ਲੇਖ
ਪੰਜਾਬੀ ਸਭਿਆਚਾਰ ਵਿੱਚ 19ਵੀਂ ਸਦੀ ਤੱਕ ‘ਅ-ਕਾਨਫਰੰਸ’ ਪ੍ਰਧਾਨ ਰਹੀ ਹੈ। ਪੇਂਡੂ ਸੱਥਾਂ ਅਤੇ ਗੁਰੂ ਨਾਨਕ ਦੇਵ ਜੀ ਦੇ ਉਦਾਸੀਆਂ ਦੌਰਾਨ ਰਚਾਏ ਗੋਸ਼ਟ ਸਭ ‘ਅ-ਕਾਨਫਰੰਸ’ ਦੀਆਂ ਮਿਸਾਲਾਂ ਹਨ। ‘ਅ-ਕਾਨਫਰੰਸ’ ਵਿੱਚ ਕੋਈ ਮਿਥਿਆ ਹੋਇਆ ਦੋ-ਧਿਰੀ ਪ੍ਰਵਾਨਤ ਏਜੰਡਾ ਨਹੀਂ ਹੁੰਦਾ, ਸਗੋਂ ਜਦੋਂ ਦੋਨੋ ਧਿਰਾਂ ਜਾਂ ਇਸ ਵਿੱਚ ਭਾਗ ਲੈਣ ਵਾਲੇ ਮਿਲ ਬੈਠਦੇ ਹਨ ਤਾਂ ਗੱਲਾਂ ਚੋਂ ਗੱਲ ਤੁਰਦੀ ਹੈ ਅਤੇ ਇਕ ਨਿਸਚਿਤ ਵਹਾਅ ਧਾਰਨ ਕਰ ਜਾਂਦੀ ਹੈ। ਜਦ ਕਿ ‘ਕਾਨਫਰੰਸ’ ਦਾ ਸੰਕਲਪ ਸਭ ਭਾਗਦਾਰੀ ਧਿਰਾਂ ਦਾ ਇੱਕ ਅਗਾਊਂ ਮਿਥੇ ਏਜੰਡੇ ਤੇ ਮਿਲ ਬੈਠਣਾ ਅਤੇ ਵਿਚਾਰ ਵਟਾਂਦਰਾ ਕਰਨਾ ਹੈ। ‘ਵਿਸ਼ਵ ਕਾਨਫਰੰਸਾਂ’ ਇਸੇ ਕਾਨਫਰੰਸ ਦਾ ਵਿਰਾਟ ਰੂਪ ਹਨ। ਜਿਹਨਾਂ ਵਿੱਚ ਨਾ ਕੇਵਲ ਮਿਥਕੇ ਉਲੀਕੇ ਸਰਬ-ਪਰਵਾਨਤ ਏਜੰਡੇ ਹੁੰਦੇ ਹਨ ਸਗੋਂ ਅਕਸਰ ਇਹ ਕਈ ‘ਕਾਨਫਰੰਸਾਂ’ ਨੂੰ ਇਕ ਲੜੀ ‘ਚ ਪਰੋਣ ਦਾ ਵੀ ਯਤਨ ਹੁੰਦੀਆਂ ਹਨ।
----
ਕੁੱਲ ਮਿਲਾ ਕੇ ‘ਕਾਨਫਰੰਸ’ ਦੀ ਸਾਰਥਿਕਤਾ ਉਸ ‘ਚ ਪੇਸ਼ ਏਜੰਡੇ ਨਾਲ ਸਬੰਧਿਤ ਮਾਹਰਾਂ, ਅਤੇ ਪ੍ਰਭਾਵਤ ਵਰਗਾਂ ਦੀ ਸਰਬਪ੍ਰਵਾਨਗੀ ਤੇ ਅਧਾਰਿਤ ਹੋ ਕੇ ਉਹਨਾਂ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਸਿਰ ਜੋੜਨ ‘ਚ ਹੈ।
ਉਪਰੋਕਤ ਸੰਦਰਭ ਵਿੱਚ ਗੱਲ ਵਿਸ਼ਵ ਪੰਜਾਬੀ ਕਾਨਫ਼ਰੰਸ ਦੀ ਕਰੀਏ ਤਾਂ ਇਸ ਦੇ ਏਜੰਡੇ ਦੀ ਪਹਿਲੀ ਲੋੜ ਵਿਸ਼ਵ ਦ੍ਰਿਸ਼ਟੀ ਦੀ ਹੈ। ਜਿਸ ਦਾ ਸਿੱਧਾ ਤੇ ਸੌਖਾ ਮਤਲਬ ਇਹੋ ਬਣਦਾ ਹੈ ਕਿ ਇਸ ਵਿਸ਼ਵ ਦ੍ਰਿਸ਼ਟੀ ਮੁਤਾਬਕ ਸਮੁਚੇ ਵਿਸ਼ਵ ਵਿਚ ਵੱਸਦੇ ਪੰਜਾਬੀਆਂ ਦੇ ਵਿਭਿੰਨ ਜੀਵਨ ਸਰੋਕਾਰਾਂ ਦੀ ਬਾਤ ਵਿਸ਼ਵੀਕਰਨ ਦੇ ਸੰਦਰਭ ਵਿਚ ਪਾਈ ਜਾਏ ਤੇ ਸਮੁੱਚੇ ਪੰਜਾਬੀਆਂ ਦੇ ਜੀਵਨ ਨੂੰ ਵਿਸ਼ਵ ਦੀਆਂ ਲੋੜਾਂ ਤੇ ਭਖਦੇ ਪ੍ਰਸੰਗਾਂ ਵਿਚ ਸਮਝਣ/ਸਮਝਾਉਣ ਦਾ ਉਪਰਾਲਾ ਕੀਤਾ ਜਾਵੇ।
----
ਹੁਣ ਤੀਕ ਹੋਈਆਂ ਬਹੁਤੀਆਂ ਵਿਸ਼ਵ ਪੰਜਾਬੀ ਕਾਨਫਰੰਸਾਂ ‘ਚ ਇਸ ‘ਵਿਸ਼ਵ ਦ੍ਰਿਸ਼ਟੀ’ ਦੀ ਘਾਟ ਅਤੇ ਲੱਗਭੱਗ ਅਣਹੋਂਦ ਕਰਕੇ ਹੁਣ ਤੀਕ ਇਹਨਾਂ ਚੋਂ ਬਹੁਤੀਆਂ ‘ਵਰਲਡ ਪੰਜਾਬੀ ਸ਼ੁਗਲ-ਮੇਲਿਆਂ’ ਤੀਕ ਹੀ ਸੀਮਤ ਰਹੀਆਂ ਹਨ ਅਤੇ ਇਹਨਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਕੁਝ ਨਹੀਂ ਸੰਵਾਰਿਆ। ਇਹਨਾਂ ਦੇ ਦਾਅਵੇ ਇਤਿਹਾਸਕ ਤੱਥਾਂ ਸਾਹਵੇਂ ਲਗਾਤਾਰ ਖੋਖਲ਼ੇ ਸਿੱਧ ਹੋਏ ਹਨ।
ਅੱਜ ਪੰਜਾਬੀ ਬੰਦਾ ਜਿੱਥੇ ਖੜਾ ਹੈ ਓਥੇ “ਭੇਡਾਂ ਵਾਂਗ ਮਗਰ ਲੱਗ ਕੇ ਜੈਕਾਰੇ” ਛੱਡਣ ਦੀ ਗੁੰਜਾਇਸ਼ ਨਹੀਂ ਰਹੀ। ਇਹ ਉਸ ਲਈ, ‘ਮਗਰ ਲਾਉਣ ਵਾਲਿਆਂ’ ਨੂੰ ਸਵਾਲ ਕਰਨ ਦੇ ਪਲ ਹਨ। ਵੰਗਾਰਾਂ ਪਾਉਣ ਦੇ ਦਿਨ ਹਨ। ਐਸੀ ਜਾਗਰੂਕ ਪਹੁੰਚ ਵਿੱਚੋਂ ਹੀ ਉਸਦੇ ‘ਕੱਲ’ ਲਈ ਪੰਜਾਬੀਅਤ ਬਚੀ ਰਹਿਣ ਦੀ ਆਸ ਕੀਤੀ ਜਾ ਸਕਦੀ ਹੈ।
----
ਉਪਰੋਕਤ ਸਭ ਤੱਥਾਂ ਦੀ ਰੌਸ਼ਨੀ ‘ਚ ਜਦ ਅਸੀਂ ਟਰਾਂਟੋ ‘ਚ ਹੋ ਰਹੀ ਇਸ ਇਕ ਹੋਰ ‘ਵਿਸ਼ਵ ਪੰਜਾਬੀ ਕਾਨਫਰੰਸ’ ਨੂੰ ਵੇਖਦੇ ਹਾਂ ਤਾਂ ਇਸ ਚੋਂ ‘ਵਿਸ਼ਵ ਦ੍ਰਿਸ਼ਟੀ’ ਦੀ ਪੂਰੀ ਤਰਾਂ ਅਣਹੋਂਦ ਹੋਰ ਵੀ ਨਿਰਾਸ਼ ਕਰਦੀ ਹੈ। ਇਸ ਕਾਨਫਰੰਸ ਨਾਲ ਸੰਬਧਿਤ ਹੇਠ ਲਿਖੇ ਤੱਥ ਇਸਦੀ ਸਹਿਜੇ ਹੀ ਨਿਸ਼ਾਨਦੇਹੀ ਕਰਦੇ ਹਨ:
1. ਇਸ ਕਾਨਫਰੰਸ ਦੀ ਪੰਜਾਬੀ, ਪੰਜਾਬੀਅਤ, ਅਤੇ ਸੈਕੂਲਰ ਪਹੁੰਚ ਬਾਰੇ:
ਇਸ ਕਾਨਫਰੰਸ ਦੀ ਓਪਨਿੰਗ ‘ਸਿੱਖ ਜਥੇਦਾਰਾਂ’ ਵਲੋਂ ਕੀਤੀ ਗਈ ਸੀ, ਜਿਹਨਾਂ ਪਾਸੋਂ ਇਸ ਕਾਨਫਰੰਸ ਦੇ ਸੰਚਾਲਕਾਂ ਨੇ ਸਿਰੋਪੇ ਲੈ ਕੇ ਇਸ ਦਾ ਐਲਾਨ ਕੀਤਾ। ਇਸਦੀ ਚੜ੍ਹਦੀ ਕਲ੍ਹਾ ਲਈ ਰੱਖੇ ਆਖੰਡ-ਪਾਠ ਬਾਦ ਟਰਾਂਟੋ ਦੇ ਜਾਗਰੂਕ ਹਲਕਿਆਂ ਨੇ ਪੁੱਛਿਆ, “ਕੀ ਅਸੀਂ ਹੁਣ ਇਸ ਕਾਨਫਰੰਸ ‘ਚ ਸਿਰ ਢੱਕ ਕੇ ਜਾਂਵਾਂਗੇ?”
ਸ਼ੁੱਭ ਕਾਰਜਾਂ ਲਈ, ਗੁਰਾਂ ਦਾ ਓਟ-ਆਸਰਾ ਲੈਣਾ ਬੇਸ਼ੱਕ ਧਾਰਮਿਕਤਾ ਨਾਲੋ, ਭਾਰਤੀ ਕਲਚਰ ਦਾ ਅੰਗ ਵਧੇਰੇ ਬਣ ਚੁੱਕਿਆ ਹੈ, ਪਰ ਜਦ ਗੱਲ ‘ਪੰਜਾਬੀ ਭਾਸ਼ਾ’, ‘ਪੰਜਾਬੀ ਸੋਚ’, ‘ਪੰਜਾਬੀ ਖਾਸੇ’ ਦੀ ਹੋਰ ਰਹੀ ਹੋਵੇ (ਅਤੇ ਉਹ ਵੀ ਸੰਸਾਰ ਪੱਧਰ ਤੇ) ਤਾਂ ਉਸਦੀ ਪੰਜਾਬੀ-ਪਹੁੰਚ ਸਮੁੱਚੇ ਪੰਜਾਬੀ-ਲੋਕ ਦੇ ਹਾਣ ਦੀ ਹੋਣੀ ਜ਼ਰੂਰੀ ਹੈ। ਜਦ ਕਿ ਜਿਸ ਪਹੁੰਚ ਨਾਲ ਇਸ ਕਾਨਫਰੰਸ ਦੀ ਸ਼ੁਰੂਆਤ ਹੋਈ ਹੈ ਉਹ ਇਸ ਨੂੰ ਮੁੱਢੋਂ ਹੀ ‘ਸਿੱਖ ਜਾਂ ਗੁਰਮੁਖੀ’ ਤੀਕ ਸੀਮਤ ਕਰ ਦਿੰਦੀ ਹੈ।
ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ‘ਪੰਜਾਬੀ’ ਅਤੇ ‘ਪੰਜਾਬੀਅਤ’ ਨੂੰ ਪੰਜਾਬੀ-ਲੋਕਾਂ ਨਾਲੋਂ ਤੋੜ ਕੇ ‘ਸਿੱਖਾਂ’ ਨਾਲ ਜੋੜਨ ਦਾ ਨਤੀਜਾ ਪਹਿਲਾਂ ਹੀ ਵਿਸ਼ਾਲ ਪੰਜਾਬ ਨੂੰ, ‘ਪੰਜਾਬੀ ਸੂਬੀ’ ‘ਚ ਬਦਲ ਚੁੱਕਾ ਹੈ।
ਅੱਜ ਦੇ ਪੰਜਾਬੀ ਨੂੰ ਵਰਲਡ ਪੱਧਰ ਤੇ ਅਜਿਹੇ ‘ਗੈਰ-ਸੈਕੂਲਰ’ ਅਨਸਰਾਂ ਨੂੰ ਪਛਾੜਨ ਦੀ ਲੋੜ ਹੈ ਜੋ ਉਸ ਕੋਲੋ ਬਚਿਆ ਖੁਚਿਆ ਪੰਜਾਬੀ ਖਾਸਾ ਵੀ ‘ਗੁਰਮੁਖੀ-ਸ਼ਾਹਮੁਖੀ’ ‘ਚ ਤੋੜ ਦੇਣਾ ਚਾਹੁੰਦੇ ਹਨ।
----
2. ਕਾਨਫਰੰਸ ਕਰਵਾ ਰਹੇ ਅਦਾਰਿਆਂ ਦੀ ਲੋਕ-ਪੱਖੀ ਸੋਚ ਬਾਰੇ:
ਇਸ ਗੱਲ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਕਿਸੇ ਵੀ ਅਦਾਰੇ ਦੀ ਰੀੜ ਦੀ ਹੱਡੀ ਆਰਥਿਕਤਾ ਹੋਇਆ ਕਰਦੀ ਹੈ। ਗੱਲ ਪ੍ਰਿੰਟ ਮੀਡੀਏ ਦੀ ਹੋਵੇ ਤਾਂ ਉਸ ‘ਚ ਛਪਦੇ ਵਿਗਿਆਪਨ ਅਤੇ ਸਪਾਂਸਰਾਂ ਦੇ ਸੰਦੇਸ਼ ਇਸ ਗੱਲ ਦਾ ਭਲੀ ਭਾਂਤੀ ਪਤਾ ਦੇਣਗੇ ਕਿ ਇਹ ਅਦਾਰਾ ਕਿੰਨਾ ਕੁ ਲੋਕ-ਪੱਖੀ ਹੈ, ਲੋਕਤਾ ਨੂੰ ਕਿੰਨਾ ਕੁ ਪਰਣਾਇਆ ਹੋਇਆ ਹੈ, ਲੋਕ-ਉਸਾਰੂ ਰੁਚੀਆਂ ਦਾ ਕਿੰਨਾ ਕੁ ਹਿਮਾਇਤੀ ਜਾਂ ਦਰਦੀ ਹੈ। ਅਪਣੇ ਬਿਜ਼ਨਿਸ ਹਿੱਤਾਂ ਲਈ ਲੋਕ ਹਿੱਤਾਂ ਦਾ ਕਿੰਨਾ ਵੱਧ ਜਾਂ ਘੱਟ ਘਾਣ ਕਰ ਸਕਦਾ ਹੈ।
ਕੈਨੇਡਾ ‘ਚ ਵਸਦੇ ਪੰਜਾਬੀ ਅਤੇ ਖਾਸ ਕਰ ਲੇਖਕ/ਚਿੰਤਕ ਵਰਗ ਇਹ ਭਲੀ ਭਾਂਤੀ ਜਾਣਦਾ ਅਤੇ ਸਮਝਦਾ ਹੈ ਕਿ ਇਸ ਕਾਨਫਰੰਸ ਦੇ ਪ੍ਰਬੰਧਕਾਂ ਨੇ ਹਮੇਸ਼ਾ ਵਪਾਰਕ ਪੱਖ ਨੂੰ ਲੋਕ-ਪੱਖਾਂ ਨਾਲੋਂ ਤਰਜੀਹ ਦਿੱਤੀ ਹੈ। ਖਾਣ-ਪੀਣ ਦੇ ਲਾਲਚ ਦੇ ਕੇ ਸਾਧਾਰਨ ਕਿਸਮ ਦੇ ਲੇਖਕਾਂ ਨੂੰ ਜੋੜ ਕੇ ਜੇਬੀ ਜਥੇਬੰਦੀਆਂ ਬਨਾਉਣੀਆਂ ਤੇ ਸਾਲਾਂ ਤੋਂ ਕੰਮ ਕਰਦੇ ਅਦਾਰਿਆਂ ਦੀ ਥਾਂ ਜੇਬੀ ਜਥੇਬੰਦੀਆਂ ਨੂੰ ਰੌਸ਼ਨੀ ਵਿਚ ਲਿਆਉਣਾ, ਇਨਾਂ ਅਦਾਰਿਆਂ ਦੀ ਹੁਣ ਤੀਕ ਦੀ ਇੱਕੋ ਇੱਕ ਪ੍ਰਾਪਤੀ ਹੈ।
ਸਰਮਾਏ ਦੇ ਬਲ ਨਾਲ ਝੂਠ ਨੂੰ ਅੱਗੇ ਲਿਆਉਣ ਅਤੇ ਸੱਚ ਨੂੰ ਪਿੱਛੇ ਧਕਣ ਦੀ ਨੀਤੀ ਤੇ ਚੱਲਣ ਵਾਲੇ ਕਦੇ ਵੀ ਲੋਕ-ਪੱਖੀ ਨਹੀਂ ਹੋ ਸਕਦੇ। ਪੰਜਾਬ, ਪੰਜਾਬੀ, ਪੰਜਾਬੀਅਤ ਦੀ ਤਰੱਕੀ ਦੇ ਦਾਅਵੇ ਕਰਨ ਵਾਲਿਆਂ ਨੂੰ ਸਭ ਤੋਂ ਪਹਿਲਾਂ ਲੋਕ-ਪੱਖੀ ਹੋਣਾ ਪਵੇਗਾ।
----
3. ਇਸ ਕਾਨਫਰੰਸ ਦਾ ਡਾਇਸਪੋਰਾ ਅਤੇ ਬੁਲਾਰੇ:
ਜਿਹੜੇ ਵਿਦਵਾਨ ਇਸ ਕਾਨਫਰੰਸ ਵਿੱਚ ਸ਼ਾਮਿਲ ਦੱਸੇ ਜਾਂਦੇ ਹਨ ਉਹਨਾਂ ਚੋਂ ਕਿਸੇ ਇੱਕ ਦੀ ਵੀ ‘ਡਾਇਸਪੋਰਾ’ ਅਤੇ ਇਸ ਨਾਲ ਸਬੰਧਤ ਮਸਲਿਆਂ ਤੇ ਅਥਾਰਿਟੀ ਜਾਂ ਖੋਜ ਨਹੀਂ।
ਇਹਨਾਂ ਵਿਚੋਂ ਬਹੁਤੇ ‘ਵਿਦਵਾਨ’ ਉਹੋ ਹਨ ਜਿਹੜੇ ਪਹਿਲਾਂ ਹੀ ਅਨੇਕਾਂ ਵਾਰ ਇਹੋ ਜਿਹੀਆਂ ਕਾਨਫਰੰਸਾਂ ਵਿਚ ਹਿੱਸਾ ਲੈ ਕੇ ਉਹੋ ਹੀ ਵਿਚਾਰ/ਪਰਚੇ ਅਨੇਕਾਂ ਵਾਰ ਪੇਸ਼ ਕਰ ਚੁੱਕੇ ਹਨ। ਅਸੀਂ ਇਹ ਗੱਲ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਹ ਵਿਦਵਾਨ ਕਿਸੇ ਸੂਰਤ ਵਿਚ ਵੀ ‘ਡਾਇਸਪੋਰਾ’ ਬਾਰੇ ‘ਨਵੀਂ’ ਗੱਲ ਨਹੀਂ ਕਰ ਸਕਦੇ।
ਇਹਨਾਂ ਨੂੰ ਸੁਣਨ/ਜਾਨਣ ਵਾਲੇ ਜਾਣਦੇ ਹਨ ਕਿ ਇਹਨਾਂ ਕੋਲ ਇਕੋ ਹੀ ‘ਸੁੰਢ’ ਦੀ ਗੰਢੀ ਹੈ ਜਿਹੜੀ ਉਹ ਦੇਸ਼ ਵਿਦੇਸ਼ ਚੁੱਕੀ ਫਿਰਦੇ ਹਨ। ਕੀ ਕਾਨਫਰੰਸ ਦੇ ਪ੍ਰਬੰਧਕ ਦੱਸ ਸਕਣਗੇ ਕਿ ਇਹ ‘ਮੋਗੇ ਦੇ ਵੈਦਾਂ” ਵਰਗੇ ਵਿਦਵਾਨ ਕਿਹੜਾ ਨਵਾਂ ਨੁਸਖਾ ਲੈ ਕੇ ਆਏ ਹਨ!
ਉਹ ਦੱਸਣ ਤਾਂ ਅਸੀਂ ਹਵਾਲਿਆਂ ਨਾਲ ਦੱਸ ਸਕਦੇ ਹਾਂ ਕਿ ਉਹਨਾਂ ਨੇ ਪਹਿਲਾਂ ਹੀ ਇਹ ਨੁਸਖ਼ੇ ਕਿਹੜੀ ਕਿਹੜੀ ਕਾਨਫਰੰਸ ਵਿਚ ਤੇ ਕਦੋਂ ਵਰਤਾਏ ਹਨ। ਪਰ ਅਸੀਂ ਇਹਨਾਂ ਵਿਦਵਾਨਾਂ ਨੂੰ ਵੀ ਦੋਸ਼ ਨਹੀਂ ਦਿੰਦੇ। ਸਾਡਾ ਸਵਾਲ ਤਾਂ ਪ੍ਰਬੰਧਕਾਂ ਨੂੰ ਹੈ ਕਿ ਇਹਨਾਂ ਘਸੇ ਹੋਏ ਤਵਿਆਂ ਦੀ ਥਾਂ ਕੋਈ ਨਵਾਂ ਰਿਕਾਰਡ ਉਹਨਾਂ ਨੂੰ ਨਹੀਂ ਲੱਭ ਸਕਿਆ?
ਉਂਝ ਵੀ ਉਹ ‘ਡਾਇਸਪੋਰਾ’ ਜਿਸ ਬਾਰੇ ਭਾਰਤੀ ਪੰਜਾਬੋਂ ਲੋਕੀਂ ਆ ਕੇ ਸਾਨੂੰ ਏਥੇ ਮੱਤਾਂ ਦਿੰਦੇ ਰਹੇ ਹਨ, ਉਹ ਕਦੋਂ ਦਾ ਵੀਹਵੀਂ ਸਦੀ ਨਾਲ ਅਸਤ ਹੋ ਚੁੱਕਾ ਹੈ। ਨਵੇਂ ਡਾਇਸਪੋਰੇ ਦੀ ਸਮਝ, ਪੁਣ-ਛਾਣ, ਸਮੱਸਿਆਵਾਂ ਅਤੇ ਸਮਾਧਾਨ ਕਰਨ ਵਾਲੇ, ਇਸ ਨਵੇਂ ਡਾਇਸਪੋਰੇ ‘ਚ ਰਹਿ ਕੇ, ਜੀਅ ਕੇ, ਤਿਲ ਤਿਲ ਮਰ ਕੇ ਹੀ ਜੀਣ ਜੋਗੇ ਹੋਣਗੇ। ਨਾ ਕਿ ਭਾਰਤੀ-ਗਰਮੀਆਂ ‘ਚ ਬਿਜਲੀ ਦੇ ਕੱਟਾਂ ਦੌਰਾਨ ‘ਹਵਾ ਖੋਰੀ’ ਲਈ ਕੈਨੇਡੇ ‘ਮਰੀਕੇ ਆਏ ਵਿਦਵਾਨਾਂ(?) ਆਸਰੇ।
----
4. ਇਸ ਕਾਨਫਰੰਸ ਦੇ ਗ਼ੈਰ-ਸਿਆਸੀ ਹੋਣ ਬਾਰੇ:
ਇਸ ਕਾਨਫਰੰਸ ਦੇ ਪ੍ਰਬੰਧਕ ਇਸਨੂੰ ਗ਼ੈਰ-ਸਿਆਸੀ ਆਖਦੇ ਹਨ। ਇਹ ਭੁਲੇਖਾ ਪਾਊ ਅਤੇ ਹਾਸੋਹੀਣੀ ਗੱਲ ਹੈ। ਕਿਸੇ ਭਾਸ਼ਾ ਦੀ ਸਥਾਪਤੀ, ਸਲਾਮਤੀ ਅਤੇ ਉੱਨਤੀ ਦਾ ਹਰ ਪੱਖ ਰਾਜਨੀਤੀ ਤੋਂ ਬਗੈਰ ਸੰਭਵ ਨਹੀਂ।
ਜੇਕਰ ਸੰਸਾਰ ਪੱਧਰੀ ‘ਭਾਸ਼ਾ ਦੇ ਐਂਥਰੋਪੌਲਿਜਕ ਆਧਾਰ’ ਤੇ ਅਧਾਰਿਤ ਚਿੰਤਨ ਨੂੰ ਵਚਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ, ਜਦੋਂ ਕੋਈ ਕਹਿੰਦਾ ਹੈ ਕਿ, “ਮੈਂ ਪੰਜਾਬੀ ‘ਚ ਕਵਿਤਾ ਲਿਖਦਾ ਹਾਂ” ਤਾਂ ਇਹ ਨਿਰੋਲ ‘ਪੁਲੀਟੀਕਲ’ ਸਟੇਟਮੈਂਟ ਹੈ।
ਉਪਰੋਕਤ ਤੱਥ ‘ਭਾਸ਼ਾ’ ਦੇ ਰਾਜਨੀਤੀ ਨਾਲ ਸਬੰਧ ਬਾਰੇ ਹੈ, ਪਰ ਜਦੋਂ ਗੱਲ ਅੱਗੇ ਵੱਧ ਕੇ ਓਸ ਭਾਸ਼ਾ ਦੇ ਬੋਲਣ ਵਾਲਿਆਂ, ਉਸਨੂੰ ਰੋਜ਼ਾਨਾ ਜੀਵਨ ‘ਚ ਪ੍ਰਸੰਗਿਤ ਰੱਖਣ ਦਾ ਹੋਵੇ ਤਾਂ ‘ਰਾਜਨੀਤਕ ਸੱਤਾ’ ਦੀ ਕਿੰਨੀ ਡਾਹਢੀ ਭੂਮਿਕਾ ਹੁੰਦੀ ਹੈ ਇਹ ਆਮ ਮਨੁੱਖ ਵੀ ਭਲੀ ਭਾਂਤੀ ਜਾਣਦਾ ਹੈ।
ਭਾਸ਼ਾ ਅਤੇ ਡਾਇਸਪੋਰਾ ਦੇ ਸੰਬਧ ਵਿੱਚ ਰਾਜਨੀਤਕ ਜੱਦੋ-ਜਹਿਦ ਅਤੇ ਪ੍ਰਸੰਗਿਕਤਾ ਦੀ ਜਾਣਕਾਰੀ ‘ਪੰਜਾਬੀਆਂ/ਭਾਰਤੀਆਂ ਨੇ ਵੋਟ ਦਾ ਹੱਕ ਕਿਵੇਂ ਲਿਆ’, ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਕੂਲਾਂ ‘ਚ ਪੰਜਾਬੀ ਦੀ ਪੜ੍ਹਾਈ ਬਾਰੇ ਸਾਧੂ-ਸੁਖਵੰਤ ਦੇ ਖੋਜ-ਪੱਤਰਾਂ ਅਤੇ ਹੋਰ ਅੰਤਰਰਾਸ਼ਟਰੀ / ਸਥਾਨਿਕ ਚਿੰਤਕਾਂ ਦੀਆਂ ਲਿਖਤਾਂ ਤੋਂ ਲਗਾਇਆ ਜਾ ਸਕਦਾ ਹੈ।
ਜਿਸ ਮਨਿਸਟਰ ਨੇ ਇਸ ਸਮਾਗਮ ਦਾ ਸ਼ੁੱਭ ਆਰੰਭ ਕੀਤਾ ਹੈ, ਉਸਦੀ ਪਾਰਟੀ ਦੀ ਇਤਹਾਸਕ ਖੋਜ-ਬੀਨ ਕਰੀਏ ਤਾਂ, ਘੱਟ-ਗਿਣਤੀਆਂ ਦੀ ਹੋਂਦ ਬਾਰੇ, ਅਤੇ ਉਹਨਾਂ ਦੇ ਹੱਕਾਂ ਬਾਰੇ ਇਸ ਪਾਰਟੀ ਦਾ ਰੋਲ ਬਾਕੀ ਸਭ ਪਾਰਟੀਆਂ ਨਾਲੋਂ ਸ਼ਰਮਨਾਕ ਦਿਸ ਆਵੇਗਾ। ਇਸੇ ਮਨਿਸਟਰ ਦਾ ਕੁਝ ਦਿਨ ਪਹਿਲਾਂ ਦਾ ਬਿਆਨ ਹਾਜ਼ਰ ਹੈ ਜਿਸ ਵਿਚ ਉਹ ਕਨੇਡਾ ਨੂੰ 'ਬਹੁ-ਸਭਿਆਚਾਰਕ ਮੁਲਕ' ਸਮਝੇ ਜਾਣ ਦੇ ਭੁਲਾਂਦਰੇ ਦਾ ਖ਼ੁਦ ਹੀ ਪੋਲ ਖੋਲ ਰਿਹਾ ਹੈ:
“ਕਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਜੈਸਨ ਕੈਨੀ ਨੇ ਕਿਹਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਕਨੇਡਾ ਨੂੰ ਇਕ ਅਖੰਡ ਦੇਸ਼ ਬਣਾਇਆ ਜਾਵੇ। ਅਸੀਂ ਏਥੇ ਵੱਖੋ ਵੱਖ ਜਾਤਾਂ,ਨਸਲਾਂ ਦੇ ਢੇਰ ਇਕੱਠੇ ਨਹੀਂ ਕਰਨਾ ਚਾਹੁੰਦੇ, ਜਿੱਥੇ ਪਰਵਾਸੀਆਂ ਦੇ ਬੱਚੇ ਪੈਦਾ ਹੋ ਕੇ ਖ਼ੁਦ ਨੂੰ ਕਨੇਡਾ ਵਿਚ ਨਹੀਂ ਸਗੋਂ ਆਪਣੇ ਮਾਪਿਆਂ ਦੇ ਮੂਲ ਵਤਨਾਂ ਵਰਗੀ ਕੋਈ ਚੀਜ਼ ਸਮਝਦੇ ਰਹਿਣ। ਅਸੀਂ ਆਮ ਜਨਤਾ ਨੂੰ ਪਹਿਲਾਂ ਕਨੇਡੀਅਨ ਬਨਾਉਣਾ ਚਾਹੁੰਦੇ ਹਾਂ , ਬਾਕੀ ਸਭ ਗੱਲਾਂ ਬਾਦ ਵਿਚ ਹਨ। ਇਥੋਂ ਦੇ ਪਰਵਾਸੀਆਂ ਨੂੰ ਵੀ ਇਸ ਦੇਸ਼ ਦੇ ਸਭਿਆਚਾਰ ਤੇ ਮਾਣ ਹੋਣਾ ਚਾਹੀਦਾ ਹੈ ਅਤੇ ਦੇਸ਼ ਦਾ ਮਾਣ ਹੋਰ ਵਧਾਉਣ ਵਿਚ ਯੋਗਦਾਨ ਪਾਉਣਾ ਚਾਹੀਦਾ ਹੈ।”
----
5. ਇਸ ਕਾਨਫਰੰਸ ਦੇ ਸਥਾਨਕ ਲੇਖਕਾਂ / ਚਿੰਤਕਾਂ ਨੂੰ ਨਾਲ ਲੈ ਕੇ ਤੁਰਨ ਬਾਰੇ:
ਇਸ ਕਾਨਫਰੰਸ ਦੇ ਪ੍ਰਬੰਧਕ ਦਾਅਵਾ ਕਰਦੇ ਹਨ ਕਿ ਉਹ ਟਰਾਂਟੋ ਅਤੇ ਆਸ-ਪਾਸ ਦੇ ਲੇਖਕਾਂ/ਚਿੰਤਕਾਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਨ ਅਤੇ ਉਹ ਇਸ ਪ੍ਰਬੰਧ ਨੂੰ ‘ਸਰਬ-ਸਾਂਝਾ’ ਦਰਸਾਉਣ ਲਈ ਪੱਬਾਂ ਭਾਰ ਦਿਸਦੇ ਹਨ। ਇਹ ਇਕ ਹੋਰ ਭੁਲੇਖਾ ਪਾਊ ਗੱਲ ਹੈ ਕਿਉਂਕਿ ਅਸਲੀਅਤ ਇਸਤੋਂ ਕੋਹਾਂ ਦੂਰ ਹੈ।
ਇਸ ਸਮਾਗਮ ਦੀ ਪ੍ਰਬੰਧਕ ਮੁਖ ਸੰਸਥਾ ਪਿਛਲੇ ਕੁਝ ਮਹੀਨਿਆਂ ਤੋਂ ਅਚਾਨਕ ਹੋਂਦ ਵਿੱਚ ਆਈ ਹੈ। ਹੁਣ ਤੀਕ ਇਸ ਸੰਸਥਾ ਦੇ ਪ੍ਰੋਗ੍ਰਾਮਾਂ ‘ਚ ਸ਼ਮਿਲ ਹੋਣ ਵਾਲੇ ਬਹੁਤੇ ਉਹ ਲੋਕ ਹਨ ਜਿਹਨਾਂ ਦਾ ਅਪਣੇ ਬਿਜਨਿਸਾਂ ਦੀ ਮਸ਼ਹੂਰੀ / ਸਥਾਪਿਤੀ ਲਈ ਇਸ ਸੰਸਥਾ ਦੇ ਸਰਪਰਸਤਾਂ ਨਾਲ ਜੋੜ ਹੈ। ਬਾਕੀ ਬਚਦੇ ਕੁਝ ਲੋਕ ਅਜਿਹੇ ਹਨ ਜਿਹੜੇ ਲੇਖਕ / ਕਵੀ ਹੋਣ ਦਾ ਭਰਮ ਪਾਲਦੇ ਹਨ ਅਤੇ ਹਰ ਹੀਲੇ ‘ਸਵੈ-ਸਥਾਪਿਤੀ’ ਲਈ ਤਰਲੋਮੱਛੀ ਰਹਿੰਦੇ ਹਨ। ਜਾਂ ਵੱਧ ਤੋਂ ਵੱਧ ਕੁਝ ਲੇਖਕ ਸਮੇਂ ਸਮੇਂ ਇਸਦੇ ਵਧੀਆ ਖਾਣ-ਪੀਣ ਦੇ ਪ੍ਰਬੰਧ ਦਾ ਜ਼ਾਇਕਾ ਲੈਣ ਵੀ ਜਾਂਦੇ ਦੱਸੇ ਗਏ ਹਨ।
ਇਸ ਸਮਾਗਮ ਦੇ ਪ੍ਰਬੰਧਕਾਂ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਕਲਚਰ ਲਈ ਕੰਮ ਕਰਦੇ ਕਿਸੇ ਸਥਾਨਿਕ ਸੰਸਥਾ ਜਾਂ ਕਰਮੀ ਨੂੰ ਭਰੋਸੇ ਵਿੱਚ ਨਹੀਂ ਲਿਆ। ਇਸ ਕਾਨਫਰੰਸ ਵਿੱਚ ਕਿਹੜੇ ਮੁੱਦੇ ਵਿਚਾਰੇ ਜਾਣੇ ਹਨ? ਕਿਹੜੇ ਬੁਲਾਰੇ ਹੋਣਗੇ? ਕੁਆਰਡੀਨੇਟਰ ਕੌਣ ਹੋਣਗੇ? ਇਸਦਾ ਸਮੁੱਚਾ ਏਜੰਡਾ ਕੀ ਹੋਵੇਗਾ? ਲੰਬੇ ਸਮੇਂ ਤੋਂ ਇਥੇ ਕੰਮ ਕਰਦੀਆਂ ਸਾਹਿਤਕ ਸੰਸਥਾਵਾਂ ਇਸ ਸਮਾਗਮ ‘ਚ ਕਿਹੜੇ ਮੁੱਦੇ ਰੱਖਣਾ ਚਾਹੁੰਦੀਆਂ ਹਨ? ਇਹਨਾਂ ਸਾਰੇ ਅਹਿਮ ਮੁੱਦਿਆਂ ਬਾਰੇ ਨਾ ਕਿਸੇ ਨਾਲ ਸਲਾਹ ਕੀਤੀ ਗਈ ਨਾ ਕਿਸੇ ਨੂੰ ਭਰੋਸੇ ‘ਚ ਲਿਆ ਗਿਆ।
ਅਸਲੀਅਤ ਇਹ ਜਾਪਦੀ ਹੈ ਕਿ ਇਸ ਸਮਾਗਮ ਦੇ ਪ੍ਰਬੰਧਕਾਂ ਪਾਸ ਪੰਜਾਬ, ਪੰਜਾਬੀ, ਪੰਜਾਬੀਅਤ ਦੀ ਤਰੱਕੀ ਦਾ ਨਾ ਕੋਈ ਵਿਯਨ ਹੈ ਨਾ ਸਥਿਰ ਏਜੰਡਾ। ਨਵੇਂ ਨੂੰ ਲੱਭਣਾ ਜਾਂ ਨਵੀਆਂ ਗੱਲਾਂ ਕਰਨਾ ਇਸ ਕਾਨਫਰੰਸ ਦਾ ਮਕਸਦ ਹੀ ਨਹੀਂ। ਇਸ ਪਿੱਛੇ ਪ੍ਰਬੰਧਕਾਂ ਦੇ ਨਿਹਿਤ ਸਵਾਰਥ ਨਜ਼ਰ ਆਉਂਦੇ ਹਨ। ਕਾਨਫਰੰਸ ਦੇ ਹਵਾਲੇ ਨਾਲ ਆਪਣੇ ਨਿੱਜ, ਆਪਣੇ ਅਦਾਰਿਆਂ ਤੇ ਆਪਣੇ ਧੜਿਆਂ ਨੂੰ ਅੱਗੇ ਲਿਆਉਣਾ ਤੇ ਕਨੇਡੀਅਨ ਪੰਜਾਬੀ ਭਾਈ ਚਾਰੇ ਵਿਚ ਸਥਾਪਤ ਕਰਨਾ ਹੈ। ਅਜਿਹਾ ਕਰਦਿਆਂ ਪੰਜਾਬੀ ਭਾਈਚਾਰੇ ਨੂੰ ਏਕਤਾ ਦੇ ਸੂਤਰ ਵਿਚ ਬੰਨ੍ਹਣ ਦੀ ਥਾਂ ਉਹਨਾਂ ਵਿਚ ਧੜੇਬੰਦੀ ਨੂੰ ਉਤਸ਼ਾਹਤ ਕਰਨਾ ਹੈ।
ਇਸਦੀ ਇਕ ਵੱਡੀ ਉਦਾਹਰਣ ਇਹ ਹੈ ਕਿ ਇਸ ਕਾਨਫ਼ਰੰਸ ਨੂੰ ‘ਵਿਸ਼ਵ’ ਆਖਣ ਦਾ ਤੇ ਪੰਜਾਬੀਅਤ ਦਾ ਹੋਕਾ ਦੇਣ ਵਾਲੇ ਪ੍ਰਬੰਧਕਾਂ ਨੇ ਟਰਾਂਟੋ ਵਿਚ ਕਈ ਸਾਲਾਂ ਤੋਂ ਲੇਖਕਾਂ ਦੇ ਸਥਾਪਤ ਅਦਾਰਿਆਂ ਅਤੇ ਸਥਾਪਤ ਲੇਖਕਾਂ ਨੂੰ ਜਾਣ-ਬੁੱਝ ਕੇ ਅੱਖੋਂ ਓਹਲੇ ਕਰਕੇ ਤੇ ਉਹਨਾਂ ਨੂੰ ਕਾਨਫ਼ਰੰਸ ਵਿਚ ਹਾਜ਼ਰ ਤੱਕ ਵੀ ਨਾ ਹੋਣ ਦਾ ਸੱਦਾ ਨਾ ਦੇ ਕੇ ਆਪਣੀ ਧੜੇਬੰਦਕ ਸੋਚ ਦਾ ਜ਼ਾਹਿਰਾ ਪ੍ਰਦਰਸ਼ਨ ਕੀਤਾ ਹੈ। ਇਹ ਅੱਤ ਦਾ ਨਾਂਹ-ਪੱਖੀ ਵਤੀਰਾ ਹੈ।
----
6. ਇਸ ਕਾਨਫਰੰਸ ਦੀ ‘ਵਿਸ਼ਵ ਪੰਜਾਬੀ’ ਪ੍ਰਸੰਗਿਕਤਾ ਅਤੇ ਅਸਲ ਉਦੇਸ਼?
ਇਸ ਕਾਨਫਰੰਸ ਦੇ ਵੇਰਵੇ ਤੇ ਪ੍ਰੋਗ੍ਰਾਮ ਵੇਖ ਕੇ ਸਿਰਫ਼ ਇਹੋ ਪਤਾ ਚੱਲਦਾ ਹੈ ਕਿ ਇਸ ਵਿਚ ਭਾਗ ਲੈਣ ਵਾਲੇ
ਸੱਜਣ ਕੇਵਲ ਲੇਖਕ ਭਾਈਚਾਰੇ ਨਾਲ ਸੰਬੰਧਤ ਹਨ । ਇਹਨਾਂ ਵਿਚ ਪੰਜਾਬ ਦੇ ਇਤਿਹਾਸ, ਆਰਥਿਕਤਾ,
ਸਭਿਆਚਾਰ, ਰਾਜਨੀਤੀ, ਧਰਮ ਆਦਿ ਬਾਰੇ ਕਿਸੇ ਵੀ ਸਿਖ਼ਰਲੇ ਚਿੰਤਕ ਦੀ ਹਾਜ਼ਰੀ ਦੀ ਅਣਹੋਂਦ ਦੱਸਦੀ ਹੈ
ਕਿ ਇਹ ਕਾਨਫ਼ਰੰਸ ‘ਵਿਸ਼ਵ ਪੰਜਾਬੀ ਲੇਖਕ ਕਾਨਫਰੰਸ’ ਤਾਂ ਅਖਵਾ ਸਕਦੀ ਹੈ(ਉਹ ਵੀ ਬਹੁਤ ਹੀ ਸੀਮਤ
ਅਰਥਾਂ ਵਿਚ) ਪਰ ਪੰਜਾਬੀਆਂ ਦੇ ਹੋਰ ਬਹੁ-ਪਾਸਾਰੀ ਮਸਲਿਆਂ ਦੇ ਅਧਿਕਾਰੀ ਵਿਦਵਾਨਾਂ ਦੀ ਅਣਹੋਂਦ ਵਿਚ ਇਹ
‘ਵਿਸ਼ਵ ਪੰਜਾਬੀ ਕਾਨਫ਼ਰੰਸ’ ਤਾਂ ਕਿਸੇ ਸੂਰਤ ਵਿਚ ਵੀ ਨਹੀਂ ਬਣਦੀ।
ਗੱਲਾਂ ਵਿਸ਼ਵ ਪੰਜਾਬੀਅਤ ਦੀਆਂ ਕਰਨੀਆਂ ਤੇ ਮਕਸਦ ਅੱਤ ਦੇ ਸੌੜੇ ਹੋਣੇ! ਇਹ ਹੀ ਹੈ ਮੋਟੇ ਤੌਰ ਤੇ ਇਸ
ਕਾਨਫ਼ਰੰਸ ਪਿੱਛੇ ਲੁਕੀ ਭਾਵਨਾ ਤੇ ’ਸੰਦੇਸ਼’। ਬਾਹਰ ਭਾਵੇਂ ਕਿਵੇਂ ਦਾ ਇਮੇਜ ਜਾਵੇ ਪਰ ਸਥਾਨਕ ਪੱਧਰ ਤੇ ਇਸ ਕਾਨਫਰੰਸ ਨੇ ਲੇਖਕਾਂ/ਬੁੱਧੀਜੀਵੀਆਂ/ਪੱਤਰਕਾਰਾਂ ਵਿਚ ਫੁੱਟ ਅਤੇ ਧੜੇਬੰਦੀ ਨੂੰ ਤਿੱਖਾ ਕਰਨ ਵਿਚ ਆਪਣਾ ਨਾਂਹ ਪੱਖੀ ਯੋਗਦਾਨ ਹੀ ਪਾਇਆ ਹੈ।
----
ਕੀ ਪ੍ਰਬੰਧਕਾਂ ਦਾ ਮਕਸਦ ਇਹ ਤਾਂ ਨਹੀਂ(ਜੋ ਹੈ ਵੀ) ਕਿ ਇਥੋਂ ਦੇ ਸਾਹਿਤ/ਸਭਿਅਚਾਰ ਤੇ ਪੱਤਰਕਾਰਤਾ ਨਾਲ ਜੁੜੇ ਤੇ ਸਥਾਪਤ ਕਾਮਿਆਂ ਨੂੰ ਅਣਗੌਲੇ ਕਰਕੇ ਕੇਵਲ ਸਾਹਿਤ, ਸਭਿਆਚਾਰ ਤੇ ਪੱਤਰਕਾਰੀ ਦੇ ਸੀਨ ਉੱਤੇ ਕੇਵਲ ਤੇ ਕੇਵਲ ਆਪਣੇ ਆਪ ਨੂੰ ਹੀ ‘ਮੈਂ ਹੀ ਮੈਂ’ ਦੇ ਰੂਪ ਵਿਚ ਪੇਸ਼ ਕਰਨਾ ਹੈ! ਸਥਾਨਕ ਪੱਧਰ ਤੇ ਵੰਡੀਆਂ ਪਾਉਣੀਆਂ ਤੇ ‘ਵਿਸ਼ਵ’ ਸਾਹਮਣੇ ਪੰਜਾਬੀ ਏਕਤਾ ਦੀ ਡੌਂਡੀ ਪਿੱਟਣੀ! ਕੇਹਾ ਵਿਰੋਧਾਭਾਸ ਹੈ! ਮਕਸਦ ਤਾਂ ਇਹ ਵੀ ਹੈ ਕਿ ਕਾਨਫਰੰਸ ਦੇ ਹਵਾਲੇ ਨਾਲ ਸਰਕਾਰ ਨਾਲ ਚੰਗੇ ਸੰਬੰਧ ਬਣਾ ਕੇ ਗਰਾਂਟਾਂ ਦੇ ਗੱਫ਼ੇ ਵੀ ਛਕੇ ਜਾਣ।
ਮੇਰਾ ਇਹ ਪੱਤਰ ਲਿਖਣ ਦਾ ਉਦੇਸ਼ ਇਸ ਕਾਨਫਰੰਸ ਦੇ ਪੰਜਾਬ, ਪੰਜਾਬੀ, ਪੰਜਾਬੀਅਤ ਦੇ ‘ਖੋਖਲੇ’ ਦਾਅਵਿਆਂ ਦੇ ਰੂ-ਬ-ਰੂ ਮੇਰੇ ‘ਧੁਰ’ ‘ਚ ਉੱਠੇ ਸ਼ੰਕੇ, ਅਤੇ ਤੱਥ ਸਾਂਝੇ ਕਰਨਾ ਹੈ। ਇਹ ਦਲੀਲਾਂ ਭਾਵੇਂ ਮੇਰੇ ਵਲੋਂ ਦਿੱਤੀਆਂ ਜਾ ਰਹੀਆਂ ਹਨ ਪਰ ਇਹਨਾਂ ਵਿਚਲੇ ‘ਸੱਚ’ ਅਤੇ ‘ਦਰਦ’ ਵਿੱਚੋਂ ਸਹਿਜੇ ਹੀ ‘ਪੰਜਾਬ’ ਅਤੇ ‘ਪੰਜਾਬੀ’ ਦੀ ਸਥਾਪਤੀ ਲਈ ਸੁਹਿਰਦ ਅਨੇਕਾਂ ਹੋਰ ਪੰਜਾਬੀਆਂ ਦੀ ਆਵਾਜ਼ ਸੁਣੀ ਜਾ ਸਕਦੀ ਹੈ।
ਅਪਣੇ ਹੋਰਨਾਂ ਸਾਥੀਆਂ ਵਾਂਗ ਮੈਂ ਵੀ ਚੁੱਪ-ਚਾਪ ਰਹਿ ਸਕਦਾ ਸਾਂ, ਪਰ ਮੇਰੇ ਅੰਦਰਲੇ ਆਖਿਆ: “ਬੋਲਣਾ ਬਣਦਾ ਹੈ।” ਇਹ ਉਹ ਪਲ ਹਨ ਜਦ ਸਾਡਾ ਚੁੱਪ ਰਹਿਣਾ “ਸਭ ਤੋਂ ਖ਼ਤਰਨਾਕ ਹੈ”। ਮਰਹੂਮ ਸ਼ਾਇਰ ਹਰਭਜਨ ਹਲਵਾਰਵੀ ਦੇ ਸ਼ਿਅਰ ਨਾਲ ਵਿਦਾ ਹੁੰਦਾ ਹਾਂ:
......
ਏਨਾ ਵੀ ਕੀ ਚੁੱਪ ਰਹਿਣਾ, ਤੂੰ ਕਹਿ ਜੋ ਕੁਝ ਕਹਿਣਾ
ਅਣਬੋਲੇ ਸ਼ਬਦਾਂ ਦੀ ਕੁਝ ਤਾਂ ਤਸਦੀਕ ਰਹੇ॥
2 comments:
ਮਾਣਯੋਗ ਤਨਦੀਪ ਜੀਓ !
ਅਦਬ ਸਹਿਤ ਸਤਿ ਸ੍ਰੀ ਅਕਾਲ !!
ਪਹਿਲਾਂ ਤਾਂ ਤੁਹਾਡਾ ਧੰਨਵਾਦ ਕਿ ਤੁਸੀਂ ਉਂਕਾਰਪ੍ਰੀਤ ਜੀ ਦਾ ਖਤ ਸਾਡੇ ਤੱਕ ਪਹੁੰਚਾਇਆ । ਦੂਸਰਾ ਉਂਕਾਰਪ੍ਰੀਤ ਵੀ ਬਹੁਤ ਸ਼ਾਬਾਸ਼ ਦਾ ਹੱਕਦਾਰ ਹੈ, ਜਿਸ ਨੇ ਨਿਧੜਕ ਹੋ ਕੇ ਅਸਲੀਅਤ ਨੂੰ ਉਜਾਗਰ ਕੀਤਾ ਹੈ । ਵਾਕਿਆ ਹੀ ਇਸ ਤਰ੍ਹਾਂ ਹੋ ਰਿਹਾ ਹੈ - ਇਨ੍ਹਾਂ ਅਖੌਤੀ ਕਾਨਫਰੰਸਾਂ ਵਿੱਚ !
ਪਿੱਛੇ ਜਿਹੇ ਸਾਡੇ ਸ਼ਹਿਰ ਸਰੀ ਬੀ ਸੀ ਵਿੱਚ ਵੀ ਅਜਿਹੀ ਕਾਨਫਰੰਸ ਹੋ ਕੇ ਹਟੀ ਹੈ । ਮੈਂ ਦੇਖਿਆ ਕਿ ਨਾਮਵਾਰ ਲੇਖਕ ਬੁੱਧੀਜੀਵੀ ਲੰਚ ਸਮੇਂ ਖਾਲੀ ਸਟੇਜ ਉਪਰ ਮਾਇਕ ਮੂਹਰੇ ਖੜ੍ਹ- ਖੜ੍ਹ ਕੇ ਫੋਟੋ ਖਿਚਵਾਉਣ ਡਹੇ ਸੀ । ਕਾਰਣ ਸਿਰਫ ਫੋਕੀ ਸ਼ੋਹਰਤ ਚਮਕਾਉਣਾ ਹੀ ਸੀ । ਕੁਝ ਦਿਨਾਂ ਬਾਅਦ ਉਹੀ ਫੋਟੋਆਂ ਅਖ਼ਬਾਰਾਂ ਵਿੱਚ ਇਸ ਤਰਾਂ ਦਾ ਪ੍ਰਭਾਵ ਪਾ ਰਹੀਆਂ ਸਨ ; ਜਿਵੇਂ : ਮਹਾਨ ਬੁੱਧੀਜੀਵੀ ਬੜੇ ਵੱਡੇ ਇੱਕਠ ਨੂੰ ਸੰਬੋਧਿਤ ਕਰ ਰਹੇ ਹੋਣ !ਪਰ ਅਸਲੀਅਤ ਕੁਝ ਹੋਰ ਹੀ ਸੀ, ਜਾਂ ਇੰਝ ਕਹਿ ਲਓ,ਕਿ ਹੋਰ ਹੀ ਹੈ ।
ਸਭ ਆਪੋ ਆਪਣੀ ਤੂਤੀ ਵਜਾ ਰਿਹਾ ਹੈ - 'ਮਾਂ ਬੋਲੀ' ਦੀ ਸੇਵਾ ਦੇ ਨਾਂ 'ਤੇ !!
ਗੁਸਤਾਖ਼ੀ ਮੁਆਫ !
ਆਪਦਾ ਬੜਬੋਲਾ ਪਾਠਕ,
ਗੁਰਮੇਲ ਬਦੇਸ਼ਾ
ਸਰੀ ,ਬੀ. ਸੀ.
ਪਿਆਰੇ ਇਕਵਿੰਦਰ,
ਤੁਹਾਡਾ ਸਾਲਮ ਸਬੂਤਾ ਹੋਕੇ ਬੋਲਣ ਦਾ ਤਰੀਕਾ ਪਸੰਦ ਆਇਆ। ਤੁਸੀਂ ਆਰ-ਪਾਰ ਦੀ ਗੱਲ ਦ੍ਰਿੜਤਾ ਨਾਲ ਕੀਤੀ ਹੈ। ਮੈਂ ਅਜੇ ਤੱਕ ਇਹ ਨਹੀਂ ਸਮਝ ਸਕਿਆ ਕਿ ਜਦੋਂ ਸਭ ਤੋਂ ਪਹਿਲੀ ਇਹ ਞ'ਵਿਸ਼ਵਞ' ਦਾ ਪੱਲੂ ਓ੍ਹੜਨ ਇਹ ਕਾਨਫਰੰ ਸ ਹੋਈ ਸੀ ਉਦੋਂ ਤੋਂ ਲੈਕੇ ਅੱਜ ਤੱਕ ਇਸ ਦੀਆਂ ਕੀ ਪ੍ਰਾਪਤੀਆਂ ਸਾਡੇ ਸਾਹਮਣੇਂ ਆਈਆਂ ਨੇ।ਇਹ ਕਾਨਫਰੰਸਾਂ ਕਰਵਾਉਣ ਵਾਲੇ ਕਦੇ ਕਿਸੇ ਕਦੇ ਕਿਸੇ ਦੇਸ਼ ਵੱਲ ਝੱਗਾ ਚੁੰਨੀਂ ਚੁਕਕੇ ਤੁਰ ਪੈਦੇ ਨੇ , ਆਖਿਰ ਕੀ ਸਿੱਧ ਕਰਨਾਂ ਚਾਹੁੰਦੇ ਨੇ ਇਹ। ਮੈਨੂੰ ਲਗਦਾ ਹੈ ਕਿ ਇਹ ਬੁੱਧੀਜੀਵੀ ਹੋਣ ਦੀ ਕਲਗੀ ਆਪਣੇਂ ਮੱਥੇ ਉੱਪਰ ਲਗਵਾਉਣ ਵਾਲੇ ਲੋਕ ਸ਼ਾਇਦ ਅਜੇ ਤੱਕ ਇਹ ਨਹੀਂ ਸਮਝ ਸਕੇ ਕਿ ਆਖਿਰ ਹਰ ਵਾਰ ਇਹਨਾਂ ਨੂੰ ਇਸ ਨਾਂਅ ਦੀ ਆੜ ਹੇਠ ਕੌਣ ਵਰਤ ਜਾਂਦਾ ਹੈ?
ਮੈਂ ਉਹਨਾਂ ਬਹੁਤ ਸਾਰੇ ਸਥਾਪਤੀ ਦੀ ਦੌੜ ਵਿੱਚ ਸ਼ਾਮਿਲ ਲੇਖਕਾਂ ਨੂੰ ਵੀ ਚੰਗੀ ਤਰਾਂ ਜਾਣਦਾ ਹਾਂ ਕਿ ਉਹ ਅੰਦਰੇ ਅੰਦਰ ਤਾਂ ਕਰਿਝਦੇ ਰਹਿੰਦੇ ਹਨ ਪਰ ਇਸ ਸਾਰੇ ਗੰਧਲੇ ਵਾਤਾਵਰਣ ਦ ਿਖਿਲਾਫ ਇਸ ਕਰਕੇ ਆਵਾਜ਼ ਨਹੀਂ ਉਠਾਉਂਦੇ ਕਿ ਖਬਰੇ ਕਿਸੇ ਨਾਂ ਕਿਸੇ ਸਾਲ ਸਾਡੀ ਸਿਉਂਕ ਦੀ ਖੱਡ ਵੱਲ ਵਧਦੀ ਜਾ ਰਹੀ ਕਾਪੀ ਉੱਪਰ ਵੀ ਕਿਸੇ ਨਾਂ ਕਿਸੇ ਐਂਬੈਸੀ ਦੀ ਸਵੱਲੀ ਨਜ਼ਰ ਪੈ ਜਾਵੇ। ਕਈਆਂ ਨੂੰ ਰਾਹਦਾਰੀ ਵੀ ਪਹੁੰਚ ਜਾਂਦੀ ਹੈ ਉਹ ਆਪਣੇਂ ਰਹਿਣ ਦਾ ਪ੍ਰਬੰਧ ਕਰਨ ਲਈ ਦੋਸਤਾਂ ਨੂੰ ਸੁਨੇਹੇ ਵੀ ਘੱਲ ਦਿੰਦੇ ਨੇ, ਪਰ ਜਦੋਂ ਵੀਜ਼ਾ ਨਹੀਂ ਲੱਗਦਾ ਤਾਂ ਉਹ ਕੀ ਬੋਲਣ.....!!!!!
ਮੁਕਦੀ ਗੱਲ ਇਹ ਕਿ ਅਜੇਹੇ ਵਰਤਾਰੇ ਪ੍ਰਤੀ ਆਪਣੀਂ ਉਸਾਰੂ ਪਹੁੰਚ ਦਾ ਸਬੂਤ ਦੇਕੇ ਤੁਸੀਂ ਅਤੇ ਡਾ: ਗੁਰਚਰਨ ਸਿੰਘ ਹੋਰਾਂ ਨੇ ਇਕ ਹੌਸਲੇ ਵਾਲਾ ਆਗਾਜ਼ ਕੀਤਾ ਹੈ.... ਮੈਨੂੰ ਖੁਸ਼ੀ ਹੋਈ ਹੈ....
ਦਰਵੇਸ਼
Post a Comment