ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Saturday, July 18, 2009

ਹਰਦੇਵ ਗਰੇਵਾਲ - ਕਹਾਣੀ ਲੈਲਾ - ਭਾਗ ਪਹਿਲਾ

ਲੈਲਾ

ਕਹਾਣੀ

ਮੂਲ ਲੇਖਕ: ਮੁਨਸ਼ੀ ਪ੍ਰੇਮ ਚੰਦ

ਹਿੰਦੀ ਤੋਂ ਪੰਜਾਬੀ ਅਨੁਵਾਦ:- ਹਰਦੇਵ ਗਰੇਵਾਲ

ਭਾਗ - ਪਹਿਲਾ

ਇਹ ਕੋਈ ਨਹੀਂ ਜਾਣਦਾ ਸੀ ਕਿ ਲੈਲਾ ਕੌਣ ਹੈ, ਕਿੱਥੋਂ ਆਈ ਹੈ ਅਤੇ ਕੀ ਕਰਦੀ ਹੈਇੱਕ ਦਿਨ ਲੋਕਾਂ ਨੇ ਇੱਕ ਬੇਜੋੜ ਹਸੀਨਾ ਨੂੰ ਤਹਿਰਾਨ ਦੇ ਚੌਂਕ ਵਿੱਚ ਆਪਣੀ ਡੱਫ 'ਤੇ ਹਾਫ਼ਿਜ਼ ਦੀ ਗ਼ਜ਼ਲ ਝੂੰਮ-ਝੂੰਮ ਕੇ ਗਾਉਂਦੇ ਸੁਣਿਆ ਤੇ ਸਾਰਾ ਤਹਿਰਾਨ ਉਸ 'ਤੇ ਫ਼ਿਦਾ ਹੋ ਗਿਆ, ਇਹੀ ਲੈਲਾ ਸੀ

ਲੈਲਾ ਦੇ ਰੰਗ-ਰੂਪ ਦੀ ਕਲਪਨਾ ਕਰਨੀ ਹੋਵੇ ਤਾਂ ਪਹ-ਫੁਟਾਲ਼ੇ ਦੀ ਪ੍ਰਫੁੱਲ ਲਾਲੀ ਦੀ ਕਲਪਨਾ ਕਰ ਲਉ, ਜਦ ਨੀਲਾ ਅਸਮਾਨ ਸੁਨਹਿਰੀ ਪ੍ਰਕਾਸ਼ ਨਾਲ ਨਹਾ ਜਾਂਦਾ ਹੈਬਹਾਰ ਦੀ ਕਲਪਨਾ ਕਰ ਲਉ, ਜਦ ਬਾਗ਼ 'ਚ ਰੰਗ-ਬਿਰੰਗੇ ਫੁੱਲ ਖਿੜ ਉੱਠਦੇ ਨੇ ਤੇ ਬੁਲਬੁਲਾਂ ਗਾਉਂਦੀਆਂ ਹਨ

ਲੈਲਾ ਦੀ ਗਾਉਣ-ਕਲਾ ਦੀ ਕਲਪਨਾ ਕਰਨੀ ਹੋਵੇ ਤਾਂ ਉਸ ਘੰਟੀ ਦੀ ਨਿਰੰਤਰ ਧੁਨੀ ਦੀ ਕਲਪਨਾ ਕਰ ਲਉ ਜੋ ਰਾਤ ਦੀ ਤਨਹਾਈ 'ਚ ਊਠਾਂ ਦੀਆਂ ਗਰਦਨਾਂ ਦੁਆਲ਼ੇ ਵੱਜਦੀ ਹੋਈ ਸੁਣਾਈ ਦਿੰਦੀ ਹੈ, ਜਾਂ ਉਸ ਬੰਸਰੀ ਦੀ ਆਵਾਜ਼ ਜੋ ਸਿਖਰ ਦੁਪਹਿਰੇ ਦੀ ਅਲਸਾਈ ਸ਼ਾਂਤੀ ਵਿੱਚ ਕਿਸੇ ਰੁੱਖ ਦੀ ਛਾਂ ਹੇਠ ਲੇਟੇ ਕਿਸੇ ਆਜੜੀ ਦੇ ਮੂੰਹੋਂ ਨਿੱਕਲਦੀ ਹੈ

----

ਜਿਸ ਵਕਤ ਲੈਲਾ ਮਸਤ ਹੋ ਕੇ ਗਾਉਂਦੀ ਸੀ, ਉਸਦੇ ਮੱਥੇ 'ਤੇ ਇੱਕ ਅਗੰਮੀ ਨੂਰ ਝਲਕਣ ਲਗ ਪੈਂਦਾ ਸੀਉਹ ਕਾਵਿ, ਸੰਗੀਤ, ਖ਼ੁਸ਼ਬੂ ਭਿੰਨੀ ਪੌਣ ਅਤੇ ਸੁੰਦਰਤਾ ਦਾ ਇੱਕ ਮਨਮੋਹਕ ਮੁਜੱਸਮਾ ਸੀ, ਜਿਸਦੇ ਸਾਹਮਣੇ ਛੋਟੇ ਅਤੇ ਵੱਡੇ, ਅਮੀਰ ਅਤੇ ਗ਼ਰੀਬ ਸਭਨਾਂ ਦੇ ਸਿਰ ਝੁਕ ਜਾਂਦੇ ਸਨ, ਸਭ ਮੰਤਰ-ਮੁਗਧ ਹੋ ਜਾਂਦੇ ਸਨ ਸਭ ਖੀਵੇ ਹੋ ਜਾਂਦੇ ਸਨ

ਉਹ ਉਸ ਆਉਣ ਵਾਲੇ ਸਮੇਂ ਦਾ ਸੰਦੇਸ਼ ਸੁਣਾਉਂਦੀ ਸੀ, ਜਦੋਂ ਦੇਸ਼ ਵਿੱਚ ਸੰਤੋਖ ਅਤੇ ਪ੍ਰੇਮ ਦਾ ਸਾਮਰਾਜ ਹੋਵੇਗਾ, ਜਦ ਆਪਸੀ ਕਲੇਸ਼ ਅਤੇ ਸੰਗ੍ਰਾਮ ਦਾ ਅੰਤ ਹੋ ਜਾਏਗਾ, ਉਹ ਰਾਜੇ ਨੂੰ ਜਗਾਉਂਦੀ ਤੇ ਕਹਿੰਦੀ ਇਹ ਵਿਲਾਸਤਾ ਕਦੋਂ ਤੱਕ, ਧਨ-ਦੌਲਤ ਦਾ ਭੋਗ ਆਖ਼ਿਰ ਕਦੋਂ ਤੱਕ? ਉਹ ਪਰਜਾ ਦੀਆਂ ਸੁੱਤੀਆਂ ਹੋਈਆਂ ਇੱਛਾਵਾਂ ਨੂੰ ਜਗਾਉਂਦੀ, ਉਹਨਾਂ ਦੇ ਦਿਲ ਦੀਆਂ ਤਾਰਾਂ ਨੂੰ ਆਪਣੀਆਂ ਸੁਰਾਂ ਨਾਲ ਝਿੰਜੋੜ ਦਿੰਦੀਉਹ ਉਹਨਾਂ ਅਮਰ ਯੋਧਿਆਂ ਦੇ ਸੋਹਲੇ ਗਾਉਂਦੀ ਜੋ ਦੀਨ ਦੁਖੀਆਂ ਦੀ ਪੁਕਾਰ ਸੁਣ ਕੇ ਬਿਹਬਲ ਹੋ ਉੱਠਦੇ ਸਨ,ਉਹਨਾਂ ਸੁੱਘੜ-ਸਿਆਣੀਆਂ ਦੀ ਮਹਿਮਾ ਗਾਉਂਦੀ ਜੋ ਮਾਣ-ਮਰਿਆਦਾ ਸਦਕਾ ਮਰ ਮਿਟੀਆਂ ਸਨ, ਉਸਦੀ ਅਨੁਰਾਗੀ ਸੁਰ ਸੁਣਕੇ ਲੋਕ ਦਿਲ ਫੜ ਕੇ ਬਹਿ ਜਾਂਦੇ ਸਨ, ਤੜਫ਼ ਉੱਠਦੇ ਸਨ

ਸਾਰਾ ਤਹਿਰਾਨ ਲੈਲਾ 'ਤੇ ਫ਼ਿਦਾ ਸੀ, ਦਲਿਤਾਂ ਲਈ ਉਹ ਆਸ ਦਾ ਦੀਵਾ ਸੀ, ਰਸੀਆਂ ਲਈ ਜੰਨਤ ਦੀ ਹੂਰ, ਧਨਾਢਾਂ ਲਈ ਆਤਮਾ ਦੀ ਜਾਗ੍ਰਿਤੀ ਅਤੇ ਸੱਤਾਵਾਦੀਆਂ ਲਈ ਦਯਾ ਅਤੇ ਧਰਮ ਦਾ ਸੰਦੇਸ਼, ਉਸਦੀ ਅੱਖ ਦੇ ਇਸ਼ਾਰੇ 'ਤੇ ਜਨਤਾ ਅੱਗ ਵਿੱਚ ਛਾਲ ਮਾਰ ਸਕਦੀ ਸੀ, ਜਿਵੇਂ ਚੇਤੰਨ ਜੜ੍ਹ ਨੂੰ ਆਕਰਸ਼ਿਤ ਕਰ ਦਿੰਦਾ ਹੈ, ਉਸੇ ਪ੍ਰਕਾਰ ਲੈਲਾ ਨੇ ਜਨਤਾ ਨੂੰ ਆਕਰਸ਼ਿਤ ਕਰ ਲਿਆ ਸੀ

----

ਅਤੇ ਇਹ ਬੇਜੋੜ ਹੁਸਨ ਅੰਮ੍ਰਿਤ ਜਿਹਾ ਪਵਿੱਤਰ, ਬਰਫ਼ ਜਿਹਾ ਬੇਦਾਗ਼ ਅਤੇ ਨਵੇਂ ਖਿੜੇ ਫੁੱਲ ਜਿਹਾ ਮਾਸੂਮ ਸੀਉਸਦੇ ਇੱਕ ਪ੍ਰੇਮ ਕਟਾਖ, ਇੱਕ ਪ੍ਰੇਮ ਭਰੀ ਮੁਸਕਾਨ, ਇੱਕ ਰਸੀਲੀ ਅਦਾ ਉੱਪਰ ਕੀ ਨਹੀਂ ਹੋ ਜਾਂਦਾ- ਸੋਨੇ ਰੰਗੇ ਪਹਾੜ ਖੜ੍ਹੇ ਹੋ ਜਾਂਦੇ, ਦੌਲਤ ਮੱਥਾ ਟੇਕਦੀ, ਰਿਆਸਤਾਂ ਪੈਰਾਂ ਦੀ ਧੂੜ ਚੱਟਦੀਆਂ, ਕਵੀ ਤੜਫ਼ ਕੇ ਰਹਿ ਜਾਂਦੇ, ਵਿਦਵਾਨ ਗੋਡੇ ਟੇਕ ਦਿੰਦੇ, ਪਰ ਲੈਲਾ ਕਿਸੇ ਵੱਲ ਅੱਖ ਚੁੱਕ ਕੇ ਵੀ ਨਹੀਂ ਦੇਖਦੀ ਸੀਉਹ ਇੱਕ ਰੁੱਖ ਦੀ ਛਾਂ ਹੇਠ ਰਹਿੰਦੀ, ਭਿੱਖਿਆ ਮੰਗ ਕੇ ਖਾਂਦੀ ਅਤੇ ਆਪਣੇ ਹਿਰਦੇ ਦੀ ਵੀਣਾ ਦੇ ਰਾਗ ਅਲਾਪਦੀ ਸੀਉਹ ਕਵੀ ਦੀ ਸੁਕਤੀ ਵਾਂਗੂੰ ਕੇਵਲ ਆਨੰਦ ਅਤੇ ਪ੍ਰਕਾਸ਼ ਦੀ ਵਸਤੂ ਸੀ, ਭੋਗ ਦੀ ਨਹੀਂ, ਉਹ ਰਿਸ਼ੀਆਂ ਦੇ ਆਸ਼ੀਰਵਾਦ ਦੀ ਮੂਰਤੀ ਸੀ, ਕਲਿਆਣ ਵਿੱਚ ਡੁੱਬੀ ਹੋਈ, ਸ਼ਾਂਤੀ ਵਿੱਚ ਰੰਗੀ ਹੋਈਉਹਨੂੰ ਕੋਈ ਛੂਹ ਨਹੀਂ ਸਕਦਾ ਸੀ, ਖ਼ਰੀਦ ਨਹੀਂ ਸਕਦਾ ਸੀ

----

ਇੱਕ ਦਿਨ ਸ਼ਾਮ ਵੇਲੇ ਤਹਿਰਾਨ ਦਾ ਸਹਿਜ਼ਾਦਾ ਨਾਦਿਰ ਘੋੜੇ 'ਤੇ ਸਵਾਰ ਹੋ ਉਧਰੋਂ ਨਿੱਕਲਿਆਲੈਲਾ ਗਾ ਰਹੀ ਸੀਨਾਦਿਰ ਨਾ ਘੋੜੇ ਦੀਆਂ ਵਾਗਾਂ ਖਿੱਚ ਲਈਆਂ ਅਤੇ ਦੇਰ ਤੱਕ ਆਪਣਾ ਆਪ ਭੁਲਾ ਕੇ ਖੜ੍ਹਾ ਸੁਣਦਾ ਰਿਹਾ

ਫਿਰ ਉਹ ਘੋੜੇ 'ਤੋਂ ਉੱਤਰ ਕੇ ਉਥੇ ਹੀ ਜ਼ਮੀਨ 'ਤੇ ਬੈਠ ਗਿਆ ਅਤੇ ਸਿਰ ਝੁਕਾ ਕੇ ਰੋਂਦਾ ਰਿਹਾਫਿਰ ਉਹ ਉੱਠਿਆ ਅਤੇ ਲੈਲਾ ਦੇ ਕਰੀਬ ਜਾ ਕੇ ਉਸਦੇ ਕਦਮਾਂ 'ਤੇ ਸਿਰ ਧਰ ਦਿੱਤਾਲੋਕ ਅਦਬ ਨਾਲ ਇਧਰ-ਉਧਰ ਹਟ ਗਏ

ਲੈਲਾ ਨੇ ਪੁੱਛਿਆ- ਤੂੰ ਕੌਣ ਏਂ?”

.......

ਨਾਦਿਰ- ਤੇਰਾ ਗ਼ੁਲਾਮ!

..............

ਲੈਲਾ- ਮੇਰੇ ਤੋਂ ਕੀ ਚਾਹੁੰਦਾ ਏਂ?”

..............

ਨਾਦਿਰ- ਤੁਹਾਡੀ ਖ਼ਿਦਮਤ ਕਰਨ ਦਾ ਹੁਕਮ, ਮੇਰੇ ਝੌਂਪੜੇ ਨੂੰ ਆਪਣੇ ਕਦਮਾਂ ਨਾਲ ਰੌਸ਼ਨ ਕਰ ਦਿਓ

..............

ਲੈਲਾ- ਇਹ ਮੇਰੀ ਆਦਤ ਨਹੀਂ

...............

ਸ਼ਹਿਜ਼ਾਦਾ ਫਿਰ ਉਥੇ ਹੀ ਬੈਠ ਗਿਆ ਅਤੇ ਲੈਲਾ ਫਿਰ ਗਾਉਣ ਲੱਗ ਪਈ, ਪਰ ਗਲ਼ਾ ਕੰਬਣ ਲੱਗ ਪਿਆ ਜਿਵੇਂ ਵੀਣਾ ਦਾ ਕੋਈ ਤਾਰ ਟੁੱਟ ਗਿਆ ਹੋਵੇ

.............

ਉਸਨੇ ਨਾਦਿਰ ਵੱਲ ਕਰੁਣਾਮਈ ਨਜ਼ਰਾਂ ਨਾਲ ਦੇਖ ਕੇ ਕਿਹਾ- ਤੂੰ ਐਥੇ ਨਾ ਬੈਠ

...............

ਕਈ ਲੋਕਾਂ ਨੇ ਕਿਹਾ- ਲੈਲਾ, ਇਹ ਸਾਡੇ ਹਜ਼ੂਰ ਸ਼ਹਿਜ਼ਾਦਾ ਨਾਦਿਰ ਨੇ

.....................

ਲੈਲਾ ਬੇਪਰਵਾਹੀ ਨਾਲ ਬੋਲੀ-ਬੜੀ ਖ਼ੁਸ਼ੀ ਦੀ ਗੱਲ ਹੈ,ਪਰ ਐਥੇ ਸ਼ਹਿਜ਼ਾਦਿਆਂ ਦਾ ਕੀ ਕੰਮ? ਉਹਨਾਂ ਲਈ ਮਹਿਲ ਨੇ, ਮਹਿਫ਼ਿਲਾਂ ਨੇ, ਸ਼ਰਾਬ ਦੇ ਦੌਰ ਨੇਮੈਂ ਉਹਨਾਂ ਲਈ ਗਾਉਂਦੀ ਹਾਂ ਜਿਨ੍ਹਾ ਦੇ ਦਿਲ ਵਿੱਚ ਦਰਦ ਹੈ, ਉਹਨਾਂ ਲਈ ਨਹੀਂ ਜਿਨ੍ਹਾਂ ਦੇ ਦਿਲ ਵਿੱਚ ਸ਼ੌਂਕ ਏ

.........................

ਸ਼ਹਿਜ਼ਾਦੇ ਨੇ ਵਿਆਕੁਲ ਹੋ ਕੇ ਕਿਹਾ- ਲੈਲਾ! ਤੇਰੀ ਇੱਕ ਤਾਨ 'ਤੇ ਮੈਂ ਆਪਣਾ ਸਭ ਕੁਛ ਨਿਛਾਵਰ ਕਰ ਸਕਦਾ ਹਾਂਮੈਂ ਸ਼ੌਂਕ ਦਾ ਗ਼ੁਲਾਮ ਸੀ, ਪਰ ਤੂੰ ਮੈਨੂੰ ਦਰਦ ਦਾ ਮਜ਼ਾ ਚਖਾ ਦਿੱਤਾ

ਲੈਲਾ ਫਿਰ ਗਾਉਣ ਲੱਗ ਪਈ, ਪਰ ਆਵਾਜ਼ ਕਾਬੂ ਦੇ ਵਿੱਚ ਨਹੀਂ ਸੀ, ਜਿਵੇਂ ਕਿ ਇਹ ਉਹਦਾ ਗਲ਼ਾ ਹੀ ਨਾ ਹੋਵੇ

-----

ਲੈਲਾ ਨੇ ਡੱਫ ਮੋਢੇ 'ਤੇ ਧਰ ਲਿਆ ਅਤੇ ਆਪਣੇ ਡੇਰੇ ਵੱਲ ਚਲੀ ਗਈਸਰੋਤੇ ਆਪੋ-ਆਪਣੇ ਘਰ ਚਲੇ ਗਏਕੁਛ ਲੋਕ ਉਸਦੇ ਪਿੱਛੇ-ਪਿੱਛੇ ਉਸ ਰੁੱਖ ਤੱਕ ਆਏ, ਜਿੱਥੇ ਉਹ ਆਰਾਮ ਕਰਦੀ ਸੀਜਦ ਉਹ ਆਪਣੀ ਝੋਂਪੜੀ ਦੇ ਬੂਹੇ 'ਤੇ ਪਹੁੰਚੀ, ਉਦੋਂ ਤੱਕ ਸਾਰੇ ਆਦਮੀ ਜਾ ਚੁੱਕੇ ਸਨ, ਸਿਰਫ਼ ਇੱਕ ਆਦਮੀ ਝੋਂਪੜੀ ਤੋਂ ਦੂਰ ਹੱਥ 'ਤੇ ਹੱਥ ਰੱਖੀ ਚੁੱਪ ਚਾਪ ਖੜ੍ਹਾ ਸੀ

ਲੈਲਾ ਨੇ ਪੁੱਛਿਆ- ਤੂੰ ਕੌਣ ਏਂ?”

...........

ਨਾਦਿਰ ਨੇ ਕਿਹਾ- ਤੇਰਾ ਗ਼ੁਲਾਮ ਨਾਦਿਰ

.................

ਲੈਲਾ- ਤੈਨੂੰ ਪਤਾ ਨਹੀਂ ਕਿ ਮੈਂ ਆਪਣੇ ਆਰਾਮ ਖੇਮੇ ਵਿੱਚ ਕਿਸੇ ਨੂੰ ਆਉਣ ਨਹੀਂ ਦਿੰਦੀ?”

..................

ਨਾਦਿਰ- ਇਹ ਤਾਂ ਦੇਖ ਹੀ ਰਿਹਾ ਹਾਂ

.......................

ਲੈਲਾ- ਫਿਰ ਐਥੇ ਕਿਉਂ ਬੈਠਾ ਏਂ?”

......................

ਨਾਦਿਰ- ਉਮੀਦ ਦਾ ਪੱਲਾ ਫੜੀ ਬੈਠਾ ਹਾਂ

......................

ਲੈਲਾ ਨੇ ਕੁਝ ਦੇਰ ਬਾਅਦ ਫਿਰ ਪੁੱਛਿਆ- ਕੁਛ ਖਾ ਕੇ ਆਇਆ ਏਂ?”

........................

ਨਾਦਿਰ- ਹੁਣ ਤਾਂ ਨਾ ਭੁੱਖ ਹੈ ਨਾ ਪਿਆਸ

...................

ਲੈਲਾ- ਆ ਜਾ, ਅੱਜ ਤੈਨੂੰ ਗ਼ਰੀਬਾਂ ਦੀ ਰੋਟੀ ਖੁਆਵਾਂ, ਇਸਦਾ ਸੁਆਦ ਵੀ ਚੱਖ ਲੈ

ਨਾਦਿਰ ਇਨਕਾਰ ਨਾ ਕਰ ਸਕਿਆਅੱਜ ਬਾਜਰੇ ਦੀਆਂ ਰੋਟੀਆਂ ਵਿੱਚ ਵੀ ਉਸਨੂੰ ਆਨੰਦ ਤੇ ਸੁਆਦ ਮਿਲਿਆਉਹ ਸੋਚ ਰਿਹਾ ਸੀ ਕਿ ਸੰਸਾਰ ਦੇ ਇਸ ਵਿਸ਼ਾਲ ਭਵਨ ਵਿੱਚ ਕਿੰਨਾ ਆਨੰਦ ਹੈਉਸਨੂੰ ਆਪਣੀ ਆਤਮਾ ਵਿੱਚ ਵਿਕਾਸ ਦਾ ਅਨੁਭਵ ਹੋ ਰਿਹਾ ਸੀ

ਜਦ ਉਹ ਖਾ ਚੁੱਕਿਆ ਤਾਂ ਲੈਲਾ ਨੇ ਕਿਹਾ- ਹੁਣ ਜਾਹ, ਅੱਧੀ ਤੋਂ ਜ਼ਿਆਦਾ ਰਾਤ ਗੁਜ਼ਰ ਗਈ

.............

ਨਾਦਿਰ ਨੇ ਅੱਖਾਂ ਵਿੱਚ ਅੱਥਰੂ ਭਰ ਕੇ ਕਿਹਾ- ਨਹੀਂ ਲੈਲਾ, ਹੁਣ ਮੇਰਾ ਧੂਣਾ ਤਾਂ ਏਥੇ ਹੀ ਰਮੇਗਾ

-----

ਨਾਦਿਰ ਦਿਨ ਭਰ ਲੈਲਾ ਦੇ ਨਗ਼ਮੇ ਸੁਣਦਾ, ਗਲ਼ੀਆਂ ਵਿੱਚ, ਸੜਕਾਂ 'ਤੇ, ਜਿਥੇ ਵੀ ਉਹ ਜਾਂਦੀ ਉਸਦੇ ਪਿੱਛੇ-ਪਿੱਛੇ ਘੁੰਮਦਾ ਰਹਿੰਦਾ, ਅਤੇ ਰਾਤ ਨੂੰ ਉਸੇ ਰੁੱਖ ਹੇਠ ਪਿਆ ਰਹਿੰਦਾਬਾਦਸ਼ਾਹ ਨੇ ਸਮਝਾਇਆ, ਮਲਿਕਾ ਨੇ ਸਮਝਾਇਆ,ਵਜ਼ੀਰਾਂ ਨੇ ਮਿੰਨਤਾਂ ਕੀਤੀਆਂ, ਪਰ ਨਾਦਿਰ ਦੇ ਸਿਰੋਂ ਲੈਲਾ ਦਾ ਭੂਤ ਨਾ ਉੱਤਰਿਆਜਿਨ੍ਹੀਂ ਹਾਲੀਂ ਲੈਲਾ ਰਹਿੰਦੀ, ਉਨ੍ਹੀਂ ਹਾਲੀਂ ਉਹ ਵੀ ਰਹਿੰਦਾਮਲਿਕਾ ਉਸ ਲਈ ਲਜ਼ੀਜ਼ ਤੋਂ ਲਜ਼ੀਜ਼ ਪਕਵਾਨ ਬਣਾ ਕੇ ਭੇਜਦੀ, ਪਰ ਨਾਦਿਰ ਉਨ੍ਹਾਂ ਵੱਲ ਦੇਖਦਾ ਵੀ ਨਹੀਂ ਸੀ

ਪਰ ਲੈਲਾ ਦੇ ਸੰਗੀਤ ਵਿੱਚ ਹੁਣ ਪਹਿਲਾਂ ਵਾਲੀ ਖਿੱਚ ਨਹੀਂ ਰਹਿ ਗਈ ਸੀ

-----

ਉਸਦਾ ਸੰਗੀਤ ਹੁਣ ਟੁੱਟੀਆਂ ਹੋਈਆਂ ਤਾਰਾਂ ਦਾ ਰਾਗ਼ ਸੀ, ਜਿਸ ਵਿੱਚ ਨਾ ਉਹ ਲੋਚ ਸੀ, ਨਾ ਉਹ ਜਾਦੂ, ਤੇ ਨਾ ਹੀ ਉਹ ਅਸਰਉਹ ਹੁਣ ਵੀ ਗਾਉਂਦੀ ਸੀ, ਸੁਣਨ ਵਾਲੇ ਹੁਣ ਵੀ ਆਉਂਦੇ ਸਨ, ਪਰ ਹੁਣ ਉਹ ਆਪਣਾ ਦਿਲ ਖ਼ੁਸ਼ ਕਰਨ ਲਈ ਨਹੀਂ ਸਗੋਂ ਉਹਨਾਂ ਦਾ ਦਿਲ ਖ਼ੁਸ਼ ਕਰਨ ਲਈ ਗਾਉਂਦੀ ਸੀ, ਅਤੇ ਸੁਣਨ ਵਾਲੇ ਵੀ ਬਿਹਬਲ ਹੋ ਕੇ ਨਹੀਂ, ਬਲਕਿ ਉਸਨੂੰ ਖ਼ੁਸ਼ ਕਰਨ ਲਈ ਆਉਂਦੇ ਸਨ

ਇਸ ਤਰ੍ਹਾਂ ਛੇ ਮਹੀਨੇ ਗੁਜ਼ਰ ਗਏ

ਇੱਕ ਦਿਨ ਲੈਲਾ ਗਾਉਣ ਨਾ ਗਈ, ਨਾਦਿਰ ਨੇ ਕਿਹਾ- ਕੀ ਗੱਲ ਲੈਲਾ, ਅੱਜ ਗਾਉਣ ਨਹੀਂ ਜਾਵੇਂਗੀ?”

...............

ਲੇਲਾ ਨੇ ਕਿਹਾ- ਹੁਣ ਕਦੀ ਨਹੀਂ ਜਾਵਾਂਗੀਸੱਚ ਦੱਸੀਂ, ਤੈਨੂੰ ਹੁਣ ਵੀ ਮੇਰੇ ਗਾਣੇ ਵਿੱਚ ਉਹ ਪਹਿਲਾਂ ਵਾਲਾ ਹੀ ਮਜ਼ਾ ਆਉਂਦਾ ਏ?”

................

ਨਾਦਿਰ ਬੋਲਿਆ- ਪਹਿਲਾਂ ਤੋਂ ਵੀ ਕਿਤੇ ਜ਼ਿਆਦਾ

....................

ਲੈਲਾ- ਪਰ ਲੋਕ ਤਾਂ ਹੁਣ ਪਸੰਦ ਨਹੀਂ ਕਰਦੇ

.........................

ਨਾਦਿਰ- ਹਾਂ, ਮੈਨੂੰ ਇਸਦੀ ਹੈਰਾਨੀ ਹੈ

......................

ਲੈਲਾ- ਹੈਰਾਨੀ ਦੀ ਗੱਲ ਨਹੀਂ, ਪਹਿਲਾਂ ਮੇਰਾ ਦਿਲ ਖੁੱਲ੍ਹਾ ਸੀ, ਉਸ ਵਿੱਚ ਸਭਨਾਂ ਲਈ ਜਗ੍ਹਾ ਸੀ, ਉਸਦੀ ਆਵਾਜ਼ ਸਭਨਾਂ ਦੇ ਦਿਲਾਂ ਤੱਕ ਪਹੁੰਚਦੀ ਸੀ, ਹੁਣ ਤੂੰ ਉਸਦਾ ਦਰਵਾਜ਼ਾ ਬੰਦ ਕਰ ਦਿੱਤਾ ਏ, ਹੁਣ ਉੱਥੇ ਸਿਰਫ਼ ਤੂੰ ਏਂ, ਇਸ ਲਈ ਇਸਦੀ ਆਵਾਜ਼ ਵੀ ਹੁਣ ਤੈਨੂੰ ਹੀ ਪਸੰਦ ਆਉਂਦੀ ਏਇਹ ਦਿਲ ਹੁਣ ਤੇਰੇ ਸਿਵਾ ਕਿਸੇ ਹੋਰ ਦਾ ਨਹੀਂ ਰਿਹਾਚੱਲ, ਅੱਜ ਤੱਕ ਤੂੰ ਮੇਰਾ ਗ਼ੁਲਾਮ ਸੀ, ਅੱਜ ਤੋਂ ਮੈਂ ਤੇਰੀ ਦਾਸੀ ਹੁੰਦੀ ਆਂਚੱਲ ਮੈਂ ਤੇਰੇ ਪਿੱਛੇ-ਪਿੱਛੇ ਚੱਲਾਂਗੀਅੱਜ ਤੋਂ ਤੂੰ ਮੇਰਾ ਮਾਲਿਕ ਏਂਥੋੜ੍ਹੀ ਜਿਹੀ ਅੱਗ ਲੈ ਕੇ ਇਸ ਝੌਂਪੜੇ ਨੂੰ ਜਲਾ ਦੇ, ਇਸ ਡੱਫ ਨੂੰ ਵੀ ਉਸੇ ਵਿੱਚ ਹੀ ਜਲ਼ਾ ਦਿਆਂਗੀ।

----

ਤਹਿਰਾਨ ਦੇ ਘਰ-ਘਰ ਖ਼ੁਸ਼ੀਆਂ ਮਨਾਈਆਂ ਜਾ ਰਹੀਆਂ ਸਨ, ਅੱਜ ਸ਼ਹਿਜ਼ਾਦਾ ਨਾਦਿਰ ਲੈਲਾ ਨੂੰ ਵਿਆਹ ਕੇ ਲਿਆਇਆ ਸੀਬਹੁਤ ਦਿਨਾਂ ਬਾਅਦ ਉਸਦੇ ਦਿਲ ਦੀ ਮੁਰਾਦ ਪੂਰੀ ਹੋਈ ਸੀਸਾਰਾ ਤਹਿਰਾਨ ਸ਼ਹਿਜ਼ਾਦੇ 'ਤੇ ਜਾਨ ਦਿੰਦਾ ਸੀ ਅਤੇ ਉਸਦੀ ਖ਼ੁਸ਼ੀ ਵਿੱਚ ਸ਼ਰੀਕ ਸੀਬਾਦਸ਼ਾਹ ਨੇ ਤਾਂ ਆਪਣੇ ਵੱਲੋਂ ਮੁਨਾਦੀ ਕਰਵਾ ਦਿੱਤੀ ਸੀ ਕਿ ਇਸ ਸ਼ੁੱਭ ਅਵਸਰ ਤੇ ਸਮੇਂ ਅਤੇ ਧਨ ਦੀ ਬਰਬਾਦੀ ਨਾ ਕੀਤੀ ਜਾਵੇ, ਸਿਰਫ਼ ਲੋਕ ਮਸਜਿਦਾਂ ਵਿੱਚ ਜਮਾਂ ਹੋ ਕੇ ਖ਼ੁਦਾ ਤੋਂ ਦੁਆ ਮੰਗਣ ਕਿ ਲਾੜਾ ਅਤੇ ਲਾੜੀ ਦੀ ਉਮਰ ਲੰਮੀ ਹੋਵੇ ਅਤੇ ਉਹ ਸੁੱਖ ਨਾਲ਼ ਰਹਿਣਸਮੇਂ ਦਾ ਮੂੰਹ ਦੇਖਣਾ ਕਿਸੇ ਨੂੰ ਵੀ ਗਵਾਰਾ ਨਹੀਂ ਸੀ, ਰਈਸਾਂ ਨੇ ਮਹਿਫ਼ਿਲਾਂ ਸਜਾਈਆਂ, ਚਿਰਾਗ਼ ਜਲਾਏ, ਵਾਜੇ ਵਜਵਾਏ, ਗ਼ਰੀਬਾਂ ਨੇ ਆਪਣੀਆਂ ਡਫਲੀਆਂ ਸੰਭਾਲੀਆਂ ਅਤੇ ਸੜਕਾਂ ਤੇ ਘੁੰਮ-ਘੁੰਮ ਕੇ ਨੱਚਣ ਗਾਉਣ ਲੱਗੇ

ਸ਼ਾਮ ਦੇ ਸਮੇਂ ਸ਼ਹਿਰ ਦੇ ਸਾਰੇ ਅਮੀਰ ਅਤੇ ਰਈਸ ਸ਼ਹਿਜ਼ਾਦੇ ਨੂੰ ਵਧਾਈਆਂ ਦੇਣ ਲਈ ਦੀਵਾਨੇ-ਖ਼ਾਸ ਵਿੱਚ ਜਮ੍ਹਾਂ ਹੋਏ, ਸ਼ਹਿਜ਼ਾਦਾ ਇਤਰਾਂ ਨਾਲ ਮਹਿਕਦਾ, ਰਤਨਾਂ ਨਾਲ਼ ਚਮਕਦਾ ਅਤੇ ਅੰਦਰੂਨੀ ਖ਼ੁਸ਼ੀ ਨਾਲ ਖਿੜਿਆ ਹੋਇਆ ਆ ਕੇ ਖੜ੍ਹਾ ਹੋ ਗਿਆ

ਕਾਜ਼ੀ ਨੇ ਅਰਜ਼ ਕੀਤੀ- ਹਜ਼ੂਰ 'ਤੇ ਖ਼ੁਦਾ ਦੀ ਬਰਕਤ ਹੋਵੇ

.................

ਹਜ਼ਾਰਾਂ ਆਦਮੀਆਂ ਨੇ ਕਿਹਾ- ਆਮੀਨ

..............

ਸ਼ਹਿਰ ਦੀਆਂ ਔਰਤਾਂ ਵੀ ਲੈਲਾ ਨੂੰ ਵਧਾਈ ਦੇਣ ਆਈਆਂਲੈਲਾ ਨੇ ਬਿਲਕੁਲ ਸਾਦੇ ਕੱਪੜੇ ਪਹਿਨੇ ਹੋਏ ਸਨ, ਗਹਿਣਿਆਂ ਦਾ ਕਿਤੇ ਨਾਮੋ-ਨਿਸ਼ਾਨ ਵੀ ਨਹੀਂ ਸੀ

ਇੱਕ ਔਰਤ ਨੇ ਕਿਹਾ- ਤੁਹਾਡਾ ਸੁਹਾਗ ਸਦਾ ਸਲਾਮਤ ਰਹੇ

..................

ਹਜ਼ਾਰਾਂ ਕੰਠਾਂ ਵਿੱਚੋਂ ਆਵਾਜ਼ ਨਿੱਕਲੀ- ਆਮੀਨ

ਕਈ ਸਾਲ ਗੁਜ਼ਰ ਗਏ, ਨਾਦਿਰ ਹੁਣ ਬਾਦਸ਼ਾਹ ਸੀ ਅਤੇ ਲੈਲਾ ਉਸਦੀ ਮਲਿਕਾ, ਈਰਾਨ ਦਾ ਸ਼ਾਸਨ ਇੰਨੇ ਸੁਚਾਰੂ ਢੰਗ ਨਾਲ ਕਦੇ ਵੀ ਨਹੀਂ ਚੱਲਿਆ ਸੀ, ਦੋਨੋ ਹੀ ਪਰਜਾ ਦੇ ਹਿਤੈਸ਼ੀ ਸਨ, ਦੋਨੋ ਹੀ ਉਨ੍ਹਾਂ ਨੂੰ ਸੁਖੀ ਅਤੇ ਖ਼ੁਸ਼ਹਾਲ ਦੇਖਣਾ ਚਾਹੁੰਦੇ ਸਨਪਿਆਰ ਨੇ ਉਹ ਸਾਰੀਆਂ ਕਠਿਨਾਈਆਂ ਦੂਰ ਕਰ ਦਿੱਤੀਆਂ ਜੋ ਲੈਲਾ ਨੂੰ ਪਹਿਲਾਂ ਦੁਬਿਧਾ ਵਿੱਚ ਪਾਉਂਦੀਆਂ ਰਹਿੰਦੀਆਂ ਸਨਨਾਦਿਰ ਰਾਜਸੱਤਾ ਦਾ ਵਕੀਲ ਸੀ,ਲੈਲਾ ਜਨਸੱਤਾ ਦੀ, ਪਰ ਵਿਵਹਾਰਿਕ ਰੂਪ ਵਿੱਚ ਉਹਨਾਂ ਵਿੱਚ ਕੋਈ ਮੱਤਭੇਦ ਨਹੀਂ ਪੈਦਾ ਹੁੰਦਾ ਸੀਕਦੇ ਇਹ ਦਬ ਜਾਂਦਾ, ਕਦੇ ਉਹ ਹਟ ਜਾਂਦੀਉਹਨਾਂ ਦਾ ਵਿਆਹੁਤਾ ਜੀਵਨ ਆਦਰਸ਼ ਸੀ, ਨਾਦਿਰ ਲੈਲਾ ਦਾ ਰੁਖ਼ ਦੇਖਦਾ ਸੀ, ਲੈਲਾ ਨਾਦਿਰ ਦਾਕੰਮ-ਕਾਜ ਤੋਂ ਵਿਹਲ ਮਿਲਦੀ ਤਾਂ ਦੋਨੋਂ ਬੈਠ ਕੇ ਗਾਉਂਦੇ-ਵਜਾਉਂਦੇ, ਕਦੀ ਨਦੀਆਂ ਦੀ ਸੈਰ ਕਰਦੇ, ਕਦੀ ਕਿਸੇ ਰੁੱਖ ਦੀ ਛਾਂ ਹੇਠ ਬੈਠੇ ਹਾਫ਼ਿਜ਼ ਦੀਆਂ ਗ਼ਜ਼ਲਾਂ ਪੜ੍ਹਦੇ ਅਤੇ ਝੂੰਮਦੇਨਾ ਲੈਲਾ ਵਿੱਚ ਹੁਣ ਓਨੀ ਸਾਦਗੀ ਸੀ, ਨਾ ਨਾਦਿਰ ਵਿੱਚ ਹੁਣ ਉਹ ਤਕੱਲੁਫ਼ ਸੀਨਾਦਿਰ ਲੈਲਾ ਲਈ ਇਕਾਗਰ ਚਿੱਤ ਸੀ ਜੋ ਸਧਾਰਣ ਗੱਲ ਸੀ, ਜਿੱਥੇ ਬਾਦਸ਼ਾਹਾਂ ਦੀਆਂ ਮਹਿਲ-ਸਰਾਵਾਂ ਵਿੱਚ ਬੇਗ਼ਮਾਂ ਦੇ ਹਰਮ ਹੁੰਦੇ ਸਨ, ਦਰਜਨਾਂ ਤੇ ਕੌਡੀਆਂ ਵਿੱਚ ਉਹਨਾਂ ਦੀ ਗਿਣਤੀ ਹੁੰਦੀ ਸੀ, ਉਥੇ ਲੈਲਾ ਇਕੱਲੀ ਸੀਉਹਨਾਂ ਮਹਿਲਾਂ ਵਿੱਚ ਹੁਣ ਸ਼ਫ਼ਾਖ਼ਾਨੇ, ਮਦਰੱਸੇ ਅਤੇ ਪੁਸਤਕਾਲੇ ਸਨਜਿੱਥੇ ਮਹਿਲ-ਸਰਾਵਾਂ ਦਾ ਖ਼ਰਚਾ ਕਰੋੜਾਂ ਤੱਕ ਪਹੁੰਚਦਾ ਹੁੰਦਾ ਸੀ, ਉੱਥੇ ਹੁਣ ਹਜ਼ਾਰਾਂ ਤੋਂ ਅੱਗੇ ਨਹੀਂ ਵਧਦਾ ਸੀ, ਅਤੇ ਬਾਕੀ ਰੁਪਏ ਪਰਜਾ ਦੀ ਭਲਾਈ ਲਈ ਖ਼ਰਚ ਕਰ ਦਿੱਤੇ ਜਾਂਦੇ ਸਨ, ਇਹ ਸਾਰੀ ਵਿਉਂਤ-ਵਰਤੋਂ ਲੈਲਾ ਦੀ ਕੀਤੀ ਹੋਈ ਸੀ, ਬਾਦਸ਼ਾਹ ਨਾਦਿਰ ਸੀ, ਪਰ ਬਾਦਸ਼ਾਹਤ ਲੈਲਾ ਦੇ ਹੱਥਾਂ 'ਚ ਸੀ

----

ਸਭ ਕੁਛ ਸੀ, ਪਰ ਪਰਜਾ ਸੰਤੁਸ਼ਟ ਨਹੀਂ ਸੀਉਸਦਾ ਅਸੰਤੋਖ ਦਿਨੋ-ਦਿਨ ਵਧਦਾ ਜਾਂਦਾ ਸੀ, ਰਾਜਸੱਤਾਵਾਦੀਆਂ ਨੂੰ ਭੈਅ ਸੀ ਕਿ ਜੇਕਰ ਇਹੀ ਹਾਲ ਰਿਹਾ ਤਾਂ ਬਾਦਸ਼ਾਹਤ ਦੇ ਮਿਟ ਜਾਣ ਵਿੱਚ ਸੰਦੇਹ ਨਹੀਂਜਮਸ਼ੇਦ ਦਾ ਲਾਇਆ ਹੋਇਆ ਰੁੱਖ , ਜਿਸਨੇ ਹਜ਼ਾਰਾਂ ਸਦੀਆਂ ਤੋਂ ਹਨੇਰੀ ਅਤੇ ਤੂਫ਼ਾਨਾਂ ਦਾ ਸਾਹਮਣਾ ਕੀਤਾ, ਹੁਣ ਇੱਕ ਹਸੀਨਾ ਦੇ ਨਾਜ਼ੁਕ ਪਰ ਕਾਤਿਲ ਹੱਥਾਂ ਨਾਲ ਜੜ੍ਹ ਤੋਂ ਉਖਾੜਿਆ ਜਾ ਰਿਹਾ ਸੀਉਧਰ ਜਨਸੱਤਾਵਾਦੀਆਂ ਨੂੰ ਲੈਲਾ ਤੋਂ ਜਿੰਨੀਆਂ ਆਸ਼ਾਵਾਂ ਸੀ, ਸਭ ਉਲਟ ਸਿੱਧ ਹੋ ਰਹੀਆਂ ਸਨਉਹ ਕਹਿੰਦੇ, ਜੇ ਈਰਾਨ ਇਸ ਚਾਲੇ ਤਰੱਕੀ ਦੇ ਰਾਹ ਚੱਲੇਗਾ ਤਾਂ ਇਸਤੋਂ ਪਹਿਲਾਂ ਕਿ ਉਹ ਮੰਜ਼ਿਲੇ-ਮਕਸੂਦ ਤੇ ਪਹੁੰਚਣ, ਕਿਆਮਤ ਆ ਜਾਵੇਗੀਦੁਨੀਆਂ ਹਵਾਈ ਜਹਾਜ਼ ਉੱਤੇ ਬੈਠੀ ਉੱਡੀ ਜਾ ਰਹੀ ਹੈ ਅਤੇ ਅਸੀਂ ਠੇਲੇ 'ਤੇ ਬੈਠੇ ਵੀ ਡਰਦੇ ਹਾਂ ਕਿ ਕਿਤੇ ਇਸ ਹਰਕਤ ਨਾਲ ਦੁਨੀਆਂ ਵਿੱਚ ਭੂਚਾਲ ਹੀ ਨਾ ਆ ਜਾਵੇਦੋਨਾਂ ਗੁੱਟਾਂ ਵਿੱਚ ਆਏ ਦਿਨ ਟਕਰਾਅ ਹੁੰਦੇ ਰਹਿੰਦੇ ਸਨ, ਨਾ ਨਾਦਿਰ ਦੇ ਸਮਝਾਉਣ ਦਾ ਅਸਰ ਅਮੀਰਾਂ 'ਤੇ ਹੁੰਦਾ ਸੀ, ਨਾ ਲੈਲਾ ਦੇ ਸਮਝਾਉਣ ਦਾ ਗ਼ਰੀਬਾਂ 'ਤੇਸਾਮੰਤ ਨਾਦਿਰ ਦੇ ਖ਼ੂਨ ਦੇ ਪਿਆਸੇ ਹੋ ਗਏ, ਪਰਜਾ ਲੈਲਾ ਦੀ ਜਾਨੀ ਦੁਸ਼ਮਣ

----

ਰਾਜ ਵਿੱਚ ਤਾਂ ਇਹ ਅਸ਼ਾਂਤੀ ਫੈਲੀ ਹੋਈ ਸੀ, ਵਿਦਰੋਹ ਦੀ ਅੱਗ ਦਿਲਾਂ ਵਿੱਚ ਸੁਲਗ ਰਹੀ ਸੀ ਅਤੇ ਰਾਜਭਵਨ ਵਿੱਚ ਪ੍ਰੇਮ ਦਾ ਸ਼ਾਂਤਮਈ ਰਾਜ ਸੀ, ਬਾਦਸ਼ਾਹ ਅਤੇ ਮੱਲਿਕਾ ਦੋਨੋਂ ਪਰਜਾ-ਸੰਤੋਖ ਦੀ ਕਲਪਨਾ ਵਿੱਚ ਮਗਨ ਸਨ

ਰਾਤ ਦਾ ਸਮਾਂ ਸੀ, ਨਾਦਿਰ ਅਤੇ ਲੈਲਾ ਆਰਾਮਗਾਹ ਵਿੱਚ ਬੈਠੇ ਹੋਏ ਸ਼ਤਰੰਜ ਦੀ ਬਾਜ਼ੀ ਖੇਲ ਰਹੇ ਸਨਕਮਰੇ ਵਿੱਚ ਕੋਈ ਸਜਾਵਟ ਨਹੀਂ ਸੀ, ਸਿਰਫ਼ ਇੱਕ ਚਟਾਈ ਵਿਛੀ ਹੋਈ ਸੀ

ਨਾਦਿਰ ਨੇ ਲੈਲਾ ਦਾ ਹੱਥ ਫੜ ਕੇ ਕਿਹਾ- ਬੱਸ, ਹੁਣ ਇਹ ਜ਼ਿਆਦਤੀ ਨਹੀਂ, ਤੇਰੀ ਚਾਲ ਹੋ ਚੁੱਕੀ, ਇਹ ਦੇਖ, ਤੇਰਾ ਇੱਕ ਪਿਆਦਾ ਪਿਟ ਗਿਆ

..............

ਲੈਲਾ- ਅੱਛਾ ਤਾਂ ਫਿਰ ਇਹ ਸ਼ਹਿ! ਤੁਹਾਡੇ ਸਾਰੇ ਪੈਦਲ ਰੱਖੇ ਰਹਿ ਗਏ ਅਤੇ ਬਾਦਸ਼ਾਹ 'ਤੇ ਸ਼ਹਿ ਹੋ ਗਈ, ਇਸੇ 'ਤੇ ਦਾਅਵਾ ਸੀ

............

ਨਾਦਿਰ- ਤੇਰੇ ਨਾਲ ਹਾਰਨ ਵਿੱਚ ਜੋ ਮਜ਼ਾ ਹੈ, ਉਹ ਜਿੱਤਣ ਵਿੱਚ ਨਹੀਂ

.............

ਲੈਲਾ- ਅੱਛਾ, ਤਾਂ ਇਸਦਾ ਮਤਲਬ ਤੁਸੀਂ ਦਿਲ ਖ਼ੁਸ਼ ਕਰ ਰਹੇ ਹੋਸ਼ਹਿ ਬਚਾਓ, ਨਹੀਂ ਤਾਂ ਦੂਸਰੀ ਚਾਲ ਵਿੱਚ ਮਾਤ ਹੁੰਦੀ ਹੈ

.............

ਨਾਦਿਰ- “(ਅੜਬ ਹੋ ਕੇ) ਅੱਛਾ, ਹੁਣ ਸੰਭਲਕੇ ਚੱਲੀਂ, ਤੂੰ ਮੇਰੇ ਬਾਦਸ਼ਾਹ ਦੀ ਤੌਹੀਨ ਕੀਤੀ ਹੈ, ਇੱਕ ਵਾਰ ਮੇਰਾ ਫ਼ਰਜ਼ੀ ਉੱਠਿਆ ਤਾਂ ਤੇਰੇ ਪਿਆਦਿਆਂ ਦਾ ਸਫ਼ਾਇਆ ਕਰ ਦੇਵੇਗਾ

.............

ਲੈਲਾ- ਬਸੰਤ ਦੀ ਖ਼ਬਰ ਹੈਇਹ ਲਓ ਸ਼ਹਿ, ਲਿਆਓ ਫ਼ਰਜ਼ੀ, ਹੁਣ ਕਹੋ, ਹੁਣ ਮੈਂ ਨਹੀਂ ਮੰਨਾਗੀ, ਆਖ ਦਿੰਨੀ ਆਂ ਤੁਹਾਨੂੰ, ਦੋ ਵਾਰ ਛੱਡ ਦਿੱਤਾ, ਇਸ ਵਾਰ ਬਿਲਕੁਲ ਨਹੀਂ ਛੱਡਾਂਗੀ

...............

ਨਾਦਿਰ- ਜਦੋਂ ਤੱਕ ਮੇਰਾ ਦਿਲਰਾਮ (ਘੋੜਾ) ਹੈ,ਬਾਦਸ਼ਾਹ ਨੂੰ ਕੋਈ ਗ਼ਮ ਨਹੀਂ

.....................

ਲੈਲਾ- ਅੱਛਾ ਇਹ ਸ਼ਹਿਲਿਆਓ ਆਪਣੇ ਦਿਲਰਾਮ ਨੂੰ, ਦੱਸੋ, ਹੁਣ ਤਾਂ ਮਾਤ ਹੋਈ ਕਿ ਨਹੀਂ?”

..................

ਨਾਦਿਰ- ਹਾਂ ਜਾਨੇਮਨ, ਹੁਣ ਮਾਤ ਹੋ ਗਈਜਦ ਮੈਂ ਹੀ ਤੇਰੀਆਂ ਅਦਾਵਾਂ 'ਤੇ ਨਿਸਾਰ ਹੋ ਗਿਆ ਤਾਂ ਮੇਰਾ ਬਾਦਸ਼ਾਹ ਕਿਵੇਂ ਬਚ ਸਕਦਾ ਸੀ

................

ਲੈਲਾ- ਗੱਲਾਂ ਨਾ ਬਣਾਉ, ਚੁਪਕੇ ਜਿਹੇ ਫ਼ਰਮਾਨ ਉੱਪਰ ਦਸਤਖ਼ਤ ਕਰ ਦਿਓ, ਜਿਵੇਂ ਕਿ ਤੁਸੀਂ ਵਾਅਦਾ ਕੀਤਾ ਸੀ

*******
ਪਹਿਲਾ ਭਾਗ ਸਮਾਪਤ - ਲੜੀ ਜੋੜਨ ਲਈ ਦੂਜਾ ਭਾਗ / ਅਗਲੀ ਪੋਸਟ ਦੇਖੋ

1 comment:

Unknown said...

Ajj pehli vaar kise ajoke singer da sanzeeda sehtik kamm dekhiya,nahi te tohanu pata he hai ajj kall de singra de soojh te miyaar da....Grewal ji vadhiya kahani de chon ate translation karn lai shukria ate bahut bahut mubarka.