ਲੇਖ
ਕੁਲਵਿੰਦਰ ਦੀ ਰਚਨਾ ਪ੍ਰਕਿਰਿਆ ਵਿਚ ਸਮੂਹ ( Entirety ) ਦੇ ਸੰਕਲਪ ਦੀ ਸੰਵੇਦਨਾ ਇਸ ਵਿਚ ਬ੍ਰਾਜਮਾਨ ਹੈ ਕਿ ਉਹ ਹਰ ਸਮੇਂ ਇਸ ਹੀ ਜੁਸਤਜੂ ਵਿਚ ਰੁਝਿਆ ਰਹਿਂਦਾ ਹੈ ਜੋ ਉਸ ਨੂੰ ਇਸ ਸਾਮੂਹਿਕਤਾ ( Integrity ) ਚੋਂ ਨਿੱਜਤਾ ਦੀ ਪ੍ਰਕਿਰਿਆ ਨਾਲ ਜੋੜ ਦੇਵੇ।ਉਸ ਨੂੰ ਇਕ ਪਛਾਣ ਮਿਲ ਜਾਏ, ਉਸ ਨੂੰ ਵੱਖਰਤਾ ( Differentiation ) ਪ੍ਰਾਪਤ ਹੋਵੇ।
----
ਕੁਲਵਿੰਦਰ ਨੇ ਕਾਇਨਾਤ ਦੇ ਅਨੇਕਾਂ ਸੰਦਰਭਾਂ ਵਿੱਚੋਂ ਲੰਘਣ ਦੀ ਪ੍ਰਕਿਰਿਆ ਨਿਭਾਈ ਹੈ।ਉਸ ਨੇ ਕਰਮਕਾਂਡਾਂ ਨੂੰ ਆਪਣੀ ਮਾਨਸਿਕਤਾ ਵਿਚ ਹੰਢਾਇਆ ਹੈ।ਕਦੀ ਤਾਂ ਉਸ ਨੇ ਇਕ ਵਹਿੰਦੀ ਨਦੀ ਦਾ ਅਨੁਭਵ ਗ੍ਰਹਿਣ ਕੀਤਾ ਹੈ... ਕਿਤੇ ਉੱਚੇ ਪਹਾੜਾਂ ਦੀਆਂ ਚੋਟੀਆਂ ਤੇ ਵਰ੍ਹ ਰਹੇ ਬਰਫ਼ ਦਿਆਂ ਪੋਛਿਆਂ ਦੀ ਛੋਹ ਦਾ ਲੰਮਸ ਮਾਣਿਆ ਹੈ… ਕਿਤੇ ਦਰਿਆ ਤੋਂ ਸਮੁੰਦਰ ਤੀਕ ਅਪੜਨ ਦੀ ਲਾਲਸਾ ਦਰਸਾਈ ਹੈ… ਕਿਤੇ ਇਕ ਸੜ-ਬਲ ਰਹੇ ਜੰਗਲ ਵਿਚ ਇਕ ਘਣਛੱਤਾ ਬਿਰਖ ਹੋਣ ਦੀ ਅਭਿਲਾਸ਼ਾ ਨੂੰ ਦਰਸਾਇਆ ਹੈ… ਕਿਤੇ ਰੇਤਲੇ ਸਹਿਰਾਅ ਦੀ ਨੰਗੀ ਧੁੱਪ ਦਾ ਆਕਰੋਸ਼ ਸਹੇੜਿਆ ਹੈ…ਕਿਤੇ ਮੋਹ ਵਿਚ ਨਿਰਮੋਹਤਾ ਦਾ ਅਨੁਭਵ…ਕਿਤੇ ਇਸ ਆਰ ਤੋਂ ਉਸ ਪਾਰ ਦਾ ਸੰਕਲਪ ਸਹੇੜਿਆ ਹੈ।ਇੰਝ ਪੂਰੇ ਗਲੋਬ ਚੋਂ ੳਹਨਾਂ ਪ੍ਰਸਥਿਤੀਆਂ ਨੂੰ ਆਪਣੀ ਸੋਚ ਦੇ ਘੇਰੇ ਵਿਚ ਕੇਂਦ੍ਰਿਤ ਕਰਨ ਦੀ ਜਗਿਆਸਾ ਹਿਤ ,ਕੁਲਵਿੰਦਰ ਆਪਣੇ ਆਪ ਨਾਲੋਂ ਟੁੱਟ ਚੁਕੇ ਸੰਦਰਭਾਂ ਨੂੰ ਵੇਖਦਾ ਹੈ। ਜੋ ਚੁਗਿਰਦੇ ਪਸਰਿਆ ਹੈ ਉਸ ਵਿਚ ਅਸਚਰਜਤਾ ਦਾ ਉਪਲੱਭਧ ਹੋਣਾ ਉਸ ਲਈ ਇਕ ਮਹੱਤਵ ਰਖਦਾ ਹੈ। ਇਸ ਨੂੰ ਭਾਵੇਂ ਉਹ ਆਪਣੀ ਉਦਾਸੀਨਤਾ ਕਰ ਕੇ ਆਪਣੇ ਨਾਲ ਜੋੜੇ , ਪਰ , ਉਹ ਕਿਸੇ ਪ੍ਰਕਾਰ ਉਪਜੀ ਨਿਰਾਸ਼ਾ ਚੋਂ ਆਸ਼ਾ ਦੀ ਚਿਣਗ ਦਾ ਹੁੰਗਾਰਾ ਭਰਦਾ ਪ੍ਰਤੀਤ ਹੁੰਦਾ ਹੈ ਜੋ ਕੁਲਵਿੰਦਰ ਦੀ ਨਿਸ਼ਾਨਦੇਹੀ ਕਰਾਉਂਦੀ ਹੈ।
----
ਮੈਂ , ਕੁਲਵਿੰਦਰ ਨੂੰ ਉਦਾਸੀਨਤਾ ਦਾ ਲਖਾਇਕ ਹਸਤਾਖ਼ਰ ਨਹੀਂ ਕਬੂਲਦਾ।ਮੇਰੀ ਜਾਚੇ ਉਹ ਇਕ ਪਾਰਖੂ ( Analyst ) ਹੈ ਜੋ ਬਾਹਰਦੀਆਂ ਜਟਲਤਾਵਾਂ ਨੂੰ ਪਰਖਦੇ ਪਰਖਦੇ ਆਪਣੇ ਨਿੱਜ ਵਿਚ ਜਾ ਸਮੋ ਜਾਂਦਾ ਹੈ। ਜਿੱਥੋਂ ਕੇਵਲ ਉਹ ਹੀ ਪਰਤਦਾ ਹੈ , ਉਹ ਹੀ Reflect ਹੁੰਦਾ ਹੈ ਜਿਸ ਵਿਚ ਉਸ ਦੀ ਅਭਿਵਿਅਕਤੀ ਜਾਗ੍ਰਿਤ ਹੁੰਦੀ ਹੈ।ਜੇ ਮੈਂ ਇਹ ਕਹਾਂ ਕਿ ਕੁਲਵਿੰਦਰ ਨਿੱਜਤਾ ਦਾ ਸ਼ਾਇਰ ਹੈ ਜੋ ਸਮੂਹ ਤੋਂ ਆਪਣੇ ਅੰਤ ਤੀਕ ਦੇ ਸਫ਼ਰ ਵਿਚ ਨਿਪੁੰਨ ਹੋ ਨਿਭੜਿਆ ਹੈ ਤਾਂ ਇਸ ਉਪਰ ਬਹਿਸ ਕੀਤੀ ਜਾ ਸਕਦੀ ਹੈ---ਜੋ ਇਸ ਪਰੀਪੇਖ ਦਾ ਭਾਗ ਨਹੀਂ।ਭਾਵੇਂ ਕੁਲਵਿੰਦਰ ਆਪਣੀ ਰਚਨਾ ਪ੍ਰਕਿਰਿਆ ਵਿਚ ਸਵੀਕਾਰਦਾ ਹੈ ਕਿ ਉਸ ਦੀ ਮਨੋ-ਸਥਿਤੀ ਉਦਾਸੀਨਤਾ ਵਲ ਰੁਚਿਤ ਹੈ ਪਰ ਸ਼ਾਇਦ ਉਹ ਇਸ ਨਾਲ ਜਾਗਰੂਪ ਤੌਰ ਤੇ ਸਬੰਧਿਤ ਨਹੀਂ।ਜਦ ਉਹ ਆਪਣੇ ਨਾਲੋਂ ਟੁੱਟ ਚੁਕੇ ਰਹੱਸਾਂ ‘ਚ ਉੱਤਰ ਜਾਂਦਾ ਹੈ …ਆਪਣੀ ਭੌਂ ਦਾ ਖੁੱਸ ਜਾਣਾ … ਆਪਣੇ ਰੁਮਾਂਟਿਕ ਸਮੇਂ ਦੀ ਬੇਫ਼ਿਕਰੀ ਦੇ ਆਲਮ ‘ਚ ਆਪਣੇ ਸਵੈ ਨੂੰ ਅਜੋਕੀਆਂ ਪੱਥਰ ਹੋ ਚੁਕੀਆਂ ਪ੍ਰਸਥਿਤੀਆਂ’ਚ ਘਿਰੇ ਵੇਖਣਾ… ਉਦਾਸੀਨਤਾ ਨਹੀਂ ! ਇਹ ਤਾਂ ਉਸ ਦੇ ਸਵੈ ਦਾ ਇਕ ਪੱਖ ਪੂਰਨ ਦੀ ਅਭਿਲਾਸ਼ਾ ਨੂੰ ਸੂਤਰਧਾਰ ਬਣਾਓਦੀ ਹੈ।ਮਨੁੱਖ ਤਾਂ ਸਮੇਂ ਦੇ ਨਾਲ ਨਾਲ ਆਪਣੇ ਆਪ ਨੂੰ ਤੁਰਦੇ ਵੇਖਦਾ ਹੈ ਅਤੇ ਸਮੇਂ ਅਨੁਸਾਰ ਵਿਚਰਨ ਦੀ ਸਾਰਥਿਕਤਾ ਵਿਚ ਗ੍ਰਸਤ ਹੋ ਨਿੱਬੜਦਾ ਹੈ। ਰਚਨਾ ਵਿਚ ਅਜਿਹੀਆਂ ਹੀ ਸੂਤਰਧਾਰ ਪ੍ਰਸਥਿਤੀਆਂ ਨੂੰ ਉਜਾਗਰ ਕਰਨਾ ਹੁੰਦਾ ਹੈ। ਸਾਹਿਤ ਵਿਚ ਕੋਈ ਵੀ ਗੱਲ ਫ਼ੈਸਲਾਕੁੰਨ ਨਹੀਂ ਹੁੰਦੀ।ਇਸ ਰਾਹੀਂ ਕੋਈ ਸੰਦੇਸ਼, ਉਪਦੇਸ਼, ਸੁਝਾਅ, ਸੰਗਰਾਮ ਜਾਂ ਜਹਾਦ ਵਲ ਸੰਵਾਦ ਨਹੀਂ ਰਚਾਇਆ ਜਾਂਦਾ। ਕੇਵਲ ਸੰਕੇਤ ਉਭਾਰੇ ਜਾਂਦੇ ਹਨ…ਇਸ ਵਿਚ ਜੋ ਅਦ੍ਰਿਸ਼ ਹੈ… ਜੋ ਅਪੁੱਜ ਹੈ… ਜੋ ਅਕਹਿ ਹੈ… ਜੋ ਅਸੁਣ ਹੈ…ਜੋ ਗੁਪਤ ਹੈ…ਜੋ ਹੋਣ ਵਾਲਾ ਹੈ…ਉਸ ਨੂੰ ਰੂਪਮਾਨ ਕੀਤਾ ਜਾਂਦਾ ਹੈ….ਇਹੋ ਸਾਹਿਤ ਹੈ!!!
----
ਕੁਲਵਿੰਦਰ ਨੇ ਪੰਜਾਬੀ ਗ਼ਜ਼ਲ ਨੂੰ ਆਪਣੀ ਬੌਧਿਕ ਪ੍ਰਨਾਲੀ ਵਿਚ ਅਭਿਵਿਅਕਤ ਹੋਣ ਦੀ ਪਹਿਲ ਦਿੱਤੀ ਹੈ। ਜਿਵੇਂ ਕਿ ਸੰਕੇਤ ਮਾਤਰ ਵਰਨਣ ਅਨੁਸਾਰ , ਕੁਲਵਿੰਦਰ ਉਪਰਲੇ ਕਈ ਸੰਦਰਭਾਂ ਵਿਚ ਵਿਚਰ ਜਾਂਦਾ ਹੈ ਤਾਂ ਇਕ ਪ੍ਰਸ਼ਨ ਉਜਾਗਰ ਹੋ ਉਠਦਾ ਹੈ ਕਿ ਕੀ ਉਹ ਇਸ ਵਿਧੀ ਵਿਚ ਆਪਣੇ ਆਪ ਨੂੰ ਸਪਸ਼ਟੀਕਰਣ ਦੇਣ ਦੀ ਕਸੋਟੀ ਤੇ ਪੂਰਾ ਉਤਰ ਜਾਂਦਾ ਹੈ? ਦਰ ਅਸਲ ਗ਼ਜ਼ਲ ਕਵਿਤਾ ਦੀ ਇਕ ਵਲੱਖਣ ਵਿਦੀ ਹੈ। ਇਸ ਨੂੰ ਫ਼ਨ-ਏ-ਸ਼ਾਇਰੀ ( Art of Poetry ) ਕਰ ਕੇ ਤਸਲੀਮ ਕੀਤਾ ਗਿਆ ਹੈ। ਸ਼ਾਇਦ ਖੁੱਲ੍ਹੀ ਕਵਿਤਾ ਇਸੇ ਕਰ ਕੇ ਲੋਕ ਪਰੀਏ ਬਣੀ ਰਹੀ ਕਿਉਂ ਕਿ ਇਸ ਵਿਚ ਕਿਸੇ ਫ਼ਨ ਦੀ ਸ਼ਮੂਲੀਅਤ ਨਹੀਂ ਰਹੀ। ਬਲਕਿ ਜਿੰਨੀ ਵੀ ਇਹ ਗਦ (ਨੱਸਰ) ਵਲ ਢੁਕਦੀ ਗਈ ਓਨੀ ਹੀ ਇਹ ਪੰਜਾਬੀ ਆਲੋਚਕਾਂ ਵਿਚ ਸਰਬ ਉੱਤਮ ਹੁੰਦੀ ਗਈ। ਪਰ ਕਵਿਤਾ ਤਾਂ ਕਵਿਤਾ ਉਦੋਂ ਹੁੰਦੀ ਹੈ ਜਦ ਇਹ ਨੱਸਰ ਤੋਂ ਹਟ ਕੇ ਪਦ ਵਿਚ ਹੋਵੇ। ਇਸ ਵਿਚ ਨਗਮਗੀ ਹੋਵੇ। ਦਰਦ ਭਿੰਨੀ ,ਸੁਰਮਈ, ਸੰਗੀਤਕ ਛੰਦ-ਬੱਧਤਾ ਹੋਵੇ, ਅਤੇ ਗ਼ਜ਼ਲ ਨੇ ਇਹ ਅਸਥਾਨ ਗ੍ਰਹਿਣ ਕਰ ਲਿਆ ਹੈ ਕਿ ਇਹ ਕਿਸੇ ਵੀ ਤਰ੍ਹਾਂ ਦੇ ਰਸ ਦੇ ਇਜ਼ਹਾਰ ਨੂੰ ਪ੍ਰਗਟ ਕਰ ਸਕੇ।ਭਾਵੇਂ ਪੰਜਾਬੀ ਗ਼ਜ਼ਲ ਆਪਣਾ ਨਵੇਕਲਾ ਸਫ਼ਰ ਬੜੀ ਸਫ਼ਲਤਾ ਨਾਲ ਤੋਰ ਰਹੀ ਹੈ ਪਰ ਇਸ ਨੂੰ ਸੰਜੀਦਗੀ ਨਾਲ ਅਪਨਾਉਣ ਦਾ ਅਭਾਸ ਵੀ ਨਾਲ ਨਾਲ ਤੁਰ ਰਿਹਾ ਹੈ।
----
ਜਿਵੇਂ ਇਕ ਪੇਂਟਰ ਲਈ ਹਰ ਪ੍ਰਕਾਰ ਦੇ ਰੰਗ ਅਤੇ ਬੁਰਸ਼ ਵਰਤਣ ਦੀ ਕਲਾਤਮਿਕਤਾ ਉਸ ਦੀ ਕਲਾ ਨੂੰ ਉਭਾਰਦੇ ਹਨ, ਜਿਵੇਂ ਇਕ ਬੁੱਤ-ਤ੍ਰਾਸ਼ ਦੀ ਛੈਣੀ ਅਤੇ ਹਥੌੜੀ ਦੀ ਵਰਤੋਂ ਉਸ ਨੂੰ ਇਕ ਸਾਰਥਿਕ ਬੁੱਤ ਘੜਨ ਦੀ ਸਮਰੱਥਾ ਬਖ਼ਸ਼ਦੇ ਹਨ, ਉੰਝ ਹੀ ਇਕ ਗ਼ਜ਼ਲਕਾਰ ਲਈ ਰੁਕਨਾਂ ਦੀ ਪਹਿਚਾਣ ਅਤੇ ਢੁਕਵੇਂ ਸ਼ਬਦਾਂ ਦੀ ਜੜਤ ਇਕ ਕਲਾਤਮਿਕ ਗ਼ਜ਼ਲ ਦੀ ਬੁਣਕਾਰੀ ਵਿਚ ਵਲੱਖਣ ਹਨ।ਇਹਨਾਂ ਤੋਂ ਰਹਿਤ ਹੋ ਕੇ ਗ਼ਜ਼ਲ ਕਹਿਣੀ / ਸਿਰਜਣੀ ਅਸੰਭਵ ਹੈ।ਦਰ ਅਸਲ ਅਰਕਾਨ ਜਾਂ ਰੁਕਨ ਕੋਈ ਐਸੀ ਸ਼ੈ ਨਹੀਂ ਜੋ ਪਹਿਚਾਣੀ ਨਾ ਜਾ ਸਕੇ।ਇਹ ਜ਼ਰੂਰ ਹੈ ਕਿ ਇਹਨਾਂ ਦਾ ਨਾਮਕਰਣ ਸਾਡੇ ਲਈ ਓਪਰਾ ਜਿਹਾ ਹੈ।ਇਕ ਗ਼ਜ਼ਲ ਕਿਸੇ ਨ ਕਿਸੇ ਰੁਕਨ ਤੇ ਜ਼ਮੀਨ ਗ੍ਰਹਿਣ ਕਰਦੀ ਹੈ। ਮੇਰਾ ਮਤਲਬ ਹੈ ਕਿ ਹਰ ਗ਼ਜ਼ਲ ਕਿਸੇ ਬਹਿਰ ਵਿਚ ਹੁੰਦੀ ਹੈ ਅਤੇ ਹਰ ਬਹਿਰ ਨੂੰ ਰੁਕਨ( ਅਰਕਾਨ ) ਸਿਰਜਦੇ ਹਨ। ਕਿਉਂਕਿ ਮੈਂ ਇਸ ਦਸਤਾਵੇਜ਼ ਰਾਹੀਂ ਕੇਵਲ ਕੁਲਵਿੰਦਰ ਦੀ ਗੱਲ ਕਰਨੀ ਹੈ ਅਤੇ ਉਹ ਗ਼ਜ਼ਲ ਦੇ ਅਸਲੂਬ ਨੂੰ ਬਾਖ਼ੂਬੀ ਜਾਣਦਾ ਹੈ ਸੋ ਮੈਂ ਕੇਵਲ ਉਸ ਵਲੋਂ ਰਚਿਤ ਪੁਸਤਕ “ ਨੀਲੀਆਂ ਲਾਟਾਂ ਦਾ ਸੇਕ “ ਸਬੰਧੀ ਇਹ ਦਰਸਾਉਣ ਦੀ ਕੋਸ਼ਿਸ਼ ਕਰਾਂਗਾ ਕਿ ਇਹ ਗ਼ਜ਼ਲ ਸੰਗ੍ਰਹਿ ਵਿਚਲੀਆਂ ਗ਼ਜ਼ਲਾਂ ਕਿਹੜੀਆਂ ਬਹਿਰਾਂ ਨੂੰ ਸਾਰਥਿਕਤਾ ਪ੍ਰਧਾਨ ਕਰਦੀਆਂ ਹਨ ।
----
ਇਸ ਸੰਗ੍ਰਹਿ ਵਿਚ 47 ਗ਼ਜ਼ਲਾਂ ਹਨ, ਜਿੰਨਾਂ ਨੂੰ ਕੁਲਵਿੰਦਰ ਨੇ 5 ਬਹਿਰਾਂ ਵਿਚ ਪਿਰੋਇਆ ਹੈ।ਬਹਿਰਾਂ ਪ੍ਰਤੀ ਇਕ ਗੱਲ ਕਹਿਣ ਦੀ ਇਜਾਜ਼ਤ ਚਾਹਾਂਗਾ ਕਿ ਮੁੱਖ ਤੌਰ ਤੇ 19 ਬਹਿਰਾਂ (ਅਰਬੀ ) ਵਿਚ ਸਿਰਜੀਆ ਗਈਆਂ ਹਨ। 12 ਬਹਿਰਾਂ ਵਿਚ ਉਰਦੂ ਦੀਆਂ ਗਜ਼ਲਾਂ ਬ੍ਰਾਜਮਾਨ ਹਨ ਅਤੇ ਪੰਜਾਬੀ ਵਿਚ 11 ਬਹਿਰਾਂ ਤੀਕ ਰਸਾਈ ਹੋ ਚੁਕੀ ਹੈ।
----
ਕੁਲਵਿੰਦਰ ਦੀਆਂ 19 ਗ਼ਜ਼ਲਾਂ ਬਹਿਰ ਰਮਲ ਵਿਚ ਹਨ।ਜਿਸ ਵਿਚ ਉਸ ਦੀਆਂ 6 ਗ਼ਜ਼ਲਾਂ ਸਾਲਮ ਬਹਿਰ ਵਿਚ ਹਨ।ਇਹਨਾਂ ਦਾ ਸਾਲਮ ਵਜ਼ਨ , ਰੁਕਨ ਫ਼ਾਇ-ਲਾ-ਤੁਨ ( SI-S-S ) ਦਾ 4 ਵੇਰ ਪ੍ਰਤੀ ਮਿਸਰੇ ਵਿਚ ਹੋਣਾ ਨਿਸਚਿਤ ਕੀਤਾ ਗਿਆ ਹੈ।ਇਹ ਗ਼ਜ਼ਲਾਂ ਹਨ:6,7,13,24,38 ਅਤੇ 42। ਬਾਕੀ ਦੀਆਂ 13 ਗ਼ਜ਼ਲਾਂ ਇਸ ਬਹਿਰ ਦੇ ਅਲੱਗ ਅਲੱਗ ਜ਼ਿਹਾਫਾਂ ਅਨੁਸਾਰ ਹਨ।ਜ਼ਿਹਾਫਾਂ ਤੋਂ ਭਾਵ ਕਾਂਟ-ਛਾਂਟ ਕਰਨਾ ਹੈ।ਜਿਵੇਂ ਗ਼ਜ਼ਲਾਂ 1,3,5,11,32 । ਇਹਨਾਂ ਦਾ ਵਜ਼ਨ ਪ੍ਰਤੀ ਮਿਸਰਾ ,ਇਸ ਪ੍ਰਕਾਰ ਹੈ : “ ਫਾਇ-ਲਾ-ਤਨ, ਫਾਇ-ਲਾ-ਤੁਨ , ਫਾਇ-ਲਾ-ਤੁਨ, ਫਾਇ-ਲੁਨ ।ਇੰਝ ਹੀ ਬਾਕੀ ਦੀਆਂ 8 ਗ਼ਜ਼ਲਾਂ , ਇਸ ਬਹਿਰ ਦੀਆਂ ਹੋਰ ਉਪ ਬਹਿਰਾਂ ਵਿਚ ਹਨ, ਇਹ ਗ਼ਜ਼ਲਾਂ ਹਨ : 9,22,26,36,37,41,44,46 ।
----
ਕੁਲਵਿੰਦਰ ਨੇ 18 ਗ਼ਜ਼ਲਾਂ ਬਹਿਰ ਹਜ਼ਜ ਵਿਚ ਕਹਈਆਂ ਹਨ। ਪਹਿਲੀਆਂ 3 ਗ਼ਜ਼ਲਾਂ ਜੋ ਇਸ ਦੀ ਸਾਲਮ ਬਹਿਰ ਵਿਚ ਹਨ ਉਹ 10, 12 ਅਤੇ 15 ਹਨ। ਇਹਨਾਂ ਦਾ ਸਾਲਿਮ ਵਜ਼ਨ “ ਮਫਾ-ਈ-ਲੁਨ “ ( IS-S-S) 4 ਵੇਰ ਪ੍ਰਤੀ ਮਿਸਰਾ ਹੈ।ਬਾਕੀ ਦੀਆਂ ਗ਼ਜ਼ਲਾਂ ਜੋ ਇਸ ਬਹਿਰ ਦੇ ਜ਼ਿਹਾਫ ਅਧੀਨ ਹਨ ਉਹ ਹਨ : 2,4,8,16,17,18,23,25,28,29,30,33,40,45 ਅਤੇ 47।
ਬਹਿਰ ਮੁਤਦਾਰਿਕ, ਜਿਸ ਦਾ ਸਾਲਮ ਵਜ਼ਨ “ ਫਾਇ-ਲੁਨ “ (SI-S ) 4 ਵੇਰ ਪ੍ਰਤੀ ਮਿਸਰਾ ਹੈ ਵਿਚ ਕੇਵਲ ਇਕ ਗ਼ਜ਼ਲ ਨੰ:27 ਹੈ ।ਇਹ 5-ਅਖਰੀ ਰੁਕਨ ਹੈ।
ਇਸ ਵਿਚ ਵਰਤਿਆ ਗਿਆਜ਼ਿਹਾਫ “ ਫੇਲੁਨ “ (SS ) ਹੈ, ਜੋ ਫਾਇ- ਵੱਤਦ ਦਾ ਤੀਜਾ ਮੁਤਹਰਕ ਅੱਖਰ ਡੇਗ ਕੇ ਬਣਿਆ ਹੈ।ਇਹ ਵਜ਼ਨ ,ਪੰਜਾਬੀ ਵਿਚ ਕਹੀ ਜਾ ਰਹੀ ਗ਼ਜ਼ਲ ਦੀ ਮੁਖ ਧੁੰਨੀ ਵਿਚ ਹੈ ਅਤੇ ਸਭ ਤੋਂ ਵਧ ਵਰਤੀ ਗਈ ਹੈ, ਇਸ ਵਿਚ ਕੁਲਵਿੰਦਰ ਦੀਆਂ ਤਿੰਨ ਗ਼ਜ਼ਲਾਂ ਹਨ, ਜੋ 19, 34 ਅਤੇ 39 ਵਜੋਂ ਹਨ।
ਇਕ ਹੋਰ ਪੰਜ ਹਰਫੀ ਰੁਕਨ “ ਫਊ-ਲੁਨ “ਹੈ।ਫਊ-ਲੁਨ (IS-S) ਦਾ 4 ਵੇਰ ਪ੍ਰਤੀ ਮਿਸਰਾ ਹੋਣਾ ਬਹਿਰ “ਮੁਤਕਾਰਿਬ “ ਅਖਵਾਂੳਦੀ ਹੈ। ਕੁਲਵਿੰਦਰ ਨੇ ਇਸ ਸਾਲਮ ਬਹਿਰ ਵਿਚ ਕੋਈ ਵੀ ਗ਼ਜ਼ਲ , ਇਸ ਸ਼ੁਮਾਰੇ ਵਿਚ ਨਹੀਂ ਕਹੀ, ਪਰ ਉਸ ਦੀਆਂ 3 ਗ਼ਜ਼ਲਾਂ ਇਸ ਦੇ ਇਕ ਖੂਬਸੂਰਤ ਜ਼ਿਹਾਫ ਵਿਚ ਕਹੀਆਂ ਗਈਆਂ ਹਨ।ਇਸ ਦੇ ਸੱਬਬ ਸਕੀਲ ( ਲੁਨ ) , ਜਿਸ ਦੇ ਦੋਹਵੇਂ ਅਖਰ ਮੁਤਹੱਰਕ ਹੁੰਦੇ ਹਨ, ਚੋਂ ਇਕ ਡੇਗ ਦਿੱਤਾ ਜਾਂਦਾ ਹੈ, ਅਤੇ ਵਜ਼ਨ ਬਣ ਜਾਂਦਾ ਹੈ “ਫਊਲ”। ਇਹ ਬਹਿਰ ਦਾ ਪਹਿਲਾ ਰੁਕਨ ਬਣ ਜਾਂਦਾ ਹੈ।ਦੂਜੇ ਰੁਕਨ ਲਈ ਫਊ, ਜੋ ਵੱਤਦ ਮਜਮੂਆ ਹੈ ਦੇ ਦੋਹਾਂ ਪਹਿਲੇ ਮੁਤਿਹਰਕ ਅੱਖਰਾਂ ਚੋਂ ਇਕ ਡੇਗ ਦਿੱਤਾ ਜਾਂਦਾ ਹੈ ਅਤੇ ਰਹਿ ਜਾਂਦਾ ਹੈ ਊ, ਅਤੇ ਇਹ ਸੱਬਬ ਸਕੀਲ ਨਾਲ ਰਲ ਕੇ “ਊ-ਲੁਨ” ਜਾਂ “ਫੇ-ਲੁਨ”ਬਣ ਜਾਂਦਾ ਹੈ।ਇੰਝ ਦੋਹਵੇਂ ਭਾਗ ਮਿਲ ਕੇ ਜੋ ਵਜ਼ਨ ਧਾਰਦੇ ਹਨ ਉਸ ਨੂੰ “ ਫਊਲ-ਫੇਲੁਨ “ ਕਰ ਕੇ ਨਸ਼ਰ ਕੀਤਾ ਜਾਂਦਾ ਹੈ।। ਇਸ ਤਰਾਂ, ਇਸ ਬਹਿਰ ਵਿਚ ਪਹਿਲੇ ਦੋ ਅਰਕਾਨ ਹਨ”ਫਊਲ-ਫੇਲੁਨ “ ( ISI-SS ) ਅਤੇ ਇਸ ਨੂੰ 2 ਵੇਰ ਪ੍ਰਤੀ ਮਿਸਰਾ,ਵਰਤਣ ਨਾਲ ਇਹ ਬਹਿਰ ਮੁਤਕਾਰਿਬ ਦੀ ਇਕ ਉਪ ਬਹਿਰ ( ਮਕਬੂਜ਼ ) ਦਾ ਸਿਰਜਣ ਕਰਦੇ ਹਨ। ।ਇਸ ਵਿਚ ਕਹੀਆਂ ਗਈਆਂ ਗ਼ਜ਼ਲਾਂ ਹਨ:14, 35 ਅਤੇ 43।
----
ਕੁਲਵਿੰਦਰ ਨੇ ਇਸ ਪੁਸਤਕ ਵਿਚ ਇਕ ਬਹੁਤ ਔਖੀ ਬਹਿਰ ਵਿਚ ਤਿੰਨ ਗ਼ਜ਼ਲਾਂ ਕਹਈਆਂ ਹਨ।ਇਹ ਗ਼ਜ਼ਲਾਂ ਹਨ 20, 21 ਅਤੇ 31।ਇਹ “ਬਹਿਰ ਮੁਜਤਸ” ਤੋਂ ਨਿਕਲਦੀ ਹੈ। ਬਹਿਰ ਮੁਜਤਸ ਵਿਚ ਦੋ ਵੱਖਰੇ ਅਰਕਾਨ, ਇਕ ਮਿਸਰੇ ਵਿਚ ਦੋ ਵੇਰ ਆਉਂਦੇ ਹਨ, ਜਿਵੇਂ :
“ ਮੁਸ-ਤਫ-ਇਲੁਨ, ਫਾ-ਇਲਾ-ਤੁਨ, ਮੁਸ-ਤਫ-ਇਲੁਨ, ਫਾ-ਇਲਾ-ਤੁਨ “
( S- S - IS ),( S- IS- S ),(S- S- IS), (S- IS – S )
ਇਸ ਵਿਚ ਜਿਸ ਤਰਤੀਬ ਨਾਲ ਦੋਹਾਂ ਰੁਕਨਾਂ ਦੇ ਪਹਿਲੇ ਸੱਬਬ ਆਪਣਾ ਮੁਤਹੱਰਕ ਅੱਖਰ ਡੇਗ ਦੇਂਦੇ ਹਨ , ਉਸ ਮਗਰੋਂ ਇਹ ਜੋ ਸ਼ਕਲ ਧਾਰਦੇ ਹਨ ਹੇਠ ਦਰਜ ਹਨ :
( I - S - IS ), ( I - IS - S ),( I- S- IS ), ( I- IS- S )
ਜਾਂ :
( IS-IS ), ( I- ISS ), ( IS- IS ), ( I- ISS )
ਜਾਂ ( ਮਫਾ-ਇਲੁਨ ), ( ਫ-ਇਲਾਤੁਨ ),( ਮਫਾ-ਇਲੁਨ),( ਫ-ਇਲਾਤੁਨ)
----
ਕੁਲਵਿੰਦਰ ਉਂਝ ਤਾਂ ਅਰੂਜ਼ ਵਿਚ ਨਿਪੁੰਨ ਹੈ, ਪਰ ਮੈਂ ਉਸ ਦਿਆਂ ਕੁਝ ਕੁ ਸ਼ਿਅਰਾਂ ਦੀ ਤਕਤੀਹ, ਇਸੇ ਬਹਿਰ ਵਿਚ ਕਹੀਆਂ ਗਈਆਂ ਗ਼ਜ਼ਲਾਂ ਚੋਂ ਕਰਨਾ ਉੱਚਿਤ ਸਮਝਦਾ ਹਾਂ।ਇਹ ਇਸ ਲਈ ਵੀ ਉੱਚਿਤ ਹੈ ਕਿਉਂ ਕਿ ਇਹ ਬਹਿਰ ਇਸ ਪੁਸਤਕ ਦੀ ਸਭ ਤੋਂ ਮੁਸ਼ਕਲ ਬਹਿਰ ਹੈ, ਅਤੇ ਮੈਂ ਸਮਝਦਾ ਹਾਂ ਕਿ ਜੋ ਵੀ ਗ਼ਜ਼ਲ ਕਹਿਣ ਵਾਲਾ ਇਸ ਵਜ਼ਨ ਤੇ ਮੁਕੱਮਲ ਗ਼ਜ਼ਲ ਸਿਰਜ ਸਕਦਾ ਹੈ ਉਹ ਇਸ ਵਿਧੀ ਵਿਚ ਨਿਪੁੰਨ ਹੈ। ਇਹ ਸ਼ਾਇਦ ਇਸ ਕਰਕੇ ਵੀ ਮੰਗ ਕਰਦੀ ਹੈ ਕਿ ਇਸ ਬਹਿਰ ਨੂੰ ਪਰਖਿਆ ਜਾਏ।
----
ਗ਼ਜ਼ਲ 20, ਦਾ ਵਜ਼ਨ ਉਪਰੋਕਤ ਬਹਿਰ ਦੀ ਇਕ ਉਪ ਬਹਿਰ ਵਜੋਂ ਇੰਝ ਹੈ:
“ ਮਫਾ-ਇਲੁਨ , ਫ-ਇਲਾਤੁਨ , ਮਫਾ-ਇਲੁਨ, ਫੇਲੁਨ “
ਇਸ ਗ਼ਜ਼ਲ ਦਾ ਮਤਲਾ ਹੈ :
“ ਇਕਾਂਤ ਵਿੱਚ ਜੋ ਅਕਸਰ ਰਹੇ ਤੇ ਮੁਸਕਾਵੇ “
“ਉਦਾਸ ਬਹੁਤ ਹੀ ਜਸ਼ਨਾ’ਚ ਜਾ ਕੇ ਹੋ ਜਾਵੇ “
ਇਸ ਦੀ ਤਕਤੀਹ ਹੈ :
ਵਜ਼ਨ : ਮਫਾ + ਇਲੁਨ = ਫ +ਇਲਾ+ਤੁਨ = ਮਫਾ + ਇਲੁਨ =ਫੇ + ਲੁਨ
ਇਕਾ+ ਤਵਿਚ = ਚ +ਜਅਕ+ਸਰ = ਰਹੇ + ਤਮੁਸ = ਕਾ +ਵੇ
ੳਦਾ +ਸਬੁਹ = ਤ +ਹਜਸ਼ +ਨਾ = ਚਜਾ +ਕ ਹੋ = ਜਾ +ਵੇ
ਇਕ ਹੋਰ ਸ਼ਿਅਰ ਇਸੇ ਗ਼ਜ਼ਲ ਦਾ ਵੇਖੋ :
“ ਮੇਰੇ ਨਗਰ ‘ਚ ਅਚਾਨਕ ਹੀ ਢਲ ਗਿਆ ਸੂਰਜ
ਖ਼ੁਦਾ ਕਰੇ ਕਿ ਚਰਾਗਾਂ’ਚ ਰਾਤ ਢਲ ਜਾਵੈ……”…..ਅਤੇ ਤਕਤੀਹ :
(6)
ਮਰੇ + ਨਗਰ = ਚ +ਅਚਾ +ਨਕ = ਹ ਢਲ + ਗਯਾ = ਸੂ + ਰਜ
ਖ਼ੁਦਾ + ਕਰੇ = ਕ +ਚਰਾ +ਗਾਂ = ਚ ਰਾ+ਤ ਢਲ = ਜਾ + ਵੇ
ਇਸੇ ਬਹਿਰ ਉਪਰ ਕੁਲਵਿੰਦਰ ਦੀ ਗ਼ਜ਼ਲ ਨੰ 31 ਵਿਚ ,ਜਿਸ ਦਾ ਮਤਲਾ ਹੈ :
“ ਮੈਂ ਸਤਰ ਸਤਰ ਦੀ ਖਾਤਿਰ ਹੀ ਜੀਂਦਾ ਮਰਦਾ ਹਾਂ
ਕਵੀ ਹਾਂ, ਇਸ ਲਈ ਹਰਫ਼ਾਂ ਨੂੰ ਪਿਆਰ ਕਰਦਾ ਹਾਂ “
ਦੀ ਤਕਤੀਹ ਇਸ ਪ੍ਰਕਾਰ ਹੈ :
ਮਸਤ + ਰਸਤ = ਰ +ਦੀਖਾ + ਤਰ = ਹ ਜੀ + ਦ ਮਰ = ਦਾ + ਹਾਂ
ਕਵੀ +ਹ ਇਸ = ਲ +ੲ ਹਰ + ਫਾਂ =ਨ ਪਾ + ਰ ਕਰ = ਦਾ + ਹਾਂ
----
ਕੁਲਵਿੰਦਰ ਅਰੂਜ਼ ਦੀਆਂ ਬਹਿਰਾਂ ਨੂੰ ਵਰਤਣ ਵਿਚ ਐਬ-ਰਹਿਤ ਹੈ ਅਤੇ ਹਰ ਬਹਿਰ ਨੂੰ ਉਸ ਦੇ ਸਹੀ ਰੂਪ ਵਿਚ ਪੇਸ਼ ਕਰਨ ਦਾ ਵਲ ਬਾਖ਼ੂਬੀ ਜਾਣਦਾ ਹੈ।ਰੁਕਨ ਅਤੇ ਸ਼ਬਦ ਦਾ ਰਿਸ਼ਤਾ ਕਾਇਮ ਕਰਨ’ਚ ਉਸ ਨੂੰ ਕਮਾਲ ਹਾਸਿਲ ਹੈ। ਇਸ ਸੰਬੰਧ ਵਿਚ ਮੈਂ ਉਸ ਦੀ ਗ਼ਜ਼ਲ 28 ਦੇ ਸ਼ਿਅਰ ਨੰ 3 ਦੇ ਦੂਜੇ ਮਿਸਰੇ ਵਿਚ ਵਰਤੇ ਗਏ ਸ਼ਬਦ “ ਮੋਮਬੱਤੀ “ ਨੂੰ ਉਸ ਨੇ “ ਮੋ’ਬੱਤੀ “ ਕਰ ਕੇ ਨਸਬ ਕੀਤਾ ਹੈ। ਇਸ ਨਾਲ ਇਕ ਤਾਂ ਇਹ ਸ਼ਬਦ, ਰੁਕਨ “ ਫਾ-ਈ-ਲੁਨ “ ਤੇ ਬ੍ਰਾਬਰ ਢੁਕਦਾ ਹੈ । ਦੂਜਾ ਇਹ ਆਪਣਾ ਅਰਥ ਬਰਕਰਾਰ ਰਖਦਾ ਹੈ।
----
ਇਕ ਸ਼ਿਅਰ ਦੀ ਆਪਣੀ ਇਕ ਪਛਾਣ ਹੁੰਦੀ ਹੈ। ਆਪਣਾ ਇਕ ਵਿਸ਼ਾ ਹੁੰਦਾ ਹੈ ਜਿਸ ਤੇ ਅਧਾਰਿਤ ਹੋ ਕੇ ਇਸ ਨੂੰ ਸਿਰਜਿਆ ਜਾਂਦਾ ਹੈ।ਮਿਸਰਾ ਅਵਲ ਇਕ ਪ੍ਰਸ਼ਨ ਉਜਾਗਰ ਕਰਦਾ ਹੈ, ਇਕ ਭਾਵਨਾਂ ਨੂੰ ਜ਼ਮੀਨ ਦੇਂਦਾ ਹੈ, ਜਿਸ ਤੇ ਖੜੋ ਕੇ ਮਿਸਰਾ ਦੋ ਇਸ ਦਾ ਉਤਰ ਅਧਿਕਾਰੀ ਬਣਦਾ ਹੈ। ਸ਼ਿਅਰ ਨੂੰ ਮੁਕੰਮਲ ਕਰਨ ਦੀ ਜ਼ਿੰਮੇਦਾਰੀ ਇਹੋ ਨਿਭਾਉਦਾ ਹੈ। ਕਦੀ ਕਦੀ ਤਾਂ ਮਿਸਰਾ ਅਵਲ , ਬਿਨਾ ਸਿਰ ਪੈਰ ਦੀਆਂ ਉਡਾਰੀਆਂ ਮਾਰਨ ਲਗਦਾ ਹੈ। ਇਸ ਨਾਲ ਉਹ ਬੇਤਰਤੀਬਗੀ ਪੈਦਾ ਕਰਦਾ ਹੈ। ਦੋਹਾਂ ਮਿਸਰਿਆਂ ਵਿਚ ਆਪਸੀ ਰਬਤ ਦੀ ਘਾਟ , ਸ਼ਿਅਰ ਨੂੰ ਅਸਪਸ਼ਟਤਾ ਵਲ ਲੈ ਤੁਰਦੀ ਹੈ। ਜਿਥੋਂ ਤੀਕ ਕੁਲਵਿੰਦਰ ਦੀ ਸ਼ਿਅਰ ਰਚਨਾ ਪ੍ਰਤੀ, ਜੁਗਤ ਬੰਦੀ ਉਪਲਭਧ ਹੋਈ ਹੈ ,ਉਹ ਇਸ ਸਬੰਧ ਵਿਚ ਚੇਤੰਨ ਹੈ। ੳਹ ਆਪਣੇ ਇਕ ਸ਼ਿਅਰ ਵਿਚ ਇੰਝ ਮੁਖ਼ਾਤਿਬ ਹੈ :
“ਉਹ ਖੜੇ ਹਨ ਪ੍ਰਸ਼ਨ ਬਣਕੇ ਸ੍ਹਾਮਣੇ / ਸ੍ਹਾਮਣੇ ਹਾਂ ਮੈਂ ਵੀ ਉਤਰ ਦੀ ਤਰ੍ਹਾਂ “
----
ਕੁਲਵਿੰਦਰ ਬਹੁਤ ਘਟ ਅਸਪਸ਼ਟਤਾ ਦਾ ਮੁਗਾਲਦਾ ਪਾਉਂਣ ਵਾਲੇ ਗ਼ਜ਼ਲਕਾਰਾਂ ਚੋਂ ਇਕ ਹੈ। ਉਸ ਦਿਆਂ ਅਜਿਹਿਆਂ ਕੁਝ ਕੁ ਸ਼ਿਅਰਾਂ ਵਿਚ ਵਿਸ਼ੇ ਦੀ ਜਟਲਤਾ ਇਸ ਨੂੰ ਡੂੰਘਾਣ ਵਲ ਲ਼ੈ ਤੁਰਦੀ ਹੈ।ਭਾਵੇਂ ਇਕ ਸ਼ਿਅਰ ਦੇ ਪਹਿਲੇ ਮਿਸਰੇ ਵਿਚ ਛਾਵਾਂ ਜਿਹੇ ਬਿੰਬ ਨੂੰ ਮਨਫੀ ਕੀਮਤਾਂ ਵਿਚ ਸ਼ੁਮਾਰ ਕਰਦਾ ਹੈ ਅਤੇ ਇਕ ਅਸਚਰਜਤਾ ਦਾ ਵਾਤਾਵਰਣ ਉਸਾਰਨ ਦੀ ਕੋਸ਼ਿਸ਼ਿ ਕਰਦਾ ਪ੍ਰਤੀਤ ਹੁੰਦਾ ਹੈ, ਪਰ ਉਸ ਦੇ ਅਜੇਹੇ ਸ਼ਿਅਰ ਦੀ ਵਿਅਖਿਆ ਇੰਝ ਕੀਤੀ ਜਾ ਸਕਦੀ ਹੈ, ਜਦ ਉਹ ਕਹਿ ਉਠਦਾ ਹੈ
“ ਇਹਨਾਂ ਰੁੱਖਾਂ ਦੀਆਂ ਛਾਵਾਂ ਨੇ ਲੂਹ ਦੇਣੇ ਬਦਨ ਯਾਰੋ
ਮਘਾਵਣਗੇ ਜੋ ਰੂਹਾਂ ਨੂੰ ਉਹ ਅੱਗ ਦੇ ਫੁੱਲ ਹਨ ਯਾਰੋ “
ਤਾਂ ਜੋ ਨਿਸ਼ਕਰਸ਼ ਸਾਹਮਣੇ ਆਉਂਦਾ ਹੈ ਉਸ ਅਨੁਸਾਰ, ਉਹ ਅਜੇਹੀਆਂ ਪ੍ਰਸਥਿਤੀਆਂ ਨੂੰ ਮਾਰੂ ਕਰਾਰ ਦੇਂਦਾ ਹੈ ਜਿਨ੍ਹਾਂ ਰਾਹੀਂ ਉਹ ਆਪਣੇ ਸੰਘਰਸ਼ ਨੂੰ , ਅਜੋਕੀ ਸੱਤਾ ਵਲੋਂ ਉਪਲਭਧ ਸੁਖ ਦੀ , ਸੰਪਤੀ ਦੀ ਠੰਡ ਵਿਚ ਮਰ ਮਿਟਿਆ ਅਨੁਭਵ ਕਰਦਾ ਹੈ। ਉਹ ਤਾਂ ਸੰਘਰਸ਼ ਦਾ ਪ੍ਰਤੀਕ ਹੈ ਜਿਸ ਲਈ ਉਸ ਨੂੰ ਇਕ ਐਸੀ ਅੱਗ ਦਰਕਾਰ ਹੈ ਜਿਸ ਰਾਹੀਂ ਉਹ ਆਪਣੇ ਨਿਸਚੇ ਦੀ ਪ੍ਰਾਪਤੀ ਕਰ ਸਕੇ, ਆਪਣੇ ਮਕਸਦ ਨੂੰ ਭਖਦਾ ਅਨੁਭਵ ਕਰ ਸਕੇ।ਹਰ ਪਲ ਜੀਵਤ ਰਖ ਸਕੇ।ਇਸ ਸ਼ਿਅਰ ਨੁੰ ਹੋਰ ਮਹੱਤਵਪੂਰਣ ਦਰਸਾਉਣ ਲਈ ਮੈਂ ਕਵੀ ਪਾਸ਼ ਦੇ ਇਕ ਸ਼ਿਅਰ ਦੀ ਪੈਰੋਡੀ ਇੰਝ ਕਰਦਾ ਹਾਂ
“ ਸਭ ਤੋਂ ਖਤਰਨਾਕ ਹੁੰਦੀ ਹੈ ਉਹ ਛਾਂ ਜਿਸ ਦੀ ਠੰਡ ਵਿਚ ਆਤਮਾ-ਹੀਣ ਹੋ ਕੇ ਸੁਤਿਆ ਜਾਏ “
----
ਗ਼ਜ਼ਲ ਸਿਨਫ ਵਿਚ ਉੰਝ ਤਾਂ ਬੁਹਤ ਸਾਰੇ ਗੁਣਾਂ- ਅਵਗੁਣਾਂ ਨੂੰ ਸਮਝਣ ਦੀ ਲੋੜ ਹੁੰਦੀ ਹੈ ਪਰ ਕੁਝ ਕੁ ਨਾਪ-ਦੰਡ ਬੁਹਤ ਅਹਿਮੀਅਤ ਰਖਦੇ ਹਨ। ਇਹਨਾਂ ਵਿਚ ਐਬ-ਕਾਫ਼ੀਆ ਰਦੀਫ਼ , ਐਬ-ਅੱਦਕ ਅਤੇ ਐਬ ਤਨਾਫ਼ੁਰ ਵਿਸ਼ੇਸ਼ ਹਨ। ਕੁਲਵਿੰਦਰ ਕਾਫੀਆ ਰਦੀਫ਼ ਦੇ ਮਸਲੇ ਵਿਚ ਬਿਨਾ ਕਿਸੇ ਐਬ ਦੇ ਨਿਰੰਤਰ ਰਚਨਾ ਬਧ ਹੈ। ਇਸ ਐਬ ਬਾਰੇ ਕੇਵਲ ਇਕ ਹੀ ਗਲ ਕਹਿਣੀ ਉਚਿਤ ਹੈ ਕਿ ਹਰ ਗ਼ਜ਼ਲ ਦੇ ਕਾਫ਼ੀਏ- ਰਦੀਫ਼ ਦਾ ਐਲਾਨ ਇਸ ਦਾ ਮਤਲਾ ਕਰਦਾ ਹੈ।ਗ਼ਜ਼ਲ ਦੇ ਸਾਰੇ ਕਾਫ਼ੀਏ ਇਸੇ ਅਨੁਸਾਰ , ਹਰ ਪ੍ਰਕਾਰ ਨਾਲ ਹੋਣੇ ਆਵਸ਼ਕ ਹਨ।
----
ਦੂਜੇ ਐਬ ਵਿਚ ਤਾਂ ਕੁਲਵਿੰਦਰ ਕੇਵਲ ਇਕ ਮਿਸਰੇ ਵਿਚ ਹੀ ਚੂਕਿਆ ਲਗਦਾ ਹੈ, ਅਤੇ ਉਹ ਵੀ ਇਕ ਬਹਿਸ ਦੀ ਮੰਗ ਕਰਦਾ ਹੈ। ਇਹ ਅਦਕ ਵਾਲੇ ਇਕ ਸ਼ਬਦ “ ਰੱਲੇ “ਜੋ ਗ਼ਜ਼ਲ ਨੰ 9 ਦੇ ਸ਼ਿਅਰ ਨੰ 3 ਵਿਚ ਇਕ ਕਾਫ਼ੀਏ ਵਜੋਂ ਆਂਉਦਾ ਹੈ। ਇਹ ਬਲੇ, ਢਲੇ, ਗਲੇ ਨਾਲ ਕਾਫ਼ੀਆ ਬੰਦ ਹੈ ।
----
ਐਬ-ਏ-ਤਨਾਫ਼ੁਰ ਅਨੁਸਾਰ ਕਿਸੇ ਵੀ ਮਿਸਰੇ ਵਿਚ ਇਕ ਅੱਖਰ ਆਪਣੇ ਆਪ ਨੂੰ ਨਾ ਦੋਹਰਾਏ , ਜਿਵੇਂ ਉਸ ਦੀ ਗ਼ਜ਼ਲ ਨੰ 1 ਦੇ ਮਤਲੇ ਦੇ ਦੂਜੇ ਮਿਸਰੇ ਵਿਚ ਸ਼ਬਦ “ ਕਿਨਾਰੇ…ਰੇਤ…” ਵਿਚ ਪਹਿਲੇ ਸ਼ਬਦ ਦਾ ਆਖਰੀ ਅੱਖਰ …ਰੇ…ਹੈ ਅਤੇ ਦੂਜੇ ਸ਼ਬਦ ਦਾ ਪਹਿਲਾ ਅੱਖਰ ਵੀ… ਰੇ… ਹੈ। ਇੰਝ ਹੋਣ ਨਾਲ “ਕਿਨਾਰੇਰੇ “ ਅਖਰਦਾ ਹੈ ਅਤੇ ਦੂਜਾ ਰੇ ਹਲੰਤ ਵੀ ਹੋ ਜਾਂਦਾ ਹੈ । ਇੰਝ ਗ਼ਜ਼ਲ 2, ਸ਼ਿਅਰ-1, ਮਿ-1, ਵਿਚ “ ਸਫ਼ਰ ਵਿਚ ਉਦਾਸੀ ਸੀ ਜਾਂ ਸੀ ਹਨੇਰਾ “ ਅੱਖਰ ਸੀ ਦਾ ਦੁਹਰਾਓ ਹੈ।
----
ਕੁਝ ਹੋਰ ਛੋਟੇ ਮੋਟੇ ਮੁਗਾਲਦੇ ਜੋ ਇਸ ਗ਼ਜ਼ਲ ਸੰਗ੍ਰਹਿ ਵਿਚ ਪੈਂਦੇ ਹਨ ਉਹ ਕੁਝ ਸ਼ਬਦਾਂ ਦੇ ਨਸਬ ਹੋਣ ਉਪਰ ਬਹਿਸ ਦਾ ਹਿੱਸਾ ਬਣ ਸਕਦੇ ਹਨ। ਇਹ ਸ਼ਬਦ , ਸੁਲਗਣੋ ( ਸੁ-ਲਗ-ਣੋ ), ਗ਼28,ਗੁਜ਼ਰੀਆਂ ( ਗੁ-ਜ਼ਰ-ਯਾਂ ) ਗ਼-12, ਉਤਰਦਾ ( ਫ਼ੇ-ਫ਼ੇ-ਫ਼ੇ ) ਗ਼11.।ਜਿੱਥੋਂ ਤਕ ਇਕ ਸ਼ਬਦ ਦਾ ਤੱਲਕ ਹੈ ਤਾਂ ਇਸ ਵਲ ਕੁਲਵਿੰਦਰ ਦਾ ਧਿਆਨ ਦਵਾਣਾ ਚਾਹਾਂ ਗਾ । ਇਹ ਹੈ “ ਕਿਉਂ” ਗ਼7 ਅਤੇ ਗ਼15, ਵਿਚ ਇਸ ਦਾ ਵਜ਼ਨ “ ਮਫ਼ਾ/ ਫ਼ਊ / ਇਲੁਨ/ “, ਜਾਂ “ਕਿਵੇਂ / ਵਫ਼ਾ / ਨਜ਼ਰ “ ਦੇ ਬ੍ਰਾਬਰ ਰਖਿਆ ਗਿਆ ਹੈ।ਇਹ ਸ਼ਬਦ ਜਦ “ਕਿ-ਓਂ “ਕਰ ਕੇ ਵਰਤਿਆ ਜਾਏ ਤਾਂ ਸਕਤਾ ਪੈਂਦਾ ਹੈ।“ ਕਿਉ” ਨੂੰ ਊ/ ਲੁਨ/ ਫ਼ੇ / ਤੁਨ ਆਦਿ ਤੇ ਵਰਤਿਆ ਗਿਆ ਹੈ।
----
ਕੁਲਵਿੰਦਰ ਨੂੰ ਪੜਨ, ਸੁਣਨ ਅਤੇ ਵਿਚਾਰਣ ਉਪਰੰਤ ਇਹ ਨਿਸਚਿਤ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਕੁਲਵਿੰਦਰ ਦੀ ਸਾਮੂਹਿਕ ਗ਼ਜ਼ਲ ਰਚਨਾ ਅਜੋਕੇ ਪ੍ਰਸੰਗ ਵਿਚ ਵਿਲੱਖਣ ਹੈ ਅਤੇ ਆਧੁਨਿਕ ਸ਼ਾਇਰੀ ਵਿਚ ਉਤਰ-ਆਧੁਨਿਕਤਾ ਦੀ ਪ੍ਰਤੀਕਆਤਮਕ ਦੇਣ ਹੈ, ਜੋ ਉਸ ਨੂੰ ਵੱਖਰਤਾ ਪ੍ਰਦਾਨ ਕਰਦੀ ਹੈ।
No comments:
Post a Comment