ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Monday, March 16, 2009

ਸੁਖਿੰਦਰ - ਲੇਖ

ਪਰਵਾਸ ਦੇ ਸੁਪਨੇ ਅਤੇ ਹਕੀਕਤਾਂ - ਜਰਨੈਲ ਸੇਖਾ

ਲੇਖ

ਪਰਵਾਸੀ ਲੋਕਾਂ ਦੀ ਜ਼ਿੰਦਗੀ ਨੂੰ ਯਥਾਰਥਕ ਪੱਧਰ ਉੱਤੇ ਬਿਆਨ ਕਰਨ ਵਾਲੇ ਕੈਨੇਡੀਅਨ ਪੰਜਾਬੀ ਨਾਵਲਕਾਰਾਂ ਦੀ ਗਿਣਤੀ ਅਜੇ ਕੋਈ ਬਹੁਤੀ ਜ਼ਿਆਦਾ ਨਹੀਂ ਹੋਈ।

ਕੈਨੇਡੀਅਨ ਪੰਜਾਬੀ ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਭਗੌੜਾਨਾਵਲ ਵਿੱਚ ਪਰਵਾਸੀ ਜ਼ਿੰਦਗੀ ਨੂੰ ਯਥਾਰਥਕ ਪੱਧਰ ਉੱਤੇ ਅਤੇ ਬਹੁਤ ਹੀ ਰੌਚਿਕ ਢੰਗ ਨਾਲ ਪੇਸ਼ ਕਰਕੇ ਪੰਜਾਬੀ ਪਾਠਕਾਂ ਦਾ ਧਿਆਨ ਖਿੱਚਿਆ ਹੈ। ਨਾਵਲ ਵਿੱਚ ਘਟਨਾਵਾਂ ਸਹਿਜ ਸੁਭਾਅ ਵਾਪਰਦੀਆਂ ਜਾਂਦੀਆਂ ਹਨ ਅਤੇ ਪਾਠਕ ਮਹਿਸੂਸ ਹੀ ਨਹੀਂ ਕਰਦਾ ਕਿ ਕੋਈ ਘਟਨਾ ਨਾਵਲ ਵਿੱਚ ਬੇਲੋੜੀ ਹੈ ਜਾਂ ਜ਼ਬਰਦਸਤੀ ਭਰੀ ਗਈ ਹੈ।

----

ਨਾਵਲ ਦੀ ਪਾਤਰ ਉਸਾਰੀ ਇਸ ਢੰਗ ਨਾਲ ਕੀਤੀ ਗਈ ਹੈ ਕਿ ਕੋਈ ਵੀ ਪਾਤਰ ਨਾਵਲ ਵਿੱਚ ਵਾਧੂ ਨਹੀਂ ਲੱਗਦਾ। ਹਰ ਪਾਤਰ ਹੀ ਮੌਕੇ ਅਨੁਸਾਰ ਨਾਵਲ ਦੀ ਕਹਾਣੀ ਵਿੱਚ ਪ੍ਰਗਟ ਹੁੰਦਾ ਹੈ ਅਤੇ ਮੌਕੇ ਨਾਲ ਮੇਲ ਖਾਂਦੀ ਗੱਲ ਹੀ ਕਰਦਾ ਹੈ।

ਨਾਵਲ ਦੀ ਸ਼ੈਲੀ ਪਾਠਕ ਦੇ ਮਨ ਵਿੱਚ ਅਜਿਹਾ ਅਹਿਸਾਸ ਪੈਦਾ ਕਰਦੀ ਹੈ ਕਿ ਨਾਵਲ ਦੇ ਪਾਤਰ ਤੁਹਾਨੂੰ ਕਿਤੇ ਵੀ ਓਪਰੇ ਨਹੀਂ ਲੱਗਦੇ।

ਨਾਵਲ ਦਾ ਪਲਾਟ ਉਸਾਰਦਿਆਂ ਪਰਵਾਸੀ ਜ਼ਿੰਦਗੀ ਨਾਲ ਜੁੜੀਆਂ ਸਮੱਸਿਆਵਾਂ ਨੂੰ ਯਥਾਰਥਕ ਪੱਧਰ ਉੱਤੇ ਪੇਸ਼ ਕੀਤਾ ਗਿਆ ਹੈ।

----

ਭਗੌੜਾਨਾਵਲ ਨੂੰ ਰੌਚਿਕ ਬਨਾਉਣ ਲਈ ਥਾਂ ਥਾਂ ਨਾਟਕੀ ਅੰਸ਼ਾਂ ਦੀ ਵਰਤੋਂ ਕੀਤੀ ਗਈ ਹੈ। ਅਜਿਹੇ ਨਾਟਕੀ ਮੌਕਿਆਂ ਉੱਤੇ ਪਾਤਰ ਸਮਾਜਿਕ, ਸਭਿਆਚਾਰਕ, ਆਰਥਿਕ, ਰਾਜਨੀਤਿਕ ਅਤੇ ਧਾਰਮਿਕ ਵਿਸ਼ਿਆਂ ਬਾਰੇ ਆਪਣੇ ਵਿਚਾਰ ਪੇਸ਼ ਕਰਦੇ ਹਨ। ਇਸ ਤਰ੍ਹਾਂ ਨਾਵਲ ਦੇ ਪਾਤਰਾਂ ਰਾਹੀਂ ਨਾਵਲਕਾਰ ਦੀ ਆਪਣੀ ਵਿਚਾਰਧਾਰਾ ਵੀ ਸਪੱਸ਼ਟ ਹੋ ਜਾਂਦੀ ਹੈ।

ਨਾਵਲ ਪੜ੍ਹਕੇ ਪਾਠਕ ਨੂੰ ਇਸ ਗੱਲ ਦਾ ਵੀ ਭਲੀ ਭਾਂਤ ਅਹਿਸਾਸ ਹੋ ਜਾਂਦਾ ਹੈ ਕਿ ਹਜ਼ਾਰਾਂ ਲੋਕ ਆਪਣੇ ਘਰ, ਜ਼ਮੀਨਾਂ, ਜਾਇਦਾਦਾਂ ਵੇਚ ਕੇ ਅਤੇ ਇਮੀਗਰੈਂਟ ਏਜੈਂਟਾਂ ਨੂੰ ਹਜ਼ਾਰਾਂ ਡਾਲਰ ਦੇ ਕੇ ਗ਼ੈਰ-ਕਾਨੂੰਨੀ ਢੰਗ ਨਾਲ ਕੈਨੇਡਾ ਪਹੁੰਚਣਾ ਚਾਹੁੰਦੇ ਹਨ। ਇਹ ਲੋਕ ਕੈਨੇਡਾ ਦੀ ਧਰਤੀ ਉੱਤੇ ਪੈਰ ਰੱਖਣ ਤੋਂ ਬਾਹਦ ਕੁਝ ਸਾਲਾਂ ਦੇ ਅੰਦਰ ਹੀ ਮਾਲੋ ਮਾਲ ਹੋ ਜਾਣ ਦੇ ਸੁਪਨੇ ਲੈਂਦੇ ਹਨ। ਪਰ ਜਦੋਂ ਉਨ੍ਹਾਂ ਨੂੰ ਇੱਥੇ ਆ ਕੇ ਦਿਨ ਰਾਤ 18-18 ਘੰਟੇ ਸਖਤ ਕੰਮ ਕਰਨਾ ਪੈਂਦਾ ਹੈ ਅਤੇ ਆਪਣੀ ਕਮਿਊਨਿਟੀ ਦੇ ਹੀ ਵਿਉਪਾਰੀਆਂ ਹੱਥੋਂ ਆਪਣੀ ਛਿੱਲ ਲੁਹਾਉਣੀ ਪੈਂਦੀ ਹੈ ਤਾਂ ਉਨ੍ਹਾਂ ਨੂੰ ਪਰਵਾਸੀ ਜ਼ਿੰਦਗੀ ਦੀਆਂ ਹਕੀਕਤਾਂ ਦਾ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਅਨੇਕਾਂ ਖੂਬਸੂਰਤ ਵਰ੍ਹੇ ਤਾਂ ਮਕਾਨਾਂ ਦੀ ਮੋਰਗੇਜ, ਹਾਈਡਰੋ ਬਿਲ, ਇਨਸ਼ੌਰੈਂਸ ਦੀਆਂ ਕਿਸ਼ਤਾਂ ਦੇਣ ਵਿੱਚ ਅਤੇ ਇਮੀਗਰੇਸ਼ਨ ਵਕੀਲਾਂ ਦੀਆਂ ਹਜ਼ਾਰਾਂ ਡਾਲਰਾਂ ਦੀਆਂ ਫੀਸਾਂ ਦੇਣ ਵਿੱਚ ਹੀ ਬੀਤ ਗਏ। ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਪਰਵਾਸ ਆਕੇ ਖ਼ੂਬਸੂਰਤ ਜ਼ਿੰਦਗੀ ਜਿਉਣ ਦੇ ਉਨ੍ਹਾਂ ਨੇ ਜਿਹੜੇ ਸੁਪਨੇ ਲਏ ਸਨ ਉਨ੍ਹਾਂ ਸੁਪਨਿਆਂ ਵਰਗਾ ਤਾਂ ਇੱਥੇ ਜ਼ਿੰਦਗੀ ਵਿੱਚ ਉਨ੍ਹਾਂ ਨੂੰ ਕੁਝ ਵੀ ਹਾਸਿਲ ਨਹੀਂ ਹੋਇਆ। ਉਨ੍ਹਾਂ ਨੂੰ ਤਾਂ ਇਸ ਤਰ੍ਹਾਂ ਅਜਾਈਂ ਜਾ ਰਹੀ ਜ਼ਿੰਦਗੀ ਬਾਰੇ ਸੋਚਣ ਦੀ ਵੀ ਵਿਹਲ ਨਹੀਂ ਮਿਲਦੀ।

----

ਨਾਵਲਕਾਰ ਸੇਖਾ ਆਪਣੇ ਨਾਵਲ ਭਗੌੜਾਵਿੱਚ ਇਹ ਗੱਲ ਵੀ ਬੜੇ ਹੀ ਸਪੱਸ਼ਟ ਰੂਪ ਵਿੱਚ ਪੇਸ਼ ਕਰਦਾ ਹੈ ਕਿ ਕਿਸੇ ਵੀ ਸਭਿਆਚਾਰ ਜਾਂ ਕਮਿਊਨਿਟੀ ਵਿੱਚ ਨ ਤਾਂ ਸਾਰੇ ਹੀ ਲੋਕ ਚੰਗੇ ਹੁੰਦੇ ਹਨ ਅਤੇ ਨਾ ਹੀ ਕੋਈ ਸਭਿਆਚਾਰ ਦੂਜੇ ਸਭਿਆਚਾਰਾਂ ਨਾਲੋਂ ਉੱਤਮ ਹੁੰਦਾ ਹੈ। ਹਰ ਸਭਿਆਚਾਰ ਵਿੱਚ ਹੀ ਚੰਗਿਆਈਆਂ ਦੇ ਨਾਲ ਨਾਲ ਕੁਝ ਬੁਰਾਈਆਂ ਵੀ ਹੁੰਦੀਆਂ ਹਨ। ਇਸੇ ਤਰ੍ਹਾਂ ਹੀ ਕਿਸੇ ਸਭਿਆਚਾਰ ਨੂੰ ਮੰਨਣ ਵਾਲੇ ਲੋਕਾਂ ਵਿੱਚ ਕੁਝ ਲੋਕ ਮਾੜੇ ਵੀ ਹੁੰਦੇ ਹਨ। ਇਸ ਲਈ ਕਦੀ ਵੀ ਕਿਸੀ ਬੁਰਿਆਈ ਲਈ ਕਿਸੇ ਸਭਿਆਚਾਰ ਨੂੰ ਮੰਨਣ ਵਾਲੇ ਸਭਨਾਂ ਲੋਕਾਂ ਨੂੰ ਹੀ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ।

----

ਨਾਵਲ ਭਗੌੜਾਦੀ ਮੁੱਖ ਔਰਤ ਪਾਤਰ ਡਰੈਸਲਰ ਜਰਮਨ ਸਭਿਆਚਾਰ ਅਤੇ ਈਸਾਈ ਧਰਮ ਨਾਲ ਸਬੰਧ ਰੱਖਦੀ ਹੋਈ ਵੀ ਪੰਜਾਬੀ ਸਭਿਆਚਾਰ ਅਤੇ ਸਿੱਖ ਧਰਮ ਨਾਲ ਸਬੰਧ ਰੱਖਣ ਵਾਲੇ ਨਾਵਲ ਦੇ ਮੁੱਖ ਮਰਦ ਪਾਤਰ ਸੁਖਬੀਰ ਨਾਲ ਦਿਲੀ ਮੁਹੱਬਤ ਕਰਦੀ ਹੈ। ਡਰੈਸਲਰ ਸੁਖਬੀਰ ਨੂੰ ਕੈਨੇਡਾ ਪਹੁੰਚਾਉਣ ਅਤੇ ਇੱਥੇ ਸਥਾਪਤ ਹੋਣ ਵਿੱਚ ਹਰ ਤਰ੍ਹਾਂ ਦੀ ਮੱਦਦ ਕਰਦੀ ਹੈ। ਭਾਵੇਂ ਕਿ ਸੁਖਬੀਰ ਡਰੈਸਲਰ ਵੱਲੋਂ ਕੀਤੀ ਗਈ ਏਨੀ ਕੁਰਬਾਨੀ ਦੀ ਵੀ ਕਦਰ ਨਹੀਂ ਕਰਦਾ ਅਤੇ ਇੰਡੀਆ ਵਿੱਚ ਪਿਛੇ ਰਹਿ ਗਈ ਆਪਣੀ ਪਹਿਲੀ ਪ੍ਰੇਮਿਕਾ ਸੁਰੇਖਾ ਨਾਲ ਹੀ ਵਿਆਹ ਕਰਵਾਕੇ ਜ਼ਿੰਦਗੀ ਬਿਤਾਉਣ ਦੇ ਸੁਪਨੇ ਦੇਖਦਾ ਹੈ।

----

ਕੈਨੇਡਾ ਵਿੱਚ ਅਨੇਕਾਂ ਸਭਿਆਚਾਰਾਂ ਅਤੇ ਧਰਮਾਂ ਦੇ ਲੋਕ ਵੱਸਦੇ ਹਨ। ਭਗੌੜਾਨਾਵਲ ਵਿੱਚ ਨਾਵਲਕਾਰ ਸੇਖਾ ਇਸ ਗੱਲ ਦੀ ਵੀ ਹਿਮਾਇਤ ਕਰਦਾ ਹੈ ਕਿ ਜੇਕਰ ਕੈਨੇਡਾ ਵਿੱਚ ਵੱਸਦੇ ਵੱਖੋ ਵੱਖ ਸਭਿਆਚਾਰਾਂ ਅਤੇ ਧਰਮਾਂ ਦੇ ਲੋਕ ਆਪਣੇ ਧੀਆਂ/ਪੁੱਤਰਾਂ ਦੇ ਵਿਆਹ ਹੋਰਨਾਂ ਧਰਮਾਂ ਅਤੇ ਸਭਿਆਚਾਰਾਂ ਵਿੱਚ ਪੈਦਾ ਹੋਏ ਮਰਦਾਂ/ਔਰਤਾਂ ਨਾਲ ਕਰਨਗੇ ਤਾਂ ਇਸ ਨਾਲ ਕੈਨੇਡਾ ਦੇ ਬਹੁ-ਸਭਿਆਚਾਰਵਾਦ ਨੂੰ ਵੀ ਹੋਰ ਸ਼ਕਤੀ ਮਿਲੇਗੀ. ਇਸ ਤਰ੍ਹਾਂ ਕਰਨ ਨਾਲ ਕੈਨੇਡਾ ਦੇ ਲੋਕ ਇੱਕ ਦੂਜੇ ਨਾਲ ਹੋਰ ਵਧੇਰੇ ਪਿਆਰ ਮੁਹੱਬਤ ਨਾਲ ਰਹਿ ਸਕਣਗੇ। ਜਿਹੜੇ ਸੰਕੀਰਨ ਸੋਚ ਵਾਲੇ ਲੋਕ ਆਪਣੇ ਆਪਣੇ ਧਰਮਾਂ/ਸਭਿਆਚਾਰਾਂ/ਜ਼ਾਤਾਂ-ਪਾਤਾਂ ਦੇ ਬੰਧਨਾਂ ਵਿੱਚ ਹੀ ਕੈਦ ਰਹਿਣ ਦੀਆਂ ਕੋਸ਼ਿਸ਼ਾਂ ਕਰਨਗੇ ਉਹ ਲੋਕ ਨ ਸਿਰਫ ਆਪਣੇ ਲਈ ਹੀ ਸਮੱਸਿਆਵਾਂ ਪੈਦਾ ਕਰਦੇ ਰਹਿਣਗੇ; ਬਲਕਿ ਆਪਣੇ ਪ੍ਰਵਾਰ ਦੇ ਹੋਰਨਾਂ ਮੈਂਬਰਾਂ ਲਈ ਵੀ ਨਿਤ ਨਵੇਂ ਸੰਕਟ ਪੈਦਾ ਕਰਦੇ ਰਹਿਣਗੇ।

----

ਕੈਨੇਡਾ ਇਮੀਗਰੈਂਟਾਂ ਦਾ ਦੇਸ਼ ਹੈ। ਸਿਵਾਇ ਕੈਨੇਡਾ ਦੇ ਨੇਟਿਵ ਇੰਡੀਅਨ ਲੋਕਾਂ ਦੇ ਜੋ ਕਿ ਕੈਨੇਡਾ ਦੇ ਮੂਲ ਵਾਸੀ ਹਨ ਬਾਕੀ ਹਰ ਕੋਈ ਕਿਸੀ ਨ ਕਿਸੀ ਢੰਗ ਨਾਲ ਕੈਨੇਡਾ ਇਮੀਗਰੈਂਟ ਬਣਕੇ ਹੀ ਆਇਆ ਹੈ।

ਇਮੀਗਰੇਸ਼ਨ ਲੈਣ ਦੇ ਸੁਪਨੇ ਲੈ ਕੇ ਪੰਜਾਬ ਤੋਂ ਗ਼ੈਰ-ਕਾਨੂੰਨੀ ਢੰਗ ਨਾਲ ਕੈਨੇਡਾ ਪਹੁੰਚੇ ਨਾਵਲ ਭਗੌੜਾਦੇ ਮੁੱਖ ਪਾਤਰ ਸੁਖਬੀਰ ਦੁਆਲੇ ਸਾਰੇ ਨਾਵਲ ਦੀ ਉਸਾਰੀ ਕੀਤੀ ਗਈ ਹੈ।

ਕੈਨੇਡਾ ਵਿੱਚ ਇਮੀਗਰੈਂਟ ਮੂਲ ਤੌਰ ਉੱਤੇ ਦੋ ਹੀ ਕਾਰਨਾਂ ਕਰਕੇ ਆਏ ਹਨ।

ਕੈਨੇਡਾ ਵਿੱਚ ਇਮੀਗਰੈਂਟਾਂ ਦੇ ਆਉਣ ਦਾ ਪਹਿਲਾ ਕਾਰਨ ਹੈ ਉਨ੍ਹਾਂ ਦੇ ਮੂਲ ਦੇਸ਼ ਵਿਚਲੀ ਭ੍ਰਿਸ਼ਟ ਰਾਜਨੀਤੀ। ਇਸ ਭ੍ਰਿਸ਼ਟ ਰਾਜਨੀਤੀ ਦੇ ਫਲਸਰੂਪ ਜਾਂ ਤਾਂ ਉਨ੍ਹਾਂ ਲੋਕਾਂ ਦੀ ਜਾਨ ਨੂੰ ਸਰਕਾਰੀ ਖ਼ੁਫ਼ੀਆ ਏਜੰਸੀਆਂ ਦੇ ਏਜੰਟਾਂ ਅਤੇ ਪੁਲਿਸ ਵੱਲੋਂ ਕੀਤੇ ਜਾਂਦੇ ਅਤਿਆਚਾਰਾਂ ਤੋਂ ਖਤਰਾ ਹੁੰਦਾ ਹੈ ਜਾਂ ਉੱਥੇ ਪੈਦਾ ਹੋ ਰਹੀ ਗੰਦੀ ਰਾਜਨੀਤੀ, ਧਾਰਮਿਕ ਕੱਟੜਵਾਦ ਜਾਂ ਸਭਿਆਚਾਰਕ ਆਤੰਕਵਾਦ ਤੋਂ।

----

ਕੈਨੇਡਾ ਵਿੱਚ ਇਮੀਗਰੈਂਟਾਂ ਦੇ ਆਉਣ ਦਾ ਦੂਜਾ ਕਾਰਨ ਹੁੰਦਾ ਹੈ ਆਰਥਿਕ ਤੌਰ ਉੱਤੇ ਆਪਣੇ ਮੂਲ ਦੇਸ਼ ਨਾਲੋਂ ਬੇਹਤਰ ਜ਼ਿੰਦਗੀ ਜਿਉਣ ਦਾ ਸੁਪਨਾ।

ਇੰਡੀਆ ਦਾ ਪ੍ਰਾਂਤ ਪੰਜਾਬ 1978 ਤੋਂ ਲੈ ਕੇ ਤਕਰੀਬਨ 1995 ਤੱਕ ਖਾਲਿਸਤਾਨੀ ਆਤੰਕਵਾਦ ਦੀ ਲਹਿਰ ਦੇ ਪ੍ਰਭਾਵ ਥੱਲੇ ਰਿਹਾ ਹੈ। ਜਿਸ ਕਾਰਨ ਪੰਜਾਬ ਦੇ ਲੋਕਾਂ ਨੂੰ ਜਿੱਥੇ ਇੱਕ ਪਾਸੇ ਖਾਲਿਸਤਾਨੀ ਦਹਿਸ਼ਤਗਰਦਾਂ ਵੱਲੋਂ ਫੈਲਾਈ ਜਾ ਰਹੀ ਹਿੰਸਾ ਦਾ ਸ਼ਿਕਾਰ ਹੋਣ ਦਾ ਡਰ ਬਣਿਆ ਰਹਿੰਦਾ ਸੀ; ਉੱਥੇ ਹੀ ਦੂਜੇ ਪਾਸੇ ਲੋਕਾਂ ਨੂੰ ਪੰਜਾਬ ਪੁਲਿਸ ਵੱਲੋਂ ਖਾਲਿਸਤਾਨੀ ਦਹਿਸ਼ਤਗਰਦਾਂ ਨੂੰ ਕਾਬੂ ਵਿੱਚ ਰੱਖਣ ਦੇ ਨਾਮ ਹੇਠ ਕੀਤੇ ਜਾਂਦੇ ਅਤਿਆਚਾਰਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਪੰਜਾਬ ਵਿੱਚ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਵਧਦੇ ਜਾਂਦੇ ਪ੍ਰਭਾਵ ਨੂੰ ਰੋਕਣ ਲਈ ਪੰਜਾਬ ਪੁਲਿਸ ਅਤੇ ਪੰਜਾਬ ਵਿੱਚ ਆਈ ਹੋਈ ਕੇਂਦਰੀ ਪੁਲਿਸ ਨੂੰ ਭਾਰਤ ਸਰਕਾਰ ਵੱਲੋਂ ਇਹ ਇਜਾਜ਼ਤ ਮਿਲੀ ਹੋਈ ਸੀ ਕਿ ਉਹ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਆਪਣੀਆਂ ਗੋਲੀਆਂ ਦਾ ਨਿਸ਼ਾਨਾ ਬਣਾ ਸਕਦੇ ਹਨ। ਇਸ ਸਮੇਂ ਦੌਰਾਨ ਪੰਜਾਬ ਪੁਲਿਸ ਨੇ ਪੰਜਾਬ ਦੇ ਹਜ਼ਾਰਾਂ ਨੌਜੁਆਨਾਂ ਨੂੰ ਸ਼ੱਕੀ ਖਾਲਿਸਤਾਨੀ ਦਹਿਸ਼ਤਗਰਦਾਂ ਦਾ ਨਾਮ ਦੇ ਕੇ ਜਾਂ ਤਾਂ ਕਤਲ ਕਰ ਦਿੱਤਾ ਜਾਂ ਉਨ੍ਹਾਂ ਤੋਂ ਖਾਲਿਸਤਾਨੀ ਦਹਿਸ਼ਤਗਰਦਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਨਾਮ ਹੇਠ ਪੁਲਿਸ ਨੇ ਇੰਟੈਰੋਗੇਸ਼ਨ ਸੈਂਟਰਾਂ ਵਿੱਚ ਲਿਜਾ ਕੇ ਉਨ੍ਹਾਂ ਨੂੰ ਇੰਨੇ ਤਸੀਹੇ ਦਿੱਤੇ ਕਿ ਉਹ ਜਿਉਂਦੇ ਹੀ ਮਰਿਆਂ ਵਰਗੇ ਹੀ ਕਰ ਦਿੱਤੇ ਗਏ। ਪੁਲਿਸ ਨੇ ਕਿਸੇ ਦੀਆਂ ਲੱਤਾਂ ਤੋੜ ਦਿੱਤੀਆਂ, ਕਿਸੇ ਦੀਆਂ ਬਾਹਾਂ ਤੋੜ ਦਿੱਤੀਆਂ ਅਤੇ ਕਿਸੇ ਨੂੰ ਇੰਨੇ ਬਿਜਲੀ ਦੇ ਝਟਕੇ ਦਿੱਤੇ ਗਏ ਕਿ ਉਸ ਦਾ ਮਾਨਸਿਕ ਸੰਤੁਲਨ ਹੀ ਵਿਗਾੜ ਦਿੱਤਾ ਗਿਆ। ਪੰਜਾਬ ਦੇ ਹਜ਼ਾਰਾਂ ਬੇਕਸੂਰ ਨੌਜੁਆਨਾਂ ਨੂੰ ਸ਼ੱਕੀ ਖਤਰਨਾਕ ਖਾਲਿਸਤਾਨੀ ਦਹਿਸ਼ਤਗਰਦ ਬਣਾ ਕੇ ਨਕਲੀ ਪੁਲਿਸ ਮੁਕਾਬਲਿਆਂ ਵਿੱਚ ਮਾਰ ਦਿੱਤਾ ਗਿਆ। ਉਨ੍ਹਾਂ ਦਹਿਸ਼ਤਗਰਦਾਂ ਦੇ ਸਿਰਾਂ ਉੱਤੇ ਭਾਰਤ ਸਰਕਾਰ ਵੱਲੋਂ ਰੱਖੇ ਗਏ ਲੱਖਾਂ ਰੁਪਏ ਦੇ ਇਨਾਮ ਪੰਜਾਬ ਪੁਲਿਸ ਦੇ ਇਨ੍ਹਾਂ ਕੁਰੱਪਟ ਅਫਸਰਾਂ ਨੇ ਆਪਣੀਆਂ ਜੇਬਾਂ ਵਿੱਚ ਪਾ ਲਏ।

----

ਪੰਜਾਬ ਵਿੱਚ ਚੱਲ ਰਹੀ ਖਾਲਿਸਤਾਨੀ ਦਹਿਸ਼ਤਗਰਦੀ ਦੀ ਲਹਿਰ ਦੇ ਇਨ੍ਹਾਂ ਦਿਨਾਂ ਵਿੱਚ ਹੀ ਇਸ ਨਾਵਲ ਦਾ ਮੁੱਖ ਪਾਤਰ ਸੁਖਬੀਰ ਪੰਜਾਬ ਦੀ ਇੱਕ ਯੂਨੀਵਰਸਿਟੀ ਦਾ ਵਿਦਿਆਰਥੀ ਹੁੰਦਾ ਹੈ ਅਤੇ ਯੂਨੀਵਰਸਿਟੀ ਕੈਂਪਸ ਵਿੱਚ ਹੀ ਇੱਕ ਸਟੂਡੈਂਟ ਹੋਸਟਲ ਵਿੱਚ ਰਹਿ ਰਿਹਾ ਹੁੰਦਾ ਹੈ।

ਨਾਵਲ ਦਾ ਮੁੱਢ ਮੁੱਖ ਪਾਤਰ ਸੁਖਬੀਰ ਅਤੇ ਸੁਰੇਖਾ ਨਾਮ ਦੀ ਇੱਕ ਔਰਤ ਦੇ ਰੁਮਾਂਸ ਨਾਲ ਸਬੰਧਤ ਵਾਪਰੀਆਂ ਘਟਨਾਵਾਂ ਨਾਲ ਹੀ ਬੱਝਦਾ ਹੈ।

----

ਇਸ ਤਰ੍ਹਾਂ ਭਗੌੜਾਨਾਵਲ ਨੂੰ ਇੱਕ ਯਥਾਰਥਵਾਦੀ ਰੋਮਾਂਸਵਾਦੀ ਨਾਵਲ ਵੀ ਕਿਹਾ ਜਾ ਸਕਦਾ ਹੈ. ਨਾਵਲ ਦਾ ਸਾਰਾ ਘਟਨਾਕਰਮ ਮੁੱਖ ਪਾਤਰ ਸੁਖਬੀਰ ਦੇ ਰੋਮਾਂਸ ਨਾਲ ਹੀ ਸ਼ੁਰੂ ਹੁੰਦਾ ਹੈ ਅਤੇ ਰੋਮਾਂਸ ਨਾਲ ਸਬੰਧਤ ਘਟਨਾਵਾਂ ਨਾਲ ਹੀ ਖਤਮ ਹੁੰਦਾ ਹੈ। ਨਾਵਲਕਾਰ ਸੇਖਾ ਨੇ ਭਗੌੜਾਨਾਵਲ ਦਾ ਅੰਤ ਬੜੇ ਖੂਬਸੂਰਤ ਢੰਗ ਨਾਲ ਕੀਤਾ ਹੈ. ਨਾਵਲਕਾਰ ਦੱਸਦਾ ਹੈ ਕਿ ਪਰਵਾਸ ਵਿੱਚ ਰਹਿ ਰਹੇ ਅਨੇਕਾਂ ਪੰਜਾਬੀ ਕਿਵੇਂ ਆਪਣੀ ਸਾਰੀ ਉਮਰ ਇਸ ਭੁਲੇਖੇ ਵਿੱਚ ਹੀ ਕੱਢ ਦਿੰਦੇ ਹਨ ਕਿ ਉਨ੍ਹਾਂ ਦਾ ਸਭਿਆਚਾਰ ਹੋਰਨਾਂ ਸਭਿਆਚਾਰਾਂ ਨਾਲੋਂ ਬਹੁਤ ਹੀ ਉੱਤਮ ਹੈ। ਇਸ ਭੁਲੇਖੇ ਦਾ ਸਿ਼ਕਾਰ ਹੋਏ ਉਹ ਹੋਰਨਾਂ ਸਭਿਆਚਾਰਾਂ ਦੇ ਲੋਕਾਂ ਨਾਲ ਆਪਣੇ ਚੰਗੇ ਸਬੰਧ ਬਣਾਉਣ ਦੇ ਅਨੇਕਾਂ ਵਧੀਆ ਮੌਕੇ ਗੁਆ ਲੈਂਦੇ ਹਨ। ਸੁਖਬੀਰ ਵੀ ਅਜਿਹੇ ਭੁਲੇਖਿਆਂ ਦਾ ਸ਼ਿਕਾਰ ਹੋ ਕੇ ਆਪਣੀ ਵਧੀਆ ਦੋਸਤ ਜਰਮਨ ਔਰਤ ਡਰੈਸਲਰ ਦਾ ਸਾਥ ਗੁਆ ਲੈਂਦਾ ਹੈ:

ਡਰੈਸਲਰ ਉਸਨੂੰ ਛੱਡਕੇ ਤੁਰ ਗਈ ਸੀ। ਸੁਰੇਖਾ ਨੇ ਉਸ ਨਾਲ ਇਕ ਬੋਲ ਵੀ ਸਾਂਝਾ ਨਹੀਂ ਸੀ ਕੀਤਾ ਅਤੇ ਮੈਡਮ ਪਾਲ ਨੇ ਵੀ ਉਸ ਨੂੰ ਧਿਰਕਾਰ ਦਿੱਤਾ ਸੀ। ਉਹ ਇਸ ਸਮੇਂ ਆਪਣੇ ਆਪ ਨੂੰ ਸੰਸਾਰ ਵਿੱਚ ਬਿਲਕੁਲ ਇਕੱਲਾ ਰਹਿ ਗਿਆ ਮਹਿਸੂਸ ਕਰ ਰਿਹਾ ਸੀ। ਇਹ ਇਕੱਲ ਉਸਨੇ ਆਪਣੀ ਗਲਤ ਸੋਚ ਨਾਲ ਆਪ ਸਹੇੜ ਲਈ ਸੀ। ਜਿਸ ਗੱਲ ਨੂੰ ਉਸ ਨੇ ਸਾਧਾਰਨ ਸਮਝ ਲਿਆ ਸੀ ਅਜ ਉਸੇ ਗੱਲ ਨੇ ਉਸ ਨੂੰ ਕਿਸੇ ਪਾਸੇ ਜੋਗਾ ਨਹੀਂ ਸੀ ਛੱਡਿਆ। ਉਹ ਦੋਹਾਂ ਪਾਸਿਆਂ ਤੋਂ ਹੀ ਨਫਰਤ ਦਾ ਪਾਤਰ ਬਣ ਗਿਆ ਸੀ।

----

ਸੁਖਬੀਰ ਨੂੰ ਆਪਣੀ ਪਹਿਲੀ ਪ੍ਰੇਮਿਕਾ ਸੁਰੇਖਾ ਦੇ ਪਿਓ ਦੇ ਡਰ ਕਾਰਨ ਇੰਡੀਆ ਛੱਡਣਾ ਪੈਂਦਾ ਹੈ ਅਤੇ ਆਪਣੀ ਦੂਜੀ ਪ੍ਰੇਮਕਾ ਡਰੈਸਲਰ ਦੇ ਪਿਓ ਦੇ ਡਰ ਕਾਰਨ ਜਰਮਨੀ ਛੱਡਣਾ ਪੈਂਦਾ ਹੈ। ਪਰ ਦੋਹਾਂ ਪ੍ਰੇਮਿਕਾਵਾਂ ਦੇ ਪ੍ਰੇਮ ਵਿੱਚ ਤੈਸ਼ੰਕੂ ਵਾਂਗ ਲਟਕ ਰਿਹਾ ਸੁਖਬੀਰ ਨਾਵਲ ਦੇ ਅੰਤ ਉੱਤੇ ਆਪਣੀਆਂ ਦੋਹਾਂ ਹੀ ਪ੍ਰੇਮਕਾਵਾਂ ਦਾ ਵਿਸ਼ਵਾਸ਼ ਗੁਆ ਬੈਠਦਾ ਹੈ। ਕਿਉਂਕਿ ਪਰਵਾਸ ਦੀ ਜ਼ਿੰਦਗੀ ਵਿੱਚ ਆਪਣੇ ਨਵੇਂ ਅਪਣਾਏ ਦੇਸ਼ ਕੈਨੇਡਾ ਦੀ ਚਕਾਚੌਂਦ ਵਾਲੀ ਜ਼ਿੰਦਗੀ ਦੇਖਕੇ ਖ਼ੁਦਗਰਜ਼ ਹੋ ਜਾਂਦਾ ਹੈ ਅਤੇ ਉਸਦੀਆਂ ਪ੍ਰੇਮਿਕਾਵਾਂ ਉਸ ਦੀ ਸੋਚ ਵਿੱਚ ਪ੍ਰਾਥਮਿਕਤਾ ਨਹੀਂ ਰੱਖਦੀਆਂ। ਉਸ ਦੀ ਜਰਮਨ ਮੂਲ ਦੀ ਪ੍ਰੇਮਿਕਾ ਡਰੈਸਲਰ ਉਸਦੇ ਮੁਸੀਬਤ ਭਰੇ ਦਿਨਾਂ ਵਿੱਚ ਉਸਦੀ ਹਰ ਤਰ੍ਹਾਂ ਨਾਲ ਮੱਦਦ ਕਰਦੀ ਹੈ। ਉਸਨੂੰ ਵੀ ਸੁਖਬੀਰ ਇੱਕ ਰਖੇਲ ਵਾਂਗ ਵਰਤਣ ਤੋਂ ਬਾਹਦ ਛੱਡ ਦੇਣ ਦੀਆਂ ਵਿਉਂਤਾਂ ਬਣਾਉਂਦਾ ਹੈ ਅਤੇ ਉਸ ਉੱਤੇ ਇਸ ਕਰਕੇ ਹੀ ਵਿਸ਼ਵਾਸ ਕਰਨ ਲਈ ਤਿਆਰ ਨਹੀਂ ਹੁੰਦਾ ਕਿ ਉਹ ਪੱਛਮੀ ਸਭਿਆਚਾਰ ਵਿੱਚ ਜੰਮੀ ਪਲੀ ਔਰਤ ਹੈ। ਪਰਵਾਸ ਵਿੱਚ ਰਹਿ ਰਹੇ ਪੰਜਾਬੀਆਂ ਦੀ ਇਹ ਵੀ ਇੱਕ ਵੱਡੀ ਸਮੱਸਿਆ ਹੈ ਕਿ ਕੈਨੇਡਾ ਵਿੱਚ ਜੰਮੇ ਪਲੇ ਬੱਚੇ ਹੋਰਨਾਂ ਸਭਿਆਚਾਰਾਂ ਦੇ ਬੱਚਿਆਂ ਨਾਲ ਘੁਲੇ ਮਿਲੇ ਹੋਣ ਕਰਕੇ ਇਸ ਗੱਲ ਵਿੱਚ ਵੀ ਕੋਈ ਬੁਰੀ ਗੱਲ ਨਹੀਂ ਸਮਝਦੇ ਜੇਕਰ ਉਹ ਹੋਰਨਾਂ ਸਭਿਆਚਾਰਾਂ ਦੇ ਮਰਦ/ਔਰਤਾਂ ਨਾਲ ਵਿਆਹ ਕਰ ਲੈਣ। ਪਰ ਪਰਵਾਸੀ ਪੰਜਾਬੀ ਮਾਪੇ ਅਜੇ ਵੀ ਪੁਰਾਣੇ ਖ਼ਿਆਲਾਂ ਦੇ ਹੀ ਹੋਣ ਕਾਰਨ ਅਜਿਹਾ ਜਰ ਨਹੀਂ ਸਕਦੇ। ਵਿਚਾਰਾਂ ਦੇ ਅਜਿਹੇ ਟਕਰਾ ਨੂੰ ਨਾਵਲਕਾਰ ਸੇਖਾ ਨੇ ਆਪਣੇ ਪਾਤਰਾਂ ਦੇ ਵਾਰਤਾਲਾਪਾਂ ਰਾਹੀਂ ਬੜੇ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਹੈ:

ਬਹੁਤ ਗਲਤ ਸੋਚ ਹੈ ਤੇਰੀ ਸੁੱਖੇ, ਬਹੁਤ ਹੀ ਗਲਤ। ਕਿੰਨੀਆਂ ਗੋਰੀਆਂ ਨੇ ਆਪਣੇ ਮੁੰਡਿਆਂ ਨਾਲ ਵਿਆਹ ਕਰਵਾਏ ਤੇ ਉਹ ਉਨ੍ਹਾਂ ਨੂੰ ਛੱਡ ਕੇ ਕਿਤੇ ਹੋਰ ਚਲੀਆਂ ਗਈਆਂ? ਮੈਂ ਤਾਂ ਦੇਖਦਾਂ ਜਿੰਨੀਆਂ ਗੋਰੀਆਂ ਨੇ ਆਪਣੇ ਮੁੰਡਿਆਂ ਨਾਲ ਵਿਆਹ ਕਰਵਾਏ ਐ ਸਭ ਆਪੋ ਆਪਣੇ ਘਰੀਂ ਰੰਗੀਂ ਵੱਸਦੀਆਂ...ਏਸੇ ਤਰ੍ਹਾਂ ਜਿਹੜੀਆਂ ਆਪਣੀਆਂ ਕੁੜੀਆਂ ਨੇ ਗੋਰਿਆਂ ਨਾਲ ਵਿਆਹ ਕਰਵਾਏ ਐ ਉਹ ਵੀ ਆਪਣੇ ਘਰ ਸੁਖੀ ਨੇ। ਸਿੰਡੀ ਹਾਕਇਨਜ਼ ਐਮ.ਐਲ.ਏ. ਤੇਰੇ ਸਾਹਮਣੇ ਐ। ਗੋਰੇ ਗੋਰੀਆਂ ਨੂੰ ਬੇਵਫ਼ਾ ਨ ਕਹਿ....

----

ਇਸ ਨਾਵਲ ਵਿੱਚ ਜਿੱਥੇ ਕਿ ਇਮੀਗਰੈਂਟ ਏਜੰਟਾਂ ਵੱਲੋਂ ਬਦੇਸ਼ ਜਾਣ ਦੇ ਚਾਹਵਾਨ ਲੋਕਾਂ ਦੀ ਕੀਤੀ ਜਾਂਦੀ ਲੁੱਟ ਦਿਖਾਈ ਗਈ ਹੈ - ਉੱਥੇ ਇਹ ਵੀ ਦਿਖਾਇਆ ਗਿਆ ਹੈ ਕਿ ਇਨ੍ਹਾਂ ਏਜੰਟਾਂ ਨੂੰ ਸਿਰਫ਼ ਆਪਣੇ ਡਾਲਰ ਕਮਾਉਣ ਨਾਲ ਹੀ ਮਤਲਬ ਹੁੰਦਾ ਹੈ। ਇਨ੍ਹਾਂ ਏਜੰਟਾਂ ਰਾਹੀਂ ਗੈ਼ਰ-ਕਾਨੂੰਨੀ ਢੰਗ ਨਾਲ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਸਫ਼ਰ ਕਰਦੇ ਕਿੰਨ੍ਹੇ ਲੋਕਾਂ ਦੀਆਂ ਜਾਨਾਂ ਭੰਗ ਦੇ ਭਾੜੇ ਚਲੀਆਂ ਜਾਂਦੀਆਂ ਹਨ ਇਨ੍ਹਾਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਭਗੌੜਾਨਾਵਲ ਦਾ ਇਹ ਵਾਰਤਾਲਾਪ ਸਾਰੀ ਸਚਾਈ ਸਾਡੇ ਸਾਹਮਣੇ ਰੱਖ ਦਿੰਦਾ ਹੈ:

ਤੁਹਾਡੇ ਸਾਰੇ ਗਾਹਕ ਆਪਣੇ ਟੀਚੇ ਤੇ ਪੁੱਜ ਜਾਂਦੇ ਐ?”

ਹਾਂ, ਹਾਂ, ਸਾਡੀ ਪੂਰੀ ਕੋਸਿ਼ਸ਼ ਹੁੰਦੀ ਏ ਕਿ ਹਰ ਇਕ ਨੂੰ ਉਸਦੇ ਟੀਚੇ ਤੇ ਪੁਜਦਾ ਕੀਤਾ ਜਾਵੇ ਪਰ ਗਰੰਟੀ ਕੋਈ ਨਹੀਂ। ਜਿਵੇਂ ਆਹ ਪਿਛਲੇ ਦਿਨੀਂ ਮੁੰਡੇ ਆਪਣੀ ਗਲਤੀ ਨਾਲ ਹੀ ਦਰਿਆ ਵਿਚ ਰੁੜ੍ਹ ਗਏ। ਕਈ ਵਾਰ ਪੁਲਿਸ ਦੇ ਅੜ੍ਹਿਕੇ ਚੜ੍ਹ ਕੇ ਕਈ ਜ੍ਹੇਲਾਂ ਵਿੱਚ ਵੀ ਰੁਲਦੇ ਰਹਿੰਦੇ ਨੇ।

----

ਇਸੇ ਤਰ੍ਹਾਂ ਹੀ ਇਸ ਨਾਵਲ ਵਿੱਚ ਪਰਵਾਸੀਆਂ ਦੀ ਜ਼ਿੰਦਗੀ ਨਾਲ ਸਬੰਧਤ ਇੱਕ ਹੋਰ ਪੱਖ ਵੀ ਬੜੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ ਕਿ ਗ਼ੈਰ-ਕਾਨੂੰਨੀ ਢੰਗ ਨਾਲ ਆਏ ਹੋਏ ਲੋਕਾਂ ਨੂੰ ਸਾਡੀ ਆਪਣੀ ਹੀ ਕਮਿਊਨਿਟੀ ਦੇ ਵਿਉਪਾਰੀ ਲੋਕ ਆਰਥਿਕ ਤੌਰ ਉੱਤੇ ਲੁੱਟਦੇ ਹਨ ਅਤੇ ਉਨ੍ਹਾਂ ਨੂੰ ਜਾਨਵਰਾਂ ਵਾਲੀਆਂ ਹਾਲਤਾਂ ਵਿੱਚ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਗ਼ੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਵਾਲੇ ਲੋਕਾਂ ਦੇ ਮਨਾਂ ਅੰਦਰ ਪੁਲਿਸ ਵੱਲੋਂ ਫੜੇ ਜਾਣ ਦਾ ਡਰ ਬੈਠਾ ਕੇ ਇਨ੍ਹਾਂ ਫੈਕਟਰੀਆਂ ਅਤੇ ਵਿਉਪਾਰਕ ਅਦਾਰਿਆਂ ਦੇ ਮਾਲਕਾਂ ਵੱਲੋਂ ਇਨ੍ਹਾਂ ਕਾਮਿਆਂ ਨੂੰ ਮਹਿਸੂਸ ਕਰਵਾਇਆ ਜਾਂਦਾ ਹੈ ਕਿ ਮਾਲਕ ਤਾਂ ਉਨ੍ਹਾਂ ਨੂੰ ਕੰਮ ਦੇ ਕੇ ਉਨ੍ਹਾਂ ਉੱਤੇ ਅਹਿਸਾਨ ਕਰ ਰਹੇ ਹਨ:

ਸੁਖਬੀਰ ਨੂੰ ਇੱਕ ਆਪਣੇ ਫੜੇ ਜਾਣ ਦਾ ਡਰ ਅਤੇ ਦੂਜਾ ਮਾਲਕਾਂ ਵੱਲੋਂ ਉਸਨੂੰ ਬਹੁਤ ਥੋੜੀ ਉਜਰਤ ਦੇਣ ਦਾ ਮਨ ਵਿੱਚ ਖੇਦ ਰਹਿੰਦਾ। ਉਸ ਨੂੰ ਹੁਣ ਤੱਕ ਪਤਾ ਲੱਗ ਗਿਆ ਸੀ ਕਿ ਉਸਦੇ ਨਾਲ ਕੰਮ ਕਰਨ ਵਾਲੇ ਕਾਮੇ ਦੋ ਤੋਂ ਢਾਈ ਹਜ਼ਾਰ ਮਾਰਕ ਤੱਕ ਕਮਾ ਲੈਂਦੇ ਸਨ, ਪਰ ਇਸਦੇ ਉਲਟ ਉਸਨੂੰ ਛੇ ਸੌ ਮਾਰਕ ਦਿੱਤੇ ਜਾਂਦੇ ਹਨ।

----

ਇਸ ਨਾਵਲ ਦੇ ਵਧੇਰੇ ਪਾਤਰ ਕਿਉਂਕਿ ਪੰਜਾਬੀ ਸਭਿਆਚਾਰ ਨਾਲ ਹੀ ਸਬੰਧਤ ਹਨ, ਇਸ ਲਈ ਇਸ ਨਾਵਲ ਵਿੱਚ ਕੈਨੇਡਾ ਵਿੱਚ ਰਹਿ ਰਹੇ ਪੰਜਾਬੀ ਸਭਿਆਚਾਰ ਨਾਲ ਸਬੰਧਤ ਸਮੱਸਿਆਵਾਂ ਦਾ ਵੀ ਲੋੜ ਅਨੁਸਾਰ ਜ਼ਿਕਰ ਕੀਤਾ ਗਿਆ ਹੈ। ਇਹ ਸਮੱਸਿਆਵਾਂ ਨਾਵਲਕਾਰ ਸੇਖਾ ਨੇ ਪਾਤਰਾਂ ਦੇ ਵਾਰਤਾਲਾਪਾਂ ਰਾਹੀਂ ਪੇਸ਼ ਕੀਤੀਆਂ ਹਨ। ਨਾਵਲ ਦੇ ਮੁਖ ਪਾਤਰ ਸੁਖਬੀਰ ਦੀ ਦੂਜੀ ਪ੍ਰੇਮਿਕਾ ਜਰਮਨ ਔਰਤ ਡਰੈਸਲਰ ਵੱਲੋਂ ਕਹੇ ਗਏ ਇਹ ਸ਼ਬਦ ਪੰਜਾਬੀ ਸਭਿਆਚਾਰ ਦੇ ਪੈਰੋਕਾਰਾਂ ਦੀ ਇੱਕ ਵੱਡੀ ਸਮੱਸਿਆ ਵੱਲ ਸਾਡਾ ਧਿਆਨ ਦੁਆਂਦੇ ਹਨ:

ਕਿਸੇ ਧਰਮ ਦੀ ਉਚਤਾ ਦਾ ਪਤਾ ਉਸ ਧਰਮ ਦੀਆਂ ਪਵਿੱਤਰ ਪੋਥੀਆਂ ਵਿੱਚ ਬੰਦ ਪਏ ਸਿਧਾਂਤਾਂ ਤੋਂ ਨਹੀਂ ਲੱਗਦਾ। ਪਤਾ ਉਸ ਧਰਮ ਦੇ ਪੈਰੋਕਾਰਾਂ ਦੇ ਕਿਰਦਾਰ ਤੋਂ ਲੱਗਦਾ ਹੈ..।

----

ਨਾਵਲ ਦੇ ਮੁੱਢ ਵਿੱਚ ਹੀ ਨਾਵਲ ਦਾ ਮੁੱਖ ਪਾਤਰ ਸੁਖਬੀਰ ਪੰਜਾਬ, ਇੰਡੀਆ ਨੂੰ ਇਸ ਲਈ ਛੱਡ ਕੇ ਆਉਂਦਾ ਹੈ ਕਿਉਂਕਿ ਉੱਥੇ ਖਾਲਿਸਤਾਨੀ ਦਹਿਸ਼ਤਗਰਦਾਂ ਵੱਲੋਂ ਚਲਾਈ ਜਾ ਰਹੀ ਆਤੰਕਵਾਦ ਦੀ ਲਹਿਰ ਕਾਰਨ ਪੁਲਿਸ ਦਾ ਆਤੰਕਵਾਦ ਵੀ ਬਹੁਤ ਵੱਧ ਚੁੱਕਾ ਹੈ. ਕੈਨੇਡਾ ਆ ਕੇ ਸੁਖਬੀਰ ਦੇਖਦਾ ਹੈ ਕਿ ਪਰਵਾਸ ਵਿੱਚ ਰਹਿ ਰਹੇ ਪੰਜਾਬੀਆਂ ਦੀ ਸੋਚ ਵਿੱਚ ਇੱਕ ਖੜੋਤ ਆ ਚੁੱਕੀ ਹੈ ਅਤੇ ਉਹ ਮਾਨਸਿਕ ਤੌਰ ਉੱਤੇ ਅਜੇ ਵੀ ਉਨ੍ਹਾਂ ਸਮਿਆਂ ਵਿੱਚ ਹੀ ਜਿਉਣ ਦੀ ਕੋਸਿ਼ਸ਼ ਕਰ ਰਹੇ ਹਨ ਜਿਹੜੇ ਸਮੇਂ ਉਹ ਏਨੇ ਸਾਲ ਪਹਿਲਾਂ ਆਪਣੇ ਪਿਛੇ ਰਹਿ ਗਏ ਦੇਸ ਵਿੱਚ ਛੱਡ ਆਏ ਸਨ। ਏਨੇ ਵਰ੍ਹਿਆਂ ਬਾਹਦ ਭਾਵੇਂ ਕਿ ਹੁਣ ਪੰਜਾਬ, ਇੰਡੀਆ ਵਿੱਚ ਤਾਂ ਖਾਲਿਸਤਾਨੀ ਦਹਿਸ਼ਤਗਰਦਾਂ ਦਾ ਆਤੰਕਵਾਦ ਖਤਮ ਹੋ ਗਿਆ ਹੈ ਅਤੇ ਪੁਲਿਸ ਦਾ ਆਤੰਕਵਾਦ ਵੀ ਹੁਣ ਉਨਾਂ ਨਹੀਂ ਰਿਹਾ ਪਰ ਇੰਡੀਆ ਤੋਂ ਹਜ਼ਾਰਾਂ ਮੀਲ ਦੂਰ ਕੈਨੇਡਾ ਵਿੱਚ ਖਾਲਿਸਤਾਨੀ ਦਹਿਸ਼ਤਗਰਦਾਂ ਦਾ ਅਜੇ ਵੀ ਓਵੇਂ ਹੀ ਬੋਲਬਾਲਾ ਹੈ। ਵਿਸਾਖੀ ਤਿਓਹਾਰ ਦੇ ਮੌਕੇ ਉੱਤੇ ਖਾਲਸਾ ਡੇਅ ਪਰੇਡ ਸਮੇਂ ਅਜੇ ਵੀ ਖਾਲਿਸਤਾਨੀ ਦਹਿਸ਼ਤਗਰਦਾਂ ਦੇ ਹਿਮਾਇਤੀਆਂ ਵੱਲੋਂ ਦਹਿਸ਼ਤਗਰਦਾਂ ਦੇ ਹੱਕ ਵਿੱਚ ਨਾਹਰੇ ਲਗਾਏ ਜਾਂਦੇ ਹਨ। ਮਾਲਟਨ, ਬਰੈਮਪਟਨ, ਵੈਨਕੂਵਰ ਦੇ ਗੁਰਦੁਆਰਿਆਂ ਵਿੱਚ ਖਾਲਿਸਤਾਨੀ ਦਹਿਸ਼ਤਗਰਦਾਂ ਦੀਆਂ ਵੱਡੀਆਂ ਵੱਡੀਆਂ ਤਸਵੀਰਾਂ ਲਗਾਈਆਂ ਹੋਈਆਂ ਹਨ। ਭਾਵੇਂ ਕਿ ਕੈਨੇਡਾ ਸਰਕਾਰ ਨੇ ਇਨ੍ਹਾਂ ਵਿੱਚੋਂ ਕਈ ਸਿੱਖ ਦਹਿਸ਼ਤਗਰਦਾਂ ਨਾਲ ਸਬੰਧਤ ਜੱਥੇਬੰਦੀਆਂ ਉੱਤੇ ਪਾਬੰਧੀ ਲਗਾਈ ਹੋਈ ਹੈ। ਭਗੌੜਾਨਾਵਲ ਵਿੱਚ ਪੇਸ਼ ਕੀਤੇ ਗਏ ਕੈਨੇਡਾ ਦੇ ਗੁਰਦੁਆਰਿਆਂ ਵਿੱਚ ਚੱਲਦੀਆਂ ਕ੍ਰਿਪਾਨਾਂ ਦੇ ਦ੍ਰਿਸ਼ ਨੂੰ ਦੇਖ ਕੇ ਲੱਗਦਾ ਹੈ ਕਿ ਅਸੀਂ ਇੰਡੀਆ ਤੋਂ ਹਜ਼ਾਰਾਂ ਮੀਲ ਦੂਰ ਆ ਕੇ ਵੀ ਆਪਣੀਆਂ ਮਾੜੀਆਂ ਆਦਤਾਂ ਨਹੀਂ ਛੱਡੀਆਂ:

ਪਹਿਲਾਂ ਹੱਥੋ ਪਾਈ ਹੋਈ ਫੇਰ ਕ੍ਰਿਪਾਨਾਂ ਨਿਕਲ ਆਈਆਂ। ਗੁਰਦੁਆਰੇ ਦੇ ਪ੍ਰਧਾਨ ਦੀ ਕੁੜੀ ਦਾ ਸਿਰ ਪਾਟ ਗਿਆ. ਕਿਸੇ ਦੀ ਬਾਂਹ ਕੱਟੀ ਗਈ। ਸਿੱਖਾਂ ਦੀਆਂ ਪੱਗਾਂ ਪੈਰਾਂ ਵਿੱਚ ਰੁਲ ਰਹੀਆਂ ਸਨ। ਲਲਕਾਰੇ ਵਜ ਰਹੇ ਸਨ। ਇੰਜ ਜਾਪਦਾ ਸੀ ਜਿਵੇਂ ਗੁਰਦੁਆਰਾ ਸ਼ਾਂਤੀ ਦਾ ਸਥਾਨ ਨ ਹੋ ਕੇ ਕੋਈ ਯੁੱਧ ਦਾ ਮੈਦਾਨ ਹੋਵੇ।

----

ਨਾਵਲ ਵਿੱਚ ਸਿਰਫ਼ ਇੱਕ ਦੋ ਥਾਵਾਂ ਉੱਤੇ ਜਾਪਦਾ ਹੈ ਕਿ ਨਾਟਕੀ ਸਥਿਤੀ ਵਿੱਚ ਨਕਲੀਪਣ ਹੈ। ਉਦਾਹਰਣ ਦੇ ਤੌਰ ਉੱਤੇ ਜਿਵੇਂ ਨਾਵਲਕਾਰ ਵੱਲੋਂ ਇਹ ਦਿਖਾਇਆ ਜਾਣਾ ਕਿ ਸੁਖਬੀਰ ਦੀ ਪ੍ਰੇਮਿਕਾ ਸੁਰੇਖਾ ਇੰਨੇ ਸਾਲਾਂ ਬਾਹਦ ਵੀ ਅਜੇ ਵੀ ਇੰਡੀਆ ਵਿੱਚ ਉਸਦਾ ਇੰਤਜ਼ਾਰ ਕਰ ਰਹੀ ਹੈ। ਅਜੋਕੇ ਸਮਿਆਂ ਵਿੱਚ ਪੜ੍ਹੀਆਂ ਲਿਖੀਆਂ ਔਰਤਾਂ ਅਜਿਹੇ ਝੰਜਟਾਂ ਵਿੱਚ ਪੈਣ ਦੀ ਥਾਂ ਅਤੇ ਬਾਹਰ ਗਏ ਕਿਸੇ ਵਿਅਕਤੀ ਦਾ ਇੰਤਜ਼ਾਰ ਕਰਨ ਦੀ ਥਾਂ ਆਪਣੀ ਪਸੰਦ ਮੁਤਾਬਿਕ ਕੋਈ ਮਰਦ ਲੱਭ ਕੇ ਆਪਣਾ ਵਿਆਹ ਕਰ ਲੈਂਦੀਆਂ ਹਨ ਅਤੇ ਆਪਣੀ ਜ਼ਿੰਦਗੀ ਦਾ ਮਜ਼ਾ ਲੈਂਦੀਆਂ ਹਨ।

ਭਗੌੜਾਨੂੰ ਪਰਵਾਸ ਵਿੱਚ ਰਹਿ ਰਹੇ ਪੰਜਾਬੀ ਮੂਲ ਦੇ ਲੋਕਾਂ ਦੀ ਜ਼ਿੰਦਗੀ ਬਾਰੇ ਲਿਖਿਆ ਗਿਆ ਇੱਕ ਸਫਲ ਯਥਾਰਵਾਦੀ ਰੋਮਾਂਸਵਾਦੀ ਨਾਵਲ ਕਿਹਾ ਜਾ ਸਕਦਾ ਹੈ।

ਜਰਨੈਲ ਸਿੰਘ ਸੇਖਾ ਨੂੰ ਇੱਕ ਵਧੀਆ ਨਾਵਲ ਲਿਖਣ ਲਈ ਮੇਰੀਆਂ ਸ਼ੁੱਭ ਇੱਛਾਵਾਂ।


No comments: