ਲੇਖ
ਧਾਰਮਿਕ ਭ੍ਰਿਸ਼ਟਾਚਾਰ ਬਾਰੇ ਕੈਨੇਡੀਅਨ ਪੰਜਾਬੀ ਲੇਖਕਾਂ ਦੀਆਂ ਕਵਿਤਾਵਾਂ, ਕਹਾਣੀਆਂ ਅਤੇ ਨਿਬੰਧ ਤਾਂ, ਅਕਸਰ, ਪ੍ਰਕਾਸ਼ਿਤ ਹੁੰਦੇ ਹੀ ਰਹਿੰਦੇ ਹਨ; ਪਰ ਇਸ ਵਿਸ਼ੇ ਨੂੰ ਲੈ ਕੇ ਕੈਨੇਡੀਅਨ ਪੰਜਾਬੀ ਲੇਖਕਾਂ ਨੇ ਨਾਵਲ ਦੇ ਖੇਤਰ ਵਿੱਚ ਕੋਈ ਵਧੇਰੇ ਕੰਮ ਨਹੀਂ ਕੀਤਾ। ਸੂਫ਼ੀ ਅਮਰਜੀਤ ਨੇ ਧਰਮ ਅਤੇ ਭਰਿਸ਼ਟਾਚਾਰ ਦੇ ਵਿਸ਼ੇ ਬਾਰੇ 2007 ਵਿੱਚ ਆਪਣਾ ਨਾਵਲ ‘ਸਿੰਮਲ ਰੁਖੁ ਸਰਾਇਰਾ’ ਪ੍ਰਕਾਸ਼ਿਤ ਕੀਤਾ ਹੈ।
----
‘ਸਿੰਮਲ ਰੁਖੁ ਸਰਾਇਰਾ’ ਨਾਵਲ ਵਿੱਚ ਸੂਫ਼ੀ ਅਮਰਜੀਤ ਜਿੱਥੇ ਕੈਨੇਡੀਅਨ ਗੁਰਦਵਾਰਿਆਂ ਦੀ ਭ੍ਰਿਸ਼ਟ ਰਾਜਨੀਤੀ ਦੀ ਗੱਲ ਕਰਦਾ ਹੈ; ਉੱਥੇ ਹੀ ਉਹ ਇਸ ਗੁਰਦਵਾਰਾ ਰਾਜਨੀਤੀ ਨਾਲ ਜੁੜੇ ਹੋਏ, ਹਰ ਪੱਖ ਤੋਂ, ਭ੍ਰਿਸ਼ਟ ਵਿਅਕਤੀਆਂ ਦੇ ਕਿਰਦਾਰ ਬਾਰੇ ਵੀ ਗੱਲ ਕਰਦਾ ਹੈ। ਇਸ ਚਰਚਾ ਦੇ ਨਾਲ ਨਾਲ ਹੀ ਉਹ ਵੱਖਵਾਦ, ਖਾੜਕੂਵਾਦ, ਸਭਿਆਚਾਰਵਾਦ, ਉੱਤਰ-ਆਧੁਨਿਕਤਾ, ਵਿਸ਼ਵ ਮੰਡੀ, ਉਪਭੋਗਿਤਾਵਾਦ ਆਦਿ ਬਾਰੇ ਵੀ ਚਰਚਾ ਛੇੜਦਾ ਹੈ। ਨਾਵਲ ਵਿੱਚ ਛੇੜੀ ਗਈ ਇਸ ਚਰਚਾ ਦੇ ਨਾਲ ਨਾਲ ਉਹ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਕੈਨੇਡੀਅਨ ਗੁਰਦਵਾਰਾ ਧਾਰਮਿਕ ਰਾਜਨੀਤੀ ਅਧੀਨ ਗੁਰਦਵਾਰਾ ਕਮੇਟੀਆਂ ਉੱਤੇ ਕਬਜ਼ਾ ਜਮਾਉਣ ਲਈ ਗੁੰਡਾ ਅਨਸਰ ਵੱਲੋਂ ਖੁੱਲ੍ਹੇਆਮ, ਧੰਨ, ਸ਼ਰਾਬ ਅਤੇ ਗੁੰਡਾ ਅਨਸਰ ਦੀ ਵਰਤੋਂ ਕੀਤੀ ਜਾਂਦੀ ਹੈ; ਪਰ ਇਹ ਸਭ ਕੁਝ ਕਰਦਿਆਂ ਹੋਇਆਂ ਵੀ ਸੂਫ਼ੀ ਅਮਰਜੀਤ ਆਪਣੀ ਸੁਰ ਧੀਮੀ ਹੀ ਰੱਖਦਾ ਹੈ। ਉਸਦਾ ਨਾਵਲ ਧਾਰਮਿਕ ਭ੍ਰਿਸ਼ਟਾਚਾਰ ਦੀ ਆਲੋਚਨਾ ਕਰਨ ਦੀ ਥਾਂ ਇਸ ਵਿੱਚ ਸੁਧਾਰ ਲਿਆਉਣ ਦੀਆਂ ਹੀ ਗੱਲਾਂ ਕਰਦਾ ਹੈ। ਇਸ ਨਾਵਲ ਨੂੰ ਗੁਰਦਵਾਰਾ ਸੁਧਾਰ ਦਾ ਨਾਵਲ ਜਾਂ ਸਿੰਘ ਸਭਾ ਲਹਿਰ ਦਾ ਨਾਵਲ ਕਹਿਣਾ ਵਧੇਰੇ ਯੋਗ ਹੋਵੇਗਾ।
----
ਸੂਫ਼ੀ ਅਮਰਜੀਤ ਦਾ ਨਾਵਲ ‘ਸਿੰਮਲ ਰੁਖੁ ਸਰਾਇਰਾ’ ਸਾਡੇ ਸਮਿਆਂ ਦੀ ਸਹੀ ਤਸਵੀਰ ਪੇਸ਼ ਕਰਨ ਦੀ ਜੁਰੱਅਤ ਨਹੀਂ ਕਰ ਸਕਿਆ। ਸਾਡੇ ਸਮਿਆਂ ਵਿੱਚ ਧਰਮ ਅਤੇ ਰਾਜਨੀਤੀ ਨੇ ਮਨੁੱਖੀ ਕਦਰਾਂ-ਕੀਮਤਾਂ ਦੀ ਜੋ ਤਬਾਹੀ ਕੀਤੀ ਹੈ ਅਤੇ ਜਿਸ ਕਿਸਮ ਦੇ ਧਾਰਮਿਕ ਭ੍ਰਿਸ਼ਟਾਚਾਰ ਦਾ ਅੱਜ ਹਰ ਪਾਸੇ ਬੋਲਬਾਲਾ ਹੈ ਉਸਦਾ ਜ਼ਿਕਰ ਇਸ ਨਾਵਲ ਵਿੱਚ ਪੜ੍ਹਨ ਨੂੰ ਨਹੀਂ ਮਿਲਦਾ।
ਪਿਛਲੇ ਤਿੰਨ ਦਹਾਕਿਆਂ ਵਿੱਚ ਕੈਨੇਡੀਅਨ ਗੁਰਦਵਾਰਿਆਂ ਨਾਲ ਜੁੜੀ ਭ੍ਰਿਸ਼ਟ ਰਾਜਨੀਤੀ ਅੰਤਰ-ਰਾਸ਼ਟਰੀ ਮੀਡੀਆ ਵਿੱਚ ਸੁਰਖੀਆਂ ਬਣਦੀ ਰਹੀ ਹੈ। ਕੈਨੇਡਾ ਦੇ ਗੁਰਦਵਾਰਿਆਂ ਦੀ ਰਾਜਨੀਤੀ ਨੂੰ ਲੈ ਕੇ ਕੈਨੇਡਾ ਦੀਆਂ ਅਦਾਲਤਾਂ ਵਿੱਚ ਗੋਲੀ ਚਲਦੀ ਰਹੀ ਹੈ। ਇਸ ਗੁਰਦਵਾਰਾ ਰਾਜਨੀਤੀ ਨਾਲ ਜੁੜੇ ਹੋਏ ਦਹਿਸ਼ਤਗਰਦਾਂ ਉੱਤੇ ਦੋਸ਼ ਲੱਗਦਾ ਰਿਹਾ ਹੈ ਕਿ ਉਨ੍ਹਾਂ ਨੇ ਏਅਰ ਇੰਡੀਆ ਦੇ ਇੱਕ ਜਹਾਜ਼ ਵਿੱਚ ਬੰਬ ਰੱਖਕੇ ਉਸ ਨੂੰ ਤਬਾਹ ਕਰ ਦਿੱਤਾ ਸੀ। ਜਿਸ ਧਮਾਕੇ ਕਾਰਨ 329 ਕੈਨੇਡੀਅਨ ਨਾਗਰਿਕ ਮਾਰੇ ਗਏ ਸਨ; ਪਰ ਇਸ ਨਾਵਲ ਵਿੱਚ ਧਾਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਵੱਲੋਂ ਦਿਖਾਈ ਗਈ ਅਜਿਹੀ ਧਾਰਮਿਕ ਗੁੰਡਾਗਰਦੀ ਦਾ ਕਿਤੇ ਵੀ ਜ਼ਿਕਰ ਕੀਤਾ ਨਹੀਂ ਮਿਲਦਾ। ਕੈਨੇਡਾ ਦੇ ਗੁਰਦਵਾਰਿਆਂ ਵਿੱਚ ਇਸ ਮਸਲੇ ਨੂੰ ਲੈ ਕੇ ਤਲਵਾਰਾਂ ਚੱਲਦੀਆਂ ਰਹੀਆਂ ਹਨ ਕਿ ਗੁਰਦਵਾਰੇ ਵਿੱਚ ਆਈ ਹੋਈ ਸੰਗਤ ਮੇਜ਼ਾਂ ਕੁਰਸੀਆਂ ਉੱਤੇ ਬਹਿ ਕੇ ਲੰਗਰ ਖਾਏ ਜਾਂ ਕਿ ਫਰਸ਼ ਉੱਤੇ ਵਿਛਾਈਆਂ ਹੋਈਆਂ ਦਰੀਆਂ ਉੱਤੇ ਬੈਠਕੇ। ਪੰਜਾਬ ਵਿੱਚ ਚੱਲੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦੀ ਲਹਿਰ ਦੇ ਸਮਰਥਕਾਂ ਅਤੇ ਵਿਰੋਧੀਆਂ ਵਿੱਚ ਹੋਈਆਂ ਲੜਾਈਆਂ ਵਿੱਚ ਗੁਰਦਵਾਰੇ ਆਏ ਸ਼ਰਧਾਲੂਆਂ ਨੂੰ ਵੰਡਣ ਵਾਲੇ ਪ੍ਰਸ਼ਾਦਿ ਦੀਆਂ ਭਰੀਆਂ ਪਰਾਤਾਂ ਲੋਕਾਂ ਦੇ ਪੈਰਾਂ ਵਿੱਚ ਰੁਲਦੀਆਂ ਰਹੀਆਂ ਹਨ। ਇਸ ਲੜਾਈ ਨ੍ਹੂੰ ਛੁਡਾਉਣ ਲਈ ਗੁਰਦਵਾਰਿਆਂ ਵਿੱਚ ਬੂਟਾਂ ਸਮੇਤ ਆਈ ਪੁਲਿਸ ਨਾਲ ਆਏ ਪੁਲਿਸ ਦੇ ਕੁੱਤੇ ਲੋਕਾਂ ਦੇ ਪੈਰਾਂ ਵਿੱਚ ਡਿੱਗਿਆ ਹੋਇਆ ਪ੍ਰਸ਼ਾਦਿ ਖਾਂਦੇ ਰਹੇ ਹਨ।
----
ਕਿਸੇ ਕੈਨੇਡੀਅਨ ਪੰਜਾਬੀ ਸਾਹਿਤਕਾਰ ਵੱਲੋਂ ਕੈਨੇਡਾ ਦੇ ਗੁਰਦਵਾਰਿਆਂ ਨਾਲ ਸਬੰਧਤ ਭਰਿਸ਼ਟ ਰਾਜਨੀਤੀ ਬਾਰੇ ਨਾਵਲ ਲਿਖਿਆ ਗਿਆ ਹੋਵੇ ਅਤੇ ਉਹ ਅਜਿਹੇ ਗੁੰਡਾ ਅਨਸਰ ਦਾ ਜ਼ਿਕਰ ਤੱਕ ਵੀ ਨ ਕਰੇ; ਤਾਂ ਜਾਪਦਾ ਹੈ ਕਿ ਜਾਂ ਤਾਂ ਨਾਵਲਕਾਰ ਕੈਨੇਡਾ ਦੇ ਗੁਰਦਵਾਰਿਆਂ ਨਾਲ ਜੁੜੀ ਧਾਰਮਿਕ ਰਾਜਨੀਤੀ ਦੇ ਭ੍ਰਿਸ਼ਟਾਚਾਰ ਬਾਰੇ ਜਾਣਦਾ ਹੀ ਕੁਝ ਨਹੀਂ ਜਾਂ ਉਹ ਦਿਆਨਤਦਾਰੀ ਨਹੀਂ ਵਰਤ ਰਿਹਾ। ਪਰ ਜੇਕਰ ਨਾਵਲ ਦਾ ਰਚੇਤਾ ਉਸ ਸਮੇਂ ਆਪ ਕੈਨੇਡਾ ਦੀ ਰਾਜਨੀਤੀ ਵਿੱਚ ਪੂਰੀ ਤਰ੍ਹਾਂ ਸਰਗਰਮ ਰਿਹਾ ਹੋਵੇ ਜਦ ਕਿ ਇਹ ਸਭ ਕੁਝ ਕੈਨੇਡਾ ਵਿੱਚ ਵਾਪਰਿਆ ਤਾਂ ਇਹ ਗੱਲ ਬਿਨ੍ਹਾਂ ਕਿਸੀ ਸੰਕੋਚ ਦੇ ਕਹੀ ਜਾ ਸਕਦੀ ਹੈ ਕਿ ਨਾਵਲਕਾਰ ਆਪਣੇ ਵਿਸ਼ੇ ਦੀ ਪੇਸ਼ਕਾਰੀ ਕਰਨ ਵੇਲੇ ਈਮਾਨਦਾਰੀ ਨਹੀਂ ਵਰਤ ਰਿਹਾ ਅਤੇ ਤੱਥਾਂ ਨੂੰ ਸਹੀ ਰੂਪ ਵਿੱਚ ਪੇਸ਼ ਨਹੀਂ ਕਰ ਰਿਹਾ। ਫਿਰ ਵੀ, ਕਿਉਂਕਿ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਗੁਰਦਵਾਰਾ ਧਾਰਮਿਕ ਰਾਜਨੀਤੀ ਦੇ ਵਿਸ਼ੇ ਨੂੰ ਲੈ ਕੇ ਲਿਖਿਆ ਗਿਆ ਇਹ ਪਹਿਲਾ ਨਾਵਲ ਹੈ, ਇਸ ਲਈ ਇਸ ਨਾਵਲ ਦੀਆਂ ਤਹਿਆਂ ਫਰੋਲਣੀਆਂ ਜ਼ਰੂਰੀ ਹਨ।
----
ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਉੱਤੇ, ਅਕਸਰ, ਦੋਸ਼ ਲੱਗਦੇ ਰਹਿੰਦੇ ਹਨ ਕਿ ਉਹ ਗੁਰਦਵਾਰਿਆਂ ਦਾ ਚੜ੍ਹਾਵਾ ਖਾ ਜਾਂਦੇ ਹਨ। ਇੰਡੀਆ, ਇੰਗਲੈਂਡ, ਅਮਰੀਕਾ, ਕੈਨੇਡਾ ਅਤੇ ਅਨੇਕਾਂ ਹੋਰ ਦੇਸ਼ਾਂ ਵਿੱਚ ਸਥਿਤ ਗੁਰਦਵਾਰਿਆਂ ਵਿੱਚ ਵਾਪਰਦੀਆਂ ਰਹਿੰਦੀਆਂ ਅਜਿਹੀ ਕਿਸਮ ਦੀਆਂ ਚੋਰੀ ਕਰਨ ਦੀਆਂ ਘਟਨਾਵਾਂ ਅਕਸਰ ਪੰਜਾਬੀ ਮੀਡੀਆ ਦੀਆਂ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ। ‘ਸਿੰਮਲ ਰੁਖੁ ਸਰਾਇਰਾ’ ਨਾਵਲ ਵਿੱਚ ਸੂਫ਼ੀ ਅਮਰਜੀਤ ਵੀ ਇਸ ਵਿਸ਼ੇ ਬਾਰੇ ਗੱਲ ਕਰਦਾ ਹੈ:
“ਵੈਨਕੂਵਰ ਵਿੱਚ ਆ ਰਹੀ ਗੁਰਦਵਾਰਾ ਚੋਣ ਦੀ ਗੱਲ ਆਮ ਚੱਲ ਰਹੀ ਸੀ। ਪਿਛਲੇ ਕਈ ਸਾਲਾਂ ਤੋਂ ਸਰਬਜੀਤ ਧੜੇ ਦਾ ਕਮੇਟੀ ਤੇ ਕਬਜ਼ਾ ਸੀ। ਹਰ ਸਾਲ ਏਸੇ ਧੜੇ ਦਾ ਹੀ ਬਦਲਵਾਂ ਬੰਦਾ ਪ੍ਰਧਾਨ ਬਣ ਜਾਂਦਾ ਸੀ। ਲੋਕ, ਕਮੇਟੀ ਵਾਲਿਆਂ ਵੱਲੋਂ ਆਏ ਸਾਲ ਦੇ ਚੜ੍ਹਾਵੇ ਦੇ ਲੱਖਾਂ ਡਾਲਰਾਂ ਨੂੰ ਵੰਡ ਕੇ ਛਕਣ ਦੀਆਂ ਗੱਲਾਂ ਕਰਦੇ ਸਨ। ਕੋਈ ਮਖੌਲ ਕਰਦਾ ਕਹਿ ਦਿੰਦਾ, ‘ਸਿੰਘ ਰਿਵਾਇਤਾਂ ਅਨੁਸਾਰ ਵੰਡ ਕੇ ਹੀ ਛਕਦੇ ਹਨ, ਕੋਈ ਕੱਲਾ ਤਾਂ ਨਹੀਂ ਖਾਂਦਾ, ਭਾਵੇਂ ਮੁੜ-ਘਿੜ ਘਰਦਿਆਂ ਵਿੱਚ ਹੀ ਵੰਡ ਲੈਂਦੇ ਹਨ’। ਗੁਰਦਵਾਰੇ ਦੇ ਪੈਸੇ ਨਾਲ ਫਾਰਮ, ਅਪਾਰਟਮੈਂਟ, ਘਰ, ਟਰੱਕ ਖਰੀਦਣ ਦੀਆਂ ਗੱਲਾਂ ਵੀ ਹੋ ਰਹੀਆਂ ਸਨ। ਗੱਲ ਕੀ ਜਿੱਥੇ ਗੁਰਦਵਾਰੇ ਦੀ ਚੋਣ ਦੀ ਗੱਲ ਹੁੰਦੀ ਉੱਥੇ ਕੋਈ ਨਾ ਕੋਈ ਇਹੋ ਜਿਹੀ ਗੱਲ ਕੱਢ ਹੀ ਮਾਰਦਾ।”
----
ਕੈਨੇਡਾ ਵਿੱਚ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਵੇਲੇ ਤਲਵਾਰਾਂ ਖੜਕਦੀਆਂ ਹਨ, ਬੰਦੂਕਾਂ ਚਲਦੀਆਂ ਹਨ, ਡਾਂਗਾਂ ਵਰਤੀਆਂ ਜਾਂਦੀਆਂ ਹਨ। ਗੁਰਦਵਾਰਾ ਕਮੇਟੀਆਂ ਨੂੰ ਲੱਖਾਂ ਡਾਲਰਾਂ ਦੀ ਕਮਾਈ ਹੁੰਦੀ ਹੈ। ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਲੜਨ ਪਿੱਛੇ ਜਿੱਥੇ ਇੱਕ ਪਾਸੇ ਇਹ ਪਦਵੀਆਂ ਪਰਾਪਤ ਕਰਨ ਨਾਲ ਮਿਲਣ ਵਾਲੀ ਤਾਕਤ ਦੀ ਭੁੱਖ ਹੁੰਦੀ ਹੈ; ਤਾਂ ਦੂਜੇ ਪਾਸੇ ਗੁਰਦਵਾਰਿਆਂ ਨੂੰ ਹੁੰਦੀ ਲੱਖਾਂ ਡਾਲਰਾਂ ਦੀ ਆਮਦਨ ਵਿੱਚ ਘਪਲੇ ਕਰਨ ਦੇ ਮੌਕੇ ਮਿਲਣ ਦੀ ਲਾਲਸਾ ਹੁੰਦੀ ਹੈ। ਓਨਟਾਰੀਓ ਦੇ ਕੁਝ ਗੁਰਦਵਾਰਿਆਂ ਦੀਆਂ ਕਮੇਟੀਆਂ ਦੇ ਪ੍ਰਧਾਨ ਆਪਣੇ ਮਕਾਨਾਂ ਦੀ ਮਾਰਗੇਜ ਵੀ ਗੁਰਦਵਾਰਿਆਂ ਦੇ ਚੜ੍ਹਾਵੇ ਵਿੱਚੋਂ ਹੀ ਦਿੰਦੇ ਰਹੇ ਹਨ। ਜਿਨ੍ਹਾਂ ਵੱਲੋਂ ਮਾਰਗੇਜ ਕੰਪਨੀਆਂ ਨੂੰ ਜਾਰੀ ਕੀਤੇ ਗਏ ਅਜਿਹੇ ਚੈਕਾਂ ਦੀਆਂ ਤਸਵੀਰਾਂ ਕੈਨੇਡਾ ਦੇ ਪੰਜਾਬੀ ਅਖਬਾਰਾਂ ਵਿੱਚ ਛਪਦੀਆਂ ਰਹੀਆਂ ਹਨ। ਗੁਰਦਵਾਰਿਆਂ ਦੀਆਂ ਗੋਲਕਾਂ ਵਿੱਚੋਂ ਕੁੰਡੀਆਂ ਪਾ ਕੇ ਪ੍ਰਬੰਧਕਾਂ ਵੱਲੋਂ ਡਾਲਰ ਕੱਢਣ ਦੇ ਚਰਚੇ ਤਾਂ ਕੈਨੇਡਾ ਦੀਆਂ ਪੰਜਾਬੀ ਅਖਬਾਰਾਂ ਵਿੱਚ ਆਮ ਹੀ ਹੁੰਦੇ ਰਹਿੰਦੇ ਹਨ। ਕਈ ਗੁਰਦਵਾਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਮੈਂਬਰਾਂ ਵੱਲੋਂ ਆਪਣੀਆਂ ਨਿਤ ਦੀਆਂ ਸ਼ਰਾਬ ਪੀਣ ਅਤੇ ਕੁੱਕੜ ਖਾਣ ਦੀਆਂ ਪਾਰਟੀਆਂ ਵੀ ਗੁਰਦਵਾਰਿਆਂ ਦੀਆਂ ਗੋਲਕਾਂ ‘ਚੋਂ ਚੋਰੀ ਕੀਤੇ ਡਾਲਰਾਂ ਨਾਲ ਹੀ ਕੀਤੀਆਂ ਜਾਂਦੀਆਂ ਹਨ। ਕੈਨੇਡਾ ਦੇ ਕਈ ਗੁਰਦਵਾਰਿਆਂ ਦੀਆਂ ਕਮੇਟੀਆਂ ਦੇ ਪ੍ਰਧਾਨ ਇੰਡੀਆ ਤੋਂ ਹਵਾਈ ਜਹਾਜ਼ਾਂ ਰਾਹੀਂ ਕੈਨੇਡਾ ਵਾਪਿਸ ਮੁੜਦੇ ਹੋਏ ਧਾਰਮਿਕ ਗ੍ਰੰਥਾਂ ਵਿੱਚ ਲੁਕੋ ਕੇ ਅਫੀਮ, ਚਰਸ, ਕੋਕੇਨ, ਕਰੈਕ ਲਿਆਂਦੇ ਹੋਏ ਕੈਨੇਡਾ ਦੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਂਦੇ ਰਹੇ ਹਨ।
----
ਪੰਜਾਬ, ਇੰਡੀਆ ਵਿੱਚ ਦੋ ਦਹਾਕੇ ਤੋਂ ਵੀ ਵੱਧ ਚਲਦੀ ਰਹੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦੀ ਲਹਿਰ ਦੌਰਾਨ ਕੈਨੇਡਾ ਦੇ ਅਨੇਕਾਂ ਗੁਰਦਵਾਰਿਆਂ ਉੱਤੇ ਇਨ੍ਹਾਂ ਪੰਜਾਬ ਦੇ ਦਹਿਸ਼ਤਗਰਦਾਂ ਦੇ ਸਮਰਥਕਾਂ ਦਾ ਕਬਜ਼ਾ ਸੀ। ਪੰਜਾਬ ਦੇ ਦਹਿਸ਼ਤਗਰਦਾਂ ਨੂੰ ਆਰਥਿਕ ਮੱਦਦ ਭੇਜਣ ਦੇ ਨਾਮ ਉੱਤੇ ਕੈਨੇਡਾ ਦੇ ਗੁਰਦਵਾਰਿਆਂ ਉੱਤੇ ਕਾਬਜ਼ ਦਹਿਸ਼ਤਗਰਦਾਂ ਦੇ ਸਮਰਥਕ ਲੱਖਾਂ ਡਾਲਰ ਹੜੱਪ ਗਏ।
ਪੇਸ਼ ਹੈ ਨਾਵਲ ‘ਸਿੰਮਲ ਰੁਖੁ ਸਰਾਇਰਾ’ ਵਿੱਚੋਂ ਇਨ੍ਹਾਂ ਸਮਿਆਂ ਦੌਰਾਨ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਲਈ ਚੋਣਾਂ ਲੜਣ ਵਾਲੇ ਇੱਕ ਧੜੇ ਵੱਲੋਂ ਕੈਨੇਡਾ ਦੇ ਪੰਜਾਬੀ ਪ੍ਰਿੰਟ ਮੀਡੀਆ ਵਿੱਚ ਪ੍ਰਕਾਸ਼ਿਤ ਕੀਤੇ ਗਏ ਇੱਕ ਇਸ਼ਤਿਹਾਰ ਦਾ ਕੁਝ ਹਿੱਸਾ:
“ਅਸੀਂ ਅੱਜ ਕੌਮ ਦੇ ਸੰਘਰਸ਼ ਦੇ ਇਤਿਹਾਸਕ ਦੌਰ ਵਿਚੋਂ ਲੰਘ ਰਹੇ ਹਾਂ। ਇਹ ਸਾਡਾ ਜ਼ਿੰਦਗੀ ਮੌਤ ਦਾ ਸੰਘਰਸ਼ ਹੈ। ਸਾਡੀ ਕੌਮ ਸ਼ਹਾਦਤਾਂ ਦੇ ਰਹੀ ਹੈ। ਨੌਜੁਆਨ ਮੌਤ ਨੂੰ ਮਖੌਲ ਕਰ ਰਹੇ ਹਨ। ਦੁਸ਼ਮਣਾਂ ਦੀਆਂ ਗੋਲੀਆਂ ਠੰਢੀਆਂ ਕਰ ਰਹੇ ਹਨ। ਉਹਨਾਂ ਦੀ ਇਸ ਸਮੇਂ ਤਨ, ਮਨ, ਧਨ ਨਾਲ ਸਹਾਇਤਾ ਕਰਨ ਦੀ ਲੋੜ ਹੈ। ਜੇਕਰ ਵਿਰੋਧੀ ਧਿਰ ਵਾਲੇ ਅੱਗੇ ਆ ਗਏ ਜੋ ਭਾਰਤ ਦੀ ਅਖੰਡਤਾ ਦਾ ਝੂਠਾ ਰੌਲਾ ਪਾਉਣ ਵਾਲੇ ਹਨ ਤਾਂ ਚੱਲ ਰਹੇ ਸੰਘਰਸ਼ ਨੂੰ ਬੜੀ ਸੱਟ ਵੱਜੇਗੀ।”
----
ਗੁਰਦਵਾਰਾ ਰਾਜਨੀਤੀ ਨਾਲ ਹੀ ਜੁੜੀ ਹੋਈ ਹੈ ਕੈਨੇਡਾ ਦੇ ਪੰਜਾਬੀ ਮੀਡੀਆ ਦੀ ਰਾਜਨੀਤੀ। ਪਹਿਲਾਂ ਤਾਂ ਕੈਨੇਡਾ ਦਾ ਪੰਜਾਬੀ ਮੀਡੀਆ ਚੋਣਾਂ ਲੜਨ ਵਾਲਿਆਂ ਦੇ ਇਸ਼ਤਿਹਾਰ ਛਾਪ ਕੇ ਚੰਗੀ ਕਮਾਈ ਕਰਦਾ ਹੈ; ਪਰ ਜੇਕਰ ਚੋਣਾਂ ਵਿੱਚ ਉਨ੍ਹਾਂ ਦੀ ਹਿਮਾਇਤ ਪ੍ਰਾਪਤ ਕਰਨ ਵਾਲਾ ਧੜਾ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿੱਤ ਕੇ ਗੁਰਦਵਾਰੇ ਉੱਤੇ ਕਾਬਜ਼ ਹੋ ਜਾਵੇ ਤਾਂ ਸਾਰਾ ਸਾਲ ਉਸ ਗੁਰਦਵਾਰਾ ਕਮੇਟੀ ਦੇ ਇਸ਼ਤਿਹਾਰ ਛਾਪਕੇ ਪ੍ਰਿੰਟ ਮੀਡੀਆ ਚੰਗੀ ਕਮਾਈ ਕਰਦਾ ਹੈ।
----
ਕੈਨੇਡਾ ਦੇ ਅਨੇਕਾਂ ਗੁਰਦਵਾਰਿਆਂ ਦੀਆਂ ਕਮੇਟੀਆਂ ਉੱਤੇ ਇਸ ਤਰ੍ਹਾਂ ਦਾ ਗੁੰਡਾ ਅਨਸਰ ਕਾਬਿਜ਼ ਹੁੰਦਾ ਰਿਹਾ ਹੈ ਜੋ ਸ਼ਰੇਆਮ ਕਹਿੰਦਾ ਹੁੰਦਾ ਸੀ ਕਿ ਜਿਸ ਕਿਸੇ ਨੇ ਸਾਡੇ ਕੋਲੋਂ ਗੁਰਦਵਾਰਾ ਕਮੇਟੀ ਨੂੰ ਹੋਈ ਆਮਦਨ ਖਰਚ ਦਾ ਹਿਸਾਬ ਕਿਤਾਬ ਮੰਗਣਾ ਹੈ ਉਹ ਪਹਿਲਾਂ ਆਪਣੇ ਘਰਦਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਆਵੇ। ਜੇਕਰ ਕੋਈ ਕਦੀ ਫਿਰ ਵੀ ਹਿਸਾਬ ਕਿਤਾਬ ਦਾ ਮਾਮਲਾ ਉਠਾਉਣ ਦੀ ਹਿੰਮਤ ਕਰ ਹੀ ਲੈਂਦਾ ਸੀ ਤਾਂ ਅਜਿਹੇ ਗੁਰਦਵਾਰਿਆਂ ਨਾਲ ਜੁੜਿਆ ਮਾਫੀਆ ਉਨ੍ਹਾਂ ਵਿਅਕਤੀਆਂ ਦੀ ਕੁੱਟ ਮਾਰ ਕਰਦਾ ਸੀ ਤਾਂ ਕਿ ਕੋਈ ਹੋਰ ਅਜਿਹੀ ਹਿੰਮਤ ਨ ਕਰ ਸਕੇ। ਸੂਫ਼ੀ ਅਮਰਜੀਤ ਵੀ ਇਸ ਵਿਚਾਰ ਦੀ ਪੁਸ਼ਟੀ ਕਰਦਾ ਹੈ ਜਦੋਂ ਉਹ ਨਾਵਲ ‘ਸਿੰਮਲ ਰੁਖੁ ਸਰਾਇਰਾ’ ਵਿੱਚ ਲਿਖਦਾ ਹੈ:
“ਪਿਛਲੇ ਐਤਵਾਰ ਦੇ ਦੀਵਾਨ ਵਿਚ ਤਾਂ ਖੜਕਦੀ ਖੜਕਦੀ ਮਸੀਂ ਬਚੀ। ਜਦੋਂ ਵਿਰੋਧੀ ਧਿਰ ਦੇ ਮਲਕੀਤ ਸਿੰਘ ਨੇ ਸਟੇਜ ਤੋਂ ਸਿੱਧਾ ਹੀ ਇਲਜ਼ਾਮ ਲਾ ਦਿੱਤਾ ਕਿ ਪਿਛਲੇ ਚਾਰਾਂ ਸਾਲਾਂ ਦੇ ਹਿਸਾਬ ਦੀ ਪੜਤਾਲ ਲਈ ਕਮੇਟੀ ਬਣਾਈ ਜਾਵੇ। ਵੈਸੇ ਤਾਂ ਵਿਰੋਧੀ ਧੜੇ ਦੇ ਕਿਸੇ ਬੰਦੇ ਨੂੰ ਸਟੇਜ ਤੋਂ ਬੋਲਣ ਦਾ ਕਦੇ ਵਕਤ ਨਹੀਂ ਮਿਲਦਾ ਸੀ। ਉਸ ਦਿਨ ਉਸ ਦੇ ਜੁਆਈ ਵਲੋਂ ਅਖੰਡ ਪਾਠ ਰਖਾਇਆ ਗਿਆ ਸੀ। ਮਲਕੀਤ ਸਿੰਘ ਧੰਨਵਾਦ ਕਰਨ ਲਈ ਉਠਿਆ ਸੀ। ਉਸਨੇ ਧੰਨਵਾਦ ਕਰਕੇ ਪਿਛੋਂ ਇਹ ਗੱਲ ਆਖ ਦਿੱਤੀ।
ਹਾਜ਼ਰ ਸੰਗਤ ਵਿਚੋਂ ਵੀ ਆਵਾਜ਼ਾਂ ਆਈਆਂ, “ਜ਼ਰੂਰ ਬਣਾਈ ਜਾਵੇ।” “ਲੱਖਾਂ ਡਾਲਰ ਖਾ ਜਾਂਦੇ ਹਨ”।
ਫੇਰ ਕੀ ਸੀ। ਸੈਕਟਰੀ ਤੇਜਾ ਸਿੰਘ ਨੇ ਮਲਕੀਤ ਸਿੰਘ ਤੋਂ ਮਾਈਕ ਖੋਹ ਲਿਆ। ਕਮੇਟੀ ਦੇ ਬੰਦੇ ਸਟੇਜ ਦੇ ਨੇੜੇ ਹੀ ਬੈਠੇ ਸੀ। ਉਹ ਉੱਠ ਕੇ ਮਲਕੀਤ ਸਿੰਘ ਨੂੰ ਚੁੰਬੜ ਗਏ। ਉਧਰੋਂ ਮਲਕੀਤ ਸਿੰਘ ਦੇ ਬੰਦਿਆਂ ਦਾ ਤਾਂ ਹਾਲ ਭਰਿਆ ਪਿਆ ਸੀ। ਉਹਨਾਂ ਆ ਦੇਖਿਆ, ਨਾ ਤਾ। ਦਿਹ ਘਸੁੰਨ ਮੁੱਕੀ। ਜੋ ਵੀ ਅੱਗੇ ਆਇਆ ਰਾੜ੍ਹਿਆ ਗਿਆ।”
----
ਕੈਨੇਡਾ ਦੇ ਗੁਰਦਵਾਰਿਆਂ ਵਿੱਚ ਖ਼ੂਨੀ ਲੜਾਈਆਂ, ਅਕਸਰ, ਉਦੋਂ ਹੁੰਦੀਆਂ ਹਨ ਜਦੋਂ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਲਈ ਵੋਟਾਂ ਪੈਂਦੀਆਂ ਹਨ। ਇਨ੍ਹਾਂ ਚੋਣਾਂ ਵਿੱਚ ਜਿੱਥੇ ਧੰਨ ਅਤੇ ਸ਼ਰਾਬ ਦੀ ਖੁਲ੍ਹੇਆਮ ਵਰਤੋਂ ਕੀਤੀ ਜਾਂਦੀ ਹੈ ਉੱਥੇ ਚੋਣਾਂ ਲੜ ਰਹੇ ਧੜਿਆਂ ਵੱਲੋਂ ਦੂਜੇ ਧੜਿਆਂ ਦੇ ਸਮਰਥਕਾਂ ਵਿੱਚ ਦਹਿਸ਼ਤ ਫੈਲਾਉਣ ਲਈ ਗੁੰਡਾ ਅਨਸਰ ਅਤੇ ਲੱਠਮਾਰ ਲੋਕਾਂ ਨੂੰ ਵਿਸ਼ੇਸ਼ ਤੌਰ ਉੱਤੇ ਬੁਲਾਇਆ ਜਾਂਦਾ ਹੈ। ਜੋ ਕੋਈ ਨ ਕੋਈ ਬਹਾਨਾ ਲਗਾ ਕੇ ਵਿਰੋਧੀ ਧਿਰ ਨੂੰ ਲੜਾਈ ਲਈ ਉਕਸਾਂਦੇ ਹਨ। ਪੇਸ਼ ਹੈ ਨਾਵਲ ‘ਸਿੰਮਲ ਰੁਖੁ ਸਰਾਇਰਾ’ ਵਿੱਚੋਂ ਅਜਿਹਾ ਹੀ ਇੱਕ ਨਾਟਕੀ ਦ੍ਰਿਸ਼:
“ਜਦੋਂ ਕਮੇਟੀ ਵਾਲਿਆਂ ਦੇ ਬੰਦਿਆਂ ਨੇ ਬਾਹਰ ਜਾ ਕੇ ਲਲਕਾਰਾ ਮਾਰਿਆ ਤਾਂ ਅੱਗੋਂ ਮਲਕੀਤ ਸਿੰਘ ਦੇ ਬੰਦਿਆਂ ਨੇ ਬਿਨਾਂ ਕੋਈ ਗੱਲ ਪੁੱਛਿਆਂ ਕਿ ਕੀ ਗੱਲ ਹੈ, ਆਪਣੀਆਂ ਬੈਨਾਂ ਵਿਚੋਂ ਸਰੀਏ, ਹਾਕੀਆਂ, ਡੰਡੇ ਤੇ ਸੰਗਲਾਂ ਦੇ ਟੋਟੇ ਕੱਢ ਲਏ।
ਪਲਾਂ-ਛਿਣਾਂ ਵਿੱਚ ਤਾੜ, ਤਾੜ ‘ਤੇ ਠਾਹ ਠਾਹ ਹੋ ਗਈ। ਬਾਹਰ ਸੜਕ ਉਪਰ ਖੜ੍ਹੇ ਪੁਲਸ ਵਾਲਿਆਂ ਨੇ ਵਾਇਰਲੈੱਸ ਕਰਕੇ ਹੋਰ ਪੁਲਸ ਬੁਲਾ ਲਈ ਸੀ।
ਇਕ ਪੁਲੀਸ ਵਾਲਾ, ਗੇਟ ਵਿਚ ਖਲੋਤਾ ਮੂਵੀ ਕੈਮਰੇ ਨਾਲ ਫਿਲਮ ਬਣਾ ਰਿਹਾ ਸੀ। ਉਹਨਾਂ ਨੂੰ ਪਤਾ ਹੀ ਸੀ ਕਿ ਇਸ ਤਰ੍ਹਾਂ ਹੋ ਸਕਦਾ ਸੀ। ਕਿਉਂਕਿ ਇਹ ਇਥੇ ਪਹਿਲੀ ਵਾਰੀ ਨਹੀਂ ਹੋਇਆ ਸੀ। ਹੋਰਨਾਂ ਥਾਵਾਂ ਉਪਰ ਵੀ ਚੋਣ ਸਮੇਂ ਕਈ ਵਾਰੀ ਲੜਾਈ ਹੋ ਚੁੱਕੀ ਸੀ।
ਪੁਲੀਸ ਕਾਰਾਂ ਦੀਆਂ ਨੀਲੀਆਂ ਲਾਲ ਬੱਤੀਆਂ ਘੁੰਮ ਰਹੀਆਂ ਸਨ। ਹੋਰ ਪੁਲੀਸ ਕਾਰਾਂ ਦੀਆਂ ਕੂਕਾਂ ਕਈ ਪਾਸਿਆਂ ਤੋਂ ਸੁਣਾਈ ਦੇ ਰਹੀਆਂ ਸਨ।
ਪੁਲੀਸ ਵਾਲੇ, ਗੁੱਥਮ ਗੁੱਥਾ ਹੋਇਆਂ ਨੂੰ ਦੂਰ ਖੜ੍ਹੇ ਦੇਖ ਰਹੇ ਸਨ। ਸਰੀਆਂ ਤੇ ਡੰਡਿਆਂ ਦਾ ਖੜਕਾ ਕਾੜ ਕਾੜ ਤੇ ਟੰਨ ਟੰਨ ਦੀ ਆਵਾਜ਼ ਵਿਚ ਸੁਣ ਰਿਹਾ ਸੀ।
ਸਰਬਜੀਤ ਧੜੇ ਦੇ ਹੁਣ ਕੁਝ ਹੋਰ ਬੰਦੇ ਵੀ ਆ ਗਏ ਸਨ। ਦੋਵਾਂ ਧਿਰਾਂ ਦੇ ਤੀਹ-ਪੈਂਤੀ ਬੰਦੇ ਉਲਝੇ ਹੋਏ ਸਨ।
ਕਈਆਂ ਦੇ ਮੱਥਿਆਂ ‘ਚੋਂ ਲਹੂ ਚੋ ਰਿਹਾ ਸੀ। ਕੋਈ ਲਹੂ ਲੁਹਾਨ ਹੋਏ ਧਰਤੀ ਤੇ ਡਿੱਗ ਚੁੱਕੇ ਸਨ। ਇਕ ਮੁੰਡਾ ਹੇਠਾਂ ਪਿਆ ਮੂੰਹ ਤੇ ਹੱਥ ਰੱਖੀ ਕੁਝ ਕਹਿ ਰਿਹਾ ਸੀ। ਉਸ ਦੀਆਂ ਉਂਗਲਾ ਵਿੱਚੋਂ ਦੀ ਦੰਦਾਂ ‘ਚੋਂ ਨਿਕਲਿਆ ਲਹੂ ਵਗ ਰਿਹਾ ਸੀ।
ਐਂਬੂਲੈਂਸਾਂ, ਫਾਇਰ ਬਰਗੇਡ ਅਤੇ ਪੁਲਸ ਦੀਆਂ ਸੱਤ-ਅੱਠ ਕਾਰਾਂ ਪੁੱਜ ਚੁੱਕੀਆਂ ਸਨ। ਪੁਲਸ ਅਧਿਕਾਰੀ ਨੇ ਸਪੀਕਰ ਵਿੱਚੀਂ ਬੋਲ ਕੇ ਦੋਵਾਂ ਧਿਰਾਂ ਨੂੰ ਲੜਾਈ ਬੰਦ ਕਰਨ ਦੀ ਵਾਰਨਿੰਗ ਦਿੱਤੀ।
ਹੁਣ ਦੋਵੇਂ ਧਿਰਾਂ ਹਟ ਕੇ ਖਲੋ ਗਈਆਂ ਸਨ। ਸਿਰਾਂ ਤੋਂ ਪੱਗਾਂ ਲੱਥੀਆਂ ਹੋਈਆਂ ਸਨ। ਕੱਪੜੇ ਫਟ ਗਏ ਸਨ। ਕੁਝ ਲਹੂ ਗੱਚ ਹੋ ਗਏ ਸਨ। ਵਾਲ ਖੁੱਲੇ ਲਮਕ ਰਹੇ ਸਨ। ਦੋਵਾਂ ਪਾਸਿਆਂ ਨੇ ਗਾਲਾਂ-ਤੁਹਮਤਾਂ ਪਤਾ ਨਹੀਂ ਕੀ ਕੀ ਕੁਝ ਬੋਲਿਆ ਸੀ।”
----
ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੀਆਂ ਚੋਣਾਂ ਵੇਲੇ ਲੜਾਈਆਂ ਕਿਉਂ ਹੁੰਦੀਆਂ ਹਨ? ਇਸ ਦਾ ਉਤਰ ਇਸ ਤੱਥ ਵਿੱਚ ਪਿਆ ਹੈ ਕਿ ਗੁਰਦਵਾਰੇ ਵੀ ਵਿਉਪਾਰਕ ਅਦਾਰਿਆਂ ਵਾਂਗ ਹੀ ਸਰਕਾਰ ਕੋਲ ਰਜਿਸਟਰਡ ਕਰਵਾਉਣੇ ਪੈਂਦੇ ਹਨ ਅਤੇ ਅਜੋਕੇ ਸਮਿਆਂ ਵਿੱਚ ਅਜਿਹੇ ਵਿਉਪਾਰਕ ਅਦਾਰੇ ਸਭ ਤੋਂ ਵੱਧ ਮੁਨਾਫ਼ਾ ਦੇਣ ਵਾਲੇ ਹਨ। ਇਸ ਨੁਕਤੇ ਨੂੰ ਸੂਫ਼ੀ ਅਮਰਜੀਤ ਆਪਣੇ ਨਾਵਲ ਵਿੱਚ ਕੁਝ ਇਸ ਤਰ੍ਹਾਂ ਸਪੱਸ਼ਟਤਾ ਪ੍ਰਦਾਨ ਕਰਦਾ ਹੈ:
“ਗੁਰੂ ਘਰਾਂ ਵਿਚ ਕੀ ਹੋ ਰਿਹਾ ਹੈ? ਕਬਜ਼ੇ ਕਰਨ ਲਈ ਧੜੇਬੰਦੀਆਂ. ਕਬਜ਼ੇ ਕਾਹਦੇ ਲਈ? ਚੜ੍ਹਾਵੇ ਦਾ ਧਨ ਹੜੱਪਣ ਲਈ। ਕਬਜ਼ੇ ਕਰਨੇ ਅਤੇ ਕਬਜ਼ੇ ਤੋੜਨੇ ਇਹ ਕਿਧਰਲੀ ਸਿੱਖੀ ਹੈ? ਕਦੇ ਕੋਈ ਕਮੇਟੀ ਦਾ ਮੈਂਬਰ ਸੇਵਾ ਕਰਦਾ? ਉਹ ਗੁਰਦਵਾਰੇ ਆਉਂਦੇ ਹਨ ਜਿਵੇਂ ਅਫਸਰ ਦਫਤਰ ਜਾਂਦੇ ਹਨ। ਜਿਵੇਂ ਫੈਕਟਰੀਆਂ ਦੇ ਮਾਲਕ ਫੈਕਟਰੀਆਂ ‘ਚ ਜਾਂਦੇ ਹਨ। ਇਹਨਾਂ ਲਈ ਗੁਰਦਵਾਰੇ ਫੈਕਟਰੀਆਂ ਹੀ ਤਾਂ ਹਨ ਜਿਥੋਂ ਆਮਦਨ ਹੁੰਦੀ ਹੈ। ਜਿਹੜੇ ਲੋਕ ਗੁਰੂ ਘਰਾਂ ਨੂੰ ਚੌਧਰਾਂ ਤੇ ਆਮਦਨ ਦਾ ਸਾਧਨ ਸਮਝਦੇ ਹਨ ਉਹ ਪਾਪੀ ਹਨ। ਪਰ ਇਹਨਾਂ ਦੇ ਪਾਪਾਂ ਦੀ ਸਜ਼ਾ ਇਹਨਾਂ ਨੂੰ ਕੌਣ ਦੇਵੇ? ਸੋਚੋ ਇਹ ਕਿਉਂ ਹੈ? ਇਸ ਬਾਰੇ ਸਾਰੇ ਹੀ ਜਾਣਦੇ ਹਨ ਪਰ ਕੋਈ ਕੁਸਕਦਾ ਨਹੀਂ। ਕਿਉਂ? ਹਰ ਕੋਈ ਡਰਦਾ ਹੈ ਪੁੜੇ ਕੁਟਾਉਣ ਤੋਂ।”
----
ਗੁਰਦਵਾਰਿਆਂ ਨੂੰ ਵਿਉਪਾਰਕ ਅਦਾਰਿਆਂ ਵਾਂਗ ਵਰਤ ਕੇ ਲੁੱਟ ਮਚਾਉਣ ਵਿੱਚ ਸਿਰਫ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰ ਹੀ ਭਰਿਸ਼ਟਾਚਾਰ ਨਹੀਂ ਫੈਲਾ ਰਹੇ; ਬਲਕਿ ਇਸ ਕੰਮ ਵਿੱਚ ਉਨ੍ਹਾਂ ਨਾਲ ਗ੍ਰੰਥੀ, ਰਾਗੀ, ਢਾਡੀ, ਕੀਰਤਨੀਏ ਅਤੇ ਪ੍ਰਚਾਰਕ ਵੀ ਪੂਰੀ ਤਰ੍ਹਾਂ ਰਲੇ ਹੋਏ ਹਨ। ਜਿਨ੍ਹਾਂ ਦਾ ਉਦੇਸ਼ ਡਾਲਰ ਇਕੱਠੇ ਕਰਨ ਤੋਂ ਬਿਨ੍ਹਾਂ ਹੋਰ ਕੁਝ ਨਹੀਂ। ਜੇਕਰ ਅਜਿਹਾ ਨਹੀਂ ਤਾਂ ਕੈਨੇਡਾ ਦੇ ਅਨੇਕਾਂ ਗੁਰਦਵਾਰਿਆਂ ਨਾਲ ਸਬੰਧਤ ਰਹੇ ਗ੍ਰੰਥੀਆਂ, ਰਾਗੀਆਂ, ਢਾਡੀਆਂ ਅਤੇ ਪ੍ਰਚਾਰਕਾਂ ਕੋਲ ਲੱਖਾਂ ਡਾਲਰ ਕਿੱਥੋਂ ਆ ਗਏ?
ਗੁਰਦਵਾਰੇ ਵੀ ਵਿਉਪਾਰਕ ਅੱਡੇ ਬਣ ਜਾਣ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਗੁਰਦਵਾਰੇ ਵਿੱਚ ਕੀਰਤਨ ਕਰਨ ਆਏ ਰਾਗੀ ਵੀ ਗੁਰਦਵਾਰੇ ਵਿੱਚ ਕੀਤਾ ਗਿਆ ਆਪਣਾ ਕੀਰਤਨ ਕਿਸੇ ਨੂੰ ਰਿਕਾਰਡ ਕਰਨ ਦੀ ਇਜਾਜ਼ਤ ਨਹੀਂ ਦਿੰਦੇ। ਕਿਉਂਕਿ ਉਨ੍ਹਾਂ ਦੇ ਸ਼ਬਦ ਕੀਰਤਨ ਦਾ ਕਾਂਟਰੈਕਟ ਰਿਕਾਰਡ ਬਨਾਉਣ ਵਾਲੀਆਂ ਕੰਪਨੀਆਂ ਨਾਲ ਹੋਇਆ ਹੁੰਦਾ ਹੈ। ਹੋਰਨਾਂ ਬਜ਼ਾਰੂ ਗਾਇਕਾਂ ਦੇ ਗੀਤਾਂ ਦੀਆਂ ਸੀਡੀਜ਼ ਵਾਂਗ ਇਨ੍ਹਾਂ ਰਾਗੀਆਂ ਦੇ ਗਾਏ ਸ਼ਬਦਾਂ ਦੀਆਂ ਵੀ ਸੀਡੀਜ਼ ਤੁਹਾਨੂੰ ਗੁਰਦਵਾਰਿਆਂ ਦੇ ਆਸ ਪਾਸ ਬਣੀਆਂ ਆਡੀਓ ਵੀਡੀਓ ਦੁਕਾਨਾਂ ਤੋਂ ਖਰੀਦਣ ਲਈ ਕਿਹਾ ਜਾਂਦਾ ਹੈ। ਗੁਰਦਵਾਰਿਆਂ ਵਿੱਚ ਅਜਿਹੇ ਵਿਉਪਾਰਕ ਅਸੂਲ ਗੁਰਦਵਾਰਾ ਮਾਫੀਆ ਵੱਲੋਂ ਕਿਸ ਤਰ੍ਹਾਂ ਸਖਤੀ ਨਾਲ ਲਾਗੂ ਕੀਤੇ ਜਾਂਦੇ ਹਨ, ਉਸਦੀ ਇੱਕ ਉਦਾਹਰਣ ਚਰਚਾ ਅਧੀਨ ਨਾਵਲ ‘ਸਿੰਮਲ ਰੁਖੁ ਸਰਾਇਰਾ’ ਵਿਚੋਂ ਹੀ ਹਾਜ਼ਰ ਹੈ:
“ਕੁਝ ਸਮਾਂ ਪਹਿਲਾਂ ਜਿੱਥੇ ਦੀਵਾਨ ਵਿੱਚ ਸਾਹ ਲੈਣ ਦੀ ਵੀ ਆਵਾਜ਼ ਨਹੀਂ ਆ ਰਹੀ ਸੀ ਉੱਥੇ ਹੁਣ ਕੰਨ ਪਾਈ ਨਹੀਂ ਸੁਣ ਰਹੀ ਸੀ।
ਕਿਸੇ ਨੇ ਪ੍ਰਿੰਸੀਪਲ ਸਾਹਿਬ ਨੂੰ ਸਟੇਜ ਉਪਰ ਜਾ ਕੇ ਕਿਹਾ, “ਤੁਸੀਂ ਰੌਲੇ ਨੂੰ ਨਿਬੇੜੋ, ਦੱਸੋ ਕੀ ਹੋਣਾ ਚਾਹੀਦਾ ਹੈ?”
ਪ੍ਰਿੰਸੀਪਲ ਸਾਹਿਬ ਨੇ ਕਿਹਾ, “ਇਹ ਅਸੂਲ ਦੀ ਗੱਲ ਹੈ ਜੀ। ਅਸੀਂ ਕਿਸੇ ਥਾਂ ਵੀ ਕਿਸੇ ਨੂੰ ਟੇਪ ਨਹੀਂ ਕਰਨ ਦਿੰਦੇ। ਕਿਉਂਕਿ ਸਾਡਾ ਰਿਕਾਰਡਿੰਗ ਕੰਪਨੀ ਨਾਲ ਕਾਂਟਰੈਕਟ ਹੈ। ਜੇ ਇਉਂ ਟੇਪਾਂ ਹੋਣ ਲੱਗਣ ਤਾਂ ਕੰਪਨੀ ਦੀਆਂ ਟੇਪਾਂ ਕੌਣ ਖਰੀਦੇਗਾ?”
ਭਾਈ ਗੁਰਦਰਸ਼ਨ ਸਿੰਘ ਦੀ ਕਹੀ ਗੱਲ ਸਪੀਕਰ ਵਿਚ ਦੀ ਸਾਰੇ ਸੁਣ ਗਈ। ਇਸ ਨਾਲ ਹੋਰ ਰੌਲਾ ਪੈ ਗਿਆ।
ਅੜੀਅਲ, ਇਹ ਸੁਣ ਕੇ ਹੋਰ ਗੁੱਸੇ ਨਾਲ ਕਹਿਣ ਲੱਗਾ, “ਇਹ ਹੋਈ ਨਾ ਗੱਲ। ਸੁਣ ਲਿਆ ਭਰਾਵੋ। ਸਾਰੀ ਗੱਲ ਬਿਜ਼ਨਸ ਦੀ ਹੈ। ਇਹਨਾਂ ਤਾਂ ਗੁਰਬਾਣੀ ਨੂੰ ਬਿਜ਼ਨਸ ਬਣਾਇਆ ਹੋਇਆ ਹੈ। ਕਮੇਟੀ ਵਾਲੇ ਵੀ ਇਹਨਾਂ ਦੇ ‘ਪਾਰਟਨਰ’ ਹੀ ਹਨ। ਇਹਨਾਂ ਦਾ ਗੁਰਬਾਣੀ ਨਾਲ, ਸਿੱਖੀ ਨਾਲ ਪਿਆਰ ਡਾਲਰਾਂ ਕਰਕੇ ਹੀ ਹੈ।”
ਦੋ ਵੱਡੇ ਵੱਡੇ ਕੱਦਾਂ ਵਾਲੇ ਯੂਥ ਖਾਲਸਾ ਦੇ ਮੈਂਬਰ ਲਾਗੇ ਖੜ੍ਹੇ ਸਨ। ਉਹਨਾਂ ਪ੍ਰਧਾਨ ਜੀ ਵੱਲ ਦੇਖਿਆ। ਪ੍ਰਧਾਨ ਨੇ ਅੱਖ ਨਾਲ ਇਸ਼ਾਰਾ ਕਰ ਦਿੱਤਾ। ਉਹ ਅਮਰ ਸਿੰਘ ਦੇ ਮੂੰਹ ਅੱਗੇ ਕੱਪੜਾ ਦੇ ਕੇ, ਉਸਨੂੰ ਚੁੱਕ ਕੇ ਦੀਵਾਨ ਵਿਚੋਂ ਬਾਹਰ ਲੈ ਗਏ। ਉਸਦੀ ਟੇਪ ਉੱਥੇ ਹੀ ਰਹਿ ਗਈ। ਰੌਲਾ ਫੇਰ ਵੀ ਬੰਦ ਨਾ ਹੋਇਆ।”
ਗੁਰਦਵਾਰੇ ਆਉਣ ਵਾਲੇ ਸ਼ਰਧਾਲੂਆਂ ਵੱਲੋਂ ਗੁਰਦਵਾਰੇ ਨੂੰ ਮਹਿਜ਼ ਡਾਲਰਾਂ ਦੇ ਰੂਪ ਵਿੱਚ ਹੀ ਚੜ੍ਹਾਵਾ ਨਹੀਂ ਦਿੱਤਾ ਜਾਂਦਾ; ਬਲਕਿ ਗਰੋਸਰੀ ਦੇ ਰੁਪ ਵਿੱਚ ਲੰਗਰ ਲਈ ਆਟਾ, ਦਾਲਾਂ, ਖੰਡ, ਘਿਓ, ਸਬਜ਼ੀਆਂ ਆਦਿ ਵੀ ਪਹੁੰਚਾਏ ਜਾਂਦੇ ਹਨ। ਗੁਰਦਵਾਰਾ ਕਮੇਟੀਆਂ ਦੇ ਅਹੁਦੇਦਾਰ ਇਸ ਤਰ੍ਹਾਂ ਗੁਰਦਵਾਰੇ ਨੂੰ ਦਿੱਤੀ ਗਈ ਗਰੋਸਰੀ ਦੀਆਂ ਭਰੀਆਂ ਬੋਰੀਆਂ ਹੀ ਜਾਂ ਤਾਂ ਆਪ ਹੀ ਆਪਣੇ ਘਰਾਂ ਨੂੰ ਲੈ ਜਾਂਦੇ ਹਨ ਜਾਂ ਆਸ ਪਾਸ ਦੇ ਗਰੋਸਰੀ ਸਟੋਰਾਂ ਨੂੰ ਵੇਚ ਦਿੰਦੇ ਹਨ। ਕੈਨੇਡਾ ਦੇ ਗੁਰਦਵਾਰਿਆਂ ਵਿੱਚ ਵਾਪਰ ਰਹੇ ਅਜਿਹੇ ਭਰਿਸ਼ਟਾਚਾਰ ਦਾ ਜ਼ਿਕਰ ਨਾਵਲ ‘ਸਿੰਮਲ ਰੁਖੁ ਸਰਾਇਰਾ’ ਵਿੱਚ ਕੁਝ ਇਸ ਤਰ੍ਹਾਂ ਕੀਤਾ ਗਿਆ ਹੈ:
“ਥੋਡੀ ਗੱਲ ਠੀਕ ਹੈ ਜੀ,” ਕਰਤਾਰ ਨੇ ਕਿਹਾ, “ਸਾਡਾ ਇਕ ਰਿਸ਼ਤੇਦਾਰ ਵੀ ਇਕ ਗੁਰਦਵਾਰੇ ਦੀ ਕਮੇਟੀ ਵਿਚ ਲੈ ਲਿਆ। ਉਹ ਮੈਨੂੰ ਦੱਸਦਾ ਸੀ ਕਿ ਉਹਨਾਂ ਦੀ ਕਮੇਟੀ ਦੀ ਮੀਟਿੰਗ ਹੋਈ ਤਾਂ ਸੈਕਟਰੀ ਨੇ ਕਿਹਾ, ‘ਸਟੋਰ ਵਿਚ ਆਟੇ ਦੇ ਬੋਰਿਆਂ ਦੀ ਧਾਕ ਲੱਗੀ ਪਈ ਹੈ। ਇਸਨੂੰ ਵੇਚ ਦੇਈਏ। ਸਾਰਿਆਂ ਨੇ ਕਿਹਾ ਠੀਕ ਹੈ। ਸੈਕਟਰੀ ਕਹਿੰਦਾ, ‘ਆਪਾਂ ਨੌਂ ਜਾਣੇ ਹਾਂ। ਹਰ ਇੱਕ ਦੱਸ ਬੋਰੇ ਲੈ ਜਾਓ।’ ਤਾਂ ਸਾਡਾ ਰਿਸ਼ਤੇਦਾਰ, ਜੋ ਨਵਾਂ ਨਵਾਂ ਮੈਂਬਰ ਬਣਿਆ ਸੀ, ਕਹਿੰਦਾ, “ਮੈਂ ਦਸ ਬੋਰੇ ਕੀ ਕਰਨੇ ਨੇ? ਨਾਲੇ ਮੇਰੇ ਕੋਲ ਤਾਂ ਏਨੇ ਪੈਸੇ ਵੀ ਹੈ ਨਹੀਂ।” ਸੈਕਟਰੀ ਹੱਸ ਪਿਆ। ਨਾਲੇ ਦੂਜੇ ਮੈਂਬਰ ਹੱਸ ਪਏ। ਉਹਨਾਂ ਨੂੰ ਤਾਂ ਪਤਾ ਸੀ ਕਿ ਇਹ ਧੰਦਾ ਕਿਵੇਂ ਚਲਦਾ ਹੈ। ਸੈਕਟਰੀ ਨੇ ਉਹਦੇ ਮੋਢੇ ਉੱਤੇ ਹੱਥ ਰੱਖ ਕੇ ਕਿਹਾ, “ਗਿੰਦਰ ਸਿੰਘਾ ਡਰ ਨਾ। ਆਪਾਂ ਬਾਜ਼ਾਰ ਦਾ ਮੁਲ ਨਹੀਂ ਲਾਉਣਾ। ਇਹ ਤਾਂ ਥਾਂ ਖਾਲੀ ਕਰਨ ਦੀ ਮਜਬੂਰੀ ਹੈ। ਏਸ ਲਈ ਅੱਠ ਡਾਲਰ ਵਾਲਾ ਬੋਰਾ ਸਿਰਫ ਦੋ ਡਾਲਰ ਦਾ ਲਾਇਆ ਥੁਆਨੂੰ। ਨਹੀਂ ਚਾਹੀਦਾ ਤਾਂ ਕਿਸੇ ਰਿਸ਼ਤੇਦਾਰ ਨੂੰ ਦੇ ਦੇਣਾ।”
“ਇਉਂ ਗੁਰਦਵਾਰੇ ਨੂੰ ਘਾਟਾ ਨਾ ਪਊ?” ਗਿੰਦਰ ਨੇ ਹੈਰਾਨੀ ਨਾਲ ਕਿਹਾ। ਉਹ ਫਿਰ ਸਾਰੇ ਹੱਸ ਪਏ। ਸੈਕਟਰੀ ਨੇ ਕਿਹਾ, “ਤੂੰ ਤਾਂ ਭੋਲਾ ਲੋਕ ਐਂ, ਗਿੰਦਰ ਸਿਆਂ ਗੁਰਦਵਾਰੇ ਨੂੰ ਘਾਟਾ ਕਿਵੇਂ ਪੈ ਜੂ। ਅਸੀਂ ਕਿਹੜਾ ਇਹ ਮੁੱਲ ਖਰੀਦਿਆ। ਇਹ ਤਾਂ ਲੋਕਾਂ ਨੇ ਸ਼ਰਧਾ ਨਾਲ ਲੰਗਰ ਲਈ ਦਿੱਤੈ। ਉਹਨਾਂ ਦੀ ਸ਼ਰਧਾ ਤਾਂ ਪੂਰੀ ਹੋ ਗਈ। ਪਰ ਹੁਣ ਸਾਡਾ ਥਾਂ ਰੁਕਿਆ ਪਿਆ। ਅਸੀਂ ਕਿਹੜਾ ਇਹ ਮੁਫਤ ਦੇਣੇ ਨੇ। ਦੋ ਡਾਲਰ ਦਾ ਬੋਰਾ ਦੇਣਾ ਏ। ਗੁਰਦਵਾਰੇ ਨੂੰ ਨੱਬੇ ਬੋਰਿਆਂ ਦੀ, ਇੱਕ ਸੌ ਅੱਸੀ ਡਾਲਰ ਆਮਦਨ ਹੋਈ। ਆਹ ਮੂਹਰਲੇ ਐਤਵਾਰ ਫੇਰ ਬਥੇਰੇ ਇਕੱਠੇ ਹੋ ਜਾਣੇ ਹਨ। ਨਾਲੇ ਥੁਆਨੂੰ ਮੈਂ ਵੀਹ ਡਾਲਰਾਂ ਦੀ ਰਸੀਦ ਕੱਟ ਦੇਣੀ ਐ, ਉਹ ਟੈਕਸ ਵਿੱਚ ਭਰ ਦੇਣੀ।” ਭਾਈ ਸਾਹਿਬ ਕਰਤਾਰ ਦੇ ਮੂੰਹ ਵੱਲ ਦੇਖਦੇ ਹੀ ਰਹਿ ਗਏ। ਤੇ ਤੀਰਥ ਸਿੰਘ ਨੇ ਸਿਰ ਫੇਰਦਿਆਂ ਉਦਾਸ ਸੁਰ ਵਿਚ ਕਿਹਾ, “ ਇਹ ਤਾਂ ਬੇੜਾ ਈ ਬੈਠ ਗਿਆ।”
ਧਾਰਮਿਕ ਅਦਾਰਿਆਂ ਵਿੱਚ ਆਰਥਿਕ ਲੁੱਟ ਮਚਾਉਣ ਵਾਲੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਅਜਿਹੇ ਭ੍ਰਿਸ਼ਟ ਅਹੁਦੇਦਾਰਾਂ ਦਾ ਕਿਰਦਾਰ ਉਨ੍ਹਾਂ ਵੱਲੋਂ ਰੋਜ਼ਾਨਾ ਜ਼ਿੰਦਗੀ ਵਿੱਚ ਕੀਤੇ ਜਾਂਦੇ ਹੋਰਨਾਂ ਅਨੇਕਾਂ ਕਿਸਮਾਂ ਦੇ ਕੰਮਾਂ ਰਾਹੀਂ ਵੀ ਪਹਿਚਾਣਿਆਂ ਜਾਂਦਾ ਹੈ। ਕੈਨੇਡਾ ਦੀਆਂ ਪੰਜਾਬੀ ਅਖਬਾਰਾਂ ਵਿਚ ਅਜਿਹੀਆਂ ਖਬਰਾਂ ਵੀ ਅਕਸਰ ਸੁਰਖੀਆਂ ਬਣਦੀਆਂ ਹੀ ਰਹਿੰਦੀਆ ਹਨ ਕਿ ਕੋਈ ਰਾਗੀ, ਢਾਡੀ ਜਾਂ ਗ੍ਰੰਥੀ ਕਿਸੇ ਬੱਚੇ ਨਾਲ ਬਲਾਤਕਾਰ ਕਰਦਾ ਫੜਿਆ ਗਿਆ ਜਾਂ ਕੋਈ ਪ੍ਰਚਾਰਕ ਕਿਸੇ ਗੁਰਦਵਾਰੇ ਕੀਰਤਨ ਸਿੱਖਣ ਆਉਂਦੀ ਕਿਸੀ ਔਰਤ ਨੂੰ ਲੈ ਕੇ ਫਰਾਰ ਹੋ ਗਿਆ ਜਾਂ ਕਿਸੇ ਗੁਰਦਵਾਰੇ ਦੀ ਪ੍ਰਬੰਧਕ ਕਮੇਟੀ ਦਾ ਕੋਈ ਅਹੁਦੇਦਾਰ ਧਾਰਮਿਕ ਗ੍ਰੰਥ ਵਿੱਚ ਲੁਕੋ ਕੇ ਭੰਗ, ਅਫੀਮ, ਚਰਸ, ਕੁਕੇਨ ਜਾਂ ਕਰੈਕ ਦੀ ਸਮਗਲਿੰਗ ਕਰਦਾ ਕੈਨੇਡਾ ਦੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ।
----
ਸਿੱਖ ਧਰਮ ਦੇ ਮੁੱਢਲੇ ਅਸੂਲਾਂ ਵਿੱਚ ਸਾਂਝੀਵਾਲਤਾ ਅਤੇ ਬਰਾਬਰਤਾ ਦੇ ਸੰਕਲਪ ਆਉਂਦੇ ਹਨ। ਪਰ ਅਜੋਕੇ ਸਮਿਆਂ ਵਿੱਚ ਧਾਰਮਿਕ ਅਸਥਾਨਾਂ ਅੰਦਰ ਇਨ੍ਹਾਂ ਦੋਨਾਂ ਹੀ ਸੰਕਲਪਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਬ੍ਰਾਹਮਣਵਾਦ ਦੇ ਅਸਰ ਥੱਲੇ ਸਿੱਖਾਂ ਨੂੰ ਜ਼ਾਤ-ਪਾਤ ਦੇ ਆਧਾਰ ਉੱਤੇ ਵੰਡਿਆ ਜਾ ਰਿਹਾ ਹੈ। ਜਦੋਂ ਕਿ ਸਿੱਖ ਧਰਮ ਦੇ ਮੁੱਢਲੇ ਅਸੂਲ ਅਨੁਸਾਰ ਸਿੱਖ ਧਰਮ ਨੂੰ ਮੰਨਣ ਵਾਲੇ ਦੀ ਕੋਈ ਜ਼ਾਤ-ਪਾਤ ਨਹੀਂ ਹੁੰਦੀ। ਪਰ ਇਸਦੇ ਉਲਟ ਸਿੱਖਾਂ ਨੇ ਕੋਈ ਰਾਮਗੜ੍ਹੀਆ ਗੁਰਦਵਾਰਾ, ਕੋਈ ਰਵਿਦਾਸੀਆਂ ਦਾ ਗੁਰਦਵਾਰਾ, ਕੋਈ ਮਜ੍ਹਬੀ ਸਿੱਖਾਂ ਦਾ ਗੁਰਦਵਾਰਾ ਬਣਾ ਲਿਆ ਹੈ।
----
ਨਾਵਲ ‘ਸਿੰਮਲ ਰੁਖੁ ਸਰਾਇਰਾ’ ਵਿੱਚ ਸੂਫ਼ੀ ਅਮਰਜੀਤ ਨੇ ਭਾਵੇਂ ਕਿ ਅਨੇਕਾਂ ਵਿਸਿ਼ਆਂ ਬਾਰੇ ਚਰਚਾ ਛੇੜਿਆ ਹੈ; ਪਰ ਉਸਨੇ ਇਸ ਵਿਸ਼ੇ ਬਾਰੇ ਗੱਲ ਨਹੀਂ ਕੀਤੀ ਕਿ ਗੁਰਦਵਾਰਾ ਰਾਜਨੀਤੀ ਨਾਲ ਸਬੰਧਤ ਲੋਕਾਂ ਨੇ ਧਰਮ ਅਤੇ ਰਾਜਨੀਤੀ ਦਾ ਸੁਮੇਲ ਕਰਕੇ ਪਿਛਲੇ ਤਿੰਨ ਦਹਾਕਿਆਂ ਵਿੱਚ ਜਿਹੜੀ ਮਨੁੱਖੀ ਤਬਾਹੀ ਮਚਾਈ ਹੈ ਉਸਦੇ ਫਲਸਰੂਪ ਸਮੁੱਚੀ ਕਮਿਊਨਿਟੀ ਲਈ ਭਵਿੱਖ ਵਿੱਚ ਭਿਆਨਕ ਨਤੀਜੇ ਨਿਕਲਣਗੇ। ਨਵੀਂ ਪੌਦ ਦੇ ਦਿਮਾਗ਼ਾਂ ਵਿੱਚ ਧਾਰਮਿਕ ਜਨੂੰਨ ਦਾ ਜਿਹੜਾ ਜ਼ਹਿਰ ਭਰਿਆ ਗਿਆ ਹੈ ਉਸ ਕਾਰਨ ਸਮੁੱਚੀ ਕਮਿਊਨਿਟੀ ਅਗਾਂਹ ਜਾਣ ਦੀ ਥਾਂ ਪਿਛਾਂਹ ਵੱਲ ਜਾਏਗੀ।
----
ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ‘ਸਿੰਮਲ ਰੁਖੁ ਸਰਾਇਰਾ’ ਇੱਕ ਨਿਵੇਕਲੀ ਸੁਰ ਵਾਲਾ ਨਾਵਲ ਹੈ। ਧਰਮ ਅਤੇ ਰਾਜਨੀਤੀ ਦੇ ਵਿਸ਼ੇ ਨੂੰ ਲੈ ਕੇ ਕੈਨੇਡਾ ਦੇ ਹੋਰ ਕਿਸੇ ਪੰਜਾਬੀ ਲੇਖਕ ਨੇ ਅਜਿਹਾ ਨਾਵਲ ਲਿਖਣ ਦੀ ਜੁਰੱਤ ਨਹੀਂ ਕੀਤੀ; ਕਿਉਂਕਿ ਇਹ ਇੱਕ ਚੁਣੌਤੀਆਂ ਭਰਿਆ ਵਿਸ਼ਾ ਹੈ। ਪਿਛਲੇ ਤਿੰਨ ਦਹਾਕਿਆਂ ਦੌਰਾਨ ਪੰਜਾਬ, ਇੰਡੀਆ ਵਿੱਚ ਧਾਰਮਿਕ ਕੱਟੜਵਾਦੀਆਂ ਵੱਲੋਂ ਚਲਾਈ ਗਈ ਦਹਿਸ਼ਤਗਰਦੀ ਦੀ ਲਹਿਰ ਨੇ ਇੰਡੀਆ ਦੇ ਨਾਲ ਨਾਲ ਕੈਨੇਡਾ, ਇੰਗਲੈਂਡ, ਅਮਰੀਕਾ ਅਤੇ ਯੋਰਪ ਦੇ ਹੋਰਨਾਂ ਦੇਸ਼ਾਂ ਵਿੱਚ ਵੀ ਕਾਫੀ ਹਲਚਲ ਮਚਾਈ ਸੀ। ਕੈਨੇਡਾ ਵਿੱਚ ਵੀ ਪੰਜਾਬੀ ਲੇਖਕਾਂ, ਪੱਤਰਕਾਰਾਂ ਅਤੇ ਰਾਜਨੀਤੀਵਾਨਾਂ ਉੱਤੇ ਇਨ੍ਹਾਂ ਧਾਰਮਿਕ ਕੱਟੜਵਾਦੀਆਂ ਨੇ ਕਾਤਲਾਨਾ ਹਮਲੇ ਕੀਤੇ ਸਨ। ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਸ ਨਾਵਲ ਬਾਰੇ ਕੈਨੇਡਾ ਦੇ ਪੰਜਾਬੀ ਸਾਹਿਤਕ ਸਭਿਆਚਾਰਕ ਹਲਕਿਆਂ ਵਿੱਚ ਗੰਭੀਰ ਚਰਚਾ ਛਿੜਨਾ ਚਾਹੀਦਾ ਹੈ।
‘ਸਿੰਮਲ ਰੁਖੁ ਸਰਾਇਰਾ’ ਇੱਕ ਨਿਵੇਕਲੀ ਸੁਰ ਵਾਲਾ ਪੰਜਾਬੀ ਨਾਵਲ ਲਿਖ ਕੇ ਕੈਨੇਡਾ ਦੇ ਚੇਤੰਨ, ਜਾਗਰੂਕ ਅਤੇ ਪ੍ਰਗਤੀਸ਼ੀਲ ਵਿਚਾਰਾਂ ਦੇ ਧਾਰਨੀ ਸੂਫ਼ੀ ਅਮਰਜੀਤ ਨੇ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ।
No comments:
Post a Comment