ਲੇਖ
ਸਾਡੇ ਸਮਿਆਂ ਵਿੱਚ ਖਪਤਕਾਰੀ ਸਭਿਆਚਾਰ ਦੇ ਉਭਾਰ ਸਦਕਾ ਮਨੁੱਖੀ ਰਿਸ਼ਤਿਆਂ-ਨਾਤਿਆਂ, ਕਦਰਾਂ-ਕੀਮਤਾਂ, ਵਿੱਚ ਗੰਧਲਾਪਣ ਆ ਜਾਣ ਕਾਰਨ ਇੱਕ ਸੰਵੇਦਨਸ਼ੀਲ ਮਨੁੱਖ ਨੂੰ ਬਾਰ ਬਾਰ ਸੋਚਣਾ ਪੈਂਦਾ ਹੈ ਕਿ ਜ਼ਿੰਦਗੀ ਦੇ ਕੀ ਅਰਥ ਹਨ। ਕੈਨੇਡਾ ਦੇ ਚੇਤੰਨ ਪੰਜਾਬੀ ਕਵੀ ਇਸ ਵਿਸ਼ੇ ਨੁੰ ਆਪਣੀਆਂ ਕਵਿਤਾਵਾਂ ਦਾ ਆਧਾਰ ਬਣਾ ਰਹੇ ਹਨ। ਕੈਨੇਡੀਅਨ ਪੰਜਾਬੀ ਸ਼ਾਇਰ ਕੁਲਵੰਤ ਸਿੰਘ ਢੱਲਾ ਨੇ ਅਜਿਹੇ ਸੁਭਾਅ ਵਾਲੀਆਂ ਹੀ ਕਵਿਤਾਵਾਂ ਦਾ ਇੱਕ ਕਾਵਿ-ਸੰਗ੍ਰਹਿ ‘ਮੇਰੀਏ ਨੀ ਮਾਂ’ ਸਾਲ 2000 ਵਿੱਚ ਪ੍ਰਕਾਸ਼ਿਤ ਕੀਤਾ ਸੀ।
----
ਇਸ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਦਾ ਮੀਰੀ ਗੁਣ ਔਰਤ ਦੇ ਹੱਕਾਂ ਦੀ ਰਾਖੀ ਦੀ ਗੱਲ ਕਰਨੀ ਅਤੇ ਔਰਤ ਉੱਤੇ ਸਦੀਆਂ ਤੋਂ ਹੋ ਰਹੇ ਅੱਤਿਆਚਾਰਾਂ ਵਿਰੁੱਧ ਆਵਾਜ਼ ਉਠਾਉਣਾ ਹੈ। ਇਨ੍ਹਾਂ ਕਵਿਤਾਵਾਂ ਦੇ ਅਜਿਹੇ ਗੁਣਾਂ ਸਦਕਾ ਕੁਲਵੰਤ ਸਿੰਘ ਢੱਲਾ ਕੈਨੇਡਾ ਦੇ ਉਨ੍ਹਾਂ ਕੁਝ ਕੁ ਚੋਣਵੇਂ ਸ਼ਾਇਰਾਂ ਵਿੱਚ ਸ਼ਾਮਿਲ ਹੋ ਜਾਂਦਾ ਹੈ ਜੋ ਕਿ ਆਪਣੀਆਂ ਕਵਿਤਾਵਾਂ ਵਿੱਚ ਬਿਨ੍ਹਾਂ ਕਿਸੀ ਝਿਜਕ ਦੇ ਔਰਤ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਹਨ ਅਤੇ ਉਸ ਉੱਤੇ ਹੁੰਦੇ ਹਰ ਤਰ੍ਹਾਂ ਦੇ ਅਤਿਆਚਾਰਾਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ।
---
‘ਮੇਰੀਏ ਨੀ ਮਾਂ’ ਕਾਵਿ-ਸੰਗ੍ਰਹਿ ਵਿਚਲੀਆਂ ਕਵਿਤਾਵਾਂ ਨੂੰ ਸਮਝਣ ਲਈ ਇਸ ਕਾਵਿ-ਸੰਗ੍ਰਹਿ ਦੀ ਕਵਿਤਾ ‘ਨੀ ਮਾਂ’ ਦੀਆਂ ਇਨ੍ਹਾਂ ਸਤਰਾਂ ਨਾਲ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ:
ਮਾਂ ਸਾਨੂੰ ਸਮਿਆਂ ਦੇ ਸੱਪਾਂ
ਚੰਦਨ ਸਮਝ ਗਲਵਕੜੀ ਪਾਈ
ਲੁੱਟਣ ਮਹਿਕਾਂ ਤੇ ਵਿਸ਼ ਛੱਡਣ
ਸਾਡੇ ਵਿਹੜੇ ਰੌਣਕ ਲਾਈ
ਪਿੜ ਤਾਂ ਬੱਝਾ ਤ੍ਰਿੰਝਣਾਂ ਵਾਂਗੂੰ
ਮੇਰੀ ਜਿੰਦ ਕਤੀਂਦੀ ਜਾਏ ਨੀ ਮਾਂ
ਕੀ ਹਾਸੇ ਝੋਲੀ ਪਾਏ ਨੀ ਮਾਂ
ਅਸੀਂ ਲੁੱਟੇ ਜਦ ਮੁਸਕਾਏ ਨੀ ਮਾਂ
----
ਇਹ ਕਾਵਿ-ਸਤਰਾਂ ਸਾਡੇ ਸਮਿਆਂ ਵਿੱਚ ਔਰਤ ਦੀ ਤਰਾਸਦੀ ਬਿਆਨ ਕਰਦੀਆਂ ਹਨ। ਔਰਤ ਦਾ ਨੇਕ ਸੁਭਾਅ ਵੀ ਅਨੇਕਾਂ ਵਾਰੀ ਉਸ ਦੀ ਕਮਜ਼ੋਰੀ ਸਮਝ ਲਿਆ ਜਾਂਦਾ ਹੈ। ਔਰਤ ਦੇ ਸਾਥ ਦਾ ਹਰ ਤਰ੍ਹਾਂ ਆਨੰਦ ਲੈਣ ਵਾਲੇ ਵੀ ਉਸ ਨੂੰ ਆਪਣੀ ਵਹਿਸ਼ਤ ਦਾ ਸ਼ਿਕਾਰ ਬਣਾਉਂਦੇ ਹਨ। ਸਿਰਫ ਇੰਨਾ ਹੀ ਨਹੀਂ ਔਰਤ ਨੂੰ ਕਦਮ ਕਦਮ ਉੱਤੇ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਹੈ। ਆਪਣੇ ਆਪ ਨੂੰ ਨਿਰਦੋਸ਼ ਸਿੱਧ ਕਰਨ ਲਈ ਔਰਤ ਨੂੰ ਮਰਦ-ਪ੍ਰਧਾਨ ਸਮਾਜ ਵੱਲੋਂ ਬਣਾਈਆਂ ਗਈਆਂ ਅਨੇਕਾਂ ਪ੍ਰੀਖਿਆਵਾਂ ‘ਚੋਂ ਲੰਘਣਾ ਪੈਂਦਾ ਹੈ। ਜਦੋਂ ਕਿ ਮਰਦ ਭਾਵੇਂ ਹਜ਼ਾਰਾਂ ਗੁਨਾਹ ਕਰ ਲਵੇ ਉਸ ਉੱਤੇ ਅਜਿਹੀ ਕੋਈ ਸਮਾਜਿਕ ਜਾਂ ਸਭਿਆਚਾਰਕ ਬੰਦਿਸ਼ ਨਹੀਂ ਹੁੰਦੀ। ਹੈਰਾਨੀ ਤਾਂ ਇਸ ਗੱਲ ਦੀ ਹੁੰਦੀ ਹੈ ਕਿ ਸਾਡੇ ਸਭਿਆਚਾਰਕ ਤਿਉਹਾਰ ਵੀ ਔਰਤ ਦੀ ਮਾਨਸਿਕਤਾ ਵਿੱਚ ਅਜਿਹੇ ਵਿਚਾਰ ਭਰਨ ਦੀ ਕੋਸ਼ਿਸ਼ ਕਰਦੇ ਹਨ ਕਿ ਮੁਸੀਬਤ ਦੇ ਸਮੇਂ ਔਰਤ ਆਪਣੀ ਰੱਖਿਆ ਵੀ ਆਪ ਨਹੀਂ ਕਰ ਸਕਦੀ। ਇਸ ਵਿਚਾਰ ਨੂੰ ਵੀ ਕੁਲਵੰਤ ਸਿੰਘ ਢੱਲਾ ਨੇ ਆਪਣੀ ਕਵਿਤਾ ‘ਨੀ ਮਾਂ’ ਦੀਆਂ ਇਨ੍ਹਾਂ ਸਤਰਾਂ ਵਿੱਚ ਬਹੁਤ ਹੀ ਖ਼ੂਬਸੂਰਤੀ ਨਾਲ ਬਿਆਨ ਕੀਤਾ ਹੈ:
ਵਿਰਚ ਗਏ ਰੱਖੜੀ ਤੰਦ ਬੰਨ੍ਹ ਕੇ
ਆਪਣੇ ਆਪ ਨੂੰ ਅਬਲਾ ਮੰਨ ਕੇ
ਅਸੀਂ ਛਣਕੇ ਤਰਸ ਦੀ ਝਾਂਜਰ ਬਣਕੇ
ਸੋਚਾਂ ਦੇ ਤਾਰੀਂ ਪਰੋਤੇ ਅਸੀਂ
ਯਤਨਾਂ ਦੇ ਹਾਂ ਮਣਕੇ
ਨਾਂ ਲੋਰੀਆਂ ਲਈਆਂ, ਬੱਸ ਲੋਰੀਆਂ ਦਿੱਤੀਆਂ
ਜੱਗ ਇਹ ਕੀ ਖੇਡ ਖਿਡਾਏ ਨੀ ਮਾਂ
----
ਮਰਦ ਪ੍ਰਧਾਨ ਸਮਾਜ ਨੇ ਨਾ ਸਿਰਫ਼ ਔਰਤ ਦੀ ਮਾਨਸਿਕਤਾ ਵਿੱਚ ਉਸ ਦੇ ਨਿਰਬਲ ਹੋਣ ਦਾ ਹੀ ਅਹਿਸਾਸ ਭਰਿਆ ਹੈ; ਬਲਕਿ ਉਸ ਦੀ ਮਾਨਸਿਕਤਾ ਵਿੱਚ ਇਹ ਅਹਿਸਾਸ ਵੀ ਕੁੱਟ ਕੁੱਟ ਕੇ ਭਰਿਆ ਗਿਆ ਹੈ ਕਿ ਔਰਤ ਬੇਲੋੜੀ ਚੀਜ਼ ਹੈ। ਇਸੇ ਲਈ ਹੀ ਧੀ ਦੇ ਜਨਮ ਉੱਤੇ ਕੋਈ ਖੁਸ਼ੀਆਂ ਨਹੀਂ ਮਣਾਈਆਂ ਜਾਂਦੀਆਂ। ਧੀਆਂ ਨੂੰ ਲਾਡ ਲਡਾਉਣ ਲਈ ਲੋਰੀਆਂ ਨਹੀਂ ਸੁਣਾਈਆਂ ਜਾਂਦੀਆਂ। ਇਸ ਤਰ੍ਹਾਂ ਔਰਤ ਨਾਲ ਜੰਮਣ ਸਮੇਂ ਤੋਂ ਵਿਤਕਰਾ ਸ਼ੁਰੂ ਹੋ ਜਾਂਦਾ ਹੈ। ਔਰਤ ਨਾਲ ਵਿਤਕਰਾ ਔਰਤ ਤੋਂ ਹੀ ਕਰਵਾਇਆ ਜਾਂਦਾ ਹੈ। ਮਾਂ ਹੀ ਆਪਣੀ ਧੀ ਨੂੰ ਉਸ ਤਰ੍ਹਾਂ ਲਾਡਾਂ ਚਾਵਾਂ ਨਾਲ ਨਹੀਂ ਪਾਲਦੀ ਜਿਵੇਂ ਆਪਣੇ ਪੁੱਤਰ ਨੂੰ ਪਾਲਦੀ ਹੈ। ਇਸ ਤਰ੍ਹਾਂ ਔਰਤ ਦੀ ਅਜਿਹੀ ਤਰਾਸਦੀ ਲਈ ਕਾਫ਼ੀ ਹੱਦ ਤੱਕ ਔਰਤ ਖ਼ੁਦ ਵੀ ਜ਼ਿੰਮੇਵਾਰ ਬਣ ਜਾਂਦੀ ਹੈ।
----
‘ਨੀ ਮਾਂ’ ਕਵਿਤਾ ਔਰਤਾਂ ਨਾਲ ਹੁੰਦੇ ਵਿਤਕਰੇ ਦੇ ਇੱਕ ਹੋਰ ਪਹਿਲੂ ਨੂੰ ਵੀ ਉਭਾਰਦੀ ਹੈ। ਪਰਿਵਾਰ ਵਿੱਚ ਪੁੱਤਰ ਵੀ ਪਿਓ ਦੇ ਹੀ ਨਕਸ਼ੇ-ਕਦਮਾਂ ਉੱਤੇ ਚੱਲਦੇ ਹਨ। ਜੇਕਰ ਪਿਓ ਪਰਿਵਾਰ ਵਿੱਚ ਔਰਤ ਨੂੰ ਬਣਦਾ ਇੱਜ਼ਤ-ਮਾਣ ਦੇਣ ਦੀ ਥਾਂ ਪਰਿਵਾਰ ਦੀਆਂ ਔਰਤਾਂ ਦੀ ਤੌਹੀਨ ਹੀ ਕਰਦਾ ਰਹੇਗਾ ਤਾਂ ਪੁੱਤਰ ਵੀ ਇਵੇਂ ਹੀ ਕਰਨਗੇ। ਇਸ ਕਰਕੇ ਇਸ ਗੱਲ ਵਿੱਚ ਉਦੋਂ ਕੋਈ ਹੈਰਾਨੀ ਨਹੀਂ ਹੁੰਦੀ ਜਦੋਂ ਔਰਤ ਨੂੰ ਆਪਣੇ ਹੀ ਘਰ ਵਿੱਚ ਬੇਗਾਨਾਪਨ ਮਹਿਸੂਸ ਹੁੰਦਾ ਹੈ। ਉਸ ਨੂੰ ਜਾਪਦਾ ਹੈ ਕਿ ਉਸ ਦੇ ਆਪਣੇ ਹੀ ਢਿੱਡੋਂ ਜਾਏ ਪੁੱਤਰ, ਉਸ ਦੇ ਆਪਣੇ ਹੀ ਭਰਾ, ਉਸ ਦੇ ਆਪਣੇ ਹੀ ਚਾਚੇ, ਤਾਏ, ਮਾਮੇ, ਫੱਫੜ ਉਸ ਨੂੰ ਨ ਸਿਰਫ ਅਨਪੜ੍ਹ, ਮੂਰਖ ਅਤੇ ਗੰਵਾਰ ਸਮਝਦੇ ਹਨ; ਬਲਕਿ ਉਸ ਨੂੰ ਮਰਦ ਜ਼ਾਤ ਤੋਂ ਬਹੁਤ ਨੀਵੀਂ ਚੀਜ਼ ਸਮਝਦੇ ਹਨ। ਜਿਸਨੂੰ ਮਰਦਾਂ ਦੇ ਬਰਾਬਰ ਬੋਲਣ ਦਾ ਹੱਕ ਨਹੀਂ; ਮਰਦਾਂ ਦੇ ਬਰਾਬਰ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣ ਦਾ ਹੱਕ ਨਹੀਂ, ਮਰਦਾਂ ਦੇ ਬਰਾਬਰ ਧਾਰਮਿਕ ਅਦਾਰਿਆਂ ਵਿੱਚ ਵੱਡੀਆਂ ਪਦਵੀਆਂ ਉੱਤੇ ਬੈਠਣ ਦਾ ਹੱਕ ਨਹੀਂ। ਜਦੋਂ ਪਿਤਾ-ਪੁਰਖੀ ਜਾਇਦਾਦ ਵੰਡਣ ਦਾ ਵੇਲਾ ਆਉਂਦਾ ਹੈ ਤਾਂ ਆਪਣੇ ਗੁੱਟਾਂ ਉੱਤੇ ਰੱਖੜੀਆਂ ਬਨਾਉਣ ਵਾਲੇ ਉਹੀ ਭਰਾ ਆਪਣੀਆਂ ਹੀ ਭੈਣਾਂ ਨੂੰ ਪਿਓ ਦੀ ਜਾਇਦਾਦ ਵਿੱਚੋਂ ਹਿੱਸਾ ਲੈਣ ਤੋਂ ਰੋਕਣ ਲਈ ਅਦਾਲਤਾਂ ਦਾ ਦਰਵਾਜ਼ਾ ਖਟਕਾਉਣ ਤੋਂ ਵੀ ਨਹੀਂ ਝਿਜਕਦੇ। ਕੁਲਵੰਤ ਸਿੰਘ ਢੱਲਾ ਦੀਆਂ ‘ਨੀ ਮਾਂ’ ਕਵਿਤਾ ਦੀਆਂ ਇਹ ਸਤਰਾਂ ਇਸ ਮਸਲੇ ਨੂੰ ਖੂਬਸੂਰਤੀ ਨਾਲ ਪੇਸ਼ ਕਰਦੀਆਂ ਹਨ:
ਵੀਰ ਵੀ ਤਾਂ ਬਾਪੂ ਵਾਂਗ ਹੈ
ਆਪਣੀ ਜ਼ਾਤ ਨੂੰ ਉੱਤਮ ਗਿਣਦਾ
ਖਬਰੇ ਕਿਹੜਾ ਇਹਦਾ ਫ਼ੀਤਾ
ਜਿਹੜਾ ਸਾਡੀ ਜ਼ਾਤ ਨਹੀਂ ਮਿਣਦਾ
ਆਪਣੇ ਵਿਹੜੇ ਵਿੱਚ ਅਸੀਂ ਕਿਉਂ
ਲਗਦੇ ਸਦਾ ਪਰਾਏ ਨੀ ਮਾਂ
----
ਔਰਤ ਜ਼ਾਤ ਦੀਆਂ ਸਮੱਸਿਆਵਾਂ ਦੀ ਜਦੋਂ ਗੱਲ ਚੱਲਦੀ ਹੈ ਤਾਂ ਭਾਰਤੀ/ਪਾਕਿਸਤਾਨੀ ਮੂਲ ਦੇ ਲੋਕਾਂ ਵਿੱਚ ਪ੍ਰਚੱਲਿਤ ਦਾਜ-ਦਹੇਜ਼ ਦੀ ਸਮੱਸਿਆ ਸਾਡਾ ਵਿਸ਼ੇਸ਼ ਧਿਆਨ ਖਿੱਚਦੀ ਹੈ। ਹਰ ਸਾਲ ਹਜ਼ਾਰਾਂ ਹੀ ਔਰਤਾਂ ਨੂੰ ਸਹੁਰਿਆਂ ਵੱਲੋਂ ਦਾਜ-ਦਹੇਜ ਦੀ ਭਾਰੀ ਮੰਗ ਕੀਤੇ ਜਾਣ ਕਰਕੇ ਆਪਣੀ ਜਾਨ ਦੀ ਬਲੀ ਦੇਣੀ ਪੈਂਦੀ ਹੈ। ਸੈਂਕੜੇ ਔਰਤਾਂ ਨੂੰ ਅੱਗ ਲਗਾ ਕੇ ਸਾੜ ਦਿੱਤਾ ਜਾਂਦਾ ਹੈ। ਅਜਿਹੀਆਂ ਘਟਨਾਵਾਂ ਭਾਰਤੀ/ਪੰਜਾਬੀ ਮੂਲ ਦੇ ਲੋਕਾਂ ਵਿੱਚ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਹੋਰਨਾਂ ਦੇਸ਼ਾਂ ਵਿੱਚ ਵੀ ਲਗਾਤਾਰ ਵਾਪਰ ਰਹੀਆਂ ਹਨ। ਇੱਥੋਂ ਤੱਕ ਕਿ ਅਜਿਹੀਆਂ ਦਰਦਨਾਕ ਘਟਨਾਵਾਂ ਦਾ ਚਰਚਾ ਕੈਨੇਡਾ ਦੀ ਪਾਰਲੀਮੈਂਟ ਵਿੱਚ ਵੀ ਹੋ ਚੁੱਕਾ ਹੈ। ਅਕਸਰ, ਲੋਕ ਸਮਝਦੇ ਹਨ ਕਿ ਜਿਉਂ ਜਿਉਂ ਲੋਕ ਵਿਦਿਅਕ ਹੁੰਦੇ ਜਾਣਗੇ ਉਨ੍ਹਾਂ ਦੀ ਖਪਤਕਾਰੀ ਵਸਤਾਂ ਵਿੱਚ ਦਿਲਚਸਪੀ ਘੱਟਦੀ ਜਾਵੇਗੀ ਅਤੇ ਇਨਸਾਨ ਦੀ ਇੱਕ ਦੂਜੇ ਲਈ ਵੁਕਤ ਵਧਦੀ ਜਾਵੇਗੀ। ਪਰ ਹੋ ਸਭ ਕੁਝ ਇਸ ਤੋਂ ਉਲਟ ਰਿਹਾ ਹੈ। ਖਪਤਕਾਰੀ ਸਭਿਆਚਾਰ ਦੇ ਉਭਾਰ ਕਾਰਨ ਲੋਕਾਂ ਦੀ ਦਾਜ ਪ੍ਰਾਪਤ ਕਰਨ ਦੀ ਭੁੱਖ ਪਹਿਲਾਂ ਨਾਲੋਂ ਵੀ ਕਈ ਗੁਣਾ ਵਧ ਚੁੱਕੀ ਹੈ। ਸਾਡੇ ਸਮਾਜ ਵਿੱਚ ਦਾਜ-ਦਹੇਜ਼ ਦੀ ਸਮੱਸਿਆ ਕਿਸ ਹੱਦ ਤੱਕ ਖਤਰਨਾਕ ਰੂਪ ਅਖਤਿਆਰ ਕਰ ਚੁੱਕੀ ਹੈ, ਕੁਲਵੰਤ ਸਿੰਘ ਢੱਲਾ ਆਪਣੀ ਕਵਿਤਾ ‘ਸਾਦੇ ਲੋਕ’ ਵਿੱਚ ਉਸਦਾ ਜ਼ਿਕਰ ਕੁਝ ਇਸ ਤਰ੍ਹਾਂ ਕਰਦਾ ਹੈ:
ਹੌਲੀ ਹੌਲੀ ਰਸਮਾਂ ਵਿਚੋਂ
ਜਦ ਸਾਡੇ ਪੋਟੇ ਗੁੰਝਲਾਂ ਕੱਢਣ
ਵਾਲ ਪਰਾਏ ਅਟਕਾਂ ਵਾਲੇ
ਹਰ ਦਮ ਸਾਨੂੰ ਆਪਣੇ ਲੱਗਣ
ਦਾਜ ਦਹੇਜ਼ ਦੇ ਪੱਥਰਾਂ ਥੱਲਿਓਂ
ਸਾਨੂੰ ਕੰਜਕਾਂ ਦੱਬੀਆਂ ਲੱਭਣ
ਫਿਰ ਭੂੰਡਾਂ ਵਾਂਗੂੰ ਛਿੜ ਪੈਂਦੇ ਨੇ
ਖੱਖਰਾਂ ਵਾਂਗੂੰ ਖਾਦੇ ਲੋਕ
----
ਅਨੇਕਾਂ ਹਾਲਤਾਂ ਵਿੱਚ ਧਰਮ ਵੀ ਕਿਸੀ ਸਮੱਸਿਆ ਲਈ ਕਾਫੀ ਹੱਦ ਤੱਕ ਜ਼ਿੰਮੇਵਾਰ ਹੁੰਦਾ ਹੈ। ਸਿੱਖ ਧਰਮ ਦੀ ਜਦੋਂ ਸਥਾਪਨਾ ਕੀਤੀ ਗਈ ਤਾਂ ਪੰਜ ਮਰਦਾਂ ਨੂੰ ਹੀ ਸਭ ਤੋਂ ਪਹਿਲਾਂ ਸਿੱਖ ਧਰਮ ਨੂੰ ਮੰਨਣ ਵਾਲੇ ਬਨਣ ਦਾ ਮਾਣ ਹਾਸਲ ਹੋਇਆ। ਸਿੱਖ ਧਰਮ ਨੂੰ ਮੰਨਣ ਵਾਲੇ ਇਨ੍ਹਾਂ ਪਹਿਲੇ ਪੰਜ ਵਿਅਕਤੀਆਂ - ਜਿਨ੍ਹਾਂ ਨੂੰ ਪੰਜ ਪਿਆਰੇ ਕਿਹਾ ਗਿਆ - ਉਨ੍ਹਾਂ ਵਿੱਚ ਕਿਸੇ ਵੀ ਔਰਤ ਨੂੰ ਸ਼ਾਮਿਲ ਨਹੀਂ ਕੀਤਾ ਗਿਆ। ਸਿੱਖ ਔਰਤਾਂ ਦਾ ਇਹ ਵੀ ਗਿਲਾ ਹੈ ਕਿ ਸਿੱਖ ਧਰਮ ਦੀ ਸਥਾਪਨਾ ਕਰਨ ਵੇਲੇ ਵੀ ਔਰਤ ਜ਼ਾਤ ਨਾਲ ਵਿਤਕਰਾ ਕੀਤਾ ਗਿਆ ਹੈ। ਪੰਜ ਪਿਆਰਿਆਂ ਦੀ ਚੋਣ ਕਰਨ ਵੇਲੇ ਜੇਕਰ ਘੱਟ ਤੋਂ ਘੱਟ ਇੱਕ ਔਰਤ ਨੂੰ ਵੀ ਚੁਣ ਲਿਆ ਜਾਂਦਾ ਤਾਂ ਸਿੱਖ ਧਰਮ ਨੂੰ ਮੰਨਣ ਵਾਲੇ ਲੋਕਾਂ ਦੀ ਚੇਤਨਾ ਵਿੱਚ ਵੀ ਇਹ ਗੱਲ ਸਹਿਜੇ ਸਥਾਪਿਤ ਕੀਤੀ ਜਾ ਸਕਦੀ ਸੀ ਕਿ ਔਰਤ ਕਿਸੀ ਗੱਲ ਵਿੱਚ ਵੀ ਮਰਦ ਨਾਲੋਂ ਘੱਟ ਨਹੀਂ। ਔਰਤ ਦਾ ਇਹ ਗਿਲਾ ਬਿਲਕੁਲ ਜਾਇਜ਼ ਹੈ। ਇਸੇ ਲਈ ਹੀ ਕੁਲਵੰਤ ਸਿੰਘ ਢੱਲਾ ਆਪਣੀ ਕਵਿਤਾ ‘ਮਿਹਰਾਂ ਦੇ ਸਾਈਆਂ’ ਵਿੱਚ ਇਸ ਮਸਲੇ ਨੂੰ ਕੁਝ ਇਸ ਤਰ੍ਹਾਂ ਚਰਚਾ ਦਾ ਵਿਸ਼ਾ ਬਣਾਉਂਦਾ ਹੈ:
ਇੱਕ ਸਿਰ ਸਾਡਾ ਵੀ ਲੈ ਲੈਂਦਾ
ਦੱਸ ਤੈਨੂੰ ਕੀ ਫ਼ਰਕ ਸੀ ਪੈਂਦਾ
ਜ਼ਾਤ ਪਾਤ ਢਾਹ ਸਰਦਾਰੀਆਂ ਬਖਸ਼ੇਂ
ਖਾਲਸ ਕੰਡੇ ਤੇ ਕਿਉਂ ਨਾਂ ਸਾਨੂੰ ਪਰਖੇਂ
ਸਾਡੀ ਜ਼ਾਤ ਤੇ ਮਰਦਾਂ ਦਾ ਪਾੜਾ
ਲੁਕਣਾ ਨਾਹੀਂ ਇਹ ਡੂੰਘੀਆਂ ਖਾਈਆਂ
ਹੇ ਮੇਰੇ ਮਿਹਰਾਂ ਦੇ ਸਾਈਆਂ
ਅਸੀਂ ਵੀ ਤਾਂ ਹਾਂ ਤੇਰੀਆਂ ਜਾਈਆਂ
ਤੇਰੇ ਅੰਮ੍ਰਿਤ ਦੀਆਂ ਤੇਰੇ ਹੱਥੋਂ
ਪੰਜ ਚੂਲੀਆਂ, ਸਾਡੇ ਵੰਡੇ ਕਿਉਂ ਨਹੀਂ ਆਈਆਂ
----
ਕੁਲਵੰਤ ਸਿੰਘ ਢੱਲਾ ਨੇ ਭਾਰਤੀ ਮਿਥਿਹਾਸ ਦੇ ਇੱਕ ਚਰਚਿਤ ਮਰਦ ਰਾਮ ਨੂੰ ਵੀ ਇਸ ਦੋਸ਼ ਦਾ ਭਾਗੀ ਬਣਾਇਆ ਹੈ। ਉਸਨੇ ਵੀ ਰਾਵਣ ਤੋਂ ਆਪਣਾ ਬਦਲਾ ਲੈਣ ਲਈ ਸੀਤਾ ਨੂੰ ਦਾਅ ਉੱਤੇ ਲਗਾ ਦਿੱਤਾ ਸੀ। ਇਹ ਗੱਲ ਕੁਲਵੰਤ ਸਿੰਘ ਢੱਲਾ ਆਪਣੀ ਕਵਿਤਾ ‘ਸੁੱਚੀ ਸੀਤਾ ਕਿ ਛਾਇਆ ਸੀਤਾ’ ਦੀਆਂ ਇਹਨਾਂ ਸਤਰਾਂ ਵਿੱਚ ਬਹੁਤ ਖ਼ੂਬਸੂਰਤੀ ਨਾਲ ਕਹਿੰਦਾ ਹੈ:
ਗੱਲ ਕਰਾਂ ਜੇ ਨਾ ਬੁਰਾ ਮਨਾਵੇਂ
ਰਾਵਨ ਮਾਰਨ ਖਾਤਰ ਸਵਾਮੀ
ਆਪਣੀ ਸੀਤਾ ਦਾਅ ਤੇ ਲਾਵੇਂ
ਔਰਤ ਦੇ ਹੱਕਾਂ ਦੀ ਗੱਲ ਕਰਨ ਦੇ ਨਾਲ ਨਾਲ ਇਸ ਕਾਵਿ-ਸੰਗ੍ਰਹਿ ਵਿੱਚ ਹੋਰ ਵੀ ਅਨੇਕਾਂ ਵਿਸ਼ਿਆਂ ਬਾਰੇ ਚਰਚਾ ਛੇੜਿਆ ਗਿਆ ਹੈ।
----
ਮਨੁੱਖੀ ਰਿਸ਼ਤਿਆਂ ਵਿੱਚ ਵਿਸ਼ਵਾਸ ਦੀ ਬਹੁਤ ਮਹੱਤਤਾ ਹੁੰਦੀ ਹੈ। ਇਹ ਰਿਸ਼ਤਾ ਚਾਹੇ ਪ੍ਰਵਾਰਕ ਹੋਵੇ, ਦੋਸਤਾਨਾ ਹੋਵੇ ਅਤੇ ਚਾਹੇ ਵਿਉਪਾਰਕ। ਚਾਹੇ ਇਹ ਜ਼ਿੰਦਗੀ ਨਾਲ ਸਬੰਧਤ ਕਿਸੇ ਵੀ ਹੋਰ ਖੇਤਰ ਨਾਲ ਵਾਸਤਾ ਰੱਖਦਾ ਹੋਵੇ। ਜੇਕਰ ਵਿਸ਼ਵਾਸ ਵਿੱਚ ਇੱਕ ਵੇਰ ਤਰੇੜਾਂ ਆ ਜਾਣ ਤਾਂ ਰਿਸ਼ਤੇ ਵਿੱਚ ਮੁੜ ਕਦੀ ਵੀ ਪਹਿਲਾਂ ਵਾਲੀ ਪਕਿਆਈ ਅਤੇ ਸਥਿਰਤਾ ਨਹੀਂ ਆਉਂਦੀ। ਦੋਹਾਂ ਧਿਰਾਂ ਦੇ ਮਨ ਵਿੱਚ ਸਦਾ ਹੀ ਬੇਭਰੋਸਗੀ ਪਲਦੀ ਰਹਿੰਦੀ ਹੈ ਕਿ ਇੱਕ ਵਾਰ ਜਿਸ ਵਿਅਕਤੀ ਨੇ ਧੋਖਾ ਕੀਤਾ ਹੈ ਉਹ ਫਿਰ ਵੀ ਕਰ ਸਕਦਾ ਹੈ। ਜਿਸ ਵਿਅਕਤੀ ਵਿੱਚ ਲੋਕਾਂ ਨੂੰ ਵਿਸ਼ਵਾਸ ਨਹੀਂ ਰਹਿੰਦਾ ਉਹ ਵਿਅਕਤੀ ਭਾਵੇਂ ਦੇਖਣ ਵਿੱਚ ਸਿਹਤਮੰਦ ਦਿਖਦਾ ਹੈ - ਪਰ ਮਾਨਸਿਕ ਤੌਰ ਉੱਤੇ ਉਹ ਬੁਰੀ ਤਰ੍ਹਾਂ ਟੁੱਟ ਜਾਂਦਾ ਹੈ - ਜੇਕਰ ਉਸ ਨੇ ਵਾਕਿਆ ਹੀ ਕੋਈ ਅਜਿਹਾ ਗਲਤ ਕੰਮ ਕੀਤਾ ਹੋਵੇ ਜਿਸ ਕਾਰਨ ਲੋਕਾਂ ਦਾ ਉਸ ਵਿੱਚ ਵਿਸ਼ਵਾਸ ਖਤਮ ਹੋ ਗਿਆ ਹੋਵੇ। ‘ਵਿਸ਼ਵਾਸ’ ਕਵਿਤਾ ਦੀਆਂ ਇਹ ਸਤਰਾਂ ਵੀ ਇਸ ਗੱਲ ਦੀ ਪ੍ਰੋੜਤਾ ਕਰਦੀਆਂ ਜਾਪਦੀਆਂ ਹਨ:
ਵਿਸ਼ਵਾਸ ਦੀ ਛੋਟੀ ਜਿਹੀ ਡੰਗੋਰੀ ਤੋਂ
ਜੇ ਕੋਈ ਡਿੱਗ ਪੈਂਦਾ ਹੈ
ਜਿਸਮ ਭਾਵੇਂ ਚੋਟ ਨਾ ਖਾਵੇ
ਪਰ ਜਿਸਮ ਵਿੱਚ ਕੁਝ ਨਹੀਂ ਰਹਿੰਦਾ ਹੈ
----
ਭੁਲੇਖਾ ਜਾਂ ਭਰਮ ਅਜਿਹਾ ਹੀ ਇੱਕ ਹੋਰ ਵਿਸ਼ਾ ਹੈ। ਜਿੰਨੀ ਦੇਰ ਤੱਕ ਕਿਸੇ ਵਿਅਕਤੀ ਬਾਰੇ ਸਾਡਾ ਭੁਲੇਖਾ ਬਣਿਆ ਰਹਿੰਦਾ ਹੈ ਅਸੀਂ ਉਸਦੀ ਇੱਜ਼ਤ-ਮਾਣ ਕਰਦੇ ਰਹਿੰਦੇ ਹਾਂ। ਕਈ ਹਾਲਤਾਂ ਵਿੱਚ ਤਾਂ ਅਸੀਂ ਕਈ ਵਿਅਕਤੀਆਂ ਤੋਂ ਡਰਦੇ ਵੀ ਰਹਿੰਦੇ ਹਾਂ। ਪਰ ਜਦੋਂ ਸਾਨੂੰ ਅਜਿਹੇ ਵਿਅਕਤੀਆਂ ਦੀਆਂ ਕਮਜ਼ੋਰੀਆਂ ਦਾ ਪਤਾ ਚੱਲ ਜਾਂਦਾ ਹੈ ਤਾਂ ਸਾਡਾ ਉਸ ਵਿਅਕਤੀ ਬਾਰੇ ਵਰ੍ਹਿਆਂ ਤੋਂ ਬਣਿਆ ਹੋਇਆ ਭਰਮ ਟੁੱਟ ਜਾਂਦਾ ਹੈ। ਸਾਨੂੰ ਉਸ ਵਿਅਕਤੀ ਤੋਂ ਕੋਈ ਡਰ ਵੀ ਨਹੀਂ ਲੱਗਦਾ। ਭੁਲੇਖਾ ਜਾਂ ਭਰਮ ਟੁੱਟਣ ਨਾਲ ਉਸ ਵਿਅਕਤੀ ਦਾ ਲੋਕਾਂ ਦੇ ਮਨਾਂ ਵਿੱਚ ਮਾਣ ਸਤਿਕਾਰ ਵੀ ਘੱਟ ਜਾਂਦਾ ਹੈ। ਅਜਿਹੀਆਂ ਘਟਨਾਵਾਂ ਸਾਡੀ ਜ਼ਿੰਦਗੀ ਵਿੱਚ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਹਨ। ਅਜਿਹੀਆਂ ਘਟਨਾਵਾਂ ਮਨੁੱਖੀ ਰਿਸ਼ਤਿਆਂ ਵਿੱਚ ਵੀ ਵਾਪਰਦੀਆਂ ਹਨ। ਕਈ ਮਨੁੱਖ ਬੋਲ ਚਾਲ ਵਿੱਚ ਏਨੇ ਪ੍ਰਭਾਵਸ਼ਾਲੀ ਹੁੰਦੇ ਹਨ ਕਿ ਤੁਹਾਡੇ ਲਈ ਇਸ ਗੱਲ ਦਾ ਅੰਦਾਜ਼ਾ ਲਗਾਣਾ ਏਨਾ ਸੌਖਾ ਨਹੀਂ ਹੁੰਦਾ ਕਿ ਉਨ੍ਹਾਂ ਦੇ ਅੰਤਰੀਵ ਮਨ ਵਿੱਚ ਕੀ ਹੈ। ਇਸ ਅਹਿਸਾਸ ਨੂੰ ਕੁਲਵੰਤ ਸਿੰਘ ਢੱਲਾ ਨੇ ਆਪਣੀ ਕਵਿਤਾ ‘ਭੁਲੇਖਾ’ ਵਿੱਚ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਹੈ:
ਭੁਲੇਖਿਆਂ ਦੀ ਛਤਰ ਵਿੱਚ
ਕੁਝ ਇੱਜ਼ਤ ਸੀ ਕੁਝ ਮਾਣ ਸੀ
ਭੁਲੇਖੇ ਦੀ ਪਾਟੀ ਛਤਰੀ
ਨਾਂ ਛਾਂ ਸੀ ਨਾਂ ਤਾਣ ਸੀ
ਪਤਾ ਨਹੀਂ ਕਿਹੜਾ ਕੋਈ ਝੱਖੜ
ਭੁਲੇਖੇ ਦੀ ਵਲਗਣ ਢਾਹ ਗਿਆ
----
ਪਿਛਲੇ ਕੁਝ ਦਹਾਕਿਆਂ ਤੋਂ ਵਿਸ਼ਵ ਦੇ ਅਨੇਕਾਂ ਹਿੱਸਿਆਂ ਵਿੱਚ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਸਿਰ ਚੁੱਕ ਰਹੀ ਹੈ। ਅਜਿਹੀ ਦਹਿਸ਼ਤਗਰਦੀ ਦੇ ਨਾਲ ਨਾਲ ਹੀ ਉੱਠੀਆਂ ਵੱਖਵਾਦੀ ਲਹਿਰਾਂ ਨੇ ਵੀ ਦੁਨੀਆਂ ਦੇ ਅਨੇਕਾਂ ਹਿੱਸਿਆਂ ਵਿੱਚ ਘੋਰ ਤਬਾਹੀ ਮਚਾਈ ਹੈ। ਭਾਰਤ-ਪਾਕਿ ਦੇ ਖਿੱਤੇ ਵਿੱਚ ਰਹਿਣ ਵਾਲੇ ਲੋਕਾਂ ਨੇ ਅਜਿਹੀ ਦਹਿਸ਼ਤਗਰਦੀ ਵੱਲੋਂ ਮਚਾਈ ਤਬਾਹੀ ਨੂੰ ਆਪਣੇ ਪਿੰਡੇ ਉੱਤੇ ਝੱਲਿਆ ਹੈ। ਇਹ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਕਦੀ ਸਿੱਖ ਖਾਲਿਸਤਾਨੀਆਂ ਵੱਲੋਂ ਮਚਾਈ ਜਾਂਦੀ ਰਹੀ ਹੈ; ਕਦੀ ਮੁਸਲਮਾਨ ਅਲ-ਕਾਇਦਾ ਜਾਂ ਤਾਲਿਬਾਨੀਆਂ ਵੱਲੋਂ ਮਚਾਈ ਜਾਂਦੀ ਰਹੀ ਹੈ; ਕਦੀ ਹਿੰਦੂ ਸ਼ਿਵ ਸੈਨਾ ਜਾਂ ਬਜਰੰਗ ਦਲੀਆਂ ਵੱਲੋਂ ਮਚਾਈ ਜਾਂਦੀ ਰਹੀ ਹੈ ਅਤੇ ਕਦੀ ਈਸਾਈ ਧਰਮ ਦੇ ਕੱਟੜਵਾਦੀਆਂ ਵੱਲੋਂ। ਜਦੋਂ ਵੀ ਅਜਿਹੀ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦੀ ਹਨ੍ਹੇਰੀ ਝੁੱਲਦੀ ਹੈ ਤਾਂ ਮਨੁੱਖੀ ਕਦਰਾਂ-ਕੀਮਤਾਂ ਦੀ ਘੋਰ ਤਬਾਹੀ ਹੁੰਦੀ ਹੈ। ਦਹਾਕਿਆਂ ਦੀ ਮਿਹਨਤ ਨਾਲ ਲੋਕਾਂ ਵਿੱਚ ਜੋ ਆਪਸੀ ਪਿਆਰ, ਮਿਲਵਰਤਣ ਅਤੇ ਸਾਂਝੀਵਾਲਤਾ ਦੀ ਭਾਵਨਾ ਪੈਦਾ ਹੁੰਦੀ ਹੈ ਉਹ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦੀ ਹਨ੍ਹੇਰੀ ਪਲਾਂ-ਛਿਣਾਂ ਵਿੱਚ ਹੀ ਤਹਿਸ-ਨਹਿਸ ਕਰ ਦਿੰਦੀ ਹੈ। ਪਿਛਲੇ ਤਿੰਨ ਦਹਾਕਿਆਂ ਵਿੱਚ ਪੰਜਾਬੀਆਂ ਨੂੰ ਵੀ ਖਾਲਿਸਤਾਨੀਆਂ ਵੱਲੋਂ ਮਚਾਈ ਗਈ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦਾ ਸਾਹਮਣਾ ਕਰਨਾ ਪਿਆ ਹੈ। ਧਾਰਮਿਕ ਕੱਟੜਵਾਦੀਆਂ ਵੱਲੋਂ ਕੀਤੇ ਗਏ ਅਤਿਆਚਾਰਾਂ ਨੇ 50,000 ਤੋਂ ਵੱਧ ਲੋਕਾਂ ਦੀਆਂ ਜਾਨਾਂ ਲੈ ਲਈਆਂ। ਧਾਰਮਿਕ ਕੱਟੜਵਾਦੀ ਹਨ੍ਹੇਰੀ ਨੂੰ ਰੋਕਣ ਦੇ ਨਾਮ ਹੇਠ ਪੰਜਾਬ ਪੁਲਿਸ ਨੇ ਵੀ 50,000 ਤੋਂ ਵੱਧ ਪੰਜਾਬੀ ਨੌਜਵਾਨਾਂ ਦਾ ਕਤਲ ਕਰ ਦਿੱਤਾ। ਇਸ ਧਾਰਮਿਕ ਕੱਟੜਵਾਦੀ ਵਹਿਸ਼ਤ ਬਾਰੇ ਜਿੱਥੇ ਇੱਕ ਪਾਸੇ ਕੁਲਵੰਤ ਸਿੰਘ ਢੱਲਾ ਆਪਣੀ ਕਵਿਤਾ ‘ਵਹਿਸ਼ਤ’ ਰਾਹੀਂ ਚੇਤਨਾ ਪੈਦਾ ਕਰਦਾ ਹੈ, ਉੱਥੇ ਹੀ ਉਹ ਲੋਕਾਂ ਨੂੰ ਅਜਿਹੀ ਵਹਿਸ਼ਤ ਦੇ ਖ਼ਿਲਾਫ਼ ਉੱਠਣ ਲਈ ਵੀ ਵੰਗਾਰਦਾ ਹੈ। ਪੇਸ਼ ਹਨ ਉਸ ਦੀ ਕਵਿਤਾ ‘ਵਹਿਸ਼ਤ’ ਦੇ ਕੁਝ ਚੋਣਵੇਂ ਹਿੱਸੇ:
1.
ਵਕਤ ਦੇ ਸ਼ਾਹ ਸਵਾਰੋ ਉਠੋ
ਵਹਿਸ਼ਤ ਦੀ ਘੋੜੀ ਬੇਲਗਾਮੀ ਹੈ
ਇਹ ਖੌਰੂ ਪੌਣ ਲੱਗੀ ਹੈ
ਤਬਾਹੀ ਪਿੱਠ ਚੁੱਕੀ ਹੈ
ਇਹਦੀ ਇਹੋ ਨਿਸ਼ਾਨੀ ਹੈ
2.
ਵੱਖਵਾਦ ਦਾ ਲੂਸਣ
ਇਹਦੀ ਖੁਰਲੀ ‘ਚੋਂ ਲੱਭਾ ਹੈ
ਅੱਤਵਾਦ ਦਾ ਖੁਰਕਣ
ਇਹਦੇ ਤਾਂ ਜਿਸਮ ਲੱਗਾ ਹੈ
ਪੈਰੀਂ ਕਹਿਰ ਦਾ ਭੜਥੂ
ਨਾਂ ਕੋਈ ਜੰਜ਼ੀਰ ਵੱਜੀ ਹੈ
ਇਹਦੇ ਤਾਂ ਰੰਗ ਢੰਗ ਵੱਖਰੇ ਨੇ
ਇਹਦੀ ਤਾਂ ਵੱਖਰੀ ਕਹਾਣੀ ਹੈ
3.
ਤੁਸੀਂ ਜੋ ਅਪਣੱਤ ਬੀਜੀ ਸੀ
ਸਨ ਸਿੱਟੇ ਭਾਈਚਾਰੇ ਦੇ
ਉਹ ਸਭ ਇਸ ਬੁਰਕ ਜਾਣੇ ਨੇ
ਛੱਡੇ ਕਿਸ ਸਹਾਰੇ ਨੇ
ਫਿਰ ਬੈਠੇ ਜੋ ਝੂਰੋਗੇ
ਕਿ ਇਹ ਕਿਸਨੇ ਲਿਤਾੜੇ ਨੇ
ਤਬਾਹੀ ਰੁਕਣ ਵਾਲੀ ਨਹੀਂ
ਇਹਦੀ ਵੱਖਰੀ ਰਵਾਨੀ ਹੈ
----
ਇਕੱਲੇ ਧਰਮਿਕ ਕੱਟੜਵਾਦੀ ਦਹਿਸ਼ਤਗਰਦਾਂ ਨੇ ਹੀ ਮਨੁੱਖੀ ਕਦਰਾਂ ਕੀਮਤਾਂ ਦੀ ਤਬਾਹੀ ਨਹੀਂ ਮਚਾਈ; ਸਭਿਆਚਾਰ ਦੇ ਨਾਮ ਉੱਤੇ ਵੀ ਬਹੁਤ ਅੱਤਿਆਚਾਰ ਕੀਤਾ ਜਾ ਰਿਹਾ ਹੈ। ਬਹੁਤ ਮਨੁੱਖੀ ਕਤਲੋਗਾਰਤ ਕੀਤੀ ਜਾ ਰਹੀ ਹੈ। ਦੁਨੀਆਂ ਦਾ ਸ਼ਾਇਦ ਕੋਈ ਵਿਰਲਾ ਹੀ ਸਭਿਆਚਾਰ ਹੋਵੇਗਾ ਜੋ ਇਸ ਦੋਸ਼ ਤੋਂ ਬਚ ਸਕਿਆ ਹੋਵੇ। ਸਭਿਆਚਾਰ ਦੇ ਲੰਬੜਦਾਰਾਂ ਵੱਲੋਂ ਜਦੋਂ ਘਿਨਾਉਣੀਆਂ ਹਰਕਤਾਂ ਕੀਤੀਆਂ ਜਾਂਦੀਆਂ ਹਨ ਤਾਂ ਸਮਾਜ ਦੇ ਚੇਤੰਨ ਲੋਕਾਂ ਨੂੰ ਮਜਬੂਰ ਹੋ ਕੇ ਅਜਿਹੀਆਂ ਹਰਕਤਾਂ ਖ਼ਿਲਾਫ਼ ਆਪਣੀ ਨਫ਼ਰਤ ਦਾ ਇਜ਼ਹਾਰ ਕਰਨਾ ਹੀ ਪੈਂਦਾ ਹੈ। ਕੁਲਵੰਤ ਸਿੰਘ ਢੱਲਾ ਵੀ ਆਪਣੀ ਕਵਿਤਾ ‘ਸਭਿਆਚਾਰ’ ਦੀਆਂ ਇਨ੍ਹਾਂ ਸਤਰਾਂ ਵਿੱਚ ਆਪਣਾ ਅਜਿਹਾ ਫਰਜ਼ ਹੀ ਨਿਭਾ ਰਿਹਾ ਹੈ ਜਦੋਂ ਉਹ ਅਜਿਹੇ ਭ੍ਰਿਸ਼ਟ ਸਭਿਆਚਾਰਕ ਲੰਬੜਦਾਰਾਂ ਦੀਆ ਕੋਝੀਆਂ ਹਰਕਤਾਂ ਦਾ ਭਾਂਡਾ ਚੌਰਾਹੇ ਵਿੱਚ ਭੰਨ ਰਿਹਾ ਹੈ:
ਹੰਸਾਂ ਵਰਗੇ ਸਭਿਆਚਾਰ
ਕੁੱਕੜਾਂ ਵਾਂਗ ਲੋਕੀਂ ਲੜਵਾਉਂਦੇ
ਖੇਹ ਉੱਡਦੀ ਜਦ ਝਾਟੇ ਪੈਂਦੀ
ਫਿਰ ਝਾਟਾ ਨੇ ਕਿਉਂ ਲੁਕਾਉਂਦੇ
ਰੱਤ ਵਗਦੀ ਜੋ, ਸਭਿਆਚਾਰ ਦੇ ਪੰਜੀਂ
ਉਸ ਨਾਲ ਆਪਣਾ ਤਿਲਕ ਸਜਾਉਂਦੇ
ਬਿਟ ਬਿਟ ਤੱਕੇ ਸਭਿਆਚਾਰ
ਕੀ ਕਰਦੇ ਮੇਰੇ ਲੰਬੜਦਾਰ
----
ਕੁਝ ਅਜਿਹੀ ਹੀ ਗੱਲ ਉਹ ਆਪਣੀ ਕਵਿਤਾ ‘ਸਾਦੇ ਲੋਕ’ ਦੀਆਂ ਇਨ੍ਹਾਂ ਸਤਰਾਂ ਵਿੱਚ ਵੀ ਕਹਿੰਦਾ ਹੈ; ਭਾਵੇਂ ਕਿ ਕੁਝ ਜ਼ਰਾ ਵੱਖਰੇ ਅੰਦਾਜ਼ ਵਿੱਚ:
ਆਪਣੇ ਸਭਿਅਤਾ ਦੇ ਛੁਰੀਆਂ ਤੇ ਕਾਂਟੇ
ਕਈ ਲੋਕੀਂ ਸਾਡੀ ਉਂਗਲ ਖੋਭਣ
ਕਿਵੇਂ ਹਾਂ ਅਸੀਂ ਦਰਦ ਮਨਾਉਂਦੇ
ਆਪਣੇ ਰੰਗ ਵਿੱਚ ਬੈਠੇ ਸੋਚਣ
ਆਪਣੀ ਬੁੱਕਲ ਲੱਡੂ ਭੰਨਣ
ਸਾਡੀ ਥਾਲੀ ਲੂਣ ਵੀ ਟੋਕਣ
ਸਾਡੇ ਵਾਲੀਂ ਛਿਲ ਛਿਲ ਵੇਖਣ
ਇਹ ਰੱਖਦੇ ਨੇਕ ਇਰਾਦੇ ਲੋਕ
----
‘ਮੇਰੀਏ ਨੀ ਮਾਂ’ ਕਾਵਿ-ਸੰਗ੍ਰਹਿ ਵਿੱਚ ਕੁਲਵੰਤ ਸਿੰਘ ਢੱਲਾ ਪਰਵਾਸੀ ਪੰਜਾਬੀ ਸਭਿਆਚਾਰ ਦੀਆਂ ਸਮੱਸਿਆਵਾਂ ਦਾ ਵੀ ਚਰਚਾ ਕਰਦਾ ਹੈ। ਪਰਵਾਸ ਵਿੱਚ ਰਹਿ ਰਹੇ ਅਨੇਕਾਂ ਪੰਜਾਬੀ ਦੂਹਰੀ ਜ਼ਿੰਦਗੀ ਜਿਉਂਦੇ ਹਨ। ਪਰ ਕਈ ਵਾਰੀ ਉਨ੍ਹਾਂ ਦਾ ਅਜਿਹਾ ਦੁਹਰਾਪਣ ਤਰਾਸਦਿਕ ਸਥਿਤੀਆਂ ਨੂੰ ਜਨਮ ਦਿੰਦਾ ਹੈ। ਭਾਰਤੀ ਸਭਿਆਚਾਰ ਵਿੱਚ ਜੰਮੇ ਪਲੇ ਲੋਕ ਪਰਿਵਾਰਕ ਰਿਸ਼ਤਿਆਂ ਵਿੱਚ ਬੱਝੇ ਹੁੰਦੇ ਹਨ; ਪਰ ਵਿਦੇਸ਼ਾਂ ਵਿੱਚ ਆ ਕੇ ਜਦੋਂ ਅਜਿਹੇ ਪ੍ਰਵਾਰਕ ਰਿਸ਼ਤਿਆਂ ਦੇ ਕੋਈ ਵਿਸ਼ੇਸ਼ ਅਰਥ ਨਹੀਂ ਰਹਿ ਜਾਂਦੇ ਤਾਂ ਲੋਕਾਂ ਨੂੰ ਬੇਗਾਨਗੀ ਦਾ ਅਹਿਸਾਸ ਹੁੰਦਾ ਹੈ। ਇਸ ਸਮੱਸਿਆ ਨੂੰ ਸਭਿਆਚਾਰਾਂ ਦਾ ਟਕਰਾਓ ਵੀ ਕਿਹਾ ਜਾ ਸਕਦਾ ਹੈ। ਅਜਿਹੀਆਂ ਹਾਲਤਾਂ ਵਿੱਚ ਵਿਚਰਦਿਆਂ ਲੋਕਾਂ ਦੀ ਮਾਨਸਿਕਤਾ ਵਿੱਚ ਦੁਫੇੜ ਵੀ ਪੈਦਾ ਹੋ ਜਾਂਦਾ ਹੈ। ਇਸ ਸਮੱਸਿਆ ਨੂੰ ‘ਸਮੁੰਦਰੋਂ ਪਾਰ’ ਕਵਿਤਾ ਖੂਬਸੂਰਤੀ ਨਾਲ ਪੇਸ਼ ਕਰਦੀ ਹੈ:
1.
ਦੇਸੋਂ ਤੂੰ ਪਰਦੇਸ ਪੁਚਾਇਆ
ਨਾ ਕੋਈ ਚਾਚਾ ਨਾ ਕੋਈ ਤਾਇਆ
ਦਹੇਜ ਦੀ ਪੇਟੀ ‘ਚ ਬੰਦ ਕਰ ਸਾਨੂੰ
ਕਿਵੇਂ ਦਾ ਤੂੰ ਤਾਲਾ ਲਾਇਆ
ਪੂਰਬ ਪੱਛਮ ਦੁੱਧ ਤੇ ਕਾਂਜੀ
ਸਾਥੋਂ ਇਹ ਪੁਣ ਨਾ ਹੋਵੇ
2.
ਘਰ ਪ੍ਰਦੇਸੀ ਤੇ ਬਾਹਰ ਨਹੀਂ ਦੇਸੀ
ਕਿਦਾਂ ਦੀ ਅਸੀਂ ਉਣ ਲਈ ਖੇਸੀ
ਕੀ ਸਾਡੇ ਪੱਲੇ ਮਾਖਿਓਂ ਬੱਧਾ
ਜਿਸਦੀ ਕਦੀ ਮਿੱਠਤ ਨਹੀਂ ਦੇਖੀ
ਇਹਨਾਂ ਨਗਰਾਂ ਦੇ ਰੰਗ ਢੰਗ ਕੋਰੇ
ਵਿੱਚ ਸਾਡੀ ਚਮੜੀ ਸੁੰਨ ਹੋਵੇ
----
ਸਮਾਜਿਕ, ਰਾਜਨੀਤਕ, ਧਾਰਮਿਕ, ਸਭਿਆਚਾਰਕ ਸਮੱਸਿਆਵਾਂ ਨੂੰ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਨਾਉਣ ਦੇ ਨਾਲ ਨਾਲ ਕੁਲਵੰਤ ਸਿੰਘ ਢੱਲਾ ਭਾਸ਼ਾ ਅਤੇ ਕਾਵਿਕਤਾ ਦੀ ਵੀ ਗੱਲ ਕਰਦਾ ਹੈ। ਉਹ ਅਜਿਹੇ ਮਖੌਟਾਧਾਰੀ ਸ਼ਾਇਰਾਂ ਦੀ ਆਲੋਚਨਾ ਕਰਦਾ ਹੈ ਜੋ ਸਿਰਫ ਇਸ ਗੱਲ ਨੂੰ ਹੀ ਮਹੱਤਤਾ ਦਿੰਦੇ ਹਨ ਕਿ ਉਨ੍ਹਾਂ ਦੀ ਕਵਿਤਾ ਦੀ ਕਿਤਾਬ ਕਿੰਨੇ ਮੋਟੇ ਕਾਗਜ਼ ਉੱਤੇ ਛਪੀ ਹੋਈ ਹੈ। ਅਜਿਹੇ ਸ਼ਾਇਰਾਂ ਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਹੁੰਦਾ ਕਿ ਉਨ੍ਹਾਂ ਦੀਆਂ ਕਵਿਤਾਵਾਂ ਵਿੱਚ ਕਿੰਨੀ ਕੁ ਡੂੰਘਾਈ ਹੈ।
----
ਕੁਲਵੰਤ ਸਿੰਘ ਢੱਲਾ ਨੂੰ ਨਿਰਸੰਦੇਹ ਕੈਨੇਡਾ ਦੇ ਚੇਤੰਨ ਪੰਜਾਬੀ ਲੇਖਕਾਂ ਵਿੱਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ‘ਮੇਰੀਏ ਨੀ ਮਾਂ’ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਕਰਕੇ ਕੁਲਵੰਤ ਸਿੰਘ ਢੱਲਾ ਨੇ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਜ਼ਿਕਰਯੋਗ ਵਾਧਾ ਕੀਤਾ ਹੈ। ਮੈਂ ਉਸਦੀ ਕਵਿਤਾ ਬਾਰੇ ਆਪਣੀ ਗੱਲ ਉਸਦੀ ਕਵਿਤਾ ‘ਅੱਖਰ’ ਦੀਆਂ ਇਨ੍ਹਾਂ ਸਤਰਾਂ ਨਾਲ ਹੀ ਸਮਾਪਤ ਕਰਨੀ ਚਾਹਾਂਗਾ:
ਤੂੰ ਅੱਖਰਾਂ ਦੀ ਡੂੰਘਾਈ ਵਿੱਚ ਜਾਅ
ਤੂੰ ਵਰਕੇ ਦੀ ਮੋਟਾਈ ‘ਚੋਂ ਕੀ ਲੈਣਾ
ਡੂੰਘਾਈਆਂ ਨੇ ਤਾਂ ਸਤਹ ਤੇ ਆਉਣਾ ਨਹੀਂ
ਬਸ ਤੂੰ ਸਤਹ ‘ਤੇ ਹੀ ਤਰਦੇ ਰਹਿਣਾ
No comments:
Post a Comment