ਅਜੋਕਾ ਨਿਵਾਸ : ਮਿਸ਼ੀਗਨ, ਯੂ.ਐਸ.ਏ.
ਕਿਤਾਬ: ਹਾਲੇ ਨਹੀਂ ਛਪੀ। ਸਿਰਜਣਾ ਅਤੇ ਆਰਸੀ ਜਿਹੇ ਸਿਰਕੱਢ ਰਸਾਲਿਆਂ ਅਤੇ ਅਖ਼ਬਾਰਾਂ ਵਿੱਚ ਕੁਝ ਕਹਾਣੀਆਂ ਅਤੇ ਅਨੇਕਾਂ ਕਿਤਾਬਾਂ ਦੇ ਰਿਵਿਊ, ਆਲੋਚਨਾਤਮਕ ਤੇ ਹੋਰ ਲੇਖ ਛਪ ਚੁੱਕੇ ਹਨ ।ਅੱਜ ਕਲ੍ਹ ਨਿਰੰਤਰਤਾ ਨਾਲ਼ 'ਪੰਜਾਬ ਟਾਈਮਜ਼' ਵਿੱਚ 'ਏਨੀ ਕੁ ਬਾਤ' ਨਾਮ ਦਾ ਕਾਲਮ ਲਿਖਦੇ ਹਨ ।
-----
ਦੋਸਤੋ! ਅੱਜ ਬਲਜੀਤ ਬਾਸੀ ਸਾਹਿਬ ਨੇ ਇੱਕ ਬੇਹੱਦ ਖ਼ੂਬਸੂਰਤ ਕਹਾਣੀ ਨਾਲ਼ ਆਰਸੀ ਤੇ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਸਾਰੇ ਲੇਖਕ/ਪਾਠਕ ਪਰਿਵਾਰ ਵੱਲੋਂ ਉਹਨਾਂ ਨੂੰ ਖ਼ੁਸ਼ਆਮਦੀਦ ਆਖਦਿਆਂ, ਵਿਅੰਗਮਈ ਲਹਿਜ਼ੇ ‘ਚ ਲਿਖੀ ਕਹਾਣੀ ਨੂੰ ਆਰਸੀ ਰਿਸ਼ਮਾਂ ‘ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
****************
ਮੇਰੀ ਭੂਆ
ਕਹਾਣੀ
ਡਿਟਰਾਇਟ ਏਅਰਪੋਰਟ ਆਪਣੇ ਦੋਸਤ ਨੂੰ ਲਾਹ ਚੁੱਕਣ ਪਿਛੋਂ ਵਾਪਸ ਜਾਣ ਲੱਗਿਆਂ ਬਰਫ਼ ਮੇਰੇ ਅੱਗੇ ਹੀ ਪੈ ਗਈ । ਮੇਰੀ ਬਦਕਿਸਮਤੀ ਦੇਖੋ ਢੀਠ ਚੀਜ਼ਾਂ ਲੋਕਾਂ ਦੇ ਪਿੱਛੇ ਪੈਂਦੀਆਂ ਹਨ, ਮੇਰੇ ਅੱਗੇ ਹੀ ਟੁੱਟ ਪੈਂਦੀਆਂ ਹਨ । ਤਾਬੜਤੋੜ ਹਮਲਿਆਂ ਨਾਲ ਬਰਫ਼ ਮੈਨੂੰ ਏਥੇ ਹੀ ਦਫਨਾ ਦੇਣਾ ਚਾਹੁੰਦੀ ਸੀ । ਸਾਰਾ 60 ਮੀਲ ਤੇ ਵਾਕਿਆ ਮੇਰਾ ਸ਼ਹਿਰ ਭੁੜਕ ਕੇ ਦੂਜੇ ਧਰੁਵ ਤੇ ਪਹੁੰਚ ਗਿਆ ਲਗਦਾ ਸੀ। ਮੌਸਮ ਦੇ ਅਜਿਹੇ ਕਹਿਰ ਵਿਚ ਨਾ ਕਾਰ ਮੈਨੂੰ ਕੋਈ ਧਰਵਾਸ ਦਿੰਦੀ ਸੀ ਨਾ ਮੈਂ ਉਸਨੂੰ ਕੋਈ ਹੱਲਾਸ਼ੇਰੀ। ਦਰਅਸਲ ਅਸੀਂ ਇਕ ਦੂਜੇ ਤੋਂ ਡਰੇ ਹੋਏ ਸਾਂ। ਅਜੇ ਸਾਲ ਖੰਡ ਤਾਂ ਹੋਇਆ ਸੀ ਇਸ ਦੇਸ਼ ਵਿੱਚ ਫਸੇ ਵਸੇ ਨੂੰ,ਅਜੇ ਤਾਂ ਰੋਡਾਂ ਦੀਆਂ ਲੇਨਾਂ, ਕਾਰਾਂ ਦੀਆਂ ਕਤਾਰਾਂ ਤੇ ਸੜਕਾਂ ਦੇ ਚਿਹਨ-ਚੱਕਰਾਂ ਵਿੱਚ ਹੀ ਸਿਰ ਚਕਰਾ ਜਾਂਦਾ ਸੀ ਕਿ ਆਹ ਬਰਫ਼ਾਂ, ਸਿਰ ਮਨਾਉਂਦਿਆਂ ਓਲੇ ਪੈਣ ਵਾਲੀ ਗੱਲ ਹੋ ਗਈ ਸੀ।
------
ਕਾਰ ਦੀਆਂ ਲਾਈਟਾਂ ਬਰਫ਼ ਤੇ ਹਨੇਰੇ ਦੀ ਘਾਣੀ ਵਿਚੋਂ ਲੰਘਣ ਦੀ ਅਸਫ਼ਲ ਕੋਸ਼ਿਸ਼ ਕਰ ਰਹੀਆਂ ਸਨ । ਸਾਹਮਣੇ ਮਰ ਕੇ ਦੋ ਕਦਮ ਦੀ ਵਿਥ ਤਕ ਹੀ ਦਿਖਾਈ ਦਿੰਦਾ ਸੀ ਤੇ ਪੀਲੀਆਂ ਲਾਈਨਾਂ ਦੀ ਹੋਂਦ ਬਰਫ਼ ਵਿੱਚ ਖੁਰ ਚੁੱਕੀ ਸੀ। ਟਰੈਫਿਕ ਆਪਹੁਦਰੀ ਹੋਈ ਪਈ ਸੀ। ਕਾਰ ਤੇਜ਼ ਕਰਾਂ ਤਾਂ ਫਿਸਲਣ ਦਾ ਡਰ, ਹੌਲੀ ਚਲਾਵਾਂ ਤਾਂ ਕਿਹੜੇ ਵੇਲੇ ਪਹੁੰਚਾਂਗਾ । ਅਜਿਹੀ ਸਥਿਤੀ ਮੈਨੂੰ ਆਪਣਾ ਆਪ ਕੋਸਣ ਲਈ ਖ਼ੂਬ ਉਕਸਾਉਂਦੀ ਹੈ: ਮੌਸਮ ਦਾ ਚੈਨਲ ਦੇਖ ਕੇ ਕਿਉਂ ਨਹੀਂ ਚੱਲਿਆ। ਜਾਂ ਥੋੜ੍ਹਾ ਪਹਿਲਾਂ ਚੱਲ ਪੈਂਦਾ। ਅਖੇ ਦੋਸਤ ਨਾਲ ਹੋਰ ਗੱਲਾਂ ਕਰ ਲਵਾਂ। ਲੈ ਲਾ ਦੋਸਤ ਦੇ ਸਵਾਦ ! ਚਾਰੇ ਤਰਫ਼ ਮੰਦ ਤੋਂ ਮੰਦ ਹੋ ਰਹੀ ਟਰੈਫਿਕ ਦੀ ਰਫ਼ਤਾਰ ਖੜੋਤ ਵਿਚ ਜਾਣ ਲੱਗੀ ਸੀ । ਫੁੱਲ ਸਪੀਡ ਤੇ ਚਾਮ-ਚੜਿਕਾਂ ਜਿਹੇ ਚੱਲਦੇ ਵਾਈਪਰਾਂ ਦੀ ਖਟ-ਖਟ ਮੈਨੂੰ ਕਿਸੇ ਦੁਖਾਂਤ ਦਾ ਆਭਾਸ ਕਰਾ ਰਹੀ ਸੀ। ਸ਼ਾਇਦ ਅੱਗੇ ਕੋਈ ਐਕਸੀਡੈਂਟ ਹੋ ਗਿਆ ਹੈ। ਸ਼ਾਮ ਦੇ ਸਾਢੇ ਅੱਠ ਵੱਜ ਚੁੱਕੇ ਸਨ ਤੇ ਹਨੇਰ ਸਾਈਂ ਦਾ ਹਨੇਰਾ ਵੀ ਮੇਰੇ ਅੱਗੇ ਪਸਰਨ ਲੱਗਾ ਸੀ । ਕਾਰ ਨੂੰ ਤੱਦੀਆਂ ਕਰਨ ਦਾ ਖੂਬ ਮੌਕਾ ਮਿਲਿਆ। ਜੇ ਕਿਤੇ ਗਲਤੀ ਨਾਲ ਬਰੇਕ ਲਾ ਬੈਠਦਾ ਤਾ ਇਸ ਨੇ ਘੁੰਮ ਜਾਣ ਦਾ ਕੌਤਕ ਦਿਖਾਉਣ ਲੱਗਣਾ ਸੀ। ਕਾਰ ਹੈ ਵੀ ਪੁਰਾਣੀ ਟੁੱਟੜ ਜਹੀ ਸੀ। ਨਵੀਂ ਜੋਗੇ ਅਜੇ ਹੋਏ ਕਿੱਥੇ ਸਾਂ। 'ਨੈ ਵੀ ਡੂੰਘੀ, ਤੁਲਾ ਪੁਰਾਣਾ' ਵਾਲੀ ਗੱਲ ਹੋਈ ਪਈ ਸੀ। ਅਜੇ ਤਾ ਅੰਗਰੇਜ਼ੀ ਵੀ ਅੜਿੱਕੇ ਨਹੀਂ ਸੀ ਆਈ, ਕੋਈ ਬਿਪਤਾ ਪੈ ਗਈ ਤਾਂ ਕਿਹੜੀ ਮਾਂ ਨੂੰ ਮਾਸੀ ਕਹਾਂਗਾ।ਏਸੇ ਸੰਤਾਪ ਵਿਚ ਘੁਲ਼ਦਿਆਂ ਖ਼ਿਆਲ ਆਇਆ ਕੀ ਲੈਣਾ ਮਾਂ ਮਾਸੀ ਤੋਂ, ਆਪਣੀ ਭੂਆ ਜੁ ਹੈ ਤੇ ਉਸਦਾ ਸ਼ਹਿਰ ਏਧਰ ਨੇੜੇ ਹੀ ਹੈ ਕਿਤੇ।
----
ਭੂਆ ਦਾ ਚੇਤਾ ਆਉਂਦਿਆਂ ਨਾਨਕ ਸਿੰਘ ਦੀ ਭੂਆ ਚੇਤੇ ਆ ਗਈ, ਮਨ ਦੇ ਜਾਣੋਂ ਸਾਰੇ ਕਲੇਸ਼ ਕੱਟੇ ਗਏ, ਤਨ ਚੌੜਾ ਹੋ ਗਿਆ, ਗੱਡੀ ਕਹੇ ਵਿਚ ਆ ਗਈ ਤੇ ਮੂੰਹ ਵਿੱਚ ਗੁਣਗੁਣਾਹਟ। ਥੋੜਾ ਅੱਗੇ ਜਾ ਕੇ ਐਗਜ਼ਿਟ ਦਾ ਨੰਬਰ ਪੜ੍ਹਿਆ ਤੇ ਹਿਸਾਬ ਲਾਇਆ... ਗੱਲ ਬਣ ਗਈ ਹੈ। ਬੱਸ ਇਕ ਦੋ ਐਗਜ਼ਿਟ ਦੀ ਹੀ ਵਾਟ ਹੈ... ਤੇ ਭੂਆ ਦਾ ਸ਼ਹਿਰ ਵੱਟ ਤੇ ਪਿਆ। ਬਰਫ਼ ਤੇ ਹਨੇਰੇ ਦਾ ਖੌਫ਼ ਔਹ ਗਿਆ ਔਹ ਗਿਆ ਹੋ ਗਿਆ।
................
ਲੱਕ ਟੁਣੂੰ ਟੁਣੂੰ... ਅਜੇ ਥੋੜ੍ਹੀ ਦੂਰ ਹੀ ਚੱਲਿਆ ਸੀ ਕਿ ਮੈਨੂੰ ਆਲਾ ਦੁਆਲਾ ਓਪਰਾ ਓਪਰਾ ਲੱਗਣ ਲੱਗਾ। ਵਿਲਾਸੇ ਮਨ ਨੂੰ ਭੂਆ ਦੇ ਨਿੱਘ ਚੋਂ ਕੱਢਿਆ ਤੇ ਆਲੇ ਦੁਆਲੇ ਨਾਲ ਜੋੜਿਆ: ਮੈਂ ਚਾਂਭਲ਼ਿਆ ਹੋਰ ਹੀ ਰਸਤੇ ਤੇ ਔਝੜਿਆ ਫਿਰ ਰਿਹਾ ਸਾਂ। ਮਨ ਤੇ ਕਾਰ ਫਿਰ ਡੋਲਣ ਲੱਗੇ। ਕੇਹਾ ਦੇਸ ਹੈ ਇਹ, ਕਾਰ ਵੀ ਏਥੇ ਚੱਲ ਸੋ ਚੱਲ ਰੱਖਣੀ ਪੈਂਦੀ ਹੈ ਤੇ ਮੇਰੇ ਕੋਲ਼ ਤਾਂ ਕੋਈ ਸੈੱਲ ਫੋਨ ਵੀ ਨਹੀਂ ਸੀ। ਜਿੱਧਰ ਮੂੰਹ ਅਇਆ ਕਾਰ ਦੱਬੀ ਜਾ ਰਿਹਾ ਸਾਂ ਕਿ ਮੈਨੂੰ ਇਕ ਗੈਸ ਸਟੇਸ਼ਨ ਦਿਖਾਈ ਦਿੱਤਾ ਜਾਣੋ ਰੌਸ਼ਨੀ ਦੀ ਇਕ ਕਿਰਨ। ਮੈਂ ਕਾਰ ਮੋੜੀ ਤੇ ਭਾਈ ਤੋਂ ਰਸਤਾ ਪੁੱਛਿਆ। ਉਸਦੇ ਸਮਝਾਏ ਮੁਤਾਬਕ ਮੈਂ ਰਫ਼ਤਾ-ਰਫ਼ਤਾ ਅਗੇ ਵਧਦਾ ਗਿਆ। ਬਰਫ਼ਾਂ ਦੀ ਮਾਰੋ-ਮਾਰ ਦੌਰਾਨ ਪੇਟ ਵਿੱਚ ਚੂਹੇ ਵੀ ਕੁੱਦਣ ਲੱਗ ਪਏ। ਮੇਰੇ ਦਿਮਾਗ ਵਿੱਚ ਫਿਰ ਨਾਨਕ ਸਿੰਘ ਦੀ ਭੂਆ ਫਿਰ ਗਈ ਜਿਸਨੇ ਕੁਵੇਲੇ ਆਏ ਆਪਣੇ ਭਤੀਜੇ ਨੂੰ ਚੱਕੀ ਦੇ ਪੁੜ ਜਿੱਡੇ ਪਰੌਂਠੇ ਤੇ ਸੇਵੀਆਂ ਦੀ ਥਾਲ਼ੀ ਵਿਚ ਸ਼ੱਕਰ ਦੀ ਮੁੱਠ ਤੇ ਪੰਘਰੇ ਹੋਏ ਘਿਉ ਦਾ ਕੌਲਾ ਪਾ ਕੇ ਉਸ ਅੱਗੇ ਪਰੋਸਿਆ ਸੀ। ਅਜਿਹੀ ਤਰ-ਬਤਰ ਖ਼ਾਤਰਦਾਰੀ ਦਾ ਤਸੱਵੁਰ ਆਉਂਦਿਆਂ ਮੇਰੇ ਪੇਟ ਦੇ ਚੂਹੇ ਨੱਚਣਾ ਛੱਡਕੇ ਮੇਰੀਆਂ ਆਂਦਰਾਂ ਖਾਣ ਲੱਗੇ। ਮੂੰਹ ਵਿੱਚ ਆਈਆਂ ਪਾਣੀ ਦੀਆਂ ਲ਼ਾਲ਼ਾਂ ਮੈਂ ਜੈਕਟ ਦੀ ਬਾਂਹ ਨਾਲ ਪੂੰਝੀਆਂ। ਸ਼ਹਿਰੀ ਨਾਨਕ ਸਿੰਘ ਦਾ ਪਤਾ ਨਹੀਂ ਭੂਆ ਦੀ ਸੇਵਾ ਤੋਂ ਕਿਉਂ ਨੱਕ ਮੁੜ ਗਿਆ ਸੀ। ਪਹੁੰਚਾਂ ਸਹੀ ਮੈਂ ਇਕ ਵਾਰੀ ਭੂਆ ਦੇ ਘਰ।
----
ਔਝੜਦਾ ਖੌਝੜਦਾ ਚਾਅ ਨਾਲ ਭਰਿਆ ਮੈਂ ਸੋਤੇ ਪਏ ਭੂਆ ਦੇ ਘਰ ਪਹੁੰਚ ਗਿਆ। ਘੰਟੀ ਖੜਕਾਈ, ਦੋ ਤਿੰਨ ਮਿੰਟ ਵੇਟ ਕੀਤਾ, ਕੋਈ ਨਾ ਪ੍ਰਗਟ ਹੋਇਆ। ਸੁੱਤੇ ਪਿਆਂ ਨੂੰ ਨਾ ਸੁਣਿਆ ਹੋਵੇਗਾ, ਇਕ ਵਾਰੀ ਹੋਰ ਘੰਟੀ ਨੂੰ ਹੱਥ ਪਾਇਆ ਪਰ ਫਿਰ ਸੁੰਨ-ਮਸਾਣ। ਦਿਮਾਗ਼ ਨੂੰ ਸਮਾਂ ਦਿੱਤਾ, ਬੋਲਿਆ, ਕੋਈ ਘਰ ਵੀ ਹੋਵੇਗਾ ? ਬੱਸ ਫਿਰ ਆਪੇ ਨੂੰ ਕੋਸਣ ਦਾ ਦੌਰਾ, ਫਿਰ ਸੈੱਲ-ਫੋਨ ਨਾ ਹੋਣ ਦਾ ਝੋਰਾ। ਬੁਖਲਾਹਟ ਵਿਚ ਤੀਜੀ ਵਾਰ ਮੈਂ ਫਿਰ ਘੰਟੀ ਖੜਕਾਈ ਤਾਂ ਝਬਦੇ ਦਰਵਾਜ਼ਾ ਖੁੱਲ੍ਹਣ ਦੀ ਆਵਾਜ਼ ਆਈ।
ਭੂਆ ਮੇਰੇ ਸਾਹਮਣੇ ਖੜੀ ਸੀ, ਸਾਹਾਂ ਵਿਚ ਆਏ ਸਾਹ ਨੇ ਜ਼ੁਬਾਨ ਫੜੀ,"ਸਾ ਸਿਰੀ ਕਾਲ"
................
"ਲਗਦਾ ਸਾ ਸਿਰੀ ਕਾਲ ਦਾ, ਇਹ ਕੋਈ ਟਾਈਮ ਹੈ ਆਉਣ ਦਾ, ਸੁੱਤੇ ਪਏ ਸੀ ਅਰਾਮ ਨਾਲ਼।" ਇਹ ਸਕੀ ਭੂਆ ਦੀ ਹੀ ਆਵਾਜ਼ ਸੀ ।
ਪਰ ਸੋਚਿਆ ਕੁਵੇਲੇ ਆਇਆਂ, ਘਬਰਾ ਗਈ ਹੋਵੇਗੀ ਕਿ ਕੋਈ ਬੁਰੀ ਖ਼ਬਰ ਹੈ।
....................
"ਏਅਰਪੋਰਟ ਗਿਆ ਸੀ, ਬਰਫ਼ ਵਿਚ ਘਿਰ ਗਿਆ, ਸੋਚਿਆ ਭੂਆ ਕੋਲ਼ ਹੈ, ਕਾਹਨੂੰ ਔਖੇ ਹੋਣਾ।" ਮੈਂ ਆਪਣੀ ਮਜਬੂਰੀ ਤੇ ਕੁਝ ਕੁਝ ਭੂਆ ਨਾਲ ਮੋਹ ਦੇ ਭਾਵ ਪਰਗਟ ਕੀਤੇ। ਪਰ ਘਰ ਦੇ ਭਾਗ ਨਜ਼ਰ ਆਉਣ ਲੱਗੇ ਸਨ।
.................
ਖ਼ੈਰ, ਭੂਆ ਨੇ ਮੈਨੂੰ ਅੰਦਰ ਲੰਘਣ ਦਿੱਤਾ ਤੇ ਖਾੜ੍ਹ ਕਰਦਾ ਬੂਹਾ ਲਗਾਉਂਦਿਆਂ ਬੁੜਬੜਾਈ, "ਕੋਈ ਵੇਲਾ ਹੁੰਦਾ ਆਉਣ ਦਾ, ਇਹ ਥੋੜ੍ਹੀ ਜਦੋਂ ਮਰਜ਼ੀ ਤੁਰ ਪਓ। ਬਰਫ਼ ਵਾਲੇ ਬੂਟ ਤੇ ਜੈਕਟ ਝਾੜ ਕੇ ਹੈਥੇ ਕਲੋਜ਼ਿਟ ‘ਚ ਲਾਹ ਦੇ, ਕਾਲੀਨ ਖਰਾਬ ਕਰਦਾ ਫਿਰੇਂਗਾ।"ਉਸਦੇ ਆਰਾਮ ਵਿੱਚ ਵਿਘਨ ਪਿਆ ਹੋਵੇਗਾ, ਮੈਂ ਚੁੱਪ ਕਰਕੇ ਜੈਕਟ ਤੇ ਬੂਟ ਉਤਾਰੇ ਤੇ ਸੋਫੇ ‘ਤੇ ਆਪਣੇ ਆਪ ਨੂੰ ਸੁੱਟ ਲਿਆ।
----
ਕੁਝ ਚਿਰ ਚੁੱਪ ਛਾਈ ਰਹੀ। ਭੂਆ ਉਵੇਂ ਹੀ ਖੜੀ ਸੀ ਮੂੰਹ ਬਣਾਈ, ਭਤੀਜ-ਮੋਹ ਜਾਂ ਪਰਾਹੁਣਚਾਰੀ ਦਾ ਕੋਈ ਸੰਕੇਤ ਨਹੀ ਸੀ। ਮੈਨੂੰ ਪੇਟ ਦੇ ਚੂਹਿਆਂ ਦੀ ਫਿਰ ਥੋੜ੍ਹੀ ਹਲਚਲ ਮਹਿਸੂਸ ਹੋਈ।
..................
ਆਖਰ ਉਨ੍ਹਾਂ ਮੇਰੇ ਮੂੰਹੋਂ ਇਹ ਲਫ਼ਜ਼ ਕਢਵਾ ਹੀ ਦਿੱਤੇ, "ਭੂਆ ਮੈਨੂੰ ਥੋੜ੍ਹੀ ਭੁੱਖ ਲੱਗੀ ਹੈ।"
.....................
"ਹੂੰ ਭੁੱਖ ਲੱਗੀ ਹੈ, ਐਸ ਵੇਲੇ, ਰਾਹ ਚੋਂ ਮੜਾ ਮੈਕਡੌਨਲਡ ਖਾ ਲੈਣਾ ਸੀ। ਹੁਣ ਮੈਂ ਤੈਨੂੰ ਕੀ ਦੇਵਾਂ ਐਸ ਵੇਲ਼ੇ ?"
ਉਸ ਦੀਆਂ ਅੱਖਾਂ ਲਾਲ ਸਨ, ਸ਼ਾਇਦ ਨੀਂਦ ਨਾਲ਼, ਸ਼ਾਇਦ ਗੁੱਸੇ ਨਾਲ਼।
..............
"ਕੋਈ ਰੋਟੀ ਰਾਟੀ ਬਚੀ ਨਹੀ ਪਈਂ, ਮੈਂ ਖਾਕੇ ਸੌਂ ਜਾਊਂ, ਏਨੀ ਬਰਫ਼ਬਾਰੀ ਵਿਚ ਮੈਂ ਮੈਕਡੌਨਲਡ ਕਿੱਥੋਂ ਲਭਦਾ।" ਮੈਂ ਆਵਾਜ਼ ਨੂੰ ਥੋੜ੍ਹੇ ਤਰਲੇ ਦੀ ਚੱਸ ਦਿਤੀ ।
..............
"ਵਾਧੂ ਰੋਟੀਆ ਅਸੀਂ ਨਹੀਂ ਬਣਾਉਂਦੇ, ਇਹ ਅਮਰੀਕਾ ਹੈ, ਏਥੇ ਫਾਲਤੂ ਕੰਮ ਕਰਨ ਦਾ ਟਾਈਮ ਨਹੀ ।" ਅਮਰੀਕਾ ਦੇ ਤੌਰ ਤਰੀਕਿਆਂ ਬਾਰੇ ਮੇਰੇ ਤੇ ਲੈਕਚਰਬਾਜ਼ੀ ਦੀ ਝੜੀ ਲੱਗ ਗਈ ।
.....................
ਪਰ ਮੇਰੇ ਚੂਹੇ ਮੇਰੇ ਤੇ ਹਾਵੀ ਸਨ, "ਜੇ ਆਟਾ ਗੁੰਨ੍ਹਿਆ ਪਿਆ ਹੈ ਤਾਂ ਮੈਂ ਆਪ ਪਕਾ ਲੈਨਾਂ ।"
........................
"ਵੱਡਾ ਆਇਆ ਆਪੇ ਪਕਾਉਣ ਵਾਲਾ, ਕਿਚਨ ਵਿਚ ਤਾਂ ਮੈਂ ਤੇਰੇ ਫੁੱਫੜ ਨੂੰ ਵੀ ਨਹੀਂ ਵੜਨ ਦਿੰਦੀ, ਆਦਮੀ ਗਾਹ ਪਾ ਛਡਦੇ ਹਨ।" ਸਾਫ਼ ਸੀ ਕਿ ਉਸਦਾ ਮੈਨੂੰ ਭੁੱਖਿਆਂ ਸੁਲਾਉਣ ਦਾ ਇਰਾਦਾ ਸੀ ਪਰ ਆਪਣੀ ਵੀ ਢੀਠਤਾ ਵਿਚ ਕੁਝ ਦਮ ਸੀ, "ਚੱਲ ਥੋੜ੍ਹਾ ਸੀਰੀਅਲ ਹੀ ਦੇ ਦੇਹ।"
....................
"ਸੀਰੀਅਲ ਤਾਂ ਕਈਆਂ ਦਿਨਾਂ ਦਾ ਮੁੱਕਿਆ ਪਿਆ, ਨਾਲੇ ਤੇਰਾ ਫੁੱਫੜ ਨਹੀਂ ਬਾਹਲ਼ਾ ਪਸੰਦ ਕਰਦਾ।" ਉਸਨੇ ਸਬੂਤ ਵਜੋਂ ਸੀਰੀਅਲ ਦਾ ਖਾਲੀ ਡੱਬਾ ਖੜਕਾਇਆ ।
.................
"ਚੱਲ ਬਰੈੱਡ ਆਮਲੇਟ ਬਣਾ ਦੇ।" ਹੁਣ ਚੜ੍ਹੀ ਲੱਥੀ ਦਾ ਫਰਕ ਮੁੱਕ ਚੁੱਕਾ ਸੀ, ਖਾਲੀ ਢਿੱਡ ਦਾ ਸਵਾਲ ਸੀ।
..................
"ਆਂਡੇ ਤਾਂ ਡਾਕਟਰਾਂ ਨੇ ਮਨ੍ਹਾਂ ਕੀਤੇ ਹੋਏ ਹਨ, ਇਨ੍ਹਾਂ ਦਾ ਕੁਲੈਸਟਰੌਲ ਬਹੁਤ ਹਾਈ ਹੋ ਚੁੱਕਾ ਹੈ, ਹਾਂ ਜੈਮ ਪਿਆ ਹੈ ਪਰ ਬਰੈੱਡ ਨਹੀਂ ਹੈ ।"ਰਾਹ ਨਿਕਲ ਆਇਆ ਸੀ, ਮੈਨੂੰ ਲੱਗਾ ਮੇਰੀ ਥੋੜ੍ਹੀ ਜਿਹੀ ਰਹਿ ਜਾਵੇਗੀ। ਹੌਸਲੇ ਚ ਮੈਂ ਗੱਲ ਅੱਗੇ ਵਧਾਈ, "ਚਲੋ ਬਰੈੱਡ ਔਖਾ ਸੌਖਾ ਮੈਂ ਲੈ ਆਉਂਨਾ ।" ਮੈਂ ਤਟ ਫਟ ਜਾਣ ਲਈ ਉੱਠ ਖਲੋਇਆ। ਮੇਰੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ। ਮੈਂ ਭੁੱਖਾ ਵੀ ਸੌਂ ਸਕਦਾ ਸੀ ਪਰ ਇਸ ਵਿੱਚ ਮੈਨੂੰ ਭੂਆ ਦਾ ਜਾਂ ਸ਼ਾਇਦ ਆਪਣਾ ਘਟਾਅ ਮਹਿਸੂਸ ਹੋਇਆ।
----
ਸੋਚਿਆ ਤਾਂ ਸੀ ਭੂਆ ਦਾ 'ਜੀ ਸਦਕੇ ਜੀ ਸਦਕੇ' ਕਹਿੰਦੀ ਦਾ ਮੂੰਹ ਸੁਕੇਗਾ, ਚਾਅ ਨਾਲ ਫੁੱਫੜ ਨੂੰ ਜਗਾਏਗੀ ਤੇ ਏਨੀ ਸਰਦੀ ਕਾਰਨ ਪੈੱਗ-ਸ਼ੈੱਗ ਦੀ ਸੁਲਹ ਮਾਰੀ ਜਾਵੇਗੀ ਪਰ ਏਥੇ ਤਾਂ ਪਾਸੇ ਹੀ ਪੁੱਠੇ ਪਏ ਹੋਏ ਸਨ ।
................
"ਜਾਹ ਫਿਰ ਛੇਤੀ ਜਾਹ, ਸੌਣਾ ਵੀ ਹੈ।" ਮੈਂ ਜੈਕਟ ਪਾ ਕੇ ਬੂਟ ਦੇ ਤਸਮੇ ਕੱਸ ਰਿਹਾ ਸੀ ਕਿ ਭੂਆ ਬੋਲੀ,
................
"ਜੈਮ ਤਾਂ ਘਰੇ ਹੈਗਾ ਦਰਜਨ ਆਂਡੇ ਤੇ ਗੈਲਣ ਦੁੱਧ ਵੀ ਫੜੀ ਆਵੀਂ। ਬਰਫ਼ ਕਰਕੇ ਅੱਜ ਮੇਰੇ ਕੋਲੋਂ ਵੀ ਸਟੋਰ ਤੇ ਨਹੀਂ ਜਾ ਹੋਇਆ, ਤੇਰੇ ਫੁੱਫੜ ਲਈ ਵੀ ਸਵੇਰੇ ਬਣਾਉਣ ਲਈ ਕੁਝ ਨਹੀਂ ਹੈ।" ਮੇਰੇ ਮਨ ਚ ਆਇਆ ਭੂਆ ਹੁਣ ਤਾਂ ਕਹਿ ਰਹੀ ਸੀ ਕਿ ਫੁੱਫੜ ਦਾ ਕੁਲੈਸਟਰੌਲ ਹਾਈ ਹੈ ਤੇ ਹੁਣ ਦਰਜਣ ਆਂਡੇ ਮੰਗਵਾ ਰਹੀ ਹੈ।
........................
"ਸਾਬਣ ਤੇ ਸ਼ੈਂਪੂ ਵੀ ਲੈ ਆਵਾਂ, ਮੈਂ ਸਵੇਰੇ ਨਹਾ ਕੇ ਜਾਵਾਂਗਾ ?" ਮੈਂ ਤਾਂ ਛੁਰਲੀ ਹੀ ਛੱਡੀ ਸੀ ਪਰ ਉਹ ਛੁਰਲੀ ਨੂੰ ਗੋਲ ਮੋਲ ਕਰ ਗਈ, " ਵੇ ਜਾਹ ਜੋ ਲਿਆਉਣਾ ਲੈ ਆ, ਛੇਤੀ ਤੁਰ, ਤੇਰਾ ਫੁੱਫੜ ਨਾ ਉਠ ਜਾਵੇ, ਉਨੇ ਸਵੇਰੇ ਕੰਮ ਤੇ ਜਾਣਾ ।"
..................
ਭੂਆ ਹੋਰ ਲਿਸਟ ਨਾ ਦੇ ਦੇਵੇ, ਮੈਂ ਫੁਰਤੀ ਨਾਲ ਉਠ ਦੌੜਿਆ । ਨੇੜਿਓਂ ਹੀ ਇਕ ਗੈਸ ਸਟੇਸ਼ਨ ਤੋਂ ਡਿਉਢੇ ਰੇਟ ਤੇ ਮੈਂ ਸਾਰੀਆਂ ਹੀ ਚੀਜ਼ਾਂ ਫਟਾ ਫਟ ਫੜ ਲਿਆਇਆ। ਭੂਆ ਸੋਫੇ ਤੇ ਊਂਘ ਰਹੀ ਸੀ। ਮੈਂ ਚੀਜ਼ਾਂ ਫੜਾ ਕੇ ਹੱਥ ਮੂੰਹ ਧੋਣ ਚਲੇ ਗਿਆ । ਆਇਆ ਤਾਂ ਪੁੱਛਣ ਲੱਗੀ,
.............
"ਕਿੰਨੀ ਕੁ ਭੁੱਖ ਲੱਗੀ ਹੈ ?" ਮੱਥਾ ਠਣਕਿਆ, ਅਜੇ ਦਿੱਲੀ ਦੂਰ ਹੈ," ਭੁੱਖ ਤਾਂ ਲੱਗੀ ਹੀ ਹੈ ਭੂਆ, ਦੁਪਹਿਰ ਦੀ ਰੋਟੀ ਖਾਧੀ ਹੈ।"
............
"ਮੇਰਾ ਮਤਲਬ ਸੀ ਬਰੈੱਡ ਦੇ ਦੋ ਪੀਸ ਖਾਏਂਗਾ ਕਿ ਇੱਕ ?" ਭੂਆ ਦਾ ਮਤਲਬ ਮੇਰੇ ਖਾਨੇ ਚੀਰ ਗਿਆ । ਮੈਨੂੰ ਤਾਂ ਪੂਰੀ ਬਰੈੱਡ ਖਾਣ ਜਿੰਨੀ ਭੁੱਖ ਲੱਗੀ ਸੀ ਤੇ ਭੂਆ ਇਕ ਜਾਂ ਦੋ ਪੀਸ ਵਿਚੋਂ ਚੋਣ ਪੁੱਛ ਰਹੀ ਸੀ। ਜਾਣਦਿਆਂ ਹੋਇਆਂ ਕਿ ਦੋ ਇਕ ਨਾਲੋਂ ਜ਼ਿਆਦਾ ਹੁੰਦੇ ਹਨ, ਮੈਂ ਆਪਣੀ ਢੁਕਵੀਂ ਚੋਣ ਜ਼ਾਹਿਰ ਕੀਤੀ, "ਦੋ ਪੀਸ ਤਾਂ ਖਾ ਹੀ ਹੋ ਜਾਣਗੇ, ਨਾਲ ਦੁੱਧ ਦਾ ਗਲਾਸ ਦੇ ਦਈਂ।" ਮੇਰੀ ਟੋਨ ਵਿਚ ਨਿਰਮਾਣਤਾ ਬਰਕਰਾਰ ਸੀ।
..............
" ਦੁੱਧ ਦਾ ਗਲਾਸ ਹੁਣ ਕੋਈ ਨਹੀਂ ਲੱਭਣਾ, ਸਵੇਰ ਦੀ ਚਾਹ ਜੋਗਾ ਰਖਕੇ ਮੈਂ ਤਾਂ ਬਾਕੀ ਦੇ ਨੂੰ ਜਾਗ ਵੀ ਲਾ ਦਿੱਤਾ ਹੈ। ਫੁੱਫੜ ਤੇਰਾ ਸਵੇਰੇ-ਸਵੇਰੇ ਦਹੀਂ ਨਾਲ ਮਿੱਸੀ ਰੋਟੀ ਖਾਂਦਾ ਹੈ।" ਹੁਣ ਕਿਸੇ ਪ੍ਰਕਾਰ ਦਾ ਰੱਖ-ਰਖਾਅ ਨਹੀਂ ਸੀ ਰਹਿ ਗਿਆ, ਨਿਪਟ ਸ਼ਕਤੀਆਂ ਦਾ ਭੇੜ ਸੀ ।
............
"ਚਲੋ ਫਿਰ ਦੋ ਆਂਡਿਆ ਦਾ ਆਮਲੇਟ ਬਣਾ ਦੇ" ਆਪਾਂ ਹੋਰ ਸੁਝਾ ਦਿੱਤਾ।
....................
"ਆਮਲੇਟ ਐਸ ਵੇਲੇ ? ਤੈਨੂੰ ਮੈਂ ਜੈਮ ਲਾ ਕੇ ਬਰੈੱਡ ਦੇ ਦੋ ਪੀਸ ਦਿੰਦੀ ਹਾਂ, ਆਮਲੇਟ ਤੂੰ ਸਵੇਰੇ ਖਾਈਂ ਫੁੱਫੜ ਨਾਲ, ਹੁਣ ਚਾਹ ਬਣਾ ਦਿੰਦੀ ਹਾਂ।" ਮੈਂ ਸੋਚਿਆ ਮੈਂ ਪੱਲਿਓਂ ਦਰਜਣ ਆਂਡੇ ਤੇ ਦੁੱਧ ਲੈ ਕੇ ਆਇਆਂ ਫਿਰ ਵੀ ਪਰਨਾਲਾ ਥਾਂ ਦੀ ਥਾਂ ਹੈ, ਲੱਗਦਾ ਭੂਆ ਤੇ ਗਰੀਬੀ ਛਾ ਗਈ ਹੈ, ਸ਼ਾਇਦ ਗੈਸ ਦਾ ਖਰਚਾ ਬਚਾ ਰਹੀ ਹੈ, ਸ਼ਾਇਦ ਖੇਚਲ ਨਹੀਂ ਕਰਨਾ ਚਾਹੁੰਦੀ। ਆਪਾਂ ਸਹਿਜ ਅਵਸਥਾ ਵਿਚ ਆ ਗਏ ਤੇ ਹਥਿਆਰ ਸੁੱਟ ਦਿੱਤੇ,
"ਜਿਵੇਂ ਤੇਰੀ ਮਰਜ਼ੀ ।"
.................
" ਅੱਛਾ ਏਹ ਦੱਸ ਚਾਹ ਮੱਗ ਵਿਚ ਪੀਵੇਂਗਾ ਕਿ ਕੱਪ ਵਿਚ ?" ਇਕ ਹੋਰ ਬੰਬ । ਅਜਿਹੀ ਚੁਆਇਸ ਮੈਂ ਪਹਿਲੀ ਵਾਰ ਸੁਣੀ ਸੀ ਸੋ ਇਹ ਜਾਣਦਿਆਂ ਕਿ ਮੱਗ ਕੱਪ ਨਾਲੋਂ ਵੱਡਾ ਹੁੰਦਾ ਹੈ ਮੈਂ ਮੱਗ ਦੀ ਫਰਮਾਇਸ਼ ਕਰ ਦਿੱਤੀ ।
...................
"ਮੱਗ ਭਰਿਆ ਪੀਵੇਂਗਾ ਕਿ ਅੱਧਾ ?" ਸਮਝ ਲੱਗਣ ਲੱਗੀ ਕਿ ਧਰਤੀ ਹੋਰ ਪਰੇ ਹੋਰ ਦਾ ਕੀ ਮਤਲਬ ਹੁੰਦਾ ਹੈ।
.................
"ਮੈਂ ਭਰਿਆ, ਭਰਿਆ, ਭਰਿਆ ਪੂਰਾ ਨੱਕ ਤੱਕ ਭਰਿਆ ਮੱਗ ਪੀਵਾਂਗਾ। ਹੋਰ ਪੁੱਛ ?" ਪਹਿਲੀ ਤੇ ਆਖਰੀ ਵਾਰ ਮੈਂ ਸ਼ਕਤੀ ਸੰਤੁਲਨ ਆਪਣੇ ਪੱਖ ਵੱਲ ਮੋੜਨ ਲਈ ਹੰਭਲ਼ਾ ਮਾਰਿਆ।
..................
ਭੂਆ ਨੇ ਹੂੰ.. ਹੂੰ ਫੂੰ... ਫੂੰ ਕਰਦੀ ਨੇ ਦੋ ਜੈਮ ਲੱਗੇ ਪੀਸ ਤੇ ਊਣਾ ਚਾਹ ਦਾ ਮੱਗ ਮੇਰੇ ਹੱਥ ਥਮਾ ਦਿੱਤਾ। ਖਾ ਪੀ ਹਟਿਆ ਤਾਂ ਮੈਂ ਸੋਚਿਆ ਭੂਆ ਸੌਣ ਬਾਰੇ ਵੀ ਤਿੜ ਫਿੜ ਕਰੇਗੀ, ਹੋਰ ਕਾਹਨੂੰ ਲੁਹਾਉਣੀ ਹੈ, ਸੋ ਪੇਸ਼ਕਸ਼ ਕੀਤੀ, "ਭੂਆ ਮੈਂ ਤਾਂ ਸੋਫੇ ਤੇ ਹੀ ਸੌਂ ਜਾਵਾਂਗਾ, ਨਾਲ਼ੇ ਥੱਕਿਆ ਪਿਆਂ।"
..............
" ਲੈ ਸੋਫੇ ਤੇ ਕਿਉਂ, ਸੌ ਸੁੱਖ ਦਾ ਮੇਰਾ ਭਤੀਜਾ, ਮਸਾਂ ਤਾਂ ਲੱਝਾ, ਜਾਹ ਨਾਲ਼ ਦੇ ਕਮਰੇ ਵਿਚ ਪੈ ਜਾਹ, ਮੈਂ ਛੇਤੀ ਛੇਤੀ ਭਾਂਡੇ ਸਮੇਟਦੀ ਹਾਂ। ਪਾਣੀ ਦਾ ਜੱਗ ਮੈਂ ਤੇਰੇ ਸਿਰਹਾਣੇ ਰੱਖ ਦੇਵਾਂਗੀ ।"
...............
'ਕਿਹੜੇ ਭਾਂਡੇ, ਕਾਹਦੇ ਲਈ ਪਾਣੀ ਦਾ ਜੱਗ, ਨਸ਼ੇ ਦਾ ਤਾਂ ਘੁੱਟ ਵੀ ਅੰਦਰ ਨਹੀਂ ਗਿਆ ? ਮਨ ਨੇ ਟਿੱਪਣੀ ਕੀਤੀ ।
***********
ਸਮਾਪਤ
No comments:
Post a Comment