ਮਜ਼ਾਹੀਆ ਖ਼ਤ
ਵੇ ! ਤਕੜਾਂ ਬਿਸ਼ਨਿਆ !?!
ਟੁੱਟ ਪੈਣਿਆ ! ਐਨਾ ਚਿਰ ਕਿੱਥੇ ਲੰਮੀਆਂ ਤਾਣ ਕੇ ਸੌਂ ਗਿਆ ਸੀ ..?
ਤੇਰੀ ਦੀਦ ਬਾਝੋਂ ਆਂਦਰਾਂ ਵਲੂੰਧਰੀਆਂ ਪਈਆਂ ਸੀ । ਪਰ ਕਾਲਜੇ ਨੂੰ ਖਿੱਚ ਪਾ ਗਈ - ਤੇਰੀ ਚਿੱਠੀ ...!!
ਸਾਰਾ ਦਿਨ - ਪਿਛਲੇ ਪਹਿਰ ਤਾਂਈ, ਅੰਗ੍ਰੇਜੀ ਗੁਸਲਖਾਨੇ ਦੀਆਂ ਲਾਲਟੈਣਾਂ ਮੂਹਰੇ ਰੱਖ ਕੇ ਪੜਦੀ ਰਹੀ ਮੈਂ - ਤੇਰੀ ਚਿੱਠੀ !! ..ਉਦੋਂ ਹਟੀ , ਜਦੋਂ ਮੇਰੀ ਨੋਂਹ ਕੰਮ ਤੋਂ ਆਕੇ 'ਵਾਜਾਂ ਮਾਰਨ ਲੱਗੀ । ਫੇਰ ਲੌਕ ਕਾਚੂ ਨਾਲ ਖੋਲਣ ਲੱਗ'ਪੀ । ਮੈਂ ਕਿਆ, “ਫੋਟ ! ਜਏਖਾਣੀ ਦੀਏ ! ਆਹ ! ਕੀ ਕਰਦੀ ਏਂ ?” ਅੱਗੋਂ ਕਹਿੰਦੀ , “ਮੌਮ ! ਮੈਂ ਸਮਝਿਐ ,“ਤੈਨੂੰ ਅੰਦਰ ਹਲਟ-ਟੈਕ ਹੋ ਗਿਐ ।'
----
ਲੱਗਦੀ ਨਾ ਹੋਵੇ , ਮੌਮ ਦੀ !! ਮੋਮੋਠਗਣੀ ਨੂੰ ਕਿਵੇਂ ਦੱਸਾਂ ਕਿ ਪੁਰਾਣੇ ਫਲੂਹੇ ਦੇ ਮੋਹ 'ਚ ਆ ਕੇ , 'ਮੌਮ' ਤਾਂ ਮੋਮਬੱਤੀ ਬਣੀ ਬਣੀ ਪਈ ਆ ! ...ਭਲਾ ! ਦਿਸਦੀਆਂ ਨਈਂ ਲਾਟਾਂ ਤੈਨੂੰ ? ਜੁਆਨੀ ਪਹਿਰ ਦੀਆਂ..........!!!
ਜੀਣ ਜੋਗਿਆ! ਮੈਂ ਤਾਂ ਮਸਾਂ ਤੇਰੀ ਚਿੱਠੀ ਨੇਫੇ 'ਚ ਤੁੰਨ ਕੇ ਲਕੋਈ ! ਨਾ , ਹੋਰ ਮੈਂ ਕਰਦੀ ਵੀ ਕੀ ? ਬਿਸ਼ਨਿਆ !?!
ਨਾਲੇ , ਤੈਨੂੰ ਵੀ ਹੁਣ ਮੇਰੀ ਯਾਦ ਔਣ ਲੱਗ'ਪੀ ! ਉਦੋਂ ਤਾਂ ਮੇਰੇ 'ਰੁੱਕੇ' ਥੋਡੀਆਂ ਖੁਰਲੀਆਂ ਦੀਆਂ ਝੀਥਾਂ 'ਚ ਈ ਨੱਪੇ-ਦੱਬੇ ਰਹਿ ਜਾਂਦੇ ਸੀ ।
ਥੋਡੇ ਸੀਰੀ ਤੋਂ ਰੀਣ ਰੋਲਦਿਆਂ , ਜੇ ਮੇਰੇ ਕਾਗਤ ਦਾ ਟੋਟਾ ਉੱਤੇ ਆ ਜਾਂਦਾ , ਤਾਂ ਤੇਰੇ ਨਗੌਰੀ ਵੈੜ੍ਹਕੇ ਚੁਗ ਜਾਂਦੇ!
ਮੈਂ ਤਾਂ ਤੇਰੇ ਖਤਾਂ ਦੇ ਜਵਾਬ 'ਚ ਦੂਜੇ ਦਿਨ ਫਲ੍ਹੇ 'ਚ ਪਾਥੀਆਂ ਪੱਥਦੀ ਰਹਿੰਦੀ ! ਪਰ , ਮੇਰੀਆਂ ਈ ਬਰੰਗ ਚਿੱਠੀਆਂ ਗੋਹੇ ਥਾਣੀ ਮੁੜ ਕੇ ਮੈਨੁੰ ਹੀ ਛੜਾਂ ਮਾਰਦੀਆਂ , ਕਿ ਛੱਡ ਨੀ , ਪਰਾਂ ! ਐਹੋ ਜਿਹੇ ਬੰਦੇ ਪਿੱਛੇ ਪੂਛ ਘੁੰਮਾਉਣੀ , ਜੀਹਨੂੰ ਸਾਰ ਈ ਨਈਂ, ਕਿ ਪ੍ਰਤਾਪੀ - ਭਲਾ ! ਚ੍ਹਾਉਂਦੀ ਕੀ ਆ ?
---
ਪਰ ਬਿਸ਼ਨਿਆ ! ਓਹ ਵੇਲਾ ਵੀ ਯਾਦ ਕਰ । ਜਦੋਂ ਤੇਰਾ ਬਾਪੂ ਸਾਡੇ ਘਰੇ ਸੈਂਕਲ 'ਤੇ ਚੁਆਨੀ ਮਾਮਲਾ ਲੈਣ ਆਉਂਦਾ ਹੁੰਦਾ ਸੀ । ਮੈਂ ਅੱਖ ਬਚਾ ਕੇ 'ਰੁੱਕਾ' ਉਹਦੇ ਸੈਂਕਲ ਦੀ ਕਾਠੀ ਥੱਲੇ ਰੱਖ ਦਿੰਦੀ ਹੁੰਦੀ ਸੀ , ਤੇ ਤੂੰ ਕਾਠੀ ਥੱਲਿਓਂ ਕੱਢ ਕੇ ਪੜ ਲੈਂਦਾ । ਅਗਲੀ ਵਾਰ ਜਦੋਂ ਤੇਰਾ ਬਾਪੂ ਫੇਰ ਸਾਡੇ ਵੱਲ ਬਚਿਆ ਟਕਾ ਮਾਮਲਾ ਲੈਣ ਆਉਂਦਾ , ਤਾਂ ਮੈਂ ਕਾਠੀ ਥੱਲਿਓਂ ਤੇਰਾ ਰੁੱਕਾ ਕੱਢ ਕੇ ਪੜਦੀ - ਕਿ ਕੀ ਲਿਖ ਕੇ ਮੂਹਰਿਓਂ ਜਵਾਬ ਦਿੱਤੈ ਮੇਰੇ ਬਿਸ਼ਨੇ ਨੇ ? ਮੈਂਨੂੰ ਤਾਂ ਤੇਰਾ ਬਾਪੂ ਲੰਬੜਦਾਰ ਘੱਟ , ਡਾਕੀਆ ਵੱਧ ਲੱਗਦਾ ਹੁੰਦਾ ਸੀ ।
ਪਰ ਦੇਖ ਲੈ ! ਬਿਸ਼ਨਿਆ !! ਤੇਰੀ ਮੇਰੀ 'ਗਿੱਟ–ਮਿੱਟ' ਦੀ ਕਿਸੇ ਨੂੰ ਆਪਾਂ ਭਿਣਕ ਨਈਂ ਪੈਣ ਦਿੱਤੀ । ਪਹਿਲਾਂ – ਪਹਿਲਾਂ ਤਾਂ ਤੂੰ ਵੀ ਬਾਹਲਾ ਮੋਹ ਜਿਆ ਜਤਾਉਂਦਾ ਹੁੰਦਾ ਸੀ । ਬੱਤੀਆਂ ਦੰਦਾਂ 'ਚੋਂ ਕੱਢੀ ਮੇਰੀ ਇੱਕ ਨਈਂ ਸੀ ਮੋੜਦਾ ਹੁੰਦਾ । ਹੁਣ ਤਾਂ ਪਾਸਾ ਜਿਆ ਵੱਟੀ ਰੱਖਦੈਂ , ਪਤਾ ਨਈਂ ਮੇਰੇ ਦੰਦ ਈ ਦੋ ਰਹਿ 'ਗੇ ਆ ਹੁਣ - ਤਾਂ ਕਰਕੇ ! ਏਨ੍ਹਾਂ 'ਚੋਂ ਵੀ ਇੱਕ ਨੂੰ ਕੀੜਾ ਲੱਗਾ ਹੋਇਐ, ਦੂਜੇ 'ਤੇ ਪੋਪਲਾ ਚਾੜਿਐ । ਹੁਣ ਤਾਂ ਮੇਰੀ ਸੱਜੀ ਗੱਲ਼ ਦਾ ਤਿਣ ਵੀ ਆਂਏ ਲਗਦੈ ; ਜਿਵੇਂ: ਵੱਡੀ ਲੈਚੀ ਚਾਹ ਪੋਣੀ ਚੋਂ ਨਚੋੜ ਕੇ ਸਿੰਕ 'ਚ ਸਿੱਟੀ ਹੋਵੇ !
----
ਚੱਲ ਮੇਰੀ ਛੱਡ ! ਹੋਰ ਤੂੰ ਸੁਣਾ !! ਬਾਲ ਬੱਚਾ ਰਾਜੀ ਆ- ਤੇਰਾ ? ਬਾਹਲਾ ਫਿਕਰ ਨਾ ਕਰਿਆ ਕਰ । ਘਰ ਘਰ ਏਹੋ ਈ ਹਾਲ ਐ ਬਿਸ਼ਨਿਆ ! ਲੈ ਮੇਰੀ ਵੀ ਸੁਣ ਲਾ ! ਦੋ ਕੁੜੀਆਂ ਤੇ ਇੱਕ ਪੁੱਤ ਆ ! 'ਕੱਲੇ – 'ਕੱਲੇ ਦੀਆਂ ਨੌਂ- ਨੌਂ ਮਹੀਨੇ ਢਿੱਡ 'ਚ ਲੱਤਾਂ ਖਾਧੀਆਂ ! ਆਹ ਛੋਟਾ ਮੁੰਡਾ ਤਾਂ ਟਿਕਦਾ ਹੀ ਨਈਂ ਸੀ । ਢਿਡੋਂ ਕੱਢਿਐ ! ਕਹਿ ਤਾਂ ਨਹੀ ਹੁੰਦਾ । ਪਰ ਤੇਰੇ ਕੋਲ ਕਹਿ ਬਿਨ ਰਹਿ ਵੀ ਨਈਂ ਹੁੰਦਾ !! ਤੁਰਨ ਲੱਗਾ , ਤਾਂ ਓਹ ਵੀ ਲੰਗ ਮਾਰ ਕੇ ! ਐਧਰ ਆ ਕੇ ਵੱਡੀ ਕੁੜੀ ਨੇ ਸਾਡੇ ਪੇਪਰ ਭਰ'ਤੇ । ਲੰਗੜੇ ਤੋਂ ਵੱਡੀ ਕੁੜੀ ਉਮਰ ਵਧਣ ਕਰਕੇ ਧੱਕੇ ਖਾਣ ਨੂੰ ਪਿੱਛੇ ਰਹਿ 'ਗੀ । ਇਹ ਨਾਲ ਆ ਗਿਆ । ਹੁਣ ਮੈਨੂੰ 'ਬੁੜੀਏ – ਬੁੜੀਏ' ਤੋਂ ਬਿਨ੍ਹਾ ਬੋਲਦਾ ਨਈਂ ।
ਐਥੋਂ ਵਿਆਹ ਕਰੌਣ ਗਿਆ ਤਾਂ ਸੈਂਕੜੈ ਲੋਕਾਂ ਦੀਆਂ ਧੀਆਂ ਦੇਖੀਆਂ । ਯੂਸਫ ਦੇ ਕੋਈ ਕੁੜੀ ਨੱਕ 'ਤੇ ਚੜੇ ਹੀ ਨਾ ! ਕਟਾਣੀ ਆਲਿਆਂ ਤੋਂ ਢਾਈ ਸੌ ਬੰਦਿਆਂ 'ਚ ਸ਼ਗਨ ਵੀ ਪੁਆ ਲਿਆ । ਪੰਦਰਾਂ ਦਿਨ ਉਹਨੂੰ ਲਈ ਵੀ ਫਿਰਦਾ ਰਿਹਾ । ਵਿਚਾਰੀ ਖੜ- ਖੜ ਕੇ ਨਾਲ ਰਲਾਉਂਦੀ ਹੁੰਦੀ ਸੀ । ਅਖੀਰ ਬੇਰੜੇ ਨੇ ਸਾਥੋਂ ਜੁਆਬ ਦੁਆ 'ਤਾ । ਅਖੇ , ਓਥੇ ਜਾ ਕੇ ਮੇਰੇ ਰਹਿਣੀ ਨਈਂ ।
---
ਫੇਰ ਕੂੰਜ ਅਰਗੀ ਰੱਖੇ ਆਲੀ ਵਿਆਹ ਲਿਆਇਆ । ਨਾਲੇ ਸਾਊਆਂ ਨੇ ਕੁੜੀ ਦਿੱਤੀ , ਨਾਲੇ ਛੱਤੀ ਲੱਖ !! ਤੇ ਹੁਣ ਪਿੱਟਦੈ , ਜਦੋਂ ਪਿੰਡ ਦਾ ਹੀ ਮੁੰਡਾ ਇਹਦੀ ਸਹੇੜੀ ਨੂੰ ਅੱਖਾਂ ਸਾਹਵਿਓਂ ਕਾਰ 'ਚ ਬਿਠਾ ਕੇ ਲੈ ਜਾਂਦੈ !
ਮੈਂ ਤਾਂ ਸਤੀ ਮਾਤਾ ਦੇ ਮੂਹਰੇ ਉਲਟਾਂਵੇ ਹਲ ਜਿੱਡਾ ਡੂੰਘਾ ਨੱਕ ਰਗੜ ਕੇ ਅਰਦਾਸਾਂ ਕਰ ਕਰ ਕੇ ਪਿਛਲੀ ਉਮਰੇ ਇੱਕ ਜੰਮਿਆ ਸੀ ! ਪਰ ਮੈਂ ਨਿਕੱੜਮੀ ਓਹ ਵੀ ਨਾ ਸਾਬਤ ਜੰਮ ਸਕੀ । ਹੁਣ ਤਾਂ ਨਪੁੱਤੀ ਦੇ ਆਪਣੇ ਸਿਰ 'ਤੇ ਮੈਨੂੰ ਬੋਝ ਹੀ ਦੱਸਦੇ ਆ ! ਇਨ੍ਹਾਂ ਹੇਰਵਿਆਂ 'ਚ ਈ ਮੈਂ ਤਾਂ ਸੁੱਕ ਕੇ ਤੀਲਾ ਹੋਈ ਪਈ ਆਂ । ਅੱਗੋਂ ਝੇਡ੍ਹਾਂ ਕਰਦੇ ਆ , ਕਿ ਬੁੜੀ ਸਾਡੀ ਅੱਜਕਲ ਡੈੲਟ 'ਤੇ ਆ ।
ਸੱਚੀਂ ਬਿਸ਼ਨਿਆ ! ਕਿੰਨੇ ਚਿਰਾਂ ਬਾਦ ਤੇਰੇ ਮੂਹਰੇ ਮਨ ਹੌਲਾ ਕੀਤੈ !! ਢਿੱਡ 'ਚ ਗੰਢਾਂ ਬੱਝੀਆਂ ਪਈਆਂ ਸੀ । ਨਾਲੇ ਮੇਰਾ ਤੇਰੇ ਬਿਨ੍ਹਾ , ਹੋਰ ਹੈ ਵੀ ਕੌਣ ? ਜੀਹਦੇ ਮੂਹਰੇ ਦੁੱਖੜੇ ਰੋ ਸਕਾਂ !
---
ਚੱਲ ਛੱਡ ! ਮੇਰੀਆਂ ਮੇਰੇ 'ਤੇ ਰਹਿਣ ਦੇ ! ਪਰ ਤੂੰ ਦਵਾਈ ਦਵੂਈ ਟੈਮ ਨਾਲ ਖਾ ਲਿਆ ਕਰ ! ਮੇਰਾ ਤਾਂ ਚੇਤਾ ਭੁੱਲ ਜਾਂਦਾ ਸੀ , ਲੱਛੇ ਦੀ ਬਹੂ ਨੇ 'ਰਖਣਾ' ਜਿਹਾ ਲਿਆ ਦਿੱਤਾ । ਕੀ ਆਖਦੇ ਆ ਏਹਨੂੰ ? ਹਾਂ ਸੱਚ ! ਜਾਏ ਖਣੀ ਦਾ - ਬੱਿਲਸਟਰ ਪੈਕ !! ਮੈਂ ਤਾਂ ਐਂਵੇਂ ਹੁਣ ਤਾਈਂ ਗੋਲੀਆਂ ਪੋਟਲੀ 'ਚ ਬੰਨ੍ਹ- ਬੰਨ੍ਹ ਕੇ ਰੱਖਦੀ ਰਹੀ ।
ਨਾਲੇ , ਆਹ ! ਤੂੰ ਪੁੱਛਦਾ ਸੀ ਕਿ ਹਸਪਤਾਲ ਕਿਵੇਂ ਗਈ ਸੀ ? ਜਾਣਾ ਕਿਵੇਂ ਸੀ – ਬਿਸ਼ਨਿਆ ! ਬਲੈਡਰ ਸਾਫ ਕਰੌਣ ਗਈ ਸੀ , ਹੋਰ ਮੈਂ ਕੇਹੜਾ ਨਾੜੂਆ ਕਟੌਣ ਜਾਣਾ ਸੀ !?!
ਡਾਕਦਾਰਾਂ ਦੇ ਜਾਈਦੈ । ਘੈਂਟਾ ਘੈਂਟਾ ਬੈਠੇ- ਬੈਠਿਆਂ ਨੂੰ ਬਿਮਾਰੀ ਭੁੱਲ ਜਾਂਦੀ ਆ । ਨਾਲੇ ਇੱਕ ਲੱਗੀ ਹੋਵੇ ਤਾਂ ਯਾਦ ਰਹੇ ।
ਪਰ ਚੇਤਿਆਂ 'ਚ ਤਾਂ ਪਿੰਡ ਦੀਆਂ ਯਾਦਾਂ ਉਕਰੀਆਂ ਪਈਆਂ ਨੇ ! ਤੈਨੂੰ ਵੀ ਤਾਂ ਯਾਦ ਈ ਹੋਊ, ਜਦੋਂ ਢਾਕ 'ਤੇ ਘੜਾ ਰੱਖ ਕੇ ਮੈਂ ਬੋਲੀਆਂ ਪਾਉਂਦੀ ਹੁੰਦੀ ਸੀ ,........ 'ਖੂਹ 'ਤੇ ਭਰਨ ਗਈ ਮੈਂ ਪਾਣੀ - ਮੌਣ੍ਹ ਉੱਤੇ ਸੱਪ ਮੇਲ੍ਹਦਾ ! ਦੱਸ ਕੇ ਨਾ ਗਿਆ ਮੈਨੂੰ ਤਾਇਆ ਗੁਰਮੇਲ ਦਾ...... !!'
ਤੇ ਤੂੰ ...? ..ਦੋਧਾ ਛੱਲੀਆਂ ਦੇ ਕੂਲ਼ੇ – ਕੂਲੇ ਵਾਲਾਂ ਦੀਆਂ ਮੀਡੀਆਂ ਗੁੰਦਦਾ - ਗੁੰਦਦਾ ਮੈਨੂੰ ਪਿਛੋਂ ਗੁੱਤੋਂ ਫੜ ਕੇ ਹੇਕਾਂ ਲਾਉਂਦਾ ਹੁੰਦਾ ਸੀ ,... “ਬੱਗੀ ਤਿੱਤਰੀ ਕਮਾਦੋਂ ਨਿੱਕਲੀ ਉੱਡਦੀ ਨੂੰ ਬਾਜ ਪੈ ਗਿਆ ..!.. ਬੱਗੀ ਤਿੱਤਰੀ ..!!”
ਤੇ ਕਦੇ ਕਦੇ ਤੂਤ ਥੱਲੇ ਡਾਹੇ ਮੰਜੇ ਦੀ ਪੈਂਦ 'ਤੇ ਬਹਿ ਕੇ ਤੂੰ ਗਰਨਿਆਂ 'ਚੋਂ ਸਣ ਕੱਢਦਾ ਹੁੰਦਾ ਸੀ , ਤੇ ਮੈਂ ਦੌਣ 'ਚ ਲੱਤਾਂ ਫਸਾ ਕੇ ਤੇਰੀਆਂ ਜੂੰਆਂ ਕੱਢਦੀ ਹੁੰਦੀ ਸੀ ! ਬਿਸ਼ਨਿਆ ! ਫੇਰ ਪਤਾ ਈ ਨਹੀਂ ਸੀ ਲੱਗਦਾ ਹੁੰਦਾ , ਕਿ ਕਦੋਂ ਨਹੁੰ 'ਤੇ ਨਹੁੰ ਰੱਖ ਕੇ ਪਟਾਕਾ ਪੈ ਜਾਂਦਾ ਹੁੰਦਾ ਸੀ ।
----
ਸਮੇ ਸਮੇ ਦੀਆਂ ਗੱਲਾਂ ਨੇ ਬਿਸ਼ਨਿਆ !...... ਸੁਆਹ ਚ' ਦੱਬ ਕੇ ਚੁੰਨੀ ਨਖੇਰਣੀ ! ਫੇਰ ਚੌਦੇਂ ਦੀ ਮਿੱਟੀ ਕਾਹਦੀ ਕੱਢਣ ਜਾਣਾ , ਦੇਖਣਾ ਤਾਂ ਤੈਨੂੰ ਹੁੰਦਾ ਸੀ । ਦਸਵੀਂ ਦੀ ਰੋਟੀ ਖੁਵਾਉਣ ਲਈ ਤੇਰੇ ਬਾਪੂ ਨੂੰ ਸੱਦਣਾ , ਤਾਂ ਡੁੱਬ ਜਾਣਿਆ ! ਤੂੰ ਵੀ ਨਾਲ ਈ ਆ ਜਾਂਦਾ ਹੁੰਦਾ ਸੀ ।
ਤੈਨੂੰ ਪਤੈ ? ਜਦੋਂ ਮੈਂ ਤੇਰੀ ਖੀਰ ਆਲੀ ਬਾਟੀ ਧੋਂਦੀ ਹੁੰਦੀ ਸੀ , ਤਾਂ ਪਿੱਤਲ ਦੇ ਲਿਸ਼ਕੋਰਿਆਂ ਚੋਂ 'ਸੋਨੇ ਰੰਗਿਆ' ਤੂੰ ਦਿਸਦਾ ਹੁੰਦਾ ਸੀ ।
ਓਹ ਦਿਨ ਚੇਤੇ ਕਰ ਕੇ ਬਿਸ਼ਨਿਆ ! ਜੀਅ ਤਾਂ ਮੇਰੇ ਵੀ ਕਰਦੈ ਕਿ ਤੈਨੂੰ ਕਹਿ ਦੇਵਾਂ...........'ਕੱਲੀ ਨੂੰ ਲੈ ਜਾ ਕਿਤੇ ਦੂਰ...! ਫੇਰ ਸੋਚਦੀ ਆਂ ਕਿ ਕਿਤੇ ਸਾਥ ਬਣਾ ਕੇ ਧਰਮਰਾਜ ਕੋਲ ਈ ਨਾ ਲੈ ਜਾਵੇ ? ਟੁੱਟ-ਪੈਣਿਆ ! ਰੰਗਲੀ ਦੁਨੀਆ ਛੱਡਣ ਨੂੰ ਕਿੱਥੇ ਜੀ ਕਰਦੈ !
----
ਪਰ ਮੇਰੀ ਤਾਂ ਅੱਗ ਲੱਗਣੀ ਢੂਈ 'ਤੇ ਐਨੀ ਖੁਰਕ ਹੁੰਦੀ ਆ – ਪੁੱਛ ਈ ਨਾ ! ਜੇ ਐਥੇ ਵਾਣ ਦਾ ਮੰਜਾ ਹੋਵੇ ਤਾਂ ਰੜ੍ਹੇ 'ਤੇ ਦੱਬ ਦੱਬ ਕੇ ਰਗੜਾਂ ! ਕਦੇ ਸੋਚਦੀ ਆਂ ਕਿ ਬਿਸ਼ਨੇ ਨੂੰ ਈ ਆਖਾਂ , ਕਿ ਮੈਨੂੰ ਬੀਚ ਦੇ ਕੰਢੇ 'ਤੇ ਤੱਤੇ ਰੇਤੇ 'ਚ ਲਿਟਾ ਕੇ ਲਿਆ – ਸ਼ੈਦ ਕੋਈ ਫਰਕ ਪੈ ਹੀ ਜਾਵੇ ..!!
ਪਰ ਤੇਰੇ ਕੋਲ ਮੇਰੇ ਲਈ ਟੈਮ ਕਿੱਥੇ ? ਤੂੰ ਤਾਂ ਬੱਸ ! ਜਾਏਵੱਢੀ ਕੁੜਮਣੀ ਦੀ 'ਜੀ ਹਜੂਰੀ' ਕਰਨ ਜੋਗਾ ਰਹਿ ਗਿਐਂ ! ਐਵੇਂ ਤਾਂ ਨਈਂ ਉਹ ਵੀ ਮੂੰਹ 'ਤੇ ਰੰਦੇ ਫਰੌਂਦੀ ਫਿਰਦੀ ! ਦਾਲ 'ਚ ਕੁਛ ਕਾਲਾ ਹੈ , ਤਾਂ ਈ ਗਰਾਜ 'ਚ ਮੰਜਾ ਡਾਹੀ ਬੈਠਾਂ ! ਜੇ ਮੇਰਾ ਹਿਜਰ ਹੋਵੇ - ਤੇਰੇ ਦਿਲ 'ਚ !.. ਤਾਂ ਮੈਨੂੰ ਕਹਿ ਨਾ ਦੇਵੇਂ ਕਿ ਚੱਲ ! ਪ੍ਰਤਾਪੀਏ !! ਆਪਾਂ ਕਿਤੇ ਬੇਸਮੈਂਟ ਲੈ ਕੇ ਰਹਿਨੇ ਆਂ ! ਇੰਡੀਆ ਭੱਜਣ ਦੀ ਕੀ ਲੋੜ ? ਨਾਲੇ ਓਥੇ ਹੁਣ ਤਾਂਈ ਤੇਰੇ ਮੁਰੱਬੇ ਸ਼ਰੀਕਾਂ ਨੇ ਛੱਡੇ ਹੋਣਗੇ........... !?!... ਜਾ ਕੇ ਦੇਖ ਤਾਂ ਸਹੀ ! ਤੇਰੀਆਂ ਮਰੇ ਪਏ ਦੀਆਂ ਵੀ ਜੇਬਾਂ ਫਰੋਲਣੋ ਨਹੀਂ ਹਟਣਾ ! ...ਭਾਲਦੈਂ ਬਿਰਧ ਆਸ਼ਰਮ !.... ਉਨ੍ਹਾਂ ਨੇ ਤਾਂ ਤੇਰੀ ਮੜ੍ਹੀ ਜੋਗੀ ਥਾਂ ਵੀ ਨਈਂ ਛੱਡੀ ਹੋਣੀ ।
----
ਮੇਰੀਆਂ ਤਾਂ ਬਿਸ਼ਨਿਆ ਸੱਚੀਆਂ ਗੱਲਾਂ ਨੇ....! .. ਕਿਤੇ ਦਿਲ 'ਤੇ ਨਾ ਲਾ ਕੇ ਬਹਿ ਜੀਂ ..!! ਨਾਲੇ ਤੇਰਾ ਦਿਲ ਤਾਂ ਪਹਿਲਾਂ ਈ ਧੱਕਾ ਸਟਾਟ ਹੋਇਆ ਫਿਰਦੈ ! ਹੁਣ ਤਾਂ ਮੈਥੋਂ ਵੀ ਤੇਰੀ ਸਿਲਫ ਨਈਂ ਵੱਜਣੀ । ਮੈਂ ਤਾਂ ਆਪ ਆਵਦੀ ਗੱਡੀ ਮਸਾਂ ਪਲੀਤਾ ਲਾ ਕੇ ਸਟਾਟ ਕਰਦੀ ਆਂ !
ਹੁਣ ਤਾਂ ਬੱਸ, ਐਵੇਂ ਬੈਟਰੀ ਆਲੀ 'ਵ੍ਹੀਲ-ਚੇਰ' 'ਤੇ ਝੰਡੀ ਲਾਈ ਫਿਰਦੀ ਆਂ ! ਕਿ ਦੇਖਣ ਆਲੇ ਨੂੰ ਪਤਾ ਲੱਗੇ ਕਿ ਪ੍ਰਤਾਪੀ ਦੀ ਜੁਆਨੀ ਪ੍ਹੈਰੇ ਵੀ ਝੰਡੀ ਸੀ , ਅੱਜ ਵੀ ਐ ! ਨਾਲੇ ਮੈਂ ਤਾਂ ਜੁਆਕਾਂ ਨੂੰ ਕਹਿ ਕੇ ਜਾਣੈ ..ਬਈ ਮੇਰੇ ਬਕਸੇ 'ਤੇ ਵੀ ਝੰਡੀ ਲਾਕੇ ਫੂਕਿਓ .! ਤਾਂ ਕਿ ਬਿਸ਼ਨਾ ਦੂਰੋਂ ਈ ਸਿਆਣ ਲਵੇ ਕਿ ਲੈ ਬਈ ਮੇਰੀ ਪ੍ਰਤਾਪੀ ਦੀ ਧੁਰ ਦਰਗਾਹ 'ਚ ਵੀ ਝੰਡੀ ਆ..........!!
ਪਰ ਚੰਦਰਿਆ ! ਜਾਣ ਤੋਂ ਪਹਿਲਾਂ ਹੁਣ ਇੱਕ ਵਾਰੀ ਮਿਲਣ ਦਾ 'ਕਰਾਰ ਤਾਂ ਕਰ ! ਮੈਂ ਗੋਰਿਆਂ ਦੀਆਂ ਕਬਰਾਂ 'ਤੋਂ ਫੁੱਲ ਤੋੜ ਕੇ ਬਹੱਤਰ ਆਲੇ ਸਿਵਿਆਂ 'ਚ ਤੇਰੀ ਵੇਟ ਕਰੂੰਗੀ...!
ਚੇਤੇ ਨਾਲ ਆ ਜਾਵੀਂ !! ਏਨੇ ਬਹਾਨੇ ਨਾਲ ਆਪਾਂ ਧੁਰ ਦਰਗਾਹ ਜਾਣ ਵਾਲਾ ਰਾਹ ਵੀ ਦੇਖ ਲਾਂ ‘ਗੇ !
ਹਰ ਜਨਮ ਤੇਰਾ ਸਾਥ ਨਿਭਾਉਣ ਦੇ ਵਾਅਦੇ ਨਾਲ –
ਤੇਰੀ ਪ੍ਰਤਾਪੋ ਡਾਰਲਿੰਗ !!
7 comments:
Gurmel ji ik baar fir sha gaye tusi.bahut mza aaiya.Sohni likhat lai bahut bahut shukriya.Tohade agle khat di udeek rahege.......
ਨਿੱਕੇ ਵੀਰ ਗੁਰਮੇਲ,
ਮੋਹ ਭਿੱਜੀ ਗਲਵਕੜੀ ਪੁੱਜੇ!
ਅੱਜ ਚਿੱਠੀ ਦਾ ਜਵਾਬ ਪੜ੍ਹਿਆ। ਬਜ਼ੁਰਗ ਚਿੱਠੀ ਲਿਖਣ ਵਿਚ ਥੋੜ੍ਹੀ ਘੌਲ਼ ਕਰ ਰਹੇ ਹਨ, ਚਾਰ ਹਫ਼ਤੇ ਦੀ ਥਾਂ ਇਹਨਾਂ ਦੀ ਚਿੱਠੀ ਦਾ ਜਵਾਬ ਦੋ ਕੁ ਹਫ਼ਤੇ 'ਚ ਆਉਣਾ ਚਾਹੀਦਾ ਹੈ। ਜਿਹੜਾ ਹੁਣ ਡਾਕਖਾਨੇ ਦਾ ਐਡਰੈਸ "ਬਹੱਤਰਾਂ ਆਲੇ ਸਿਵਿਆਂ" ਦਾ ਮਿਲਣ ਲੱਗ ਪਿਆ, ਕਿਤੇ ਖ਼ਤਾਂ ਦਾ ਸਿਲਸਲਾ ਬੰਦ ਨਾ ਕਰਵਾਦੀਂ! ਬਜ਼ੁਰਗਾਂ ਦੇ ਦੁੱਖ-ਸੁਖ ਅਤੇ ਖ਼ਤਾਂ ਪੱਤਰਾਂ ਦਾ ਅਦਾਨ-ਪ੍ਰਦਾਨ ਜਾਰੀ ਰਹਿਣਾ ਚਾਹੀਦਾ ਹੈ, ਚਾਹੇ ਤੈਨੂੰ ਡਾਕੀਆ ਵੀ ਸਪੈਸ਼ਲ ਲਾਉਣਾ ਪਵੇ! ਅੱਜ ਕੱਲ੍ਹ ਤੇਰੇ ਕੈਨੇਡਾ ਦੇ ਲੋਕ ਬੜੇ 'ਮੋਹ-ਤੋੜ' ਹੋ ਗਏ ਹਨ। ਇਹਨਾਂ ਨੂੰ ਵੀ ਕੋਈ ਨਾ ਕੋਈ 'ਮੱਤ' ਬਾਬੇ ਅਤੇ ਬੇਬੇ ਵੱਲੋਂ ਦਿਵਾ ਦਿਆ ਕਰ! ਕਈਆਂ ਨੂੰ ਰੱਬ ਵੱਲੋਂ ਅਤੇ ਕਈਆਂ ਨੂੰ ਦੱਸੇ ਤੋਂ ਵੀ 'ਸੂੰਹ' ਆ ਜਾਂਦੀ ਐ..! ਬੱਸ, ਜਿਉਂਦਾ ਵੱਸਦਾ ਰਹਿ ਨਿੱਕਿਆ! ਤੇਰੇ ਖ਼ਤ-ਪੱਤਰਾਂ ਆਸਰੇ ਜਿਉਂਦੇ ਆਂ!
ਮੋਹ ਪਿਆਰ ਨਾਲ਼ ਤੇਰਾ ਵੱਡਾ ਬਾਈ,
ਸ਼ਿਵਚਰਨ ਜੱਗੀ ਕੁੱਸਾ
ਲੰਡਨ, ਯੂ.ਕੇ.
ਤਮੰਨਾ ਬੇਟਾ, ਅੱਜ ਗੁਰਮੇਲ ਬਦੇਸ਼ਾ ਦਾ ਖ਼ਤ ਵੀ ਲਾ ਦਿੱਤਾ, ਇੱਕ ਵਾਰ ਫੇਰ ਕਮਾਲ ਕਰ ਦਿੱਤੀ ਹੈ, ਗੁਰਮੇਲ! ਮੈਂ ਬਹੁਤ ਚਿਰ ਪੜ੍ਹ ਕੇ ਹਸਦਾ ਰਿਹਾ। ਪੁਰਾਣੀਆਂ ਰਮਜ਼ਾਂ ਫਰੋਲ਼ ਕੇ ਰੱਖ ਦਿੱਤੀਆਂ ਏਸ ਖ਼ਤ ਨੇ। ਬਹੁਤ ਵਧਾਈ।
ਜਸਵੰਤ ਸਿੱਧੂ
ਸਰੀ
ਮਾਣਯੋਗ ਹਰਪਾਲ ਜੀਓ , ਜਸਵੰਤ ਸਿੰਘ ਜੀ ਅਤੇ ਬਾਈ 'ਜੱਗੀ ਕੁੱਸਾ' ਜੀ !
ਅਦਬ ਸਹਿਤ ਸਤਿ ਸ੍ਰੀ ਅਕਾਲ !!
ਆਪਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇਹ ਖ਼ਤ ਪੜ੍ਹ ਕੇ ਦਾਦ ਦਿੱਤੀ ਹੈ । ਮੈਂ ਤਾਂ ਖੁਸ਼ ਹੋਣਾ ਹੀ ਐ , ਬਾਬਾ ਬਿਸ਼ਨਾ 'ਤੇ ਬੇਬੇ ਪ੍ਰਤਾਪੀ ਵੀ ਐਨੇ ਖੁਸ਼ ਹੋਏ ਕਿ ਉਨ੍ਹਾਂ ਦੇ ਦੁੱਖ ਦੂਰ ਹੋ ਗਏ ! ਉਮਰਾਂ ਵਧ ਗਈਆਂ ਕੇ !! ਜਿਉਂਦੇ ਰਹਿਣ ਬਜ਼ੁਰਗ ਸਾਡੇ ! 'ਇਨਹੀ ਕੀ ਕਿਰਪਾ ਸੇ ਸਜੇ ਹਮ ਹੈਂ !'
ਇਹ ਤਾਂ ਕੁਝ ਮਜ਼ਾਹੀਆ ਗੱਲਾਂਬਾਤਾਂ ਨੇ ! ਪਰ ਅਸਲੀਅਤ ਇਹ ਵੀ ਹੈ ਕਿ ਕੁਝ ਲੋਕਾਂ ਨੇ ਪੈਸਾ ਮੁੱਖ ਰੱਖਿਆ ਹੋਇਆ ਹੈ ਅਤੇ ਦੁਨੀਆ ਦਿਖਾਉਣ ਵਾਲਿਆਂ ਨੁੰ ਅੱਖੋਂ ਪਰੋਖੇ ਕੀਤਾ ਹੋਇਆ ਹੈ । ਆਪਣੇ ਹੀ ਘਰ 'ਚ ਬਿਗਾਨਿਆ ਵਾਂਗ ਰਹਿ ਰਹੇ ਨੇ - ਸਾਡੇ ਮਾਪੇ !
ਮਦਰਜ਼ ਡੇਅ 'ਤੇ ਫਾਦਰਜ਼ ਡੇਅ , ਬੱਸ ਦੋ ਦਿਨ ਹੀ ਰਹਿ ਗਏ ਨੇ ! ਸਾਡੇ ਮਾਂ - ਪਿਉ ਨੂੰ ਯਾਦ ਕਰਨ ਵਾਸਤੇ ??
ਖੈਰ , ਕੁੱਸਾ ਸਾਹਿਬ ! ਕੈਨੇਡਾ ਵਾਲੇ ਸਾਰੇ 'ਮੋਹ ਤੋੜ' ਨਹੀਂ ਹੁੰਦੇ ! ਐਵੇਂ ਸਾਡੇ 'ਤੇ ਮੋਹਰ ਜਿਹੀ ਲੱਗੀ ਹੋਈ ਆ ।
ਮੋਹ ਦੀਆਂ ਤੰਦਾਂ ਤਾਂ ਬਾਬੇ ਬਿਸ਼ਨੇ 'ਤੇ ਪ੍ਰਤਾਪੋ ਡਾਰਲਿੰਗ ਵਾਂਗੂੰ ਕਬਰਾਂ ਤੱਕ ਵੀ ਨਹੀਂ ਟੁੱਟਦੀਆਂ !
ਗਲਤੀ ਹੋਵੇ ਤਾਂ ਮਾਫ ਕਰਨਾ ।
ਆਪਦਾ ਦਿਲੋਂ ਧੰਨਵਾਦ ਕਰਦਾ ਹੋਇਆ , ਤੂਤ ਦੇ ਮੋਛੇ ਵਰਗਾ – ਗੁਰਮੇਲ ਬਦੇਸ਼ਾ !
Beautiful piece full of humour and satire. Kudos to Gurmail Badesha. Keep it up. Your style is just and unique.
Amol Minhas
California
ਬਾਈ ਬਦੇਸ਼ੇ, ਤੇਰੀ ਚਿੱਠੀ ਕੱਲ੍ਹ ਦੀ ਲੱਗੀ ਪਈ ਹੈ ਤੇ ਮੈਨੂੰ ਅੱਜ ਪਤਾ ਲੱਗਿਆ। ਬਈ ਤੇਰੀ ਇਸ ਚਿੱਠੀ ਨੇ ਸਭ ਰੜਕਾਂ ਕੱਢ ਦਿਤੀਆਂ। ਬਹੁਤ ਦਿਨਾਂ ਦੀ ਉਦਾਸੀ ਚੱਕ ਦਿੱਤੀ। ਮੈਨ ਤਾਂ ਹੱਸ ਹੱਸ ਦੂਹਰਾ ਹੋ ਗਿਆ। ਚਿੱਠੀਆਂ ਪੜ੍ਹ ਕੇ ਲੱਗਦਾ ਕਿ ਚਿੱਠੀਆਂ ਲਿਖਣ, ਭੇਜਣ 'ਚ ਵੀ ਤੇਰੀ ਚੈਂਪੀਅਨਸ਼ਿਪ ਰਹੀ ਹੈ। ਸਾਈਕਲ ਦੀਆ ਕਾਠੀਆਂ ਤੇ ਨੇਫਿਆ 'ਚ ਚਿੱਠੀਆਂ ਲੁਕਾਉਂਣ ਬਾਰੇ ਉਹਨੂੰ ਹੀ ਪਤਾ ਹੋਊ, ਜਿਹੜਾ ਆਸ਼ਕ ਝਨਾਂ ਦੇ ਪਾਰ ਉਤਰਿਆ ਹੋਵੇ। ਸੱਚ ਦੱਸੀਂ, ਚਿੱਠੀ ਕਦੇ ਫੜੀ ਨਹੀਂ ਸੀ ਗਈ?
ਤਮੰਨਾ ਜੀ ਤੁਹਾਨੂੰ ਤੇ ਬਦੇਸ਼ਾ ਜੀ ਨੂੰ ਬਹੁਤ-ਬਹੁਤ ਵਧਾਈ।
ਮਨਧੀਰ ਦਿਓਲ
ਕੈਨੇਡਾ
ਸਤਿਕਾਰਤ ਅਮੋਲ ਜੀ ਅਤੇ ਮਨਧੀਰ ਜੀਓ !
ਆਪਦੀ ਬੜੀ ਮਿਹਰਬਾਨੀ ਕਿ ਸਮਾਂ ਕੱਢ ਕੇ ਚਿੱਠੀ ਪੜ ਕੇ ਮੇਰਾ ਹੌਸਲਾ ਵਧਾਇਆ ਹੈ ।
ਬਾਕੀ ਮਨਧੀਰ ਜੀ ! ਰਹੀ ਗੱਲ ਚਿੱਠੀਆਂ ਦੇ ਅਦਾਨ-ਪ੍ਰਦਾਨ ਦੀ......! ਜਿਆਦਾ ਤਾਂ ਬਿਸ਼ਨੇ 'ਤੇ ਪ੍ਰਤਾਪੋ ਨੂੰ ਹੀ ਪਤਾ ਹੋਊਗਾ , ਪਰ ਮੇਰੇ ਤਾਏ ਦੇ ਦੱਸਣ ਅਨੁਸਾਰ ਇਹ ਡਾਕ ਬੜੀ ਖੁਫੀਆ ਕਿਸਮ ਦੀ , ਭਰੋਸੇਯੋਗ ਅਤੇ ਰਜਿਸਟਰਡ ਹੁੰਦੀ ਸੀ ।
ਗੁਰਮੇਲ ਬਦੇਸ਼ਾ
Post a Comment