਿੱਤਾ ।
“ਮੈਂ ਡੱਕਰੇ ਕਰਦੂੰ ਸਾਲੇ ਮਹਾਜਨ ਦੇ ਤੇ ਨਾਲ ਤੇਰੇ ਵੀ, ਜੱਟ ਦੀ ਇੱਜ਼ਤ ਨੂੰ ਹੱਥ ਪਾਇਆ ਉਸਨੇ” ਹਰਜਿੰਦਰ ਨੇ ਰਾਣੋ ਦੇ ਥੱਪੜ ਮਾਰਦਿਆਂ ਕਿਹਾ ।
“ਜਿੰਦਰ ਵੀਰੇ ਨਾਂ ਮਾਰ ਪਲੀਜ਼, ਤੇਰੀ ਵੱਡੀ ਭੈਣ ਆਂ ਫਿਰ ਵੀ…” ਵਿਲਕਦਿਆਂ ਰਾਣੋ ਨੇ ਹਰਜਿੰਦਰ ਨੂੰ ਵਾਸਤਾ ਪਾਇਆ ।
“ਤੈਨੂੰ ਪੜ੍ਹ-ਲਿਖ ਕੇ ਪੈਰਾਂ ਸਿਰ ਹੋਣ ਲਈ ਭੇਜਿਆ ਸੀ ਜਾਂ ਖੇਹ ਖਾਣ ਲਈ ? ਏਹਦੇ ਨਾਲੋਂ ਤਾਂ ਜੰਮਦੀ ਮਰ ਜਾਂਦੀ” ਸੰਤੀ ਵੀ ਮੰਜੇ ਤੇ ਪਈ ਉਸਨੂੰ ਲਾਹਣਤਾਂ ਪਾ ਰਹੀ ਸੀ ।
“ਸਾਡਾ ਕੋਈ ਗ਼ਲਤ ਰਿਸ਼ਤਾ ਨਹੀਂ ਬੀਬੀ । ਰਾਜੇਸ਼ ਬਹੁਤ ਚੰਗਾ ਲੜਕਾ ਹੈ । ਮੈਂ ਵਾਅਦਾ ਕਰਦੀ ਆਂ ਉਹ ਤੁਹਾਨੂੰ ਕਦੇ ਵੀ ਸ਼ਿਕਾਇਤ ਦਾ ਮੌਕਾ ਨਹੀਂ ਦੇਵੇਗਾ ।”
“ਖਬਰਦਾਰ ਜੇ ਅੱਜ ਤੋਂ ਬਾਅਦ ਜੇ ਉਹਦਾ ਨਾਂ ਲਿਆ ਜਾਂ ਘਰੋਂ ਪੈਰ ਬਾਹਰ ਕੱਢਿਆ ਤਾਂ... ਲੱਤਾਂ ਭੰਨ ਦੇਊਂ ਤੇਰੀਆਂ” ਕਹਿੰਦਿਆਂ ਹਰਜਿੰਦਰ ਠਾਹ ਦੇਣੇ ਦਰਵਾਜ਼ਾ ਬੰਦ ਕਰ ਗਿਆ ।
ਤੇ ਰਾਣੋ ਦਾ ਘਰੋਂ ਬਾਹਰ ਜਾਣਾ ਬੰਦ ਹੋ ਗਿਆ । ਇਹ ਸਭ ਕੁਝ ਦੇਖ ਕੇ ਸੰਤੀ ਦੀ ਤਬੀਅਤ ਹੋਰ ਜ਼ਿਆਦਾ ਖ਼ਰਾਬ ਰਹਿਣ ਲੱਗ ਪਈ ਤੇ ਤਾਪ ਉੱਤਰਨ ਦਾ ਨਾਮ ਨਹੀਂ ਸੀ ਲੈ ਰਿਹਾ । ਕੁਝ ਦਿਨ ਉਸਨੇ ਰੋਂਦਿਆਂ-ਧੋਦਿਆਂ ਗੁਜ਼ਾਰੇ । ਇੱਕ ਦਿਨ ਜਦ ਹਰਜਿੰਦਰ ਪਿੰਡੋਂ ਬਾਹਰ ਗਿਆ ਹੋਇਆ ਸੀ ਤੇ ਬਚਨਾਂ ਵੀ ਖੇਤੀਂ ਗਿਆ ਹੋਇਆ ਸੀ, ਰਾਣੋ ਨੇ ਕੁਝ ਕੱਪੜੇ ਚੁੱਕੇ ਤੇ ਬੱਸ ਚੜ੍ਹ ਸ਼ਹਿਰ ਆ ਗਈ ।
“ਰਾਜੇਸ਼ ਮੈਂ ਤੇਰੇ ਲਈ ਸਭ ਕੁਝ ਛੱਡ ਆਈ ਆਂ ।”
“ਰਾਣੋ ਤੂੰ ਇਹ ਕੀ ਕੀਤਾ ? ਘੱਟੋ-ਘੱਟ ਇਹ ਕਦਮ ਚੁੱਕਣ ਤੋਂ ਪਹਿਲਾਂ ਮੈਨੂੰ ਪੁੱਛ ਤਾਂ ਲੈਣਾ ਸੀ”
“ਨਹੀਂ ਰਾਜੇਸ਼, ਮੈਂ ਤੇਰੇ ਬਿਨਾਂ ਨਹੀਂ ਰਹਿ ਸਕਦੀ । ਜੇਕਰ ਇਸ ਜ਼ਮਾਨੇ ਤੋਂ ਡਰ ਲੱਗਦਾ ਹੈ ਤਾਂ ਮੈਨੂੰ ਮਰ ਕੇ ਵੀ ਇੱਕ ਹੋਣ ਵਿੱਚ ਕੋਈ ਇਤਰਾਜ਼ ਨਹੀਂ ।”
“ਰਾਣੋ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ । ਅਜੇ ਆਪਣਾ ਕੋਰਸ ਪੂਰਾ ਨਹੀਂ ਹੋਇਆ । ਆਪਾਂ ਘਰੋਂ ਜਾ ਕੇ ਗੁਜ਼ਾਰਾ ਕਿਵੇਂ ਕਰਾਂਗੇ ਮ?”
“ਮੈਨੂੰ ਕੁਝ ਨਹੀਂ ਪਤਾ । ਬੱਸ ਏਨਾਂ ਪਤਾ ਹੈ ਕਿ ਮੈਂ ਤੇਰੇ ਲਈ ਆਪਣਾ ਘਰ-ਪਰਿਵਾਰ ਛੱਡ ਆਈ ਆਂ”
ਰਾਣੋ ਦੀ ਜਿ਼ਦ ਦੇ ਅੱਗੇ ਉਸਦੀ ਇੱਕ ਨਾਂ ਚੱਲੀ । ਰਾਜੇਸ਼ ਨੂੰ ਮਜ਼ਬੂਰਨ ਘਰੋਂ ਪੈਰ ਬਾਹਰ ਕੱਢਣਾ ਪੈ ਗਿਆ ।
ਏਧਰ ਸ਼ਾਮ ਨੂੰ ਹਰਜਿੰਦਰ ਨੇ ਵਾਪਸ ਆ ਕੇ ਜਦ ਰਾਣੋ ਨੂੰ ਨਾ ਦੇਖਿਆ ਤਾਂ ਉਸਨੇ ਘਰ ਨੂੰ ਸਿਰ ਤੇ ਚੱਕ ਲਿਆ । ਸੰਤੀ ਨੇ ਪਿੱਟ-ਪਿੱਟ ਕੇ ਬੁਰਾ ਹਾਲ ਕਰ ਲਿਆ ਤੇ ਉਸਦੀ ਤਬੀਅਤ ਹੋਰ ਜ਼ਿਆਦਾ ਵਿਗੜ ਗਈ ਤੇ ਆਖਿਰ ਉਹੀ ਹੋ ਗਿਆ ਜਿਸਦਾ ਡਰ ਸੀ, ਅੱਧੀ ਰਾਤ ਨੂੰ ਸੰਤੀ ਪਰਲੋਕ ਸਿਧਾਰ ਗਈ ।
ਗੁਆਂਢੀਆਂ ਦਾ ਮੁੰਡਾ ਸਵੇਰੇ ਸਾਝਰੇ ਹੀ ਸਕੂਟਰ ਤੇ ਸੰਤੀ ਦੇ ਪੇਕੇ ਪਿੰਡ ਤੁਰ ਗਿਆ ਸੀ ਤੇ ਉਹਨਾਂ ਦਾ ਹੀ ਇੰਤਜ਼ਾਰ ਹੋ ਰਿਹਾ ਸੀ । ਬਚਨੇ ਨੇ ਵਿਲਕਦਿਆਂ ਧਾਹ ਮਾਰੀ “ਉਏ ਲੋਕੋ ਇਹ ਕੁੜੀਆਂ ਮੁੰਡਿਆਂ ਨਾਲੋਂ ਜ਼ਿਆਦਾ ਤਾਂ ਨਹੀਂ ਖਾਂਦੀਆਂ । ਇਹ ਦਿਨ ਦੇਖਣ ਦੇ ਡਰੋਂ ਹੀ ਲੋਕ ਕੁੱਖ ਦਾ ਕਤਲ ਕਰ ਦਿੰਦੇ ਨੇ ।”

No comments: