----
ਜਦੋਂ ਉਹ ਜਵਾਨ ਹੋਈ ਤਾਂ ਆਪਣਾ ਜ਼ਿਆਦਾ ਵਕਤ ਲਾਇਬ੍ਰੇਰੀਆਂ ਅਤੇ ਆਰਟ ਮਿਊਜ਼ਮਜ਼ ਵਿਚ ਬਤੀਤ ਕਰਦੀ। ਓਥੇ ਉਹਨੂੰ ਹੋਰਨਾਂ ਕਲਾਕਾਰਾਂ ਦੀਆਂ ਕਲਾ-ਕਿਰਤਾਂ ਵੇਖ ਕੇ ਬਹੁਤ ਕੁਝ ਸਮਝਣ ਤੇ ਸੋਚਣ ਲਈ ਮਿਲਿਆ। ਉਸ ਨੇ ਫਿੱਗਰ ਪੇਂਟਿੰਗਜ਼ ਤੇ ਰੇਖਾ ਗਿਣਤ ਚਿਤਰਕਲਾ ਦੇ ਪ੍ਰਭਾਵ ਨੂੰ ਕਬੂਲਿਆ। ਉਸ ਦੀਆਂ ਵਰਤਮਾਨ ਪੇਂਟਿੰਗਜ਼ ਵਿਚੋਂ ਇਸ ਪ੍ਰਭਾਵ ਦੀ ਝਲਕ ਦਿਸਦੀ ਹੈ।
----
ਚੰਡੀਗੜ੍ਹ ਆਰਟ ਕਾਲਜ ਵਿਚ ਕੁਝ ਸਾਲ ਲੱਗਾ ਅਤੇ ਫਿਰ ਗੌਰਮਿੰਟ ਕਾਲਜ ਫਾਰ ਵੁਮੈੱਨ ਚੰਡੀਗੜ੍ਹ ਤੋਂ ਬੀ. ਏ. ਕਰਨ ਉਪਰੰਤ ਉਹ 22 ਸਾਲ ਦੀ ਉਮਰ ਵਿਚ ਅਮਰੀਕਾ ਆ ਗਈ। ਰੋਜ਼ਗਾਰ ਦੀ ਜ਼ਰੂਰਤ ਅਧੀਨ ਉਹਨੇ ਆਪਣਾ ਸਲੋਨ ਦਾ ਬਿਜ਼ਨਸ ਸ਼ੁਰੂ ਕਰ ਦਿਤਾ ਤੇ ਉਹ ਬਹੁਤ ਸਾਲ ਆਪਣੇ ਆਰਟ ਅਤੇ ਪੇਂਟਿੰਗਜ਼ ਦੇ ਖੇਤਰ ਵਿਚ ਕੁਝ ਨਾ ਕਰ ਸਕੀ। ਬੱਚੇ ਵੱਡੇ ਹੋ ਗਏ ਤਾਂ ਹੁਣ ਉਸ ਨੇ ਆਪਣੇ ਦੱਬੇ ਸ਼ੌਕ ਨੂੰ 23 ਸਾਲਾਂ ਬਾਅਦ ਮੁੜ ਸੁਰਜੀਤ ਕਰ ਲਿਆ ਹੈ।
----
ਉਸ ਨੂੰ ਸਿੱਖ ਗੁਰੂਆਂ ਦੀ ਸਾਦਾ, ਸ਼ਾਂਤਮਈ ਤੇ ਅਧਿਆਤਮਿਕ ਜ਼ਿੰਦਗੀ ਤੇ ਉਹਨਾਂ ਦੀ ਰਚੀ ਬਾਣੀ ਦੀ ਫਿਲਾਸਫੀ ਕਲਾ-ਕ੍ਰਿਤਾਂ ਲਈ ਬੜਾ ਉਤਸ਼ਾਹ ਦਿੰਦੀ ਹੈ। ਉਸ ਨੇ ਖ਼ੁਦ ਵੀ ਜੀਵਨ ਦੇ ਸਮਾਜਿਕ ਤੇ ਅਧਿਆਤਾਮਿਕ ਅਰਥਾਂ ਦੀ ਡੂੰਘਾਈ ਤਕ ਸੋਚਣ ਤੇ ਪੁੱਜਣ ਲਈ ਗੁਰਮਖੀ ਅੱਖਰਾਂ ਵਿਚ ਛਪੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਆਪਣੇ ਘਰ ਰਖਿਆ ਹੋਇਆ ਹੈ। ਇਸਦਾ ਨਿੱਤਨੇਮ ਉਸਦੇ ਦਿਨ ਕਾਰਜ ਦਾ ਮਹੱਤਵ-ਪੂਰਨ ਭਾਗ ਹੈ। ਕਲਾ ਪਾਰਖੂ ਡੇਨੀਅਲ ਕਲਾਰਕ ਨੇ ਤਾਨੀਆ ਮੋਮੀ ਅਤੇ ਉਸਦੇ ਕਲਾਤਕ ਚਿਤਰਾਂ ਬਾਰੇ ਜੋ ਆਪਣੇ ਵਿਚਾਰ ਲਿਖੇ ਹਨ, ਉਹਨਾਂ ਦਾ ਸੰਖੇਪ ਪੰਜਾਬੀ ਰੂਪ ਇਸ ਪ੍ਰਕਾਰ ਹੈ।
----
ਤਾਨੀਆ ਦੀਆਂ ਯਥਾਰਥਵਾਦੀ ਕਲਾ-ਕ੍ਰਿਤਾਂ ਨੂੰ ਵੇਖ ਕੇ ਉਤਸ਼ਾਹ ਦੀ ਭਾਵਨਾ ਪੈਦਾ ਹੁੰਦੀ ਹੈ। ਦੁਨੀਆ ਦੇ ਬਹੁਤ ਲੋਕ ਅਜੇ ਵੀ ਆਪਣੇ ਦਵਾਲੇ ਇਕ ਭਰਮ ਪੈਦਾ ਕਰ ਕੇ ਉਸ ਵਿਚ ਰਹਿ ਰਹੇ ਹਨ। ਤਾਨੀਆ ਮੋਮੀ ਦੀ ਕਲਾ ਨਾਲ ਆਲੇ ਦਵਾਲੇ ਦੇ ਗਿਆਨ ਵਿਚ ਵਾਧਾ ਹੁੰਦਾ ਹੈ। ਜੀਵਨ ਬਾਰੇ ਉਸਦੀ “ਕੋਈ ਮੁਆਫੀ ਨਹੀਂ” ਵਾਲੀ ਦਲੀਲ ਕੁਝ ਕੁ ਨੂੰ ਓਪਰੀ ਲਗ ਸਕਦੀ ਹੈ। ਮੇਰੇ ਵਿਚਾਰ ਵਿਚ ਤਾਂ ਇਹ ਲਾਭਦਾਇਕ ਹੈ ਅਤੇ ਜੇਕਰ ਲੋਕਾਂ ਵਿਚ ਇਸ ਨੂੰ ਅਪਨਾਉਣ ਦਾ ਹੌਸਲਾ ਹੋਵੇ ਤਾਂ। ਤਾਨੀਆ ਦੇ ਪੇਂਟਿੰਗਜ਼ ਤੋਂ ਬਗੈਰ ਹੋਰ ਸ਼ੌਕ ਵੀ ਹਨ ਜਿਨ੍ਹਾਂ ਵਿਚ ਕੁਕਿੰਗ ਅਤੇ ਫਿਟਨੈੱਸ ਬੂਟ ਕੈਂਪ ਸ਼ਾਮਲ ਹੈ। ਉਸਦੀਆਂ ਆਪਣੀਆਂ ਰੈਸਪੀਜ਼ ਹਨ ਜੋ ਇਹ ਸਾਬਤ ਕਰਦੀਆ ਹਨ ਕਿ ‘ਤੁਸੀਂ ਉਹ ਹੋ - ਜੋ ਖਾਂਦੇ ਹੋ।’
----
ਮਾਊਂਟਵਿਊ ਵਿਚ ਆਪਣੇ ‘ਸਪਾਇਲ ਮੀ ਸਪਾ ਐਂਡ ਸਲੋਨ’ ਦਵਾਰਾ ਉਹਨੂੰ ਦਿਨ ਵਿਚ ਕਈ ਵਾਰ ਲਾਈਵ ਆਰਟ ਵਾਂਗ ਮੇਕ ਅੱਪ ਤੇ ਫੇਸ਼ੀਅਲ ਆਦਿ ਕਰਨਾ ਪੈਂਦਾ ਹੈ ਅਤੇ ਫੈਸ਼ਨ ਤੇ ਨੇਲਜ਼ ਕਰਨੇ ਉਸ ਨੂੰ ਕਲਾ-ਕ੍ਰਿਤਾਂ ਵਾਂਗ ਹੀ ਲੱਗਦੇ ਹਨ। ਜੀਵਨ ਦੇ ਤਲਖ਼ ਤਜ਼ਰਬੇ ਨੇ ਉਸ ਨੂੰ ਬੜੀ ਮਜ਼ਬੂਤ ਅਤੇ ਬਹਾਦਰ ਔਰਤ ਬਣਾ ਦਿਤਾ ਹੈ। ਉਸਦਾ ਇਰਾਦਾ ਬਹੁਤ ਪੱਕਾ ਹੈ। ਇਸ ਲਈ ਉਹ ਜਿਸ ਕੰਮ ਨੂੰ ਵੀ ਹੱਥ ਪਾਉਂਦੀ ਹੈ, ਉਸ ਵਿਚ ਕਾਮਯਾਬ ਹੁੰਦੀ ਹੈ। ਪਿਛਲੇ 18 ਮਹੀਨਿਆਂ ਵਿਚ ਉਸ ਨੇ 150 ਪੇਂਟਿੰਗਜ਼ ਬਣਾਈਆਂ ਹਨ। ਹੁਣ ਉਹ ਆਪਣੀਆਂ ਪੇਂਟਿੰਗਜ਼ ਦੀ ਪਲੇਠੀ ਨੁਮਾਇਸ਼ ਲਗਾਉਣ ਜਾ ਰਹੀ ਹੈ ਤਾਂ ਜੋ ਦੁਨੀਆ ਨੂੰ ਉਸਦੀਆਂ ਕਲਾ-ਕਿਰਤਾਂ ਬਾਰੇ ਪਤਾ ਲਗ ਸਕੇ। ਉਸਦੀ ‘ਇੰਡੀਅਨ ਬਰਾਈਡ’ ਪੇਂਟਿੰਗ ਮੈਨੂੰ ਅੱਛੀ ਲਗਦੀ ਹੈ। ਇਸਦੀ ਕਲਰ ਸਕੀਮ ਬਹੁਤ ਹੀ ਕਮਾਲ ਦੀ ਹੈ। ਉਸ ਦੀਆਂ ਪੇਂਟਿੰਗਜ਼ ਬਾਰੇ ਪੂਰਾ ਗਿਆਨ ਤਾਂ ਉਹਨਾਂ ਨੂੰ ਵੇਖ ਕੇ ਹੀ ਪ੍ਰਾਪਤ ਹੋ ਸਕਦਾ ਹੈ।
17 ਅਗਸਤ, 2008 ਨੂੰ ਮਾਊਟੇਨਵਿਊ (ਕੈਲੇਫੋਰਨੀਆ) ਵਿਖੇ ਉਸਦੀਆਂ ਪੇਂਟਿੰਗਜ਼ ਦੀ ਨੁਮਾਇਸ਼ ਲੱਗ ਚੁੱਕੀ ਹੈ। ਹੋਰ ਜਾਣਕਾਰੀ ਉਸਦੀ ਵੈੱਬਸਾਈਟ ਤੋਂ ਮਿਲ ਸਕਦੀ ਹੈ। (ਡੇਨੀਅਲ ਕਲਾਰਕ ਦੀ ਅੰਗਰੇਜ਼ੀ ਲਿਖਤ ਦਾ ਸੰਖੇਪ ਪੰਜਾਬੀ ਅਨੁਵਾਦ - ਬਲਬੀਰ ਮੋਮੀ)
ਤਾਨੀਆ ਦੀ ਵੈੱਬ-ਸਾਈਟ ਦਾ ਲਿੰਕ ਵੀ ਆਰਸੀ ਲਿੰਕਾਂ ਦੇ ਤਹਿਤ ਪਾ ਦਿੱਤਾ ਗਿਆ ਹੈ।
1 comment:
Tannia Ji
Tuhade baare parh ke bahut hee changa lagia.
May God bless you with more determination and dedication towards your mission.
Tammana ji many thanks for bringing such a wonderful personalities forward.
Mota Singh Sarai
UK
Post a Comment