ਲੇਖ
1993 ਵਿੱਚ ਪ੍ਰਕਾਸ਼ਿਤ ਹੋਇਆ ਮੇਰਾ ਬਹੁ-ਚਰਚਿਤ ਕਾਵਿ-ਸੰਗ੍ਰਹਿ ‘ਸ਼ਕਿਜ਼ੋਫਰੇਨੀਆਂ’ 24 ਕਵਿਤਾਵਾਂ ਦੀ ਇੱਕ ਲੜੀ ਸੀ। ਇਸ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਹਰ ਕਵਿਤਾ ਦਾ ਨਾਮ ‘ਸ਼ਕਿਜ਼ੋਫਰੇਨੀਆਂ’ ਸੀ। ਮੇਰੇ ਕਾਵਿ-ਸੰਗ੍ਰਹਿ ‘ਗਲੋਬਲੀਕਰਨ’ ਵਿੱਚ ਸ਼ਾਮਿਲ ਹਰ ਕਵਿਤਾ ਦਾ ਨਾਮ ਵੀ ‘ਗਲੋਬਲੀਕਰਨ’ ਹੀ ਹੈ। ਇਸ ਤਰ੍ਹਾਂ ਇਹ ਸਾਰੀਆਂ ਕਵਿਤਾਵਾਂ ਇੱਕੋ ਹੀ ਵਿਸ਼ੇ ਗਲੋਬਲੀਕਰਨ ਦੇ ਹੀ ਵੱਖੋ ਵੱਖ ਪਹਿਲੂਆਂ ਬਾਰੇ ਚਰਚਾ ਛੇੜਦੀਆਂ ਹਨ।
-----
‘ਗਲੋਬਲੀਕਰਨ’ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ 40 ਕਵਿਤਾਵਾਂ ਸਾਹਿਤ, ਸਭਿਆਚਾਰ, ਸੰਗੀਤ, ਰਾਜਨੀਤੀ, ਆਰਥਿਕਤਾ, ਸਮਾਜਿਕਤਾ, ਵਿੱਦਿਆ, ਦਰਸ਼ਨ, ਧਰਮ, ਨੈਤਿਕਤਾ, ਵਿਗਿਆਨ, ਤਕਨਾਲੋਜੀ ਅਤੇ ਨੈਤਿਕਤਾ ਉੱਤੇ ਪੈ ਰਹੇ ਗਲੋਬਲੀਕਰਨ ਦੇ ਪ੍ਰਭਾਵਾਂ ਨੂੰ ਕੇਂਦਰੀ ਬਿੰਦੂ ਬਣਾ ਕੇ ਚਰਚਾ ਛੇੜਦੀਆਂ ਹਨ।
ਗਲੋਬਲੀਕਰਨ ਜਾਂ ਮੰਡੀ ਸਭਿਆਚਾਰ ਨੇ ਜ਼ਿੰਦਗੀ ਨਾਲ ਸਬੰਧਤ ਹਰ ਪਹਿਲੂ ਨੂੰ ਹੀ ਪ੍ਰਭਾਵਤ ਕੀਤਾ ਹੈ। ਮੰਡੀ ਸਭਿਆਚਾਰ ਦਾ ਸਾਰਾ ਜ਼ੋਰ ਮਨੁੱਖ ਨੂੰ ਮੰਡੀ ਦੀ ਇੱਕ ਵਸਤ ਬਨਾਉਣ ਉੱਤੇ ਹੀ ਲੱਗਦਾ ਹੈ। ਕਿਸੇ ਪਾਸੇ ਵੀ ਨਜ਼ਰ ਮਾਰੀਏ ਸਾਨੂੰ ਮੰਡੀ ਸਭਿਆਚਾਰ ਦੇ ਵੱਧ ਰਹੇ ਪ੍ਰਭਾਵ ਦਾ ਅਸਰ ਸਹਿਜੇ ਹੀ ਅਨੁਭਵ ਹੋ ਜਾਂਦਾ ਹੈ।
ਮੰਡੀ ਸਭਿਆਚਾਰ ਨਵ-ਪੂੰਜੀਵਾਦ ਦਾ ਹੀ ਦੂਜਾ ਨਾਮ ਹੈ। ਨਵ-ਪੂੰਜੀਵਾਦ ਸਭਿਆਚਾਰ ਦੇ ਰੂਪ ਵਿੱਚ ਜ਼ਿੰਦਗੀ ਦੇ ਵੱਖੋ ਵੱਖ ਪਹਿਲੂਆਂ ਵਿੱਚ ਦਖਲਅੰਦਾਜ਼ੀ ਕਰਦਾ ਹੈ। ਇਸ ਤਰ੍ਹਾਂ ਉਹ ਜ਼ਿੰਦਗੀ ਜਿਉਣ ਬਾਰੇ ਬਣੀ ਸਾਡੀ ਸੋਚ ਉੱਤੇ ਹਮਲਾ ਕਰਦਾ ਹੈ। ਮਨੁੱਖ ਦੀ ਮਾਨਸਿਕਤਾ ਵਿੱਚ ਤਬਦੀਲੀ ਆ ਜਾਣ ਤੋਂ ਬਾਹਦ ਉਹ ਹਰ ਕੰਮ ਰੋਬਾਟ ਵਾਂਗ ਕਰੀ ਜਾਂਦਾ ਹੈ। ਮੰਡੀ ਸਭਿਆਚਾਰ ਮਨੁੱਖ ਦੀ ਮਾਨਸਿਕਤਾ ਵਿੱਚ ਇਹ ਵਿਸ਼ਵਾਸ ਭਰ ਦਿੰਦਾ ਹੈ ਕਿ ਅਜੋਕੇ ਸਮਿਆਂ ਵਿੱਚ ਕੋਈ ਵੀ ਚੀਜ਼ ਪਵਿੱਤਰ ਨਹੀਂ। ਹਰ ਚੀਜ਼ ਮੰਡੀ ਦੀ ਵਸਤ ਵਾਂਗ ਖ੍ਰੀਦੀ ਜਾਂ ਵੇਚੀ ਜਾ ਸਕਦੀ ਹੈ। ਇੱਥੋਂ ਤੱਕ ਕਿ ਮਨੁੱਖ ਨੂੰ ਵੀ ਮੰਡੀ ਦੀ ਇੱਕ ਵਸਤ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ। ਮੰਡੀ ਸਭਿਆਚਾਰ ਮਨੁੱਖ ਦੀ ਮਾਨਸਿਕਤਾ ਨੂੰ ਗੰਧਲਾ ਕਰਨ ਲਈ ਸਭ ਤੋਂ ਪਹਿਲਾ ਹਮਲਾ ਮਨੁੱਖੀ ਰਿਸ਼ਤਿਆਂ ਉੱਤੇ ਕਰਦਾ ਹੈ। ਇਹ ਸਭਿਆਚਾਰ ਮਨੁੱਖ ਦੀ ਮਾਨਸਿਕਤਾ ਵਿੱਚ ਇਹ ਸੋਚ ਭਰਦਾ ਹੈ ਕਿ ਇਸ ਦੁਨੀਆਂ ਵਿੱਚ ਮਾਂ, ਧੀ, ਪਤਨੀ, ਭੈਣ, ਭਰਾ, ਪਿਓ, ਪੁੱਤਰ ਕੋਈ ਵੀ ਸ਼ੈਅ ਪਵਿੱਤਰ ਨਹੀਂ। ਲੋੜ ਪੈਣ ਉੱਤੇ ਅਤੇ ਯੋਗ ਕੀਮਤ ਦੇਣ ਵਾਲੇ ਗਾਹਕ ਦੀ ਮੌਜੂਦਗੀ ਵਿੱਚ ਇਨ੍ਹਾਂ ‘ਚੋਂ ਕੋਈ ਵੀ ਸ਼ੈਅ ਵੇਚੇ ਜਾਣ ਵਿੱਚ ਕੋਈ ਹਰਜ਼ ਨਹੀਂ। ਮੰਡੀ ਸਭਿਆਚਾਰ ਦੀ ਇਸ ਸੋਚ ਨੂੰ ਮੈਂ ਆਪਣੀ ਕਵਿਤਾ ‘ਗਲੋਬਲੀਕਰਨ-2’ ਦੀਆਂ ਇਨ੍ਹਾਂ ਸਤਰਾਂ ਵਿੱਚ ਕੁਝ ਇਸ ਢੰਗ ਨਾਲ ਪੇਸ਼ ਕੀਤਾ ਹੈ:
ਕਿੱਥੇ ਆਣ ਪਹੁੰਚੇ ਹਾਂ, ਅਸੀਂ
ਆਧੁਨਿਕਤਾ ਤੋਂ ਪਰਾ-ਆਧੁਨਿਕਤਾ ਤੱਕ ਦਾ
ਸਫ਼ਰ ਕਰਦਿਆਂ-
ਨਵੇਂ ਯੁਗ ਦੀਆਂ ਨਿਆਮਤਾਂ ਨੇ
ਸ਼ਬਦਾਂ ਦੇ ਹੇਰ-ਫੇਰ ਸੰਗ
ਹੱਸਦੇ-ਵੱਸਦੇ ਘਰਾਂ ਨੂੰ
ਚਕਲੇ ਬਣਾ ਦਿੱਤਾ ਹੈ
ਕਿੰਨੀਆਂ ਅਨਭੋਲ ਨੇ ਉਹ ਸੁਆਣੀਆਂ
ਜੋ ਮੈਗਾ ਕੰਪਨੀਆਂ ਦੇ ਪਿਆਦੇ ਬਣੇ
ਸੂਟਿਡ-ਬੂਟਿਡ ਬਘਿਆੜਾਂ ਦੇ
ਖੂਨੀ ਚਿਹਰਿਆਂ ਨੂੰ ਪਹਿਚਾਨਣ ਤੋਂ ਅਸਮਰੱਥ
ਉਨ੍ਹਾਂ ਦੇ ਝੂਠ ਦੀ ਚਾਸ਼ਨੀ ਵਿੱਚ ਲਿਬੜੇ
ਬੋਲਾਂ ਉੱਤੇ ਮੋਹਿਤ ਹੋਈਆਂ
ਲਾਲ-ਬੱਤੀ ਵਾਲੇ ਚੌਕ ਵਿੱਚ ਖੜ੍ਹੀਆਂ
ਰੰਡੀਆਂ ਵਾਂਗ, ਸਾਰੀ ਸਾਰੀ ਰਾਤ
ਇੰਟਰਨੈੱਟ ਮੰਡੀ ਦੇ ਛੱਪੜਾਂ ‘ਚ
ਆਪਣੇ ਜਾਲ ਵਿਛਾ
ਮੱਛੀਆਂ ਫੜਨ ਦੀ ਲਾਲਸਾ ਹਿਤ
ਸਾਰੀ ਸਾਰੀ ਰਾਤ ਬਿਤਾ ਦਿੰਦੀਆਂ ਹਨ
-----
ਮੰਡੀ ਸਭਿਆਚਾਰ ਆਪਣਾ ਅਗਲਾ ਹਮਲਾ ਸਾਹਿਤ, ਸੰਗੀਤ ਅਤੇ ਕਲਾ ਉੱਤੇ ਕਰਦਾ ਹੈ। ਇਸ ਕੰਮ ਵਿੱਚ ਉਸਦਾ ਭਾਈਵਾਲ ਬਣਦਾ ਹੈ ਮੀਡੀਆ। ਮੀਡੀਆ ਨਾਲ ਸਬੰਧਤ ਚਿੰਤਕ, ਲੇਖਕ, ਕਲਾਕਾਰ ਅਤੇ ਗਾਇਕ ਮੰਡੀ ਸਭਿਆਚਾਰ ਦੇ ਢੰਡੋਰਚੀ ਬਣ ਕੇ ਅਜਿਹੇ ਸਭਿਆਚਾਰ ਦੀਆਂ ਸਿਫਤਾਂ ਵਿੱਚ ਪ੍ਰਵਚਨ ਕਰਦੇ ਹਨ। ਪਰਵਾਰਿਕ ਰਿਸ਼ਤਿਆਂ ਨੂੰ ਗੰਧਲਾ ਕਰਨ ਲਈ ਮੰਡੀ ਸਭਿਆਚਾਰ ਸਾਹਿਤ, ਸੰਗੀਤ ਅਤੇ ਕਲਾ ਨੂੰ ਕਿਸ ਤਰ੍ਹਾਂ ਵਰਤਦਾ ਹੈ ਇਸ ਦੀ ਮਿਸਾਲ ਲਈ ਅਸੀਂ ਦੇਖ ਸਕਦੇ ਹਾਂ ਨਜ਼ਮ ‘ਗਲੋਬਲੀਕਰਨ-2’ ਦੀਆਂ ਇਹ ਕਾਵਿ-ਸਤਰਾਂ:
ਨਵੇਂ ਯੁਗ ਦੇ ਵਰਕਾਂ ਵਿੱਚ ਲਿਪਟੀ
ਪਰਾ-ਆਧੁਨਿਕ ਸ਼ਬਦਾਵਲੀ ਦੇ ਖੱਚਰੇਪਣ ਨੇ
ਗੰਧਲੇ ਕਰ ਦਿੱਤੇ ਨੇ
ਸਾਡੀ ਚੇਤਨਾ ਵਿਚ ਵਗ ਰਹੇ
ਨਿਰਮਲ ਪਾਣੀਆਂ ਦੇ ਝਰਨੇ
ਸੱਜਰੀ ਸਵੇਰ ਵਰਗੀ ਗਾਇਕੀ ਦੇ ਮੰਚ ਤੋਂ ਵੀ
ਹੁਣ ਜਦੋਂ, ਕੋਈ ਗਾਇਕ
ਕਿਸੇ ਪਾਂ ਪਏ ਕੁੱਤੇ ਵਾਂਗ
ਆਪਣੀ ਪੂਛ ਹਿਲਾਉਂਦਾ, ਲੱਚਰਤਾ ਦੀ ਸਿਖਰ
ਤੱਕ ਪਹੁੰਚਣ ਦਾ ਯਤਨ ਕਰਦਾ ਹੈ
ਤਾਂ, ਸਰੋਤਿਆਂ ਵਿੱਚ ਬੈਠੀ
ਇੱਕ ਜੁਆਨ ਹੋ ਰਹੀ ਧੀ
ਆਪਣੇ ਨਾਲ ਆਏ ਪਿਤਾ ਨੂੰ
ਸ਼ਰਮਸਾਰ ਹੋਇਆ ਵੇਖ
ਬੋਲ ਉੱਠਦੀ ਹੈ:
‘ਮੈਂ ਨਹੀਂ ਸੁਨਣੇ ਇਹ ਗੰਦੇ ਗੀਤ
ਪਾਪਾ ! ਮੈਨੂੰ ਨਹੀਂ ਚਾਹੀਦਾ
ਤੁਹਾਡਾ, ਇਹ ਗੰਧਲਾ ਸਭਿਆਚਾਰ !’
----
ਸਭਿਆਚਾਰ ਨੂੰ ਗੰਧਲਾ ਕਰਨ ਲਈ ਉਸ ਨੂੰ ਹਕੀਕਤਾਂ ਨਾਲੋਂ ਤੋੜਿਆ ਜਾਂਦਾ ਹੈ। ਗੀਤ-ਸੰਗੀਤ ਵਿੱਚ ਸਭਿਆਚਾਰਕ ਪ੍ਰੰਪਰਕ ਅਤੇ ਸਮਾਂ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਦੀ ਝੂਠੀ ਬੱਲੇ, ਬੱਲੇ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਦੀ ਮਾਨਸਿਕ ਅਤੇ ਨੈਤਿਕ ਗਿਰਾਵਟ ‘ਚੋਂ ਲੋਕ ਲੰਘ ਰਹੇ ਹੁੰਦੇ ਹਨ ਉਸਦਾ ਜ਼ਿਕਰ ਨਹੀਂ ਕੀਤਾ ਜਾਂਦਾ। ਪੰਜਾਬੀ ਕਮਿਊਨਿਟੀ ਇਸ ਸਮੇਂ ਅਨੇਕਾਂ ਤਰ੍ਹਾਂ ਦੇ ਨਸ਼ਿਆਂ ਦਾ ਸ਼ਿਕਾਰ ਹੋ ਰਹੀ ਹੈ। ਕੋਈ ਹੀ ਦਿਨ ਖਾਲੀ ਜਾਂਦਾ ਹੈ, ਜਦੋਂ ਕਿ ਪੰਜਾਬੀ ਡਰੱਗ ਸਮਗਲਰ ਬਾਰਡਰ ਪੁਲਿਸ ਵੱਲੋਂ ਗ੍ਰਿਫਤਾਰ ਨਾ ਕੀਤੇ ਗਏ ਹੋਣ। ਇਹ ਡਰੱਗ ਸਭਿਆਚਾਰ ਸਕੂਲਾਂ-ਕਾਲਿਜਾਂ-ਯੂਨੀਵਰਸਿਟੀਆਂ ਵਿੱਚ ਪੜ੍ਹਦੇ ਅਲ੍ਹੜ ਉਮਰ ਦੇ ਮੁੰਡਿਆਂ/ਕੁੜੀਆਂ ਦੀ ਜ਼ਿੰਦਗੀ ਤਬਾਹ ਕਰ ਰਿਹਾ ਹੈ। ਪਰ ਮੰਡੀ ਸਭਿਆਚਾਰ ਨੂੰ ਤਾਂ ਆਪਣੇ ਮੁਨਾਫ਼ੇ ਨਾਲ ਮਤਲਬ ਹੈ। ਮੰਡੀ ਸਭਿਆਚਾਰ ਦੇ ਇਸ ਪਹਿਲੂ ਦਾ ਜ਼ਿਕਰ ਮੇਰੀ ਕਵਿਤਾ ‘ਗਲੋਬਲੀਕਰਨ-3’ ਦੀਆਂ ਇਨ੍ਹਾਂ ਕਾਵਿ-ਸਤਰਾਂ ਵਿੱਚ ਕੁਝ ਇਸ ਤਰ੍ਹਾਂ ਕੀਤਾ ਗਿਆ ਹੈ:
ਬਹੁਤ ਅਜੀਬ ਲੱਗਦਾ ਹੈ
ਰੇਡੀਓ ਉੱਤੇ ਵੱਜ ਰਿਹਾ ਗੀਤ ਸੁਣਕੇ:
‘ਪੰਜਾਬੀਆਂ ਦੀ ਹੋ ਗਈ ਬੱਲੇ ਨੀ ਬੱਲੇ’
ਜਦੋਂ - ਸਵੇਰ ਦੇ ਆਏ ਤਾਜ਼ੇ ਅਖਬਾਰ ਦੀ ਮੁੱਢਲੀ ਸੁਰਖੀ
ਸਾਡੀ ਚੇਤਨਾ ਦੇ ਦਰਵਾਜ਼ਿਆਂ ਉੱਤੇ ਠੁੱਢੇ ਮਾਰ ਰਹੀ ਹੁੰਦੀ ਹੈ:
‘ਅੱਜ ਫਿਰ ਦੋ ਹੋਰ ਪੰਜਾਬੀ ਟਰੱਕ ਡਰਾਈਵਰ
ਕੈਨੇਡਾ-ਅਮਰੀਕਾ ਦੇ ਬਾਰਡਰ ਉੱਤੇ
ਕੋਕੇਨ ਦੀ ਸਮਗਲਿੰਗ ਕਰਦੇ ਫੜੇ ਗਏ’
-----
ਇਹ ਸਭ ਕੁਝ ਅਚਾਨਕ ਨਹੀਂ ਵਾਪਰਨ ਲੱਗਦਾ। ਟੈਲੀਵੀਜ਼ਨ ਦੀਆਂ ਸਕਰੀਨਾਂ ਉੱਤੇ ਆਮ ਲੋਕਾਂ ਦੀ ਜ਼ਿੰਦਗੀ ਦਿਖਾਉਣ ਦੀ ਥਾਂ ਜਦੋਂ ਮਹੱਲਾਂ ਵਾਂਗ ਸਜੇ ਘਰ ਦਿਖਾਏ ਜਾਂਦੇ ਹਨ ਅਤੇ ਲੋਕਾਂ ਦੀ ਮਾਨਸਿਕਤਾ ਵਿੱਚ ਇਹ ਗੱਲ ਭਰੀ ਜਾਂਦੀ ਹੈ ਕਿ ਨਵ-ਪੂੰਜੀਵਾਦ ਵੱਲੋਂ ਦਰਸਾਏ ਗਏ ਤਰੀਕਿਆਂ ਉੱਤੇ ਚੱਲ ਕੇ ਹਰ ਕੋਈ ਦਿਨਾਂ ਵਿੱਚ ਹੀ ਇਨ੍ਹਾਂ ਮਹੱਲਾਂ ਵਰਗੇ ਘਰਾਂ ਦੇ ਮਾਲਕਾਂ ਵਾਂਗ ਅਮੀਰ ਬਣ ਸਕਦਾ ਹੈ ਤਾਂ ਲੋਕ ਆਪਣੇ ਅਜਿਹੇ ਮੰਤਵਾਂ ਦੀ ਪ੍ਰਾਪਤੀ ਹਿਤ ਹਰ ਠੀਕ-ਗਲਤ ਰਾਹ ਅਪਨਾਉਣ ਲਈ ਤਿਆਰ ਹੋ ਜਾਂਦੇ ਹਨ। ਕੈਨੇਡਾ ਦੇ ਦੋ ਵੱਡੇ ਪ੍ਰਾਂਤਾਂ ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਵਿੱਚ ਰਹਿ ਰਹੇ ਪੰਜਾਬੀ ਇਸ ਬੀਮਾਰੀ ਦੇ ਬੁਰੀ ਤਰ੍ਹਾਂ ਸ਼ਿਕਾਰ ਹੋ ਚੁੱਕੇ ਹਨ। ਰਾਤੋ ਰਾਤ ਅਮੀਰ ਬਨਣ ਦੀ ਦੌੜ ਵਿੱਚ ਪੈ ਚੁੱਕੇ 100 ਤੋਂ ਵੱਧ ਪੰਜਾਬੀ ਨੌਜੁਆਨ ਬ੍ਰਿਟਿਸ਼ ਕੋਲੰਬੀਆ ਪ੍ਰਾਂਤ ਵਿੱਚ ਪੰਜਾਬੀ ਡਰੱਗ ਸਮਗਲਰ ਗੈਂਗਸਟਰਾਂ ਦੀ ਆਪਸ ਵਿੱਚ ਚੱਲ ਰਹੀ ਖਹਿਬਾਜ਼ੀ ਵਿੱਚ ਮਾਰੇ ਜਾ ਚੁੱਕੇ ਹਨ। ਮੰਡੀ ਸਭਿਆਚਾਰ ਦੇ ਇਸ ਘਿਨਾਉਣੇ ਪੱਖ ਨੂੰ ਮੇਰੀ ਕਵਿਤਾ ‘ਗਲੋਬਲੀਕਰਨ-21’ ਦੀਆਂ ਇਹ ਕਾਵਿ ਸਤਰਾਂ ਬੜੀ ਸਪੱਸ਼ਟਤਾ ਨਾਲ ਪੇਸ਼ ਕਰਦੀਆਂ ਹਨ:
ਗਲੋਬਲੀਕਰਨ ਨੇ
ਦੁਨੀਆਂ ਦੇ ਕੋਨੇ ਕੋਨੇ ਵਿੱਚ
ਟੈਲੀਵੀਜ਼ਨ ਦੀਆਂ ਸਕਰੀਨਾਂ ਰਾਹੀਂ
ਜ਼ਿੰਦਗੀ ਜਿਉਣ ਦੇ ਢੰਗਾਂ ਦੇ
ਝੂਠੇ ਸੁਪਨੇ ਦਿਖਾਉਣ ਦਾ
ਪ੍ਰਪੰਚ ਰਚ, ਰਾਤੋ ਰਾਤ
ਅਮੀਰ ਬਨਣ ਦੇ ਨੁਸਖੇ ਵੇਚਣ ਦਾ
ਜੋ ਸਿਲਸਿਲਾ ਸ਼ੁਰੂ ਕੀਤਾ ਹੈ
ਉਸੇ ਦੀ ਚਕਾਚੌਂਧ ਦੇ ਖਿੱਚੇ
ਡਾਲਰਾਂ ਪਿੱਛੇ ਲੱਗੀ ਅੰਨ੍ਹੀ ਦੌੜ ‘ਚ
ਅਰਬੀ ਘੋੜਿਆਂ ਵਾਂਗੂੰ ਸਰਪਟ
ਦੌੜ ਰਹੇ ਨੇ ਲੋਕੀਂ
ਪਰ ਜਦੋਂ ਅਜਿਹੀ ਅੰਨ੍ਹੀ ਦੌੜ ਵਿੱਚ ਪੈ ਕੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਮਨ ਵਿੱਚ ਘੋਰ ਨਿਰਾਸ਼ਾ ਪੈਦਾ ਹੁੰਦੀ ਹੈ ਤਾਂ ਇਹ ਲੋਕ ਮਨ ਦੀ ਸ਼ਾਂਤੀ ਲਈ ਠੱਗ ਬਾਬਿਆਂ ਅਤੇ ਧਾਰਮਿਕ ਮੱਠਾਂ ਵੱਲ ਦੌੜਦੇ ਹਨ। ਪਰ ਜ਼ਰੂਰੀ ਨਹੀਂ ਕਿ ਅਜਿਹੇ ਅੰਧ ਵਿਸ਼ਵਾਸੀ ਲੋਕ ਵਿੱਦਿਅਕ ਤੌਰ ਉੱਤੇ ਅਨਪੜ੍ਹ ਹੋਣ। ਠੱਗ ਬਾਬਿਆਂ ਦੇ ਡੇਰਿਆਂ ਅਤੇ ਧਾਰਮਿਕ ਮੱਠਾਂ ਵਿੱਚ ਜਾ ਕੇ ਨੱਕ ਰਗੜਨ ਵਾਲੇ ਲੋਕਾਂ ਵਿੱਚ ਇੰਜਨੀਅਰ, ਡਾਕਟਰ, ਵਕੀਲ, ਪਰੋਫੈਸਰ, ਖਿਡਾਰੀ, ਬਿਜ਼ਨਸਮੈਨ, ਗਾਇਕ, ਕਲਾਕਾਰ ਅਤੇ ਮੀਡੀਆ ਦੇ ਲੋਕ ਵੀ ਸ਼ਾਮਿਲ ਹੁੰਦੇ ਹਨ। ਇਹ ਅਜਿਹੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਕਮਿਊਨਿਟੀ ਬੜੇ ਸਿਆਣੇ ਅਤੇ ਪਤਵੰਤੇ ਲੋਕ ਸਮਝਦੀ ਹੈ। ਕਮਿਊਨਿਟੀ ਦੇ ਆਮ ਲੋਕ ਜਿਨ੍ਹਾਂ ਤੋਂ ਅਨੇਕਾਂ ਹਾਲਤਾਂ ਵਿੱਚ ਰਹਿਨੁਮਾਈ ਪ੍ਰਾਪਤ ਕਰਦੇ ਹਨ। ਅਜਿਹੇ ਮੁਖੌਟਾਧਾਰੀ ਰਹਿਨੁਮਾਵਾਂ ਦੇ ਅਸਲੀ ਕਿਰਦਾਰਾਂ ਬਾਰੇ ਮੈਂ ਆਪਣੀ ਕਵਿਤਾ ‘ਗਲੋਬਲੀਕਰਨ-21’ ਦੀਆਂ ਇਨ੍ਹਾਂ ਕਾਵਿ ਸਤਰਾਂ ਵਿੱਚ ਬਹੁਤ ਸਪੱਸ਼ਟ ਸ਼ਬਦਾਂ ਵਿੱਚ ਲਿਖਿਆ ਹੈ:
ਇਹੀ ਹੈ ਉਹ ਭੀੜ
ਜੋ ਅਗਿਆਨਤਾ ਦੇ ਚਿੱਕੜ ਵਿੱਚ ਖੁੱਭੀ
ਹਰ ਠੱਗ, ਹਰ ਸੰਤ, ਹਰ ਸਾਧ ਦੇ
ਵਿਹੜੇ ਵਿੱਚ ਆਪਣਾ ਨੱਕ ਰਗੜਦੀ
ਤੁਹਾਨੂੰ ਨਜ਼ਰ ਆਏਗੀ
ਹਰ ਪਾਖੰਡੀ ਗੁਰੂ, ਬਾਬੇ ਦੀਆਂ
ਭੇਡਾਂ ਦੇ ਇੱਜੜ ਵਿੱਚ, ਜਿਸਨੂੰ
ਮੈਂ ਮੈਂ ਕਰਦਿਆਂ ਵੇਖੋਗੇ
ਇਹੀ ਹੈ ਉਹ ਭੀੜ
ਜੋ ਤੁਹਾਨੂੰ ਖੜ੍ਹੀ ਮਿਲੇਗੀ-
ਧਾਰਮਿਕ ਮੱਠਾਂ ਦੀਆਂ ਕੰਧਾਂ ਉਹਲੇ
ਅੰਨ੍ਹੇ ਨਿਸ਼ਾਨਚੀਆਂ ਵਾਂਗ
ਜ਼ਿੰਦਗੀ ਦਾ ਕੋਈ ਨਿਸ਼ਾਨਾ ਮਿੱਥਦੀ
-----
ਗਲੋਬਲੀਕਰਨ ਦੀ ਤੇਜ਼ ਹਨ੍ਹੇਰੀ ਅੱਗੇ ਕੱਖਾਂ ਕਾਨਿਆਂ ਵਾਂਗ ਉੱਡੇ ਫਿਰਦੇ ਸਾਡੇ ਇਹ ਮੁਖੌਟਾਧਾਰੀ ਅਤੇ ਭ੍ਰਿਸ਼ਟ ਹੋ ਚੁੱਕੇ ਰਹਿਨੁਮਾ ਜ਼ਿੰਦਗੀ ਦੇ ਹਰ ਖੇਤਰ ਵਿੱਚ ਹੀ ਆਪਣੀ ਭ੍ਰਿਸ਼ਟ ਹੋ ਚੁੱਕੀ ਮਾਨਸਿਕਤਾ ਦੀਆਂ ਜੜ੍ਹਾਂ ਲਗਾਉਣ ਲਈ ਯਤਨਸ਼ੀਲ ਹਨ। ਰਾਜਨੀਤੀ, ਧਰਮ, ਵਿੱਦਿਆ, ਆਰਥਿਕਤਾ, ਵਾਤਾਵਰਨ, ਸਿਹਤ, ਖੇਡਾਂ, ਤਕਨਾਲੋਜੀ, ਵਿਗਿਆਨ - ਜ਼ਿੰਦਗੀ ਦਾ ਅਜਿਹਾ ਕੋਈ ਵੀ ਖੇਤਰ ਬਾਕੀ ਨਹੀਂ ਰਿਹਾ ਜੋ ਕਿ ਇਨ੍ਹਾਂ ਦੀ ਕਿਰਪਾ ਦ੍ਰਿਸ਼ਟੀ ਹੋਣ ਤੋਂ ਬਾਹਦ ਭ੍ਰਿਸ਼ਟ ਹੋਣ ਤੋਂ ਬਚ ਸਕਿਆ ਹੋਵੇ। ਭਾਵੇਂ ਕਿ ਅਨੇਕਾਂ ਪਹਿਲੂਆਂ ਤੋਂ ਪਰਵਾਸ ਵਿੱਚ ਜਾਣ ਵਾਲੇ ਪੰਜਾਬੀ ਭ੍ਰਿਸ਼ਟਾਚਾਰ ਦੇ ਕੀਟਾਣੂੰ ਆਪਣੇ ਨਾਲ ਭਾਰਤ/ਪਾਕਿਸਤਾਨ ਤੋਂ ਹੀ ਲੈ ਕੇ ਜਾਂਦੇ ਹਨ; ਪਰ ਅਨੇਕਾਂ ਤਰ੍ਹਾਂ ਦੇ ਆਧੁਨਿਕ ਭ੍ਰਿਸ਼ਟਾਚਾਰ ਦੇ ਕੀਟਾਣੂੰ ਪਰਵਾਸ ਵਿੱਚ ਰਹਿ ਰਹੇ ਪੰਜਾਬੀ ਆਪਣੀ ਵਤਨ ਫੇਰੀ ਵੇਲੇ ਆਪਣੇ ਨਾਲ ਪਰਵਾਸ ਤੋਂ ਵੀ ਲੈ ਕੇ ਜਾਂਦੇ ਹਨ। ਮੰਡੀ ਸਭਿਆਚਾਰ ਨੇ ਜਿਸ ਤਰ੍ਹਾਂ ਦਾ ਸਭਿਆਚਾਰਕ ਗੰਦ ਪੱਛਮੀ ਦੇਸ਼ਾਂ ਵਿੱਚ ਪਾਇਆ ਹੈ - ਸਾਡੇ ਪਰਵਾਸੀਆਂ ਨੇ ਉਸ ਗੰਦ ਦੀਆਂ ਜੜ੍ਹਾਂ ਪੰਜਾਬ ਵਿੱਚ ਵੀ ਲਗਾ ਦਿੱਤੀਆਂ ਹਨ। ਪਰਵਾਸੀ ਪੰਜਾਬੀਆਂ ਦੀ ਪੰਜਾਬ ਨੂੰ ਦਿੱਤੀ ਗਈ ਅਜਿਹੀ ਵੱਡਮੁੱਲੀ ਦੇਣ ਦਾ ਨਕਸ਼ਾ ਮੈਂ ਆਪਣੀ ਕਵਿਤਾ ‘ਗਲੋਬਲੀਕਰਨ-23’ ਵਿੱਚ ਕੁਝ ਇਸ ਤਰ੍ਹਾਂ ਉਲੀਕਿਆ ਹੈ:
ਪੰਜਾਬ, ਤੇਰੀਆਂ ਕੀ ਕੀ ਸਿਫਤਾਂ ਕਰਾਂ
ਗਲੋਬਲੀਕਰਨ ਦੀ ਤੇਜ਼ ਹਨ੍ਹੇਰੀ ਨੇ
ਤੇਰੀ ਧਰਤੀ ਦੇ ਕੋਨੇ ਕੋਨੇ ਵਿੱਚ ਵੀ
ਅਨੇਕਾਂ ਵੱਡਮੁੱਲੀਆਂ ਬਰਕਤਾਂ
ਲਿਆਂਦੀਆਂ ਹਨ
ਬਦੇਸ਼ਾਂ ਵਿਚ, ਹਰ ਪਲ
ਤੇਰੇ ਨਾਮ ਦੀ ਮਾਲਾ ਜਪਦੇ
ਤੇਰੇ ਧੀਆਂ-ਪੁੱਤਰਾਂ ਨੇ
ਪਰਮ ਪਿਤਾ ਪਰਮੇਸ਼ਰ ਨੂੰ
ਹਾਜ਼ਿਰ ਨਾਜ਼ਰ ਜਾਣਕੇ
ਸਹੁੰ ਖਾਧੀ ਸੀ
ਕਿ ਇੱਕ ਦਿਨ
ਉਹ, ਪੰਜਾਬ ਨੂੰ ਵੀ
ਕੈਲੇਫੋਰਨੀਆਂ ਬਣਾ ਦੇਣਗੇ
ਆਪਣੇ ਵਾਹਦੇ ਉੱਤੇ, ਉਹ
ਪੂਰੇ ਉਤਰੇ ਹਨ -
ਦਹਾਕਿਆਂ ਦਾ ਕੰਮ
ਉਨ੍ਹਾਂ ਨੇ ਸਾਲਾਂ ਵਿੱਚ ਹੀ
ਪੂਰਾ ਕਰ ਦਿਖਲਾਇਆ ਹੈ
ਨਸ਼ਿਆਂ ਦਾ ਛੇਵਾਂ ਦਰਿਆ ਵਗਾ ਕੇ
ਪੰਜਾਬੀਆਂ ਨੂੰ, ਅਮਲੀ ਅਤੇ ਨਸ਼ਈ
ਬਨਾਉਣ ਦੀ ਆਪਣੀ ਮੁਹਿੰਮ ਵਿੱਚ
ਭੰਗ, ਅਫੀਮ, ਚਰਸ, ਕਰੈਕ, ਕੁਕੇਨ ਦੇ ਅੱਡੇ
ਪਿੰਡ, ਪਿੰਡ, ਸ਼ਹਿਰ, ਸ਼ਹਿਰ
ਖੋਹਲ ਦਿੱਤੇ ਹਨ
ਕੈਬਰੇ ਅਤੇ ਬਲੂ-ਮੂਵੀਆਂ ਵੇਖਣ ਜਾਂ
ਲੱਚਰ ਗੀਤ ਸੁਨਣ ਦੇ
ਚਾਹਵਾਨ ਮਹਾਂ-ਪੁਰਸ਼ਾਂ ਨੂੰ
ਮਨ-ਪਰਚਾਉਣ ਵਾਸਤੇ, ਹੁਣ
ਬਦੇਸ਼ਾਂ ਦੇ ਚੱਕਰ ਨਹੀਂ
ਲਗਾਉਣੇ ਪੈਣਗੇ
ਅੰਮ੍ਰਿਤਸਰ, ਜਲੰਧਰ, ਲੁਧਿਆਣਾ ਜਾਂ ਚੰਡੀਗੜ੍ਹ ਦੇ
ਪੰਜ ਸਟਾਰ ਹੋਟਲਾਂ ਵਿਚ ਬਣੇ
ਚਕਲਿਆਂ ਵਿੱਚ ਜਾ ਕੇ ਹੀ
ਹਰ ਰੰਗ, ਧਰਮ, ਨਸਲ ਦੀ ਰੰਡੀ ਨਾਲ
ਰੰਗ ਰਲੀਆਂ ਮਨਾਈਆਂ ਜਾ ਸਕਦੀਆਂ ਹਨ
-----
ਮੰਡੀ ਸਭਿਆਚਾਰ ਤੁਹਾਡੇ ਅੰਦਰ ਪੂਰੀ ਤਰ੍ਹਾਂ ਗੁਲਾਮੀ ਦਾ ਅਹਿਸਾਸ ਭਰ ਦਿੰਦਾ ਹੈ। ਮੰਡੀ ਸਭਿਆਚਾਰ ਤੁਹਾਡੀ ਚੇਤਨਾ ਵਿੱਚ ਇੱਕ ਹੀ ਨਾਹਰੇ ਦੇ ਬੀਜ ਮੁੜ ਮੁੜ ਬੀਜਦਾ ਹੈ: ‘ਖਾਓ, ਪੀਓ, ਕਰੋ ਆਨੰਦ’। ਮੰਡੀ ਸਭਿਆਚਾਰ ਵਿੱਚ ਆਮ ਮਨੁੱਖ ਦੀ ਸ਼ਮੂਲੀਅਤ ਤਾਂ, ਮਹਿਜ਼, ਪੁਤਲੀਆਂ ਵਾਂਗ ਹੀ ਹੁੰਦੀ ਹੈ। ਉਸ ਵੱਲੋਂ ਕੀਤੇ ਗਏ ਹਰ ਕਾਰਜ, ਹਰ ਅਦਾ ਦੀ ਵਾਗਡੋਰ ਮੈਗਾ ਕਾਰਪੋਰੇਸ਼ਨਾਂ ਨਾਲ ਸਬੰਧਤ ਕਰਿੰਦਿਆਂ ਦੇ ਹੱਥਾਂ ਵਿੱਚ ਹੀ ਹੁੰਦੀ ਹੈ। ਉਹ ਉਨ੍ਹਾਂ ਦੀ ਹੀ ਜ਼ੁਬਾਨ ਬੋਲਦਾ ਹੈ, ਉਨ੍ਹਾਂ ਦੀ ਹੀ ਸੋਚ ਦਾ ਪ੍ਰਗਟਾਵਾ ਕਰਦਾ ਹੈ, ਉਨ੍ਹਾਂ ਦੀਆਂ ਹੀ ਇੱਛਾਵਾਂ ਦੀ ਪੂਰਤੀ ਕਰਦਾ ਹੈ। ਆਮ ਆਦਮੀ ਤਾਂ, ਮਹਿਜ਼, ਸ਼ਤਰੰਜ ਦੇ ਪਿਆਦਿਆਂ ਵਾਂਗ ਇਨ੍ਹਾਂ ਸ਼ਤਰੰਜ ਦੇ ਖਿਡਾਰੀਆਂ ਦੇ ਹੱਥਾਂ ਦੀ ਛੋਹ ਮਿਲਣ ਨੂੰ ਹੀ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਪ੍ਰਾਪਤੀ ਸਮਝਦਾ ਹੈ। ਉਸ ਨੂੰ ਇੰਨੇ ਨਾਲ ਹੀ ਖੁਸ਼ੀ ਮਿਲ ਜਾਂਦੀ ਹੈ ਕਿ ਸ਼ਤਰੰਜ ਦੇ ਇਨ੍ਹਾਂ ਵੱਡੇ ਖਿਡਾਰੀਆਂ ਨਾਲ ਉਸ ਦੀਆਂ ਤਸਵੀਰਾਂ ਅਖਬਾਰਾਂ/ਮੈਗਜ਼ੀਨਾਂ ਦੇ ਸਫਿਆਂ ਉੱਤੇ ਛਪ ਰਹੀਆਂ ਹਨ। ਅਜਿਹੇ ਅਰਥਹੀਣ ਸਭਿਆਚਾਰ ਅਤੇ ਉਸ ਦੇ ਉਸਰੱਈਆਂ ਦੀ ਤਸਵੀਰ ਮੇਰੀ ਕਵਿਤਾ ‘ਗਲੋਬਲੀਕਰਨ-26’ ਵਿੱਚ ਕੁਝ ਇਸ ਤਰ੍ਹਾਂ ਪੇਸ਼ ਕੀਤੀ ਗਈ ਹੈ:
ਗਲੋਬਲੀਕਰਨ, ਸਭਿਆਚਾਰਕ ਗੁਲਾਮੀ ਦਾ ਹੀ
ਇੱਕ ਬਦਲਵਾਂ ਨਾਮ ਹੈ-
ਮੈਗਾ ਮੀਡੀਆ ਕਾਰਪੋਰੇਸ਼ਨਾਂ ਦਾ
ਡਾਇਨਾਸੋਰ, ਦਹਾੜਦਾ ਆ ਰਿਹਾ
ਆਪਣੇ ਪੈਰਾਂ ਹੇਠ ਦਰੜ ਦੇਣ ਲਈ
ਲੋਕ-ਸਭਿਆਚਾਰਾਂ ਦਾ ਤਾਣਾ-ਬਾਣਾ
ਉਹ ਨਹੀਂ ਚਾਹੁਣਗੇ, ਸਭਿਆਚਾਰ
ਆਲੇ-ਦੁਆਲੇ ਦੀ ਬਾਤ ਪਾਵੇ
ਲੋਕਾਂ ਦੇ ਦੁੱਖਾਂ-ਸੁੱਖਾਂ ਦੇ ਗੀਤ ਗਾਏ
ਉਨ੍ਹਾਂ ਦੀਆਂ ਉਮੰਗਾਂ-ਇਛਾਵਾਂ ਦਾ
ਜ਼ਿਕਰ ਕਰੇ, ਉਨ੍ਹਾਂ ਦੇ ਸੁਪਨਿਆਂ ਦੇ ਵੀ
ਬਹੁ-ਰੰਗੇ ਫੁੱਲ ਖਿੜ ਸਕਣ
ਉਹ ਤਾਂ ਚਾਹੁਣਗੇ, ਟੈਲੀਵੀਜ਼ਨ ਸਕਰੀਨ
ਦਿਨ ਰਾਤ ਭਰੇ ਰਹਿਣ, ਅਰਥਹੀਣ
ਹਾਲੀਵੁੱਡ-ਬਾਲੀਵੁੱਡ ਫਿਲਮੀ ਦ੍ਰਿਸ਼ਾਂ ਨਾਲ
ਇਨ੍ਹਾਂ ਵਿੱਚ, ਮੈਗਾ ਕਾਰਪੋਰੇਸ਼ਨਾਂ ਦੇ ਮਾਲਿਕ
ਗੁੰਡਾਰਾਜ ਦੇ ਚੀਫ ਐਗਜ਼ੀਕਿਊਟਿਵ ਡਾਇਰੈਕਟਰਾਂ ਵੱਲੋਂ
ਆਯੋਜਿਤ ਕੀਤੇ ਗਏ ਭਰਵੇਂ ਇਕੱਠਾਂ ਵਾਲੇ
ਕੁੱਤਿਆਂ, ਬਿੱਲਿਆਂ ਦੇ ਜਨਮ ਸਮਾਰੋਹਾਂ ਉੱਤੇ
ਸ਼ਹਿਰ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ
ਮੁਜਰੇ ਕਰਦੀਆਂ ਕਾਲ ਗਰਲਜ਼, ਪਲੇਅ ਬੁਆਏ
ਮੈਗਜ਼ੀਨਾਂ ਲਈ, ਕਾਮ-ਉਕਸਾਊ
ਨਗਨ ਪੋਜ਼ ਬਣਾ ਰਹੀਆਂ ਹੋਣ
*******
ਲੜੀ ਜੋਵਨ ਲਈ ਅਗਲਾ ਭਾਗ ਪੜ੍ਹੋ।
No comments:
Post a Comment