ਮਿੰਨੀ ਕਹਾਣੀ
ਨਾਲ਼ ਦੀ ਗਲੀ ਵਿੱਚੋਂ ਲੰਘਦੇ ਸਮੇਂ ਮੈਡਮ ਪ੍ਰਿਤਪਾਲ ਦੇ ਘਰ ਦਾ ਗੇਟ ਖੁੱਲਾ ਵੇਖ, ਮੇਰੇ ਪੈਰ ਠਿਠਕ ਗਏ। ਨੌਂ ਵੱਜ ਚੁੱਕੇ ਸਨ। ਪ੍ਰਿਤਪਾਲ ਤੇ ਉਹਦਾ ਘਰਵਾਲਾ ਤਾਂ ਸਵਾ ਕੁ ਅੱਠ ਵਜੇ ਹੀ ਨਿਕਲ ਜਾਂਦੇ ਹਨ ਘਰੋਂ, ਸਮੇਂ ਸਿਰ ਡਿਊਟੀ ਤੇ ਪਹੁੰਚਣ ਲਈ। ਸੁੱਖ ਤਾਂ ਹੈ ? ਦੀ ਸੋਚ ਆਈ ਤੇ ਕਾਲ-ਬੈੱਲ ਦਾ ਬਟਨ ਦਬਾ ਮੈਂ ਘਰ ਅੰਦਰ ਦਾਖਲ ਹੋ ਗਈ। ਉਂਜ ਵੀ ਪ੍ਰਿਤਪਾਲ ਨੂੰ ਮਿਲੇ ਕਈ ਦਿਨ ਹੋ ਗਏ ਸਨ।
ਪ੍ਰਿਤਪਾਲ ਨੇ ਮੈਨੂੰ ਘੁੱਟ ਕੇ ਜੱਫ਼ੀ ਪਾਈ ਤੇ ਫਿਰ ਖਿੱਚ ਕੇ ਡਰਾਇੰਗ ਰੂਮ ਵਿਚ ਲੈ ਗਈ।
" ਕੀ ਗੱਲ ਅੱਜ ਸਕੂਲ ਨਹੀਂ ਗਈ ? ਠੀਕ ਤਾਂ ਐਂ ?"
...............
" ਭਿੰਦੀਏ, ਦੋ ਕੱਪ ਚਾਹ ਦੇ ਬਣਾਈਂ," ਦਾ ਹੁਕਮ ਦੇ ਕੇ ਉਹ ਬੋਲੀ, " ਇਹੋ ਜੀ ਤਾਂ ਕੋਈ ਗੱਲ ਨਹੀਂ। ਤਿੰਨ ਦਿਨ ਦੇ ਕਪੜੇ ਧੋਣ ਵਾਲੇ ਸਨ।"
................
" ਕੀ ਗੱਲ ਕੰਮ ਵਾਲੀ ਨਹੀਂ ਔਂਦੀ ?"
..............
" ਕੰਮ ਵਾਲੀ ਤਾਂ ਭੈਣੇ, ਹਟਾ ‘ਤੀ। ਲੋੜ ਵੀ ਨਹੀਂ ਰਹੀ ਜਦੋਂ ਦੀ ਆਹ ਨੇੜਲੇ ਬਸੰਤ ਨਗਰ ਵਾਲੇ ਸਕੂਲ 'ਚ ਬਦਲੀ ਹੋਈ ਐ।"
..................
" ਕਿਉਂ ?" ਮੈਂ ਹੈਰਾਨ ਸੀ।
....................
" ਪਿੰਡਾਂ ਦੀਆਂ ਕੁੜੀਆਂ ਆਉਂਦੀਐਂ ਪੜ੍ਹਨ ਸਕੂਲ 'ਚ। ਜ਼ਰਾ ਸਵੱਖਤੇ ਆ ਕੇ ਕਪੜੇ ਧੋ ਜਾਂਦੀਐਂ।" ਉਹ ਥੋੜ੍ਹੀ ਧੀਮੀ ਆਵਾਜ਼ ਵਿਚ ਬੋਲੀ।
ਤਦੇ ਬਾਰਾਂ-ਤੇਰਾਂ ਸਾਲ ਦੀ ਇਕ ਕੁੜੀ ਹੱਥ ਵਿਚ ਪੋਚਾ ਲਈ ਕਮਰੇ ਵਿਚ ਆਈ ਤਾਂ ਮੈਂ ਪ੍ਰਿਤਪਾਲ ਨੂੰ ਇਸ਼ਾਰੇ ਨਾਲ ਹੀ ਪੁੱਛਿਆ, " ਇਹ ਵੀ ?"
....................
" ਇਹ ਛਿੰਦਰ ਐ, ਬੜੀ ਸਿਆਣੀ ਕੁੜੀ ਐ। ਅਜੇ ਸਤਵੀਂ 'ਚ ਪੜ੍ਹਦੀ ਐ, ਪਰ ਪੋਚੇ ਬੜੇ ਸੋਹਣੇ ਲਾਉਂਦੀ ਐ।" ਉਹਨੇ ਕੁੜੀ ਨੂੰ ਵਡਿਆਉਂਦੇ ਹੋਏ ਮੇਰੀ ਗੱਲ ਦਾ ਜਵਾਬ ਦਿੱਤਾ।
ਅੱਠਵੀਂ ਵਿਚ ਪੜ੍ਹਦੀ ਇਕ ਕੁੜੀ ਚਾਹ ਦੇ ਦੋ ਕੱਪ ਰੱਖ ਗਈ।
ਚਾਹ ਦੀ ਘੁੱਟ ਭਰਕੇ ਮੈਂ ਪੁੱਛਿਆ, " ਇਹ ਸਕੂਲ ਲੇਟ ਜਾਂਦੀਆਂ ਨੇ ਤਾਂ ਕੋਈ ਕੁੱਝ ਨਹੀਂ ਕਹਿੰਦਾ ?"
.................
“ਕਹਿਣਾ ਕੀਹਨੇ ਐ, ਮੈਂ ਹੀ ਮੁਖੀ ਆਂ ਸਕੂਲ ਦੀ।"
.................
" ਪੜ੍ਹਾਈ ਦਾ ਹਰਜ਼ ਤਾਂ ਹੁੰਦਾ ਹੀ ਹੋਣਾ ਵਿਚਾਰੀਆਂ ਦਾ ?"
...............
" ਪੜ੍ਹਾਈ ਦਾ ਕਾਹਦਾ ਹਰਜ਼! ਇਨ੍ਹਾਂ ਨੂੰ ਪਾਸ ਹੋਣ ਤਾਈਂ ਮਤਲਬ ਐ। ਉਹ ਮੈਂ ਇਨ੍ਹਾਂ ਨਾਲ ਵਾਅਦਾ ਕੀਤਾ ਹੋਇਐ, ਪਾਸ ਕਰਾਉਣ ਦਾ, ਤਾਂ ਹੀ ਇਹ ਮਨ ਲਾ ਕੇ ਕੰਮ ਕਰਦੀਐਂ।"
No comments:
Post a Comment