ਲੇਖ – ਭਾਗ ਦੂਜਾ
ਪੰਜਾਬੀ ਪਿੰਗਲ ਅਤੇ ਫ਼ਾਰਸੀ ਅਰੂਜ਼ ਵਿਚ ਅੰਤਰ ਹੈ। ਅਰੂਜ਼ ਵਿਚ ‘ਰੁਕਨ’ ਇਕ ਖ਼ਾਸ ਚਾਲ ਵਿਚ ਬੱਝੇ ਹੋਏ ਹੋਣ ਕਾਰਨ ਸਕਤੇ ਨੂੰ ਬਰਦਾਸ਼ਤ ਨਹੀਂ ਕਰਦਾ, ਪਰ ਪੰਜਾਬੀ ਪਿੰਗਲ ਦੀਆਂ ਬਹਰਾਂ ਸਕਤੇ ਨੂੰ ਲਮਕਾ ਕੇ ਜਾਂ ਤੇਜ਼ ਰੌ ਵਿਚ ਪੜ੍ਹ ਕੇ ਉਚਾਰਣ ਅਨੁਸਾਰ ਢਾਲ ਲਈਆਂ ਜਾਂਦੀਆਂ ਹਨ। ਯੁਮਨ ਜੀ ਦਾ ਕਮਾਲ ਇਸ ਚੱਕਰ ਤੋਂ ਬਚੇ ਰਹਿਣ ਦਾ ਹੈ। ਵਾਸਤਵ ਵਿਚ, ਵਜ਼ਨ ਤੋਲ ਦੀ ਸੂਝ ਉਹਨਾਂ ਨੂੰ ਕੁਦਰਤ ਵਲੋਂ ਮਿਲੀ ਹੋਈ ਸੀ ਤੇ ਉਹ ਪਿੰਗਲ ਨੂੰ ਵੀ ਉਸੇ ਸ਼ੁੱਧਤਾ ਨਾਲ ਨਿਭਾਉਣ ਦੇ ਕਾਰੀਗਰ ਸਨ, ਜਿਸ ਨਾਲ ਅਸੀਂ ਉਹਨਾਂ ਨੂੰ ਫ਼ਾਰਸੀ ਬਹਿਰਾਂ ਨਿਭਾਉਂਦੇ ਵੇਖਦੇ ਹਾਂ।
-----
ਯੁਮਨ ਜੀ ਦੀ ਇਕ ਮੁਸ਼ਕਲ ਇਹ ਸੀ ਕਿ ਉਹਨਾਂ ਗ਼ਜ਼ਲ ਵੀ ਸਟੇਜ ਉੱਤੇ ਪੜ੍ਹਨੀ ਹੁੰਦੀ ਸੀ। ਇਸ ਲਈ ਜਿੱਥੇ ਉਹਨਾਂ ਨੂੰ ਅਰੂਜ਼ ਦੀ ਸਖ਼ਤੀ ਨਾਲ ਪਾਲਣਾ ਕਰਨੀ ਪੈਂਦੀ ਸੀ, ਉੱਥੇ ਉਹਨਾਂ ਨੂੰ ਸਟੇਜ ਤੇ ਗ਼ਜ਼ਲ ਸੁਣਾਉਣ ਲਈ ਆਪਣੇ ਸਰੋਤਿਆਂ ਦੇ ਸੁਹਜ-ਸੁਆਦ ਨੂੰ ਵੀ ਮੁੱਖ ਰੱਖਣਾ ਪੈਂਦਾ ਸੀ।
ਯੁਮਨ ਜੀ ਦੀ ਗ਼ਜ਼ਲ ਦੀ ਪਰਿਪੱਕਤਾ ਦਾ ਰਾਜ਼ ਵੀ ਇਹੋ ਹੈ ਕਿ ਉਹਨਾਂ ਨੇ ਛੰਦ-ਪ੍ਰਬੰਧ, ਬਹਿਰ ਤੇ ਜ਼ਬਾਨਦਾਨੀ ਨਾਲ ਆਪਣੀ ਗ਼ਜ਼ਲ ਨੂੰ ਛੰਦ-ਬੱਧ ਕੀਤਾ।“
-----
ਪ੍ਰੋ. ਗੁਰਚਰਨ ਸਿੰਘ ਆਪਣੇ ਲੇਖ ‘ਗ਼ਜ਼ਲਾਂ ਦੇ ਝੂੰਮਰ’ ’ਚ ਲਿਖਦੇ ਨੇ, “ਬਰਕਤ ਰਾਮ ਯੁਮਨ ਇਕ ਉਸਤਾਦ ਗ਼ਜ਼ਲਕਾਰ ਹੈ ਜੋ ਆਪਣੀ ਇਸ ਕਲਾ ਵਿਚ ਪੰਜਾਬੀਆਂ ਦਾ ਅਮਨ ਦਖਲ ਹਾਸਿਲ ਕਰ ਸਕਿਆ ਹੈ।“ (ਰਿਸ਼ਮਾਂ, ਅੰਕ ਅਗਸਤ, 1961)
ਸ੍ਰੀ ਕਵਲ ਇੰਦਰ ਕਵਲ ਆਪਣੇ ਲੇਖ ‘ਪੰਜਾਬੀ ਗ਼ਜ਼ਲ : ਅਰੰਭ ਤੋਂ ਵਿਕਾਸ’ ਵਿਚ ਲਿਖਦੇ ਨੇ ਕਿ ਬਰਕਤ ਰਾਮ ਯੁਮਨ ਪੰਜਾਬੀ ਦੇ ਉਸਤਾਦ ਗ਼ਜ਼ਲਗੋ ਸਨ। ਪਰੰਪਰਾਗਤ ਵਿਸ਼ਿਆਂ ਦੇ ਨਾਲ ਨਾਲ ਉਹਨਾਂ ਦੀਆਂ ਗ਼ਜ਼ਲਾਂ ਸਦਾਚਾਰਿਕ ਅਤੇ ਉਪਦੇਸ਼ਾਤਮਕ ਭਾਵਾਂ ਨੂੰ ਵੀ ਦਰਸਾਂੳਦੀਆਂ ਹਨ। ਬਰਕਤ ਰਾਮ ਯੁਮਨ ਦੀਆਂ ਗ਼ਜ਼ਲਾਂ ਦੀ ਇਕ ਨਿਵੇਕਲੀ ਵਿਸ਼ੇਸ਼ਤਾ ਇਹ ਹੈ ਕਿ ਉਸ ਨੇ ਬਹੁਤੀਆਂ ਗ਼ਜ਼ਲਾਂ ਸੰਬੋਧਨੀ ਸ਼ੈਲੀ ਵਿਚ ਲਿਖੀਆਂ ਹਨ। ਇਸ ਕਰਕੇ ਉਸ ਦੀਆਂ ਗ਼ਜ਼ਲਾਂ ਵਿਚ ਵਕਤਾ-ਸਰੋਤਾ ਸੰਬੰਧ ਬਣਿਆ ਰਹਿੰਦਾ ਹੈ। ਇਨ੍ਹਾਂ ਵਿਚ ਭਾਵੇਂ ਫ਼ਾਰਸੀ-ਉਰਦੂ ਸ਼ਬਦਾਵਲੀ ਦਾ ਪ੍ਰਯੋਗ ਕੀਤਾ ਗਿਆ ਹੈ, ਫਿਰ ਵੀ ਇਨ੍ਹਾਂ ਗ਼ਜ਼ਲਾਂ ਵਿਚ ਪੰਜਾਬੀਅਤ ਦਾ ਰੰਗ ਝਲਕਦਾ ਹੈ। ਇਹ ਉਸ ਦੀ ਮੌਲਿਕਤਾ ਵੀ ਹੈ ਅਤੇ ਵਿਸ਼ੇਸ਼ਤਾ ਵੀ।
ਖੋਜ ਪਤ੍ਰਿਕਾ : ਆਧੁਨਿਕ ਕਾਵਿ ਅੰਕ (ਸਤੰਬਰ 1983, ਅੰਕ 22, ਪੇਜ 208 ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ)
-----
ਯੁਮਨ ਜੀ ਦੀ ਸ਼ੈਲੀ ਵੀ ਬੇਮਿਸਾਲ ਹੈ। ਉਹ ਗ਼ਜ਼ਲ ਦੇ ਉਸਲੂਬ (ਸ਼ੈਲੀ), ਜ਼ਬਾਨ, ਮੁਹਾਵਰਾ-ਬੰਦੀ, ਸ਼ਬਦ-ਵਿਧਾਨ, ਲਫ਼ਜ਼ੀ ਤਕਰਾਰ, ਵਿਰੋਧਾਭਾਸ, ਕਾਫ਼ੀਏ ਦੀ ਚੁਸਤ ਬੰਦਿਸ਼ ਅਤੇ ਸ਼ਬਦਾਂ ਦੇ ਫੇਰ-ਬਦਲ ਵਿੱਚੋਂ ਅਰਥ ਉਜਾਗਰ ਕਰਨ ਦੇ ਖ਼ਾਸ ਉਸਤਾਦ ਸਨ। ਸ਼ਬਦ-ਅਲੰਕਾਰ ਅਤੇ ਸ਼ਬਦ-ਸੁੰਦਰਤਾ ਨਾਲ ਅਰਥਾਂ ਦੀ ਕੁਸ਼ਲਤਾ ਪੈਦਾ ਕਰਨ ਵਿਚ ਬਹੁਤ ਸਫਲ ਹਨ। ਕਲਾ-ਪਖ ਤੋਂ ਉਹਨਾਂ ਜਿੱਨੀ ਪਕਿਆਈ ਸਾਨੂੰ ਦੂਜੇ ਪੰਜਾਬੀ ਗ਼ਜ਼ਲਗੋਆਂ ਵਿਚ ਘਟ ਹੀ ਦਿਸੀ ਹੈ। ਨਮੂਨੇ ਵਜੋਂ ਉਹਨਾਂ ਦੇ ਕੁੱਝ ਸ਼ਿਅਰ ਪੇਸ਼ ਹਨ:-
ਔਖਾ ਏ ਵਿਛੋੜਾ ਵੀ, ਮਿਲਣਾ ਵੀ ਖ਼ਰੀ ਮੁਸ਼ਕਿਲ।
ਜਿੱਧਰ ਵੀ ਨਜ਼ਰ ਕੀਤੀ, ਓਧਰ ਹੀ ਧਰੀ ਮੁਸ਼ਕਿਲ।
----
ਉਹ ਮਿਲ ਕੇ ਕਦੋਂ ਬੈਠਾ, ਉਹ ਰਲ ਕੇ ਕਦੋਂ ਟੁਰਿਆ,
ਜਿਸ ਕਹਿ ਤਾਂ ਲਈ ਸੌਖੀ, ਪਰ ਸੁਣ ਕੇ ਜਰੀ ਮੁਸ਼ਕਿਲ।
----
ਦੁਸ਼ਮਣ ਵੀ ਨਾ ਫਸ ਜਾਵੇ, ਜ਼ੁਲਫ਼ਾਂ ਦੇ ਸ਼ਿਕੰਜੇ ਵਿਚ,
ਇਸ ਫਾਹੀ ’ਚ ਜੋ ਫਸਿਆ, ਹੋਵੇਗਾ ਬਰੀ ਮੁਸ਼ਕਿਲ।
----
ਭੁੱਲ ਕੇ ਵੀ ਹਵਸ ਉੱਤੇ, ਠੱਗਿਆ ਨ ਦਿਲਾ ਜਾਵੀਂ,
ਜੜ੍ਹ ਚੱਟੀ ਹੋਈ ਇਹਦੀ, ਹੁੰਦੀ ਏ ਹਰੀ ਮੁਸ਼ਕਿਲ।
-----
ਦਮ ਗਿਣਵੇਂ ‘ਯੁਮਨ’ ਰਹਿ ਗਏ, ਔਖੀ ਏ ਦਵਾ ਫੁਰਨੀ,
ਬਸ ਚਾਰਾ ਗਰੋ ਜਾਵੋ, ਹੁਣ ਚਾਰਾ ਗਰੀ ਮੁਸ਼ਕਿਲ।
*******
ਸੋਚਦਾ ਹਾਂ ਵੇਖ ਕੇ ਨਿੱਤ ਡਿਗਦੇ ਮਸਤੀ ਵਿਚ ਪਿਆਕ।
ਕੁਝ ਨਾ ਕੁਝ ਤਾਂ ਪੀ ਕੇ ਠੇਡੇ ਖਾਣ ਦੇ ਵਿਚ ਹੈ ਸਵਾਦ।
-----
ਪੀਣ ਵਿਚ ਵੀ ਰਿੰਦ ਨੂੰ ਓਨਾ ਨ ਸ਼ਾਇਦ ਮਿਲ ਸਕੇ,
ਸਾਕੀਆ ! ਜਿੰਨਾ ਤੇਰੇ ਤਰਸਾਣ ਦੇ ਵਿਚ ਹੈ ਸਵਾਦ।
-----
ਚੁੱਪ ਨ ਕਰ ਮੁੱਲਾਂ! ਜ਼ਰਾ ਟੁਰਿਆ ਚਲ ਆਪਣੀ ਲੀਕ ਤੇ,
ਆਉਣ ਲੱਗਾ ਕੁਝ ਤੇਰੇ ਸਮਝਾਣ ਦੇ ਵਿਚ ਹੈ ਸਵਾਦ।
-----
ਤੂੰ ਸਮਝਨਾ ਏਂ, ਤੇਰੇ ਖੁਲ੍ਹ ਜਾਣ ਲਈ ਹਾਂ ਲੋਚਦਾ?
ਮੈਥੋਂ ਪੁੱਛ, ਕਿੰਨਾ ਤੇਰੇ ਸ਼ਰਮਾਣ ਦੇ ਵਿਚ ਹੈ ਸਵਾਦ।
-----
ਦਿਲ ਤੋਂ ਚਾਹੁੰਦੇ ਵੀ ਜ਼ਬਾਨੋ ਹਾਂ ਕਿਉਂ ਨਹੀਂ ਆਖਦੇ,
ਆਪ ਹੀ ਜਾਣੋ ਕਿ ਕੀ ਕਲਪਾਣ ਦੇ ਵਿਚ ਹੈ ਸਵਾਦ।
-----
ਕੀ ਸਵਾਦ ਆਇਆ ‘ਯੁਮਨ’ ਇਸ਼ਕੋਂ ਬਚਾ ਲਈ ਜ਼ਿੰਦਗੀ?
ਯਾਰ ਦੇ ਨਾਂ ਤੋਂ ਫ਼ਿਦਾ ਹੋ ਜਾਣ ਦੇ ਵਿਚ ਹੈ ਸਵਾਦ।
*******
ਯਾਦ ਤੇਰੀ ਨੇ ਕਿਸੇ ਦੇ ਨਾਲ ਕੀ ਕੀਤੀ? ਨ ਪੁੱਛ
ਰਾਤ ਉਸ ਦੀ ਗਿਣਦਿਆਂ ਤਾਰੇ ਕਿਵੇਂ ਬੀਤੀ? ਨ ਪੁੱਛ
-----
ਪੀ ਲਈ ਜਿਥੋਂ ਵੀ ਜਿੰਨੀ ਵੀ ਜਿਹੋ ਜਿਹੀ ਮਿਲ ਗਈ,
ਕਿੰਨੀ ਕਿਉਂ ਕਿਥੋਂ ਕਿਹੋ ਜਿਹੀ ਤੇ ਕਦੋਂ ਪੀਤੀ? ਨ ਪੁੱਛ
-----
ਚੀਜ਼ ਸੀ ਵੇਖਣ ਦੀ ਇਹ ਈਸਾ ਜੇ ਅੱਖੀਂ ਵੇਖਦੋਂ
ਆਖ਼ਰੀ ਹਿਚਕੀ ਤੇਰੇ ਬੀਮਾਰ ਕਿੰਝ ਲੀਤੀ? ਨ ਪੁੱਛ
-----
ਵੇਖ ਲਈ ਦੁਨੀਆ ਤੇਰੀ ਓਇ ਮਾਲਿਕਾ ਦੁਨੀਆ ਦਿਆ,
ਤੇਰੀ ਦੁਨੀਆ ਵਿਚ ‘ਯੁਮਨ’ ਦੇ ਨਾਲ ਕੀ ਬੀਤੀ? ਨ ਪੁੱਛ
-----
ਫ਼ਾਰਸੀ ਤੇ ਉਰਦੂ ਗ਼ਜ਼ਲ ਵਿਚ ਪੁਰਾਣੀਆਂ ਘਟਨਾਵਾਂ ਨੂੰ ਇਸ਼ਾਰੇ ਅਤੇ ਕਿਨਾਇਆ ਨਾਲ ਨਿਭਾਉਣ ਦੀ ਪਰੰਪਰਾ ਬਹੁਤੀ ਪੁਰਾਣੀ ਹੈ। ਯੁਮਨ ਜੀ ਨੇ ਇਸੇ ਤਰ੍ਹਾਂ ਦੀਆਂ ਰਿਵਾਇਤਾਂ ਨੂੰ ਪੰਜਾਬੀ ਵਿਚ ਸਫ਼ਲਤਾ ਸਹਿਤ ਪ੍ਰਚਲਿਤ ਕਰਨ ਦਾ ਯਤਨ ਕੀਤਾ ਹੈ। ਉਹਨਾਂ ਨੇ ਪੁਰਾਣੇ ਰੰਗ ਵਿਚ ਬੜੇ ਪਿਆਰੇ ਸ਼ਿਅਰ ਆਖੇ ਹਨ। ਕਈ ਲੋਕ ਉਸ ਦੀ ਇਸ ਮਜਬੂਰੀ ਨੂੰ ਉਰਦੂ ਗ਼ਜ਼ਲ ਦੀ ਨਕਲ ਕਹਿਣ ਦੀ ਜਸਾਰਤ ਕਰਦੇ ਹਨ; ਅਸੀਂ ਇਸ ਗੱਲ ਨੂੰ ਯੁਮਨ ਜੀ ਨਾਲ ਬੇ-ਇਨਸਾਫ਼ੀ ਮੰਨਦੇ ਹਾਂ। ਉਹਨਾਂ ਦੇ ਵੱਖ਼-ਵੱਖ਼ ਦੇ ਰੰਗਾਂ ਦੇ ਇਹੋ ਜਿਹੇ ਕੁੱਝ ਸ਼ਿਅਰ ਪੇਸ਼ ਹਨ :-
ਪਤਾ ਵੀ ਸੂ ਕਿਸੇ ਤੇ ਵਿਛਣ ਵਿਚ ਨੁਕਸਾਨ ਕਿੰਨਾ ਏ।
ਵਸਾਹ ਮੁੜ ਵੀ ਕਰੀ ਜਾਂਦਾ, ਇਹ ਦਿਲ ਨਾਦਾਨ ਕਿੰਨਾ ਏ।
-----
ਭਰੀ ਮਹਿਫ਼ਿਲ ’ਚੋਂ ਮੈਨੂੰ ਈਂ ਉਠਾਇਆ ਜਾ ਰਿਹਾ ਚੁਣ ਕੇ,
ਭਰੀ ਮਹਿਫ਼ਿਲ ’ਚੋਂ ਚੁਣਿਆ ਜਾਣ ਵਿਚ ਵੀ ਮਾਣ ਕਿੰਨਾ ਏ?
-----
ਨਿਰਾਸ਼ਾ, ਬੇਵਸੀ, ਹਸਰਤ, ਪਰੇਸ਼ਾਨੀ, ਪਸ਼ੇਮਾਨੀ,
ਉਜੜ ਗਏ ਦਿਲ ਦੇ ਪਰਚਣ ਲਈ, ਅਜੇ ਸਾਮਾਨ ਕਿੰਨਾ ਏ?
-----
ਜਿੱਚਰ ਛੱਲਾਂ ਦੇ ਵਿਚ ਫਸੀਏ ਨਾ, ਅੰਦਾਜ਼ੇ ਨਹੀਂ ਲਗਦੇ,
ਕਿਨਾਰੇ ਬੈਠਿਆਂ ਨੂੰ ਕੀ ਪਤਾ, ਤੂਫ਼ਾਨ ਕਿੰਨਾ ਏ?
------
‘ਯੁਮਨ’ ਭਗਵਾਨ ਬਣ ਸਕਦੈ ਕਿ ਨਹੀਂ, ਇਹ ਫੇਰ ਸੋਚਾਂਗੇ,
ਅਜੇ ਤਾਂ ਜਾਚਣਾ ਏਂ ਇਹ ਆਦਮੀ ਇਨਸਾਨ ਕਿੰਨਾ ਏ?
-----
ਗ਼ਜ਼ਲ ਦੇ ਪਾਰਖੂਆਂ ਨੇ ਤਗ਼ੱਜ਼ੁਲ, ਨਾਜ਼ੁਕ-ਖ਼ਿਆਲੀ, ਤਖ਼ੱਯੁਲ, ਈਮਾਈਅਤ (ਸੁਝਾਉ), ਰਮਜ਼ੀਅਤ (ਚਿੰਨ੍ਹ, ਪ੍ਰਤੀਕ) ਅਤੇ ਗ਼ਿਨਾਈਅਤ ਆਦਿ ਨੂੰ ਗ਼ਜ਼ਲ ਦੀ ਰੂਹ ਮੰਨਿਆ ਹੈ। ਸ਼ੋਖ਼ੀ ਇਸ ਦਾ ਇਕ ਹੋਰ ਵੱਡਾ ਗੁਣ ਹੈ। ਉਨ੍ਹਾਂ ਦੇ ਕਮਾਲ ਦਾ ਸਵਾਦ ਮਾਨਣ ਲਈ ਉਨ੍ਹਾਂ ਦੀਆਂ ਪ੍ਰਾਪਤ ਗ਼ਜ਼ਲਾਂ ਵਿੱਚੋਂ ਦੇਖੋ ਇਹ ਸ਼ਿਅਰ:-
ਦੋਸਤ ਆਪਣੇ ਇਸ ਤਰ੍ਹਾਂ ਕੁਝ ਕਰਮ ਫ਼ਰਮਾਂਦੇ ਰਹੇ।
ਦੁਸ਼ਮਨਾਂ ਦੀ ਦੁਸ਼ਮਨੀ ਦੇ ਕੁਲ ਗ਼ਿਲੇ ਜਾਂਦੇ ਰਹੇ।
-----
ਰਹਿਮਤਾਂ ਤੋਂ ਫ਼ੈਜ਼ ਕੀ ਪਾਣਾ ਸੀ ਉਹਨਾਂ ਬੁਜ਼ਦਿਲਾਂ,
ਕਹਿਰ ਤੋਂ ਡਰਦੇ ਗੁਨਾਹ ਕਰਦੇ ਜੋ ਘਬਰਾਂਦੇ ਰਹੇ।
-----
ਕੁਝ ਸਚਾਈਆਂ ਨੇ ਭਰਮ ਦਿਲ ਦਾ ਗਵਾਇਆ ਬਾਰ ਬਾਰ,
ਕੁਝ ਭੁਲੇਖੇ ਸਨ ਕਿ ਜੋ ਰਹਿ ਰਹਿ ਕੇ ਭਰਮਾਂਦੇ ਰਹੇ।
-----
ਕਿਸ ਕਦਰ ਘਾਟੇ ਦਾ ਸੌਦਾ ਸੀ ‘ਯੁਮਨ’ ਸਾਡਾ ਪਿਆਰ,
ਪਲ ਕੁ ਪਲ ਹੱਸਣ ਤੇ ਸਾਰੀ ਉਮਰ ਪਛਤਾਂਦੇ ਰਹੇ।
-----
ਯੁਮਨ ਜੀ ਰੁਬਾਈ ਦੇ ਬਾਦਸ਼ਾਹ ਮੰਨੇ ਜਾਂਦੇ ਸਨ ਅਤੇ ਪੰਜਾਬੀ ਵਿਚ ਰੁਬਾਈ ਨੂੰ ਪ੍ਰਚਲਿਤ ਕਰਨ ਵਿਚ ਉਹਨਾਂ ਦਾ ਬੜਾ ਭਾਰੀ ਯੋਗਦਾਨ ਰਿਹਾ ਹੈ। ਰੁਬਾਈ ਦੇ ਰਿਵਾਇਤੀ ਤੁਕਾਂਤ ਤੇ ਵਜ਼ਨਾਂ ਨੂੰ ਯੁਮਨ ਜੀ ਨੇ ਭਲੀ-ਭਾਂਤ ਨਿਭਾਇਆ ਏ। ਰੁਬਾਈ ਦਾ ਪ੍ਰਭਾਵ ਉਹਦੀ ਸੰਪੂਰਨਤਾ ਤੇ ਤੀਖਣਤਾ ਤੇ ਹੈ। ਯੁਮਨ ਜੀ ਇਸ ਪੱਖੋਂ ਵੀ ਉਸਤਾਦ ਸਨ। ਪੰਜਾਬੀ ਕਵੀ ਹਜ਼ਾਰਾ ਸਿੰਘ ਮੁਸ਼ਤਾਕ ਅਨੁਸਾਰ- “ਬਹੁਤ ਘੱਟ ਪੰਜਾਬੀ ਸ਼ਾਇਰ ਇਨ੍ਹਾਂ ਦਾ ਮੁਕਾਬਲਾ ਕਰ ਸਕਦੇ ਹਨ।” ਉਹਨਾਂ ਦੀਆਂ ਕੁਝ ਰੁਬਾਈਆਂ ਪੇਸ਼ ਨੇ:
ਕੋਈ ਦੱਸਦਾ ਏ ਉਹ ਫੁੱਲ ਬਣ ਕੇ ਚਮਨ ਵਿਚ ਵੱਸਦਾ
ਕੋਈ ਮੰਨਦਾ ਏ ਉਹ ਪਰਬਤ ਤੇ ਜਾਂ ਬਨ ਵਿਚ ਵੱਸਦਾ
ਮੰਦਰਾਂ ਵਿਚ ਤਾਂ ਸਿਰਫ਼ ਮੂਰਤੀ ਰੱਖੀ ਏ ‘ਯੁਮਨ’
ਮੂਰਤੀ ਵਾਲਾ ਏ ਇਨਸਾਨ ਦੇ ਮਨ ਵਿਚ ਵੱਸਦਾ।
*** *** *** ***
ਹਰ ਕੋਈ ਆਂਹਦੈ ਮੈਂ ਖਾਨਾਂ ਈਮਾਨ ਦਾ ਖੱਟਿਆ
ਨੌਕਰੀ, ਵਾਹੀ ਜਾਂ ਮਜ਼ਦੂਰੀ ਦੁਕਾਨ ਦਾ ਖੱਟਿਆ
ਭਾਵੇਂ ਹੱਥ ਪੈਰ ਵੀ ਕੰਮ ਦੇਂਦੇ ਨੇ ਐਪਰ ‘ਯੁਮਨ’
ਆਦਮੀ ਖਾਂਦਾ ਏ ਦਰਅਸਲ ਜ਼ੁਬਾਨ ਦਾ ਖੱਟਿਆ
-----
ਯੁਮਨ ਜੀ ਨੇ ਗ਼ਜ਼ਲ ਉੱਤੇ ਕੁੱਝ ਲੇਖ ਵੀ ਲਿਖੇ ਜਿਹਨਾਂ ਵਿਚ ਉਹਨਾਂ ਨੇ ਗ਼ਜ਼ਲ ਦੀ ਪ੍ਰਕਿਰਤੀ, ਪੰਜਾਬੀ ਵਿਚ ਗ਼ਜ਼ਲ ਦੇ ਪ੍ਰਵੇਸ਼ ਅਤੇ ਗ਼ਜ਼ਲ ਦੀ ਤਕਨੀਕ ਉੱਤੇ ਰੌਸ਼ਨੀ ਪਾਈ ਤੇ ਤਕਨੀਕੀ ਪੱਖ ਤੋਂ ਇਸ ਕਾਵਿ-ਰੂਪ ਨੂੰ ਸਮਝਾਉਣ ਦਾ ਯਤਨ ਕੀਤਾ ਏ। ਯੁਮਨ ਜੀ ਦੇ ਪੰਜਾਬੀ ਗ਼ਜ਼ਲਾਂ ’ਤੇ ਹੇਠ ਲਿਖੇ ਚਾਰ ਲੇਖ ਪ੍ਰਾਪਤ ਹੋਏ ਨੇ:
1.‘ਪੰਜਾਬੀ ਵਿਚ ਗ਼ਜ਼ਲ’ - ਲੜੀ-1, ਕਵਿਤਾ ਅੰਕ ਜਨਵਰੀ, ਸਾਲਾਨਾ ਅੰਕ, 1957
2.‘ਪੰਜਾਬੀ ਵਿਚ ਗ਼ਜ਼ਲ’ – ਲੜੀ-2, ਕਵਿਤਾ ਅੰਕ, ਅਪ੍ਰੈਲ 1957
3.‘ਪੰਜਾਬੀ ਗ਼ਜ਼ਲ ਤੇ ਅਰੂਜ਼’ – ਰਿਸ਼ਮਾਂ ਅੰਕ, ਅਗਸਤ 1961 (ਗ਼ਜ਼ਲ ਨੰਬਰ)
4.‘ਗ਼ਜ਼ਲ ਕੀ ਹੈ? ਅਤੇ ਕਿਸ ਤਰ੍ਹਾਂ ਏ’ – ਪੁਸਤਕ “ਬਰਕਤ ਰਾਮ ਯੁਮਨ: ਜੀਵਨ ਤੇ
ਰਚਨਾ (ਪੇਜ 203-212) – ਪ੍ਰਕਾਸ਼ਕ ਗੁਰੂ ਨਾਨਕ ਦੇਵ ਯੁਨੀਵਰਸਿਟੀ।
-----
ਇਹ ਲੇਖ ਯੁਮਨ ਜੀ ਦੀ ਉਸਤਾਦੀ ਦੀ ਸਿਰਫ਼ ਤਸਦੀਕ ਹੀ ਨਹੀਂ ਕਰਦੇ, ਸਗੋਂ ਨਵੇਂ ਲਿਖਾਰੀਆਂ ਨੂੰ ਅਰੂਜ਼ ਦੀਆਂ ਬੁਨਿਆਦੀ ਅਸੂਲਾਂ ਦੀ ਵਾਕਫੀਅਤ ਕਰਾਈ ਤੇ ਅਰੂਜ਼ੀ ਵਿਦਵਾਨਾਂ ਨੂੰ ‘ਗ਼ਜ਼ਲ’ ਕਾਵਿ ਰੂਪ ਦੇ ਅਸੂਲਾਂ ਬਾਰੇ ਲਿਖਣ ਬਾਰੇ ਪ੍ਰੇਰਿਤ ਕੀਤਾ। ਮਹਾਨ ਗ਼ਜ਼ਲਗੋ ਸ਼੍ਰੀ ਦੀਪਕ ਜੈਤੋਈ ਜੀ ਦੀ ਪੁਸਤਕ ‘ਗ਼ਜ਼ਲ ਕੀ ਹੈ?’ ਦਾ ਨਾਂ ਯੁਮਨ ਜੀ ਦੇ ਲਿਖੇ ਲੇਖ ਤੋਂ ਹੀ ਪ੍ਰੇਰਿਤ ਹੈ। ਜੈਤੋਈ ਜੀ ਦੇ ਦਿਲ ਵਿਚ ਯੁਮਨ ਜੀ ਦੇ ਲਈ ਬਹੁਤ ਆਦਰ ਸੀ। ਯੁਮਨ ਜੀ ਜਦੋਂ ਬ੍ਰੈਨ-ਹੈਮਰੇਜ ਹੋਣ ਤੇ ਅੰਮ੍ਰਤਸਰ ਹਸਪਤਾਲ ਦਾਖਿਲ ਸਨ, ਜੈਤੋਈ ਜੀ ਓਹਨਾਂ ਦਾ ਨੂੰ ਵੇਖਣ ਆਏ ਸੀ ਤੇ ਓਹਨਾਂ ਦੇ ਸਵਰਗਵਾਸ ਤੇ ਵੀ ਬਟਾਲਾ ਘਰ ਗਏ ਸੀ।
-----
ਯੁਮਨ ਜੀ ਦਾ ਵਿਅਕਤਿੱਤਵ ਬਹੁਤ ਹੀ ਮਹਾਨ ਸੀ। ਯੁਮਨ ਜੀ ਦਾ ਪਹਿਰਾਵਾ ਸਭ ਤੋਂ ਵੱਖਰਾ ਸੀ। ਗਰਮੀਆਂ ਵਿਚ ਤੰਗ ਮੋਹਰੀ ਦਾ ਚੂੜੀਦਾਰ ਪਜਾਮਾ ਤੇ ਬੰਗਾਲੀ ਕਟ ਛੋਟੇ ਕਾਲਰਾਂ ਵਾਲੀ ਕਮੀਜ਼ ਪਾਉਂਦੇ ਸਨ। ਸਰਦੀਆ ਵਿਚ ਇਹਨਾਂ ਕਪੜਿਆਂ ਨਾਲ ਹੀ ਬੰਦ ਗਲੇ ਦਾ ਗਰਮ ਕੋਟ ਪਾਂਦੇ ਸਨ। ਬਰੀਕ ਮਲਮਲ ਦੀ ਚਿੱਟੀ ਤੁੱਰੇਦਾਰ ਪੱਗ ਬੰਨਦੇ ਸਨ। ਬੜੀ ਤੇਜ਼ ਚਾਲ ਨਾਲ ਚਲਦੇ ਸੀ। ਦੂਰੋਂ ਹੀ ਪਹਿਚਾਣੇ ਜਾਂਦੇ ਸਨ ਕਿ ਯੁਮਨ ਸਾਹਿਬ ਆ ਰਹੇ ਨੇ ਜਾਂ ਜਾ ਰਹੇ ਨੇ। ਸਾਰਾ ਸ਼ਹਿਰ ਉਹਨਾਂ ਨੂੰ ਜਾਣਦਾ ਸੀ। ਹਰ ਰਿਕਸ਼ੇ ਵਾਲੇ ਨੂੰ ਯੁਮਨ ਜੀ ਦਾ ਘਰ ਪਤਾ ਸੀ। ਬੈਠਦਿਆਂ ਯੁਮਨ ਜੀ ਨੂੰ ਦੱਸਣਾ ਨਹੀਂ ਸੀ ਪੈਂਦਾ। ਲੋਕਾਂ ਨੂੰ ਕਿਸੀ ਵੀ ਦਫਤਰ, ਡਾਕਖਾਨੇ, ਬੈਂਕ ਕੋਈ ਸਮੱਸਿਆ ਹੁੰਦੀ ਯੁਮਨ ਜੀ ਨੂੰ ਲੈ ਜਾਂਦੇ ਸੀ। ਯੁਮਨ ਜੀ ਦੀ ਏਨੀ ਇੱਜ਼ਤ ਸੀ ਕਿ ਉਹਨਾਂ ਦੇ ਦਫਤਰ, ਡਾਕਖਾਨੇ, ਬੈਂਕ ਆਦਿ ਪਹੁੰਚਦੇ ਹੀ ਕੰਮ ਸੰਵਰ ਜਾਂਦੇ ਸੀ।
-----
ਬੱਚਿਆਂ ਨੇ ਆਉਣਾ ਤੇ ਗੁਜਾਰਿਸ਼ ਕਰਨੀ, “ਬਾਪੂ ਜੀ ਕੱਲ੍ਹ ਸਾਡੇ ਸਕੂਲ ਫੰਕਸ਼ਨ ਏ। ਮੈਂ ਇਕ ਕਵਿਤਾ ਜਾਂ ਗੀਤ ਸੁਣਾਉਣਾ ਏ।” ਯੁਮਨ ਜੀ ਬੱਚਿਆ ਨੂੰ ਕਵਿਤਾ ਤੇ ਗੀਤ ਲਿਖ ਕੇ ਦੇ ਦਿੰਦੇ। ਬਟਾਲੇ ਦੇ ਪੁਰੀਆ ਮੁਹੱਲੇ ਇਕ ਬਜ਼ੁਰਗ ਸੰਗੀਤ ਦੇ ਟੀਚਰ ਸਨ ਜੋ ਅੰਨ੍ਹੇ ਸੀ। ਯੁਮਨ ਜੀ ਬੱਚਿਆਂ ਨੂੰ ਸਿਖਾਉਣ ਵਾਸਤੇ ਉਹਨਾਂ ਨੂੰ ਭਜਨ ਅਤੇ ਗੀਤ ਆਦਿ ਲਿਖ ਕੇ ਦੇ ਦਿੰਦੇ ਸੀ।
-----
ਯੁਮਨ ਜੀ ਦਾ ਦਿਲ ਬਹੁਤ ਹੀ ਵੱਡਾ ਸੀ। ਜਦੋਂ ਓਹ ਲਾਹੌਰ ਰਹਿੰਦੇ ਸੀ ਤੇ ਉਨ੍ਹਾਂ ਦਾ ਇਕ ਸ਼ਾਗਿਰਦ ਰਾਮ ਕਿਸ਼੍ਰਨ ‘ਨਾਜ਼’ ਸੀ ਜੋ ਇਕ ਕਵੀ-ਦਰਬਾਰ ਵਿਚ ਉਹ ਯੁਮਨ ਜੀ ਦੀ ਇਕ ਕਵਿਤਾ ’ਚ ‘ਯੁਮਨ’ ਦੀ ਥਾਂ ਆਪਣਾ ਤਖੱਲੁਮ ‘ਨਾਜ਼’ ਲਗਾ ਕੇ ਉਹਨਾਂ ਦੇ ਸਾਹਮਣੇ ਮੰਚ ਤੇ ਪੜ੍ਹ ਗਿਆ। ਖ਼ੂਬ ਵਾਹ-ਵਾਹ ਲੁੱਟੀ। ਕਵੀ-ਦਰਬਾਰ ਖ਼ਤਮ ਹੋਣ ਤੇ ਯੁਮਨ ਜੀ ਬੋਲੇ, “ ਓਏ ਮੇਰੇ ਅੱਗੇ ਹੀ ਤੂੰ ਮੇਰੀ ਕਵਿਤਾ ਆਪਣਾ ਨਾਂ ਲਾ ਕੇ ਪੜ੍ਹ ਗਿਆ ਏਂ ?” ਨਾਜ਼ ਬੋਲਿਆ, “ਉਸਤਾਦ ਜੀ ਸ਼ਾਗਿਰਦ ਤੇ ਤੁਹਾਡੇ ਹੀ ਹਾਂ, ਨਾਂ ਤੁਹਾਡਾ ਹੀ ਰੌਸ਼ਨ ਕੀਤਾ ਏ।” ਯੁਮਨ ਜੀ ਬੜੇ ਹੀ ਦਰਿਆ ਦਿਲ ਸਨ । ਯੁਮਨ ਜੀ ਨੇ ਬਸ ਮੁਸਕਰਾ ਦਿੱਤਾ।
-----
ਰਾਮ ਕ੍ਰਿਸ਼ਨ ‘ਨਾਜ਼’ ਲਾਇਲਪੁਰ ਦੇ ਇਕ ਰੱਜੇ-ਪੁੱਜੇ ਪਰਿਵਾਰ ਦਾ ਸੀ, ਪਰ ਲਾਹੌਰ ਵਿਚ ਆਪਣੀਆਂ ਆਦਤਾਂ ਦੇ ਕਾਰਨ ਉਹ ਤੰਗ ਦਸਤ ਹੀ ਰਹਿੰਦਾ ਸੀ। ਅਕਸਰ ਯੁਮਨ ਜੀ ਦੀ ਪਤਨੀ ਕੋਲੋਂ (ਜਿਨ੍ਹਾਂ ਨੂੰ ਛੋਟੇ-ਵੱਡੇ ਸਭ ਭਾਬੀ ਜੀ ਕਹਿੰਦੇ ਸੀ) ਬਹਾਨੇ ਮਾਰ ਕੇ ਪੈਸੇ ਲੈ ਜਾਂਦਾ ਸੀ। ਉਸ ਨੂੰ ਪਤਾ ਸੀ ਉਸਤਾਦ ਜੀ ਮਿੱਠੇ ਦੇ ਬਹੁਤ ਸ਼ੌਕੀਨ ਨੇ। ਇਕ ਦਿਨ ਯੁਮਨ ਜੀ ਦੇ ਘਰ ਉਹਨਾਂ ਦੀ ਗ਼ੈਰ-ਹਾਜ਼ਿਰੀ ਵਿਚ ਗਵਾਲ ਮੰਡੀ ਲਾਹੌਰ ਆਇਆ ਤੇ ਯੁਮਨ ਜੀ ਦੀ ਪਤਨੀ ਨੂੰ ਕਹਿਣ ਲੱਗਾ, “ਭਾਬੀ ਜੀ, ਉਸਤਾਦ ਹੋਰਾਂ ਲਈ ਗੰਨੇ ਦੀ ਰੌ (ਗੰਨੇ ਦਾ ਰਸ) ਲਿਆਣੀ ਏ, ਗਾਗਰ ਦੇ ਦਿਉ।” ਉਹਨਾਂ ਨੇ ਨਾਜ਼ ਨੂੰ ਪਿੱਤਲ ਦੀ ਗਾਗਰ ਦੇ ਦਿੱਤੀ। ਸ਼ਾਮ ਨੂੰ ਜਦ ਯੁਮਨ ਜੀ ਘਰ ਆਏ ਤਾਂ ਉਹਨਾਂ ਨੇ ਯੁਮਨ ਜੀ ਨੂੰ ਦੱਸਿਆ ਕਿ ਨਾਜ਼ ਆਇਆ ਸੀ ਪਿੱਤਲ ਦੀ ਦੀ ਗਾਗਰ ਲੈ ਗਿਆ ਏ ਰੌ ਲਿਆਣ ਵਾਸਤੇ। ਯੁਮਨ ਜੀ ਮੁਸਕਰਾਂਦੇ ਹੋਏ ਬੋਲੇ, “ਗਈ ਤੇਰੀ ਗਾਗਰ ਹੁਣ। ਪੈਸਿਓਂ ਟੁੱਟਿਆ ਹੋਣਾ ਏ, ਗਾਗਰ ਵੇਚ ਖਾਣੀ ਏਂ ਉਸ ਨੇ।” ਸੱਚ ਵੀ ਏ ਹੀ ਸੀ। ਬਜਾਇ ਨਾਜ਼ ਤੇ ਨਾਰਾਜ਼ ਹੋਣ ਤੇ, ਯੁਮਨ ਕੁਝ ਦਿਨ ਬਾਅਦ ਘਰ ਵਾਸਤੇ ਇਕ ਹੋਰ ਗਾਗਰ ਖਰੀਦ ਲਿਆਏ।
-----
ਯੁਮਨ ਜੀ ਆਪਣੇ ਸਾਰੇ ਪਰਿਵਾਰ ਨੂੰ ਬਹੁਤ ਹੀ ਪਿਆਰ ਕਰਦੇ ਸਨ। ਬੱਚਿਆਂ ਨੂੰ ਮਾਰਨਾ, ਦੁਤਕਾਰਨਾ ਉਹਨਾਂ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਅਗਰ ਕੋਈ ਬੱਚਾ ਜਿਦ ਵਿਚ ਰੋ ਰਿਹਾ ਹੋਏ ਤੇ ਉਹ ਕਹਿੰਦੇ ਸੀ, “ਇਸ ਨੂੰ ਕੋਈ ਨਾ ਛੇੜੇ, ਨਾ ਚੁੱਪ ਕਰਾਏ। ਏ ਆਪੇ ਹੀ ਚੁੱਪ ਹੋ ਜਾਏਗਾ। ਨਹੀਂ ਤੇ ਅੱਗੇ ਵੀ ਜ਼ਿੱਦ ਕਰੇਗਾ।” ਤੇ ਫੇਰ ਹੁੰਦਾ ਵੀ ਏਹੋ ਸੀ ਕਿ ਬੱਚਾ ਆਪਣੇ ਆਪ ਚੁੱਪ ਕਰ ਜਾਂਦਾ ਸੀ। ਉਸ ਦੀਆਂ ਜ਼ਿੱਦਾਂ ਵੀ ਘੱਟ ਜਾਂਦੀਆਂ ਸਨ। ਯੁਮਨ ਜੀ ਨੇ ਜਦੋਂ ਦੂਰ ਦੇ ਪ੍ਰੋਗਰਾਮਾਂ ਤੋਂ ਘਰ ਵਾਪਿਸ ਆਉਣਾ ਤੇ ਆਉਂਦੇ ਹੀ ਸਾਰੇ ਪੈਸੇ ਆਪਣੀ ਪਤਨੀ ਨੂੰ ਦੇ ਕੇ ਕਹਿਣਾ, “ਭਾਗਵਾਨ ! ਹੁਣ ਮੇਰੇ ਖਰਚੇ ਦੇ ਪੈਸੇ ਮੈਨੂੰ ਦੇ ਦੇ।” ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਯੁਮਨ ਜੀ ਦੀ ਪਤਨੀ ਹੀ ਸੰਭਾਲਦੀ ਸੀ। ਪੈਸੇ ਨਾਲ ਉਹਨਾਂ ਨੂੰ ਉੱਕਾ ਹੀ ਪਿਆਰ ਨਹੀਂ ਸੀ।
-----
ਯੁਮਨ ਜੀ ਆਪਣੀ ਮਾਤਾ ਹਰਕੌਰ ਦੇਵੀ ਜੀ ਦਾ ਬਹੁਤ ਹੀ ਸਤਕਾਰ ਕਰਦੇ ਸਨ। ਮਾਤਾ ਜੀ ਨੇ ਵੀ ਆਪਣੇ ਇਕਲੌਤੇ ਬੇਟੇ ਨੂੰ ਪਿਤਾ ਦਾ ਸਾਇਆ ਸਿਰ ਤੇ ਨਾ ਹੋਣ ਦਾ ਅਹਿਸਾਸ ਕਦੇ ਨਹੀਂ ਹੋਣ ਦਿੱਤਾ। ਮਾਂ ਨੇ ਜਾਂ ਕਿਸੀ ਹੋਰ ਨੇ ਬਾਲਕ ਨੂੰ ਪੈਸੇ ਦੇਣੇ ਤਾਂ ਏਸ ਤੇ ਬੇਬੇ ਜੀ ਨੇ ਕਹਿਣਾ, “ਪੁੱਤ ਪੈਸੇ ਸੰਭਾਲ ਕੇ ਰੱਖੀਂ।” ਭੋਲਾ-ਭਾਲਾ ਬਾਲਕ ਪੈਸੇ ਪਿੰਡ ਦੇ ਨਾਲ ਵਗਦੀ ਡੇਕ ਨਦੀ ਦੇ ਕੰਡੇ ਲੰਗੇ ਅੱਕ ਦੇ ਬੂਟਿਆਂ ਵਿਚ ਰੇਤੀਲੀ ਜ਼ਮੀਨ ਵਿਚ ਦੱਬ ਆਉਂਦਾ ਸੀ। ਮਾਂ ਨੇ ਪੁੱਛਣਾ, “ਪੁੱਤ ਪੈਸੇ ਸੰਭਾਲ ਕੇ ਰੱਖ ਲਏ ਨੇ।” ਬਾਲਕ ਬਰਕਤ ਰਾਮ ਨੇ ਕਹਿਣਾ, “ਬੇਬੇ ਜੀ, ਮੈਂ ਬਹੁਤ ਸੰਭਾਲ ਕੇ ਰੱਖੇ ਹੋਏ ਨੇ।” ਇਕ ਵਾਰ ਪਿੰਡ ਦੇ ਮੁੰਡਿਆਂ ਨੇ ਏਹਨਾਂ ਨੂੰ ਪੈਸੇ ਦੱਬਦੇ ਵੇਖ ਲਿਆ। ਜਦੋਂ ਅਗਲੀ ਵਾਰ ਬਾਲਕ ਬਰਕਤ ਰਾਮ ਪੈਸੇ ਦੇਖਣ ਗਏ ਤਾਂ ਪੈਸੇ ਕੁਝ ਵੀ ਨਹੀਂ ਸੀ। ਬਹੁਤ ਪਰੇਸ਼ਾਨ ਹੋ ਗਏ। ਘਰ ਜਾ ਕੇ ਮਾਂ ਨੂੰ ਸਭ ਕੁਝ ਦੱਸਿਆ। ਮਾਂ ਨੂੰ ਬੇਟੇ ਦੇ ਭੋਲੇਪਨ ਤੇ ਬਹੁਤ ਪਿਆਰ ਆਇਆ ਤੇ ਬੱਚੇ ਨੂੰ ਛਾਤੀ ਨਾਲ ਲਾ ਲਿਆ। ਯੁਮਨ ਜੀ ਦੀ ਮਾਤਾ ਬੇਟੇ ਨੂੰ ਸਦਾ ਇੰਜ ਹੀ ਪਿਆਰ ਕਰਦੀ ਰਹੀ।
-----
ਸੰਨ ਸੰਤਾਲੀ ਸ਼ੁਰੂ ਹੋਇਆ ਸੀ। ਯੁਮਨ ਜੀ ਦਾ ਵੱਡਾ ਬੇਟਾ ਸਤਾਰ੍ਹਾਂ ਅਠਾਰ੍ਹਾਂ ਸਾਲ ਦਾ ਸੀ, ਲਾਹੌਰ ਦੇ ਇਕ ਕਾਲਿਜ ਐਫ.ਕਾਮ ’ਚ ਪੜ੍ਹਦਾ ਸੀ। ਯੁਮਨ ਜੀ ਦੀ ਵੱਡੀ ਭੈਣ ਦੇ ਪਤੀ (ਜੀਜਾ ਪੰਡਿਤ ਤੁਲਸੀ ਰਾਮ ਭਾਰਦਵਾਜ) ਦੀ ਬਟਾਲੇ ਦੇ ਲਾਗੇ ਅਲੀਵਾਲ ਵਿਚ ਦੁਕਾਨ ਸੀ। ਉਹਨਾਂ ਦੀ ਜਾਣ ਪਹਿਚਾਣ ਵਾਲੇ ਪੰਡਿਤ ਦੀਵਾਨ ਚੰਦ ਜੀ (ਜੋ ਪਾਰੋਵਾਲ ਦੇ ਰਹਿਣ ਵਾਲੇ ਸਨ) ਆਪਣੀ ਬੇਟੀ ਕੈਲਾਸ਼ ਦੇ ਲਈ ਵਰ ਢੂੰਡ ਰਹੇ ਸਨ। ਤੁਲਸੀ ਰਾਮ ਜੀ ਦੇ ਖਿਆਲ ਵਿਚ ਯੁਮਨ ਜੀ ਦਾ ਬੜਾ ਬੇਟਾ ਆਇਆ। ਉਹ ਦੀਵਾਨ ਚੰਦ ਜੀ ਨੂੰ ਲੈ ਕੇ ਯੁਮਨ ਜੀ ਦੀ ਮਾਂ ਕੋਲ ਪਿੰਡ ਭੁੱਟਾ ਪਹੁੰਚੇ। ਯੁਮਨ ਜੀ ਲਾਹੌਰ ਸਨ। ਬੇਬੇ ਜੀ ਨੂੰ ਦਾਮਾਦ ਤੁਲਸੀ ਰਾਮ ਜੀ ਨੇ ਆਉਣ ਦਾ ਮਕਸਦ ਦੱਸਿਆ। ਦੀਵਾਨ ਚੰਦ ਪੰਜਾਬ ਪੁਲਿਸ ’ਚ ਨੌਕਰੀ ਕਰਦੇ ਸੀ। ਬੇਬੇ ਜੀ ਦਾਮਾਦ ਦੇ ਕਹਿਣ ਤੇ ਗੁੜ ਦੀ ਰੋੜੀ ਤੇ ਸਵਾ ਰੁਪਿਆ ਲੈ ਕੇ ਰਿਸ਼ਤਾ ਪੱਕਾ ਕਰ ਦਿੱਤਾ ਤੇ ਅਗਲੇ ਦਿਨ ਹੀ ਰਿਸ਼ਤੇਦਾਰਾਂ ਤੇ ਜਾਣਕਾਰਾਂ ਨੂੰ ਪੋਤੇ ਦੇ ਰਿਸ਼ਤੇ ਹੋਣ ਤੇ ਪਤਾਸੇ ਵੀ ਵੰਡ ਦਿੱਤੇ। ਕੁਝ ਦਿਨਾਂ ਬਾਅਦ ਯੁਮਨ ਜੀ ਮਾਂ ਨੂੰ ਮਿਲਣ ਲਾਹੌਰ ਤੋਂ ਨਿਕਲੇ। ਕਿਲਾ ਸੋਭਾ ਸਿੰਘ ਰੇਲਵੇ ਸਟੇਸ਼ਨ ਤੇ ਉਤਰੇ ਤੇ ਬਾਜ਼ਾਰ ਤੋਂ ਹੋ ਕੇ ਹੀ ਪਿੰਡ ਜਾਣਾ ਪੈਂਦਾ ਸੀ। ਜਿਉਂ ਹੀ ਬਾਜ਼ਾਰ ’ਚ ਆਏ ਕਿ ਜਾਣਕਾਰ ਯੁਮਨ ਜੀ ਨੂੰ ਵਧਾਈਆਂ ਦੇਣ ਲੱਗੇ। ਯੁਮਨ ਜੀ ਹੈਰਾਨ ਕਿ ਲੋਕ ਕਾਹਦੀਆਂ ਵਧਾਈਆਂ ਦੇ ਰਹੇ ਨੇ। ਆਖਿਰ ਪੁੱਛ ਹੀ ਲਿਆ। ਲੋਕ ਬੋਲੇ, “ਵਾਹ! ਯੁਮਨ ਜੀ, ਮੁੰਡਾ ਚੁੱਪਚਾਪ ਮੰਗ ਲਿਆ ਏ ਤੇ ਹੁਣ ਪੁੱਛਦੇ ਓ ਕਿ ਕਾਹਦੀਆਂ ਵਧਾਈਆਂ?” ਯੁਮਨ ਜੀ ਨੂੰ ਸਮਝਣ ’ਚ ਦੇਰ ਨਹੀਂ ਲੱਗੀ। ਬਾਜ਼ਾਰ ’ਚ ਵਧਾਈਆਂ ਲੈਂਦੇ ਲੈਂਦੇ ਪਿੰਡ ਪਹੁੰਚੇ। ਉੱਥੇ ਵੀ ਰਾਹ ਵਿਚ ਵਧਾਈਆਂ ਮਿਲਣ ਲੱਗੀਆਂ। ਯੁਮਨ ਜੀ ਘਰ ਪਹੁੰਚੇ। ਬੇਬੇ ਜੀ ਨੂੰ ਪੈਰੀ ਪੈਣਾ ਕੀਤਾ, ਗੱਲਾਂ-ਬਾਤਾਂ ਸ਼ੁਰੂ ਹੋਈਆਂ। ਕੁਝ ਦੇਰ ਬਾਅਦ ਬੇਬੇ ਜੀ ਬੋਲੇ, “ਬਰਕਤ ਰਾਮ! ਤੁਲਸੀ ਰਾਮ ਆਇਆ ਸੀ, ਓਮ ਦਾ ਰਿਸ਼ਤਾ ਲੈ ਕੇ। ਜਵਾਈ ਸੀ ਮੈਂ ਕਿੰਝ ਨਾ ਕਰਦੀ। ਮੈਂ ਸਵਾ ਰੁਪਿਆ ਤੇ ਗੁੜ ਦੀ ਰੌੜੀ ਲੈ ਲਈ ਊ ਤੇ ਓਮ ਦਾ ਰਿਸ਼ਤਾ ਕਰ ਦਿੱਤਾ ਈ।”
-----
ਯੁਮਨ ਜੀ ਹੱਸ ਕੇ ਅੰਨ੍ਹੀ ਮਾਂ ਨੂੰ ਬੋਲੇ, “ਬੇਬੇ ਜੀ, ਤੁਸੀਂ ਰਿਸ਼ਤਾ ਕਰ ਦਿੱਤਾ ਤੇ ਹੋ ਗਿਆ ਰਿਸ਼ਤਾ। ਬਹੁਤ ਬਹੁਤ ਵਧਾਈ ਹੋਵੇ।” ਯੁਮਨ ਜੀ ਦੀ ਪਤਨੀ, ਬੇਟਾ ਓਮ ਪ੍ਰਕਾਸ਼ ਤੇ ਸਾਰਾ ਪਰਿਵਾਰ ਲਾਹੌਰ ਸੀ ਤੇ ਕਿਸੀ ਨੂੰ ਪਤਾ ਵੀ ਨਹੀਂ ਸੀ ਏਸ ਰਿਸ਼ਤੇ ਬਾਰੇ। ਏਨਾ ਸੀ ਯੁਮਨ ਜੀ ਦਾ ਸਤਿਕਾਰ ਮਾਂ ਲਈ। ਦੇਸ਼ ਦੀ ਵੰਡ ਦੇ ਬਾਅਦ ਵਿਸਾਖ ਦੇ ਮਹੀਨੇ ਸੰਨ 1948 ਵਿਚ ਯੁਮਨ ਜੀ ਨੇ ਵੱਡੇ ਬੇਟੇ ਓਮ ਪ੍ਰਕਾਸ਼ ਜੀ ਦੀ ਸ਼ਾਦੀ ਕੀਤੀ। ਉਸ ਲੜਕੀ ਦੇ ਨਾਲ ਜਿਸ ਨਾਲ ਰਿਸ਼ਤਾ ਬੇਬੇ ਜੀ ਨੇ ਪੱਕਾ ਕੀਤਾ ਸੀ।
-----
ਯੁਮਨ ਜੀ ਦੀ ਮਾਤਾ ਜੀ ਦਾ ਸਰਵਰਵਾਸ ਨੱਬੇ ਸਾਲ ਤੋਂ ਉੱਪਰ ਦੀ ਉਮਰ ’ਚ 19 ਮਾਰਚ 1955 ਦੁਪਹਿਰ ਨੂੰ ਹੋਇਆ। ਉਸ ਦਿਨ ਯੁਮਨ ਜੀ ਦੀ ਜਲੰਧਰ ਰੇਡੀਓ ਸਟੇਸ਼ਨ ਦੇ ਸਟੂਡੀਓ ਵਿਚ ਹੋਣ ਵਾਲੇ ਪੰਜਾਬੀ ਕਵੀ-ਦਰਬਾਰ ਵਿਚ ਸ਼ਿਰਕਤ ਸੀ। ਯੁਮਨ ਜੀ ਦੀ ਮਾਤਾ ਨੂੰ ਦੁਨੀਆ ਤੋਂ ਆਪਣੇ ਜਾਣ ਦਾ ਵੇਲਾ ਸਾਹਮਣੇ ਨਜ਼ਰ ਆ ਰਿਹਾ ਸੀ। ਜਦੋਂ ਯੁਮਨ ਜੀ ਘਰੋਂ ਜਲੰਧਰ ਜਾਣ ਲੱਗੇ, ਤੇ ਹਮੇਸ਼ਾ ਦੀ ਤਰ੍ਹਾਂ ਮਾਂ ਦੇ ਪੈਰ ਛੋਹਣ ਗਏ। ਬੇਬੇ ਜੀ ਬੋਲੇ, “ਬਰਕਤ ਰਾਮ ! ਅੱਜ ਪੁੱਤ ਨਾ ਜਾ।” ਯੁਮਨ ਜੀ ਬੋਲੇ, “ਬੇਬੇ ਜੀ, ਸਰਕਾਰੀ ਪ੍ਰੋਗਰਾਮ ਏ, ਮੇਰਾ ਜਾਣਾ ਲਾਜ਼ਮੀ ਏ।” ਬੇਬੇ ਜੀ ਸੋਚ ਕੇ ਬੋਲੀ, “ਪੁੱਤ ਨਾ ਜਾਵੇਂ ਤੇ ਠੀਕ ਏ। ਪਰ ਸਰਕਾਰ ਦਾ ਹੁਕਮ ਜੁ ਮੰਨਣਾ ਏ, ਜ਼ਰੂਰ ਜਾ ਫਿਰ। ਪਰ ਤੈਨੂੰ ਛੇਤੀ ਹੀ ਵਾਪਿਸ ਆਣਾ ਪੈਣਾ ਈ।” ਬੇਬੇ ਜੀ ਚੰਗੇ ਭਲੇ ਸਨ। ਯੁਮਨ ਜੀ ਬੇਬੇ ਜੀ ਦੀਆਂ ਗੱਲਾਂ ਤੇ ਹੱਸ ਪਏ ਤੇ ਬੋਲੇ, “ਬੇਬੇ ਜੀ, ਸਰਕਾਰ ਦਾ ਪ੍ਰੋਗਰਾਮ ਏ ਅਗਰ ਮੈਂ ਨਹੀਂ ਗਿਆ ਤੇ ਸਰਕਾਰ ਨੇ ਹੱਥਕੜੀ ਲਾ ਦੇਣੀ ਏ। ਮਾਂ-ਪੁੱਤ ਇਕ ਦੂਜੇ ਨਾਲ ਹੱਸਣ ਲੱਗੇ। ਫਿਰ ਮਾਂ ਬੋਲੀ, “ਠੀਕ ਏ ਬਰਕਤ ਰਾਮ ਤੇਰੀ ਮਰਜ਼ੀ।” ਪੁੱਤ ਨੇ ਮਾਂ ਦੇ ਪੈਰ ਛੂਹੇ ਤੇ ਮਾਂ ਨੇ ਪੁੱਤ ਨੂੰ ਛਾਤੀ ਨਾਲ ਲਾ ਲਿਆ।
----
ਯੁਮਨ ਜੀ ਨੇ ਰੇਡੀਓ ਸਟੇਸ਼ਨ ਤੇ ਆਪਣੀ ਨਜ਼ਮ ਪੜ੍ਹ ਕੇ ਖ਼ਤਮ ਕੀਤੀ। ਉਹਨਾਂ ਦੀ ਤਰਫ਼ ਇਕ ਸਾਥੀ ਕਵੀ ਬਲੱਗਣ ਜੀ ਨੇ ਇਕ ਪੁਰਜਾ ਫੜਾਇਆ। ਇਸ ਤੇ ਲਿਖਿਆ ਸੀ, “ਯੁਮਨ ਜੀ ਤੁਸੀਂ ਅੱਜ ਤੋਂ ਯਤੀਮ ਹੋ ਗਏ ਹੋ, ਤੁਹਾਡੀ ਬੇਬੇ ਜੀ ਦਾ ਸਵਰਗਵਾਸ ਹੋ ਗਿਆ ਏ।” ਯੁਮਨ ਜੀ ਦੀ ਅੱਖਾਂ ਗਿੱਲੀਆਂ ਹੋ ਗਈਆਂ। ਪੱਗ ਦੇ ਲੜ ਨਾਲ ਅੱਖਾਂ ਪੂੰਝੀਆਂ। ਯੁਮਨ ਜੀ ਬਹੁਤ ਹਿੰਮਤ ਵਾਲੇ ਇਨਸਾਨ ਸਨ। ਚੁੱਪ-ਚਾਪ ਸਟੂਡੀਓ ’ਚੋਂ ਉੱਠੇ ਤੇ ਬਾਹਰ ਆ ਗਏ। ਰਾਤ ਹੋ ਚੁੱਕੀ ਸੀ ਜਦ ਰੇਡੀਓ ਸਟੇਸ਼ਨ ’ਚੋਂ ਬਾਹਰ ਆਏ। 1955 ਵਿਚ ਕਾਰਾਂ-ਟੈਕਸੀਆਂ ਵੀ ਵਿਰਲੀਆਂ ਹੀ ਨਜ਼ਰ ਆਉਂਦੀਆਂ ਸਨ। ਕਿਸੀ ਤਰ੍ਹਾਂ ਰਾਤ ਨੂੰ ਟੈਕਸੀ ਲੱਭ ਕੇ ਬਟਾਲਾ ਨੂੰ ਚੱਲ ਪਏ। ਅੱਧੀ ਰਾਤ ਬਟਾਲੇ ਘਰ ਪਹੁੰਚ ਗਏ। ਵੱਡਾ ਪੁੱਤ ਦਿੱਲੀ ਸੀ। ਉਸਨੂੰ ਟੈਲੀਗ੍ਰਾਮ ਦਿੱਤੀ ਤੇ ਉਹਦਾ ਇੰਤਜ਼ਾਰ ਕਰਣ ਲੱਗੇ। ਯੁਮਨ ਜੀ ਆਪਣੀ ਅੰਨ੍ਹੀ ਮਾਂ ਨੂੰ ਦੇਸ਼ ਵੰਡ ਦੇ ਵਕਤ ਹੋ ਰਹੇ ਕਤਲੇ-ਆਮ ਵਿੱਚੋਂ ਬਚਾ ਕੇ ਆਪਣੇ ਮੋਢਿਆਂ ’ਤੇ ਚੁੱਕ ਕੇ ਲਿਆਏ ਸੀ।ਦਰਅਸਲ ਵੱਡਾ ਬੇਟਾ ਮਜ਼ਬੂਤ ਸ਼ਰੀਰ ਦਾ ਸੀ ਤੇ ਯੁਮਨ ਜੀ ਰਸਤੇ ’ਚ ਤਬੀਅਤ ਖ਼ਰਾਬ ਹੋਣ ਕਰਕੇ ਉਹੀ ਬੇਬੇ ਜੀ ਨੂੰ ਚੁੱਕ ਕੇ ਲਿਆਇਆ ਸੀ। ਬੇਟੇ ਦੇ ਆਉਣ ਤੇ ਯੁਮਨ ਜੀ ਬੋਲੇ, “ਓਮ, ਤੂੰ ਹੀ ਆਪਣੀ ਦਾਦੀ ਨੂੰ ਏਸ ਪਾਰ ਲੈ ਕੇ ਆਇਆ ਸੀ, ਏਸ ਲਈ ਤੇਰਾ ਹੀ ਪੁੱਤ ਹੱਕ ਏ ਕਿ ਤੂੰ ਬੇਬੇ ਜੀ ਦਾ ਸੰਸਕਾਰ ਕਰੇ।” ਯੁਮਨ ਆਪਣੀ ਪਿਆਰੀ ਬੇਬੇ ਜੀ ਦਾ ਅੰਤਿਮ ਸੰਸਕਾਰ ਆਪਣੇ ਵੱਡੇ ਬੇਟੇ ਓਮ ਪ੍ਰਕਾਸ਼ ਕੋਲੋਂ ਹੀ ਕਰਾਇਆ। ਯੁਮਨ ਜੀ ਬਹੁਤ ਵਿਸ਼ਾਲ ਦਿਲ ਦੇ ਮਾਲਿਕ ਸਨ। ਜਿਸ ਥਾਂ ’ਤੇ ਮਾਂ ਦਾ ਸੰਸਕਾਰ ਕੀਤਾ ਸੀ ਓੱਥੇ ਉਹਨਾਂ ਦੀ ਸਮਾਧੀ ਬਣਾਈ। ਸਮਾਧੀ ਦੇ ਚਾਰੋਂ ਤਰਫ ਵਲਗਣ ਕਰਕੇ ਉਹਨਾਂ ਫੁੱਲਾਂ ਦੀ ਕਿਆਰੀ ਲਾਈ ਹੋਈ ਸੀ। ਜ਼ਿੰਦਗੀ ਦੇ ਅੰਤ ਤੱਕ ਮਾਂ ਦੀ ਸਮਾਧੀ ਤੇ ਮੱਥਾ ਟੇਕਣ ਜਾਂਦੇ ਰਹੇ ਤੇ ਕਿਆਰੀਆਂ ਦੀ ਦੇਖ-ਭਾਲ ਕਰਦੇ ਰਹੇ। ਯੁਮਨ ਜੀ ਦਾ ਸੰਸਕਾਰ ਵੀ ਮਾਂ ਦੀ ਸਮਾਧੀ ਦੇ ਕੋਲ ਹੀ ਕੀਤਾ ਗਿਆ ਤੇ ਪਰਿਵਾਰ ਨੇ ਯੁਮਨ ਜੀ ਦੀ ਸਮਾਧੀ ਵੀ ਮਾਂ ਦੀ ਸਮਾਧੀ ਦੇ ਨਾਲ ਹੀ ਬਣਾਈ। ਦੋਵੇਂ ਸਮਾਧੀਆਂ ਬਟਾਲਾ ਵਿਚ ਅੱਜ ਵੀ ਮੌਜੂਦ ਨੇ।
-----
ਬਟਾਲੇ ਯੁਮਨ ਜੀ ਦੇ ਘਰ ਦੇ ਦੋ ਹਿੱਸੇ ਸਨ। ਇਕ ਹਿੱਸੇ ਵਿਚ ਰਿਹਾਇਸ਼ ਲਈ ਕਮਰੇ ਬਣੇ ਹੋਏ ਸਨ, ਰਸੋਈ ਸੀ ਤੇ ਉੱਤੇ ਚੁਬਾਰਾ ਸੀ। ਇਸ ਚੁਬਾਰੇ ਵਿਚ ਯੁਮਨ ਜੀ ਆਪਣੇ ਕਵੀ-ਦੋਸਤਾਂ, ਸ਼ਾਗਿਰਦਾਂ ਨਾਲ ਮਸ਼ਵਰੇ ਕਰਦੇ ਸੀ ਤੇ ਕਲਾਮ ਸਾਂਝਾ ਕਰਦੇ ਸੀ।
ਮਕਾਨ ਦਾ ਦੂਸਰਾ ਹਿੱਸਾ ਪਹਿਲੇ ਹਿੱਸੇ ਤੋਂ ਚਾਰ-ਪੰਜ ਫੁੱਟ ਉੱਚਾ ਸੀ ਤੇ ਉਸ ਵਿਚ ਵੀ ਕਮਰੇ, ਰਸੋਈ ਸੀ ਤੇ ਉੱਤੇ ਚੁਬਾਰਾ ਸੀ। ਏਸੇ ਚੁਬਾਰੇ ’ਚ ਆ ਕੇ ਸ਼ਿਵ ਕੁਮਾਰ ਬਟਾਲਵੀ ਯੁਮਨ ਜੀ ਦੀ ਅਲਮਾਰੀ ’ਚੋਂ ਕਵੀਆਂ ਦੇ ਕਲਾਮ ਦੀਆ ਕਿਤਾਬਾਂ ਲੈ ਕੇ ਪੜ੍ਹਦਾ ਰਹਿੰਦਾ ਸੀ। ਕਾਫੀ ਜਗ੍ਹਾ ਖਾਲੀ ਸੀ ਜਿਸ ਵਿਚ ਯੁਮਨ ਜੀ ਨੇ ਗੁਲਾਬ ਤੇ ਮੋਤੀਏ ਦੇ ਫੁੱਲਾਂ ਦੇ ਪੌਦੇ ਲਗਾਏ ਹੋਏ ਸੀ। ਕੁਝ ਪੌਦੇ ਕਵਾਰ-ਗੰਧਲ (ਕੈਕਟਸ) ਦੇ ਵੀ ਲਗਾਏ ਹੋਏ ਸਨ। ਯੁਮਨ ਜੀ ਕਿਸੀ ਨੂੰ ਵੀ ਫੁੱਲ ਨਹੀਂ ਸੀ ਤੋੜਨ ਦਿੰਦੇ। ਮਕਾਨ ਦੇ ਇਸ ਉੱਚੇ ਹਿੱਸੇ ਨੂੰ ਘਰ ਵਿਚ ਥੜਾ ਕਿਹਾ ਜਾਂਦਾ ਸੀ, ਏਸੇ ਥੜੇ ’ਤੇ ਯੁਮਨ ਜੀ ਮੰਜੀ ’ਤੇ ਗੋਲ ਤਕੀਐ ’ਤੇ ਆਰਾਮ ਦੀ ਮੁਦਰਾ ’ਚ ਹੁੱਕਾ ਪੀਂਦੇ ਹੋਏ ਕਿਤਾਬਾਂ ਪੜ੍ਹਦੇ ਸੀ ਤੇ ਕਵਿਤਾਵਾਂ ਲਿਖਦੇ ਸੀ। ਏਸੇ ਹੀ ਥੜੇ ’ਤੇ ਯੁਮਨ ਜੀ ਦੇ ਸਾਹਮਨੇ ਪੀਹੜੇ ਤੇ ਬੈਠ ਯੁਮਨ ਜੀ ਕੋਲੋਂ ਸ਼ਿਵ ਕੁਮਾਰ ਬਟਾਲਵੀ ਕਵਿਤਾ ਦੀ ਕਾਰੀਗਰੀ ਸਿੱਖਦਾ ਸੀ। 1953 ਤੋਂ 1960 ਤੱਕ ਸ਼ਿਵ ਬਟਾਲਵੀ ਅਕਸਰ ਯੁਮਨ ਜੀ ਦੇ ਘਰ ਹੀ ਵੇਖਿਆ ਜਾਂਦਾ ਸੀ।
-----
ਯੁਮਨ ਜੀ ਧਾਰਮਿਕ ਵਹਿਮਾਂ ਤੇ ਪਾਖੰਡਾਂ ਤੋਂ ਦੂਰ ਰਹਿੰਦੇ ਸੀ ਪਰ ਭਗਵਾਨ ਵਿਚ ਉਹਨਾਂ ਦਾ ਅਕੀਦਾ ਬੜਾ ਪੱਕਾ ਸੀ। ਘਰ ਦੇ ਥੜੇ ਤੇ ਲਗਾਏ ਹੋਏ ਗੁਲਾਬ ਤੇ ਮੋਤੀਏ ਦੇ ਫੁੱਲ ਕੋਈ ਤੋੜੇ ਇਹ ਉਹਨਾਂ ਨੂੰ ਗੰਵਾਰਾ ਨਹੀਂ ਸੀ। ਇਕ ਦਿਨ ਘਰ ਦੇ ਕੋਲ ਹੀ ਰਹਿਣ ਵਾਲੀ ਸਾਵਿਤ੍ਰੀ ਦੇਵੀ ਯੁਮਨ ਜੀ ਦੀ ਵੱਡੀ ਬੇਟੀ ਪ੍ਰਕਾਸ਼ ਦੇਵੀ ਦੀ ਸਹੇਲੀ ਸੀ ਜਿਸ ਨੂੰ ਸਾਰਾ ਮੁਹੱਲਾ ਧਾਂਧੀ ਚਾਚੀ ਕਹਿੰਦਾ ਸੀ, ਯੁਮਨ ਜੀ ਦੇ ਘਰ ਆਈ। ਉਹ ਮੰਦਰ ਜਾ ਰਹੀ ਸੀ ਤੇ ਉਸਨੇ ਯੁਮਨ ਜੀ ਕੋਲੋਂ ਕੁਝ ਫੁੱਲ ਤੋੜਨ ਦੀ ਇਜ਼ਾਜਤ ਮੰਗੀ ਮੰਦਰ ਭਗਵਾਨ ਨੂੰ ਚੜ੍ਹਾਣ ਲਈ। ਯੁਮਨ ਜੀ ਬੋਲੇ, “ਭੈਣਾ, ਤੇਰੇ ਭਗਵਾਨ ਨੂੰ ਸਾਡੇ ਬੂਟਿਆਂ ਤੇ ਫੁੱਲ ਚੰਗੇ ਨਹੀਂ ਲਗਦੇ?”
-----
ਉਹ ਮੰਦਰ ਚਲੀ ਗਈ। ਯੁਮਨ ਜੀ ਆਪਣੇ ਕੰਮਾਂ ਵਿਚ ਲੱਗ ਗਏ। ਏਨੇ ਵਿਚ ਚਿੜੀਆਂ ਦੀ ਡਾਰ ਆਈ ਤੇ ਚੁੰਝਾਂ ਨਾਲ ਸਾਰੇ ਫੁੱਲ ਖੰਬੜੀ-ਖੰਬੜੀ ਕਰ ਗਈ। ਯੁਮਨ ਜੀ ਜਦ ਥੜ੍ਹੇ ’ਤੇ ਆਏ ਤੇ ਉਹਨਾਂ ਫੁੱਲਾਂ ਦੀਆਂ ਪੱਤੀਆਂ ਜ਼ਮੀਨ ਤੇ ਖਿੱਲਰੀਆਂ ਵੇਖੀਆਂ। ਏਨੇ ਵਿਚ ਧਾਂਧੀ ਚਾਚੀ ਮੰਦਰ ਤੋਂ ਵਾਪਸ ਆ ਕੇ ਘਰ ਪ੍ਰਸਾਦ ਦੇਣ ਆਈ। ਯੁਮਨ ਜੀ ਬੋਲੇ, “ ਭੈਣਾਂ! ਤੈਨੂੰ ਭਗਵਾਨ ਜੀ ਵਾਸਤੇ ਫੁੱਲਾਂ ਦਾ ਮਨ੍ਹਾ ਕੀਤਾ, ਪਰ ਤੇਰੇ ਭਗਵਾਨ ਜੀ ਕੋਲੌਂ ਤੇ ਜ਼ਰਾ ਵੀ ਨਹੀਂ ਜਰਿਆ ਗਿਆ ਜਿਨ੍ਹਾਂ ਨੇ ਤੁਰੰਤ ਚਿੜੀਆਂ ਨੂੰ ਭੇਜ ਕੇ ਸਾਰੇ ਫੁੱਲ ਲੈ ਲਏ ਨੇ। ਤੂੰ ਜ਼ਰੂਰ ਮੰਦਰ ਵਾਸਤੇ ਫੁੱਲ ਲੈ ਜਾਇਆ ਕਰ।” ਇਸ ਦੇ ਬਾਅਦ ਭਗਵਾਨ ਨੂੰ ਚੜਾਉਣ ਵਾਸਤੇ ਫੁੱਲ ਤੋੜਨ ਵਾਸਤੇ ਕਦੀ ਮਨ੍ਹਾ ਨਹੀਂ ਕੀਤਾ।
-----
ਓਹਨਾਂ ਨੂੰ ਪੰਜਾਬ ਨਾਲ ਬੜਾ ਡੂੰਘਾ ਪਿਆਰ ਸੀ। ਓਹਨਾਂ ਦੀ ਮਕਬੂਲ ਨਜ਼ਮ ‘ਮੇਰਾ ਪੰਜਾਬ’ ਦੀ ਸ਼ੁਰੂਆਤ ਵੇਖੋ:
ਮੈਂ ਹਾਂ ਓਸ ਪੰਜਾਬ ਦੇ ਗੀਤ ਗੋਂਦਾ ਸਾਨੀ ਜ੍ਹਿਦਾ ਕੋਈ ਅੰਦਰ ਜਹਾਨ ਨਹੀਂ ਸੀ
ਮਾਲਿਕ ਪੰਜਾਂ ਦਰਿਆਵਾਂ ਦੇ ਪਾਣੀਆਂ ਦਾ ਜ੍ਹਿਦੀ ਭੁੱਖਿਆਂ ਵਿਲਕਦੀ ਜਾਨ ਨਹੀਂ ਸੀ
ਜਿਸ ਵਿਚ ਵਾਸ ਸੀ ਸਿਰਫ਼ ਪੰਜਾਬੀਆਂ ਦਾ ਮਜ਼੍ਹਬੀ ਝਗੜਿਆਂ ਦਾ ਨਾਂ ਨਿਸ਼ਾਨ ਨਹੀਂ ਸੀ
ਜਿਦ੍ਹੇ ਬੱਚਿਆਂ ਕਿਸੇ ਦੀ ਚੁੱਕ ਚੜ੍ਹ ਕੇ ਕੀਤਾ ਵੱਸਦਾ ਵਤਨ ਵੀਰਾਨ ਨਹੀਂ ਸੀ
ਕੀਹ ਸੀ ਦੇਸ਼ ਪੰਜਾਬ ਦੀ ਅਸਲ ਸੂਰਤ
ਕੁਝ ਯਾਦ ਕਰਵਾਨਾਂ ਕੁਝ ਯਾਦ ਕਰਨਾਂ
ਜੌੜੇ ਫੇਰ ਕੋਈ ਟੁਟਿੱਆਂ ਟੋਟਿਆਂ ਨੂੰ
ਟੁੱਟੇ ਦਿਲੋਂ ਪਿਆ ‘ਯੁਮਨ’ ਫਰਿਆਦ ਕਰਨਾਂ
ਇਸ ਲੰਬੀ ਨਜ਼ਮ ‘ਚ ਅੱਗੇ ਪੰਜਾਬ ਦਾ ਹਰ ਪੱਖੋਂ ਨਕਸ਼ਾ ਖਿਚਿਆ ਹੋਇਆ ਹੈ । ਯੁਮਨ ਜੀ ਪੰਜਾਬੀ ਬੋਲੀ ਦੇ ਬਾਰੇ ਕੀ ਕਹਿੰਦੇ ਨੇ, ਮੁਲਾਹਿਜ਼ਾ ਫ਼ਰਮਾਓ:
ਚਮਕ ਜਿਦ੍ਹੇ ਤੋਂ ਮਿਲੀ ਸਿਤਾਰਿਆਂ ਨੂੰ, ਜਿਦ੍ਹਾ ਫ਼ੈਜ਼ ਸੁਗੰਧੀ ਗੁਲਾਬ ਦੀ ਏ
ਕੂਲੀ ਰੇਸ਼ਮੋਂ ਤੇ ਮਿੱਠੀ ਮਾਖਿਓਂ ਤੋਂ ਨਿੱਘੀ ਬੋਲੀ ਪੰਜਾਬੀ ਪੰਜਾਬ ਦੀ ਏ
ਇਹ ਮਹਾਰਾਣੀ ਏ ਜੱਗ ਦੀਆਂ ਬੋਲਿਆਂ ਦੀ ਹਰ ਜ਼ੁਬਾਨ ਅੰਦਰ ਗੂੰਜਣ ਬੋਲ ਇਹਦੇ
ਭਰ ਭਰ ਝੋਲੀਆਂ ਵੰਡੇ ਸਾਹਿਤ ਜਗ ਨੂੰ ਐਨੇਂ ਖੁੱਲ੍ਹੇ ਖ਼ਜ਼ਾਨੇ ਨੇ ਕੋਲ ਇਹਦੇ
----
ਪੰਜਾਬੀ ਮਾਂ ਬੋਲੀ ਦੇ ਮਹਾਨ ਸਪੂਤ ਯੁਮਨ ਜੀ ਦੀਆਂ ਸਾਰੀਆਂ ਰਚਨਾਵਾਂ ਜਦ ਪੰਜਾਬੀ ਪਾਠਕਾਂ ਸਾਮਣੇ ਆਣਗੀਆਂ ਤਦ ਸਬ ਮਹਿਸੂਸ ਕਰਣਗੇ ਓਹਨਾਂ ਨੂੰ ਅੱਜ ਤਕ ਕਿਉਂ ਅਣਗੋਲਿਆ ਰੱਖਿਆ ਗਿਆ।
ਯੁਮਨ ਜੀ ਆਪਣੇ ਆਦਰਸ਼ਾਂ ਅਤੇ ਅਸੂਲਾਂ ਦੇ ਬਹੁਤ ਹੀ ਪੱਕੇ ਸਨ। ਬਟਾਲੇ ਤੋਂ ਐਮ.ਐਲ.ਏ. ਤੇ ਪੰਜਾਬ ਸਰਕਾਰ ਦਾ ਮੰਤਰੀ ਉਹਨਾਂ ਉੱਤੇ ਜ਼ੋਰ ਪਾਉਂਦਾ ਰਿਹਾ, ਕਿ ਯੁਮਨ ਜੀ ਉਹਨਾਂ ਦੇ ਹੱਕ ਵਿਚ ਸਟੇਜ ਤੇ ਆ ਕੇ ਕਵਿਤਾਵਾਂ ਪੜ੍ਹਨ। ਯੁਮਨ ਜੀ ਇਹ ਕਹਿ ਕੇ ਸਾਫ਼ ਮਨ੍ਹਾ ਕਰ ਦੇਂਦੇ, “ਮੈਂ ਆਪਣੀ ਕਲਮ ਨੂੰ ਦਾਗ਼ ਨਹੀਂ ਲਾਉਂਣਾ।”
-----
ਅਕਤੂਬਰ, 1967 ਦੀ ਇਕ ਰਾਤ ਨੂੰ ਯੁਮਨ ਜੀ ਘਰ ਵਿਚ ਡਿੱਗ ਪਏ ਤੇ ਉਹਨਾਂ ਨੂੰ ਦਿਮਾਗ਼ੀ ਸੱਟ ਕਾਰਨ ਬ੍ਰੇਨ-ਹੈਮਰੇਜ ਹੋ ਗਿਆ। ਇਲਾਜ ਲਈ ਡੇਢ ਮਹੀਨਾ ਗੁਰੂ ਤੇਗ ਬਹਾਦੁਰ ਹਸਪਤਾਲ, ਅੰਮ੍ਰਿਤਸਰ ਰਹੇ। ਘਰ ਆ ਗਏ ਪਰ ਹੋਸ਼ ਨਹੀਂ ਪਰਤੀ। 22 ਦਿਸੰਬਰ 1967 ਨੂੰ ਸ਼ਾਮ ਨੂੰ ਸਦੀਵੀ ਵਿਛੋੜਾ ਦੇ ਗਏ। 22 ਦਿਸੰਬਰ ਦੀ ਸਵੇਰੇ ਓਹਨਾਂ ਅੱਖਾਂ ਖੋਲ੍ਹੀਆਂ ਤੇ ਘਰ ਦੇ ਸਾਰੇ ਜੀਆਂ ਨੂੰ ਪਹਿਚਾਣਿਆ। ਹੌਲੀ ਹੌਲੀ ਬੋਲੋ ਕਿ ਅੱਜ ਮੈਂ ਇਕ ਬੜੇ ਵੱਡੇ ਪ੍ਰੋਗਰਾਮ ਤੇ ਜਾਣਾ ਏ। ਤੇ ਸ਼ਾਮ ਨੂੰ ਸਦਾ ਲਈ ਚਲੇ ਗਏ। ਓਹਨਾਂ ਨੇ ਘਰ ਵਿਚ ਦੋ ਸਾਲ ਪਹਿਲੇ ਹੀ ਕਹਿ ਦਿੱਤਾ ਸੀ ਕਿ ਮੈਂ 1968 ਦਾ ਸਾਲ ਨਹੀਂ ਵੇਖਣਾ।
----
ਯੁਮਨ ਜੀ ਦੇ ਸ਼ਾਗਿਰਦ ਤੇ ਉਸਤਾਦ ਗ਼ਜ਼ਲਗੋ ਚਮਨ ਲਾਲ ਸੁਖੀ ਜੀ ਨੇ ਆਪਣੇ ਕਾਵਿ-ਗੁਰੂ ਨੂੰ ਇਹਨਾਂ ਸ਼ਬਦਾਂ ਨਾਲ ਸ਼ਰਧਾਂਜਲੀ ਦਿੱਤੀ-
ਲੈ ਗਈ ਯੁਮਨ ਨੂੰ ਬੰਨ੍ਹ ਕੇ ਮੌਤ ਜ਼ਾਲਮ,
ਜਿਹੜਾ ਅਜੇ ਨਹੀਂ ਸੀ ਏਥੋਂ ਜਾਣ ਵਾਲਾ।
ਸੋਮੇ ਅੰਮ੍ਰਿਤ ਦੇ ਸ਼ਿਅਰਾਂ ’ਚ ਸੀ ਜਿਸ ਦੇ,
ਜਿਹੜਾ ਮੋਇਆਂ ’ਚ ਜਾਨ ਸੀ ਪਾਣ ਵਾਲਾ।
-----
ਧਨੀ ਕਲਮ ਦਾ ਸ਼ੀਰੀਂ ਜ਼ੁਬਾਨ ਵਾਲਾ,
ਮਾਹਰ ਫਨ ਦਾ ਕਾਮਲ ਉਸਤਾਦ ਸੀ ਉਹ।
ਰਮਜ਼ਾਂ ਅਦਬ ਦੀਆਂ ਸੱਭੇ ਜਾਣ ਦਾ ਸੀ,
ਕਰਦਾ ਦਿਲੇ ਨਾਸ਼ਾਦ ਨੂੰ ਸ਼ਾਦ ਸੀ ਉਹ।
----
ਨੁਕਤੇ ਸ਼ਿਅਰ ਦੇ ਖ਼ੂਬ ਪਛਾਣਦਾ ਸੀ,
ਦੇਖ ਲੈਂਦਾ ਸੀ ਝੱਟ ਬਾਰੀਕੀਆਂ ਨੂੰ।
ਪੂਰਾ ਸੁਖਨ ਦੇ ਕੰਡੇ ਸੀ ਤੋਲ ਓਹਦਾ,
ਸਹਿੰਦਾ ਨਹੀਂ ਸੀ ਕਦੇ ਵਧੀਕੀਆਂ ਨੂੰ।
----
ਅਰਸੋਂ ਓਹਦਾ ਤਖੀਅਲ ਬੁਲੰਦ ਹੈ ਸੀ,
ਸਦਾ ਨੇਕ ਵਿਚਾਰ ਵਿਚਾਰਦਾ ਸੀ।
ਜਜ਼ਬਾ ਪਿਆਰ ਦਾ ਸੀ ਓਹਦੇ ਦਿਲ ਅੰਦਰ,
ਦੇਂਦਾ ਦਰਸ ਓਹ ਪ੍ਰੇਮ ਪਿਆਰ ਦਾ ਸੀ।
-----
ਓਹਦੇ ਜਾਣ ਨਾਲ ਪਿਆ ਖ਼ਲਾ ਜਿਹੜਾ,
ਪੂਰਾ ਨਹੀਂ ਓਹ ‘ਸੁਖੀ’ ਖ਼ਲਾ ਹੋਣਾ।
ਮਾਤ ਭਾਸ਼ਾ ਪੰਜਾਬੀ ਦਾ ‘ਯੁਮਨ’ ਵਰਗਾ,
ਪੈਦਾ ਲਾਲ ਨਹੀਂਓ ਦੂਸਰਾ ਹੋਣਾ।
( ਸੁਖੀ ਜੀ ਰਚਿਤ ਪੁਸਤਕ ‘ਕਲਮ ਦਾ ਮਜ਼ਦੂਰ’ ਵਿਚੋਂ )
ਇਹੋ ਜਿਹੀ ਵਿਲੱਖਣ, ਰੂਹਾਨੀ ਤੇ ਮਹਾਨ ਸ਼ਖ਼ਸੀਅਤ ਦੇ ਮਾਲਿਕ ਸਨ ਮੇਰੇ ਦਾਦਾ ਸ੍ਰੀ ਬਰਕਤ ‘ਯੁਮਨ’ ਬਟਾਲਵੀ ਜੀ!
*****
ਸਮਾਪਤ
No comments:
Post a Comment