ਲੇਖ
ਪਿੰਡ ਦੇ ਸਭ ਤੋਂ ਪੁਰਾਣੇ, ਸਭ ਤੋਂ ਵੱਡੇ ਅਤੇ ਸਭ ਤੋਂ ਮਜ਼ਬੂਤ ਪਰਿਵਾਰ ਨੂੰ ਕਮਜ਼ੋਰ ਕਰਨ ਦੀ ਸੋਚ ਰੱਖਣ ਵਾਲੇ ਚਾਤਰ ਲੋਕ ਕੁਝ ਐਸੀਆਂ ਚਤੁਰਾਈਆਂ ਕਰਦੇ ਜੋ ਹੱਸਦੇ ਵੱਸਦੇ ਪਰਿਵਾਰ ਵਿੱਚ ਟਕਰਾਓ ਪੈਦਾ ਕਰ ਦੇਂਦੀਆਂ। ਉਸ ਆਪਸੀ ਵਿਰੋਧ ਦੇ ਨਤੀਜੇ ਵਜੋਂ ਪਰਿਵਾਰ ਕਮਜ਼ੋਰ ਹੋ ਜਾਂਦਾ ਤੇ ਚਾਤੁਰ ਸ਼ਰੀਕਾਂ ਤੇ ਨਿਰਭਰਤਾ ਦੀ ਨੌਬਤ ਆ ਜਾਂਦੀ। ਵਜ੍ਹਕਾ ਤਾਂ ਖ਼ਤਮ ਹੋ ਜਾਣਾ ਵੱਖਰੀ ਗੱਲ ਪਰ ਟਕਰਾਓ ਕਰਵਾ ਕੇ ਨਿਆਂ ਹੱਥ ਵਿੱਚ ਲੈ ਕੇ ਚਾਤੁਰ ਫਿਰ ਜੋ ਮਰਜ਼ੀ ਕਰਨ ਕੋਈ ਨਹੀਂ ਰੋਕ ਸਕਦਾ। ਹਿੰਦੁਸਤਾਨੀ ਪਰਿਵਾਰ ਤੋਂ ਵੱਡਾ ਤੇ ਪੁਰਾਣਾ ਪਰਿਵਾਰ ਹੋਰ ਕੋਈ ਨਹੀਂ ਸੀ ਧਰਤੀ ਦੇ ਇਸ ਪਿੰਡ ਪਿੰਡੇ ਉੱਤੇ। ਇਨਸਾਨ ਨੂੰ ਬਾਕੀ ਜੀਵਾਂ ਤੇ ਹਾਵੀ ਕਰਨ ਵਾਲੀ ਮੁੱਖ ਸ਼ਕਤੀ “ਸ਼ਬਦ” ਲਿਖਣ ਦਾ ਵਿਧੀ ਵਿਧਾਨ ਇਸੇ ਪਰਿਵਾਰ ਦੇ ਮੈਂਬਰ “ਪਾਨਣੀ” ਨੇ ਲਿਖਿਆ ਤੇ ਦੁਨੀਆਂ ਦਾ ਸਭ ਤੋਂ ਪਹਿਲਾ ਲਿਖਤੀ ਗ੍ਰੰਥ “ਰਿੱਗ ਵੇਦ” ਵੀ ਇਸੇ ਹੀ ਪਰਿਵਾਰ ਨੇ ਲਿਖਿਆ। ਪਾੜੋ ਤੇ ਰਾਜ ਕਰੋ ਦੀ ਨੀਤੀ ਬਾਰੇ ਸੁਣਦਿਆਂ ਮੈਨੂੰ ਅੱਧੀ ਸਦੀ ਹੋ ਗਈ ਹੈ, ਪਤਾ ਨਹੀਂ ਕਦੋਂ ਦਾ ਸਾਨੂੰ ਇਸ ਨੀਤੀ ਬਾਰੇ ਪਤਾ ਸੀ। ਪਰ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਕਿ ਜੇ ਸਾਨੂੰ ਪਤਾ ਸੀ ਕਿ ਪਾੜੋ ਤੇ ਰਾਜ ਕਰੋ ਦਾ ਹਥਿਆਰ ਗ਼ਲਤ ਹੈ ਤਾਂ ਫਿਰ ਅਸੀਂ ਇਸ ਨੂੰ ਆਪਣੇ ਤੇ ਵਾਰ ਕਿਉਂ ਕਰਨ ਦਿੱਤਾ। ਇਨਸਾਨ ਦੀ ਸਭ ਤੋਂ ਵੱਡੀ ਤਾਕਤ ਭਾਸ਼ਾ ਤੇ ਜਿਸਦਾ ਕਬਜ਼ਾ ਹੈ ਉਹ ਸਾਰੀ ਦੁਨੀਆਂ ਤੇ ਰਾਜ ਕਿਉਂ ਨਹੀਂ ਕਰ ਸਕਦਾ।
----
ਅੰਗ੍ਰੇਜ਼ੀ ਭਾਸ਼ਾ ਜਿਸ ਦੀ 1634 ਤੋਂ ਪਹਿਲਾਂ ਦੀ ਕੋਈ ਵਿਆਕਰਣ ਨਹੀਂ ਮਿਲਦੀ (ਲੈਟਿਨ ਵਿੱਚ ਹੀ ਲਿਖਦੇ ਸਨ) ਅੱਜ ਸਾਰੀ ਦੁਨੀਆਂ ਨੂੰ ਆਪਣੇ ਰੰਗ ਵਿੱਚ ਰੰਗਣ ਲਈ ਪੂਰੀ ਤਿਆਰੀ ਵਿੱਚ ਹੈ।ਅੰਗ੍ਰੇਜ਼ੀ ਦਾ ਗਲੋਬਲਾਈਜੇਸ਼ਨ ਕਰਨ ਵਿੱਚ ਸਫ਼ਲ ਹੋ ਰਹੇ ਅੰਗ੍ਰੇਜ਼ਾਂ ਨੇ ਜਦ 1947 ਵਿੱਚ ਭਾਰਤ ਨੂੰ ਆਜ਼ਾਦ ਕੀਤਾ ਤਾਂ ਅੰਗ੍ਰੇਜ਼ੀ ਸਮੇਤ ਵੀਹ ਭਾਸ਼ਾਵਾਂ ਨੂੰ ਰਾਸ਼ਟਰੀ ਭਾਸ਼ਾ ਦਾ ਦਰਜ਼ਾ ਦਿੱਤਾ। ਪੰਜਾਬੀ, ਹਿੰਦੀ, ਸਿੰਧੀ,ਗੁਜਰਾਤੀ, ਉੜੀਆ, ਬੰਗਾਲੀ ਦਾ ਜੇ ਟਕਰਾਓ ਨਾ ਕਰਵਾਇਆ ਜਾਂਦਾ ਤਾਂ ਹਿੰਦੁਸਤਾਨੀ ਭਾਸ਼ਾ ਇੱਕ ਹੀ ਤਾਂ ਸੀ ਉਸਨੂੰ ਭਾਵੇਂ ਦੇਵਨਾਗਰੀ ਵਿੱਚ ਲਿਖੀ ਜਾਂਦੇ ਭਾਵੇਂ ਗੁਰਮਖੀ ਸ਼ਾਹਮੁਖੀ ਵਿੱਚ ਲਿਖੀ ਜਾਂਦੇ। ਭਾਸ਼ਾ ਦੇ ਆਧਾਰ ਤੇ ਟਕਰਾਓ ਕਰਵਾ ਕੇ ਪਰਿਵਾਰ ਨੂੰ ਖੇਰੂੰ-ਖੇਰੂੰ ਕਰ ਦਿੱਤਾ ਗਿਆ।
----
ਰਾਮ, ਰਹੀਮ, ਪੁਰਾਨ, ਕੁਰਾਨ ਤਾਂ ਅਧਿਆਤਮਿਕ ਪਰਿਵਾਰ ਹੈ। ਸੁੰਨ ਤੋਂ, ਸਿਫਰ ਤੋਂ ਉਪਜੇ ਇੱਕ ਤੇ ਪੂਰਾ ਵਿਸ਼ਵਾਸ਼ ਕਰਨ ਵਾਲੇ, ਇੱਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨ ਵਾਲੇ ਇਸ ਅਧਿਆਤਮਿਕ ਪਰਿਵਾਰ ਨੂੰ ਜਿਸ ਦੀਆਂ ਕਈ ਪੁਸ਼ਤਾਂ ਦੀ ਸਾਂਝ ਭਿਆਲੀ ਕਿਸੇ ਤੋਂ ਭੁੱਲੀ ਹੋਈ ਨਹੀਂ, ਇੱਕ ਦੂਸਰੇ ਦੇ ਵਿਰੋਧ ਵਿੱਚ ਖੜ੍ਹੇ ਕਰਕੇ ਦੋਹਾਂ ਦਾ ਹੀ ਨਿਆਂ ਆਪਣੇ ਹੱਥ ਵਿੱਚ ਲੈ ਲਿਆ ਗਿਆ। ਬਾਦਸ਼ਾਹ ਅਕਬਰ ਜੇ ਹਿੰਦੂ ਲੜਕੀ ਯੋਧਾ ਨੂੰ ਰਾਣੀ ਬਣਾ ਕੇ ਮਹਿਲਾਂ ਵਿੱਚ ਲਿਆਉਂਦਾ ਹੈ ਤਾਂ ਉਸ ਵਾਸਤੇ ਮੁਸਲਮਾਨ ਬਾਦਸ਼ਾਹ ਦੇ ਮਹਿਲਾਂ ਵਿੱਚ ਮੰਦਰ ਵੀ ਬਣਾਇਆ ਜਾਂਦਾ ਹੈ। ਰਿਆਸਤਾਂ ਵਿੱਚ ਰਾਜਿਆਂ ਨੇ ਮੰਦਰ, ਮਸੀਤਾਂ ਤੇ ਗੁਰਦੁਆਰੇ ਬਣਾਉਣ ਲੱਗਿਆਂ ਕੋਈ ਵਿਤਕਰਾ ਨਹੀਂ ਸੀ ਕੀਤਾ ਕਦੇ। ਇਹ ਉਹ ਹੀ ਪੰਜਾਬ ਹੈ ਜਿਸ ਵਿੱਚ ਹਿੰਦੂ ਮੁਸਲਮ ਸਿੱਖ ਕਦੇ ਰਲ਼ ਮਿਲ਼ ਕੇ ਢੋਲੇ ਦੀਆਂ ਲਾਉਂਦੇ ਸਨ, ਟਕਰਾਓ ਕਰਵਾ ਦਿੱਤਾ ਗਿਆ।
----
ਸੰਨ ਸੰਤਾਲੀ ਵਿੱਚ ਪੰਜਾਬੀਆਂ ਨੇ ਪੰਜਾਬੀਆਂ ਨੂੰ ਕਸਾਈਆਂ ਵਾਂਗ ਕੋਹ ਕੋਹ ਕੇ ਮਾਰਿਆ। ਧੀਆਂ ਭੈਣਾਂ ਦੀ ਇੱਜ਼ਤ ਮਿੱਟੀ ਵਿੱਚ ਮਿਲ਼ਾ ਦਿੱਤੀ ਗਈ। ਕੀ ਭਲਾ ਇਹ ਟਕਰਾਓ ਟਾਲ਼ਿਆ ਨਹੀਂ ਸੀ ਜਾ ਸਕਦਾ? ਅੱਜ ਵੀ ਦੋਵੇਂ ਪਾਸਿਆਂ ਦੇ ਪੰਜਾਬ ਕੱਲੇ ਕੱਲੇ ਵੀ ਦੁਨੀਆਂ ਦੇ ਅੱਧ ਤੋਂ ਵੱਧ ਦੇਸ਼ਾਂ ਨਾਲੋਂ ਜ਼ਿਆਦਾ ਤਾਕਤ ਰੱਖਦੇ ਹਨ। ਸ਼ਾਇਦ ਤਾਂ ਹੀ ਤਾਂ ਬਾਡਰ ਦੇ ਦੋਹੀਂ ਪਾਸੀਂ ਬੰਬ ਬੰਦੂਕਾਂ ਤਿਆਰ ਕਰਕੇ ਬੈਠੇ ਹਨ। ਐਥੋਂ ਤੱਕ ਨੌਬਤ ਪਹੁੰਚ ਗਈ ਹੈ ਕਿ ਹੁਣ ਆਪਸ ਵਿੱਚ ਹੀ ਟਕਰਾਈ ਜਾਂਦੇ ਹਨ। ਮੁਸਲਮਾਨ ਆਪਸ ਵਿੱਚ ਲੜ ਕੇ ਮਰੀ ਜਾਂਦੇ ਹਨ ਤੇ ਪੂਰਬੀ ਪੰਜਾਬ ਤਿੰਨ ਹਿੱਸਿਆਂ ਵਿੱਚ ਵੰਡ ਹੋਣ ਤੋਂ ਬਾਅਦ, 1903 ਵਾਲੇ ਪੰਜਾਬ ਦਾ ਸੱਤਵਾਂ ਹਿੱਸਾ ਰਹਿ ਜਾਣ ਤੋਂ ਬਾਅਦ ਵੀ ਆਪਸ ਵਿੱਚ ਲੜੀ ਜਾਂਦੇ ਹਨ। ਵੇਦਾਂ ਸ਼ਾਸਤਰਾਂ ਦੇ ਗਿਆਤਾ, ਹਿੰਦੂ ਧਰਮ ਤੇ ਪੂਰਣ ਭਰੋਸਾ ਕਰਨ ਵਾਲੇ, ਕਾਂਸ਼ੀ ਜਿਸਦਾ ਨਿਰਮਾਣ ਘਰ ਹੈ ਬੇਦੀ ਖਾਨਦਾਨ ਵਿੱਚ ਅਵਤਾਰ ਧਾਰ ਕੇ ਜੇ ਗੁਰੁ ਨਾਨਕ ਸਿੱਖ ਧਰਮ ਚਲਾਉਂਦੇ ਹਨ ਤਾਂ ਇਸਦਾ ਮਤਲਬ ਇਹ ਨਹੀਂ ਕਿ ਨਾਨਕ ਹਿੰਦੂ ਧਰਮ ਦਾ ਕਿਸੇ ਤਰਾਂ ਵਿਰੋਧ ਕਰਦੇ ਹਨ। ਗੁਰੁ ਨਾਨਕ ਦੇ ਜੋਤ ਸਰੂਪ ਸ਼੍ਰੀਗੁਰੂ ਗੂੰਥ ਸਾਹਿਬ ਵਿੱਚ ਹਿੰਦੂ ਸਿੱਖ ਜਾਂ ਮੁਸਲਮਾਨ ਕਿਸ ਲਾਈਨ ਵਿੱਚ ਵੱਖਰੇ ਦਿਸਦੇ ਹਨ ਦੱਸਿਓ ਭਲਾ। ਦਸਵੇਂ ਨਾਨਕ ਗੁਰੁ ਗੋਬਿੰਦ ਆਪਣੀ 42 ਸਾਲ ਦੀ ਉਮਰ ਵਿੱਚੋਂ 33 ਸਾਲ ਗੋਬਿੰਦ ਰਾਏ ਸਨ, ਕੀ ਦਸਵੇਂ ਗੁਰੁ ਕਿਸੇ ਤਰਾਂ ਵੀ ਹਿੰਦੂਆਂ ਦੇ ਵਿਰੋਧ ਵਿੱਚ ਖੜ੍ਹੇ ਦਿਸਦੇ ਹਨ। ਕੀ ਅਸੀਂ ਦੁਬਿਧਾ ਦੂਰ ਕਰਕੇ ਇੱਕ ਪਰਿਵਾਰ ਨਹੀਂ ਬਣ ਸਕਦੇ?
----
ਪਿਛਲੇ ਕੁਝ ਸਮੇਂ ਤੋਂ ਦਸਮ ਗ੍ਰੰਥ ਬਾਰੇ ਬਹੁਤ ਵਾਦ ਵਿਵਾਦ ਚੱਲਿਆ। ਮੈਂ ਵੀ ਇੱਕ ਲੇਖ ਲਿਖਿਆ ਜੋ ਛਪਿਆ ਵੀ ਤੇ ਕਈ ਲੋਕਾਂ ਨੇ ਪੜ੍ਹਿਆ ਵੀ। ਮੇਰੇ ਇੱਕ ਸਤਿਕਾਰਯੋਗ ਮਿੱਤਰ ਪ੍ਰੋਫੈਸਰ ਹਰਜੀਤ ਸਿੰਘ ਨੇ ਜਦ ਉਹ ਪੜ੍ਹਿਆ ਤਾਂ ਮੈਨੂੰ ਪੁੱਛਣ ਲੱਗੇ, “ਸੁਰਿੰਦਰ ਤੂੰ ਦਸਮ ਗ੍ਰੰਥ ਪੜ੍ਹ ਕੇ ਵੇਖਿਆ”? ਮੈਂ ਛਿੱਥਾ ਜਿਹਾ ਹੋ ਕੇ ਆਪਣੇ ਆਪ ਨੂੰ ਕੋਸਦਾ ਜਦ ਵਾਪਸ ਕੈਲੇਫੋਰਨੀਆ ਆਇਆ ਤਾਂ ਮੈਂ ਸਾਰੇ ਕੰਮ ਛੱਡ ਕੇ ਦਸਮ ਗ੍ਰੰਥ ਦੇ ਦਰਸ਼ਨ ਕੀਤੇ। ਮੈਨੂੰ ਜਿਵੇਂ ਲੱਗਿਆ ਮੈਂ ਉਹ ਪਾਠਕਾਂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਆਓ ਦਸਮ ਗ੍ਰੰਥ ਬਾਰੇ ਕੁਝ ਗੱਲ ਸਾਂਝੀ ਕਰੀਏ। ਹੋ ਸਕਦਾ ਹੈ ਕਿ ਸਾਡੀ ਦੁਬਿਧਾ ਦੂਰ ਕਰਨ ਵਿੱਚ ਕੁਝ ਮੱਦਦ ਮਿਲੇ :--
ਦਸਮ ਗ੍ਰੰਥ 1428 ਪੰਨਿਆਂ ਦਾ ਗ੍ਰੰਥ ਹੈ। ਸਮੇਂ ਸਮੇਂ ਕਈ ਸਾਰੀਆਂ ਆਪਸ ਵਿੱਚ ਘੱਟ ਵੱਧ ਮੇਲ ਖਾਂਦੀਆਂ ਬੀੜਾਂ ਦੇ ਆਧਾਰ ਤੇ ਦਸਵੇਂ ਪਾਤਸ਼ਾਹ ਦੁਆਰਾ ਲਿਖਿਆ ਲਿਖਵਾਇਆ ਮਹਾਨ ਗ੍ਰੰਥ ਹੈ। ਦਸਮ ਗ੍ਰੰਥ ਦੇ ਮੌਜੂਦਾ ਸਰੂਪ ਵਿੱਚ ਬਾਣੀਆਂ ਦਾ ਵੇਰਵਾ ਇਸ ਪ੍ਰਕਾਰ ਹੈ। ਜਾਪੁ ਸਾਹਿਬ ਮੰਗਲਾਚਰਣ ਵਜੋਂ ਸਭ ਤੋਂ ਪਹਿਲੀ ਬਾਣੀ ਹੈ।
---
ਜਾਪੁ ਸਾਹਿਬ
ਜਾਪੁ ਸਾਹਿਬ ਜੋ ਕਿ ਅੰਮ੍ਰਿਤ ਵੇਲੇ ਦੀਆਂ ਪੰਜ ਬਾਣੀਆਂ ਵਿੱਚ ਵੀ ਸ਼ਾਮਿਲ ਹੈ, ਨਿਰੰਤਰ ਵੇਗ ਵਿੱਚ ਰਚੀ ਗਈ ਧੁਰ ਕੀ ਬਾਣੀ ਵਾਲੀਆਂ ਵਿਸ਼ੇਸ਼ਤਾਈਆਂ ਵਾਲੀ ਬਾਣੀ ਹੈ। ਜਾਪੁ ਸਾਹਿਬ ਦੀ ਸੰਪੂਰਣ ਰਚਨਾਂ ਗੁਰੁ ਨਾਨਕ ਦੇਵ ਜੀ ਦੇ ਜਪੁਜੀ ਸਾਹਿਬ ਵਾਲੀਆਂ ਵਡਿਆਈਆਂ ਦੀ ਧਾਰਨੀ ਹੈ। ਇਵੇਂ ਲਗਦਾ ਜਿਵੇਂ ਸਾਰੇ ਜਾਪੁ ਸਾਹਿਬ ਵਿੱਚ ਜਪੁਜੀ ਸਾਹਿਬ ਦੇ ਮੂਲ ਮੰਤਰ ਦੀ ਹੀ ਵਿਆਖਿਆ ਹੋਵੇ। ਭਗਤੀ ਤੇ ਸ਼ਕਤੀ, ਵੀਰ ਰਸ ਨੂੰ ਵੀ ਨਿਵਾਜਿਆ ਹੈ ਪਰ ਅਵਤਾਰਵਾਦ ਤੋਂ ਰਹਿਤ ਹੈ। ਪਰਮਾਤਮਾਂ ਦੀਆਂ ਸ਼ਕਤੀਆਂ ਦਾ ਜਿੰਨਾ ਵਿਥਾਰਪੂਰਵਕ ਵਰਨਣ ਜਾਪੁ ਸਾਹਿਬ ਵਿੱਚ ਮਿਲਦਾ ਹੈ ਹੋਰ ਕਿਧਰੇ ਨਹੀਂ ਮਿਲਦਾ। ਪ੍ਰਭੂ ਉਪਮਾ ਦੀ ਮਾਲਾ ਦੇ ਜਿੰਨੇ ਮਣਕੇ ਜਾਪੁ ਸਾਹਿਬ ਵਿੱਚ ਹਨ ਓਨੇ ਮਣਕੇ ਕਿਸੇ ਇੱਕ ਮਾਲਾ ਵਿੱਚ ਪ੍ਰੋਏ ਹੀ ਨਹੀਂ ਜਾ ਸਕਦੇ। ਸਤੋਤ੍ਰ ਕਾਵ ਰੂਪ ਵਿੱਚ ਪਰਮਾਤਮਾ ਦੀਆਂ ਸੂਖਮ ਅਤੇ ਅਸਥੂਲ ਸ਼ਕਤੀਆਂ ਦਾ ਸੁਮੇਲ ਹੈ। ਨਿਰੰਕਾਰ ਅੰਗ ਸੰਗੇ ਨਾ ਹੋਵੇ ਤਾਂ ਆਸ ਵਿੱਚ ਵਿਸ਼ਵਾਸ ਐਨੇ ਸਪਸ਼ਟ ਰੂਪ ਵਿੱਚ ਪਰਗਟ ਹੀ ਨਹੀਂ ਹੋ ਸਕਦਾ।199 ਛੰਦਾਂ ਵਿੱਚ ਹਰ ਧਰਮ ਹਰ ਵਿਸ਼ਵਾਸ ਹਰ ਭਾਸ਼ਾ ਵਿੱਚੋਂ ਉਪਮਾਮਈ ਸ਼ਬਦ ਇੱਕਤਰ ਕਰਕੇ ਪ੍ਰਭੂ ਪ੍ਰਸ਼ੰਸ਼ਾ ਦੀ ਸਿਖਰ ਨੂੰ ਛੋਇਆ ਹੈ। ਇਵੇਂ ਲਗਦਾ ਹੈ ਕਿ ਸਾਰੇ ਧਰਮਾਂ ਵਿੱਚੋਂ ਚੁਣ ਚੁਣ ਕੇ ਸਾਰੀਆਂ ਵਡਿਆਈਆਂ ਦਾ ਖਜ਼ਾਨਾ ਹੈ ਜਾਪੁ ਸਾਹਿਬ। ਭਗਤੀ ਤੇ ਸ਼ਕਤੀ ਦਾ ਸੁੰਦਰ ਸੁਮੇਲ ਹੈ ਜਾਪੁ ਸਾਹਿਬ॥
----
ਅਕਾਲ ਉਸਤਤਿ
ਪਰਮਾਤਮਾ ਦੀ ਉਸਤਤਿ ਵਿੱਚ ਹੀ ਹੈ ਇਹ ਬਾਣੀ ਵੀ। ਪਰਮਾਤਮਾਂ ਦੀ ਸਰਬਵਿਆਪਿਕਤਾ ਅਤੇ ਸਰਬਸ਼ਕਤੀਮਾਨਤਾ ਦੀਆਂ 10 ਚਉਪਈਆਂ ਤੋਂ ਬਾਅਦ 10 ਕਬਿੱਤ ਹਨ ਫਿਰ 10 ਹੀ ਸਵੱਯੇ ਹਨ।ਇਸ ਤੋਂ ਬਾਅਦ 20 ਤੋਮਰ ਛੰਦਾਂ ਵਿੱਚ ਪ੍ਰਭੂ ਗੁਣ ਗਾਇਣ ਕੀਤੇ ਗਏ ਹਨ। ਅੱਗੇ 20 ਲਘੂ ਨਰਾਜ ਛੰਦਾਂ ਵਿੱਚ ਵੱਡੇ ਦੀ ਵਡਿਆਈ ਹੈ। ਫਿਰ 20 ਕਬਿੱਤ ਹਨ ਜੋ ਪ੍ਰਭੂ ਦੀ ਅਪਰਅਪਾਰਤਾ ਦਾ ਵਰਨਣ ਹੈ।ਫਿਰ 30 ਭੁਜੰਗ ਪ੍ਰਯਾਤ ਛੰਦ ਹਨ, 20 ਪਾਧੜੀ ਛੰਦ, 20 ਤੋਟਕ ਛੰਦ, 20 ਨਰਾਜ ਅਤੇ 20 ਰਆਮਲ ਛੰਦਾਂ ਵਿੱਚ ਪ੍ਰਭੂ ਉਸਤਤਿ ਕੀਤੀ ਗਈ ਹੈ। ਅੱਗੇ 10 ਦੋਹਰੇ ਹਨ ਜੋ ਅਕਾਲ ਉਸਤਤਿ ਦੇ ਵਿਛੇ ਤੋਂ ਹਟਵੇਂ ਪਹੇਲੀਆਂ ਦੇ ਰੂਪ ਵਿੱਚ ਹਨ।ਦੋਹਰਿਆਂ ਤੋਂ ਬਾਅਦ 20 ਧੀਰਗ ਤ੍ਰਿਭੰਗੀ ਛੰਦ ਹਨ ਜੋ ਦੇਵੀ ਉਸਤਤਿ ਹੋਣ ਕਰਕੇ ਗੁਰੁ ਸਾਹਿਬ ਦੇ ਚਿੰਤਨ ਤੋਂ ਬਾਹਰਲੇ ਲਗਦੇ ਹਨ।ਫਿਰ 12 ਪਾਧੜੀ ਛੰਦ ਤੇ ਦਸ ਸਵੱਯੇ ਹਨ। ਕੁੱਲ ਮਿਲਾ ਕੇ 271 ਛੰਦ ਪਰ ਆਖਰੀ ਹਿੱਸਿਆਂ ਵਿੱਚ ਅਕਾਲ ਉਸਤਤਿ ਨਹੀਂ ਸਗੋਂ ਦੇਵੀ ਉਸਤਤਿ ਵੱਧ ਹੋਣ ਕਰਕੇ ਕਿਸੇ ਹੋਰ ਵਿਦਵਾਨ ਦੀ ਰਚਨਾਂ ਰਲ ਗਈ ਜਾਪਦੀ ਹੈ।
----
ਬਚਿੱਤ੍ਰ ਨਾਟਕ
ਦਸਮ ਗ੍ਰੰਥ ਨੂੰ ਬਚਿੱਤ੍ਰ ਨਾਟਕ ਦੇ ਨਾਮ ਨਾਲ ਵੀ ਸਨਮਾਨਿਆ ਜਾਂਦਾ ਰਿਹਾ ਹੈ।ਅਗਲਾ ਭਾਗ ਬਚਿੱਤ੍ਰ ਨਾਟਕ ਹੈ। 634 ਪੰਨਿਆਂ ਦੀ ਰਚਨਾ ਹੈ ਜਿਸ ਵਿੱਚ ਗੁਰੂ ਸਾਹਿਬ ਦੀ ਕਥਾ ਵੀ ਹੈ ਅਤੇ ਸਾਰੇ ਯੁੱਗਾਂ ਵਿਚਲੇ ਸਾਰੇ ਪ੍ਰਸੰਗ ਵੀ ਹਨ। ਸਾਰੇ ਮਹਾਂਨਾਇਕਾਂ ਦੀ ਕਥਾ ਕਰਕੇ ਉਨ੍ਹਾਂ ਦੀ ਸ਼ਕਤੀ ਦਾ ਵੀਰ ਰਸ ਵਿੱਚ ਬਿਆਨ ਕਰਨ ਤੋਂ ਬਾਅਦ ਗੁਰੁ ਇਤਿਹਾਸ ਦੀ ਗੱਲ ਵੀ ਕੀਤੀ ਹੈ। ਬੇਦੀ ਅਤੇ ਸੋਢੀ ਖਾਨਦਾਨ ਦੀ ਕਥਾ ਵੀ ਕੀਤੀ ਹੈ। ਫਿਰ ਗੁਰੁ ਸਾਹਿਬ ਦੀ ਜੀਵਨੀ ਤੇ ਵੀ ਇੱਕ ਝਾਤ ਹੈ। ਪਟਨੇ ਤੇ ਆਨੰਦਪੁਰ ਸਾਹਿਬ ਦੀਆਂ ਕਥਾ ਕਹਾਣੀਆਂ ਅੰਕਤ ਹਨ।ਪਰ ਜੇ ਧਿਆਨ ਨਾਲ ਬਚਿੱਤ੍ਰ ਨਾਟਕ ਦਾ ਪਾਠ ਕਰੀਏ ਤਾਂ ਇਵੇਂ ਜਾਪਦਾ ਹੈ ਕਿ ਕਈ ਕਥਾ ਕਹਾਣੀਆਂ ਅਧੂਰੀਆਂ ਰਹਿ ਗਈਆਂ ਹਨ।ਗੁਰੁ ਸਾਹਿਬ ਦੀ ਆਪਣੀ ਜੀਵਨ ਕਹਾਣੀ ਵੀ ਸੰਪੂਰਣ ਨਹੀਂ ਹੈ।1698 ਤੱਕ ਦੀ ਉਹ ਵੀ ਟੁੱਟਵੀਂ ਕਥਾ ਕੀਤੀ ਹੈ। ਪੜਚੋਲ ਕਰਨ ਨਾਲ ਇਹ ਰਚਨਾ ਗੁਰੁ ਗੋਬਿੰਦ ਸਿੰਘ ਦੀ ਰਚਨਾ ਵਾਲਾ ਪ੍ਰਭਾਵ ਨਹੀਂ ਛੱਡਦੀ। ਇਵੇਂ ਵੀ ਹੋ ਸਕਦਾ ਹੈ ਕਿ ਸੰਪੂਰਣ ਰਚਨਾ ਸਾਂਭੀ ਨਾ ਗਈ ਹੋਵੇ। ਸੰਪੂਰਣਤਾ ਨਾ ਹੋਣਾ ਹੀ ਸਭ ਤੋਂ ਵੱਡਾ ਸਵਾਲ ਹੈ॥
----
ਚੰਡੀ ਚਰਿੱਤਰ
ਚੰਡੀ ਚਰਿੱਤਰ ਮਾਰਕੰਡੇ ਪੁਰਾਣ ਦੀਆ ਭਾਗਵਤ ਪੁਰਾਣ ਦੀਆਂ ਕਥਾ ਘਟਨਾਵਾਂ ਦਾ ਸੰਸਕ੍ਰਿਤ ਵਿੱਚੋਂ ਸਰਲ ਭਾਸ਼ਾਵਾਂ ਵਿੱਚ ਕਾਵਿਕ ਰੇਖਾ-ਚਿਤਰ ਲਗਦਾ ਹੈ। ਦੁਰਗਾ ਕਥਾ ਦੇ ਪਹਿਲੇ ਭਾਗ ਵਿੱਚ 233 ਛੰਦ ਤੇ ਸੱਤ ਅਧਿਆਏ ਹਨ। ਦੂਸਰੇ ਭਾਗ ਵਿੱਚ 262 ਛੰਦ ਤੇ ਅੱਠ ਅਧਿਆਏ ਹਨ। ਵੀਰ ਰਸ ਪ੍ਰਧਾਨ ਹੈ ਪਰ ਦੇਵੀ ਸ਼ਕਤੀ ਦਾ ਹੀ ਬੋਲ ਬਾਲਾ ਹੈ। ਵੇਦਾਂ ਸ਼ਾਸਤਰਾਂ ਦਾ ਜ਼ਿਕਰ ਗੁਰੁ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਹੈ ਪਰ ਪ੍ਰਸੰਗ ਗਾਥਾ ਰੂਪ ਨਹੀਂ ਹਨ ਇਸ ਕਰਕੇ ਬਾਣੀ ਦੇ ਭਾਵ ਪ੍ਰਭਾਵ ਨਹੀਂ ਮਿਲਦੇ ਚੰਡੀ ਚਰਿੱਤਰ ਵਿੱਚ।ਇਸ ਕਾਂਡ ਦੀ ਮੁੱਖ ਭਾਸ਼ਾ ਬ੍ਰਿਜ ਹੈ ਅਵਧੀ ਅਤੇ ਰਾਜਸਤਾਨੀ ਬੋਲੀ ਦਾ ਝਲਕਾਰਾ ਵੀ ਪੈਂਦਾ ਹੈ।
----
ਵਾਰ ਸ਼੍ਰੀ ਦੁਰਗਾ ਕੀ
ਇਸ ਰਚਨਾ ਵਿੱਚ 55 ਪੌੜੀਆਂ ਹਨ ਜੋ ਪੰਜਾਬੀ ਭਾਸ਼ਾ ਵਿੱਚ ਲਿਖੀਆਂ ਹਨ। ਇਸ ਨੂੰ ਚੰਡੀ ਦੀ ਵਾਰ ਅਤੇ ਵਾਰ ਸ਼੍ਰੀ ਭਗਾਉਤੀ ਕੀ ਵੀ ਕਿਹਾ ਜਾਂਦਾ ਹੈ। ਪਹਿਲੀ ਪੌੜੀ ਵਾਰ ਦਾ ਮੰਗਲਾਚਰਣ ਹੈ ਜਿਸ ਨੂੰ ਸਿੱਖ ਅਰਦਾਸ ਵਜੋਂ ਸਿਮਰਦੇ ਹਨ। ਦੂਜੀ ਪੌੜੀ ਵਿੱਚ ਸ਼ਕਤੀ “ਖੰਡੇ” ਨੂੰ ਸਾਜ ਕੇ ਫਿਰ ਉਸ ਵਿੱਚੋਂ ਬਰ੍ਹਮਾ ਵਿਸ਼ਨੂੰ ਅਤੇ ਮਹੇਸ਼ ਦੀ ਸਿਰਜਣਾ ਦੀ ਗੱਲ ਹੈ, ਸਰਿਸ਼ਟੀ ਦੀ ਸਿਰਜਣਾ ਦੀ ਗੱਲ ਹੈ। ਰਾਮ ਦੁਆਰਾ ਤੀਰਾਂ ਨਾਲ ਰਾਵਣ ਨੂੰ ਮਾਰਨਾ, ਕ੍ਰਿਸ਼ਨ ਦਾ ਕੰਸ ਤੇ ਕੇਸੀ ਦੈਂਤ ਨੂੰ ਮਾਰਨਾਂ ਅਤੇ ਰਿਸ਼ੀਆਂ ਮੁਨੀਆਂ ਦੇ ਤਪ ਕਰਨ ਦੀਆਂ ਗਾਥਾਵਾਂ ਹਨ। ਪੌਰਾਣਕ ਕਥਾ ਕਥਾਵਾਂ ਖਾਸ ਕਰ ਮਾਰਕੰਡੇ ਪਰਾਣ ਨੂੰ ਆਧਾਰ ਬਣਾ ਕੇ ਚੋਣਵੀਆਂ ਘਟਨਾਵਾਂ ਦੁਰਗਾ ਦੀ ਸ਼ਕਤੀ ਦਾ ਪ੍ਰਗਟਾਵਾ ਕਰਦੀਆਂ ਹਨ। ਦੇਵੀ ਦੇਵਤਿਆਂ ਅਵਤਾਰਾਂ ਦੀਆਂ ਪੁਰਾਣ ਸ਼ਾਸਤਰਾਂ ਵਿਚਲੀਆਂ ਕਹਾਣੀਆਂ ਦਾ ਕਾਵਿਕ ਰੂਪ ਵਿੱਚ ਪੰਜਾਬੀ ਤਰਜੁਮਾ ਹੈ।
----
ਗਿਆਨ ਪ੍ਰਬੋਧ
ਇਸ ਰਚਨਾ ਵਿੱਚ ਕੁੱਲ 336 ਛੰਦ ਹਨ।ਰਾਜ, ਦਾਨ, ਭੋਗ ਅਤੇ ਮੋਖ ਦੀ ਗੱਲ ਸ਼ੁਰੂ ਤਾਂ ਕੀਤੀ ਹੈ ਪਰ ਰਾਜ ਧਰਮ ਬਾਰੇ ਗੱਲ ਕਰਕੇ ਅਗਲੇ ਤਿੰਨ ਵਿਸ਼ੇ ਪਤਾ ਨਹੀਂ ਕਿਉਂ ਛੱਡ ਲਏ ਹਨ। ਵੇਦਾਂ ਸ਼ਾਸਤਰਾਂ ਤੇ ਉਪਨਿਸ਼ਦਾਂ ਤੇ ਅਧਾਰਿਤ ਜੀਵਨ ਸੇਧ ਯੱਗ ਅਤੇ ਹੋਰ ਬਹੁਤ ਸਾਰੀਆਂ ਪੁਰਾਣਿਕ ਕਥਾ ਕਥਾਵਾਂ ਨੂੰ ਜਿਵੇਂ ਸਰਲ ਕਰਕੇ ਲਿਖ ਦਿੱਤਾ ਹੋਵੇ। ਦੈਂਤਾਂ ਤੇ ਦੇਵਤਿਆਂ ਦੇ ਯੁੱਧ ਦੇ ਨਾਲ ਨਾਲ ਸੁਰਾਪਾਨ, ਜੂਆ ਖੇਡਣ ਅਤੇ ਪਰਾਈ ਇਸਤਰੀ ਵੱਲ ਝਾਕਣ ਦੇ ਮਾੜੇ ਨਤੀਜਿਆਂ ਦਾ ਵਰਨਣ ਹੈ। ਮੁੱਖ ਭਾਸ਼ਾ ਬ੍ਰਜੀ ਹੈ, ਪੰਜਾਬੀ ਅਤੇ ਹੋਰ ਭਾਸ਼ਾਵਾਂ ਵੀ ਥਿਆਉਂਦੀਆਂ ਹਨ। ਕੋਕ ਸ਼ਾਸਤਰ ਦੀ ਝਲਕ ਵੀ ਪੈਂਦੀ ਹੈ। ਗਿਆਨ ਪ੍ਰਬੋਧ ਵੀ ਅਧੂਰੀ ਰਚਨਾ ਲੱਗਦੀ ਹੈ। ਚਾਰ ਵਿਸ਼ੇ ਚੁੱਕ ਕੇ ਫਿਰ ਇੱਕ ਵਿਸ਼ੇ ਨੂੰ ਵੀ ਪੂਰਾ ਨਾ ਕਰ ਸਕਣਾ ਇਹ ਗੱਲ ਕਰੂਰੇ ਵਜੋਂ ਦਸਵੇਂ ਪਾਤਸ਼ਾਹ ਦੀ ਲਿਖੀ ਨਹੀ ਲਗਦੀ। ਇਹ ਵੀ ਹੋ ਸਕਦਾ ਹੈ ਗਿਆਨ ਪ੍ਰਬੋਧ ਰਚਨਾ ਦਾ ਬਹੁਤਾ ਹਿੱਸਾ ਸਰਸਾ ਦੀ ਭੇਂਟ ਚੜ੍ਹ ਗਿਆ ਹੋਵੇ।
----
ਚੌਵੀਸਾਵਤਾਰ
ਵਿਸ਼ਨੂੰ ਦੇ ਚੌਵੀ ਅਵਤਾਰਾਂ ਦੀ ਗੱਲ ਹੈ। 24 ਅਵਤਾਰਾਂ ਦਾ ਪਾਤਰ ਚਿਤਰਣ ਹੈ। 10 + 14 ਅਵਤਾਰਾਂ ਵਿੱਚੋਂ ਕ੍ਰਿਸ਼ਨ ਦੀ ਗੱਲ ਸਭ ਤੋਂ ਲੰਬੀ ਹੈ। ਅਵਤਾਰਵਾਦ ਦੀ ਗੱਲ ਹੈ ਜੋ ਕਿ ਕਿਸੇ ਕੀਮਤ ਤੇ ਵੀ ਬਾਣੀ ਦੇ ਲਾਗੇ ਬੰਨੇ ਨਹੀਂ ਢੁਕਦੀ। ਭੇਖਾਂ ਤੇ ਅਡੰਬਰਾਂ ਦੀ ਕਹਾਣੀ ਸੀਰਤ ਨਾਲ ਕਿਸੇ ਕੀਮਤ ਤੇ ਮੇਲ ਨਹੀਂ ਖਾ ਸਕਦੀ। ਅਵਤਾਰਾਂ ਦੇ ਹੰਕਾਰੀ ਹੋ ਜਾਣਾ ਤੇ ਹੰਕਾਰ ਹੀ ਪਤਨ ਦਾ ਕਾਰਣ ਬਣ ਜਾਣਾ ਗੁਰੁ ਸੋਚ ਤੋਂ ਦੂਰ ਦੀ ਗੱਲ ਹੈ।
----
ਬ੍ਰਹਮਾ ਅਵਤਾਰ
ਬ੍ਰਹਮਾ ਦੇ ਸੱਤ ਅਵਤਾਰਾਂ ਦੀ ਕਥਾ ਹੈ। ਵੇਦ ਰਚਣ ਦੇ ਹੰਕਾਰ ਦੀ ਗੱਲ ਹੈ। ਮੰਨੇ ਪਰਮੰਨੇ ਵਿਦਵਾਨਾਂ ਦੇ ਰੂਪ ਵਿੱਚ ਬ੍ਰਹਮਾਂ ਦਾ ਪਾਤਰ ਚਿਤਰਿਆ ਹੈ। ਪਰ ਇਸ ਰਚਨਾਂ ਨੂੰ ਬ੍ਰਹਮ ਗਿਆਨ ਕਹਿਣ ਨੂੰ ਮਨ ਨਹੀਂ ਮੰਨਦਾ।
----
ਰੁਦਰ ਅਵਤਾਰ
ਰੁਦਰ ਅਵਤਾਰ ਦੇ ਦੋ ਰੂਪ ਵਰਨਣ ਕੀਤੇ ਹਨ।ਯੋਗ ਸਾਧਨਾ ਕਰਕੇ ਸਰਬ ਸ੍ਰੇਸ਼ਟ ਕਹਾਉਂਣ ਵਾਲਾ ਰੁਦਰ ਵੀ ਹੰਕਾਰ ਵਿੱਚ ਹੀ ਮਰਦਾ ਹੈ।ਇਹ ਕਥਾ ਵਾਰਤਾ ਵੀ ਅਧੂਰੀ ਜਿਹੀ ਜਾਪਦੀ ਹੈ। ਇਸ ਕਥਾ ਦਾ ਪ੍ਰਸੰਗ ਸ਼ਾਇਦ ਨਾਥਾਂ ਯੋਗੀਆਂ ਵੱਲੋਂ ਆਇਆ ਹੋਵੇ।
----
ਸਬਦ ਹਜ਼ਾਰੇ ਅਤੇ ਸਵੱਯੇ
9 ਸਬਦ ਹਜ਼ਾਰੇ ਅਤੇ 33 ਸਵੱਯੇ ਹਨ। ਫਿਰ ਅਕਾਲ ਉਸਤਤ ਵੱਲ ਮੁੜਦੀ ਹੈ ਗੱਲ ਜੋ ਗੁਰਬਾਣੀ ਨਾਲ ਮੇਲ ਖਾਂਦੀ ਹੈ। ਸ਼ਬਦ ਹਜਾਰੇ ਰਾਮਕਲੀ, ਸੋਰਠ, ਬਿਲਾਵਲ, ਤਿਲੰਗ, ਕਲਿਆਣ ਅਤੇ ਦੇਵਗੰਧਾਰੀ ਰਾਗਾਂ ਵਿੱਚ ਹਨ। ਅਡੰਬਰਾਂ, ਪਾਖੰਡਾਂ, ਅਵਤਾਰਾਂ ਅਤੇ ਮੂਰਤੀ ਪੂਜਾ ਤੋਂ ਪਰਹੇਜ ਕੀਤਾ ਮਿਲਦਾ ਹੋਣ ਕਰਕੇ ਨਾਨਕ ਫਿਲਾਸਫੀ ਦੇ ਕਰੀਬ ਦੀ ਬਾਣੀ ਬਣ ਗਈ ਹੈ। ਕਈ ਪ੍ਰੇਮੀ ਤਾਂ ਸਵੱਯੈ ਨਿੱਤ ਨੇਮ ਨਾਲ ਪੜ੍ਹਦੇ ਹਨ।
----
ਖਾਲਸਾ ਮਹਿਮਾ
ਖਾਲਸਾ ਮਹਿਮਾ ਦੇ ਕੁੱਲ ਚਾਰ ਛੰਦ ਹਨ। ਤਿੰਨ ਸਵੱਯੈ ਤੇ ਇੱਕ ਦੋਹਰਾ ਸਾਰੇ ਬ੍ਰਿਜ ਭਾਸ਼ਾ ਵਿੱਚ ਲਿਖੇ ਹਨ।ਇਹ ਬਾਣੀ ਸਿੱਖ ਸੇਵਕਾਂ ਦੀ ਵਡਿਆਈ ਵਿੱਚ ਲਿਖੀ ਹੈ। ਭਾਰਤੀ ਅਧਿਆਤਮਵਾਦ ਵਿੱਚ ਇਹ ਇੱਕੋ ਇੱਕ ਰਚਨਾ ਹੈ ਜਿਸ ਵਿੱਚ ਗੁਰੁ ਆਪਣੇ ਸਿੱਖ ਸੇਵਕਾਂ ਦੀ ਵਡਿਆਈ ਕਰਦਾ ਥੱਕਦਾ ਹੀ ਨਹੀਂ।
----
ਸ਼ਸਤਰ ਨਾਮ ਮਾਲਾ
1318 ਛੰਦਾਂ ਦੀ ਰਚਨਾ ਹੈ ਜਿਸ ਵਿੱਚ ਸ਼ਸਤਰਾਂ ਦਾ ਵੱਖਰੇ ਤਰੀਕੇ ਨਾਲ ਨਾਮਕਰਣ ਕੀਤਾ ਹੈ। ਦ੍ਰਿਸ਼ਟਕੂਟ ਭਾਸ਼ਾ ਹੋਣ ਕਰਕੇ ਸਪਸ਼ਟ ਰੂਪ ਵਿੱਚ ਸਮਝ ਨਹੀਂ ਆਉਂਦੀ ਰਚਨਾ। ਵਿਸ਼ਾ ਵਿਆਖਿਆ ਅਧੂਰੀ ਹੋਣ ਕਰਕੇ ਸਮਝ ਨਹੀਂ ਪੈਂਦੀ।
----
ਚਰਿਤ੍ਰੋਪਖਿਆਨ
580 ਪੰਨਿਆਂ ਵਿੱਚ ਲਿਖੀ ਇਸ ਲੰਬੀ ਰਚਨਾ ਨੂੰ ਤ੍ਰਿਆ ਚਰਿਤ੍ਰ ਵੀ ਕਿਹਾ ਜਾਂਦਾ ਹੈ। ਚਲਾਕੂ ਰਮਜਾਂ ਵਾਲੀਆਂ ਕਥਾ ਕਥਾਵਾਂ ਹਨ। ਇਸਤ੍ਰੀ ਚਰਿੱਤਰ ਦੀ ਗੱਲ ਕਰਦਿਆਂ ਸਾਹਿਤਕ ਕਦਰਾਂ ਕੀਮਤਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਇਹ ਚਰਿਤ੍ਰ ਵਿਸ਼ਵਕੋਸ਼ ਸਮੇਂ ਤੇ ਅਸਥਾਨ ਦੀਆਂ ਸਾਰੀਆਂ ਜੂਹਾਂ ਵਿੱਚ ਤੁਰਿਆ ਫਿਰਦਾ ਹੈ। ਚਰਿੱਤਰ ਚਿਤਰਣ ਜਿਵੇਂ ਭਾਲ ਭਾਲ ਕੇ ਹਰ ਜਗ੍ਹਾ ਤੋਂ ਇਕੱਤਰ ਕਰ ਲਏ ਲਗਦੇ ਹਨ।
----
ਜ਼ਫ਼ਰਨਾਮਾ
ਆਪਣਾ ਸਭ ਕੁਝ ਹਾਰ ਕੇ ਫਿਰ ਵੀ ਜਿੱਤ ਦੀ ਚਿੱਠੀ ਹੈ ਇਹ ਰਚਨਾ। ਇਸ ਚਿੱਠੀ ਵਿੱਚ 111 ਛੰਦ ਹਨ ਲੇਕਿਨ ਇਵੇਂ ਲਗਦਾ ਹੈ ਕਿ ਚਿੱਠੀ ਦੀ ਸਮਾਪਤੀ ਵਾਲਾ ਕੁਝ ਭਾਗ ਖੜੀਚ ਗਿਆ ਹੋਵੇ। ਆਖਿਰ ਵਿੱਚ 11 ਹਿਕਾਇਤਾਂ ਹਨ।
ਮੁੱਕਦੀ ਗੱਲ, ਸ਼੍ਰੀ ਦਸਮ ਗ੍ਰੰਥ ਦੇ ਇਹ ਜੋ ਆਪਾਂ ਪੰਛੀ ਝਾਤੇ ਦਰਸ਼ਣ ਕਰਨ ਦਾ ਉਪਰਾਲਾ ਕੀਤਾ ਹੈ ਇਸ ਨਾਲ ਅਸੀਂ ਕੁਝ ਵਿਚਾਰ ਸਾਂਝੇ ਕਰ ਸਕਦੇ ਹਾਂ। ਜਿਸ ਕਿਸੇ ਪਾਠਕ ਨੇ ਵੀ ਦਸਮ ਗ੍ਰੰਥ ਦਾ ਅਲੋਚਨਾਤਮਿਕ ਅਧਿਅਨ ਕੀਤਾ ਹੋਵੇਗਾ ਉਹ ਸਾਡੀ ਗੱਲ ਤੇ ਵਿਚਾਰ ਜ਼ਰੂਰ ਕਰੇਗਾ। ਲਓ ਫਿਰ ਇਜਾਜ਼ਤ ਦਿਓ ਕਿ ਮੈਂ ਆਪਣਾ ਵਿਚਾਰ ਤੁਹਾਡੇ ਚਰਨਾ ਵਿੱਚ ਪੇਸ਼ ਕਰਾਂ ਹੋ ਸਕਦਾ ਕੁਝ ਦੁਬਿਧਾ ਦੂਰ ਕਰ ਸਕਾਂ।
1 ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਸਾਰੀ ਦਸਮ ਗ੍ਰੰਥ ਦੀ ਬਾਣੀ ਵਿੱਚੋਂ ਦਸਵੇਂ ਪਾਤਸ਼ਾਹ ਦੀ ਮੋਹਰ ਮਿਲਦੀ ਹੈ। ਖਾਸ ਕਰਕੇ ਜਾਪੁ ਸਾਹਿਬ, ਜ਼ਫ਼ਰਨਾਮਾ, ਸਵੱਯੈ, ਚੌਪਈ, ਖਾਲਸਾ ਮਹਿਮਾਂ, ਸ਼ਬਦਹਜ਼ਾਰੇ ਅਤੇ ਅਕਾਲ ੳਸਤਤਿ।
----
2 ਅਵਤਾਰਵਾਦ ਅਤੇ ਚਮਤਕਾਰ ਗੁਰਮਤ ਵਿਚਾਰਧਾਰਾ ਦੇ ਅਨਕੂਲ ਨਹੀਂ ਹਨ, ਹਾਂ ਇਹ ਹੋ ਸਕਦਾ ਹੈ ਕਿ ਦਸਵੇਂ ਪਾਤਸ਼ਾਹ ਨੇ ਵੇਦਾਂ ਅਤੇ ਪੁਰਾਣ ਸ਼ਾਸਤਰਾਂ ਦੀਆਂ, ਰਮਾਇਣ ਅਤੇ ਮਹਾਂਭਾਰਤ ਦੀਆਂ ਰਹੱਸਵਾਦੀ ਅਧਿਆਤਮਿਕ ਕਥਾ ਕਥਾਵਾਂ ਨੂੰ ਸੰਸਕ੍ਰਿਤ ਵਿੱਚੋਂ ਤਰਜਮਾ ਕਰਕੇ ਆਮ ਲੋਕਾਂ ਦੀਆਂ ਭਾਸ਼ਾਵਾਂ ਵਿੱਚ ਲਿਖਣਾ ਜਾਂ ਲਿਖਵਾੳਣਾ ਚਾਹਿਆ ਹੋਵੇ।
----
3 ਕਈ ਰਚਨਾਵਾਂ ਜੋ ਅਧੂਰੀਆਂ ਲਗਦੀਆਂ ਹਨ ਉਹ ਰਚਨਾ ਦੀ ਸਾਹਿਤਕ ਪੱਧਰ ਵਿਗਾੜਦੀਆਂ ਹਨ, ਪਰ ਇਹ ਵੀ ਹੋ ਸਕਦਾ ਹੈ ਕਿ ਅਧੂਰੀਆਂ ਰਚਨਾਵਾਂ ਦੇ ਬਾਕੀ ਭਾਗ ਮਿਲ ਹੀ ਨਾ ਸਕੇ ਹੋਣ।
----
4 ਨੀਵੇਂ ਮਿਆਰ ਦੀ ਭਾਸ਼ਾ ਦਸਵੇਂ ਪਾਤਸ਼ਾਹ ਦੇ ਰੁਤਬੇ ਦੀ ਉੱਚਤਾ ਨਾਲ ਨਿਆਂ ਨਹੀਂ ਕਰਦੀ ਜਾਪਦੀ, ਲੇਕਿਨ ਜੇ ਕਿਸੇ ਨੇ ਕੋਕ ਸ਼ਾਸਤਰ ਦਾ ਅਨੁਵਾਦ ਕਰਨਾ ਹੋਵੇ ਤਾਂ ਕਿਵੇਂ ਕਰੇ।
----
5 ਗੁਰਬਾਣੀ ਵਿੱਚ ਕਿਸੇ ਗੁਰੁ ਸਾਹਿਬ ਨੇ ਮੈਂ ਅਤੇ ਮੇਰੀ ਦੀ ਕਹਾਣੀ ਨਹੀਂ ਕੀਤੀ, ਤੂੰ ਹੀ ਤੂੰ ਤੇ ਪੱਕਾ ਵਿਸ਼ਵਾਸ ਕੀਤਾ ਹੈ। ਮੈਂ ਦੀ ਮਹਿਕ ਵੀ ਗੁਰਮਤਿ ਨਾਲ ਨਿਆਂ ਨਹੀਂ ਕਰਦੀ ਲੇਕਿਨ ਹੋ ਸਕਦਾ ਹੈ ਕਿ ਬਚਿੱਤਰ ਨਾਟਕ ਸਾਰੇ ਦਾ ਸਾਰਾ ਹੀ ਸੰਸਕ੍ਰਿਤ ਵਿੱਚ ਲਿਖੀਆਂ ਰਚਨਾਵਾਂ ਦਾ ਅਨੁਵਾਦ ਹੋਵੇ।
----
6 ਪੂਰੀ ਹੈ ਅਧੂਰੀ ਹੈ, ਅਵਤਾਰਵਾਦੀ ਜਾਂ ਕਰਾਮਾਤੀ ਹੈ, ਜੇ ਇਸ ਪਾਸੇ ਨੂੰ ਨਾ ਜਾਈਏ ਤੇ ਮੰਨ ਲਈਏ ਕਿ ਦਸਮ ਗ੍ਰੰਥ ਦੀ ਸਮੁੱਚੀ ਰਚਨਾਂ ਗੁਰੁ ਗੋਬਿੰਦ ਸਿੰਘ ਜੀ ਦੀ ਹੈ, ਸਤਿਕਾਰਯੋਗ ਹੈ ਤਾਂ ਫਿਰ ਕੀ ਦਸਮ ਗ੍ਰੰਥ ਨੂੰ ਗੁਰੁ ਗ੍ਰੰਥ ਦੇ ਬਰਾਬਰ ਦਾ ਦਰਜ਼ਾ ਦੇ ਸਕਦੇ ਹਾਂ ਜਾਂ ਨਹੀਂ, ਇਹ ਦੁਬਿਧਾ ਭਲਾ ਕਿਉਂ ਪੈਦਾ ਕਰੀਏ।
----
7 ਚਲੋ ਇਹ ਵੀ ਮੰਨ ਲਿਆ ਕਿ ਦਸਮ ਗ੍ਰੰਥ ਵਿੱਚ ਗੁਰੁ ਕਹਾਉਣ ਦੀ ਯੋਗਤਾ ਹੈ ਤਾਂ ਕੀ ਗੁਰ-ਮਰਿਯਾਦਾ ਵਿੱਚ ਦੋ ਗੁਰੂ ਹੋ ਸਕਣ ਦੀ ਗੁੰਜਾਇਸ਼ ਹੈ ਜਾਂ ਨਹੀਂ।
----
ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ 1539 ਵਿੱਚ ਜਦ ਗੁਰੁ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਉਸ ਵਕਤ ਗੁਰੂ ਰਾਮ ਦਾਸ ਜੀ ਦੀ ਉਮਰ ਕੋਈ ਪੰਜ ਕੁ ਸਾਲ ਦੀ ਸੀ। ਗੁਰੂ ਅਮਰਦਾਸ ਜੀ ਤਕਰੀਬਨ ਸੱਠ ਸਾਲ ਦੇ ਸਨ। ਇਸ ਦਾ ਅਰਥ ਇਹ ਹੋਇਆ ਕਿ ਸਿੱਖ ਇਤਹਾਸ ਵਿੱਚ ਪੰਜ ਕੁ ਸਾਲ ਐਸੇ ਆਏ ਜਦ ਚਾਰ ਗੁਰੂ ਇਕੱਠੇ ਵਿਚਰ ਰਹੇ ਸੀ। ਪਹਿਲੇ ਚਾਰ ਗੁਰੂ ਜੀਵਤ ਜਾਗਤ ਸਨ ਲੇਕਿਨ ਗੁਰੂ ਤਾਂ ਇੱਕ ਹੀ ਸੀ ਨਾ। ਗੁਰੁ ਨਾਨਕ ਹੀ ਗੁਰੂ ਸਨ। ਸੱਚੀਂ ਮੁੱਚੀਂ ਚਾਰ ਗੁਰੂ ਹਾਜ਼ਰ ਸਨ ਪਰ ਗੁਰੂ ਨਾਨਕ ਦੀ ਬਰਾਬਰਤਾ ਹੋਰ ਕੋਈ ਨਹੀ ਸੀ ਕਰ ਸਕਦਾ। ਇਹ ਦੁਬਿਧਾ ਦੂਰ ਕਰੋ ਮੇਰੇ ਮੀਤਾ, ਜੇ ਦਸਮ ਗ੍ਰੰਥ ਵਿੱਚ ਗੁਰੂ ਬਣ ਸਕਣ ਦੇ ਸਾਰੇ ਗੁਣ ਹਨ ਤਾਂ ਵੀ ਦਸਾਂ ਗੁਰੂਆਂ ਦੀ ਜਿਉਂਦੀ, ਜਾਗਦੀ, ਜਾਗਦੀ ਗੁਰਗੱਦੀ ਦੀ ਬਰਾਬਰਤਾ ਕਰਨੀ ਨਹੀਂ ਬਣਦੀ। ਦਾਸਨ ਦਾਸ
ਸੁਰਿੰਦਰ ਸਿੰਘ ਸੁੱਨੜ
1 comment:
ਸੁਰਿੰਦਰ ਸਿੰਘ ਜੀ ,
ਦਸਮ ਗਰੰਥ ਦੇ ਸਬੰਧ ਵਿੱਚ ਸਭ ਤੋਂ ਪਹਿਲੀ ਸਮੱਸਿਆ ਇਹੀ ਹੈ ਕਿ ਬਹਿਸ ਕਰਨ ਵਾਲਿਆਂ ਵਿਚੋਂ ਜਿਆਦਾ ਲੋਕਾਂ ਨੇ ਇਸ ਨੂੰ ਆਪ ਪੜ੍ਹਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ।ਆਮ ਲੋਕਾਂ ਦੀ ਮਜਬੂਰੀ ਹੈ ਕਿ ਉਹਨਾ ਨੇ ਜਿਸ ਸੰਸਥਾ ਦੀ ਐਨਕ ਲਾਈ ਹੈ ਉਹ ਓਹੋ ਜਿਹਾ ਦੇਖਣਾ ਪਸੰਦ ਕਰਦੇ ਹਨ ।ਜਿਹਨਾ ਗਿਆਨਵਾਨਾ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆਂ ਨੂੰ ਹਿਰਦੇ ਵਿੱਚ ਧਾਰਨ ਕੀਤਾ ਹੈ ਉਹਨਾ ਨੂੰ ਕੋਈ ਭੁਲੇਖਾਂ ਨਹੀ ਕਿ ਅਸਲੀਅਤ ਕੀ ਹੈ । ਜਿਵੇਂ ਭਾਈ ਗੁਰਦਾਸ ਜੀ ਲਿਖਦੇ ਹਨ ਕਿ ਸੌ ਅਦਮੀ ਬੋਲ ਰਿਹਾ ਹੋਵੇ ਤਾਂ ਸੁਹਾਗਣ ਇਸਤਰੀ ਆਪਣੇ ਪਤੀ ਦੀ ਅਵਾਜ ਝੱਟ ਪਛਾਣ ਲੈਂਦੀ ਹੈ ।
ਭਾਵੇਂ ਮੇਰੇ ਬੋਲ ਕਿਸੇ ਨੂੰ ਕੌੜੇ ਲੱਗਣ ਪਰ ਕਹਿਣਾ ਚਹੁੰਦਾ ਹਾਂ ....ਕਿਸੇ ਬਿਭਚਾਰਨ ਨੂੰ ਕੀ ਕਦਰ ਕਿ ਸੁਹਾਗ ਕੀ ਹੁੰਦਾ ਹੈ ?
ਦੁਬਿਧਾ ਤਾਂ ਦੂਰ ਹੋਵੇਗੀ ਜੇ ਅਸੀ ਨਿਮਾਣੇ ,ਨਿਤਾਣੇ ਹੋ ਦਸਾਂ ਪਾਤਸ਼ਾਹੀਆਂ ਦੀ ਜੋਤ ਦੇ ਸਿਧਾਂਤ ਦਾ ਓਟ ਆਸਰਾ ਲੈ ਕੇ ਪਰਖ ਕਰਾਂਗੇ ਤੇ ਜੇ ਇਸੇ ਰਾਹ ਤੇ ਚਲਦੇ ਰਹੇ ਕਿ ਗੁਰੂ ਗੋਬਿੰਦ ਸਿੰਘ ਜੀ ਭੁੱਲ ਕਰ ਗਏ ਹਨ ਅਸੀ ਹੁਣ ਦੋ ਗੇੁਰੂ ਬਣਾ ਕੇ ਹੀ ਸਾਹ ਲੈਣਾ ਹੈ ਇਹ ਤਾਂ ਦੁਬਿਧਾ ਨੂੰ ਹੋਕੇ ਮਾਰ ਮਾਰ ਕੇ ਘਰ ਬਿਠਾਉਣ ਵਾਲੀ ਗੱਲ ਹੈ
( ਵੈਸੇ ਆਪਣੇ ਆਪ ਨੂੰ ਦਸਮ ਪਾਤਸ਼ਾਹ ਤੋਂ ਸਿਆਣੇ ਸਮਝਣ ਦੀ ਕੋਝੀ ਇੱਛਾ ਰੱਖਣ ਵਾਲੇ ਅ-ਸਿੱਖਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ)
ਅੱਜ ਇੰਨਾ ਹੀ , ਜੇ ਕੋਈ ਅੱਗੇ ਬਹਿਸ ਚਲਦੀ ਹੈ ਤਾਂ ਫਿਰ ਹਾਜ਼ਰ ਹੋਵਾਂਗਾ
ਇਸ ਲੇਖ ਲਈ ਤੁਹਾਡਾ ਧੰਨਵਾਦ ਨਹੀਂ ਕਰਾਂਗਾ .....ਬੱਸ ਇੰਨਾ ਜਰੂਰ ਕਹਾਂਗਾ ....ਨਮਸ਼ਕਾਰ ਹੈ ਤੁਹਾਡੀ ਕਲਮ ਨੂੰ
ਅਨਾਮ
Post a Comment