ਲੇਖ
ਦੋਸਤੀ ਮੋਹ ਦੀ ਸਿਖ਼ਰ ਅਤੇ ਅਪਣੱਤ ਦੇ ਮਘਦੇ ਅਹਿਸਾਸ ਦਾ ਨਾਂ ਹੈ । ਦੋਸਤੀ ਮਨਾਂ ਦੇ ਅੰਦਰ ਪਲ਼ਦੇ ਸੱਚੇ ਸਾਥ ਨੂੰ ਵੀ ਆਖਿਆ ਜਾ ਸਕਦਾ ਹੈ। ਦੋਸਤੀ ਮਨੁੱਖੀ ਰਿਸ਼ਤਿਆਂ ਦਾ ਉਹ ਫੁੱਲ ਹੈ, ਜੀਹਦੇ ਵਰਗਾ ਦੁਨੀਆਂ ਵਿੱਚ ਹੋਰ ਕੋਈ ਫੁੱਲ ਨਹੀਂ, ਜੀਹਦੇ ਵਰਗੀ ਹੋਰ ਕੋਈ ਸੁਗੰਧੀ ਨਹੀਂ। ਕਹਿੰਦੇ ਹਨ ਕਿ ਸਤੀ-ਸਵਿੱਤਰੀ ਔਰਤ ਦਾ ਧਰਮ ਹੁੰਦਾ ਹੈ-ਸਤ। ਸਤ, ਭਾਵ ਸੱਚ। ਉਸ ਨੂੰ ਸੱਚ ਦੇ ਲੜ ਲੱਗ ਇਸ ਦੀ ਪਾਲਨਾ ਕਰਨੀ ਪੈਂਦੀ ਹੈ। ਪਰ ਦੋਸਤ ਬਣਨ ਵਾਸਤੇ ਇੱਕ ਸੱਚ ਨਹੀਂ ਦੋ ਸਤ (ਦੋ+ਸਤ) ਭਾਵ ਦੋ ਸੱਚ ਪਾਲਣੇ ਪੈਂਦੇ ਹਨ। ਚੰਗੇ ਮਾੜੇ ਸਮੇਂ ਵਿੱਚ ਸਿਰਾਂ ਨਾਲ ਨਿਭਣ ਵਾਲੇ ਨੂੰ ਹੀ ਦੋਸਤ ਆਖਿਆ ਜਾ ਸਕਦਾ ਹੈ। ਜਿੱਥੇ ਦੋਸਤੀ ਕਿਸੇ ਸਾਂਝੇ ਹਾਸੇ ਦਾ ਨਾਂ ਹੈ ਉੱਥੇ ਹੀ ਦੁੱਖ ਨੂੰ ਅੱਧੋ-ਅੱਧ ਕਰਨ ਦਾ (ਵੰਡਾਉਂਣ) ਸਾਹਸ ਵੀ ਦੋਸਤ ਹੀ ਕਰ ਸਕਦਾ ਹੈ। ਇਹੋ ਤਾਂ ਦੋਸਤੀ ਦੀ ਸੁੱਚੀ ਪਛਾਣ ਦਾ ਸੱਚਾ ਕੇਂਦਰ ਬਿੰਦੂ ਹੁੰਦਾ ਹੈ। ਦੋਸਤੀ ਬਾਰੇ ਬਹੁਤ ਕੁੱਝ ਸੁਣਨ ਨੂੰ ਮਿਲਦਾ ਹੈ। ਇਹ ਤਾਂ ਦਿਲ ਮਿਲ਼ੇ ਦਾ ਮੇਲਾ ਵਾਲੀ ਗੱਲ ਹੈ। ਕਿਤੇ ਰਾਜੇ-ਰੰਕ ਵਾਲੀ ਦੋਸਤੀ ਦੀ ਮਿਸਾਲ ਦੇਣ ਵਾਲੇ ਕ੍ਰਿਸ਼ਨ ਸੁਦਾਮੇ ਦੀ ਦੋਸਤੀ ਦੀ ਮਿਸਾਲ ਪੇਸ਼ ਕਰਦੇ ਹਨ। ਪੰਜਾਬੀ ਸਮਾਜ ਵਿਚ ਜਿਊਣੇ ਮੌੜ ਤੇ ਇਹਦੇ ਵਰਗੀਆਂ ਹੋਰ ਦੰਦ ਕਥਾਵਾਂ ਦੋਸਤੀ ਵਾਲੇ ਸੰਦਰਭ ਦੇ ਅੰਦਰ ਝਾਕਦੀਆਂ ਹਨ।
----
ਹਿੰਦੂ ਮੱਤ ਨੂੰ ਪ੍ਰਣਾਏ ਲੋਕ ਹੱਦੋਂ ਬਾਹਰੀਆਂ ਦੋਸਤੀਆਂ ਨੂੰ ਜਾਣੇ ਅਣਜਾਣੇ (ਜਾਂ ਅੰਨ੍ਹੀ ਸ਼ਰਧਾ ਵਸ) ਮਾਨਤਾ ਹੀ ਨਹੀਂ ਦਿੰਦੇ ਉਨ੍ਹਾਂ ਦੀ ਪੂਜਾ ਤੱਕ ਕਰਦੇ ਹਨ। ਸਵੇਰ ਵੇਲੇ ਰਾਮ ਦੇ ਭਗਤ ਪੂਜਾ ਸਮੇਂ ਸੀਤਾ-ਰਾਮ ਦਾ ਜਾਪ ਕਰਦੇ ਹਨ। ਭਾਵ ਸੀਤਾ ਦਾ ਨਾਮ, ਰਾਮ ਤੋਂ ਵੀ ਪਹਿਲਾਂ ਲੈਂਦੇ ਹਨ। ਕ੍ਰਿਸ਼ਨ ਦੇ ਭਗਤ ਕ੍ਰਿਸ਼ਨ ਦਾ ਨਾਂ ਲੈਣ ਤੋ ਪਹਿਲਾ ਰਾਧਾ (ਰਾਧਾ-ਕ੍ਰਿਸ਼ਨ ਦਾ ਇਕੱਠਾ ਨਾਂ ਲੈਂਦੇ ਹਨ) ਦਾ ਨਾਮ ਲੈਂਦੇ ਹਨ। ਜਿਵੇਂ ਕਿ ਸਾਰੇ ਹੀ ਜਾਣਦੇ ਹਨ ਕਿ ਕ੍ਰਿਸ਼ਨ ਦੀ ਪਤਨੀ ਦਾ ਨਾਂ ਤਾਂ ਰੁਕਮਣੀ ਸੀ, ਫੇਰ ਕ੍ਰਿਸ਼ਨ ਨਾਲ ਰਾਧਾ ਕਿਉਂ? ਰੁਕਮਣੀ ਕਿਉਂ ਨਹੀਂ? ਕਹਿੰਦੇ ਹਨ ਕਿ ਰਾਧਾ ਰਿਸ਼ਤੇ ’ਚੋਂ ਕ੍ਰਿਸ਼ਨ ਦੀ ਭੂਆ ਲਗਦੀ ਸੀ। ਭਗਤ ਲੋਕ ਰਾਧਾ ਨੂੰ ਕ੍ਰਿਸ਼ਨ ਦੀ ਗੋਪੀ ਦੱਸਦੇ ਹਨ। ਕਿਹਾ ਜਾਂਦਾ ਹੈ ਕਿ ਰਾਧਾ ਕ੍ਰਿਸ਼ਨ ਦੇ ਬਹੁਤ ਨੇੜੇ ਸੀ। ਭਗਤ ਲੋਕ ਇਹਨਾਂ ਦੇ ਰਿਸ਼ਤੇ ਨੂੰ ਹੋਰ ਤਰ੍ਹਾਂ ਦਾ ਰਿਸ਼ਤਾ ਵੀ ਆਖਦੇ ਹਨ। ਦੋਸਤੀ ਹੁੰਦਾ ਹੀ ਹੋਰ ਤਰ੍ਹਾਂ ਦਾ ਰਿਸ਼ਤਾ ਹੈ। ਇਸਦੇ ਅੰਦਰ ਸਾਧਾਰਨਤਾ ਹੁੰਦੀ ਹੀ ਨਹੀਂ। ਤੇਰ-ਮੇਰ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਬਸ! ਇਹ ਤਾਂ ਦੋਸਤੀ ਹੁੰਦੀ ਹੈ। ਉਂਜ ਵੀ ਔਰਤ ਮਰਦ ਦੀ ਦੋਸਤੀ ਇਲਜ਼ਾਮ ਵਰਗੀ ਹੀ ਨਹੀਂ ਇਬਾਦਤ ਵਰਗੀ ਵੀ ਹੁੰਦੀ ਹੈ । ਜਦੋਂ ਕੋਈ ਰੱਬ ਦਾ ਭਗਤ ਦੋਸਤੀ ਵਾਲੇ ਇਸ ਸੰਦਰਭ ’ਚ ਗੱਲ ਕਰਦਾ ਹੈ ਤਾਂ ੳਹ ‘ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ’ ਆਖਦਾ ਹੈ । ਜੇ ਫੇਰ ਦੋਸਤੀ ਦੇ ਸਿਖਰ ਨੂੰ ਦੇਖਣਾ ਹੋਵੇ ਤਾਂ ਦੋ ਜੀਊਂਦਿਆਂ ਦਾ ਇਕ ਦੂਜੇ ਨੂੰ ਆਖਿਆ ‘ਤੇਰੀ ਆਈ ਮੈਂ ਮਰਜਾਂ ……’ ਭਲਾਂ ਦੋਸਤ ਤੋਂ ਬਿਨਾ ਕਿਸੇ ਲਈ ਕੌਣ ਮਰ ਸਕਦਾ ਹੈ? ਜਾਂ ਫੇਰ ‘ਤੂੰ ਫੁੱਲ ਤੇ ਮੈਂ ਖ਼ੁਸ਼ਬੋ......’ ਦੇ ਖਿਆਲ ਵੱਲ ਧਿਆਨ ਦੇਣਾ ਬਣਦਾ ਹੈ । ਕਿਉਂਕਿ ਫੁੱਲ ਤੋਂ ਖ਼ੁਸ਼ਬੋ ਨੂੰ ਜੁਦਾ ਕੀਤਾ ਹੀ ਨਹੀਂ ਜਾ ਸਕਦਾ। ਦੋਸਤੀ ’ਚ ਕਿਸੇ ਦੇ ਹੰਝੂ ਆਪਣੀਆਂ ਅੱਖਾਂ ਥਾਣੀਂ ਵਹਾਉਣੇ ਪੈਂਦੇ ਹਨ। ਕਿਸੇ ਦਾ ਹਾਸਾ ਆਪਣੇ ਬੁੱਲ੍ਹਾਂ ’ਤੇ ਨਚਾਉਣਾ ਪੈਂਦਾ ਹੈ। ਯਾਰ ਦੀ ਕਮਲੀ ਹੋ ਜਾਣਾ ਪੈਂਦਾ ਹੈ। ਮੋਹ ਦੀ ਸੱਚੀ ਸੁੱਚੀ ਮਹਿਕ ਨੂੰ ਪਾ ਲੈਣ ਦਾ ਨਾਂ ਹੀ ਦੋਸਤੀ ਹੈ। ਦੋਸਤੀ ਦੇ ਅਰਥ ਪਾ ਲੈਣੇ ਕੋਈ ਸੌਖੀ ਗੱਲ ਨਹੀਂ। ਇਹ ਸਮੁੰਦਰੋਂ ਵੱਧ ਡੂੰਘੇ ਆਖੇ ਜਾ ਸਕਦੇ ਹਨ। ਇਹ ਅਖੌਤਾਂ ਰਾਹੀਂ ਨਹੀਂ ਅਮਲਾਂ ਵਿੱਚ ਹੀ ਪਰਖੀ ਜਾਂਦੀ ਹੈ।
----
ਦੋਸਤੀ ਤਾਂ ਚੰਗੇ-ਮਾੜੇ ਸਮੇਂ ਵਿੱਚ ਕਿਸੇ ਆਪਣੇ ਵਾਸਤੇ ਸਿਰ ਨਾਲ ਨਿਭਣ ਦਾ ਨਾਂ ਹੈ। ਜਿੱਥੇ ਕਿਤੇ ਦੋਸਤ ਦੀਆਂ ਪ੍ਰਾਪਤੀਆਂ ਵਾਸਤੇ ਮਾਣ ਹੋਣਾ ਲਾਜ਼ਮੀ ਹੈ ਉੱਥੇ ਹੀ ਦੋਸਤ ਜੇ ਕਿਸੇ ਗਲਤ ਰਾਹੇ ਜਾਂ ਕੁਰਾਹੇ ਪਵੇ ਤਾਂ ੳਸਨੂੰ ਟੋਕਣਾ ਤੇ ਰੋਕਣਾ ਵੀ ਦੋਸਤ ਦਾ ਹੀ ਫ਼ਰਜ਼ ਹੁੰਦਾ ਹੈ। ਕੋਈ ਵੀ ਬੇਗਾਨਾ ਕਿਸੇ ਦੂਸਰੇ ਨੂੰ ਮਾੜੇ ਕੰਮੋਂ ਜਾਂ ਗ਼ਲਤ ਰਾਹੇ ਜਾਂਦੇ ਨੂੰ ਰੋਕਦਾ ਨਹੀਂ। ਕੋਈ ਅਜਿਹਾ ਯਤਨ ਵੀ ਨਹੀਂ ਕਰਦਾ ਕਿਉਂਕਿ ਕਿਸੇ ਬੇਗਾਨੇ ਜਾਂ ਬੇਗਾਨਗੀ ਦਾ ਕਿਸੇ ਦੂਸਰੇ ਸਮਝੇ ਜਾਂਦੇ ਨਾਲ ਕਾਹਦਾ ਵਾਸਤਾ? ਸਗੋਂ ਕਈ ਵਾਰ ਖਾਰ ਖਾਣ ਵਾਲੇ ਦਿਲਾਂ ਵਿੱਚ ਨਫ਼ਰਤਾਂ ਪਾਲੀ ਬੈਠੇ ਅਜਿਹੇ ਲੋਕਾਂ ਨੂੰ ਮਾੜੇ ਜਾਂ ਗਲਤ ਰਾਹ ਵੱਲ ਤੁਰਨ ਲਈ ਉਕਸਾਉਂਦੇ ਤੇ ਪ੍ਰੇਰਦੇ ਵੀ ਹਨ ਅਤੇ ਹੱਲਾਸ਼ੇਰੀ ਵੀ ਦਿੰਦੇ ਹਨ। ਆਪਣੇ ਪੱਲਿਉਂ ਖਰਚ ਕਰਕੇ ਕਿਸੇ ਦੂਸਰੇ ਦੇ ਘਰ ਨੂੰ ਪੱਟਣ, ਤਬਾਹ ਕਰਨ ਵਾਲੀ ਮਾੜੀ ਸ਼ਰੀਕੇਬਾਜੀ ਵਾਲੀ ਮਾਨਸਿਕਤਾ ਬਹੁਤ ਸਾਰੇ ਲੋਕਾਂ ਵਿੱਚ ਹੁੰਦੀ ਹੈ। ਜਦੋਂ ਅਜਿਹਾ ਮਨੁੱਖ ਮਾੜੇ ਰਾਹੇ ਤੁਰ ਪਵੇ ਤਾਂ ਉਹੀ ਮਾੜੇ ਲੋਕ ਝੂਠੀ ਜਿੱਤ ਵਾਲਾ ਮੀਸਣਾ ਹਾਸਾ ਹੱਸਦੇ ਹਨ । ਇਹੋ ਜਿਹੇ ਲੋਕ ਕਮੀਨਗੀ ਦਾ ਸਿਰਾ ਆਖੇ ਜਾ ਸਕਦੇ ਹਨ ।
----
ਕਿਸੇ ਦਾ ਆਪਣੇ ਦੋਸਤ ਪ੍ਰਤੀ ਆਲੋਚਕ ਹੋਣਾ ਉਸ ਦੇ ਮੋਹ ਦਾ ਸੂਚਕ /ਸਬੂਤ ਹੁੰਦਾ ਹੈ। ਜੋ ਦੋਸਤੀ ਦਾ ਧੁਰਾ ਹੈ। ਜੇ ਕੋਈ ਆਪਣੇ ਦੋਸਤ ਨੂੰ ਕਿਸੇ ਮਾੜੇ ਰਾਹੇ ਜਾਂਦਿਆਂ ਰੋਕਦਾ-ਟੋਕਦਾ ਹੀ ਨਹੀਂ ਤਾਂ ੳਹ ਦੋਸਤ ਕਹਾੳਣ ਦਾ ਹੱਕਦਾਰ ਹੀ ਨਹੀਂ ਹੋ ਸਕਦਾ। ਜਿਹੜਾ ਮਨੁੱਖ ਆਪਣੇ ਦੋਸਤ ਦੀ ਕਹੀ ਸੱਚੀ ਗੱਲ ਸੁਣਨ, ਸਮਝਣ ਤੋ ਇਨਕਾਰ ਕਰਦਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਕਿ ਉਸ ਨੂੰ ਦੋਸਤੀ ਦੀ ਸਮਝ-ਸੂਝ ਹੀ ਨਹੀਂ ਹੁੰਦੀ ਜਾਂ ਫੇਰ ਉਹ ਦੋਸਤੀ ਦੇ ਲਾਇਕ ਹੀ ਨਹੀਂ ਹੁੰਦਾ। ਦੋਸਤੀ ਹਰ ਕਿਸੇ ਦੇ ਸਮਝ ਆਉਣ ਵਾਲੀ ‘ਸ਼ੈਅ’ ਵੀ ਨਹੀਂ। ਸਿਰਫ ਨਿਰਮਲ ਮਨਾਂ ਵਿਚ ਹੀ ਇਸਦਾ ਵਾਸ ਹੁੰਦਾ ਹੈ।
----
ਦੋਸਤੀ ਦੇ ਅਰਥ ਸਮਝਣ ਵਾਸਤੇ ਮਨੁਖੀ ਮਨਾਂ ਅੰਦਰਲੇ ਸੱਤਾ ਰੰਗਾਂ ਦੀ ਸੁਗੰਧ ਸੁੰਘਣ/ਫੜਨ ਜੋਗੀ ਸੂਝ/ਸਮਝ, ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਹੈ। ਦੋਸਤੀ ਵਰਗਾ ਹੋਰ ਕੋਈ ਧਰਮ ਨਹੀਂ ਹੁੰਦਾ। ਦੋਸਤੀ ਵਰਗਾ ਹੋਰ ਕੋਈ ਨਸ਼ਾ ਨਹੀਂ ਹੁੰਦਾ। ਇਸਦੇ ਆਸਰੇ ਸਾਰਾ ਹੀ ਜਗ ਨਸ਼ਿਆਇਆ ਨਜ਼ਰ ਆਉਂਦਾ ਹੈ। ਇਹਦੇ ਆਸਰੇ ਹੀ ‘ਸਾਰਾ ਪਿੰਡ ਮਿੱਤਰਾਂ ਦਾ’ ਨਜ਼ਰ ਆਉਣ ਲੱਗ ਪੈਂਦਾ ਹੈ। ਜਿੱਥੇ ਮੋਹ ਨਿਮਰਤਾ, ਨਿਰਮਾਣਤਾ ਅਤੇ ਦੂਜੇ ਵਾਸਤੇ ਆਪਣਾ ਆਪ ਵਾਰ ਦੇਣ ਦਾ ਹੌਸਲਾ ਤੇ ਸਿਦਕ ਪੱਲੇ ਹੋਣਾ ਲਾਜ਼ਮੀ ਹੁੰਦਾ ਹੈ। ਆਪਾ ਵਾਰ ਕੇ ਹੀ ਕਿਸੇ ਨੂੰ ਆਪਣਾ ਬਣਾਇਆ ਤੇ ਪਾਇਆ ਜਾ ਸਕਦਾ ਹੈ। ਆਪਾ ਵਾਰਨ ਦਾ ਸਿਦਕ ਪੱਲੇ ਬੰਨ੍ਹ ਕੇ ਹੀ ਦੋਸਤੀ ਨੂੰ ਪਾਲਿਆ ਜਾ ਸਕਦਾ ਹੈ। ਫੇਰ ਦੋਸਤੀ ਮਹਿਕ ਦਾ ਰੂਪ ਧਾਰ ਲੈਂਦੀ ਹੈ - ਜ਼ਿੰਦਗੀ ਨੂੰ ਨਸ਼ਿਆ ਦੇਣ ਵਾਲੀ ਮਹਿਕ ।
No comments:
Post a Comment