ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Thursday, May 21, 2009

ਬਲਬੀਰ ਸਿੰਘ ਮੋਮੀ - ਸਵੈ-ਜੀਵਨੀ - ਕਿਸ਼ਤ - 3

ਕਿਹੋ ਜਿਹਾ ਸੀ ਜੀਵਨ - ਕਿਸ਼ਤ 3 ( ਸਵੈ-ਜੀਵਨੀ)

ਵਿਰਕਾਂ ਦਾ ਗਵਾਂਢ ਤੇ ਛੋਟੀ ਉਮਰੇ ਮੰਗਣੀ

ਇਹ ਗੱਲ 1945 ਦੀ ਹੈ - ਮਾਂ ਬਾਪੂ ਨਾਲ ਅਕਸਰ ਏਸ ਗੱਲੋਂ ਲੜ ਪੈਂਦੀ ਕਿ ਸਾਡਾ ਮੁਰੱਬਾ ਪਿੰਡੋਂ ਬਹੁਤ ਦੂਰ ਸੀ ਤੇ ਉਹਨੂੰ ਰੋਟੀਆਂ ਦਾ ਛੱਬਾ, ਦਾਲ ਸਬਜ਼ੀ ਤੇ ਲੱਸੀ ਦੀ ਚਾਟੀ ਸਿਰ ਤੇ ਚੁੱਕ ਕੇ ਲਿਜਾਂਦੀ ਨੂੰ ਆਖ਼ਰਾਂ ਦੀ ਧੁੱਪ ਚੜ੍ਹ ਆਉਂਦੀ ਤੇ ਉਹਦੇ ਸਿਰ ਵਿਚੋਂ ਸੇਕ ਨਿਕਲਣ ਲੱਗ ਪੈਂਦਾਪਹਿਰ ਰਾਤ ਰਹਿੰਦਿਆਂ ਹਾਲੀਂ ਗਏ ਆਥੜੀ ਦੀਆਂ ਆਂਦਰਾਂ ਭੁੱਖ ਨਾਲ ਲੂਸਣ ਲੱਗ ਪੈਂਦੀਆਂ ਤੇ ਉਹ ਬਲਦ ਖਲ੍ਹਾਰ, ਖਾਲ ਦੀ ਵੱਟ ਤੇ ਚੜ੍ਹ, ਘੜੀ ਮੁੜੀ ਪਿੰਡ ਵੱਲੋਂ ਆਉਂਦੀ ਰੋਟੀ ਨੂੰ ਵਿੰਹਦਾਕੁਝ ਦਿਨਾਂ ਪਿਛੋਂ ਉਹ ਮੁਰੱਬਿਉਂ ਈ ਕਿਧਰੇ ਨੱਸ ਜਾਂਦਾ ਤੇ ਬਾਪੂ ਕੋਈ ਨਵਾਂ ਕਾਮਾ ਰੱਖ ਕੇ ਉਹਦੇ ਘਰ ਵਾਲਿਆਂ ਨਾਲ ਲਏ ਦਿੱਤੇ ਦੇ ਹਿਸਾਬ ਦਾ ਯੱਬ ਪਾਈ ਰੱਖਦਾਇਕ ਨਾਮ੍ਹਾ ਆਥੜੀ ਸੀ ਜਿਹੜਾ ਕਦੇ ਨਹੀਂ ਭੱਜਿਆ ਸੀ ਤੇ ਉਹਦੀ ਰੋਟੀ ਨਾਲ ਨਹੀਂ ਕੀਤੀ ਹੋਈ ਸੀਉਹਦੀ ਰੋਟੀ ਉਹਦੀ ਘਰ ਵਾਲੀ ਲੈ ਕੇ ਜਾਂਦੀ ਸੀ ਤੇ ਸਾਡਾ ਗੋਹਾ ਕੂੜਾ ਕਰਦੀ ਸੀਦੂਜੇ ਮੁਰੱਬਾ ਦੂਰ ਹੋਣ ਕਰ ਕੇ ਕੋਈ ਦਿਨ ਖਾਲੀ ਨਾ ਜਾਂਦਾ ਜਿਸ ਦਿਨ ਕੋਈ ਮੁਰੱਬਿਉਂ ਪੱਠੇ ਨਾ ਵੱਢ ਖੜਦਾ, ਮੱਕੀ ਦੀਆਂ ਛੱਲੀਆਂ ਨਾ ਭੰਨ ਲਿਜਾਂਦਾਕਈ ਵਾਰ ਖਲਵਾੜਿਆਂ ਵਿਚੋਂ ਕਣਕ ਦੀਆਂ ਭਰੀਆਂ ਵੀ ਚੁੱਕੀਆਂ ਜਾਂਦੀਆਂ, ਰੂੜੀ ਵਿਚ ਦੱਬੇ ਮੱਟ ਖਿਸਕਾ ਲਏ ਜਾਂਦੇ, ਖੁਰਲੀਆਂ ਤੋਂ ਡੰਗਰ ਵੱਛਾ ਵੀ ਖੋਲ੍ਹ ਲਿਆ ਜਾਂਦਾਇਹ ਸਭ ਕੁਝ ਦੂਰ ਮੁਰੱਬਾ ਹੋਣ ਕਰ ਕੇ ਹੀ ਹੁੰਦਾ ਤੇ ਮੇਰੀ ਮਾਂ ਮੇਰੇ ਬਾਪੂ ਨਾਲ ਲੜਦੀ ਤੇ ਫਿਰ ਵਿਰਕਾਂ ਨੂੰ ਗਾਲ੍ਹਾਂ ਕੱਢਦੀ, ਕਿਉਂ ਜੋ ਵਿਰਕਾਂ ਦੇ ਮੁਰੱਬੇ ਸਾਡੇ ਮੁਰੱਬਿਆਂ ਦੇ ਨਾਲ ਲੱਗਦੇ ਸਨ ਤੇ ਵਿਰਕਾਂ ਬਾਰੇ ਮਸ਼ਹੂਰ ਸੀ ਕਿ ਜਿਹੜਾ ਵਿਰਕ ਚੋਰੀ ਨਾ ਕਰੇ, ਸ਼ਰਾਬ ਨਾ ਪੀਵੇ, ਉਹ ਭਾਵੇਂ ਕਿੰਨੀ ਵੀ ਜਾਇਦਾਦ ਦਾ ਮਾਲਕ ਕਿਉਂ ਨਾ ਹੋਵੇ, ਉਹਦੇ ਸਿਰ ਤੇ ਪੱਗ ਨਹੀਂ ਸੀ ਬੱਝ ਸਕਦੀ, ਉਹਦਾ ਵਿਆਹ ਨਹੀਂ ਸੀ ਹੋ ਸਕਦਾ

----

ਮੇਰੀ ਮਾਂ ਵਿਰਕਾਂ ਨੂੰ ਗਾਲ੍ਹਾਂ ਕੱਢਦੀ ਤੇ ਮੈਂ ਵਿਰਕਾਂ ਨੂੰ ਮਨ ਹੀ ਮਨ ਵਿਚ ਕੋਈ ਰਾਖ਼ਸ਼ ਸਮਝਦਾਆਖ਼ਰ ਮੈਂ ਹਾਲੇ ਦਸਾਂ ਕੁ ਸਾਲਾਂ ਦਾ ਨਿਆਣਾ ਈ ਸਾਂਬਾਪੂ ਬੜੇ ਠਰ੍ਹੰਮੇ ਨਾਲ ਮਾਂ ਨੂੰ ਸਮਝਾਉਂਦਾ:

"ਤੈਨੂੰ ਤਾਂ ਐਵੇਂ ਲਤਰ-ਲਤਰ ਕਰਨ ਦੀ ਆਦਤ ਆ, ਦੂਰ ਮੁਰੱਬਾ ਹੋਣਾ ਕੋਈ ਮਾੜੀ ਗੱਲ ਆ…? ਵੱਡੇ ਵਡੇਰਿਆਂ ਨੇ ਜਦੋਂ ਬਾਰ ਆਬਾਦ ਹੋਈ ਤਾਂ ਜਾਣ ਬੁੱਝ ਕੇ ਮੁਰੱਬਾ ਦੂਰ ਲਿਆ ਸੀ, ਬਈ ਮਾਲ ਡੰਗਰ ਮੁਰੱਬੇ ਤੀਕ ਜਾਂਦਾ ਰਾਹ ਵਿਚ ਹੀ ਚਰ ਚਰ ਕੇ ਰੱਜ ਜਾਇਆ ਕਰੇਗਾ।" ਬਾਪੂ ਦੇ ਏਸ ਅਰਥਚਾਰੇ ਦਾ ਮਾਂ ਤੇ ਕੋਈ ਅਸਰ ਨਾ ਹੁੰਦਾ ਤੇ ਉਹ ਫੇਰ ਵਿਰਕਾਂ ਨੂੰ ਗਾਲ੍ਹਾਂ ਕੱਢਣ ਲੱਗ ਪੈਂਦੀਵਿਰਕਾਂ ਦੀ ਸਾਡੇ ਨਾਲ ਵੱਟ ਸਾਂਝੀ ਸੀਵਿਰਕ ਸਾਡੀਆਂ ਛੱਲੀਆਂ ਭੰਨਦੇ, ਗੰਨੇ ਚੂਪਦੇ, ਰੂੜੀ ਵਿਚ ਦੱਬੇ ਮੱਟ ਕੱਢ ਲਿਜਾਂਦੇ, ਵਿਰਕਾਂ ਦੀਆਂ ਘੋੜੀਆਂ ਖੁੱਲ੍ਹੀਆਂ ਸਾਡੀਆਂ ਪੈਲੀਆਂ ਵਿਚ ਚਰਦੀਆਂ ਤੇ ਕਈ ਵਾਰ ਬਾਪੂ ਦੇ ਕੁਝ ਵਿਰਕ ਯਾਰ ਬਾਪੂ ਨੂੰ ਘੋੜੀ ਤੇ ਚੜ੍ਹਾ ਕੇ ਨਾਲ ਈ ਲੈ ਜਾਂਦੇ ਤੇ ਬਾਪੂ ਜੀ ਕਈ ਕਈ ਦਿਨ ਵਿਰਕਾਂ ਨਾਲ ਘਰ ਦੀ ਕਢੀ ਸ਼ਰਾਬ ਪੀਂਦੇ ਰਹਿੰਦੇ ਤੇ ਮਾਂ ਆਏ ਬਾਪੂ ਨਾਲ ਫੇਰ ਲੜਦੀਵਿਰਕਾਂ ਦੇ ਖੁੱਲ੍ਹੇ ਡੁਲ੍ਹੇ ਡੇਰੇ ਸਨਉਥੇ ਈ ਉਹ ਘੋੜੀਆਂ ਬੰਨ੍ਹਦੇ, ਮੱਝਾਂ ਬੰਨ੍ਹਦੇ ਅਤੇ ਉਥੋਂ ਈ ਮੱਝਾਂ ਚੋ ਕੇ ਦੁੱਧ ਦੀਆਂ ਬਲ੍ਹਣੀਆਂ ਸਿਰਾਂ ਤੇ ਰੱਖ ਕੇ ਘਰਾਂ ਨੂੰ ਲੈ ਜਾਂਦੇਵਿਰਕ, ਵੜੈਚ, ਚੀਮੇ, ਚੱਠੇ ਜੋ ਵਿਰਕ ਟੱਪਾ ਕਰ ਕੇ ਜਾਣੇ ਜਾਂਦੇ ਸਨ, ਮੱਝਾਂ ਚੁੰਘ ਚੁੰਘ ਚੋਰੀਆਂ ਕਰਦੇ, ਘੋੜੀਆਂ ਤੇ ਚੜ੍ਹ ਚੜ੍ਹ ਦੂਰ ਰਾਵੀ ਦਰਿਆ ਦੀ ਕੱਛੋਂ ਪਾਰ ਤਾਈਂ ਹੱਥ ਮਾਰ ਆਉਂਦੇਪ੍ਰਸਿਧ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਤੇ ਡੀ. ਸੀ. ਰਹੇ ਕੁਲਦੀਪ ਸਿੰਘ ਵਿਰਕ ਦੇ ਪਿੰਡ ਸਾਡੇ ਲਾਗੇ ਈ ਪੈਂਦੇ ਸਨ

----

ਜਦੋਂ ਬਾਪੂ ਵਿਰਕਾਂ ਦੇ ਪਸੂ ਚੋਰੀ ਕਰਨ ਦੇ ਜੇਰੇ ਦੀਆਂ ਗੱਲਾਂ ਕਰਦਾ ਤੇ ਮੈਂ ਸੁਣ ਸੁਣ ਕੇ ਖ਼ੁਸ਼ ਵੀ ਹੁੰਦਾ ਤੇ ਡਰਦਾ ਵੀਸਾਡੇ ਮੁਰੱਬੇ ਨਾਲ ਲਗਦੀ ਵਿਰਕਾਂ ਦੀ ਇਕ ਬੇਰੀ ਨੂੰ ਬੇਬਹਾ ਬੇਰ ਲੱਗਦੇਬਾਪੂ ਕਈ ਵਾਰੀ ਮੈਨੂੰ ਮਾਲ ਚਾਰਦੇ ਉਸ ਬੇਰੀ ਦੇ ਬੇਰ ਖੁਆ ਕੇ ਲਿਆਉਂਦੇ ਪਰ ਮੇਰਾ ਡਰਦੇ ਦਾ ਕਦੀ ਇਕੱਲੇ ਦਾ ਹੌਸਲਾ ਨਾ ਪੈਂਦਾ ਕਿ ਵਿਰਕਾਂ ਦੀ ਓਸ ਬੇਰੀ ਦੇ ਮਿਠੇ ਬੇਰ ਤੋੜ ਲਿਆਵਾਂਜਦ ਕਦੀ ਮੈਂ ਇਕੱਲਾ ਮਾਲ ਚਾਰਨ ਜਾਂਦਾ ਤਾਂ ਕੀ ਮਜਾਲ ਜੇ ਕਿਸੇ ਪਸ਼ੂ ਨੂੰ ਵਿਰਕਾਂ ਦੀ ਹੱਦ ਵੀ ਟੱਪਣ ਦੇਂਦਾਸਾਡੀ ਇਕ ਗਾਂ ਬੜੀ ਅੱਖੜ ਤੇ ਮੂੰਹ ਜ਼ੋਰ ਸੀ, ਉਹਨੂੰ ਮੈਂ ਮਹਿਰੂ ਨਾਲ ਜੁੱਟ ਕਰ ਲੈਂਦਾ ਤੇ ਇੰਜ ਉਹ ਵੀ ਆਕੀ ਹੋ ਕੇ ਵਿਰਕਾਂ ਦੀ ਹੱਦ ਵਿਚ ਨਾ ਜਾ ਸਕਦੀ

----

ਬਾਬੇ ਨਾਨਕ ਦੇ ਨਾਂ ਤੇ ਬਣੇ ਗੁਰਦਵਾਰੇ ਸੱਚੇ ਸੌਦੇ ਦੀ ਮੱਸਿਆ ਲਗਦੀਮੈਂ ਬਾਪੂ ਨਾਲ ਮੱਸਿਆ ਤੇ ਜਾਂਦਾਛੋਟੇ ਜਿਹੇ ਤਲਾਅ ਵਿਚ ਨਹਾਉਂਦਾਬਾਪੂ ਤਲੀ ਹੋਈ ਮੱਛੀ ਦੇ ਪਕੌੜੇ ਖਵਾਉਂਦਾਭਾਵੇਂ ਇਸ ਤੋਂ ਬਾਅਦ ਸਾਰੀ ਉਮਰ ਹਜ਼ਾਰਾਂ ਵਾਰ ਮਛੀ ਦੇ ਪਕੌੜੇ ਖਾਧੇ ਹੋਣਗੇ ਪਰ ਬਚਪਨ ਵਿਚ ਖਾਧੇ ਉਹਨਾਂ ਪਕੌੜਿਆਂ ਦਾ ਸਵਾਦ ਕਦੇ ਨਹੀਂ ਭੁਲਿਆਬਾਪੂ ਭਕਾਨਾ ਲੈ ਕੇ ਦੇਂਦਾ ਜਿਸ ਨੂੰ ਫਲਾਉਣ ਲਈ ਮੇਰੇ ਮੂੰਹ ਤੇ ਗੱਲ੍ਹਾਂ ਦਾ ਦਾ ਸਾਰਾ ਜ਼ੋਰ ਲਗ ਜਾਂਦਾਮੈਂ ਬੁੱਢੀ ਮਾਈ ਦਾ ਝਾਟਾ ਵੀ ਖਾਣ ਲਈ ਲੈਂਦਾਕਦੀ ਕਦੀ ਠੰਢੇ ਰਸਗੁੱਲੇ ਵੀ ਖਾਣ ਨੂੰ ਮਿਲਦੇਪੇਂਡੂਆਂ ਲਈ ਇਹ ਬਹੁਤ ਵੱਡੀਆਂ ਤੇ ਅਨਮੋਲ ਸੁਗਾਤਾਂ ਸਨਬਾਪੂ ਕਈ ਵਾਰ ਸਰਕਸ ਦਾ ਖੇਲ ਵੀ ਵਿਖਾਉਂਦਾਸਾਰਾ ਵਿਰਕ ਟੱਪਾ ਮੱਸਿਆ ਤੇ ਇਕੱਠਾ ਹੁੰਦਾਵਿਰਕ ਦੁੱਧ ਦੀਆਂ ਬਾਲਟੀਆਂ ਤੇ ਲੰਗਰ ਦੀ ਸਾਰੀ ਰਸਦ ਲੈ ਕੇ ਉਥੇ ਪਹੁੰਚਦੇਵਿਰਕਾਂ ਦਾ ਲੰਗਰ ਬੜਾ ਮਸ਼ਹੂਰ ਸੀਸੱਚੇ ਸੌਦੇ ਦੀ ਮੱਸਿਆ ਨਹਾ ਕੇ ਜਦੋਂ ਵਿਰਕਾਂ ਦੀਆਂ ਟੋਲੀਆਂ ਘਰਾਂ ਨੂੰ ਮੁੜਦੀਆਂ ਤਾਂ ਰਾਹ ਵਿਚ ਜਿਥੇ ਵੀ ਕਿਸੇ ਦਾ ਨੇੜੇ ਪਿੰਡ ਹੁੰਦਾ, ਉਥੇ ਈ ਉਹ ਤਾਰ ਖਿੱਚ ਕੇ ਗੱਡੀ ਖਲ੍ਹਾਰ ਲੈਂਦਾਕਦੀ ਕਿਸੇ ਵਿਰਕ ਨੇ ਟਿਕਟ ਨਹੀਂ ਸੀ ਲਈਕਦੀ ਕਿਸੇ ਵਿਰਕ ਨੂੰ ਟੀ ਟੀ ਨੇ ਨਹੀਂ ਸੀ ਫੜਿਆਵਿਰਕ ਬਿਗਾਨੀਆਂ ਤੀਵੀਂਆਂ ਨੂੰ ਭਰੇ ਮੇਲੇ ਵਿਚ ਤੇ ਭਰੀ ਗੱਡੀ ਵਿਚ ਚੂੰਢੀਆਂ ਵੱਢਦੇ ਤੇ ਗੁਆਚ ਜਾਂਦੇਵਿਰਕਾਂ ਦੀ ਹੈਂਕੜ ਅੱਗੇ ਸਾਰਾ ਇਲਾਕਾ ਕੰਬਦਾ ਸੀ

----

ਮੇਰੇ ਦਸਾਂ ਗਿਆਰਾਂ ਸਾਲ ਦੇ ਬੱਚੇ ਦੇ ਮਨ ਤੇ ਵਿਰਕਾਂ ਦੀ ਬਹਾਦਰੀ, ਦਲੇਰੀ ਤੇ ਹੈਂਕੜ ਦਾ ਚੰਗਾ ਦਬ-ਦਬਾ ਪੈ ਗਿਆ ਸੀਕਦੀ ਕਦੀ ਕੋਈ ਵਿਰਕ ਘੋੜੀ ਤੇ ਚੜ੍ਹਿਆ ਸਾਡੇ ਪਿੰਡ ਆਉਂਦਾਵੱਡੀ ਸਾਰੀ ਪੱਗ ਸਿਰ ਤੇ ਵਲੀ ਹੁੰਦੀਤੇੜ ਲੱਕ ਦੀ, ਖੁੱਲ੍ਹਾ ਬੰਦ ਗਲੇ ਦਾ ਕੁੜਤਾ ਪਾਇਆ ਹੁੰਦਾਉਹ ਅੱਡੀ ਲਾਈਂ ਘੋੜੇ ਨੂੰ ਬਜ਼ਾਰਾਂ ਥਾਣੀਂ ਭਜਾਈ ਤੁਰਿਆ ਜਾਂਦਾਐਤਲ ਔਤਲ ਦੀ ਉਹਨੂੰ ਕੋਈ ਪਰਵਾਹ ਨਾ ਹੁੰਦੀ, ਭਾਵੇਂ ਕੋਈ ਥੱਲੇ ਆਵੇ ਪਿਆ

ਨਾਲ ਦਿਆਂ ਪਿੰਡਾਂ ਚੋਂ ਵਿਰਕਾਂ ਦੇ ਮੁੰਡੇ ਘੋੜੀਆਂ ਤੇ ਚੜ੍ਹ ਕੇ ਸਾਡੇ ਪਿੰਡ ਦੇ ਹਾਈ ਸਕੂਲ ਵਿਚ ਪੜ੍ਹਨ ਲਈ ਆਉਂਦੇ ਤੇ ਸਕੂਲ ਦੀ ਗਰਾਊਂਡ ਵਿਚ ਘੋੜੀਆਂ ਚਰਣ ਲਈ ਖੁੱਲ੍ਹੀਆਂ ਛੱਡ ਦੇਂਦੇਹੈੱਡ ਮਾਸਟਰ ਕਈ ਵਾਰ ਊਹਨਾਂ ਨੂੰ ਰੋਕਦਾਉਹ ਪੜ੍ਹਨੋਂ ਹਟ ਜਾਂਦੇ ਪਰ ਆਪਣੀ ਆਦਤੋਂ ਨਾ ਭੌਂਦੇ

----

ਮੈਂ ਵਿਰਕਾਂ ਨੂੰ ਵਿਰਕ ਸਮਝਦਾ, ਜਾਣੀ ਦੀ ਵਿਰਕ ਬੰਦੇ ਨਹੀਂ ਸਗੋਂ ਉਨ੍ਹਾਂ ਨਾਲੋਂ ਕੁਝ ਵੱਖਰੇ ਸਨਇਕ ਚੌੜੇ ਚਕਲੇ ਸਰੀਰ ਵਾਲਾ ਬੁੱਢਾ ਵਿਰਕ ਜਿਸ ਨੂੰ ਡੋਰਾ ਡੋਰਾ ਕਹਿੰਦੇ ਸਨ, ਕਈ ਵਾਰ ਕਿਸਾਨ ਕਾਨਫ਼ਰੰਸ ਤੇ ਸਾਡੇ ਪਿੰਡ ਆਉਂਦਾਇਕ ਹੱਥ ਕੰਨ ਤੇ ਰੱਖ ਦੂਜੇ ਹੱਥ ਵਿਚ ਖੂੰਡਾ ਫੜੀ ਉਹ ਸਟੇਜ ਤੇ ਚੜ੍ਹ ਗਾਉਂਦਾ,

ਮੁੜ ਅਸੀਂ ਦੇਸ਼ ਚ ਆਜ਼ਾਦੀ ਚ ਲਿਆ ਦਿਆਂਗੇ,ਤੇ ਘਰ ਘਰ ਚ ਮੁੜ ਚ ਬਿਜਲੀ ਦੇ ਲਾਟੂ ਜਗਾ ਦਿਆਂਗੇ

----

ਹਿੰਦੋਸਤਾਨ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਾਉਣ ਲਈ ਸਾਡੇ ਪਿੰਡ ਜਲਸੇ ਜਲੂਸ ਅਕਸਰ ਹੁੰਦੇ ਰਹਿੰਦੇ ਸਨਜਵਾਨੀ ਚੜ੍ਹਨ ਵੇਲੇ ਬਾਪੂ ਨੇ ਅਕਤੂਬਰ 1922 ਵਿਚ ਅੰਮ੍ਰਿਤਸਰ ਲੱਗੇ ਗੁਰੂ ਕੇ ਬਾਗ ਦੇ ਮੋਰਚੇ ਵਿਚ ਅਟਕ ਕੈਦ ਕੱਟੀ ਸੀ ਤੇ ਉਸ ਤੋਂ ਪਹਿਲਾਂ ਅਪ੍ਰੈਲ 1919 ਵਿਚ ਢਾਬਾਂ ਸਿੰਘ ਰੇਲਵੇ ਸਟੇਸ਼ਨ ਰਾਇਟ ਕੇਸ ਵਿਚ ਵੀ ਹਿੱਸਾ ਲਿਆ ਸੀ ਜਿਸ ਵਿਚ ਤਾਏ ਗਿਆਨ ਸਿੰਘ ਨੂੰ ਪਹਿਲਾਂ ਫਾਂਸੀ ਤੇ ਫਿਰ ਕਾਲੇ ਪਾਣੀਆਂ ਦੀ ਸਜ਼ਾ ਹੋਈ ਸੀਬਾਪੂ ਨੂੰ ਸਿਰਫ਼ ਜੁਰਮਾਨਾ ਹੋਇਆ ਸੀਇਸ ਲਈ ਪਿੰਡ ਵਿਚ ਬਾਪੂ ਨੂੰ ਜਥੇਦਾਰ ਕਹਿੰਦੇ ਸਨ ਅਤੇ ਬਾਪੂ ਆਜ਼ਾਦੀ ਲੈਣ ਦੇ ਜਲਸੇ ਜਲੂਸਾਂ ਵਿਚ ਜ਼ਰੂਰ ਸ਼ਾਮਲ ਹੁੰਦਾ ਸੀ

----

ਵੱਡੀ ਮਾਂ ਚੋਂ ਮੇਰੀ ਇਕੋ ਇਕ ਭੈਣ ਬੀਬੀ ਜੀਤ ਕੌਰ ਨੇ ਪਿੰਡ ਦੇ ਲੜਕੀਆਂ ਦੇ ਸਕੂਲ ਵਿਚੋਂ ਚਾਰ ਜਮਾਤਾਂ ਪਾਸ ਕਰ ਲਈਆਂ ਸਨਹੁਣ ਉਹ ਵਿਆਹੀਆਂ ਜਾਣ ਵਾਲੀਆਂ ਆਪਣੀਆਂ ਸਹੇਲੀਆਂ ਨਾਲ ਫੁਲਕਾਰੀਆਂ ਕੱਢਣੀਆਂ, ਕਸੀਦਾ ਕਢਣਾ, ਸਰ੍ਹਾਣਿਆਂ ਤੇ ਤੋਤੇ ਤੇ ਮੋਰ ਬਨਾਉਣੇ ਤੇ ਦਰੀਆਂ ਬੁਣਨੀਆਂ ਸਿੱਖ ਰਹੀ ਸੀਮਲਕਪੁਰ ਵਾਲੀ ਮੇਰੀ ਭੂਆ ਆਤੋ ਦਾ ਮੇਰੇ ਬਾਪੂ ਨਾਲ ਨਾਲ ਬੜਾ ਪਿਆਰ ਸੀਮਲਕ ਪੁਰ ਜ਼ਿਲਾ ਸ਼ੇਖੂਪੁਰਾ ਅਤੇ ਲਾਇਲਪੁਰ ਦੀ ਹੱਦ ਉਤੇ ਪੈਂਦਾ ਸੀਸ਼ਾਹਕੋਟ ਦੀਆਂ ਪਹਾੜੀਆਂ ਅਤੇ ਸਾਂਗਲਾ ਹਿੱਲ ਜਿਥੇ ਸਿਕੰਦਰ ਤੇ ਪੋਰਸ ਦੀ ਲੜਾਈ ਹੋਈ ਸੀ, ਵੀ ਮਲਕ ਪੁਰ ਦੇ ਲਾਗੇ ਪੈਂਦੇ ਸਨਭੂਆ ਨੇ ਮੇਰੀ ਭੈਣ ਦਾ ਰਿਸ਼ਤਾ ਪਿੰਡ ਨਜ਼ਾਮਪੁਰ ਦੇ ਹਰਦਿੱਤ ਸਿੰਘ ਦੇ ਮੁੰਡੇ ਭਗਵਾਨ ਸਿੰਘ ਨਾਲ ਕਰ ਦਿਤਾ ਸੀਭਾਵੇਂ ਮੇਰੀ ਮਾਂ ਦੀ ਮੇਰੀ ਮਤਰਈ ਮਾਂ ਨਾਲ ਨਹੀਂ ਬਣਦੀ ਸੀ ਅਤੇ ਬੜਾ ਕਲੇਸ਼ ਰਹਿੰਦਾ ਸੀ ਪਰ ਵਡੀ ਮਾਂ ਤੇ ਭੈਣ ਬੀਬੀ ਜੀਤ ਕੌਰ ਮੈਨੂੰ ਬਹੁਤ ਪਿਆਰ ਕਰਦੀਆਂ ਸਨਜ਼ਿਆਦਾ ਕਲੇਸ਼ ਰਹਿਣ ਕਾਰਨ ਪੰਚਾਇਤ ਨੇ ਗੁਰਦਵਾਰੇ ਲਾਗੇ ਪੈਂਦੀ ਹਵੇਲੀ ਤੇ ਧੁੱਪਸੜੀ ਪਿੰਡ ਵਾਲੀ ਜ਼ਮੀਨ ਦਾ ਛੋਟਾ ਟੋਟਾ ਉਹਨਾਂ ਨੂੰ ਦੇ ਦਿਤਾ ਸੀਗੁਰਦਵਾਰੇ ਮੱਥਾ ਟੇਕਣ ਗਿਆ ਮੈਂ ਅਕਸਰ ਓਧਰੋਂ ਈ ਰੋਟੀ ਖਾ ਆਉਂਦਾ ਤੇ 1945 ਵਿਚ ਜਨਮੀ ਮੇਰੀ ਛੋਟੀ ਭੈਣ ਨੂੰ ਖਿਡਾਉਣ ਲਈ ਵੀ ਮੈਂ ਉਹਨੂੰ ਵਡੀ ਮਾਂ ਤੇ ਬੀਬੀ ਦੇ ਹਵਾਲੇ ਕਰ ਆਪ ਮੁੰਡਿਆਂ ਨਾਲ ਗੁੱਲੀ ਡੰਡਾ ਜਾਂ ਖਿੱਦੋ ਖੂੰਡੀ ਖੇਡਣ ਭੱਜ ਜਾਂਦਾ

----

1945 ਵਿਚ ਜਦੋਂ ਮੈਂ ਹਾਲੇ ਪੰਜਵੀਂ ਵਿਚ ਪੜ੍ਹਦਾ ਸਾਂ, ਬੜਾ ਕੁਝ ਹੋਇਆ ਜਿਵੇਂ ਬੀਬੀ ਜੀਤ ਕੌਰ ਦਾ ਵਿਆਹ ਹੋ ਗਿਆਨਿਜ਼ਾਮਪੁਰੇ ਤੋਂ ਜੰਞ, ਟਾਂਗਿਆਂ, ਗੱਡਿਆਂ ਅਤੇ ਪੈਦਲ ਆਈਓਦੋਂ ਜੰਞ ਨੂੰ ਰਾਤ ਰੱਖਣ ਦਾ ਰਿਵਾਜ ਸੀਜੰਞ ਦਾ ਉਤਾਰਾ ਗੁਰਦਵਾਰੇ ਵਿਚ ਸੀ ਤੇ ਪਿੰਡ ਵਿਚੋਂ ਮੰਜੇ ਤੇ ਬਿਸਤਰੇ ਇਕੱਠੇ ਕੀਤੇ ਜਾਂਦੇ ਸਨਮੰਜਿਆਂ ਤੇ ਬਿਸਤਿਰਆਂ ਤੇ ਘਰ ਵਾਲਿਆਂ ਦੇ ਨਾਂ ਲਿਖੇ ਜਾਂਦੇ ਸਨਵਿਆਹ ਪਿਛੋਂ ਇਹ ਸਭ ਕੁਝ ਵਾਪਸ ਕਰਨਾ ਪੈਂਦਾ ਸੀਸਾਰੇ ਪਿੰਡ ਵਿਚੋਂ ਦੋ ਡੰਗਾਂ ਦਾ ਦੁੱਧ ਵੀ ਇਕਠਾ ਕੀਤਾ ਜਾਂਦਾਸਾਦਗੀ ਨਾਲ ਹੋਏ ਇਸ ਵਿਆਹ ਦੀ ਚੁਫੇਰੇ ਚਰਚਾ ਸੀ ਕਿਉਂਕਿ ਦਾਜ ਲੈਣਾ ਦੇਣਾ ਪੰਚਾਇਤ ਵੱਲੋਂ ਬਿਲਕੁਲ ਮਨ੍ਹਾਂ ਕੀਤਾ ਹੋਇਆ ਸੀਮਹੀਨੇ ਬਾਅਦ ਮੁਕਲਾਵਾ ਤੋਰਨ ਵੇਲੇ ਪਿੰਡ ਦੀ ਨੈਣ ਦੇ ਨਾਲ ਮੈਨੂੰ ਵੀ ਭੈਣ ਦੇ ਸਹੁਰੀਂ ਤੋਰਿਆ ਗਿਆਭੈਣ ਨਾਲ ਭਰਾ ਦਾ ਜਾਂ ਕਿਸੇ ਨੇੜੇ ਦੇ ਰਿਸ਼ਤੇਦਾਰ ਦਾ ਜਾਣਾ ਉਹਨਾਂ ਸਮਿਆਂ ਦੇ ਸਭਿਆਚਾਰੇ ਦਾ ਜ਼ਰੂਰੀ ਅੰਗ ਸੀਪਿਛੋਂ ਭਾਈਏ ਭਗਵਾਨ ਸਿੰਘ ਨਾਲ ਸਾਰੀ ਉਮਰ ਮੇਰਾ ਬੜਾ ਪਿਆਰ ਰਿਹਾਭਾਈਏ ਨੇ ਕਈ ਵਾਰ ਉਹਨਾਂ ਦੇ ਪਿੰਡ ਲਾਗੇ ਖੁੱਲ੍ਹੇ ਨਵੇਂ ਹਾਈ ਸਕੂਲ ਕੁਟੀਆ ਬਾਵਾ ਚੇਤਨ ਦਾਸ ਜਿਥੇ ਸਾਡੇ ਪਿੰਡ ਵਾਲੇ ਹਾਈ ਸਕੂਲ ਦਾ ਹੈਡਮਾਸਟਰ ਵਧਾਵਾ ਸਿੰਘ ਜਾ ਲੱਗਾ ਸੀ, ਮੈਨੂੰ ਆਪਣੇ ਕੋਲ ਰੱਖ ਕੇ ਓਥੇ ਦਾਖਲ ਕਰਾਉਣ ਦਾ ਜ਼ੋਰ ਲਾਇਆ ਪਰ ਸਾਡੇ ਆਪਣੇ ਪਿੰਡ ਵਿਚ ਹਾਈ ਸਕੂਲ ਹੋਣ ਕਰ ਕੇ ਮੇਰੀ ਮਾਂ ਤੇ ਮੇਰਾ ਬਾਪੂ ਨਾ ਮੰਨੇਮੈਂ ਵੀ ਓਥੇ ਜਾ ਕੇ ਬਹੁਤਾ ਖੁਸ਼ ਨਹੀਂ ਸਾਂਪਰ ਅਨੋਖੀ ਗੱਲ ਜੋ ਵਾਪਰੀ, ਉਹ ਇਹ ਸੀ ਕਿ ਭਾਈਏ ਨੇ ਮੰਡੀ ਢਾਬਾਂ ਸਿੰਘ ਦੇ ਪਰਲੇ ਪਾਸੇ ਪੈਂਦੇ ਇਕ ਪਿੰਡ ਜਿਸ ਦਾ ਨਾਂ ਹੁਣ ਮੈਨੂੰ ਯਾਦ ਨਹੀਂ ਰਿਹਾ, ਵਿਚ ਆਪਣੇ ਰਿਸ਼ਤਦਾਰਾਂ ਦੀ ਇਕ ਕੁੜੀ ਨਾਲ ਮੇਰੀ ਮੰਗਣੀ ਕਰਵਾ ਦਿਤੀਓਸ ਕੁੜੀ ਦਾ ਭਰਾ ਅਰਜਨ ਪੰਜਵੀਂ ਵਿਚ ਮੇਰੇ ਨਾਲ ਪੜ੍ਹਦਾ ਸੀ ਅਤੇ ਰੋਜ਼ ਦੂਰੋਂ ਪੈਦਲ ਪੜ੍ਹਨ ਆਉਂਦਾ ਸੀਮੈਨੂੰ ਏਨਾ ਯਾਦ ਹੈ ਕਿ ਉਹ ਬਹੁਤ ਗੋਰਾ ਚਿੱਟਾ ਤੇ ਸੋਹਣਾ ਸੀ ਤੇ ਮੇਰੇ ਹਾਣ ਦਾ ਸੀਦੂਰੋਂ ਪੜ੍ਹਨ ਆਏ ਕਈ ਮੁੰਡੇ ਅਕਸਰ ਆਪਣੇ ਬਸਤੇ ਸਾਡੀ ਘਰ ਦੀ ਬੈਠਕ ਵਿਚ ਰੱਖ ਜਾਂਦੇ ਤੇ ਸਵੇਰੇ ਓਥੋਂ ਲੈ ਲੈਂਦੇਜਦ ਓਸ ਦੀ ਭੈਣ ਜਿਸ ਦਾ ਨਾਂ ਸਵਰਨੀ ਸੀ, ਨਾਲ ਮੇਰੀ ਮੰਗਣੀ ਹੋ ਗਈ ਤਾਂ ਓਸ ਦਿਨ ਤੋਂ ਬਾਅਦ ਓਸ ਨੇ ਸਾਡੇ ਘਰ ਆਪਣਾ ਬਸਤਾ ਰੱਖਣਾ ਛਡੱ ਦਿਤਾਮੇਰੀ ਭੈਣ ਕਹਿੰਦੀ ਕਿ ਤੇਰੀ ਹੋਣ ਵਾਲੀ ਵਹੁਟੀ ਮੇਮਾਂ ਨਾਲੋਂ ਜ਼ਿਆਦਾ ਸੋਹਣੀ ਹੈ ਤੇ ਵੱਡੀ ਹੋ ਕੇ ਉਹਨੇ ਬੜੀ ਜਵਾਨ ਨਿਕਲਣਾ ਹੈਮੈਨੂੰ ਇਸ ਮੰਗਣੀ ਦੀ ਕੋਈ ਸਮਝ ਨਹੀਂ ਆ ਰਹੀ ਸੀ ਕਿ ਏਨੀ ਛੋਟੀ ਉਮਰ ਵਿਚ ਕਿਉਂ ਮੇਰੀ ਮੰਗਣੀ ਕਰ ਦਿਤੀ ਗਈ ਸੀ

----

ਘਰ ਵਿਚ ਜਦੋਂ ਮੇਰੀ ਮਾਂ ਗਰਮੀਆਂ ਦੀਆਂ ਦੁਪਹਿਰਾਂ ਨੂੰ ਚਰਖਾ ਕਤਦੀ ਤਾਂ ਮੇਰੇ ਵਿਆਹ ਦੇ ਗੀਤ ਗਾਉਂਦੀਜਦੋਂ ਗਲੋਲਣਆਣੀਆਂ ਸਾਡੇ ਘਰ ਮੰਗਣ ਆਉਂਦੀਆਂ ਤਾਂ ਉਹਨਾਂ ਨੂੰ ਬੈਠਕ ਅਗੇ ਬਣੇ ਥੜ੍ਹੇ ਜਾਂ ਘਰ ਦੇ ਵਿਹੜੇ ਵਿਚ ਬਿਠਾ ਕੇ ਮੇਰੇ ਵਿਆਹ ਦੀਆਂ ਘੋੜੀਆਂ ਸੁਣਦੀਦਾਣਿਆਂ ਨਾਲ ਉਹਨਾਂ ਦੀਆਂ ਝੋਲੀਆਂ ਭਰ ਦੇਂਦੀਅੰਬਾਂ ਦੇ ਬੂਟਿਆਂ ਨੂੰ ਲੱਗੇ ਅੰਬ ਜਦੋਂ ਆਚਾਰ ਪੈਣ ਵਾਲੇ ਹੋ ਜਾਂਦੇ ਤਾਂ ਸੱਤਾਂ ਸਾਲਾਂ ਤੋਂ ਲਗਾਤਾਰ ਕੰਮ ਕਰਦੇ ਕਾਮੇ ਨਾਮ੍ਹੇ ਚੂੜ੍ਹੇ ਦੇ ਸਿਰ ਤੇ ਅੰਬਾਂ ਦੀ ਬੋਰੀ ਰਖਵਾ ਕੇ ਆਪਣੇ ਬਣਨ ਵਾਲੇ ਕੁੜਮਾਂ ਦੇ ਘਰ ਘਲਵਾ ਦੇਂਦੀ। (ਸ਼ਬਦ ਚੂੜ੍ਹਾ ਓਦੋਂ ਆਮ ਵਰਤਿਆ ਜਾਂਦਾ ਸੀ ਜਿਸ ਦੀ ਹੁਣ ਮਨਾਹੀ ਹੈ) ਇਕ ਵਾਰ ਮੈਂ ਪਿੰਡ ਧੁੱਪਸੜੀ ਜੋ ਸਾਡੇ ਮੁਰਬਿਆਂ ਅਤੇ ਸਾਡੇ ਪਿੰਡ ਦੇ ਵਿਚਕਾਰ ਪੈਂਦਾ ਸੀ, ਵਿਚ ਬਣ ਰਹੇ ਸਾਡੇ ਨਵੇਂ ਮਕਾਨ ਵੇਖਣ ਜਾ ਰਿਹਾ ਸਾਂ ਕਿ ਸਵਰਨੀ ਤੇ ਉਹਦਾ ਭਰਾ, ਮੈਨੂੰ ਅਚਾਣਕ ਟੱਕਰ ਗਏਮੈਨੂੰ ਵੇਖਦਿਆਂ ਹੀ ਉਸਦੇ ਭਰਾ ਨੇ ਉਹਨੂੰ ਬਾਂਹੋ ਖਿੱਚਿਆ ਤੇ ਭਜਾ ਕੇ ਲਾਗੇ ਇਕ ਘਰ ਵਿਚ ਵੜ ਗਿਆਮੈਂ ਏਨਾ ਜ਼ਰੂਰ ਵੇਖ ਲਿਆ ਸੀ ਕਿ ਸਵਰਨੀ ਜੋ ਓਦੋਂ ਮਸਾਂ ਅਠਾਂ ਨੌਵਾਂ ਸਾਲਾਂ ਦੀ ਹੋਵੇਗੀ, ਵਾਕਿਆ ਈ ਭੈਣ ਜੀਤ ਕੌਰ ਦੇ ਦੱਸਣ ਅਨੁਸਾਰ ਵਲੈਤੀ ਗੁੱਡੀਆਂ ਵਰਗੀ ਸੁਹਣੀ ਸੀਸਵਰਨੀ ਨੂੰ ਵੇਖਣ ਦਾ ਜ਼ਿੰਦਗੀ ਵਿਚ ਇਹ ਮੇਰਾ ਪਹਿਲਾ ਤੇ ਆਖਰੀ ਮੌਕਾ ਸੀ

----

1985 ਵਿਚ ਮੈਂ ਸਵਰਨੀ ਤੇ ਕਹਾਣੀ ਲਿਖੀ ਸੀ ਚਿਕੜਜੋ ਕਈ ਵਾਰ ਛਪੀ ਤੇ ਬਹੁ ਚਰਚਿਤ ਹੋਈਵਿਆਹ ਤੋਂ ਪਹਿਲਾਂ ਹੋਣ ਵਾਲੀ ਵਹੁਟੀ ਨੂੰ ਵੇਖਣਾ ਬਹੁਤ ਬੁਰਾ ਸਮਝਿਆ ਜਾਂਦਾ ਸੀਇਸ ਗੱਲ ਦਾ ਪਤਾ ਬਾਅਦ ਵਿਚ ਮੇਰੀ ਮਾਂ ਨੂੰ ਵੀ ਲੱਗ ਗਿਆ ਸੀ ਪਰ ਓਸ ਨੇ ਮੈਨੂੰ ਕੁਝ ਨਾ ਆਖਿਆ ਕਿਉਂਕਿ ਮੈਂ ਕਿਹੜਾ ਉਸ ਨੂੰ ਵੇਖਣ ਲਈ ਉਹਦੇ ਪਿੰਡ ਗਿਆ ਸਾਂਇਹ ਤਾਂ ਅਚਾਣਕ ਰਾਹ ਜਾਂਦਿਆਂ ਈ ਵਾਪਰ ਗਿਆ ਸੀਹੁਸਨ ਨੂੰ ਸਮਝਣ ਤੇ ਮਾਣਨ ਦੀ ਰਮਜ਼ ਅਜੇ ਮੇਰੇ ਅੰਦਰ ਨਹੀਂ ਸੀ ਜਾਗੀਹਾਂ ਕਾਲੇ ਗੋਰੇ ਰੰਗ ਦੀ ਤਮੀਜ਼ ਦਾ ਗਿਆਨ ਜ਼ਰੂਰ ਸੀਮਾਂ ਇਹ ਜ਼ਰੂਰ ਚਹੁੰਦੀ ਸੀ ਕਿ ਮੈਂ ਜਲਦੀ ਜਲਦੀ ਜਵਾਨ ਹੋ ਜਾਵਾਂ ਤੇ ਉਹ ਸਵਰਨੀ ਨਾਲ ਮੇਰਾ ਵਿਆਹ ਕਰ ਕੇ ਆਪਣੀ ਨੂੰਹ ਨੂੰ ਘਰ ਲੈ ਆਵੇ ਤੇ ਉਹਦਾ ਵਿਹੜਾ ਭਰਿਆ ਭਰਿਆ ਲਗੇ ਪਰ ਮੈਂ ਤਾਂ ਹਾਲੇ ਮਸਾਂ ਦਸਾਂ ਗਿਆਰਾਂ ਸਾਲਾਂ ਦਾ ਬੱਚਾ ਈ ਸਾਂ

****************

ਚਲਦਾ-(ਅਗਲੀ ਵਾਰ-ਉਸ ਦਿਨ ਤੋਂ ਬਾਅਦ)

No comments: