ਯਾਦਾਂ
ਮੇਰੀ ਬਹੁਤ ਛੋਟੀ ਉਮਰ ਹੋਣ ਸਮੇ ਦੀ ਗੱਲ ਹੈ। ਅਜੇ ਮੈ ਓਦੋਂ ਡੰਗਰ ਚਾਰਨ ਵਾਲ਼ੀ ਸਟੇਜ ਤੇ ਵੀ ਨਹੀ ਸੀ ਅੱਪੜਿਆ। ਸਾਡੀ ਹਵੇਲੀ ਵਿਚ ਸ਼ਾਮ ਦੇ ਘੁਸਮੁਸੇ ਜਿਹੇ ਸਮੇ ਮੇਰੇ ਦੋਵੇਂ ਚਾਚੇ, ਸ. ਬਚਨ ਸਿੰਘ ਤੇ ਸ. ਕੁੰਦਨ ਸਿੰਘ, ਟੋਕੇ ਤੇ ਪੱਠੇ ਕੁਤਰ ਰਹੇ ਸਨ। ਮੈ ਲਾਗੇਹੀ ਏਧਰ ਓਧਰ ਫਿਰ ਰਿਹਾ ਸਾਂ। ਭਾਈਆ ਜੀ ਕਿਤੇ ਬਾਹਰ ਗਏ ਹੋਏ ਸਨ। ਵੱਡੇ ਚਾਚਾ ਜੀ ਟੋਕਾ ਗੇੜ ਰਹੇ ਸੀ ਤੇ ਛੋਟੇ ਚਾਚਾ ਜੀ ਚੀਰਨੀਆਂ ਲਾ ਰਹੇ ਸੀ। ਗੁਰਦੁਆਰੇ ਦੇ ਸਾਹਮਣੇ ਸਾਡੀ ਹਵੇਲੀ ਦਾ ਮੇਰੇ ਚਾਰੇ ਬਾਬਿਆਂ ਦਾ ਸਾਂਝਾ ਵਾਹਵਾ ਵੱਡਾ ਥਾਂ ਹੁੰਦਾ ਸੀ। ਗੁਰਦੁਆਰਾ ਤੇ ਇਸਦਾ ਬਾਗ ਇਕ ਪਾਸੇ ਤੇ ਸਾਡੀ ਹਵੇਲੀ ਦੂਜੇ ਪਾਸੇ, ਆਹਮੋ ਸਾਹਮਣੇ ਹੁੰਦੇ ਸਨ ਤੇ ਇਹਨਾਂ ਦੋਹਾਂ ਦੇ ਵਿਚਕਾਰ ਦੀ ਖੂਹ ਵੱਲੋਂ ਸੜਕ ਤੋਂ ਆਉਣ ਵਾਲਾ ਰਾਹ, ਜਿਸਨੂੰ ਪਹਿਆ ਆਖਿਆ ਜਾਂਦਾ ਸੀ, ਪਿੰਡ ਵਿਚ ਪ੍ਰਵੇਸ਼ ਕਰਦਾ ਸੀ। ਹੁਣ ਵੀ ਸਾਡੇ ਵਾਲ਼ੇ ਪਾਸਿਉਂ ਸੜਕ ਤੋਂ ਪਿੰਡ ਨੂੰ ਇਹੋ ਹੀ ਰਾਹ ਹੈ। ਜਾਵਿਆਂ ਵਾਲ਼ੇ ਪਾਸੇ ਤੋਂ ਇਕ ਹੋਰ ਰਾਹ ਵੀ ਸੜਕ ਤੋਂ ਪਿੰਡ ਵਿਚ ਵੜਦਾ ਹੈ ਜੋ ਕਿ ਛੱਪੜ ਦੇ ਕਿਨਾਰੇ ਹੁੰਦਾ ਹੋਇਆ ਗੁਰਦੁਆਰੇ ਦੇ ਪਿਛਵਾੜੇ ਵਿਚਦੀ, ਸਾਡੀ ਹਵੇਲੀ ਤੋਂ ਅੱਗੇ ਜਾ ਚੁੱਕੇ ਸਾਡੇ ਵਾਲ਼ੇ ਰਾਹ ਵਿਚ ਹੀ ਅਭੇਦ ਹੋ ਜਾਂਦਾ ਹੈ।
----
ਸਾਡਾ ਹਵੇਲੀ ਵਾਲ਼ਾ ਥਾਂ ਮੇਰੇ ਚਾਰੇ ਬਾਬਿਆਂ ਵਿਚ ਇਕੋ ਜਿਹਾ ਵੰਡਿਆ ਹੋਇਆ ਸੀ। ਹੁਣ ਇਸ ਹਵੇਲੀ ਵਾਲੇ ਥਾਂ ਤੇ ਘਰ ਬਣ ਚੁੱਕੇ ਹਨ। ਗੁਰਦੁਆਰੇ ਦੇ ਬਿਲਕੁਲ ਸਾਹਮਣੇ ਵਾਲ਼ਾ ਹਿੱਸਾ ਸਾਡਾ ਹੁੰਦਾ ਸੀ। ਤੇ ਸਾਡੇ ਪਿਛਵਾੜੇ ਵਾਲ਼ਾ ਹਿੱਸਾ ਮੇਰੇ ਬਾਬਾ ਜੀ ਦੇ ਨੰਬਰ ਦੋ ਵਾਲ਼ੇ ਭਰਾ ਹੌਲਦਾਰ ਹਰਨਾਮ ਸਿੰਘ ਜੀ ਦੇ ਹਿੱਸੇ ਦਾ ਸੀ। ਉਹ ਪਰਵਾਰ ਸਮੇਤ ਬਾਰ ਵਾਲ਼ੇ ਮੁਰੱਬੇ ਦੇ ਇਵਜ਼ ਵਿਚ ਮਿਲ਼ਨ ਵਾਲੀ ਜ਼ਮੀਨ ਉਪਰ, ਬਾਬੇ ਬਕਾਲੇ ਦੇ ਨੇੜੇ, ਭਲਾਈ ਪੁਰ ਨਾਮੀ ਪਿੰਡ ਵਿਚ ਜਾ ਵਸੇ ਸਨ। ਉਹਨਾਂ ਵਾਲ਼ਾ ਹਿੱਸਾ ਵੀ ਸਭ ਤੋਂ ਵੱਡੇ ਭਰਾ ਸ. ਭਾਨ ਸਿੰਘ ਜੀ ਦੇ ਕਬਜ਼ੇ ਵਿਚ ਸੀ। ਉਹ ਇਸ ਲਈ ਕਿ ਮੇਰੀ ਦਾਦੀ ਜੀ ਦੀਆਂ ਦੋਹਵੇਂ ਜਠਾਣੀਆ ਵੀ ਜੇਠਾਂ ਵਾਂਗ ਸਕੀਆਂ ਭੈਣਾਂ ਸਨ। ਸਾਡੇ ਸੱਜੇ ਹੱਥ ਵਾਲ਼ਾ ਹਿੱਸਾ ਮੇਰੇ ਬਾਬਾ ਸ. ਅਮਰ ਸਿੰਘ ਜੀ ਦੇ ਸਭ ਤੋਂ ਛੋਟੇ ਭਰਾ, ਸ. ਈਸ਼ਰ ਸਿੰਘ ਜੀ, ਦੇ ਕੋਲ਼ ਸੀ। ਇਹ ਬਹੁਤ ਸਮਾ ਪਹਿਲਾਂ ਯੂ. ਪੀ. ਵਿਚ ਚਲੇ ਗਏ ਸਨ ਪਰ ਓਦੋਂ ਅਜੇ ਨਹੀ ਸਨ ਗਏ। ਉਸਦੇ ਪਿਛਵਾੜੇ ਵਾਲ਼ਾ ਚੌਥਾ ਹਿੱਸਾ ਸਭ ਤੋਂ ਵੱਡੇ ਭਰਾ ਸ. ਭਾਨ ਸਿੰਘ ਜੀ ਦੇ ਹਿੱਸੇ ਦਾ ਸੀ। ਇਹਨਾਂ ਚੌਹਾਂ ਹਿੱਸਿਆਂ ਨੂੰ ਹੀ ਛੋਟੀਆਂ ਛੋਟੀਆਂ ਕੰਧਾਂ ਨਾਲ਼ ਵੱਖ ਵੱਖ ਕੀਤਾ ਹੋਇਆ ਸੀ ਤੇ ਇਹਨਾਂ ਕੰਧਾਂ ਦੇ ਉਤੋਂ ਦੀ ਇਕ ਦੂਜੇ ਨੂੰ ਵੇਖਿਆ ਤੇ ਸੁਣਿਆ ਜਾ ਸਕਦਾ ਸੀ।
----
ਉਸ ਸ਼ਾਮ ਨੂੰ ਵੱਡੇ ਬਾਬਾ ਜੀ ਤੇ ਉਹਨਾਂ ਦੇ ਪੁੱਤਰ ਅਰਥਾਤ ਮੇਰੇ ਕਜ਼ਨ ਚਾਚੇ ਮੰਜਿਆਂ ਤੇ ਬੈਠੇ ਕੁਝ ਗੁੱਸੇ ਜਿਹੇ ਵਾਲ਼ੀਆਂ ਗੱਲਾਂ ਕਰ ਰਹੇ ਸਨ। ਉਹ ਗੱਲਾਂ ਦੋਹਾਂ ਹਵੇਲੀਆ ਵਿਚ ਆਉਣ ਵਾਲ਼ੀਆਂ ਦੋਹਾਂ ਹੀ ਛੋਟੀਆਂ ਕੰਧਾਂ ਦੇ ਉਤੋਂ ਦੀ ਸਾਡੇ ਪਾਸੇ ਵੀ ਸੁਣਾਈ ਦੇ ਰਹੀਆਂ ਸਨ। ਉਹਨਾਂ ਦੀਆਂ ਗੱਲਾਂ ਦੀ ਮੈਨੂੰ ਹੋਰ ਤਾਂ ਸਮਝ ਨਾ ਆਈ ਪਰ ਕੋਈ ਅਣਸੁਖਾਵਾਂ ਜਿਹਾ ਅਸਰ ਮੇਰੇ ਤੇ ਕਰ ਰਹੀਆਂ ਸਨ। ਤਾਹੀਉਂ ਖ਼ਬਰ ਕਿ ਮੇਰੇ ਛੋਟੇ ਚਾਚਾ ਜੀ ਚੀਰਨੀਆਂ ਲਾਉਣੀਆਂ ਛੱਡ ਕੇ, ਕੰਧ ਦੇ ਉਤੋਂ ਦੀ ਉਸ ਪਾਸੇ ਮੂੰਹ ਕਰਕੇ ਉਹਨਾਂ ਨੂੰ ਗੁੱਸੇ ਵਿਚ ਕੁਝ ਇਹੋ ਜਿਹੇ ਬੋਲ ਆਖਣ ਲੱਗੇ, “ਆਓ ਫਿਰ ਇਹ ਲੱਕੜ ਦਾ ਮੋਛਾ ਚੁੱਕ ਕੇ ਵਿਖਾਓ।“ ਓਧਰੋਂ ਜਵਾਬ ਆਇਆ, “ਲਓ ਫਿਰ ਅਸੀਂ ਆ ਰਹੇ ਹਾਂ; ਵੇਖਦੇ ਹਾਂ ਤੁਹਾਨੂੰ।“ ਕੁਝ ਇਹੋ ਜਿਹੇ ਰਲ਼ਦੇ ਮਿਲ਼ਦੇ ਭਾਵ ਵਾਲ਼ੇ ਸ਼ਬਦਾਂ ਦਾ ਦੋਹਾਂ ਪੱਖਾਂ ਵੱਲੋਂ ਵਟਾਂਦਰਾ ਹੋਇਆ ਤੇ ਉਹ ਸਾਰੇ ਭਰਾ ਉਠ ਕੇ, ਹੌਲਦਾਰ ਵਾਲ਼ੇ ਹਿੱਸੇ ਵਿਚਦੀ ਲੰਘਦੇ ਹੋਏ, ਆਧੀਆਂ ਦੀ ਹਵੇਲੀ ਤੇ ਸਾਡੀ ਹਵੇਲੀ ਵਿਚਲੇ ਗੁਰਦੁਆਰੇ ਨੂੰ ਸਾਹਮਣੇ ਰਾਹ ਵਿਚਦੀ ਹੁੰਦੇ ਹੋਏ, ਸਾਡੀ ਹਵੇਲੀ ਦੇ ਬੂਹੇ ਵੱਲ ਨੂੰ ਤੁਰ ਪਏ। ਏਧਰੋਂ ਮੇਰੇ ਦੋਹਾਂ ਚਾਚਿਆਂ ਨੇ ਟੋਕਾ ਛੱਡ ਕੇ ਛੇਤੀ ਛੇਤੀ ਜਾ ਕੇ ਵੱਡੇ ਨੇ ਵੱਡੀ ਕ੍ਰਿਪਾਨ ਤੇ ਛੋਟੇ ਨੇ ਬਰਛਾ ਸੰਭਾਲ਼ ਲਿਆ ਤੇ ਕਾਹਲੀ ਕਾਹਲ਼ੀ ਹਵੇਲੀ ਦੇ ਬੂਹੇ ਵੱਲ ਨੂੰ ਹੋ ਲਏ।
----
ਝਗੜੇ ਵਾਲ਼ੀ ਗੱਲ ਦਾ ਸਾਰ ਕੁਝ ਇਉਂ ਸੀ ਕਿ ਮਾਂਗੇ ਤੇ ਵੈਰੋ ਨੰਗਲ ਨਾਮੀ ਪਿੰਡਾਂ ਵਾਲ਼ੇ ਪਾਸੇ, ਮੈਰੇ ਵਾਲ਼ੀ ਜ਼ਮੀਨ ਵਿਚ ਸਾਂਝਾ ਖੂਹ ਸੀ। ਇਸਦੇ ਨੇੜੇ ਹੀ ਇਕ ਹੋਰ ਖੂਹ ਵੀ ਸੀ ਪਰ ਉਹ ਹੁਣ ਖਡੱਲ ਬਣ ਚੁੱਕਿਆ ਸੀ। ਜਿਸ ਖੂਹ ਨੂੰ ਵਰਤਿਆ ਨਾ ਜਾਂਦਾ ਹੋਵੇ ਉਸਨੂੰ ਖਡੱਲ ਆਖਣ ਲੱਗ ਪੈਂਦੇ ਸਨ। ਸ਼ਾਇਦ ਇਹ ਖੂਹ ਵੱਡੀਆਂ ਇੱਟਾਂ ਦਾ ਸੀ। ਆਮ ਤੌਰ ਤੇ ਉਹਨਾਂ ਦਿਨਾਂ ਵਿਚ ਖੂਹ ਨਾਨਕ ਸ਼ਾਹੀ ਨਿੱਕੀਆਂ ਦੇ ਇੱਟਾਂ ਦੇ ਹੁੰਦੇ ਸਨ। ਵੱਡੀਆਂ ਇੱਟਾਂ ਵਾਲ਼ੇ ਖੂਹ ਦਾ ਮਤਲਬ ਹੁੰਦਾ ਸੀ ਕਿ ਇਹ ਥੋਹੜੇ ਚਿਰ ਤੋਂ ਬਣਾਇਆ ਗਿਆ ਹੈ। ਇਸ ਤਰ੍ਹਾਂ ਦਾ ਵੱਡੀਆਂ ਇੱਟਾਂ ਵਾਲ਼ਾ ਇਕ ਖੂਹ ਪਿੰਡ ਦੇ ਲਾਗੇ ਵੀ ਮਜ਼ਹਬੀਆਂ ਵਾਲੇ ਪਾਸੇ ਦੇ ਬਾਹਰਵਾਰ ਹੁੰਦਾ ਸੀ। ਉਸਦਾ ਨਾਂ ਹੀ ਨਵਾਂ ਖੂਹ ਸੀ। ਅਸੀਂ ਡੰਗਰ ਚਾਰਨ ਸਮੇ ਇਸ ਖਡੱਲ ਵੱਲ ਇਕੱਲੇ ਜਾਣ ਤੋਂ ਡਰਿਆ ਕਰਦੇ ਸਾਂ। ਵੱਡੇ ਮੁੰਡਿਆਂ ਨੇ ਸਾਨੂੰ ਡਰਾਉਣ ਲਈ ਆਖਣਾ ਕਿ ਉਸ ਵਿਚ ਜੋਗੀ ਰਹਿੰਦੇ ਹਨ। ਕਦੀ ਕਦੀ ਉਹਨਾਂ ਦੇ ਮਿਲ਼ ਪੈਣ ਦੀਆਂ ਘਟਨਾਵਾਂ ਵੀ ਝੂਠੀਆਂ ਹੀ ਬਣਾ ਕੇ ਸਾਨੂੰ ਸੁਣਾਉਣੀਆਂ ਤੇ ਸੁਣਨ ਸਮੇ ਸਾਡੇ ਡਰ ਨਾਲ਼ ਲੂੰ ਕੰਡੇ ਜਿਹੇ ਹੋਣ ਲੱਗ ਪੈਣੇ। ਇਕ ਦਿਨ ਦੁਪਹਿਰ ਜਿਹੀ ਨੂੰ ਅਸੀਂ ਪਹੇ ਵਿਚ ਲੱਗੇ ਵੱਡੇ ਪੱਥਰ ਦੇ ਕੋਲ਼ ਬੈਠੇ ਹੋਏ ਸਾਂ। ਇਹ ਪਹਿਆ ਤੇ ਪੱਥਰ ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲਿਆਂ ਦੀ ਹੱਦ ਦਰਸਾਉਂਦਾ ਸੀ। ਹੁਣ ਤਾਂ ਸ਼ਾਇਦ ਓਥੇ ਪੱਕੀ ਸੜਕ ਬਣ ਗਈ ਹੋਵੇ। ਇਹ ਸਾਡੇ ਪਿੰਡ ਸੂਰੋ ਪੱਡੇ ਤੇ ਮੇਰੀ ਵੱਡੀ ਚਾਚੀ ਜੀ ਦੇ ਪੇਕੇ ਪਿੰਡ, ਵੈਰੋ ਨੰਗਲ ਦੇ ਐਨ ਵਿਚਕਾਹੇ ਇਕ ਮੀਲ ਉਪਰ ਵਾਕਿਆ ਸੀ। ਇਸਦੇ ਦੋਹੀਂ ਪਾਸੀਂ ਇਹ ਦੋਵੇਂ ਪਿੰਡ ਇਕ ਇਕ ਮੀਲ ਦੀ ਵਿਥ ਉਪਰ ਹੁੰਦੇ ਸਨ। ਇਹ ਮੀਲਾਂ ਵਾਲੀ ਗੱਲ ਦਾ ਵੀ ਮੈਨੂੰ ਤਾਂ ਪਤਾ ਲੱਗਾ ਕਿ ਇਕ ਵਾਰੀਂ ਭਿੰਡਰਾਂ ਵਾਲੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਵੈਰੋ ਨੰਗਲ ਦੇ ਗੁਰਦੁਆਰਾ ਗੁਰੂਆਣਾ ਵਿਚ ਠਹਿਰੇ ਹੋਏ ਸਨ ਤੇ ਇਕ ਦਿਨ ਉਹਨਾਂ ਦੀ ਕਥਾ ਸੁਣਨ ਅਸੀਂ, ਮੇਰੇ ਭਾਈਆ ਜੀ ਦੇ ਮਾਮਾ ਜੀ, ਭਾਈ ਸੋਹਣ ਸਿੰਘ ਜੀ ਹੋਰਾਂ ਨਾਲ਼ ਜਾ ਰਹੇ ਸਾਂ। ਉਹ ਆਪਣੇ ਕਪੂਰਥਲਾ ਜ਼ਿਲੇ ਵਿਚਲੇ ਪਿੰਡ ਸੰਗੋਜਲਾ ਤੋਂ ਕੇਵਲ ਸੰਤਾਂ ਦੀ ਕਥਾ ਸੁਣਨ ਹੀ ਸਾਡੇ ਪਿੰਡ ਆਏ ਹੋਏ ਸਨ। ਹੋਰ ਤਾਂ ਮੈਨੂੰ ਕਿਸੇ ਗੱਲ ਦੀ ਸਮਝ ਨਹੀ ਸੀ ਤੇ ਨਾ ਹੀ ਮੈਨੂੰ ਕਥਾ ਬਾਰੇ ਪਤਾ ਹੈ ਕਿ ਮੈ ਸੰਤਾਂ ਦੀ ਕਥਾ ਸੁਣਨ ਦੀਵਾਨ ਵਿਚ ਬੈਠਿਆ ਸਾਂ ਜਾਂ ਨਹੀ। ਜੇ ਬੈਠਿਆ ਵੀ ਹੋਵਾਂਗਾ ਤਾਂ ਮੇਰੇ ਪੱਲੇ ਕੁਝ ਉਸ ਸਮੇ ਪੈ ਸਕੇ, ਇਸਦੀ ਸੰਭਾਵਨਾ ਨਹੀ ਸੀ। ਅਸੀ ਸਾਰੇ ਜਣੇ ਤੁਰਦੇ ਹੋਏ ਉਸ ਪੱਥਰ ਕੋਲ਼ ਪਹੁੰਚੇ ਜਿਸਨੂੰ ਉਸ ਸਮੇ ਅਸੀਂ ਝੱਡਾ ਆਖਿਆ ਕਰਦੇ ਸਾਂ। ਉਸ ਝੱਡੇ ਕੋਲ਼ ਖਲੋ ਕੇ ਮਾਮਾ ਜੀ ਨੇ ਪਿੱਛੇ ਮੁੜ ਕੇ ਸਾਡੇ ਪਿੰਡ ਵੱਲ ਵੇਖਿਆ ਤੇ ਫਿਰ ਅਗਲੇ ਪਿੰਡ ਵੈਰੋ ਨੰਗਲ ਵੱਲ ਵੇਖ ਕੇ ਕੁਝ ਅੰਦਾਜ਼ੇ ਜਿਹੇ ਨਾਲ਼ ਇਉਂ ਆਖਿਆ, “ਝੱਡੇ ਤੋਂ ਏਧਰ ਵੀ ਇਕ ਮੀਲ ਤੇ ਝੱਡੇ ਤੋਂ ਓਧਰ ਵੀ ਇਕ ਮੀਲ; ਕੁਲ਼ ਦੋ ਮੀਲ ਦਾ ਫਾਸਲਾ। ਉਸ ਸਮੇ ਕਿਲੋ ਮੀਟਰਾਂ ਦਾ ਅਜੇ ਰਿਵਾਜ਼ ਨਹੀ ਸੀ ਪਿਆ ਤੇ ਮੀਲਾਂ ਦੀ ਵੀ ਸ਼ਾਇਦ ਨਵੀਂ ਨਵੀਂ ਵਰਤੋਂ ਹੋਣੀ ਹੀ ਸ਼ੁਰੂ ਹੋਈ ਹੋਵੇਗੀ। ਉਸ ਤੋਂ ਪਹਿਲਾਂ ਕੋਹ ਆਖਿਆ ਕਰਦੇ ਸਨ ਜੋ ਕਿ ਮੀਲ ਨਾਲ਼ੋਂ ਵੱਡਾ ਹੁੰਦਾ ਸੀ; ਜਿਵੇਂ ਕਿਲੋ ਮੀਟਰ ਨਾਲ਼ੋਂ ਮੀਲ ਵੱਡਾ ਹੁੰਦਾ ਹੈ। ਸਾਡੇ ਪਿੰਡ ਵਾਲ਼ੀ ਸੜਕ ਵਿਚਲੀਆਂ ਗੈਬਲਾਂ ਦੇ ਕੋਲ਼ ਇਕ ਮੀਲ ਪੱਥਰ ਗੱਡਿਆ ਹੁੰਦਾ ਸੀ। ਉਹ ਸ਼ਾਇਦ ਹੁਣ ਵੀ ਹੋਵੇ। ਉਸ ਚਿੱਟੇ ਕੰਕਰੀਟ ਦੇ ਬਣੇ ਚਿੱਟੇ ਰੰਗ ਵਾਲ਼ੇ ਮੀਲ ਪੱਥਰ ਉਪਰ ਕਾਲ਼ੇ ਪੇਂਟ ਨਾਲ ਪੰਜਾਬੀ ਵਿਚ ਇਕ ਪਾਸੇ ਲਿਖਿਆ ਹੁੰਦਾ ਸੀ: ਮਹਿਤਾ ਦੋ ਮੀਲ ਤੇ ਸ੍ਰੀ ਹਰਿ ਗੋਬਿੰਦਪੁਰ 14 ਮੀਲ। ਦੂਜੇ ਬੰਨੇ ਲਿਖਿਆ ਹੁੰਦਾ ਸੀ ਅੰਮ੍ਰਿਤਸਰ 22 ਮੀਲ। ਇਕ ਦਿਨ ਮੇਰੇ ਬਾਬਾ ਜੀ ਦੇ ਵੱਡੇ ਭਰਾ ਹੌਲਦਾਰ ਹਰਨਾਮ ਸਿੰਘ ਜੀ ਨੇ ਲਿਖਿਆ ਹੋਇਆ 22 ਮੀਲ ਪੜ੍ਹ ਕੇ ਆਖਿਆ, “ਹੱਛਾ, ਅੰਮ੍ਰਿਤਸਰ ਪੰਦਰਾਂ ਕੋਹ।” ਤਾਂ ਮੈਨੂੰ ਪਤਾ ਲੱਗਾ ਕਿ 22 ਮੀਲਾਂ ਦੇ ਪੰਦਰਾਂ ਕੋਹ ਬਣਦੇ ਹਨ। ਹੁਣ ਭਾਵੇਂ ਬਹੁਤੇ ਦੇਸ਼ਾਂ ਵਿਚ ਕਿਲੋ ਮੀਟਰਾਂ ਦੀ ਵਰਤੋਂ ਹੁੰਦੀ ਹੈ ਪਰ ਇੰਗਲੈਂਡ ਸਮੇਤ ਅਜੇ ਵੀ ਕਈ ਮੁਲਕਾਂ ਵਿਚ ਮੀਲ ਹੀ ਵਰਤੇ ਜਾਂਦੇ ਹਨ।
----
ਇਸ ਖੂਹ, ਜਿਸਨੂੰ ਮੈਰੇ ਵਾਲ਼ਾ ਖੂਹ ਆਖਦੇ ਸਾਂ, ਦੇ ਚੰਨੇ ਲਾਗੇ ਧਰੇਕ ਦਾ ਇਕ ਦਰੱਖਤ ਸੀ। ਉਹ ਸੁੱਕ ਗਿਆ ਸੀ ਤੇ ਛਾਂ ਦੇਣ ਤੋਂ ਅਸਮਰੱਥ ਹੋ ਗਿਆ ਸੀ। ਉਸ ਸੁੱਕੇ ਹੋਏ ਦਰੱਖ਼ਤ ਨੂੰ ਮੇਰੇ ਚਾਚੇ ਚੁੱਕ ਲਿਆਏ ਸਨ। ਉਹ ਦਰੱਖ਼ਤ ਖੂਹ ਦੇ ਚੰਨੇ ਕੋਲ਼ ਹੋਣ ਕਰਕੇ ਸਾਂਝੇ ਥਾਂ ਵਿਚ ਲੱਗਾ ਸਭ ਦਾ ਸਾਂਝਾ ਸਮਝਿਆ ਜਾਂਦਾ ਸੀ। ਇਸ ਲਈ ਇਕੇ ਧਿਰ ਦਾ ਉਸਨੂੰ ਚੁੱਕ ਲਿਆਉਣਾ ਦੂਜਿਆਂ ਨੂੰ ਠੀਕ ਨਹੀ ਸੀ ਲੱਗਿਆ। ਇਸ ਬਾਰੇ ਹੀ ਉਹ ਕੁਝ ਅਣਸੁਖਾਵੀਆਂ ਗੱਲਾਂ ਕਰ ਰਹੇ ਸਨ।
----
ਸਾਡੀ ਹਵੇਲੀ ਦਾ ਬੂਹਾ ਬੰਦ ਸੀ। ਜਦੋਂ ਬੂਹੇ ਦੀਆਂ ਝੀਤਾਂ ਵਿਚਦੀ ਮੇਰੇ ਚਾਚਿਆਂ ਨੇ ਵੇਖਿਆ ਕਿ ਅੱਗੇ ਅੱਗੇ ਉਹਨਾਂ ਦਾ ਤਾਇਆ ਤੇ ਉਸਦੇ ਪਿਛੇ ਉਸਦੇ ਪੁੱਤ, ਖਾਲੀ ਹੱਥ ਹਨ ਤਾਂ ਇਹਨਾਂ ਨੇ ਵੀ ਕਾਹਲ਼ੀ ਵਿਚ ਆਪਣੇ ਬਰਛਾ ਤੇ ਕ੍ਰਿਪਾਨ ਬੂਹੇ ਦੇ ਤਖ਼ਤਿਆਂ ਦੇ ਪਿੱਛੇ ਰੱਖ ਦਿਤੇ ਤੇ ਬੂਹਾ ਖੋਹਲ ਦਿਤਾ। ਤਖ਼ਤਿਆਂ ਦੇ ਦੋਹੀਂ ਪਾਸੀਂ ਆਪਣੇ ਆਪਣੇ ਥਾਂ ਆ ਕੇ ਟਿਕਣ ਨਾਲ਼ ਦੋਵੇਂ ਹਥਿਆਰ ਉਹਨਾਂ ਦੇ ਪਿੱਛੇ ਲੁਕ ਗਏ ਤੇ ਵਿਰੋਧੀਆਂ ਨੂੰ ਦਿਸੇ ਨਾਂ। ਉਹਨਾਂ ਦੇ ਅੱਗੇ ਉਹਨਾਂ ਦਾ ਪਿਓ ਮੇਰੇ ਬਾਬੇ ਦਾ ਸਭ ਤੋਂ ਵੱਡਾ ਭਰਾ ਸ. ਭਾਨ ਸਿੰਘ ਸੀ ਤੇ ਪਿੱਛੇ ਉਸਦੇ ਸਾਰੇ ਪੁੱਤਰ ਜੋ ਕਿ ਪੰਜ ਸਨ। ਸਭ ਤੋਂ ਵਡਾ ਮਲਾਇਆ ਵਿਚ ਰਹਿੰਦਾ ਸੀ। ਉਹ ਛੇ ਜਣੇ ਤੇ ਮੇਰੇ ਚਾਚੇ ਦੋ ਜਣੇ ਸਨ। ਮੇਰੇ ਚਾਚੇ ਦੋਹਵੇਂ ਬੂਹੇ ਦੀ ਸਰਦਲ ਦੇ ਅਮਦਰ ਤੇ ਉਹ ਸਾਰੇ ਜਣੇ ਬੂਹੇ ਦੇ ਬਾਹਰ ਪਹੇ ਵਿਚ ਡਟੇ ਰਹੇ। ਵਾਹਵਾ ਚਿਰ “ਤੂੰ ਤੂੰ, ਮੈ ਮੈ” ਕਰਕੇ ਉਹ ਬੂਹੇ ਦੇ ਬਾਹਰੋਂ ਹੀ ਵਾਪਸ ਮੁੜ ਗਏ। ਹੱਥੋ ਪਾਈ ਤੇ ਗਾਲ੍ਹੀ-ਗਲ਼ੋਚ ਹੋਣੋ ਉਰੇ ਉਰੇ ਹੀ ਸਰ ਗਿਆ। ਉਸ ਸੁੱਕੇ ਦਰੱਖ਼ਤ ਦਾ ਤਣਾ ਪਤਾ ਨਹੀ ਕਿੰਨਾ ਚਿਰ ਸਾਡੀ ਹਵੇਲੀ ਵਿਚ ਪਿਆ ਰਿਹਾ ਤੇ ਪਤਾ ਨਹੀ ਪਿੱਛੋਂ ਉਸਦਾ ਕੀ ਕੀਤਾ ਗਿਆ।
----
ਮੇਰੀ ਯਾਦ ਵਿਚ ਇਸ ਘਟਨਾ ਦੀ ਤਸਵੀਰ ਅਜੇ ਤੱਕ ਓਸੇ ਤਰ੍ਹਾਂ ਹੀ ਬੈਠੀ ਹੋਈ ਹੈ। ਓਦੋਂ ਤਾਂ ਇਸ ਲੜਾਈ ਟਲ਼ ਜਾਣ ਵਾਲ਼ੀ ਗੱਲ ਦੀ ਸਮਝ ਨਹੀ ਸੀ ਪਰ ਉਮਰੋਂ ਕੁਝ ਵੱਡੇ ਹੋਣ ਤੇ ਸਮਝ ਆਈ ਕਿ ਸ਼ਾਇਦ ਇਹ ਮੇਰੇ ਵੱਡੇ ਬਾਬਾ ਜੀ ਦੀ ਸਿਆਣਪ ਸੀ ਕਿ ਉਹਨਾਂ ਨੇ ਆਪਣੀ ਸਮਝਦਾਰੀ ਨਾਲ਼ ਇਸ ਵਾਪਰ ਜਾਣ ਵਾਲੀ ਭਿਆਨਕ ਘਟਨਾ ਨੂੰ ਰੋਕ ਲਿਆ ਜਾਂ ਰੱਬ ਨੇ ਕਿਰਪਾ ਕਰਕੇ ਇਕੋ ਟੱਬਰ ਨੂੰ ਉਜੜਨ ਤੋਂ ਬਚਾ ਲਿਆ; ਜਾਂ ਕੀ ਜਾਣੇ ਕਿਸ ਦੀ ਚੰਗੀ ਕਿਸਮਤ ਕੰਮ ਕਰ ਗਈ ਜੋ ਇਹ ਖਾਨਾ ਜੰਗੀ ਵਾਲ਼ੀ ਘਟਨਾ ਵਾਪਰਦੀ ਵਾਪਰਦੀ ਟਾਲ਼ਾ ਵੱਟ ਗਈ!
No comments:
Post a Comment