ਲੇਖ
ਸੰਘਰਸ਼ ਤਾਂ ਲੋਕ ਹੀ ਕਰਨਗੇ
ਜਾਚ ਸਿਖਾਊ ਕਵਿਤਾ
ਯੁੱਗ ਤਾਂ ਲੋਕ ਹੀ ਬਦਲਣਗੇ
ਯੁੱਧ ਸਿਖਾਊ ਕਵਿਤਾ
ਸੋ ਆ-ਆਪਾਂ
ਕਵਿਤਾ ਦੀ ਫ਼ਸਲ ਬੀਜੀਏ !
ਆ-ਆਪਾਂ ਕਵਿਤਾ ਬੀਜੀਏ !!
ਇਹ ਕਾਵਿ-ਸਤਰਾਂ ਕੈਨੇਡੀਅਨ ਪੰਜਾਬੀ ਸ਼ਾਇਰ ਇਕਬਾਲ ਖ਼ਾਨ ਦੇ ਕਾਵਿ-ਸੰਗ੍ਰਹਿ ‘ਨਾਗ ਦੀ ਮੌਤ ਤੱਕ’ ਵਿੱਚ ਸ਼ਾਮਿਲ ਕੀਤੀ ਗਈ ਕਵਿਤਾ ‘ਕਵਿਤਾ ਦੀ ਫ਼ਸਲ’ ਵਿੱਚੋਂ ਲਈਆਂ ਗਈਆਂ ਹਨ। ਇਕਬਾਲ ਖ਼ਾਨ ਨੇ ਆਪਣਾ ਇਹ ਕਾਵਿ-ਸੰਗ੍ਰਹਿ 2007 ਵਿੱਚ ਪ੍ਰਕਾਸ਼ਿਤ ਕੀਤਾ ਸੀ। ਇਸ ਤੋਂ ਪਹਿਲਾਂ ਉਹ ‘ਰੱਤੜੇ ਫੁਲ’ (ਕਾਵਿ-ਸੰਗ੍ਰਹਿ - ਸੰਪਾਦਤ) 1977 ਵਿੱਚ ਅਤੇ ‘ਕਾਫ਼ਲੇ’ (ਕਾਵਿ-ਸੰਗ੍ਰਹਿ) 1992 ਵਿੱਚ ਪ੍ਰਕਾਸ਼ਿਤ ਕਰ ਚੁੱਕਾ ਹੈ।
----
ਇਕਬਾਲ ਖ਼ਾਨ ਅਨੇਕਾਂ ਪੱਧਰਾਂ ਉੱਤੇ ਲੋਕ-ਸੰਘਰਸ਼ ਨਾਲ ਜੁੜਿਆ ਰਿਹਾ ਹੈ। ਇਸੇ ਲਈ ਉਹ ਆਪਣੀ ਕਵਿਤਾ ਦਾ ਉਦੇਸ਼ ਵੀ ‘ਸੰਘਰਸ਼’ ਹੀ ਰੱਖਦਾ ਹੈ। ਆਪਣੀ ਕਵਿਤਾ ਦੇ ਉਦੇਸ਼ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਹੋਣ ਕਾਰਨ, ਉਹ ਨਾ ਤਾਂ ਆਪਣਾ ਹੀ ਸਮਾਂ ਜਾਇਆ ਕਰਦਾ ਹੈ ਅਤੇ ਨਾ ਹੀ ਆਪਣੀ ਕਵਿਤਾ ਦੇ ਪਾਠਕਾਂ ਦਾ।
ਆਪਣੀ ਕਵਿਤਾ ਦੇ ਉਦੇਸ਼ ਨੂੰ ਇਕਬਾਲ ਖ਼ਾਨ ਆਪਣੀ ਕਵਿਤਾ ‘ਮੈਂ ਕਲਾਕਾਰ ਹਾਂ’ ਵਿੱਚ ਹੋਰ ਵਿਸਥਾਰ ਦਿੰਦਾ ਹੋਇਆ ਕਹਿੰਦਾ ਹੈ:
1.
ਤੁਸੀਂ ਤਾਂ ਕਵਿਤਾ ਨੂੰ
ਕੰਜਰੀ ਹੀ ਸਮਝਦੇ ਹੋ
ਜੋ ਕਾਲੀ ਸ਼ਾਹ ਰਾਤ ਨੂੰ
ਹਾਰ-ਸ਼ਿੰਗਾਰ ਵਿਚ ਲਿਪਟ
ਤੁਹਾਡਾ ਮਨੋਰੰਜਨ ਕਰੇ
2.
ਤੁਸੀਂ ਤਾਂ ਚਾਹੁੰਦੇ ਹੋ
ਕਿ ਮੈਂ
ਕੇਸਰੀ ਪੱਗਾਂ ਵਾਲਿਆਂ ਨੂੰ
ਰਾਂਝੇ ਚਿਤਵਾਂ ਜਾਂ
ਚਿੱਟੀ-ਪੱਗ, ਕਾਲੀਆਂ-ਐਨਕਾਂ ਵਾਲੇ ਨੂੰ
ਗੋਰਖ ਨਾਥ
ਅਤੇ ਇਨ੍ਹਾਂ ਦੋਹਾਂ ਪੁੜਾਂ ਵਿੱਚ
ਪਿੱਸ ਰਹੀ ਲੁਕਾਈ ਵੱਲੋਂ
ਅੱਖਾਂ ਫੇਰ ਲਵਾਂ
----
ਆਪਣੀ ਕਵਿਤਾ ਦਾ ਉਦੇਸ਼ ਲੋਕਾਂ ਨੂੰ ਸੰਘਰਸ਼ ਵਾਸਤੇ ਤਿਆਰ ਕਰਨ ਲਈ ਚੇਤਨਾ ਜਗਾਉਣੀ ਮਿੱਥ ਕੇ ਇਕਬਾਲ ਖ਼ਾਨ ਇਹ ਵੀ ਦੱਸਣਾ ਜ਼ਰੂਰੀ ਸਮਝਦਾ ਹੈ ਕਿ ਲੋਕ-ਚੇਤਨਾ ਪੈਦਾ ਕਰਨ ਲਈ ਉਹ ਆਪਣੀ ਕਵਿਤਾ ਰਾਹੀਂ ਲੋਕਾਂ ਨੂੰ ਕਿਸ ਤਰ੍ਹਾਂ ਦੀ ਜਾਣਕਾਰੀ ਦੇਣੀ ਚਾਹੇਗਾ। ਇਹ ਗੱਲ ਵੀ ਉਹ ਆਪਣੀ ਕਵਿਤਾ ‘ਕਲਮੀ ਅੱਖ’ ਵਿੱਚ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੰਦਾ ਹੈ:
ਕਲਮ ਦੀ ਅੱਖ
ਉਹ ਦੂਰਬੀਨ,
ਜਿਸ ਨਾਲ
ਆਮ ਲੋਕ ਦੇਖਦੇ ਹਨ,
ਸਮਾਜ ਦੀਆਂ ਉਹ ਗੱਲਾਂ
ਜੋ ਨੰਗੀ ਅੱਖੀਂ
ਦੇਖ ਨਹੀਂ ਸਕਦੇ
----
ਲੋਕ-ਚੇਤਨਾ ਪੈਦਾ ਕਰਨ ਦੇ ਉਦੇਸ਼ ਹਿਤ ਇਕਬਾਲ ਖ਼ਾਨ ਸਾਡੇ ਸਮਿਆਂ ਦੇ ਸਭ ਤੋਂ ਵੱਧ ਚਰਚਿਤ ਸ਼ਬਦ ‘ਆਤੰਕਵਾਦ’ ਨਾਲ ਆਪਣੀ ਗੱਲ ਸ਼ੁਰੂ ਕਰਦਾ ਹੈ। ਸਾਡੇ ਸਮਿਆਂ ਦੀ ਇਹ ਵੀ ਇੱਕ ਹਕੀਕਤ ਹੈ ਕਿ ਸੋਵੀਅਤ ਯੂਨੀਅਨ ਦੇ ਢਹਿ ਢੇਰੀ ਹੋ ਜਾਣ ਤੋਂ ਬਾਹਦ ਅਮਰੀਕਾ ਹੀ ਇੱਕੋ ਇੱਕ ਸੁਪਰਪਾਵਰ ਰਹਿ ਜਾਣ ਕਾਰਨ ਉਹ ਇੱਕ ਮਦਮਸਤ ਹਾਥੀ ਵਾਂਗ ਦਨਦਨਾਉਂਦਾ ਫਿਰਦਾ ਹੈ। ਜਿਸ ਦਿਸ਼ਾ ਵੱਲ ਵੀ ਇਹ ਮਦਮਸਤ ਹਾਥੀ ਤੁਰਦਾ ਹੈ ਉਸ ਪਾਸੇ ਹੀ ਤਬਾਹੀ ਮਚਾਂਦਾ ਜਾਂਦਾ ਹੈ-ਕਿਉਂਕਿ ਕਮਿਊਨਿਸਟ ਬਲਾਕ ਦੇ ਟੁੱਟ ਜਾਣ ਤੋਂ ਬਾਹਦ ਕੋਈ ਵੀ ਅਜਿਹੀ ਤਾਕਤ ਬਾਕੀ ਨਹੀਂ ਰਹੀ ਜੋ ਕਿ ਇਸ ਮਦਮਸਤ ਹਾਥੀ-ਅਮਰੀਕਾ ਨੂੰ ਕਾਬੂ ਕਰ ਸਕੇ। ਆਪਣੀ ਧੌਂਸ ਜਮਾਉਣ ਲਈ ਅਮਰੀਕਾ ਨੇ ਧਰਤੀ ਦਾ ਕੋਈ ਹਿੱਸਾ ਅਜਿਹਾ ਨਹੀਂ ਛੱਡਿਆ ਜਿੱਥੇ ਕਿ ਉਸ ਨੇ ਆਪਣੀਆਂ ਖੁਫੀਆ ਏਜੰਸੀਆਂ ਅਤੇ ਫੌਜਾਂ ਭੇਜਕੇ ਆਤੰਕਵਾਦ ਨਾ ਫੈਲਾਇਆ ਹੋਵੇ। ਪਰ ਆਖੀਰ ਆਤੰਕਵਾਦ ਦਾ ਜਿੰਨ ਜੋ ਅਮਰੀਕਾ ਹੋਰਨਾਂ ਦੇਸ਼ਾਂ ਲਈ ਪਾਲਦਾ ਰਿਹਾ ਸਤੰਬਰ 11, 2001 ਵਾਲੇ ਦਿਨ ‘ਵਰਲਡ ਟਰੇਡ ਸੈਂਟਰ’ ਉੱਤੇ ਕੀਤੇ ਗਏ ਆਤੰਕਵਾਦੀ ਹਮਲਿਆਂ ਦੇ ਰੂਪ ਵਿੱਚ ਅਮਰੀਕਾ ਦੇ ਬੂਹੇ ਉੱਤੇ ਵੀ ਦਸਤਕ ਦੇਣ ਲਈ ਆ ਪਹੁੰਚਿਆ। ਅਮਰੀਕਾ ਦੀਆਂ ਅੱਖਾਂ ਵੀ ਉਦੋਂ ਹੀ ਖੁੱਲ੍ਹੀਆਂ ਜਦੋਂ ਦੂਜਿਆਂ ਦੇ ਘਰਾਂ ਨੂੰ ਸੜਦੇ ਦੇਖ ਤਮਾਸ਼ਾ ਦੇਖਣ ਵਾਲੇ ਅਮਰੀਕਾ ਦੇ ਆਪਣੇ ਵਰਲਡ ਟਰੇਡ ਸੈਂਟਰਾਂ ‘ਚੋਂ ਉੱਠ ਰਹੀਆਂ ਅੱਗ ਦੀਆਂ ਲਾਟਾਂ ਦੁਨੀਆਂ ਭਰ ਦੇ ਟੈਲੀਵੀਜ਼ਨ ਚੈਨਲਾਂ ਲਈ ਵੱਡੀਆਂ ਸੁਰਖੀਆਂ ਵਾਲੀਆਂ ਖ਼ਬਰਾਂ ਬਣ ਗਈਆਂ। ਇਸ ਹਕੀਕਤ ਨੂੰ ਇਕਬਾਲ ਖ਼ਾਨ ਨੇ ਆਪਣੀ ਕਵਿਤਾ ‘ਓਏ ! ਮੌਤ ਦੇ ਵਪਾਰੀਆ!!’ ਦੀਆਂ ਇਨ੍ਹਾਂ ਕਾਵਿ-ਸਤਰਾਂ ਰਾਹੀਂ ਬਹੁਤ ਹੀ ਖੂਬਸੂਰਤੀ ਨਾਲ ਬਿਆਨ ਕੀਤਾ ਹੈ:
ਇਹ ਅੱਤਵਾਦ ਦਾ ਜਿੰਨ
ਮਾਇਆ ਚਾੜ੍ਹ
ਤੇ ਬਾਰੂਦ ਦਾ ਹਵਨ ਬਾਲ
ਤੂੰ ਹੀ ਬੋਤਲ ‘ਚੋਂ
ਬਾਹਰ ਕੱਢਿਆ ਸੀ
ਖ਼ੂਬ ਕਰਾਈਆਂ ਤੂੰ
ਇਸ ਜਿੰਨ ਤੋਂ ਮਨਮਾਨੀਆਂ
ਇੰਡੋਨੇਸ਼ੀਆ, ਚਿੱਲੀ, ਫ਼ਲਸਤੀਨ
ਲਾਊਸ, ਕੰਬੋਡੀਆ, ਵੀਅਤਨਾਮ
ਆਇਰਲੈਂਡ, ਕੋਸਵੋ, ਇਰਾਕ
ਸੁਮਾਲੀਆ, ਯੋਗੋਸਲਾਵੀਆ, ਹਿੰਦੋਸਤਾਨ
ਅਫ਼ਰੀਕਾ ਤੋਂ ਏਸ਼ੀਆ ਤੱਕ
ਖੂਬ ਤਾਂਡਵ ਨਾਚ ਨਚਾਇਆ
ਤੂੰ ਇਸ ਜਿੰਨ ਤੋਂ
ਪਾਪੀਆ ਤੂੰ ਤਾਂ
ਯੂਰਪ ਵੀ ਨਾ ਬਖਸ਼ਿਆ
ਹੁਣ ਜਦ ਭੂਤਰੇ ਜਿੰਨ ਨੇ
ਤੈਨੂੰ ਹੀ ਟੱਕਰ ਆ ਮਾਰੀ
ਨੱਚਿਆ ਜਦ ਤਾਂਡਵ, ਜਿੰਨ ਨੇ
ਤੇਰੇ ਆਪਣੇ ਵਿਹੜੇ
ਹੁਣ ਕਿਉਂ ਘਬਰਾਉਨਾ?
ਕਿਉਂ ਰੋਨਾਂ ਏਂ?
ਅੱਖਾਂ ‘ਚ ਘਸੁੰਨ ਦੇ ਦੇ
----
ਲੋਕਾਂ ਦੀ ਮਾਨਸਿਕਤਾ ਵਿੱਚ ਇਨਕਲਾਬੀ ਤਬਦੀਲੀਆਂ ਲਿਆਉਣ ਲਈ ਲੇਖਕਾਂ ਨੂੰ ਕਲਮ ਤੋਂ ਹਥਿਆਰ ਦਾ ਕੰਮ ਲੈਣਾ ਪੈਂਦਾ ਹੈ; ਪਰ ਬਾਹਰੀ ਰੂਪ ਵਿੱਚ ਇਨਕਲਾਬੀ ਤਬਦੀਲੀਆਂ ਲਿਆਉਣ ਲਈ ਤਾਂ ਸੱਚਮੁੱਚ ਦੇ ਹਥਿਆਰਾਂ ਦੀ ਹੀ ਲੋੜ ਪੈਂਦੀ ਹੈ। ਇਹ ਗੱਲ ਸਮਝਾਉਣੀ ਕਈ ਵਾਰੀ ਨਾ ਸਿਰਫ ਆਮ ਲੋਕਾਂ ਨੂੰ ਹੀ ਮੁਸ਼ਕਿਲ ਹੋ ਜਾਂਦੀ ਹੈ; ਬਲਕਿ ਲੇਖਕਾਂ, ਕਲਾਕਾਰਾਂ ਅਤੇ ਬੁੱਧੀਜੀਵੀਆਂ ਨੂੰ ਵੀ। ਖਾਸ ਕਰਕੇ ਅਜਿਹੇ ਲੇਖਕਾਂ/ਕਲਾਕਾਰਾਂ ਨੂੰ ਜਿਨ੍ਹਾਂ ਦਾ ਕੰਮ ਕੁਦਰਤ ਦੀ ‘ਲੀਲ੍ਹਾ’ ਦੇਖ ਦੇਖ ਕੇ ਅਤੇ ਵਿਸਮਾਦ ਵਿੱਚ ਆ ਕੇ ਅੱਖਾਂ ‘ਚੋਂ ਹੰਝੂ ਡੇਗੀ ਜਾਣਾ ਹੁੰਦਾ ਹੈ ਜਾਂ ਜਿਨ੍ਹਾਂ ਦੀਆਂ ਕਲਾ-ਕਿਰਤਾਂ ਦਾ ਉਦੇਸ਼, ਮਹਿਜ਼, ਤੜਾਗੀ ਨਾਲ ਬੰਨ੍ਹੇ ਘੁੰਗਰੂਆਂ ਦੀ ਛਨਛਨ ਵਰਗਾ ਸੰਗੀਤ ਪੈਦਾ ਕਰਕੇ ਲੋਕ ਮਨ ਨੂੰ ਪਰਚਾਉਣਾ ਹੁੰਦਾ ਹੈ। ਹਥਿਆਰਾਂ ਦਾ ਨਾਮ ਸੁਣ ਕੇ ਹੀ ਡਰ ਜਾਣ ਵਾਲੇ ਲੋਕਾਂ ਨੂੰ ਇਕਬਾਲ ਖ਼ਾਨ ਸਪੱਸ਼ਟ ਕਰਦਾ ਹੈ ਕਿ ਹਥਿਆਰ ਆਪਣੇ ਆਪ ਵਿੱਚ ਕੁਝ ਚੀਜ਼ ਨਹੀਂ। ਹਥਿਆਰ ਤਾਂ ਜਿਸ ਦੇ ਹੱਥ ਵਿੱਚ ਹੁੰਦਾ ਹੈ - ਉਸੇ ਲਈ ਹੀ ਕੰਮ ਕਰਦਾ ਹੈ। ਜੇਕਰ ਲੋਕ-ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਹਥਿਆਰ ਹੋਣ ਤਾਂ, ਮਹਿਜ਼, ਹੱਥਾਂ ਵਿੱਚ ਫੁੱਲਾਂ ਦੇ ਗੁਲਦਸਤੇ ਲੈ ਕੇ ਕਾਤਲਾਂ ਤੋਂ ਬਚਿਆ ਨਹੀਂ ਜਾ ਸਕਦਾ। ਆਪਣੀ ਰਾਖੀ ਲਈ ਉਦੋਂ ਲੋਕਾਂ ਨੂੰ ਵੀ ਹਥਿਆਰ ਚੁੱਕਣੇ ਪੈਂਦੇ ਹਨ। ਜੇਕਰ ਹਿਟਲਰ ਅਤੇ ਮੂਸੋਲੀਨੀ ਦੀਆਂ ਨਾਜ਼ੀ ਫੌਜਾਂ ਨੂੰ ਰੋਕਿਆ ਜਾ ਸਕਿਆ ਤਾਂ ਉਹ ਹਥਿਆਰਾਂ ਨਾਲ ਹੀ ਰੋਕਿਆ ਗਿਆ ਸੀ -ਫੁੱਲਾਂ ਦੇ ਗੁਲਦਸਤੇ ਭੇਟਾ ਕਰਕੇ ਨਹੀਂ। ਅੱਜ ਦੁਨੀਆਂ ਦੇ ਕੋਨੇ ਕੋਨੇ ਵਿੱਚ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦਾ ਬੋਲਬਾਲਾ ਵੱਧ ਰਿਹਾ ਹੈ। ਜੋ ਕਿ ਪੂਰੀ ਤਰ੍ਹਾਂ ਆਧੁਨਿਕ ਹਥਿਆਰਾਂ ਨਾਲ ਲੈਸ ਹਨ। ਅਜਿਹੇ ਕਾਤਲਾਂ ਨੂੰ ਰੋਕਣ ਲਈ ਗੈਸ ਨਾਲ ਭਰੇ ਰੰਗ-ਬਰੰਗੇ ਗੁਬਾਰਿਆਂ ਦੀ ਨਹੀਂ - ਆਧੁਨਿਕ ਹਥਿਆਰਾਂ ਦੀ ਲੋੜ ਹੋਵੇਗੀ - ਹਥਿਆਰ, ਜੋ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਦੇ ਹਥਿਆਰਾਂ ਤੋਂ ਵੀ ਬੇਹਤਰ ਹੋਣ। ਇਹੀ ਗੱਲ ਇਕਬਾਲ ਖ਼ਾਨ ਆਪਣੀ ਕਵਿਤਾ ‘ਬੰਦੂਕਾਂ ਦੀ ਪੁਕਾਰ’ ਵਿੱਚ ਕੁਝ ਇਸ ਤਰ੍ਹਾਂ ਸਮਝਾਂਦਾ ਹੈ:
ਠਾਅ...ਠਾਅ...ਠਾ...ਅ...ਅ...
ਤੇ ਹਾਅ...ਹਾਅ...ਹਾ...ਹ...ਹ...
ਦੀ ਸੁਮੇਲਤਾ ਨੂੰ ਸਮਝਣੋਂ
ਉਹ ਅਸਮਰੱਥ ਹੋ ਗਏ
ਤਾਂ ਬੰਦੂਕਾਂ ਪੁਕਾਰ ਉੱਠੀਆਂ,
“ਕਵੀਓ, ਕਲਾਕਾਰੋ ਤੇ ਬੁੱਧੀਜੀਵੀਓ!
ਦਿਭ ਦ੍ਰਿਸ਼ਟੀ ਦੇ ਮਾਲਕੋ!!
ਸਾਨੂੰ ਇੰਜ ਨਾ ਦੁਰਕਾਰੋ
ਸਾਡਾ ਕਸੂਰ ਤਾਂ ਦੱਸੋ”
ਬੰਦੂਕਾਂ ਨੇ ਰੋ ਰੋ ਕੇ ਕਿਹਾ
“ਜੇ ਹਿਟਲਰ ਦੀਆਂ ਫੌਜਾਂ ਦੇ
ਹੱਥਾਂ ਵਿੱਚ ਅਸੀਂ ਸਾਂ,
ਤਾਂ ਉਸ ਦੇ ਵਿਰੋਧੀਆਂ ਦੇ
ਹੱਥਾਂ ‘ਚ ਕੌਣ ਸਨ?
ਹਾਂ ਅਸੀਂ...
ਵਹਿਸ਼ੀ ਫੌਜੀਆਂ ਤੇ
ਅੱਤਵਾਦੀਆਂ ਦਾ
ਸ਼ਿਕਾਰ ਹਾਂ,
ਪਰ ਸਾਥੋਂ ਬਾਝ
ਅਮਨਾਂ ਦੇ ਰਾਖੇ ਵੀ
ਕੌਣ ਬਣ ਸਕਦੇ ਹਨ?”
----
ਇਨਕਲਾਬੀ ਤਬਦੀਲੀਆਂ ਲਿਆਉਣ ਲਈ ਜ਼ਰੂਰੀ ਹੁੰਦਾ ਹੈ ਲੋਕਾਂ ਨੂੰ ਇੱਕ ਸਾਂਝੇ ਮੰਚ ਉੱਤੇ ਲੈ ਕੇ ਆਉਣਾ - ਮੰਚ, ਜਿੱਥੋਂ ਸਮੁੱਚੀ ਮਾਨਵਤਾ ਦੇ ਕਲਿਆਣ ਦੀ ਗੱਲ ਹੁੰਦੀ ਹੋਵੇ। ਪਰ ਇਹ ਕੰਮ ਏਨਾਂ ਆਸਾਨ ਨਹੀਂ ਹੁੰਦਾ। ਭਾਰਤੀ ਮੂਲ ਦੇ ਲੋਕ ਜ਼ਾਤ-ਪਾਤ ਅਤੇ ਧਰਮਾਂ ਦੇ ਨਾਮ ਉੱਤੇ ਬੁਰੀ ਤਰ੍ਹਾਂ ਵੰਡੇ ਹੋਏ ਹਨ। ਮੌਕਾ-ਪ੍ਰਸਤ ਅਤੇ ਭ੍ਰਿਸ਼ਟ ਰਾਜਨੀਤੀਵਾਨ ਆਪਣੇ ਨਿੱਜੀ ਮੁਫ਼ਾਦਾਂ ਖਾਤਿਰ ਲੋਕਾਂ ਨੂੰ ਆਪਸ ਵਿੱਚ ਲੜਾ ਕੇ ਲੋਕ-ਏਕਤਾ ਲਈ ਹਰ ਤਰ੍ਹਾਂ ਦੀਆਂ ਔਕੜਾਂ ਪੈਦਾ ਕਰਦੇ ਹਨ। ਪੱਛਮੀ ਮੁਲਕਾਂ ਵਿੱਚ ਅਜਿਹੇ ਹੀ ਭਰਿਸ਼ਟ ਰਾਜਨੀਤੀਵਾਨ ਕਾਲੇ-ਗੋਰੇ, ਕਰਿਸਚੀਅਨ-ਯਹੂਦੀ, ਹਿੰਦੂ-ਮੁਸਲਮਾਨ ਦੇ ਨਾਮ ਉੱਤੇ ਲੋਕਾਂ ਨੂੰ ਲੜਾਂਦੇ ਹਨ। ਸਾਧਾਰਣ ਮਨੁੱਖ ਦੀ ਸੋਚ ਏਨੀ ਵਿਕਸਤ ਨਹੀਂ ਹੁੰਦੀ ਕਿ ਉਹ ਇਨ੍ਹਾਂ ਭਰਿਸ਼ਟ ਕਿਸਮ ਦੇ ਰਾਜਨੀਤੀਵਾਨਾਂ ਦੀਆਂ ਲੂੰਬੜ ਚਾਲਾਂ ਨੂੰ ਸਮਝ ਸਕੇ। ਸਾਧਾਰਣ ਮਨੁੱਖ ਤਾਂ ਏਨ੍ਹਾਂ ਮਕਾਰ ਰਾਜਨੀਤੀਵਾਨਾਂ ਦੇ ਮੂੰਹਾਂ ‘ਚੋਂ ਨਿਕਲ ਰਹੇ ਮਿੱਠ-ਬੋਲੜੇ ਸ਼ਬਦਾਂ ਨੂੰ ਹੀ ਸੱਚ ਸਮਝ ਲੈਂਦਾ ਹੈ। ਇਨਕਲਾਬੀ ਤਬਦੀਲੀਆਂ ਲਿਆਉਣ ਲਈ ਲੋਕ-ਮਾਨਸਿਕਤਾ ਵਿੱਚੋਂ ਸਭ ਤੋਂ ਪਹਿਲਾਂ ਧਰਮ, ਜ਼ਾਤ-ਪਾਤ ਅਤੇ ਰੂੜੀਵਾਦੀ ਵਿਚਾਰਾਂ ਦੇ ਜਾਲੇ ਸਾਫ਼ ਕਰਨੇ ਪੈਂਦੇ ਹਨ। ਉਸ ਤੋਂ ਬਾਹਦ ਲੋਕ-ਮਾਨਸਿਕਤਾ ਨੂੰ ਲੋਕ-ਏਕਤਾ ਲਈ ਤਿਆਰ ਕੀਤਾ ਜਾਂਦਾ ਹੈ। ਲੋਕ-ਮਾਨਸਿਕਤਾ ਵਿੱਚੋਂ ਅਗਿਆਨਤਾ ਦੇ ਜਾਲੇ ਸਾਫ਼ ਕੀਤੇ ਜਾਣ ਬਿਨ੍ਹਾਂ ਸਾਧਾਰਣ ਲੋਕ ਭੇਡਾਂ, ਬੱਕਰੀਆਂ ਵਾਂਗ ਹੀ ਵਰਤਾਓ ਕਰਦੇ ਹਨ। ਇਸ ਗੱਲ ਨੂੰ ਇਕਬਾਲ ਖ਼ਾਨ ਵੀ ਬੜੀ ਚੰਗੀ ਤਰ੍ਹਾਂ ਸਮਝਦਾ ਹੈ। ਉਸਦੀ ਕਵਿਤਾ ‘ਜਾਨਵਰ ਤੇ ਇਨਸਾਨ’ ਦੀਆਂ ਇਹ ਸਤਰਾਂ ਬਹੁਤ ਖੂਬਸੂਰਤੀ ਨਾਲ ਇਹ ਗੱਲ ਸਮਝਾਂਦੀਆਂ ਹਨ:
ਭੇਡਾਂ ਤਾਂ ਮੈਂ-ਮੈਂ ਕਰਦੀਆਂ
ਇਕ ਦੂਜੀ ਨੂੰ ਧੱਕੇ ਮਾਰਦੀਆਂ
ਤੁਰੀਆਂ ਫਿਰਨ
ਅਸਾਂ ਦੀ ਉਨ੍ਹਾਂ ਨੂੰ ਕੋਈ ਸਾਰ ਨਾ
ਮੈਂ ਤੇ ਅਸਾਂ ਵਿਚਲਾ ਫ਼ਰਕ ਹੀ ਗੁਰ ਹੈ
ਜੋ ਸਭ ਧਰਮਾਂ, ਜ਼ਾਤਾਂ ਤੇ ਕੌਮਾਂ ਦੇ
ਬੰਧਨ ਤੋਂ ਮੁਕਤ
ਇਨਸਾਨੀਅਤ ਵੱਲ ਸ਼ਫਰ ਹੈ
ਮੈਂ ਤੋਂ ਅਸਾਂ ਤੱਕ ਦਾ ਸਫ਼ਰ ਹੈ
ਏਕਤਾ ਚੇਤਨਾ ‘ਚੋਂ ਪੈਦਾ ਹੁੰਦੀ ਹੈ
ਸੋ ਇਹ ਚੇਤਨਾ ਵੱਲ ਸਫ਼ਰ ਹੈ
ਚੇਤਨਾ ਹੀ ਜੀਵ ਨੂੰ
ਪਸ਼ੂ ਤੋਂ ਇਨਸਾਨ ਬਣਾਉਂਦੀ ਹੈ
ਜਦ ਇਨਸਾਨ ਦਾ
ਅਹਿਸਾਸ ਉਗਮਦਾ ਹੈ
ਤਾਂ ਹੇਠਲੀ ਉੱਤੇ ਆਉਂਦੀ ਹੈ
----
ਅਨੇਕਾਂ ਹੋਰਨਾਂ ਪੱਛਮੀ ਦੇਸ਼ਾਂ ਵਾਂਗ ਕੈਨੇਡਾ ਵਿੱਚ ਵੀ ਰੰਗ-ਨਸਲ ਦੇ ਆਧਾਰ ਉੱਤੇ ਵਿਤਕਰਾ ਹੁੰਦਾ ਹੈ। ਸਰਕਾਰ ਭਾਵੇਂ ਜਿੰਨਾ ਮਰਜ਼ੀ ਕਹੀ ਜਾਵੇ ਕਿ ਸਰਕਾਰ ਨੇ ਅਜਿਹੇ ਕਾਨੂੰਨ ਬਣਾਏ ਹਨ - ਜਿਨ੍ਹਾਂ ਕਰਕੇ ਕੋਈ ਵਿਤਕਰਾ ਨਹੀਂ ਕਰ ਸਕਦਾ; ਪਰ ਇਹ ਇੱਕ ਹਕੀਕਤ ਹੈ ਕਿ ਕੈਨੇਡਾ ਵਿੱਚ ਅਨੇਕਾਂ ਪੱਧਰਾਂ ਉੱਤੇ ਰੰਗ-ਨਸਲ ਦੇ ਆਧਾਰ ਉੱਤੇ ਵਿਤਕਰਾ ਹੁੰਦਾ ਹੈ। ਸਰਕਾਰੀ ਅਤੇ ਗ਼ੈਰ-ਸਰਕਾਰੀ - ਦੋਹਾਂ ਹੀ ਪੱਧਰਾਂ ਉੱਤੇ ਹੀ। ਕਈ ਖੇਤਰਾਂ ਵਿੱਚ ਸਿੱਧਾ ਵਿਤਕਰਾ ਹੁੰਦਾ ਹੈ ਅਤੇ ਕਈ ਥਾਵਾਂ ਉੱਤੇ ਲੁਕਵਾਂ। ਪੱਛਮੀ ਮੁਲਕਾਂ ਵਿੱਚ ਆ ਕੇ ਭਾਰਤੀ ਮੂਲ ਦੇ ਲੋਕਾਂ ਨੂੰ ਬਲਕਿ ਦੋਹਰਾ ਵਿਤਕਰਾ ਸਹਿਣਾ ਪੈਂਦਾ ਹੈ। ਇੱਕ ਪਾਸੇ ਤਾਂ ਭਾਰਤੀ ਮੂਲ ਦੇ ਲੋਕ ਇੱਕ ਦੂਜੇ ਨਾਲ ਜ਼ਾਤ-ਪਾਤ ਦੇ ਆਧਾਰ ਉੱਤੇ ਵਿਤਕਰਾ ਕਰਦੇ ਹਨ - ਦੂਜਾ ਉਨ੍ਹਾਂ ਲੋਕਾਂ ਨੂੰ ਰੁਜ਼ਗਾਰ ਦੇ ਖੇਤਰ ਵਿੱਚ ਅਨੇਕਾਂ ਤਰ੍ਹਾਂ ਦਾ ਵਿਤਕਰਾ ਸਹਿਣਾ ਪੈਂਦਾ ਹੈ। ਇਸ ਗੱਲ ਦਾ ਇਜ਼ਹਾਰ ਇਕਬਾਲ ਖ਼ਾਨ ਕੁਝ ਇੰਝ ਕਰਦਾ ਹੈ:
1.
ਭਾਵੇਂ ਇੱਥੇ ਅਸੀਂ
ਖ਼ੂਬਸੂਰਤ ਕਨੇਡੀਅਨ ਪਾਸਪੋਰਟ
ਜੇਬਾਂ ਵਿੱਚ ਪਾਈ ਫਿਰਦੇ ਹਾਂ
ਪਰ ਚਿੱਟੇ ਰੰਗ ਲਈ
ਹਿੰਦੂ ਜਾਂ ਪਾਕੀ ਹੀ ਹਾਂ
ਕਾਲੇ, ਪੀਲੇ ਜਾਂ ਭੂਰਿਆਂ ਦੇ ਕਾਹਦੇ ਹੱਕ
(ਡੰਡਾ: ਜ਼ਿੰਦਾਬਾਦ)
2.
ਉੱਥੇ ਸੀ ਮੈਨੂੰ ਝੜੰਮ ਆਖਦੇ
ਇੱਥੇ ਕਹਿੰਦੇ ਨੇ ਪਾਕੀ,
ਲਿਆ ਦੋ ਬੀਅਰਾਂ
ਲਾਗਰ ਦੀਆਂ ਸਾਕੀ
ਸਾਲਿਆਂ ਨੂੰ ਭੌਂਕੀ ਜਾਣ ਦੇ
ਕੋਈ ਨਹੀਂ ਕਰ ਸਕਦਾ
ਮੇਰੀ ਵਿੰਗੀ ਚੂਲ੍ਹ,
ਮੈਂ ਹਾਂ ਇਕ ਮਜ਼ਦੂਰ
(ਮਜ਼ਦੂਰ)
ਸੰਘਰਸ਼ ਲਈ ਚੇਤਨਾ ਪੈਦਾ ਕਰਨ ਦੇ ਆਪਣੇ ਮੁੱਖ ਉਦੇਸ਼ ਦੇ ਨਾਲ ਨਾਲ ਇਕਬਾਲ ਖ਼ਾਨ ਆਪਣੀਆਂ ਕਵਿਤਾਵਾਂ ਵਿੱਚ ਕੁਝ ਹੋਰ ਵਿਸ਼ਿਆਂ ਬਾਰੇ ਵੀ ਗੱਲ ਕਰਦਾ ਹੈ।
----
ਇਕਬਾਲ ਖ਼ਾਨ ਇਹ ਗੱਲ ਵੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਮਨੁੱਖ ਜ਼ਿੰਦਗੀ ਦੇ ਹਰ ਖੇਤਰ ਵਿੱਚ ਜੱਦੋ-ਜਹਿਦ ਅਤੇ ਸੰਘਰਸ਼, ਮਹਿਜ਼, ਇਸੇ ਲਈ ਹੀ ਕਰਦਾ ਹੈ ਕਿ ਉਸਦਾ ਚੌਗਿਰਦਾ ਖ਼ੂਬਸੂਰਤ ਹੋ ਸਕੇ, ਉਸਦੀ ਜ਼ਿੰਦਗੀ ਵਿੱਚ ਸੁੱਖ-ਸ਼ਾਂਤੀ ਹੋ ਸਕੇ। ਉਹ ਵੀ ਆਪਣੀ ਜ਼ਿੰਦਗੀ ਮਾਨ-ਸਨਮਾਨ ਨਾਲ ਜੀ ਸਕੇ। ਇਸ ਹਕੀਕਤ ਦੀ ਪਹਿਚਾਣ ਮਨੁੱਖ ਦੀ ਰਿਹਾਇਸ਼ - ਉਸ ਦੇ ਘਰ ਤੋਂ ਹੁੰਦੀ ਹੈ; ਪਰ ਘਰ ਉਹ ਹੀ ਨਹੀਂ ਹੁੰਦਾ ਜੋ ਮਹਿਲ ਵਾਂਗ ਉਸਰਿਆ ਹੋਵੇ ਅਤੇ ਚਮਕ-ਦਮਕ ਵਾਲੀਆਂ ਚੀਜ਼ਾਂ ਨਾਲ ਭਰਿਆ ਹੋਵੇ - ਪਰ ਉਸ ਘਰ ਵਿੱਚ ਰਹਿਣ ਵਾਲੇ ਲੋਕਾਂ ਦੇ ਚਿਹਰੇ ਸਦਾ ਮੁਰਝਾਏ ਰਹਿਣ। ਇਸ ਸੰਦਰਭ ਵਿੱਚ ਇਕਬਾਲ ਖ਼ਾਨ ਵੱਲੋਂ ‘ਘਰ, ਮਕਾਨ ਤੇ ਕਬਰ’ ਨਾਮ ਦੀ ਕਵਿਤਾ ਵਿੱਚ ਘਰ ਦੀ ਪ੍ਰੀਭਾਸ਼ਾ ਕੁਝ ਇਸ ਤਰ੍ਹਾਂ ਦਿੱਤੀ ਗਈ ਹੈ:
ਇੱਟਾਂ, ਗਾਰਾ ਚਾਰ-ਚੁਫੇਰੇ
ਕੁਝ ਉੱਤੇ, ਕੁਝ ਥੱਲੇ
ਵਿਚ ਚਾਨਣ ਕਿਰਨਾਂ
ਰੁਮਕਦੀ ਹਵਾ
ਫਿਰ ਵੀ, ਘਰ ਨਹੀਂ
ਮਕਾਨ ਹੁੰਦਾ ਹੈ
ਇੱਟਾਂ, ਗਾਰਾ ਚਾਰ-ਚੁਫੇਰੇ
ਕੁਝ ਉੱਤੇ, ਕੁਝ ਥੱਲੇ
ਵਿਚ ਚਾਨਣ ਕਿਰਨਾਂ
ਰੁਮਕਦੀ ਹਵਾ
ਦੇ ਨਾਲ ਹੋਵਣ
ਚਹਿਕਦੀ ਜ਼ਿੰਦਗੀ
ਦਹਿਕਦਾ ਪਿਆਰ
ਫਰ-ਫਰਾਂਦੇ ਸੁਫ਼ਨੇ
ਇਹ
ਘਰ ਹੁੰਦਾ ਹੈ
----
ਪਰਵਾਸ ਵਿੱਚ ਦਹਾਕਿਆਂ ਤੱਕ ਰਹਿਣ ਦੇ ਬਾਵਜੂਦ ਅਨੇਕਾਂ ਲੋਕ ਦੁਚਿੱਤੀ ਵਿੱਚ ਰਹਿੰਦੇ ਹਨ ਕਿ ਕੈਨੇਡਾ ਵਿੱਚ ਹੀ ਰਹਿਣ ਜਾਂ ਕਿ ਆਪਣੇ ਮੂਲ ਦੇਸ਼ ਵਿੱਚ ਪਰਤ ਜਾਣ। ਇਸ ਕਾਰਨ ਉਹ ਆਪਣੇ ਮੂਲ ਦੇਸ਼ ਦੀ ਹੀ ਰਾਜਨੀਤੀ, ਸਭਿਆਚਾਰ ਅਤੇ ਰਸਮੋਂ-ਰਿਵਾਜਾਂ ਨਾਲ ਜੁੜੇ ਰਹਿੰਦੇ ਹਨ। ਉਹ ਨਵੇਂ ਦੇਸ਼ ਵਿੱਚ ਮਹਿਜ਼ ਸਰੀਰਕ ਤੌਰ ਉੱਤੇ ਹੀ ਰਹਿੰਦੇ ਹਨ - ਪਰ ਮਾਨਸਿਕ ਤੌਰ ਉੱਤੇ ਉਹ ਇੱਥੇ ਦੇ ਮਾਹੌਲ ਨਾਲ ਜੁੜ ਨਹੀਂ ਸਕਦੇ। ਇਸ ਤਰ੍ਹਾਂ ਉਹ ਕਿਸੇ ਵੀ ਦੇਸ਼ ਦੀ ਜ਼ਿੰਦਗੀ ਦਾ ਹਿੱਸਾ ਨਹੀਂ ਬਣ ਸਕਦੇ; ਨਾ ਤਾਂ ਆਪਣੇ ਪਿੱਛੇ ਛੱਡ ਕੇ ਆਏ ਦੇਸ਼ ਦਾ ਅਤੇ ਨਾ ਹੀ ਨਵੇਂ ਅਪਣਾਏ ਦੇਸ਼ ਦਾ ਹੀ। ਪਰ ਇਕਬਾਲ ਖ਼ਾਨ ਆਪਣੀ ਮਾਨਸਿਕਤਾ ਵਿੱਚ ਅਜਿਹਾ ਕਿਸੀ ਕਿਸਮ ਦਾ ਵੀ ਦੁਫਾੜ ਨਹੀਂ ਪੈਣ ਦੇਣਾ ਚਾਹੁੰਦਾ। ਉਸਨੇ ਇਸ ਹਕੀਕਤ ਨੂੰ ਪੂਰੀ ਤਰ੍ਹਾਂ ਸਮਝ ਲਿਆ ਹੈ। ਇਸੇ ਲਈ ਉਹ ਕਹਿੰਦਾ ਹੈ ਕਿ ਜਿੱਥੇ ਉਹ ਸਰੀਰਕ ਤੌਰ ਉੱਤੇ ਰਹਿੰਦਾ ਹੈ - ਉਹ ਦੇਸ਼ ਹੀ ਉਸਦਾ ਘਰ ਹੈ। ਉਹ ਸਾਰੀ ਉਮਰ ਭੂ-ਹੇਰਵੇ ਵਾਲੀ ਸਥਿਤੀ ਵਿੱਚ ਰਹਿਕੇ ਆਪਣੇ ਅਪਣਾਏ ਨਵੇਂ ਦੇਸ਼ ਵਿਚਲੀ ਜ਼ਿੰਦਗੀ ਨੂੰ ਬੇਸੁਆਦੀ ਅਤੇ ਅਰਥਹੀਣ ਨਹੀਂ ਬਨਾਉਣੀ ਚਾਹੁੰਦਾ। ਉਹ ਨਵੇਂ ਅਪਣਾਏ ਦੇਸ਼ ਕੈਨੇਡਾ ਵਿਚਲੀ ਜ਼ਿੰਦਗੀ ਨੂੰ ਗੁਣਾਂ-ਔਗੁਣਾਂ ਸਮੇਤ ਸਵੀਕਾਰ ਕਰਦਾ ਹੈ। ਉਹ ਇਸ ਨਵੇਂ ਅਪਣਾਏ ਦੇਸ਼ ਵਿੱਚ ਰਹਿ ਰਹੇ ਆਪਣੀ ਸੋਚ ਵਾਲੇ ਲੋਕਾਂ ਨਾਲ ਮਿਲਕੇ ਆਪਣੀ ਜ਼ਿੰਦਗੀ ਦੇ ਉਦੇਸ਼ ਲੋਕ-ਸੰਘਰਸ਼ ਵਿੱਚ ਜੁੱਟ ਜਾਵੇਗਾ। ਉਹ ਆਪਣਾ ਇਹ ਸੰਘਰਸ਼ ਉਦੋਂ ਤੱਕ ਜਾਰੀ ਰੱਖੇਗਾ - ਜਦੋਂ ਤੱਕ ਉਹ ਆਪਣੇ ਸਾਥੀਆਂ ਨਾਲ ਮਿਲਕੇ ਲੋਕ-ਦੋਖੀ ਤਾਕਤਾਂ ਉੱਤੇ ਜਿੱਤ ਪ੍ਰਾਪਤ ਨਹੀਂ ਕਰ ਲੈਂਦਾ। ਉਸਦੀ ਕਵਿਤਾ ‘ਨਾਗ ਦੀ ਮੌਤ ਤੱਕ’ ਇਹੀ ਸੁਨੇਹਾ ਦਿੰਦੀ ਲੱਗਦੀ ਹੈ:
1.
ਮਿੱਤਰ!
ਓ! ਸੁਣ ਮੇਰਿਆ ਮਿੱਤਰਾ!!
ਐਵੇਂ ਨਾ ਮੈਨੂੰ ‘ਵਾਜਾਂ ਮਾਰ
ਇਥੇ ਨੇ ਮੈਨੂੰ ਕੰਮ ਹਜ਼ਾਰ
ਹੁਣ ਨਹੀਂ ਪਰਤ ਸਕਦਾ,
ਮੈਂ
ਮੇਰੀਆਂ ਜੜ੍ਹਾਂ
ਇਥੇ ਲਗ ਗਈਆਂ ਹਨ
ਪਿੱਪਲਾਂ, ਬੋਹੜਾਂ ਦੀਆਂ ਜੜ੍ਹਾਂ ਵਾਂਗ
2.
ਮਿੱਤਰਾ!
ਤੇਰੇ ਆਪਣੇ ਲੋਕਾਂ ਵਰਗੇ
ਮੇਰੇ ਆਪਣੇ ਲੋਕ ਵੀ
ਇਥੇ ਰਹਿੰਦੇ ਹਨ
ਸੋ ਮੈਂ ਨਹੀਂ ਪਰਤਾਂਗਾ
ਇਥੇ ਹੀ
ਸੰਘਰਸ਼ ਕਰਾਂਗਾ,
ਮੈਂ
ਆਪਣੇ ਲੋਕਾਂ ਨਾਲ ਰਲ
ਨਾਗ ਦੀ ਮੌਤ ਤੱਕ
----
ਲੋਕ-ਸੰਘਰਸ਼ ਵਿੱਚ ਇਕਬਾਲ ਖ਼ਾਨ ਨੂੰ ਇਸ ਕਰਕੇ ਦ੍ਰਿੜ-ਵਿਸ਼ਵਾਸ਼ ਹੈ ਕਿਉਂਕਿ ਉਹ ਜਾਣਦਾ ਹੈ ਕਿ ਜ਼ਿੰਦਗੀ ਵਿੱਚ ਸੰਘਰਸ਼ ਤੋਂ ਬਿਨ੍ਹਾਂ ਕੁਝ ਵੀ ਨਹੀਂ ਮਿਲਦਾ। ਉਸਦੀ ਕਵਿਤਾ ‘ਕਾਮਰੇਡ ਹੁਣ ਕੀ ਹੋਵੇਗਾ?’ ਦੀਆਂ ਇਨ੍ਹਾਂ ਸਤਰਾਂ ਨਾਲ ਹੀ ਇਕਬਾਲ ਖ਼ਾਨ ਦੇ ਕਾਵਿ-ਸੰਗ੍ਰਹਿ ‘ਨਾਗ ਦੀ ਮੌਤ ਤੱਕ’ ਬਾਰੇ ਮੈਂ ਆਪਣਾ ਚਰਚਾ ਇੱਥੇ ਹੀ ਖ਼ਤਮ ਕਰਨਾ ਚਾਹਾਂਗਾ:
ਅਸੀਂ ਲੜਾਂਗੇ ਸਾਥੀ, ਅਸੀਂ ਲੜਾਂਗੇ
ਕਿ ਲੜਨ ਬਾਝੋਂ, ਕੁਝ ਵੀ ਨਹੀਂ ਮਿਲਦਾ!
ਕੁਝ ਵੀ ਨਹੀਂ ਮਿਲਦਾ!!
‘ਨਾਗ ਦੀ ਮੌਤ ਤੱਕ’ ਕਾਵਿ-ਸੰਗ੍ਰਹਿ ਦੀ ਪ੍ਰਕਾਸ਼ਨਾ ਨਾਲ ਇਕਬਾਲ ਖ਼ਾਨ ਨੇ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ। ਕੈਨੇਡੀਅਨ ਪੰਜਾਬੀ ਸਾਹਿਤਕਾਰਾਂ ਵੱਲੋਂ ਅਜਿਹੀਆਂ ਘੱਟ ਹੀ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਬੜੇ ਸਪੱਸ਼ਟ ਸ਼ਬਦਾਂ ਵਿੱਚ ਕਵਿਤਾ ਦਾ ਉਦੇਸ਼ ਲੋਕ ਮਾਨਸਿਕਤਾ ਵਿੱਚ ਸੰਘਰਸ਼ ਲਈ ਚੇਤਨਾ ਪੈਦਾ ਕਰਨਾ ਹੋਵੇ। ਅਜਿਹੀ ਚੇਤਨਾ ਭਰਪੂਰ ਪੁਸਤਕ ਦੀ ਪ੍ਰਕਾਸ਼ਨਾ ਕਰਨ ਲਈ ਇਕਬਾਲ ਖ਼ਾਨ ਨੂੰ ਮੇਰੀਆਂ ਸ਼ੁੱਭ ਇੱਛਾਵਾਂ।
No comments:
Post a Comment