ਲੇਖ
ਪੰਜਾਬੀਆਂ ਦੇ ਇਸ ਸੁਭਾਅ ਤੋਂ ਕੋਈ ਮੁਨਕਰ ਨਹੀਂ ਕਿ ਉਹ ਸੱਤੇ ਸਮੁੰਦਰਾਂ ਨੂੰ ਟੱਪਣਾ ਚਾਹੁੰਦੇ ਹਨ ਤੇ ਟੱਪਣਾ ਜਾਣਦੇ ਵੀ ਹਨ। ਸਦੀਆਂ ਤੋਂ ਪੰਜਾਬੀ ਚੰਗੀ ਜ਼ਿੰਦਗੀ ਅਤੇ ਰੁਮਾਂਚ ਵਾਸਤੇ ਭਰਮਣ ਕਰਦੇ ਰਹੇ ਹਨ। ਫਿਜੀ, ਮਲਾਇਆ, ਬਰਮਾ, ਅਸਟਰੇਲੀਆ, ਵਲੈਤ, ਕੈਨੇਡਾ, ਅਮਰੀਕਾ, ਇਰਾਨ, ਇਰਾਕ, ਗੱਲ ਕੀ ਤੁਸੀਂ ਕਿਸੇ ਵੀ ਮੁਲਕ ਦਾ ਨਾਮ ਲਵੋ, ਭਾਵੇਂ ਉਹ ਕਿਸੇ ਵੀ ਰਾਜਨੀਤਕ ਹਾਲਤ ਵਿਚ ਹੋਵੇ ਪੰਜਾਬੀ ਤੁਹਾਨੂੰ ਮਿਲ ਜਾਣਗੇ। 5–7 ਸਾਲਾਂ ਵਿਚ ਹੀ ਉਹ ਆਪਣੀ ਹੋਂਦ ਦਾ ਇਜ਼ਹਾਰ ਵੀ ਕਰਨ ਲੱਗ ਪੈਂਦੇ ਹਨ ਤੇ ਸਭ ਤੋਂ ਪਹਿਲੋਂ ਕਮਾਏ ਜਾਂ ਕਰਜ਼ੇ ਦੇ ਡਾਲਰਾਂ ਆਦਿ ਨਾਲ ਪਿੰਡ ਗੇੜਾ ਮਾਰਦੇ ਹਨ। ਗਲ਼ ਵਿਚ ਮੋਟੀ ਚੈਨੀ, ਮੁੰਦਰੀਆਂ ਨਾਲ ਭਰਿਆ ਹੱਥ ਤੇ ਸ਼ਾਮ ਨੂੰ ਠੇਕੇ ਦੀ ਪੇਟੀ ਇਕ ਨਿਵੇਕਲਾ ਅਸਰ ਛਡਦੀ ਹੈ। ਇੰਜ ਹੁੰਦੀ ਹੈ ਹੋਰਨਾਂ ਵਿਚ ਵੀ ਬਾਹਰ ਜਾਣ ਦੀ ਖ਼ਾਹਿਸ਼ ਤੇ ਇੱਕ ਅਟੁੱਟ ਲੜੀ ਲੱਗ ਜਾਂਦੀ ਹੈ।
----
ਇਸ ਲੋੜ ਨੂੰ ਬਹੁਤ ਸਾਰੇ ਲੋਕਾਂ ਨੇ ਸਮਝਿਆ ਤੇ ਆਪਣੀ ਸਮਰੱਥਾ ਤੇ ਯੋਜਨਾ ਅਨੁਸਾਰ ਆਪੋ-ਆਪਣਾ ਯੋਗਦਾਨ ਪਾਉਂਦੇ ਰਹੇ ਹਨ। ਅਜੋਕੇ ਸਮਿਆਂ ਵਿਚ ਕੌਣ ਨਹੀਂ ਜਾਣਦਾ ਉਸ ਨਾਟਕਕਾਰ ਨੂੰ ਜਾਂ ਉਸ ਪੁਰਾਣੇ ਸੋਹਣੇ ਗਾਇਕ ਨੂੰ ਜਾਂ ਫੇਰ ਮਸ਼ਹੂਰ ਇੱਕ ਗੀਤਕਾਰ ਨੂੰ ਜਿਹਨਾਂ ਪੁਰਾਣੇ ਸਮਿਆਂ ਵਿਚ ਬੰਦਿਆਂ ਤੋਂ ਸਿਰਫ਼ 20–25 ਹਜ਼ਾਰ ਰੁਪਏ ਹੀ ਲਏ। ਹੌਲ਼ੀ-ਹੌਲ਼ੀ ਰੇਟ ਵੱਧਦੇ ਗਏ ਤੇ ਹੋਰ ਕਿੱਤਿਆਂ ਦੇ ਲੋਕ ਵੀ ਹੱਥ ਰੰਗਦੇ ਗਏ। ਨਾਲ਼ੇ ਪੁੰਨ ਨਾਲ਼ੇ ਫਲ਼ੀਆਂ। ਭਲਾ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਉਹ ਵੀ ਚੰਗਾ। ਇਹ ਤਾਂ ਸਨਮਾਨਯੋਗ ਗੱਲ ਹੈ। ਪੰਜਾਬ ਨੂੰ ਇਸ ਪ੍ਰਕ੍ਰਿਆ ਦਾ ਕਿਸੇ ਵੀ ਤਰ੍ਹਾਂ ਕੋਈ ਨੁਕਸਾਨ ਨਹੀਂ। ਪਰ ਕਈ ਵਾਰੀ ਇਸ ਵਿਚ ਲਾਲਚ ਦੀ ਸੀਮਾ ਵਧ ਜਾਂਦੀ ਹੈ।
----
ਇਕ ਦਿਨ ਮੇਰੇ ਇਕ ਮਿੱਤਰ ਨੇ ਆਪਣਾ ਵੀਜ਼ਾ ਲੈਣ ਦਿੱਲੀ ਜਾਣਾ ਸੀ। ਖਾਲੀ ਕਾਰ ਸੀ। ਅਸੀਂ ਵੀ ਮਾਰ ਪਲਾਕੀ ਬਹਿ ਗਏ। ਦਿੱਲੀ ਦੇ ਕਈ ਛੋਟੇ ਛੋਟੇ ਕੰਮ ਸਨ, ਸੋਚਿਆ ਦਿਨੇ ਕਰ ਲਵਾਂਗਾ। ਰਾਤ ਹਨ੍ਹੇਰੇ ਹੋਏ ਦਿੱਲੀ ਅੰਬੈਸੀ ਪਹੁੰਚੇ। ਕਾਰ 'ਚੋਂ ਨਾਲ਼ ਗਿਆ ਖਾਸ ਸੇਵਾਦਾਰ ਉਤਰਿਆ। ਚਾਦਰ ਵਿਛਾਈ ਤੇ 14 ਹੋਰ ਗੇਟ ਮੂਹਰੇ ਪਏ ਸੱਜਣਾਂ ਦੀ ਲਾਇਨ ਵਿਚ 15 ਨੰਬਰ ਬਣਕੇ ਸੋਂ ਗਿਆ। ਅਸੀਂ ਹੋਟਲ ਆ ਗਏ। ਮੈਂ ਸਵੇਰੇ ਸਵਖਤੇ ਬਸ ਫੜੀ ਤੇ ਧੂੰਏ ਦੇ ਸ਼ਹਿਰ ਦਿੱਲੀ ਦਾ ਨਜ਼ਾਰਾ ਲੁੱਟਦਾ ਸ਼ਾਮੀ 4–30 ਵਜੇ ਸਫਾਰਤਖਾਨੇ ਪਹੁੰਚ ਗਿਆ। ਦੋਸਤ ਮੇਰਾ ਮੈਨੂੰ ਉਡੀਕ ਰਿਹਾ ਸੀ।
---
ਉਥੇ ਇਕ ਪਾਸੇ ਛੋਟੀ ਜਿਹੀ ਭੀੜ ਸੀ। ਇਕ ਚਿੱਟੇ ਕਪੜਿਆਂ ਵਾਲ਼ਾ ਰਾਗੀ ਉੱਚੀ-ਉੱਚੀ ਬੋਲ ਰਿਹਾ ਸੀ:
‘ਇਹਨਾਂ ਦਾ ਕੀ ਵਿਗੜ ਜਾਂਦਾ ਇਹ ਤਾਂ ਬਚੜੇ ਸਨ। ਦੇਖੋ ਨਾ ਸਾਡਾ ਕਿੰਨਾਂ ਨੁਕਸਾਨ ਹੋ ਗਿਆ'।
ਕਿਸੇ ਨੇ ਪੁੱਛਿਆ, ‘ਜਨਾਬ ਹੋਇਆ ਕੀ?'
‘ਹੋਣਾ ਕੀ ਸੀ, ਸਾਡੇ ਤਿੰਨ ਗਰੁੱਪ ਸਨ, ਪਹਿਲੇ ਦੇ ਕਾਗਜ਼ ਦੇਖੇ ਪਾਸਪੋਰਟ ਚੈੱਕ ਕੀਤੇ, ਵੀਜ਼ੇ ਦੇ ਦਿੱਤੇ। ਦੂਜੇ ਗਰੁੱਪ ਨੂੰ ਆਖਿਆ ਕੀਰਤਨ ਕਰਕੇ ਦਿਖਾਓ, ਤਾਂ ਉਹ ਬੋਲੇ, ‘ਇਥੇ ਮਰਿਆਦਾ ਨਹੀਂ ਬਣਦੀ ਅਸੀਂ ਕੀਰਤਨ ਨਹੀਂ ਕਰਾਂਗੇ' ਤੀਜੇ ਗਰੁੱਪ ਨੂੰ ਫੇਰ ਇਹੋ ਸਵਾਲ ਕਰਤਾ, ਬਚੜੇ ਅਨਜਾਣ ਸਨ, ਭੁੱਲ ਗਏ ਕੀ ਕਹਿਣਾ, ਬਸ ਆਂਹਦੇ ‘ਜੀ ਕਿਥੇ ਕਰੀਏ? ਅਗਲਿਆਂ ਖਾਲੀ ਪਾਸਪੋਰਟ ਹੱਥ ਫੜਾ ਤੇ।'
‘ਸੱਜਣਾ! ਉਥੇ ਤਾਂ ਬੰਦੇ ਬੈਠੇ ਆ, ਵਾਹਿਗੁਰੂ ਤਾਂ ਹੈ ਨਹੀਂ ਕਿ ਤੁਹਾਡੀਆਂ ਮਿੰਨਤਾਂ 'ਚ ਆ ਕਿ ਪਸੀਚ ਜਾਊ' ਮੂਹਰਿਓਂ ਖਰਾ ਜਵਾਬ ਮਿਲਿਆ। ਸਕਿੰਟਾਂ ਵਿਚ ਭੀੜ ਖ਼ਤਮ ਹੋ ਚੁੱਕੀ ਸੀ।
No comments:
Post a Comment