ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, August 23, 2009

ਗੁਰਮੇਲ ਬਦੇਸ਼ਾ - ਇੱਕ ਫੋਨ - 'ਜ਼ਿੰਦਗੀ ਹੱਥੋਂ ਸਤਾਏ ਮੇਰੇ ਦੋਸਤ ਦਾ - ਮੇਰੇ ਵੱਲ !'

ਇੱਕ ਫੋਨ - 'ਜ਼ਿੰਦਗੀ ਹੱਥੋਂ ਸਤਾਏ ਮੇਰੇ ਦੋਸਤ ਦਾ - ਮੇਰੇ ਵੱਲ !'

ਫੋਨ ਵਾਰਤਾਲਾਪ

ਹੈਲੋ ! ਹੈਲੋ !!.. ਗੁਰਮੇਲ........ !?!ਗੁਰਮੇਲ ! ਮੈਂ.. ਮੈਂ ਬੋਲ ਰਿਹਾਂ...!! ...ਕੀ ਹਾਲ ਚਾਲ ਐ ?”

----

ਮੈਂ ਪਛਾਣਿਆ ਨਹੀਂ !..ਕੌਣ !?!”

----

ਭੁੱਲ ਗਿਐਂ .. ? ਮੈਂ ਹਸਮੁੱਖ...!

----

ਓ ..ਹੱਸਮੁੱਖ ..! ਅੱਛਾ ! ਅੱਛਾ !! ਹੱਸਮੁੱਖ ਸਿੰਘ 'ਦੁਖੀਆ' !!!............. ਦੁਖੀਆ ਸਾਹਬ ! ਬੜੇ ਚਿਰਾਂ ਬਾਅਦ ਯਾਦ ਕੀਤਾ...!! ਕਿੱਥੇ ਰਹਿਣ ਲੱਗ ਪਏ ਸੀ .?”

----

ਰਹਿਣਾ ਕਿੱਥੇ ਸੀ - ਗੁਰਮੇਲ !?! ਜਾਂ ਠੇਕੇ ਜਾਂ ਠਾਣੇ .!

----

ਆਦਤਾਂ ਗਈਆਂ ਨਹੀਂ ਅਜੇ ?”

----

ਨਹੀਂ ! ਨਹੀਂ !! ਆਦਤਾਂ ਤਾਂ ਜਾਣ ਲੱਗੀਆਂ ਸੀ ,.... ਇੱਕ ਵਾਰ ਤਾਂ ਐਕਸਪਾਇਰ ਵੀ ਹੋ ਗਈਆਂ ਸੀ ..!

----

'ਤੇ ਫੇਰ ?'

----

ਫੇਰ ਘਰਵਾਲੀ ਨੇ ਰਿਨਿਊ ਕਰਵਾ ਦਿੱਤੀਆਂ '

----

'ਕੀ ਮਤਲਬ ?'

----

'ਮਤਲਬ ਇਹ ਕਿ ..'ਚੁੰਘੀ ਬੱਕਰੀ ਬਣਾ 'ਤਾ ਡਾਕਾ... ਮਾੜੀ ਹੋਈ ਅਮਲੀ ਨਾਲ !!'

----

ਪਰ ਫਿਰ ਵੀ ?

----

'ਮੇਰੇ ਲੱਫੜ ਦਾ ਓਹਦੀ ਗੱਲ ਤੋਂ ਫਾਸਲਾ ਤਕਰੀਬਨ ਚਾਰ ਕੁ ਗਿੱਠਾਂ ਦਾ ਰਹਿ ਗਿਆ ਸੀ , ਸ਼ਇਦ ਮੇਰਾ ਲੱਫੜ ਮੰਜ਼ਿਲ ਤੱਕ ਪਹੁੰਚ ਜਾਂਦਾ..!'

----

'ਫੇਰ ..?'

----

'ਫੇਰ ਕੀ ! ਉਨੇ ਚਿਰ ਨੂੰ ਉਹ ਫੋਨ ਕੋਲ ਪਹੁੰਚ 'ਗੀ '

----

'ਫੇਰ ਕੀ ਹੋਇਆ ..?'

----

ਫੇਰ ਕੀ ਹੋਇਆ ..! ਫੇਰ ਕੀ ਹੋਇਆ ..??...ਤੂੰ ਤਾਂ ਆਏਂ ਪੁੱਛੀ ਜਾਨੈ ! ਜਿਵੇਂ ਤੇਰੇ ਨਾਲ ਕਦੇ ਹੋਇਆ ਈ ਨਾ ਹੋਵੇ..?ਫੇਰ ਕੀ ਹੋਣਾ ਸੀ ? ਥੋੜੇ ਚਿਰ ਤੱਕ ਘਰੇ ਪੁਲਿਸ ਪਹੁੰਚ 'ਗੀ !

----

'ਤੇ ਤੂੰ ਦੱਸਿਆ ਨਹੀਂ ਪੁਲਿਸ ਨੂੰ - ਕਿ ਕੀ ਗੱਲ ਹੋਈ ...!?!'

----

'ਮੇਰੀ ਤਾਂ ਇੱਕ ਨਹੀਂ ਸੁਣੀ ਜ਼ੀਰੋ ਟੌਲਰਿੰਸ ਅਧੀਨ ਹੱਥਕੜੀਆਂ ਲਾ ਕੇ ਆਂਏ ਜੂੜ ਲਿਆ; ਜਿਵੇਂ : ਦੋਂਦੇ ਵੈਹੜਕੇ ਦੀ ਨਲ-ਬੰਦੀ ਕਰਨੀ ਹੋਵੇ ..!...ਮੈਂ ਤਾਂ ਬੱਸ , ਛੜਾਂ ਮਾਰਨ ਜੋਗਾ ਹੀ ਰਹਿ ਗਿਆ '

----

ਫੇਰ ਉਦੂੰ ਬਾਅਦ ਕੀ ਹੋਇਆ ?'

----

'ਹੋਣਾ ਕੀ ਸੀ ? ਲੋਕਾਂ ਦੀਆਂ ਖੁਰਲੀਆਂ ਨਾਲ ਖਹਿਣ ਵਾਲੇ ਦੇ ਗਲ ਐਸੀ ਪੰਜਾਲੀ ਪਾਈ ਕਿ ਮਾਂ ਦੀ ਧੀ ਕੁੱਲੇ 'ਤੇ ਆਰ ਲਾਕੇ ਸੁਆਦ ਲੈਂਦੀ ਰਹੀ .!'

----

ਪਰ , ਦੁਖੀਆ ਸਾਹਬ ! ਮੈਂ ਤਾਂ ਉਦੋਂ ਵੀ ਕਿਹਾ ਸੀ ਕਿ ਬਿਗਾਨੀਆਂ ਖੁਰਲੀਆਂ 'ਚ ਮੂੰਹ ਮਾਰਨੋ ਹਟ ਜਾ '

----

'ਹਟ ਤਾਂ ਜਾਂਦਾ, ਪਰ ਘਰ ਦੀ ਖੁਰਲੀ ਕਿਹੜਾ ਮੇਰੇ ਵਾਸਤੇ ਵੜੇਵੇਂ ਪਰੋਸ ਕੇ ਰੱਖਦੀ ਹੁੰਦੀ ਸੀ ..! ....ਪੁੱਛ ਨਾ ਯਾਰ ! ਰੀਣ 'ਚ ਮੂੰਹ ਮਾਰਦੇ ਦੀ ਜੀਭ 'ਤੇ ਛਾਲੇ ਪੈ 'ਗੇ !'

---

'ਤੇ ਹੁਣ ...?'

----

'ਹੁਣ ਕੀ ? ਬੱਸ , ਬੋਤੇ ਵਾਂਗੂੰ ਉਗਾਲੀ ਕਰਦੇ ਦੀ ਜਿੰਦਗੀ ਬਤੀਤ ਹੋ ਰਹੀ ਏ ! ...ਊਠ ਉੜਾਂਦੇ ਹੀ ਲੱਦੀਦੇ ਰਹੇ ਨੇ ਹੁਣ ਤੱਕ ..! .. ਪਹਿਲਾਂ ਇਹ ਮੰਗਾਈ . , ਫੇਰ ਏਹਦੇ ਭੈਣ-ਭਰਾ, ਮਾਂ-ਪਿਉ !! .. ਲੰਗੜੇ ਲੂਲੇ ਵੀ ਭੱਜ ਭੱਜ ਕੇ ਛਾਲਾਂ ਮਾਰ ਕੇ ਜਹਾਜ ਚੜ੍ਹ ਕੇ ਏਥੇ ਆ ਗਏ ! .......'ਤੇ ਹੁਣ ਏਥੇ ਆ ਕੇ ਜਵਾਈ ਨਾਲ ਹੀ ਰੇਸਾਂ ਲਾਉਣ ਲੱਗ ਪਏ ..!

ਓਦੂੰ ਬਾਅਦ ਵੀ ਮੈਂ ਤਾਂ ਐਨੀਆਂ ਏਥੇ ਮੰਗਵਾਈਆਂ , ..ਐਨੀਆਂ ਤਾਂ ਚੰਦਾਂ ਆਲੇ ਜਾਂ ਦਾਇਆ ਕਲਾਂ ਦੀਆਂ ਗਊਸ਼ਾਲਾ ਵਿੱਚ ਗਾਵਾਂ ਵੀ ਨਹੀਂ ਹੋਣੀਆਂ ...!?!'

---

'ਹੈਲੋ.......?'

----

'ਹੈਲੋ ! ...ਇੱਕ ਮਿੰਟ ..!!...ਬੋਤਲ ਵਾਸ਼ਰੂਮ 'ਚ ਲਕੋਈ ਸੀ , ਉਥੋਂ ਵੀ ਚੱਕ ਕੇ ਪਤਾ ਨਹੀਂ ਕਿੱਥੇ...?'

---

'ਹੈਲੋ......?'

---

'ਹੈਲੋ....! ..ਹਾਂ , ਸੁਣ ਰਿਹਾਂ., ਲੱਭ 'ਗੀ .....!...... ਮੇਰੇ ਸਾਲੇ ਦੀ ਨੇ ਟੌਇਲਟ ਦੀ ਡਿੱਗੀ 'ਚ ਰੱਖ 'ਤੀ ਸੀ .....!'

----

'ਓਏ ! ਅਜੇ ਤਾਂ ਦਿਨ ਖੜ੍ਹੈ...!!..ਹੁਣੇ ਈ ..?'

----

'ਸਾਖੀ ਦੇ ਮੈਖਾਨੇ - ਦਿਨ ਰਾਤ ਦੇ ਪੈਮਾਨੇ ਨਹੀਂ ਮਿਣ ਸਕਦੇ.....!'

----

'ਤੂੰ ਨਹੀਂ ਸੁਧਰਨਾ ਚੱਲ , ਭਰਜਾਈ ਨੂੰ ਫੋਨ ਫੜਾ..! ਕਿੱਥੇ ਆ ਓਹ ..?'

----

'ਵਿਕਟਿਮ ਸਰਵਿਸ ਵਾਲਿਆਂ ਦੇ ਗਈ ਆ ਪਤੀ-ਦੇਵ ਨੂੰ ਦੰਪਤੀ ਜੀਵਨ ਦੇ ਗੁਰ ਸਿਖਾਉਣ ਲਈ ਲੈਸਨ ਲੈਣ .............!!!'

---

'ਪਰ ਗਲਤ ਥਾਂ 'ਤੇ ਤਾਂ ਨ੍ਹੀ ਗਈ ...!'

----

'ਮੈਂ ਕਿਹੜਾ ਕਹਿੰਨਾ , ਗਲਤ ਥਾਂ 'ਤੇ ਗਈ ਆ ! ਪਰ ਜਦੋਂ ਮੇਰੇ ਝੱਗੇ ਪਾੜ ਕੇ ਕਿੱਲੀਆਂ 'ਤੇ ਧਲਿਆਰਿਆਂ ਵਾਂਗੂੰ ਟੰਗਦੀ ਹੁੰਦੀ ਆ, ਓਦੋਂ ਮੇਰੀ ਤਾਂ ਕਿਸੇ ਨੇ ਸਾਰ ਨਹੀਂ ਲਈ '

----

'ਓਏ ਤੂੰ ਬੰਦਾ ਏਂ .!'

----

'ਬੰਦਾ ਵਿਕਟਮ ਨਹੀਂ ਹੋ ਸਕਦਾ..?..ਹੈਲੋ ! ਹੁਣ ਬੋਲਦਾ ਕਿਉਂ ਨਹੀਂ ? ਮੈਂ ਪੁੱਛਦਾਂ , ਕਿ ਬੰਦਾ ਵਿਕਟਮ ਨਹੀਂ ਹੋ ਸਕਦਾ..??'

----

'ਮੈਂ ਕੀ ਦੱਸਾਂ..?'

----

'ਹੋਰ ਕੌਣ ਦੱਸੂ..?'

----

'ਉੱਜਲ ਨੂੰ ਪੁੱਛ ਕੇ ਦੇਖ ਲੈ ..! ਸ਼ਾਇਦ ਉਹ ਹੀ ਦੱਸ ਸਕਦੈ ..'

----

'ਉੱਜਲ ਨੂੰ ਕੀ ਪੁੱਛਣੈ ..! ਉੱਜਲ ਨੇ ਤਾਂ ਉਜਾੜ ਕੇ ਰੱਖ 'ਤਾ !'

'ਪਰ ਕਾਨੂੰਨ ਤਾਂ ਸਭ ਲਈ ਬਰਾਬਰ ਐ ! ..ਤੈਨੂੰ ਹੈਲਪ ਲੈਣੀ ਚਾਹੀਦੀ ਐ ਸਮਾਜ ਸੇਵੀ ਸੰਸਥਾਵਾਂ ਤੋਂ..!'

'ਗੁਰਮੇਲ ! ਕਿਹੜੀਆਂ ਸੰਸਥਾਵਾਂ ਦੀ ਗੱਲ ਕਰਦੈਂ ..!?!..ਸਭ ਦੀਆਂ ਨਜਰਾਂ 'ਚ ਮਰਦ , ਮਰਦ ਐ ! ਔਰਤ , ਔਰਤ ਆ..! ਔਰਤ ਜੁਲਮ ਸਹਿੰਦੀ ਆਈ ਐ , ਮਰਦ ਜੁਲਮ ਕਰਦਾ ਆ ਰਿਹੈ..!'

---

'ਪਰ ਇਹ ਧਾਰਨਾ ਕਦੋਂ ਤਬਦੀਲ ਹੋਊਗੀ ..?'

----

'ਜਦੋਂ ਔਰਤਾਂ ਵਾਂਗੂੰ ਮਰਦਾਂ ਦੇ 'ਮਰਦ ਮੰਡਲ' ਬਣ ਗਏ ..!'..ਜਨਾਨੀ ਇੱਕ ਵਾਰ ਸ਼ਕਾਇਤ ਕਰੇ ਤਾਂ ਸਹੀ , ਫੇਰ ਦੇਖ ! ਕੀ ਪੁਲਿਸ , ਕੀ ਅਦਾਲਤ , ਆਹ ! ਕੀ, 'ਸੋ ਕਾਲਡ' ਸਮਾਜ ਸੇਵੀ ਸੰਸਥਾਵਾਂ ! ਬੁੜੀ ਦੁਆਲੇ ਮੱਖੀਆਂ ਵਾਂਗੂੰ ਭਿਣਕਣ ਲੱਗ ਪੈਂਦੀਆਂ ਨੇ ! ਪਰ ਯਾਰਾ! ਬੰਦਾ ਜਾਵੇ, ਤਾਂ ਜਾਵੇ ਕਿੱਥੇ..?'

----

ਹੈਲੋ ..? ਚੁੱਪ ਕਿਉਂ ਕਰ ਗਿਐਂ ? ..ਹੈਲੋ ! ਲਗਦੈ , ਤੂੰ ਭਾਵੁਕ ਹੋ ਗਿਆ ਏਂ..?'

----

'ਨਹੀਂ , ਨਹੀਂ ! ਬੱਸ ਊਂ ਈ ਖੁਸ਼ੀ ਦੇ ਹੰਝੂ ਹਾਲ ਪੁੱਛਣ ਲਈ ਪਲਕਾਂ ਦੀ ਘੰਟੀ ਖੜਕਾਉਣ ਲੱਗ ਪਏ ਸੀ ।... ਪਰ ਗੁਰਮੇਲ ! ਮੈਂ ਤਾਂ ਕਹਿਨਾਂ , ਅੱਧੇ ਘਰ ਇਨ੍ਹਾਂ ਨੇ ਪੱਟੇ ਆ ਘਰੇਲੂ ਹਿੰਸਾ ! ਘਰੇਲੂ ਹਿੰਸਾ !! ਦੀ ਦੁਹਾਈ ਪਿੱਟਣ ਵਾਲੀਆਂ ਦਾ ਸਿਰਫ ਇਕੋ-ਇੱਕ ਕੰਮ ਆਂ ਲੋਕਾਂ ਦੇ ਘਰ ਪੱਟਣੇ , ਜਾਂ ਸਰਕਾਰ ਤੋਂ ਪੈਸਾ ਲੈਣਾ ।.. ਮਾੜੀ ਮੋਟੀ ਗੱਲ ਹੁੰਦੀ ਆ , ਜਨਾਨੀ ਨੂੰ ਐਸਾ ਸਬਕ ਪੜ੍ਹਾਉਂਦੀਆਂ ਨੇ , ਪੁੱਛ ਈ ਨਾ ! ...ਨਾ ਹੁਣ ਨਾ ਜਾਈਂ ਮਾਰ ਦੇਊਗਾ ਦੇਖ ਲੈ ਆਪਣੀਆਂ ਪਹਿਲਾਂ ਹੀ ਕਿੰਨੀਆਂ ਕੁੜੀਆਂ ਮਾਰ ਦਿੱਤੀਆਂ ਨੇ !'

----

'ਦੁਖੀਆ ਸਾਹਬ ! ਮਰਦ ਨੇ ਵੀ ਪੈਰ ਦੀ ਜੁੱਤੀ ਬਣਾ ਕੇ ਰੱਖਿਐ ਹੁਣ ਤੱਕ ਔਰਤ ਨੂੰ !'

----

'ਪਰ ਹੁਣ ਪੈਰ 'ਚ ਨਹੀਂ ਪੈਂਦੀ ..! ਸੁੱਖ ਨਾਲ ਹੁਣ ਤਾਂ ਸਿੱਧੀ ਸਿਰ 'ਚ ਹੀ ਪੈਂਦੀ ਆ !! ਬੱਸ , ਯਾਰਾ ! ਬੰਦਾ ਕਿਤੇ ਭਾਫ ਨਹੀਂ ਕੱਢ ਸਕਦਾ ਕਿਉਂਕਿ ਬੰਦਾ ਜੁ ਹੋਇਆ 'ਤੇ ਇਹ ਭਾਫ ਵਿੱਚੋਂ-ਵਿੱਚ ਰਿੱਝਦੀ ਰਹਿੰਦੀ ਆ ਫੇਰ ਜਦੋਂ ਤੱਤੇ ਰੇਡੀਏਟਰ ਦਾ ਢੱਕਣ ਖੋਲ ਕੇ ਸੁਆਦ ਲੈਂਦੀ ਆ , ਤਾਂ ਫਿਰ ਤੈਨੂੰ ਪਤਾ ਈ ਆ, ਕੀ ਰਿਜ਼ਲਟ ਨਿਕਲਦੈ ?.... ਭਲਾ ਕੀਹਦਾ ਜੀਅ ਕਰਦੈ ਆਪਣਾ ਘਰ ਪੱਟਣ ਨੂੰ ..? ਕੀਹਦਾ ਜੀਅ ਕਰਦੈ ਰਹਿੰਦੀ ਉਮਰ ਜੇਲ ਦੀਆਂ ਸਲਾਖਾਂ ਪਿੱਛੇ ਰੋਲਣ ਨੂੰ ? '

----

'ਓਏ ! ਤੂੰ ਐਹੋ ਜਿਹਾ ਸੋਚਣਾ ਛੱਡ ਦੇ.... ! ..ਹੈਲੋ ?'

----

'ਹੈਲੋ ! ਹਾਂ ਸੁਣਦਾਂ..ਇੱਕ ਮਿੰਟ....!'

----

ਲਗਦੈ, ਦੂਜਾ ਪੈੱਗ ਪਾਉਣ ਲੱਗ ਪਿਆ ਏਂ..!'

----

'ਹਾਂ ਬਈ, ਹੁਣ ਦੱਸ..?..ਪਰ ਗੁਰਮੇਲ ਤੂੰ ਓਹ ਗਾਣਾ ਨਹੀਂ ਸੁਣਿਆ..?'

----

'ਕਿਹੜਾ..?'

----

'ਮਰਦੀ ਨੇ ਅੱਕ ਚੱਬਿਆ ! ਨੀ ਮੈਂ ਹਾਰ ਕੇ ਜੇਠ ਨਾਲ ਲਾਈਆਂ..!'

----

ਓਏ ਉਹਨੇ ਤਾਂ ਜੇਠ ਨਾਲ ਲਾ ਕੇ ਟਾਇਮ ਟਪਾ ਲਿਐ.., ..'ਤੇ ਤੂੰ ਬੋਤਲ ਨਾਲ ਲਾਕੇ ਬਹਿ ਗਿਆ ਏਂ , ਇਹਨੇ ਤੇਰੀ ਜਿੰਦਗੀ ਨਹੀਂ ਲੰਘਾਉਣੀ ?”

----

'ਜੇ ਇਹਨੇ ਨਹੀਂ ਲੰਘਾਉਣੀ , ਤਾਂ ਉਹ ਕਿਹੜਾ ਲੰਘਾਈ ਜਾਂਦੀ ਆ...!'

----

'ਦੁਖੀਆ ਸਾਹਬ ! ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ, ਕਿ ਔਰਤ ਬਾਹਰੋਂ ਕੰਮ ਕਰ ਕੇ ਆਉਂਦੀ ਆ , ਫਿਰ ਘਰੇ ਆਕੇ ਸਾਰਾ ਕੰਮ ਕਰਦੀ ਆ ਤੇ ਘਰੇ ਆ ਕੇ ਬੰਦਾ ਤਾਂ ਡੱਕਾ ਦੂਹਰਾ ਨਹੀਂ ਕਰਦਾ ਬੱਸ , ਤੇਰੇ ਵਰਗਾ ਚਾਰ ਕੁ ਲੰਡੂ ਜਿਹੇ ਪੈੱਗ ਲਾਕੇ ਘਰਵਾਲੀ ਤੇ ਕਦੇ ਬੱਚਿਆਂ 'ਤੇ ਖਰੀ ਕਰਦਾ ਰਹਿੰਦਾ ਏ '

----

'ਓ ਜਾਣ ਦੇ ਭਰਾਵਾ ! ਤੂੰ ਕਹਿੰਨੈ ਡੱਕਾ ਨਹੀਂ ਦੂਹਰਾ ਕਰਦਾ ਮੇਰੇ ਆਲੀ ਨੇ ਤਾਂ ਬੰਦਾ ਦੂਹਰਾ ਕੀਤਾ ਪਿਐ ! ਸਿੰਕ 'ਚ ਇੱਕ ਚਮਚਾ ਜੂਠਾ ਰਹਿ ਜੇ ਤਾਂ ਭਾਂਡੇ ਭੰਨਣ ਲੱਗ ਪੈਂਦੀ ਆ !.......... ਸਿਰ ਤੋਂ ਲੈ ਕੇ ਪੂਰੀ ਕਨੇਡੀਅਨ ਬਣੀ ਪਈ ਆ ! ਗਿੱਟਿਆਂ ਤੋਂ ਗਿੱਠ ਉੱਚੀ ਜੀਨ ਜਿਹੀ ਪਾ ਕੇ ਆਂਏ ਤੁਰਦੀ ਆ ;ਜਿਵੇਂ: 'ਮਿਸ ਯੂਨੀਵਰਸ' 'ਚ ਭਾਗ ਲੈਣ ਜਾ ਰਹੀ ਹੋਵੇ ! ਕਦੇ ਪੰਜਾਬੀ ਸੂਟ ਪਾ ਕੇ ਨਹੀਂ ਰਾਜੀ ।.....ਇੰਡੀਆ ਤੋਂ ਮੇਰੀ ਮਾਂ ਨੇ ਚਾਵਾਂ ਨਾਲ ਏਹਦੇ ਵਾਸਤੇ ਦੋ ਦਰਜਨ ਚੂੜੀਆਂ ਭੇਜੀਆਂ ਸੀ ! ਮਾਂ ਦੀ ਧੀ ਨੇ ਆਹ ! ਇੱਕ ਦਿਨ ਨਹੀਂ ਪਾ ਕੇ ਦੇਖੀਆਂ ! ਆਹ ! ਤੂੰ ਸੁਣਦੈਂ ,,? ਵੰਗਾਂ ਦੀ ਛਣ- ਛਣ...!

----

ਹਾਂ ! ਸੁਣਦਾਂ !!...... ਬਾਹਾਂ 'ਚ ਪਾਕੇ ਛਣਕਾਉਂਦਾ ਏਂ ..?”

----

ਆਹੋ ! ਬੱਸ , ਇਹ ਕਸਰ ਬਾਕੀ ਰਹਿ ਗਈ ਆ ! ਇੱਕ ਦਿਨ ਇਹ ਵੀ ਪੂਰੀ ਕਰਾ ਕੇ ਹਟੂ !

----

ਨਹੀਂ ! ਨਹੀਂ ! ਮੈਂ ਤਾਂ ਹੱਸਦਾ ਸੀ !

----

ਯਾਰ ਹੋਣ, ਤਾਂ ਤੇਰੇ ਵਰਗੇ ! ਕੱਲ ਨੂੰ ਤੂੰ ਤਾਂ ਕਹੇਂਗਾ ਕਿ ਹੁਣ ਓਹਦੀ ਸੁਥਣ ਵੀ ਪਾ ਲੈ !

ਭਰਾਵਾ! ਜੇ ਆਹ! ਹਾਲ ਰਿਹਾ ਤਾਂ ਓਹ ਵੀ ਪਵਾ ਕੇ ਹਟੂਗੀ..! ਆਪਣੇ ਮਰਦ ਨੂੰ ਨਾਲੇ ਤੋਂ ਫੜ੍ਹ ਕੇ ਘੜੀਸਣਾ ਸੌਖਾ ਹੋ ਜੂਗਾ ....!

----

ਪਰ ਯਾਰਾ! ਬੰਦਾ ਵੀ ਆਪਣੀਆਂ ਕਰਤੂਤਾਂ ਕਰ ਕੇ ਥੱਲੇ ਲੱਗਦੈ ! ਜਨਾਨੀ ਦੀ ਕੀ ਮਜਾਲ ਕਿ ...!

----

ਕੀ ਮਤਲਬ ?”

----

ਮਤਲਬ ਫੇਰ ਦੱਸੂੰ......!

----

ਹੁਣ ਕਿਉਂ ਨਹੀਂ ?”

----

ਲਗਦੈ, ਮੇਰੀ ਘਰਵਾਲੀ ਵੀ ਆ ਗਈ ਆ ... ਕੰਮ ਤੋਂ ! ਚੰਗਾ ਫੋਨ ਫੇਰ ਕਰੂੰਗਾ..!

---

ਦੋ ਮਿੰਟ ਗੱਲ ਤਾਂ ਕਰ 'ਲਾ !

----

ਨਹੀਂ , ਹੁਣ ਨਹੀਂ !

----

ਚੰਗਾ ਬਈ ਤੇਰੀ ਮਰਜੀ ! ਪਰ ਤੇਰੇ ਘਰ ਦੇ ਹਾਲਾਤ ਵੀ ਮੇਰੇ ਘਰ ਵਾਲੇ ਈ ਲਗਦੇ ਆ !..ਦੂਜਿਆਂ ਨੂੰ ਮੱਤਾਂ ਦੇਣੀਆਂ ਸੌਖੀਆਂ ਹੁੰਦੀਆਂ ਨੇ,,!”

----

ਓ ਕੇ ! ਬਾਕੀ ਫੇਰ ਸਹੀ !

( ਬਾਕੀ ਗੱਲਬਾਤ ਅਗਲੀ ਵਾਰ )


1 comment:

ਤਨਦੀਪ 'ਤਮੰਨਾ' said...

ਯਾਰ ਗੁਰਮੇਲ...ਕਮਾਲ ਈ ਕਰ 'ਤੀ...! ਤੇਰੀ ਇਕ ਗੱਲ ਸੱਚੀ ਐ...'ਘਰੇਲੂ ਹਿੰਸਾ - ਘਰੇਲੂ ਹਿੰਸਾ' ਦਾ ਰੌਲ਼ਾ ਪਾ ਕੇ ਇਹਨਾਂ ਸੰਸਥਾਵਾਂ ਨੇ ਵਾਕਿਆ ਹੀ ਬਹੁਤ ਘਰ ਪੱਟੇ ਐ...ਇਸ ਦੀ ਆੜ ਥੱਲੇ ਈ ਤਾਂ ਇਹ ਗੌਰਮਿੰਟ ਤੋਂ ਲੱਖਾਂ ਡਾਲਰ ਲੈਂਦੇ ਐ...! ਖ਼ੈਰ, 'ਦੁਖੀਆ ਸਾਹਿਬ' ਨੂੰ ਮੇਰੇ ਵੱਲੋਂ ਸਲਾਮ ਆਖੀਂ...ਰੱਬ ਉਹਨਾਂ ਦੀ 'ਆਤਮਾਂ' ਨੂੰ 'ਸ਼ਾਂਤੀ' ਬਖ਼ਸ਼ੇ!

ਤੇਰਾ ਬਾਈ,
ਸ਼ਿਵਚਰਨ ਜੱਗੀ ਕੁੱਸਾ
ਲੰਡਨ