ਲੇਖ
ਅੱਜ ਤੋਂ ਪੰਜ ਸਾਲ ਪਹਿਲਾਂ ਮੈਂ ਜਦੋਂ ਪਹਿਲੀ ਵਾਰ ਇੰਗਲੈਂਡ ਗਿਆ ਤਾਂ ਬੱਚਿਆਂ ਦੀ ਤਰ੍ਹਾਂ ਹਰ ਚੀਜ਼ ਵੇਖਕੇ ਹੈਰਾਨ ਹੁੰਦਾ ਸੀ। ਗੋਰਿਆਂ ਦਾ ਅਨੁਸ਼ਾਸਨ, ਕਾਨੂੰਨ, ਹੱਸਦੀਆਂ ਮੁਸਕਰਾਉਂਦੀਆਂ ਫਿਰਦੀਆਂ ਮੇਮਾਂ, ਸਾਹਮਣੇ ਆਦਮੀ ਆਇਆ ਵੇਖਕੇ ਆਪਣੇ ਆਪ ਖੁੱਲ੍ਹਦੇ ਸ਼ੀਸ਼ੇ ਦੇ ਬੂਹੇ, ਬਿਜਲੀ ਨਾਲ ਚੱਲਦੀਆਂ ਪੌੜੀਆਂ, ਅਸਮਾਨ ਛੂੰਹਦੀਆਂ ਸ਼ੀਸ਼ੇ ਦੀਆਂ ਇਮਾਰਤਾਂ ਤੇ ਇੰਗਲੈਂਡ ਦੀ ਟਰਾਂਸਪੋਰਟ ਵੇਖਕੇ ਬਹੁਤ ਪ੍ਰਭਾਵਤ ਹੋਇਆ ਸੀ। ਹੁਣ ਆਦੀ ਹੋ ਗਿਆ ਹਾਂ। ਨਾਲ ਹੀ ਇਹ ਵੀ ਸਮਝ ਗਿਆ ਹਾਂ ਕਿ ਵਿਕਾਸ ਵਿੱਚ ਤਾਂ ਸ਼ਾਇਦ ਅਸੀਂ ਇਸ ਸਦੀ ਦੇ ਅੰਤ ਤੱਕ ਉਨ੍ਹਾਂ ਦੇ ਨੇੜੇ ਤੇੜੇ ਹੋ ਜਾਈਏ ( ਉਹ ਵੀ ਉਨ੍ਹਾਂ ਦੀ ਮੱਦਦ ਨਾਲ) ਪਰ ਕੌਮੀ ਆਚਰਣ ਪੱਖੋਂ ਸ਼ਾਇਦ ਕਦੀ ਵੀ ਉਨ੍ਹਾਂ ਬਰਾਬਰ ਨਹੀਂ ਹੋ ਸਕਦੇ।
----
ਉਸ ਸਾਲ ਮੈਂ ਤਿੰਨ ਹਫ਼ਤੇ ਇੰਗਲੈਡ ਰਿਹਾ ਸੀ । ਰੈਣ-ਬਸੇਰਾ ਮੇਰਾ ਮੇਰੇ ਰਿਸ਼ਤੇਦਾਰਾਂ ਕੋਲ ਸੀ ਪਰ ਉਨ੍ਹਾਂ ਕੋਲ ਮੈਨੂੰ ਘੁੰਮਾਉਣ ਦਾ ਵਕਤ ਨਹੀਂ ਸੀ। ਇਸ ਕਰਕੇ ਪਹਿਲੇ ਦਿਨ ਹੀ ਉਨ੍ਹਾਂ ਮੈਨੂੰ ਇਗਲੈਂਡ ਦੀ ਟਰਾਂਸਪੋਰਟ ਤੇ ਇੱਕ ਚੱਕਰ ਲੁਆ ਕੇ ਖ਼ੁਦ ਹੀ ਘੁੰਮਣਾ ਸਮਝਾ ਦਿੱਤਾ। ਮੈਂ ਸਵੇਰੇ ਹੀ ਪਰੌਠੇ ਆਮਲੇਟ ਖਾ ਕੇ ਨੇੜੇ ਦੀ ਦੁਕਾਨ ਤੋਂ ਸਾਰੇ ਦਿਨ ਵਾਲਾ ਟਰੈਵਲ ਕਾਰਡ ਲੈਂਦਾ ਤੇ ਕੈਂਟ ਤੋਂ ਸੈਂਟਰਲ ਲੰਦਨ ਪਹੁੰਚ ਜਾਂਦਾ। ਪਹਿਲਾਂ ਕਬੂਤਰਾਂ ਵਾਲੇ ਟਰੈਫਲਗਾਰ ਸੁਕੇਅਰ ਗੇੜਾ ਮਾਰਦਾ। ਆਪਣੇ ਕਿਸੇ ਵੀ ਮਿਲਣ ਵਾਲੇ ਨੂੰ ਮੈਂ ਟਰੈਫਲਗਾਰ ਸੁਕੇਅਰ ਤੇ ਮਿਲਣ ਆ ਸਮਾਂ ਦਿੰਦਾ ਤੇ ਓਥੋਂ ਅਗਾਂਹ ਕਿਸੇ ਪਾਸੇ ਨਿੱਕਲ ਜਾਂਦੇ। ਅਕਸਰ ਹੀ ਸਵੇਰੇ ਗਿਆਰਾਂ ਕੁ ਵਜੇ ਮੈਂ ਉੱਥੇ ਪਹੁੰਚ ਜਾਂਦਾ। ਫਿਰ ਸਾਰਾ ਦਿਨ ਚੱਲ ਸੋ ਚੱਲ।
----
ਮੇਰੇ ਗਵਾਂਢੀ ਪਿੰਡ ਤੋਂ ਇੰਗਲੈਂਡ ਰਹਿੰਦੇ ਮਿੱਤਰ ਅਮਰੀਕ ਸਿੰਘ ਨੇ ਮੈਨੂੰ ਸਟੇਸ਼ਨ ਤੋਂ ਮੁਫ਼ਤ ਮਿਲਦਾ ਲੰਡਨ ਟਿਊਬ ਦਾ ਨਕਸ਼ਾ ਸਮਝਾਕੇ ਦੱਸ ਦਿੱਤਾ ਸੀ ਕਿ “ਫ਼ਿਕਰ ਦੀ ਉੱਕਾ ਹੀ ਕੋਈ ਲੋੜ ਨਹੀਂ। ਨਾ ਹੀ ਕਿਸੇ ਦਾ ਸਾਥ ਉਡੀਕਣ ਦੀ ਲੋੜ ਹੈ। ਇਹੀ ਤਾਂ ਇਸ ਟਿਊਬ ਦਾ ਕਮਾਲ ਹੈ। ਜੇ ਗ਼ਲਤ ਟਰੇਨ ਵੀ ਚੜ੍ਹ ਗਿਆ ਤਾਂ ਉਸ ਲਾਈਨ ਦੇ ਕਿਸੇ ਵੀ ਸਟੇਸ਼ਨ ਤੋਂ ਵਾਪਸ ਆ ਸਕਦਾ ਹੈਂ । ਕਿਉਂਕਿ ਹਰ ਟਿਊਬ ਸੈਂਟਰਲ ਲੰਦਨ ਸਟੇਸ਼ਨ ਚੇਰਿੰਗ ਕਰਾਸ ਤੇ ਆਉਂਦੀ ਹੈ ਤੇ ਉੱਥੋਂ ਹਰ ਪਾਸੇ ਜਾਂਦੀ ਹੈ।” ਇੰਜ ਮੈਂ ਸਿਰਫ਼ ਸੌ ਕੁ ਪੌਂਡ ਦੇ ਕਿਰਾਏ ਵਿੱਚ ਰੱਜਕੇ ਗੋਰੀਆਂ ਰੇਲਾਂ ਤੇ ਝੂਟੇ ਲਏ।
----
ਲੰਦਨ ਦੀ ਅੰਡਰਗਰਾਊਂਡ ਰੇਲਵੇ ਦੁਨੀਆਂ ਦੀ ਸੱਭ ਤੋਂ ਪੁਰਾਣੀ ਅੰਡਰਗਰਾਊਂਡ ਰੇਲਵੇ ਹੈ। ਇਸਨੂੰ ਟਿਊਬ ਵੀ ਕਿਹਾ ਜਾਂਦਾ ਹੈ। 1863 ਵਿੱਚ ਸ਼ੁਰੂ ਹੋਈ 400 ਕਿਲੋਮੀਟਰ ਲੰਬੀ ਇਸ ਰੇਲ ਦੇ ਗਰੇਟਰ ਲੰਦਨ ਵਿੱਚ 270 ਸਟੇਸ਼ਨ ਹਨ। ਜ਼ਮੀਨ ਦੋਜ਼ ਇਹਨਾਂ ਸਟੇਸ਼ਨਾਂ ਤੇ ਇੰਨੀ ਰੋਸ਼ਨੀ ਦਾ ਪ੍ਰਬੰਧ ਹੈ ਕਿ ਇਥੇ ਦਿਨ ਵਾਂਗ ਹੀ ਚਾਨਣ ਹੁੰਦਾ ਹੈ। ਇਸ ਤੇ ਰੋਜਾਨਾਂ 30 ਲੱਖ ਲੋਕ ਸਫ਼ਰ ਕਰਦੇ ਹਨ। ਇਸ ਦੀਆਂ ਗਿਆਰਾਂ ਲਾਈਨਾਂ ਇੱਕੋ ਸਮੇਂ ਵੱਖ ਵੱਖ ਦਿਸ਼ਾਵਾਂ ਵਿੱਚ ਚੱਲਦੀਆਂ ਹਨ। ਇਨ੍ਹਾਂ ਰੇਲਾਂ ਦੇ ਬੇਕਰਲੂ, ਸੈਂਟਰਲ, ਸਰਕਲ, ਡਿਸਟਰਿਕਟ, ਸਿਟੀ, ਜੁਬਲੀ, ਮੈਟਰੋਪੋਲਿਟਨ, ਨਾਰਦਰਨ, ਪਿਕਾਡਲੀ, ਵਿਕਟੋਰੀਆ ਅਤੇ ਵਾਟਰਲੂ ਆਦਿ ਨਾਮ ਹਨ ਅਤੇ ਵੱਖੋ ਵੱਖਰੇ ਭੂਰਾ, ਲਾਲ, ਹਰਾ, ਪੀਲਾ, ਗੁਲਾਬੀ, ਉਨਾਭੀ, ਕਾਲਾ ਆਦਿ ਰੰਗ ਹਨ। ਛੇ ਕਰੋੜ ਦੀ ਅਬਾਦੀ ਵਾਲੇ ਇੰਗਲੈਂਡ ਦੇ ਇੱਕ ਸਾਲ ਵਿੱਚ ਇਸ ਟਿਊਬ ਤੇ ਵੱਖੋ ਵੱਖਰੇ ਦੇਸ਼ਾਂ, ਰੰਗਾਂ ਨਸਲਾਂ ਵਾਲੇ ਇੱਕ ਅਰਬ ਯਾਤਰੀ ਸਫ਼ਰ ਕਰਦੇ ਹਨ ।
----
ਕਈ ਸਟੇਸ਼ਨਾਂ ਤੇ ਪੰਜ ਪੰਜ ਮਿੰਟ ਦੀ ਸਰਵਿਸ ਹੈ।ਇਹ ਰੇਲ ਜਦੋਂ ਬਣਨੀ ਸ਼ੁਰੂ ਹੋਈ ਸੀ ਓਦੋਂ ਅਸੀਂ ਆਜ਼ਾਦੀ ਦੀ ਪਹਿਲੀ ਲੜਾਈ ਲੜ ਰਹੇ ਸੀ ਜਿਸ ਨੂੰ 1857 ਦਾ ਗਦਰ ਕਹਿੰਦੇ ਹਨ। ਪੈਸੇ ਦੀ ਘਾਟ ਕਾਰਨ ਕਈ ਸਾਲ ਕੰਮ ਰੁਕਿਆ ਰਿਹਾ। ਪੱਛਮ ਨਾਲੋਂ ਵਿਕਾਸ ਵਿੱਚ ਸਾਡੇ ਪਛੜਣ ਦਾ ਇੱਕ ਇਤਿਹਾਸਕ ਕਾਰਨ ਇਹ ਵੀ ਹੈ ਕਿ ਜਦੋਂ ਗੋਰੇ ਸੁਰੰਗਾਂ ਪੁੱਟਕੇ ਰੇਲ ਲਾਈਨਾਂ ਵਿਛਾ ਰਹੇ ਸਨ ਤਾਂ ਅਸੀਂ ਹਥਿਆਰ ਚੁੱਕਕੇ ਅੰਗਰੇਜ਼ਾਂ ਤੋਂ ਆਜ਼ਾਦ ਹੋਣ ਲਈ ਹੰਭਲਾ ਮਾਰ ਰਹੇ ਸਾਂ। ਵਿਸ਼ਵ ਵਿੱਚ ਸੱਭ ਤੋਂ ਪਹਿਲਾਂ ਬ੍ਰਿਟਸ਼ ਰੇਲਾਂ ਬਿਜਲੀ ਨਾਲ ਚੱਲਣ ਲੱਗੀਆਂ ਸਨ। ਇਨ੍ਹਾ ਨੂੰ ਬਿਜਲੀ ਸਾਡੇ ਦੇਸ਼ ਦੀਆਂ ਰੇਲਾਂ ਵਾਂਗ ਉੱਪਰੋਂ ਬਿਜਲੀ ਦੀਆਂ ਤਾਰਾਂ ਤੋਂ ਨਹੀਂ ਮਿਲਦੀ । ਇਨ੍ਹਾਂ ਦੇ ਹੇਠਾਂ ਸੱਜੇ ਪਾਸੇ ਦੀ ਲਾਇਨ ਦੇ ਅੰਦਰਵਾਰ ਇੱਕ ਪਤਲੀ ਜਿਹੀ ਲਾਇਨ ਹੁੰਦੀ ਹੈ ਜਿਸ ਨਾਲ ਰੇਲ ਦੇ ਪਹੀਏ ਘਿਸਰਕੇ ਚੱਲਦੇ ਹਨ। ਸ਼ੁਰੂ ਵਿੱਚ ਇਹ ਰੇਲ ਪ੍ਰਾਈਵੇਟ ਸੀ ਪਰ 1948 ਵਿੱਚ ਲੇਬਰ ਸਰਕਾਰ ਨੇ ਇਸਦਾ ਕੌਮੀਕਰਨ ਕਰ ਦਿੱਤਾ। ਦੂਜੀ ਸੰਸਾਰ ਜੰਗ ਦੇ ਅੰਤ ਤੇ ਰੇਲ ਚਲਾ ਰਹੀਆਂ ਚਾਰੋਂ ਕੰਪਨੀਆਂ ਦਵਾਲੀਆ ਹੋ ਗਈਆਂ ਸਨ। ਇਸ ਲਈ ਟਿਊਬ ਨੂੰ ਚੱਲਦੀ ਰੱਖਣ ਲਈ ਇਸ ਨੂੰ ਸਰਕਾਰ ਨੇ ਆਪਣੇ ਹੱਥ ਲੈ ਲਿਆ। ਹੁਣ ਫੇਰ ਕੰਪਨੀਆਂ ਬਣ ਗਈਆਂ ਹਨ। ਦੂਜੀ ਸੰਸਾਰ ਜੰਗ ਵੇਲੇ ਜਦੋਂ ਹਿਟਲਰ ਦੇ ਜਹਾਜ਼ ਲੰਦਨ ਤੇ ਛਾਂ ਕਰ ਦਿੰਦੇ ਸਨ ਤਾਂ ਹਜਾਰਾਂ ਲੋਕੀਂ ਇਸਦੇ ਭੂੰਮੀਗਤ ਸਟੇਸ਼ਨਾਂ ਨੂੰ ਤਹਿਖ਼ਾਨਿਆਂ ਵਜੋਂ ਵਰਤਦੇ ਸਨ। ਕਈ ਸੁਰੰਗਾਂ ਡੂੰਘੀਆਂ ਹੋਣ ਕਾਰਨ ਗਰਮੀਆਂ ਵਿੱਚ ਕਈ ਵਾਰ ਟੈਪਰੇਚਰ 45 ਡਿਗਰੀ ਤੱਕ ਚਲਾ ਜਾਂਦਾ। ਇਸ ਕਰਕੇ ਕਈ ਸਟੇਸ਼ਨਾਂ ਤੇ ਬਿਜਲੀ ਦੇ ਅੱਖਰਾਂ ਨਾਲ ਲਿਖਿਆ ਹੋਇਆ ਸੀ ਕਿ ਮੁਸਾਫ਼ਿਰ ਆਪਣੇ ਨਾਲ ਪਾਣੀ ਦੀਆਂ ਬੋਤਲਾਂ ਰੱਖਣ। ਗੱਡੀਆਂ ਦਾ ਆਉਣਾ ਜਾਣਾ ਹੁਣ ਕੰਪਿਊਟਰਾਂ ਨਾਲ ਕੰਟਰੋਲ ਹੁੰਦਾ ਹੈ।
----
ਇਹ ਰੇਲ ਨੈੱਟ ਵਰਕ 6 ਜ਼ੋਨਾਂ ਵਿੱਚ ਵੰਡਿਆ ਹੋਇਆ ਹੈ। ਜੋਨ ਇੱਕ ਕੇਂਦਰੀ ਲੰਦਨ ਵਿੱਚ ਘੁੰਮਦਾ ਹੈ ਜਦੋਂ ਕਿ ਜ਼ੋਨ 6 ਲੰਦਨ ਦੇ ਬਾਹਰੀ ਹਿੱਸੇ ਦਵਾਲੇ ਹੀਥਰੋ ਏਅਰਪੋਰਟ ਤੱਕ ਜਾਂਦਾ ਹੈ।ਟਿਕਟਾਂ ਦੇਣ ਲਈ ਟਿਕਟ ਮਸ਼ੀਨਾਂ ਹਨ। ਕਈ ਮਸ਼ੀਨਾਂ ਵਿੱਚ ਸਿਰਫ਼ ਸਿੱਕੇ ਹੀ ਪੈਂਦੇ ਹਨ ਜਦੋਂ ਕਿ ਕਈ ਮਸ਼ੀਨਾਂ ਨੋਟ ਵੀ ਸਵੀਕਾਰ ਕਰਦੀਆਂ ਹਨ ਤੇ ਬਾਕੀ ਬਚਦੀ ਭਾਨ ਮੋੜ ਦਿੰਦੀਆਂ ਹਨ। ਇਹਨਾਂ ਮਸੀਨਾਂ ਤੇ ਕਰੈਡਿਟ ਤੇ ਡੈਬਟ ਕਾਰਡ ਵੀ ਚੱਲਦੇ ਹਨ। ਅਮਰੀਕਾ ਦੀ ਤਰਜ਼ ਤੇ ਹੁਣ ਕਈ ਮਸ਼ੀਨਾਂ ਸਿਰਫ਼ ਕਾਰਡ ਹੀ ਲੈਂਦੀਆਂ ਹਨ। ਦੁਕਾਨਾਂ ਤੋਂ ਸਾਰੇ ਦਿਨ ਲਈ 5.50 ਪੌਂਡ ਦਾ ਸਫ਼ਰ ਕਾਰਡ ਵੀ ਮਿਲ ਜਾਂਦਾ ਹੈ। ਇਸ ਪਾਸ ਨਾਲ ਸਵੇਰ ਦੇ 9.30 ਤੋਂ ਲੈ ਕੇ ਰਾਤ ਦੀ ਆਖਰੀ ਟਰੇਂਨ ਤੱਕ ਸਾਰਾ ਦਿਨ ਸਫ਼ਰ ਕੀਤਾ ਜਾ ਸਕਦਾ ਹੈ। ਇਸ ਪਾਸ ਨਾਲ ਕਿਸੇ ਵੀ ਰੇਲ, ਟਿਊਬ ਅਤੇ ਬੱਸ ਤੇ ਸਫ਼ਰ ਕੀਤਾ ਜਾ ਸਕਦਾ ਹੈ।
----
ਸਟੇਸ਼ਟਨਾਂ ਤੋਂ ਬਾਹਰ ਜਾਣ ਲਈ ਆਟੋਮੈਟਿਕ ਫਾਟਕ ਲੱਗੇ ਹੁੰਦੇ ਹਨ ਜੋ ਟਰੈਵਲ ਕਾਰਡ ਪਾਉਣ ਤੇ ਹੀ ਖੁੱਲ੍ਹਦੇ ਹਨ। ਇਹ ਡੰਡਾ ਨੁਮਾਂ ਫਾਟਕ ਲੰਘਣ ਤੋਂ ਬਾਅਦ ਆਪਣੇ ਆਪ ਬੰਦ ਹੋ ਜਾਂਦੇ ਹਨ। ਜੋ ਮੁਸਾਫ਼ਿਰ ਕੋਲ ਟਿਕਟ ਨਾ ਹੋਵੇ ਤਾਂ ਇਹ ਫਾਟਕ ਖੁੱਲ੍ਹਦੇ ਨਹੀਂ । ਵਗੈਰ ਟਿਕਟ ਤੋਂ ਸਫ਼ਰ ਕਰਨ ਦਾ ਜੁਰਮਾਨਾ 50 ਪੌਂਡ ਹੈ। ਇਸ ਕਰਕੇ ਛੇਤੀ ਕੀਤਿਆਂ ਕੋਈ ਵਗੈਰ ਟਿਕਟ ਸਫਰ ਕਰਨ ਦੀ ਗ਼ਲਤੀ ਨਹੀਂ ਕਰਦਾ। ਜੁਰਮਾਨੇ ਤੋਂ ਇਲਾਵਾ ਸਜ਼ਾ ਵੀ ਦਿੱਤੀ ਜਾ ਸਕਦੀ ਹੈ ਤੇ ਦੋਸ਼ ਸਾਬਤ ਹੋਣ ਦੀ ਸੂਰਤ ਵਿੱਚ ਇੱਕ ਹਜਾਰ ਪੌਂਡ ਜੁਰਮਾਨਾ ਤੇ ਤਿੰਨ ਮਹੀਨੇ ਸਜ਼ਾ ਹੋ ਸਕਦੀ ਹੈ। ਇੱਕ ਵਾਰ ਪ੍ਰਧਾਨ ਮੰਤਰੀ ਟੋਨੀ ਬਲੱਅਰ ਦੀ ਪਤਨੀ ਕਾਹਲੀ ਵਿੱਚ ਟਿਕਟ ਲੈਣੀ ਭੁੱਲ ਗਈ ਸੀ ਤੇ ਚੈੱਕਰ ਨੇ ਮੌਕੇ ਤੇ ਹੀ ਪੰਜਾਹ ਪੌਡ ਜੁਰਮਾਨਾ ਕਰਕੇ ਹੀ ਸਟੇਸ਼ਨ ਤੋਂ ਬਾਹਰ ਜਾਣ ਦਿੱਤੀ ਸੀ। ਸਾਡੇ ਦੇਸ਼ ਵਿੱਚ ਚੈਕਿੰਗ ਵਾਲਾ ਰਿਸ਼ਵਤ ਲੈ ਕਿ ਜਾਂ ਵੱਡਾ ਅਫਸਰ ਸਮਝਕੇ ਛੱਡ ਦਿੰਦਾ ਹੈ।
----
ਗੱਡੀਆਂ ਸਹੀ ਵਕਤ ਹੀ ਚੱਲ ਰਹੀਆਂ ਹੁੰਦੀਆਂ ਹਨ। 24 ਘੰਟੇ ਚੱਲਣ ਵਾਲੀ ਇਹ ਟਿਊਬ ਸੇਵਾ ਰਾਤੀਂ ਡੇਢ ਤੋਂ ਲੈ ਕੇ ਸਵੇਰੇ ਸਾਢੇ ਚਾਰ ਵਜੇ ਤੱਕ ਸਿਰਫ ਤਿੰਨ ਘੰਟੇ ਲਾਈਨਾਂ ਦੀ ਮੁਰੰਮਤ ਲਈ ਬੰਦ ਰਹਿੰਦੀ ਹੈ। ਇਹ ਗੋਰਿਆਂ ਦੀ ਤਕਨੀਕ ਦਾ ਕਮਾਲ ਹੈ ਕਿ ਰੇਲ ਦਾ ਡੱਬਾ ਪਲੇਟਫਰਮ ਦੇ ਨਾਲ ਦੋ ਇੰਚ ਦੀ ਦੂਰੀ ਤੋਂ ਲੰਘਦਾ ਹੈ। ਜੇ ਕਿਤੇ ਦੂਰੀ ਚੱਪੇ ਜਿੰਨੀ ਵੀ ਹੋਵੇ ਉੱਥੇ ਫਰਸ਼ ਤੇ ਲਿਖਿਆ ਹੁੰਦਾ ਹੈ ਕਿ ਆਪਣੇ ਪੈਰਾਂ ਦਾ ਧਿਆਨ ਰੱਖੋ। ਅੰਡਰਗਰਾਊਂਡ ਸਟੇਸ਼ਨਾਂ ਤੱਕ ਜਾਣ ਤੇ ਉੱਪਰ ਆਉਣ ਲਈ ਹਰ ਸਮੇਂ ਬਿਜਲੀ ਨਾਲ 410 ਪੌੜੀਆਂ ਤਿੰਨ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਦੀਆਂ ਰਹਿੰਦੀਆਂ ਹਨ ਜੋ ਭੱਜਕੇ ਪੌੜੀਆਂ ਚੜ੍ਹਣ ਦੇ ਬਰਾਬਰ ਹੈ।। ਤੁਸੀਂ ਸਿਰਫ ਪੌੜੀ ਤੇ ਖੜ੍ਹਣਾ ਹੀ ਹੁੰਦਾ ਹੈ। ਹੇਠਾਂ ਉੱਤੇ ਆਉਣ ਲਿਜਾਣ ਦਾ ਕੰਮ ਪੌੜੀਆਂ ਆਪੇ ਕਰਦੀਆਂ ਹਨ। ਕਈ ਸਟੇਸ਼ਨ ਇੰਨੇ ਡੂੰਘੇ ਹਨ ਕਿ ਹੇਠਾਂ ਜਾਣ ਤੱਕ 193 ਪੌੜੀਆਂ ਹਨ। ਪਰ ਕਈ ਥਾਈਂ ਇਹ ਡੂੰਘਾਈ ਨਲਕੇ ਜਿੰਨੀ ਹੀ ਹੁੰਦੀ ਹੈ।ਮੁੱਖ ਸਟੇਸ਼ਨਾਂ ਉੱਤੇ ਬਿਜਲਈ ਪੌੜੀਆਂ ਦੇ ਨਾਲ ਲਿਫਟਾਂ ਵੀ ਲੱਗੀਆਂ ਹਨ। ਇਸ ਟਿਊਬ ਦੀ ਇਹ ਕਮਾਲ ਹੈ ਕਿ ਹਾਦਸਾ ਹੋਣ ਦੀ ਸੰਭਾਵਨਾ ਨਾਂਮਾਤਰ ਹੀ ਹੈ। ਇਕ ਵਾਰ ਮੈਂ ਲੰਦਨ ਤੋਂ ਕੈਂਟ ਵੱਲ ਜਾਂਦਿਆਂ ਧਰਤੀ ਉੱਤੇ ਬਰਾਬਰੋਂ ਲੰਘ ਰਹੀਆਂ ਅੱਠ ਗੱਡੀਆ ਦੀ ਗਿਣਤੀ ਕੀਤੀ ਸੀ। ਇਹ ਸਾਰੀਆਂ ਸੌ ਦੀ ਸਪੀਡ ਤੇ ਆ ਜਾ ਰਹੀਆਂ ਸਨ। ਮੈਂ ਹੈਰਾਨ ਹੋ ਰਿਹਾ ਸੀ ਕਿ ਇਹ ਲਾਈਨਾਂ ਕਿੰਝ ਬਦਲ ਰਹੀਆਂ ਹਨ ? ਸਾਡੇ ਤਾਂ ਦੋ ਗੱਡੀਆਂ ਨੂੰ ਕਰਾਸ ਕਰਾਉਣ ਲੱਗੇ ਹੀ ਕਈ ਵਾਰ ਕਾਂਟਾ ਬਦਲਣਾ ਭੁੱਲ ਜਾਂਦੇ ਹਨ ਤੇ ਡੇਢ ਦੋ ਸੌ ਮੁਸਾਫ਼ਿਰ ਆਲੂਆਂ ਦੀ ਬੋਰੀ ਵਾਂਗੂੰ ਖਿੱਲਰਕੇ ਲਾਸ਼ਾਂ ਬਣ ਜਾਂਦੇ ਹਨ। ਕਦੀ ਕੋਈ ਅਧਿਕਾਰੀ ਜੇਲ੍ਹ ਕੱਟਦਾ ਨਹੀਂ ਵੇਖਿਆ। ਇਸੇ ਕਰਕੇ ਲਿਖਿਆ ਹੁੰਦਾ ਹੈ, ਸਵਾਰੀ ਆਪਣੇ ਸਮਾਨ (ਸਫ਼ਰ) ਦੀ ਖ਼ੁਦ ਜ਼ਿੰਮੇਵਾਰ ਹੈ। ਲੰਦਨ ਟਿਊਬ ਵਿੱਚ ਸਫ਼ਰ ਦੀ ਸਰਕਾਰ ਜ਼ਿੰਮੇਵਾਰ ਹੈ।
----
ਬ੍ਰਿਟਸ਼ ਰੇਲ ਅਤੇ ਟਿਊਬ ਜੋ ਅੱਧੀ ਧਰਤੀ ਦੇ ਉੱਪਰ ਅਤੇ ਅੱਧੀ ਭੂਮੀਗਤ ਚੱਲਦੀ ਹੈ, ਤੇ ਸਫ਼ਰ ਕਰਕੇ ਅੱਸ਼ ਅੱਸ਼ ਕਰ ਉੱਠੀਦਾ ਹੈ। ਹਰ ਡੱਬੇ ਦਾ ਬੂਹਾ ਸਟੇਸ਼ਨ ਤੇ ਆਪਣੇ ਆਪ ਖੁੱਲ੍ਹਦਾ ਹੈ ਅਤੇ ਗੱਡੀ ਚੱਲਣ ਤੋਂ ਕੁੱਝ ਸੈਕਿੰਡ ਪਹਿਲਾਂ ਆਪਣੇ ਆਪ ਬੰਦ ਹੋ ਜਾਂਦਾ ਹੈ। ਰੇਲ ਦੇ ਹਰ ਡੱਬੇ ਦੇ ਦੋਨੋਂ ਪਾਸੀਂ ਸਾਰੇ ਰੇਲ ਸਫਰ ਦਾ ਨਕਸ਼ਾ ਵਾਹਿਆ ਹੁੰਦਾ ਅਤੇ ਸਾਰੀ ਜਾਣਕਾਰੀ ਲਿਖੀ ਹੋਈ ਬਿਜਲੀ ਨਾਲ ਚਮਕਦੇ ਅੱਖਰਾਂ ਤੇ ਚੱਲਦੀ ਰਹਿੰਦੀ ਹੈ ਜਿਸ ਵਿੱਚ ਦੱਸਿਆ ਹੁੰਦਾ ਕਿ ਇਹ ਰੇਲ ਚੈਰੀਕਰਾਸਿੰਗ ਸਟੇਸ਼ਨ ਤੋਂ ਕੁਈਨਜ਼ ਪਾਰਕ ਸਟੇਸ਼ਨ ਜਾ ਰਹੀ ਹੈ ਅਤੇ ਅਗਲਾ ਸਟੇਸ਼ਨ ਕੋਟਫੱਤਾ ਹੈ। ਨਾਲ ਨਾਲ ਕਿਸੇ ਮੇਮ ਦੀ ਅਵਾਜ ਵੀ ਬੋਲਕੇ ਦੱਸਦੀ ਰਹਿੰਦੀ ਹੈ। ਜਿਉਂ ਹੀ ਸਟੇਸ਼ਨ ਤੇ ਰੇਲ ਰੁਕਦੀ ਹੈ ਸਟੇਸ਼ਨ ਦਾ ਨਾਮ ਚਮਕਦਾ ਹੈ ਅਤੇ ਹਲਕੀ ਜਿਹੀ ਘੰਟੀ ਨਾਲ ਆਵਾਜ਼ ਆਉਂਦੀ ਹੈ ਕਿ ‘ਸਟੇਸ਼ਨ ਆ ਗਿਆ ਹੈ’। ਇੰਜ ਕਿਸੇ ਵੀ ਮੁਸਾਫਰ ਨੂੰ ਪੁੱਛਣ ਦੀ ਲੋੜ ਨਹੀਂ ਪੈਂਦੀ। ਸਾਰੀਆਂ ਸੀਟਾਂ ਸਾਡੇ ਪਹਿਲੇ ਦਰਜੇ ਦੇ ਡੱਬਿਆਂ ਵਰਗੀਆਂ ਹੁੰਦੀਆਂ ਹਨ।
----
ਇੱਕ ਦਿਨ ਮੈਂ ਇਸ ਟਿਊਬ ਰਾਹੀਂ ਕਨੇਰੀ ਗਿਆ। ਇਹ ਲਾਈਨ ਬਹੁਤ ਡੂੰਘੀ ਸੀ।ਉੱਪਰ ਆਉਂਦਿਆਂ ਮੈਂ ਹੇਠਾਂ ਖੂਹ ਜਿੰਨੇ ਡੂੰਘੇ ਸਟੇਸ਼ਨ ਤੇ ਨਿਗਾਹ ਮਾਰਕੇ ਕਿਹਾ ਕਿ ਇਹ ਲਾਈਨ ਤਾਂ ਪਤਾਲ ‘ਚੋਂ ਲੰਘਦੀ ਆਈ ਹੈ। ਉਸ ਦਿਨ ਮੇਰੇ ਨਾਲ ਮੇਰੇ ਗਵਾਂਢੀ ਪਿੰਡ ਤੋਂ ਅਮਰੀਕ ਸਿੰਘ ਸੀ। ਉਹ ਮੈਨੂੰ ਕਹਿਣ ਲੱਗਾ ਕਿ ਇਹ ਕੋਈ ਇੱਕ ਕਿਲੋਮੀਟਰ ਥੇਮਜ ਦਰਿਆ ਹੇਠਾਂ ਸੁਰੰਗ ਵਿੱਚ ਚੱਲੀ ਹੈ। ਮੈਂ ਜਦੋਂ ਅਮਰੀਕ ਸਿੰਘ ਨੂੰ ਪੁੱਛਿਆ ਕਿ ਜੇ ਪਾਣੀ ਲੀਕ ਕਰ ਜਾਂਦਾ ਸਾਰੀ ਸੁਰੰਗ ਭਰ ਜਾਣੀ ਸੀ। ਆਪਾਂ ਬੋਕ ਦੇ ਸਿੰਗਾਂ ਨੂੰ ਕਿਉਂ ਹੱਥ ਪਾਇਆ ਬੱਸ ਤੇ ਆ ਜਾਂਦੇ। 1962 ਤੋਂ ਇੰਗਲੈਂਡ ਰਹਿੰਦਾ ਅਮਰੀਕ ਸਿੰਘ ਮੈਨੂੰ ਦੱਸਣ ਲੱਗਾ ਕਿ “ਅੰਗਰੇਜ਼ਾਂ ਨੂੰ ਦਰਿਆ ਕੁੱਝ ਨਹੀਂ ਕਹਿੰਦੇ। ਇਹ ਤਾਂ ਸਮੁੰਦਰਾਂ ਥੱਲੇ ਰੇਲਾਂ ਚਲਾ ਦਿੰਦੇ ਹਨ। ਲੰਦਨ ਦੇ ਵਿਚਕਾਰੋਂ ਲੰਘਦੇ ਥੇਮਜ ਦਰਿਆ ਹੇਠਾਂ ਇਨ੍ਹਾਂ ਨੇ ਬੱਸਾਂ, ਰੇਲਾਂ ਤੇ ਟਿਊਬਾਂ ਲੰਘਾਉਣ ਲਈ ਅਜਿਹੀਆਂ ਦਰਜਨ ਸੁਰੰਗਾਂ ਕੱਢੀਆਂ ਹੋਈਆਂ ਹਨ।” ਮੈਨੂੰ ਬਠਿੰਡੇ ਦਾ ਸੀਵਰੇਜ ਯਾਦ ਆ ਗਿਆ ਜੋ ਚਾਰ ਦਹਾਕਿਆਂ ਤੋਂ ਠੀਕ ਨਹੀਂ ਹੋ ਸਕਿਆ। ਜੇ ਇੱਕ ਪਾਸੇ ਠੀਕ ਹੁੰਦਾ ਹੈ ਤਾਂ ਦੂਜੇ ਪਾਸੇ ਸੜਕ ਪੁੱਟ ਲੈਂਦੇ ਹਨ। ਸਾਰੇ ਚੂਹੇ ਦੀ ਤਰਾਂ ਸਰਕਾਰੀ ਖ਼ਜ਼ਾਨੇ ਨੂੰ ਕੁਤਰ ਰਹੇ ਹਨ। ਅਮਰੀਕ ਸਿੰਘ ਮੈਨੂੰ ਦੱਸਣ ਲੱਗਾ ਕਿ “ਗੋਰਿਆਂ ਦੇ ਮਜਦੂਰ ਤੋਂ ਲੈ ਕੇ ਉੱਚ ਅਧਿਕਾਰੀ ਤੱਕ ਸੱਭ ਜਾਨ ਤੋੜਕੇ ਕੰਮ ਕਰਦੇ ਹਨ। ਆਪਣੇ ਕਿਸੇ ਵਿਰਲੇ ਟਾਵੇਂ ਨੂੰ ਛੱਡਕੇ, ਮਜਦੂਰ ਤੋਂ ਲੈ ਕੇ ਮਨਿਸਟਰ ਤੱਕ ਸਾਰੇ ਚੋਰ ਹਨ। ਗੋਰਿਆਂ ਦਾ ਬਣਾਇਆ ਬਠਿੰਡੇ ਵਾਲਾ ਰੇਲ ਪੁਲ ਅੱਜ ਤੱਕ ਨਹੀਂ ਜਰਕਿਆ। ਬਠਿੰਡੇ ਦਾ ਸੀਵਰੇਜ ਜੇ ਗੋਰਿਆਂ ਨੇ ਪਾਉਣਾ ਹੁੰਦਾ ਤਾਂ ਮਹੀਨਿਆਂ ਵਿੱਚ ਹੀ ਕਮਾਲ ਕਰਕੇ ਦਿਖਾ ਦਿੰਦੇ। ਮੀਂਹ ਸ਼ਹਿਰ ‘ਤੇ ਪੈਂਦਾ ਤੇ ਸੀਵਰੇਜ ਦਾ ਪਾਣੀ ਸੰਗਤ ਕੋਲੇ ਸੇਮ ਨਾਲੇ ਵਿੱਚ ਵਗਦਾ ਨਜ਼ਰ ਆਉਣਾ ਸੀ।ਲੋਕਾਂ ਨੇ ਇਸਨੂੰ ਜਾਦੂ ਜਾਂ ਕਰਾਮਾਤ ਸਮਝਕੇ ਪੂਜਣ ਲੱਗ ਪੈਣਾ ਸੀ।”
No comments:
Post a Comment