ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, January 29, 2009

ਮਰਹੂਮ ਭਾਗ ਸਿੰਘ ਖੇਲਾ - ਮਿੰਨੀ ਕਹਾਣੀ

ਇਸ ਵਾਰਤਾ ਨੂੰ ਇਹ ਸਿਰਲੇਖ ਦਿੰਦਿਆਂ ਮਾਣ ਮਹਿਸੂਸ ਹੋ ਰਿਹਾ ਹੈ। ਇਹ ਸ਼ਬਦ ਉਸ ਮਰਹੂਮ ਲੇਖਕ ਨੂੰ ਸ਼ਰਧਾਂਜਲੀ ਵੀ ਹੈ ਤੇ ਅਪਣੱਤ ਦਾ ਅਹਿਸਾਸ ਵੀ। ਭਾਗ ਸਿੰਘ ਖੇਲਾ ! ਜੀ ਹਾਂ! ਇਹੋ ਨਾਮ ਸੀ ਉਸ ਅਲਬੇਲੇ ਸ਼ਾਇਰ ਦੋਸਤ ਦਾ। ਉਸ ਬਾਰੇ ਮੇਰੇ ਚੇਤਿਆਂ ਚ ਬੱਸ ਏਨਾ ਕੁ ਹੀ ਮਹਿਫ਼ੂਜ਼ ਹੈ ਕਿ ਉਹ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਜਗਰਾਓਂ ਦੇ ਪਿੰਡ ਸ਼ੇਰਪੁਰ ਕਲਾਂ ਦਾ ਵਸਨੀਕ ਸੀ ਅਤੇ ਕਾਮਰੇਡੀ ਖ਼ਿਆਲਾਂ ਦਾ ਸੱਚਾ-ਸੁੱਚਾ ਬੰਦਾ ਸੀ।

ਭਾਗ ਸਿੰਘ ਖੇਲਾ ਨੈਕਸਲਾਈਟ ਮੂਵਮੈਂਟ ਚ ਕਾਫ਼ੀ ਦੇਰ ਰੂਪੋਸ਼ ਰਿਹਾ, ਅਖੀਰ ਵਿਚ ਐਡਵੋਕੇਟ ਸ਼੍ਰੀ ਓਮ ਪ੍ਰਕਾਸ਼ ਅਤਰੇ ਅਤੇ ਐਡਵੋਕੇਟ ਸ: ਦੀਦਾਰ ਸਿੰਘ ਆਕਾਸ਼ ਦੇ ਉੱਦਮ ਤੇ ਪ੍ਰੇਰਨਾ ਨਾਲ਼ ਜਗਰਾਓਂ ਕੰਪਲੈਕਸ ਵਿੱਚ ਰੋਟੀ-ਰੋਜ਼ੀ ਲਈ ਟਾਈਪਿਸਟ ਬਣਕੇ ਪਰਿਵਾਰ ਪਾਲ਼ਣ ਲੱਗਾ। ਪਰ ਸਿਰਫ਼ਿਰੇ ਲੋਕਾਂ ਨੂੰ ਸੱਚਾਈ ਰਾਸ ਨਾ ਆਈ, ਤੇ ਉਹਨਾਂ ਦੀ ਗੋਲ਼ੀ ਦਾ ਸ਼ਿਕਾਰ ਹੋ ਗਿਆ।

ਅੱਜ ਤੋਂ ਪੰਤਾਲ਼ੀ ਕੁ ਸਾਲ ਪਹਿਲਾਂ ਦੀ ਉਸਦੀ ਲਿਖੀ ਮਿੰਨੀ ਕਹਾਣੀ ਵੀ ਮੇਰੇ ਚੇਤਿਆਂ ਵਿੱਚ ਸਾਂਭੀ ਪਈ ਹੈ, ਕਹਾਣੀ ਦਾ ਨਾਮ ਤਾਂ ਹੁਣ ਯਾਦ ਨਹੀਂ ਹੈ। ਜੇ ਕਿਸੇ ਮਾਣਯੋਗ ਪਾਠਕ / ਲੇਖਕ ਕੋਲ਼ ਪ੍ਰੀਤ-ਲੜੀ ਦੇ ਏਨਾ ਕੁ ਸਮਾਂ ਪਹਿਲਾਂ ਦੇ ਅੰਕ ਸਾਂਭੇ ਪਏ ਹੋਣ ਤਾਂ ਇਹ ਕਹਾਣੀ ਕਿਸੇ ਅੰਕ ਦੇ ਕਿਸੇ ਸਫ਼ੇ ਦੇ ਐਨ ਅਖੀਰ ਤੇ ਛਪੀ ਲੱਭ ਜਾਵੇਗੀ।

ਅਰਜ਼ ਹੈ ਕਿ ਜੇ ਕਿਸੇ ਨੂੰ ਇਹ ਕਹਾਣੀ ਛਪੀ ਹੋਈ ਲੱਭ ਜਾਵੇ ਤਾਂ, ਈਮੇਲ ਕਰਕੇ ਜ਼ਰੂਰ ਦੱਸਣ ਤਾਂ ਜੋ ਕਹਾਣੀ ਦਾ ਸਹੀ ਸਿਰਲੇਖ ਪਾਠਕਾਂ ਤੱਕ ਪੁਜਦਾ ਕੀਤਾ ਜਾ ਸਕੇ। ਇਹ ਕਹਾਣੀ ਛਪਣ ਤੋਂ ਤੁਰੰਤ ਬਾਅਦ ਸਾਹਿਤਕ ਦੁਨੀਆ ਚ ਛਾ ਗਈ ਸੀ। ਇਹ ਮਾਣ ਵੀ ਇਸੇ ਲੇਖਕ ਦੇ ਹਿੱਸੇ ਆਉਂਦਾ ਹੈ ਕਿ ਇਸ ਤੋਂ ਛੋਟੀ ਕਹਾਣੀ ਸ਼ਾਇਦ ਹੀ ਦੁਨੀਆ ਚ ਕਿਤੇ ਲਿਖੀ ਗਈ ਹੋਵੇ।

ਪਾਠਕਾਂ ਤੋਂ ਭਰਵੇਂ ਹੁੰਘਾਰੇ ਦੀ ਆਸ ਚ....

ਤੁਹਾਡਾ

ਗੁਰਦਰਸ਼ਨ ਬਾਦਲ

ਮਿੰਨੀ ਕਹਾਣੀ

(ਪੋਸਟ: ਦਸੰਬਰ 26, 2008)
ਐਂਤਕੀ ਵਾਲ਼ੀਆਂ ਬਣਵਾ ਦਿਓ!

-----

ਫ਼ਸਲ ਤਾਂ ਘਰ ਆ ਲੈਣ ਦੇ!

----

ਠੱਕ....!ਠੱਕ....!ਠੱਕ....!

----

ਬੂਹੇ ਤੇ ਪਿੰਡ ਦਾ ਸ਼ਾਹ ਖੜ੍ਹਾ ਸੀ!!!

No comments: