ਦੋਸਤੋ! ਕੈਲਗਰੀ ਕੈਨੇਡਾ ਵਸਦੇ ਲੇਖਕ ਸ਼ਮਸ਼ੇਰ ਸਿੰਘ ਸੰਧੂ ਜੀ ਨੇ ਆਰਸੀ 'ਚ ਪਹਿਲੀ ਵਾਰ ਇੱਕ ਬੇਹੱਦ ਖ਼ੂਬਸੂਰਤ ਅਤੇ ਜਾਣਕਾਰੀ ਭਰਪੂਰ ਲੇਖ ਨਾਲ਼ ਹਾਜ਼ਰੀ ਲਵਾਈ ਹੈ, ਮੈਂ ਉਹਨਾਂ ਨੂੰ ਸਾਰੇ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ, ਇਸ ਲੇਖ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਸੰਧੂ ਸਾਹਿਬ ਦਾ ਸਾਹਿਤਕ ਵੇਰਵਾ ਜਿਉਂ ਹੀ ਮਿਲ਼ੇਗਾ, ਅਪਡੇਟ ਕਰ ਦਿੱਤੀ ਜਾਏਗੀ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ 'ਤਮੰਨਾ'
****************
ਜਨਮ ਸ਼ਤਾਬਦੀ ਗਿਆਨੀ ਸੋਹਣ ਸਿੰਘ ਸੀਤਲ - 7 ਅਗਸਤ 2009
ਲੇਖ (ਭਾਗ – 1)
ਇਹ 1946 ਦੀ ਗੱਲ ਹੈ। ਓਦੋਂ ਮੈਂ ਛੇਵੀਂ ਜਮਾਤ ਚੜ੍ਹਿਆ ਸਾਂ ਜਦੋਂ ਮੈਂ ਪਹਿਲੀ ਵਾਰ ਸੀਤਲ ਹੋਰਾਂ ਨੂੰ ਵੇਖਿਆ ਤੇ ਸੁਣਿਆ। ਮੈਂ ਤੇ ਮੇਰਾ ਵੱਡਾ ਵੀਰ ਗੁਰਚਰਨ ਸਿੰਘ ਆਪਣੇ 5-7 ਬੇਲੀਆਂ ਨਾਲ ਆਪਣੇ ਪਿੰਡ ਸਹਿਜਰਾ (ਹੁਣ ਪਾਕਿਸਤਾਨ) ਤੋਂ 1 ਮੀਲ ਦੂਰ ਪਿੰਡ ਰੱਤੋਕੇ ਮੇਲਾ ਵੇਖਣ ਗਏ ਹੋਏ ਸਾਂ। ਘੁੰਮਦਿਆਂ ਫਿਰਦਿਆਂ ਮੇਲਾ ਵੇਖਦਿਆਂ ਘਰੋਂ ਲਿਆਂਦੀ ਆਨਾ-ਦੁਆਨੀ ਜਦ ਖਰਚੀ ਗਈ ਤਾਂ ਗਰਮੀ ਦੇ ਹਰਫਲੇ ਹੋਏ ਛਾਂ ਭਾਲਦੇ ਅਸੀਂ ਪੰਡਾਲ ਦੀ ਛਾਂਵੇਂ ਇਕ ਨੁਕਰੇ ਜਾ ਖਲੋਤੇ। ਪੰਡਾਲ ਦੀ ਛਾਂ ਥੋੜ੍ਹੀ ਸੀ ਤੇ ਸੀਤਲ ਹੋਰਾਂ ਨੂੰ ਸੁਣਨ ਵਾਲਿਆਂ ਦਾ ਇਕੱਠ ਜ਼ਿਆਦਾ। ਸੀਤਲ ਹੋਰਾਂ ਨੇ 1936 ਵਿੱਚ ਪਹਿਲੀ ਵਾਰ ਆਪਣੇ ਢਾਡੀ ਜਥੇ ਨਾਲ ਰੱਤੋਕੇ ਦੀਵਾਨ ਕੀਤਾ ਸੀ। ਸੀਤਲ ਜੀ ਓਦੋਂ ਤੋਂ ਇਸ ਮੇਲੇ ਤੇ ਆਪਣਾ ਪ੍ਰੋਗਰਾਮ ਦੇਣ ਆਇਆ ਕਰਦੇ ਸਨ। ਇਲਾਕੇ ਵਿੱਚ ਉਹਨਾਂ ਦੀ ਕਾਫੀ ਪ੍ਰਸਿੱਧੀ ਹੋ ਚੁਕੀ ਸੀ। ਰੱਤੋਕੇ ਪਹਿਲੇ ਵੱਡੇ ਪੱਧਰ ਦੇ ਦੀਵਾਨ ਦਾ ਬਿਰਤਾਂਤ ਸੀਤਲ ਜੀ ਦੀ ਆਪਣੀ ਕਲਮ ਤੋਂ ਅੰਕਿਤ ਕੀਤਾ ਕਾਬਲੇ ਗੌਰ ਹੈ:
“1936 ਈ. ਦਾ ਸਤਾਈ ਵਿਸਾਖ ਦਾ ਦਿਨ... ਸਾਡੇ ਪਿੰਡ ਤੋਂ ਦਸ ਬਾਰਾਂ ਮੀਲ ਦੂਰ ਪਿੰਡ ‘ਰੱਤੋਕੇ’ ਵਿਚ ‘ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀਏ’ ਦਾ ਗੁਰਦੁਆਰਾ ਹੈ। ਸਤਾਈ ਵਿਸਾਖ ਨੂੰ ਹਰ ਸਾਲ ਓਥੇ ਮੇਲਾ ਲੱਗਿਆ ਕਰਦਾ ਸੀ। ਉਸ ਮੇਲੇ ਵਾਸਤੇ ਅਸਾਂ ਉਚੇਚੀ ਵਾਰ ਲਿਖੀ। ‘ਸਿੱਖ ਰਾਜ ਕਿਵੇਂ ਗਿਆ’ ਦਾ ਪਹਿਲਾ ਭਾਗ ਮੈਂ ਲਿਖਿਆ, ਤੇ ਅਸਾਂ ਸਾਰਿਆਂ ਯਾਦ ਕੀਤਾ। ਸਾਡੇ ਪਿੰਡੋਂ ਦਸ-ਬਾਰਾਂ ਸਿੰਘ ਸਾਨੂੰ ਸੁਣਨ ਵਾਸਤੇ ਤਿਆਰ ਹੋ ਗਏ। ਸਾਰੇ ਰਾਹ ਉਹ ਜਿਵੇਂ ਸਾਡੀ ਅਣਖ ਨੂੰ ਟੁੰਬਦੇ ਗਏ, “ਹੂੰ! ਘਰੇ ਤਾਂ ਰੋਜ਼ ਢੱਡਾਂ ਕੁੱਟਦੇ ਈ ਰਹਿੰਦੇ ਓ ਨਾ! ਉਥੇ ਪੁਰਾਣੇ ਪਹਿਲਵਾਨਾਂ ਸਾਮ੍ਹਣੇ ਵੇਖੀ ਜਾਏਗੀ।” ਖੁਸ਼ੀਆਂ ਦੇ ਪੰਧ ਨੇੜੇ। ਹੱਸਦੇ ਖੇਡਦੇ ਅਸੀਂ ਮੇਲੇ ਵਿਚ ਪੁੱਜੇ। ਸੰਗਤਾਂ ਦੀ ਹਾਜ਼ਰੀ ਵੀਹ ਹਜ਼ਾਰ ਤੋਂ ਕੁਛ ਵੱਧ ਹੀ ਹੋਵੇਗੀ। ਸਾਥੋਂ ਪਹਿਲਾਂ ਦੋ ਚੋਟੀ ਦਿਆਂ ਜੱਥਿਆਂ ਨੇ ਕੀਰਤਨ ਕੀਤਾ। ਫਿਰ ਸਾਡੀ ਵਾਰੀ ਆ ਗਈ। ਮੈਂ ਸਕੱਤਰ ਸਾਹਿਬ ਨੂੰ ਪੁੱਛਿਆ, “ਜੀ ਅਸਾਂ ਟਾਈਮ ਕਿੰਨਾ ਲੌਣਾ ਏਂ?” ਉਹਨੇ ਮੇਰੇ ਵੱਲ ਵੇਖ ਕੇ ਆਪਣੇ ਸੁਭਾਅ ਅਨੁਸਾਰ ਕਿਹਾ, “ਸ਼ੁਰੂ ਕਰ ਓਇ ਮੁੰਡਿਆ! ਸੌਦਾ ਵਿਕਦਾ ਵੇਖ ਕੇ ਸੋਚਾਂਗਾ।”
“ਗੁਰੂ ਦੀ ਓਟ ਰੱਖ ਕੇ ਅਸਾਂ ਬੜੇ ਸ੍ਵੈ-ਭਰੋਸੇ ਨਾਲ ਸ਼ੁਰੂ ਕੀਤਾ। ਮੰਗਲਾਚਰਨ ਤੋਂ ਬਾਅਦ ਮੈਂ ਸ਼ੇਰੇ-ਪੰਜਾਬ ਦੀ ਬੰਸਾਵਲੀ ਸ਼ੁਰੂ ਕੀਤੀ।... ਫਿਰ ਸ਼ੇਰੇ-ਪੰਜਾਬ ਦਾ ਸੁਰਗਵਾਸ ਹੋਣਾ, ਉਸ ਤੋਂ ਪਿੱਛੋਂ ਆਪਣਿਆਂ ਹੱਥੋਂ ਆਪਣਿਆਂ ਦਾ ਕਤਲ, ਡੋਗਰਿਆਂ ਦੀ ਗ਼ੱਦਾਰੀ ਤੇ ਅੰਤ ਬੀਰ ਸਿੰਘ ਜੀ ਦੀ ਸ਼ਹੀਦੀ ’ਤੇ ਲਿਆ ਕੇ ਖ਼ਤਮ ਕੀਤਾ। ਨਾ ਸਾਨੂੰ ਕਿਸੇ ਨੇ ਹਟਾਇਆ, ਤੇ ਨਾ ਅਸਾਂ ਹਿੰਮਤ ਹਾਰੀ। ਸਾਢੇ ਤਿੰਨ ਘੰਟੇ ਪਿੱਛੋਂ ਅਸਾਂ ਆਪ ਫਤਿਹ ਬੁਲਾਈ। ਸਰੋਤਿਆਂ ਵਾਸਤੇ ਇਹ ਦਿਲ-ਕੰਬਾਊ ਕਹਾਣੀ ਬਿਲਕੁਲ ਨਵੀਂ ਸੀ। ਮੈਂ ਵੇਖ ਰਿਹਾ ਸਾਂ, ਕਿ ਕੋਈ ਵੀ ਅੱਖ ਸੁੱਕੀ ਨਹੀਂ ਸੀ, ਸਭ ਰੋ ਰਹੇ ਸਨ।“
“ਸਟੇਜ ਉੱਤੇ ਸੱਜੇ ਹੱਥ ਡੇਰੇ ਦੇ ਮਹੰਤ ਬਾਬਾ ਹਰਨਾਮ ਸਿੰਘ ਜੀ ਬੈਠੇ ਸਨ। ਉਹ ਵੀ ਰੋ ਰਹੇ ਸਨ। ਉਨ੍ਹਾਂ ਇਸ਼ਾਰਾ ਕਰ ਕੇ ਮੈਨੂੰ ਆਪਣੇ ਕੋਲ ਬੁਲਾ ਲਿਆ... ਨਾਂ ਪਤਾ ਪੁੱਛਣ ਪਿੱਛੋਂ ਉਨ੍ਹਾਂ ਹੁਕਮ ਕੀਤਾ, “ਤੂੰ ਅੱਜ ਨਹੀਂ ਜਾਣਾ। ਮੈਂ ਭਲਕੇ ਤੈਥੋਂ ਇਹ ਵਾਰ ਸੁਣਨੀ ਏਂ।”
-----
ਸੀਤਲ ਜੀ ਤੇ ਮੇਰੇ ਪਿਤਾ ਜੀ ਸ. ਮੋਹਨ ਸਿੰਘ ਸੰਧੂ ਕਸੂਰ ਦੇ ਜਮਾਤੀ ਸਨ। 1930 ਵਿੱਚ ਉਹਨਾਂ ਇਕੱਠਿਆਂ ਦਸਵੀਂ ਕੀਤੀ ਸੀ। 1950 ਵਿੱਚ ਪਿਤਾ ਜੀ ਦੀ ਥਾਣੇ ਸਦਰ ਲੁਧਿਆਣੇ ਐਸ. ਐਚ. ਓ. ਦੀ ਪੋਸਟਿੰਗ ਹੋ ਗਈ। ਮੈਂ ਸਤੰਬਰ 1950 ਵਿੱਚ ਖ਼ਾਲਸਾ ਨੈਸ਼ਨਲ ਹਾਈ ਸਕੂਲ ਲੁਧਿਆਣੇ ਦਸਵੀਂ ‘ਚ ਆ ਦਾਖ਼ਲ ਹੋਇਆ। ਸੀਤਲ ਹੋਰਾਂ ਦਾ ਛੋਟਾ ਬੇਟਾ ਰਘਬੀਰ ਸਿੰਘ ਮੇਰਾ ਜਮਾਤੀ ਸੀ। ਓਦੋਂ ਸੀਤਲ ਹੋਰਾਂ ਨਾਲ ਮੇਲ ਹੋਇਆਂ। ਮੈਂ ਨੌਵੀਂ ਜਮਾਤ ਡੀ. ਬੀ. ਹਾਈ ਸਕੂਲ ਅਟਾਰੀ ਤੋਂ ਉਰਦੂ ਫਾਰਸੀ ਨਾਲ ਕੀਤੀ ਸੀ। ਵੱਡੇ ਭਰਾ ਦੀ ਦੁਖਦਾਈ ਮੌਤ ਪਿੱਛੋਂ ਮੈਂ ਸਤੰਬਰ ਤਕ ਕਿਸੇ ਵੀ ਸਕੂਲ ਦਾਖਲ ਨਹੀਂ ਸਾਂ ਹੋਇਆ। ਖਾਲਸਾ ਨੈਸ਼ਨਲ ਹਾਈ ਸਕੂਲ ਲੁਧਿਆਣੇ ਵਿੱਚ ਉਰਦੂ ਫਾਰਸੀ ਪੜ੍ਹਾਉਣ ਦਾ ਕੋਈ ਪ੍ਰਬੰਧ ਨਹੀਂ ਸੀ। ਮੇਰੇ ਬੀਜੀ ਪੰਜਾਬੀ ਪੜ੍ਹਨੀ ਜਾਣਦੇ ਸਨ। ਉਹ ਪੰਜ ਗ੍ਰੰਥੀ ਚੋਂ ਪਾਠ ਕਰਦੇ ਹੁੰਦੇ ਸਨ। ਉਹਨਾਂ ਮੈਨੂੰ ਪੰਜਾਬੀ ਪੜ੍ਹਨੀ ਸਿਖਾਈ। ਸੀਤਲ ਹੋਰਾਂ ਕੋਲੋਂ ਮੈਨੂੰ ‘ਦੁਖੀਏ ਮਾਂ ਪੁੱਤ’ ਮਿਲ ਗਈ। ਪੰਜਾਬੀ ਦੀ ਇਹ ਪਹਿਲੀ ਕਿਤਾਬ ਸੀ ਜੋ ਮੈਂ ਹੌਲੀ ਹੌਲੀ ਪੜ੍ਹੀ। ਏਥੋਂ ਮੈਨੂੰ ਸਿੱਖ ਇਤਹਾਸ ਜਾਨਣ ਦਾ ਚੇਟਕ ਲੱਗਾ।
ਜਾਣਿਆਂ ਇਤਹਾਸ ਫਿਰ ਮੈਂ ਆਪਣੀ ਵੀ ਕੌਮ ਦਾ
ਨਾਨਕ ਗੋਬਿੰਦ ਦੀ ਰਾਹਾਂ ਵਿਖਾਣੀ ਜ਼ਿੰਦਗੀ।
ਇਸਤਰਾਂ ਹੀ ਦੇਸ਼ ਭਗਤੀ ਧਰਮ ਦਾ ਹਿੱਸਾ ਬਣੀ
ਵਾਂਗ ਸੀਤਲ ਧਰਮ ਦੀ ਸਿੱਖੀ ਹੰਡਾਣੀ ਜ਼ਿੰਦਗੀ।
-----
1955 ਵਿੱਚ ਮੈਂ ਗੌਰਮਿੰਟ ਕਾਲਜ ਲੁਧਿਆਣੇ ਐਮ.ਏ. ਪੰਜਾਬੀ ਵਿੱਚ ਦਾਖਲਾ ਲਿਆ। ਮੇਰੇ ਪਿਤਾ ਜੀ ਚਾਹੁੰਦੇ ਸਨ ਕਿ ਮੈਂ ਐਮ.ਏ. ਅੰਗ੍ਰੇਜ਼ੀ ਕਰਾਂ। ਓਦੋਂ ਪੰਜਾਬੀ ਸੂਬੇ ਦਾ ਮੋਰਚਾ ਲੱਗਾ ਹੋਇਆ ਸੀ ਤੇ ਮੈਨੂੰ ਕਲਗੀਧਰ ਗੁਰਦਵਾਰੇ ਸ਼ਾਮੀਂ ਦੀਵਾਨ ਸੁਣਨ ਤੇ ਸੀਤਲ ਹੋਰਾਂ ਦੀਆਂ ਕਿਤਾਬਾਂ ਪੜ੍ਹਨ ਦਾ ਵੀ ਸ਼ੌਕ ਸੀ। ਉਹਨਾਂ ਨਾਲ ਲਗਾਓ ਵਧਦਾ ਗਿਆ ਤੇ 3 ਦਸੰਬਰ 1960 ਨੂੰ ਮੇਰੀ ਸ਼ਾਦੀ ਉਹਨਾਂ ਦੀ ਬੇਟੀ ਮੁਹਿੰਦਰ ਕੌਰ ਨਾਲ ਹੋ ਗਈ। ਸੋਹਣ ਸਿੰਘ ਸੀਤਲ ਤੇ ਮੋਹਨ ਸਿੰਘ ਸੰਧੂ ਦੀ ਕਸੂਰ ਪੜ੍ਹਨ ਵੇਲੇ ਦੀ ਜਮਾਤੀਆਂ ਤੋਂ ਬਣੀ ਦੋਸਤੀ ਰਿਸ਼ਤੇਦਾਰੀ ਵਿੱਚ ਪਰਵਾਨ ਚੜ੍ਹੀ। ਇਸ ਪਰਿਵਾਰ ਤੋਂ ਮੈਨੂੰ ਬਹੁਤ ਪਿਆਰ ਮਿਲਿਆ। ਵੱਡੇ ਵੀਰ ਗੁਰਚਰਨ ਦੇ ਗੁਜ਼ਰ ਜਾਣ ਪਿੱਛੋਂ ਜੀਵਨ ‘ਚ ਆਇਆ ਖ਼ਲਾਅ ਕਾਫੀ ਹੱਦ ਤਕ ਵੀਰ ਰਵਿੰਦਰ ਸਿੰਘ, ਸੁਰਜੀਤ ਸਿੰਘ ਤੇ ਰਘਬੀਰ ਸਿੰਘ ਨੇ ਪੂਰਾ ਕੀਤਾ।
-----
ਸੀਤਲ ਜੀ ਦਾ ਜਨਮ 7 ਅਗਸਤ 1909 ਨੂੰ ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਚ ਮਾਤਾ ਸਰਦਾਰਨੀ ਦਿਆਲ ਕੌਰ ਤੇ ਪਿਤਾ ਸ. ਖ਼ੁਸ਼ਹਾਲ ਸਿੰਘ ਪੰਨੂੰ ਦੇ ਘਰ ਹੋਇਆ ਸੀ। ਬਚਪਨ ਤੋਂ ਹੀ ਉਨ੍ਹਾਂ ਦੀ ਰੁਚੀ ਪੜ੍ਹਨ-ਲਿਖਣ ਵੱਲ ਸੀ। ਪਰ ਪਿੰਡ ਵਿੱਚ ਸਕੂਲ ਨਾ ਹੋਣ ਕਰਕੇ ਉਨ੍ਹਾਂ ਨੇ ਪਿੰਡ ਦੇ ਗ੍ਰੰਥੀ ਪਾਸੋਂ ਪੰਜਾਬੀ ਪੜ੍ਹਨੀ ਅਤੇ ਅੱਖਰਾਂ ਦੀ ਪਹਿਚਾਣ ਕਰਨੀ ਸਿਖ ਲਈ । ਸੰਨ 1923 ਈ. ਵਿਚ 14 ਸਾਲ ਦੀ ਉਮਰੇ ਲਾਗਲੇ ਪਿੰਡ ਵਰਨ ਦੇ ਨਵੇਂ ਖੁੱਲ੍ਹੇ ਸਕੂਲ ਦੂਜੀ ਜਮਾਤ ਵਿਚ ਦਾਖਲਾ ਮਿਲ ਗਿਆ ਤੇ ਕੁਝ ਮਹੀਨੇ ਬਾਅਦ ਹੀ ਸਤੰਬਰ 1923 ਈ. ਵਿਚ ਉਨ੍ਹਾਂ ਨੂੰ ਚੌਥੀ ਜਮਾਤ ਵਿਚ ਕਰ ਦਿੱਤਾ ਗਿਆ ਅਤੇ 1924 ਈ. ਦੀਆਂ ਨਵੀਆਂ ਕਲਾਸਾਂ ਸ਼ੁਰੂ ਹੋਣ ਵੇਲੇ ਪੰਜਵੀਂ ਜਮਾਤ ਵਿਚ ਦਾਖਲਾ ਮਿਲ ਗਿਆ। 1930 ਈ. ਵਿਚ ਉਨ੍ਹਾਂ ਨੇ ਗੌਰਮਿੰਟ ਹਾਈ ਸਕੂਲ ਕਸੂਰ ਤੋਂ ਸਾਇੰਸ ਅਤੇ ਪੰਜਾਬੀ ਦੇ ਵਿਸ਼ਿਆਂ ਨਾਲ ਦਸਵੀਂ ਫਸਟ ਡਿਵੀਜ਼ਨ ਵਿੱਚ ਪਾਸ ਕਰ ਲਈ। ਉਸ ਵੇਲੇ ਮੈਟ੍ਰਿਕ ਫਸਟ ਕਲਾਸ ਦੀ ਅੱਜ ਦੀ ਪੀ. ਐਚ. ਡੀ. ਜਿੰਨੀ ਕਦਰ ਹੁੰਦੀ ਸੀ।1931 ਈ. ਵਿਚ ਉਨ੍ਹਾਂ ਦੇ ਪਿਤਾ ਜੀ ਸ. ਖ਼ੁਸ਼ਹਾਲ ਸਿੰਘ ਪੰਨੂੰ ਅਕਾਲ ਚਲਾਣਾ ਕਰ ਗਏ। ਸੋ ਚੋਖੀ ਜ਼ਮੀਨ ਹੋਣ ਕਾਰਣ ਉਨ੍ਹਾਂ ਨੇ ਨੌਕਰੀ ਕਰਨ ਨਾਲੋਂ ਆਪਣੀ ਜ਼ਮੀਨ ਦੀ ਕਾਸ਼ਤ ਦਾ ਕੰਮ ਸਾਂਭ ਲਿਆ।
ਅੱਠਵੀਂ ਵਿਚ ਪੜ੍ਹਦਿਆਂ 10 ਸਤੰਬਰ 1927 ਨੂੰ ਸੀਤਲ ਜੀ ਦੀ ਸ਼ਾਦੀ ਬੀਬੀ ਕਰਤਾਰ ਕੌਰ ਨਾਲ ਹੋਈ। ਇਨ੍ਹਾਂ ਦੇ ਘਰ ਤਿੰਨ ਪੁੱਤਰ ਸ. ਰਵਿੰਦਰ ਸਿੰਘ ਪੰਨੂੰ (1929), ਸ. ਸੁਰਜੀਤ ਸਿੰਘ ਪੰਨੂੰ (1931), ਸ. ਰਘਬੀਰ ਸਿੰਘ ਸੀਤਲ (1935) ਅਤੇ ਇਕ ਬੇਟੀ (1937) ਮੁਹਿੰਦਰ ਕੌਰ ਨੇ ਜਨਮ ਲਿਆ (ਪਤਨੀ ਸ਼ਮਸ਼ੇਰ ਸਿੰਘ ਸੰਧੂ ਰੀ. ਡਿਪਟੀ ਡੀ. ਪੀ. ਆਈ., ਪੰਜਾਬ)। ਇਹ ਤਿੰਨੇ ਅੱਜਕਲ੍ਹ ਆਪਣੇ ਪਰਿਵਾਰਾਂ ਸਮੇਤ ਕੈਲਗਰੀ, ਕੈਨੇਡਾ ਰਹਿ ਰਹੇ ਹਨ।
-----
ਸੀਤਲ ਜੀ ਨੇ 1933 ਈ. ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ। ਬਾਰਾਂ-ਤੇਰ੍ਹਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। 1924 ਵਿਚ ਉਨ੍ਹਾਂ ਦੀ ਕਵਿਤਾ ਪਹਿਲੀ ਵਾਰ ‘ਅਕਾਲੀ’ ਅਖ਼ਬਾਰ ਵਿਚ ਛਪੀ। 1927 ਵਿੱਚ ਉਨ੍ਹਾਂ ਦੀ ਕਵਿਤਾ ‘ਕੁਦਰਤ ਰਾਣੀ’ ਕਲਕੱਤੇ ਤੋਂ ਛਪਣ ਵਾਲੇ ਪਰਚੇ ‘ਕਵੀ’ ਵਿਚ ਛਪੀ। ਇਹ ਕਵਿਤਾ ਉਨ੍ਹਾਂ ਦੀਆਂ ਕਵਿਤਾਵਾਂ ਦੇ ਸੰਗ੍ਰਹਿ ‘ਸੱਜਰੇ ਹੰਝੂ’ ਵਿਚ ਸ਼ਾਮਲ ਹੈ। 1932 ਵਿੱਚ ਉਹਨਾਂ ਨੇ ਕੁਝ ਕਹਾਣੀਆਂ ਵੀ ਲਿਖੀਆਂ ਜੋ ਮਾਸਿਕ ਪੱਤਰਾਂ ਵਿਚ ਵੀ ਛਪੀਆਂ। ਉਨ੍ਹਾਂ ਦੀਆਂ ਕਹਾਣੀਆਂ ‘ਕਦਰਾਂ ਬਦਲ ਗਈਆਂ’, ਅਜੇ ਦੀਵਾ ਬਲ਼ ਰਿਹਾ ਸੀ’ ਅਤੇ ‘ਜੇਬ ਕੱਟੀ ਗਈ’ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।
-----
1935 ਈ. ਵਿਚ ਉਨ੍ਹਾਂ ਨੇ ਆਪਣੇ ਹਾਣੀਆਂ ਨਾਲ ਰਲ ਕੇ ਇਕ ਢਾਡੀ ਜੱਥਾ ਬਣਾਇਆ। ਇਸ ਜੱਥੇ ਦੇ ਆਗੂ ਉਹ ਆਪ ਸਨ। ਕਾਦੀਵਿੰਡ ਤੋਂ ਸੱਤ-ਅੱਠ ਮੀਲ ਦੂਰ ਨਗਰ ‘ਲਲਿਆਣੀ’ ਦੇ ਬਜ਼ੁਰਗ ਮੁਸਲਮਾਨ ਬਾਬਾ ਚਰਾਗ਼ਦੀਨ ਪਾਸੋਂ ਸੀਤਲ ਜੀ ਤੇ ਉਨ੍ਹਾਂ ਦੇ ਜੋਟੀਦਾਰਾਂ ਨੇ ਢੱਡ ਤੇ ਸਾਰੰਗੀ ਦੀ ਵਿਧੀਵਤ ਸਿਖਲਾਈ ਲਈ। ਸੀਤਲ ਜੀ ਦਾ ਸਾਥੀ ਗੁਰਚਰਨ ਸਿੰਘ ਸਾਰੰਗੀ ਵਜਾਉਣ ਲੱਗ ਪਿਆ ਤੇ ਤਿੰਨੇ ਜਣੇ (ਸ. ਹਰਨਾਮ ਸਿੰਘ, ਸ ਅਮਰੀਕ ਸਿੰਘ ਤੇ ਸ. ਸੋਹਣ ਸਿੰਘ ਸੀਤਲ) ਢੱਡਾਂ।
ਉਹ ਦੂਜੇ ਸਾਥੀਆਂ ਨਾਲੋਂ ਨਾ ਸਿਰਫ ਵਧੇਰੇ ਪੜ੍ਹੇ-ਲਿਖੇ ਅਤੇ ਸਿੱਖ ਇਤਿਹਾਸ ਤੋਂ ਵੀ ਵਾਕਫ ਸਨ ਸਗੋਂ ਉਨ੍ਹਾਂ ਨੂੰ ਹਿੰਦੀ, ਪੰਜਾਬੀ, ਉਰਦੂ, ਅੰਗਰੇਜ਼ੀ ਕਈ ਭਾਸ਼ਾਵਾਂ ਦੀ ਜਾਣਕਾਰੀ ਵੀ ਸੀ ਤੇ ਉਹ ਵਿਆਖਿਆ ਵੀ ਚੰਗੀ ਕਰ ਸਕਦੇ ਸਨ। ਇਸ ਤੋਂ ਇਲਾਵਾ ਉਹ ਇਕ ਚੰਗੇ ਕਵੀ ਵੀ ਸਨ। ਇਸ ਲਈ ਉਹ ਗਾਉਣ ਲਈ ਵਾਰਾਂ ਵੀ ਆਪ ਲਿਖਦੇ ਸਨ। ਉਨ੍ਹਾਂ ਦੀਆਂ ਲਿਖੀਆਂ ਵਾਰਾਂ ਵਿਚ ਬੜਾ ਜੋਸ਼ ਸੀ ਤੇ ਉਨ੍ਹਾਂ ਦਾ ਗਾਉਣ ਢੰਗ ਅਤੇ ਅਦਾਇਗੀ ਬੜੀ ਪ੍ਰਭਾਵਸ਼ਾਲੀ ਸੀ। ਥੋੜ੍ਹੇ ਸਮੇਂ ਵਿਚ ਹੀ ਉਨ੍ਹਾਂ ਨੂੰ ਢਾਡੀ ਦੇ ਤੌਰ ’ਤੇ ਪ੍ਰਸਿੱਧੀ ਪ੍ਰਾਪਤ ਹੋ ਗਈ। ਆਪਣੇ ਗਿਆਨ ਤੇ ਅਣਥਕ ਮਿਹਨਤ ਸਦਕਾ ਢਾਡੀ ਬਣਕੇ ਉਹ ਸਟੇਜ ਦੇ ਬਾਦਸ਼ਾਹ ਬਣ ਗਏ।
-----
ਪੰਜਾਬ ਤੇ ਪੰਜਾਬ ਤੋਂ ਬਾਹਰ ਵੀ ਦੇਸ਼ ਦੇ ਕੋਨੇ-ਕੋਨੇ ਵਿਚ ਜਾ ਕੇ ਉਨ੍ਹਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਜਿਵੇਂ ਕਿ ਕਰਾਚੀ, ਕੋਇਟਾ, ਪਿਸ਼ਾਵਰ, ਕਸ਼ਮੀਰ, ਕਲਕੱਤਾ, ਮਦਰਾਸ, ਬੰਬਈ ਆਦਿ। 1947 ਵਿੱਚ ਮੁਲਕ ਦੀ ਵੰਡ ਹੋ ਗਈ। ਜਦ ਵੰਡ ਸਮੇਂ ਸੀਤਲ ਜੀ ਦਾ ਜੱਦੀ ਪਿੰਡ (ਕਾਦੀਵਿੰਡ) ਪਾਕਿਸਤਾਨ ਵਿਚ ਆ ਗਿਆ ਤਾਂ ਮੁਸਲਮਾਨ ਭਰਾਵਾਂ ਨੇ ਬਹੁਤ ਵੈਰਾਗ ਕੀਤਾ। ਸੀਤਲ ਜੀ ਲਿਖਦੇ ਹਨ:- “ਮੈਂ ਉਸ ਵੇਲੇ ਸੋਚ ਰਿਹਾ ਸਾਂ, ਜਿਹੜੀ ਇਨਸਾਨੀਅਤ ਸਧਾਰਨ ਮਨੁੱਖਾਂ ਵਿਚ ਹੈ, ਓਹਾ ਕਿਤੇ ਨੀਤੀਵਾਨਾਂ ਵਿਚ ਵੀ ਹੁੰਦੀ, ਤਾਂ ਇਹ ਮੁਲਕ ਟੁਕੜੇ ਨਾ ਹੁੰਦਾ। ਨੀਤੀਵਾਨਾਂ ਦੀ ਤੰਗਦਿਲੀ ਨੇ ਮੁਲਕ ਦੀ ਖ਼ੂਬਸੂਰਤੀ ਮਾਰ ਦਿੱਤੀ ਹੈ।” (ਪੰਨਾ 163) ਦੇਸ਼ ਦੀ ਵੰਡ ਪਿੱਛੋਂ ਉਹਨਾਂ ਨੂੰ 40 ਕਿੱਲੇ ਅਮੀਨ ਜ਼ੀਰੇ ਅਲਾਟ ਹੋਈ ਪਰ 1948 ਵਿੱਚ ਉਹ ਲੁਧਿਆਣੇ ਆ ਵੱਸੇ।
ਉਹ ਹੌਲੀ ਹੌਲੀ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਸ਼੍ਰੋਮਣੀ ਢਾਡੀ ਬਣ ਗਏ। ਉਨ੍ਹਾਂ ਨੂੰ ਦੇਸ਼ ਵਿੱਚੋਂ ਵੱਖ ਵੱਖ ਥਾਂਵਾਂ ਦੇ ਨਾਲ-ਨਾਲ ਵਿਦੇਸ਼ ਤੋਂ ਵੀ ਸੱਦੇ ਆਉਣ ਲਗ ਪਏ। 1960 ਵਿਚ ਉਹਨਾਂ ਬ੍ਰਹਮਾ, ਥਾਈਲੈਂਡ, ਸਿੰਘਾਪੁਰ ਅਤੇ ਮਲੇਸ਼ੀਆ ਦੀਵਾਨ ਲਗਾਏ। 1977 ਵਿਚ ਫੇਰ ਇੰਗਲੈਂਡ ਅਤੇ ਕੈਨੇਡਾ ਦਾ ਦੌਰਾ ਕੀਤਾ। ਇੰਗਲੈਂਡ ਵਿਚ ਉਨ੍ਹਾਂ ਨੇ ਵੁਲਵਰਹੈਂਪਟਨ, ਸਾਊਥੈਂਪਟਨ, ਵਾਲਸਲ, ਬਰਮਿੰਘਮ, ਡਡਲੀ, ਬਰੈਡ ਫੋਰਡ, ਕੁਵੈਂਟਰੀ, ਟੈਲਫੋਰਡ, ਲਮਿੰਗਾਨ, ਬਾਰਕਿੰਗ, ਸਮੈਦਿਕ ਅਤੇ ਸਾਉਥਹਾਲ ਦੀਆਂ ਥਾਵਾਂ ’ਤੇ ਦੀਵਾਨ ਕੀਤੇ। 1980 ਵਿਚ ਉਨ੍ਹਾਂ ਨੇ ਫੇਰ ਇੰਗਲੈਂਡ ਫੇਰਾ ਪਾਇਆ। 1981 ਵਿਚ ਉਨ੍ਹਾਂ ਨੇ ਤੀਜੀ ਵਾਰ ਇੰਗਲੈਂਡ ਅਤੇ ਕੈਨੇਡਾ ਦਾ ਚੱਕਰ ਲਾਇਆ ’ਤੇ ਦੀਵਾਨ ਕੀਤੇ ।
-----
ਇਤਿਹਾਸਕ ਵਾਰਕਾਰ: ਗਿਆਨੀ ਸੋਹਣ ਸਿੰਘ ਸੀਤਲ ਦਾ ਨਾਂ ਇਕ ਇਤਿਹਾਸਕ ਵਾਰਕਾਰ ਦੇ ਤੌਰ ’ਤੇ ਬਹੁਤ ਮਹੱਤਵ ਰੱਖਦਾ ਹੈ। ਉਨ੍ਹਾਂ ਨੇ ਸਿੱਖ ਇਤਿਹਾਸ ਸੰਬੰਧੀ 79 ਪ੍ਰਸੰਗ ਲਿਖੇ ਹਨ। ਸਭ ਤੋਂ ਪਹਿਲਾ ਪ੍ਰਸੰਗ ਸੀਤਲ ਜੀ ਨੇ 1 ਜਨਵਰੀ 1935 ਈ. ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਧਾਰਨ ਬਾਰੇ ‘ਦਸਮੇਸ਼ ਆਗਮਨ’ ਲਿਖਿਆ। ਇਸ ਪਿੱਛੋਂ ਸੀਤਲ ਜੀ 1979 ਈ. ਤਕ ਲਗਾਤਾਰ ਪ੍ਰਸੰਗ ਲਿਖਦੇ ਤੇ ਦੀਵਾਨਾਂ ਵਿੱਚ ਗਾਉਂਦੇ ਰਹੇ।ਇਸ ਦਾ ਵੇਰਵਾ ਇਸ ਪ੍ਰਕਾਰ ਹੈ:-
1. ਦਮਸੇਸ਼ ਆਗਮਨ 1-1-1935
2. ਸ਼ਹੀਦ ਗੰਜ ਸਿੰਘਣੀਆਂ (ਲਾਹੌਰ) 2-4-1935
3. ਸ਼ਹੀਦੀ ਗੁਰੂ ਅਰਜਨ ਦੇਵ ਜੀ 15-5-1935
4. ਬੰਦੀ ਛੋੜ ਗੁਰੂ ਹਰਿਗੋਬਿੰਦ ਸਾਹਿਬ ਜੀ 2-6-1935
5. ਸਾਕਾ ਸਰਹਿੰਦ-ਸ਼ਹੀਦੀ ਛੋਟੇ ਸਾਹਿਬਜ਼ਾਦੇ 25-9-1935
6. ਗੁਰੂ ਨਾਨਕ ਦੇਵ ਜੀ ਤੇ ਨਮਾਜ਼ ਦੌਲਤ ਖਾਨ 11-10-1935
7. ਵਲੀ ਕੰਧਾਰੀ 30-10-1935
8. ਸਾਕਾ ਗੱਡੀ ਪੰਜਾ ਸਾਹਿਬ 5-1-1936
9. ਸਿੰਘਾਂ ਨੇ ਅਬਦਾਲੀ ਤੋਂ ਢੱਕਾਂ ਛੁਡਵਾਈਆਂ 10-1-1936
10. ਪਿਆਰੇ ਦਾ ਪਿਆਰਾ 9-11-1936
11. ਸ਼ਹੀਦੀ ਗੁਰੂ ਤੇਗ ਬਹਾਦਰ ਜੀ 12-12-1936
12. ਬਾਲਾ ਪ੍ਰੀਤਮ (ਗੁਰੂ ਗੋਬਿੰਦ ਸਿੰਘ ਜੀ) 24-12-1936
13. ਸ਼ਹੀਦੀ ਮਹਾਂ ਸਿੰਘ ਮੁਕਤਸਰ 4-1-1937
14. ਬੰਦਾ ਸਿੰਘ ਦੀ ਸਰਹਿੰਦ ਉੱਤੇ ਫ਼ਤਹਿ 1-3-1937
15. ਜੰਗ ਸੈਦ ਖ਼ਾਨ 1-8-1937
16. ਸ਼ਹੀਦੀ ਭਾਈ ਤਾਰੂ ਸਿੰਘ ਜੀ 21-8-1937
17. ਸੇਠ ਨਾਹਰੂ ਮੱਲ 3-12-937
18. ਸ਼ਹੀਦੀ ਸੁਬੇਗ ਸਿੰਘ ਸ਼ਾਹਬਾਜ ਸਿੰਘ 2-8-1938
19. ਗੁਰੂ ਨਾਨਕ ਦੇਵ ਜੀ ਦੀ ਰੁਹੇਲ ਖੰਡ ਯਾਤਰਾ 1-10-1941
20. ਸ਼ਹੀਦੀ ਸ. ਹਰੀ ਸਿੰਘ ਨਲੂਆ 5-10-1942
21. ਸ਼ਹੀਦੀ ਬਾਬਾ ਦੀਪ ਸਿੰਘ 23-11-1943
22. ਜੰਗ ਭੰਗਾਣੀ-ਗੁਰੂ ਗੋਬਿੰਦ ਸਿੰਘ 10-11-1944
23. ਸ਼ਹੀਦੀ ਬੰਦਾ ਸਿੰਘ 20-9-1946
24. ਵਾਰ ਬੀਬੀ ਸਾਹਿਬ ਕੌਰ 1-1-1947
25. ਸ਼ਹੀਦੀ ਅਕਾਲੀ ਫੂਲਾ ਸਿੰਘ 13-2-1948
26. ਜੰਗ ਚਮਕੌਰ 15-8-1948
27. ਜੰਗ ਮੁਲਤਾਨ- ਮੁਜ਼ੱਫਰ ਖਾਨ ਦੀ ਮੌਤ 6-10-1948
28. ਕਸੂਰ ਫ਼ਤਹਿ- ਕੁਤਬਦੀਨ ਨੂੰ ਜਾਗੀਰ 10-10-1948
29. ਚੋਣ ਪੰਜ ਪਿਆਰੇ 12-12-1948
30. ਸ਼ਹੀਦੀ ਭਾਈ ਤਾਰਾ ਸਿੰਘ ‘ਵਾਂ’ 1-3-1949
31. ਜੰਗ ਹਰਿਗੋਬਿੰਦਪੁਰਾ-ਛੇਵੇਂ ਗੁਰਾਂ ਨਾਲ 15-3-1949
32. ਡੱਲੇ ਦਾ ਸਿਦਕ ਬੰਦੂਕ ਪਰਖਣੀ 23-3-1949
33. ਮੱਸੇ ਰੰਘੜ ਦੀ ਮੌਤ 4-5-1949
34. ਚੌਧਰੀ ਨੱਥੇ ਦੀ ਬਹਾਦਰੀ 4-7-1949
35. ਵੱਡਾ ਘੱਲੂਘਾਰਾ 19-7-1949
36. ਜੰਗ ਪਿਪਲੀ ਸਾਹਿਬ (ਘੱਲੂਘਾਰੇ ਪਿੱਛੋਂ) 9-8-1949
37. ਸ਼ਹੀਦੀ ਭਾਈ ਬੋਤਾ ਸਿੰਘ 2-12-1949
38. ਛੋਟਾ ਘੱਲੂਘਾਰਾ 12-2-1950
39. ਕਸੂਰ ਮਾਰ ਕੇ ਪੰਡਤਾਣੀ ਛੁਡਾਈ 18-2-1950
40. ਜ਼ੈਨ ਖ਼ਾਨ ਸਰਹਿੰਦ ਦੀ ਮੌਤ 28-2-1950
41. ਅਹਿਮਦ ਸ਼ਾਹ ਦਾ ਅਠਵਾਂ ਹਮਲਾ 4-3-1950
42. ਜੰਗ ਸੰਗਰਾਣਾ ਸਾਹਿਬ (ਪਾ: 6) 29-3-1950
43. ਬਿਧੀ ਚੰਦ ਘੋੜੇ ਲਿਆਂਦੇ 2-4-1950
44. ਸ਼ਹੀਦੀ ਭਾਈ ਮਨੀ ਸਿੰਘ 4-4-1950
45. ਸ਼ਹੀਦੀ ਭਾਈ ਗੁਰਬਖਸ਼ ਸਿੰਘ 19-5-1950
46. ਸ਼ਾਹ ਜ਼ਮਾਨ ਦਾ ਆਖ਼ਰੀ ਹਮਲਾ 28-8-1950
47. ਕਸ਼ਮੀਰ ਫ਼ਤਹਿ ‘ਸਿੱਖ ਰਾਜ’ ਵਿਚ ਸ਼ਾਮਲ 7-10-1950
48. ਉੱਚ ਦਾ ਪੀਰ (ਦਸਮੇਸ਼ ਗੁਰੂ) 30-12-1950
49. ਜੰਗ ਲਲਾ ਬੇਗ (ਪਾ:6) 27-1-1951
50. ਬਾਬਰ ਦੀ ਚੱਕੀ-ਗੁਰੂ ਨਾਨਕ ਦੇਵ ਜੀ 8-2-1951
51. ਜੰਗ ਪੈਂਦੇ ਖਾਨ (ਪਾ:6) 15-2-1951
52. ਜਲਾਲਾਬਾਦ ਮਾਰ ਕੇ ਪੰਡਤਾਣੀ ਛੁਡਾਈ 25-6-1951
53. ਹਮਜ਼ਾ ਗੌਸ ਤੇ ਗੁਰੂ ਨਾਨਕ ਦੇਵ ਜੀ 11-7-1951
54. ਨਦੌਣ ਯੁੱਧ 30-5-1953
55. ਰੁਸਤਮ ਖਾਂ ਦੀ ਅਨੰਦਪੁਰ ’ਤੇ ਚੜ੍ਹਾਈ 1-7-1953
56. ਹੁਸੈਨੀ ਤੇ ਕਿਰਪਾਲ ਦੀ ਮੌਤ 2-1-1954
57. ਬਚਿੱਤਰ ਸਿੰਘ ਦਾ ਹਾਥੀ ਨਾਲ ਜੰਗ 10-3-1954
58. ਸਤਿਗੁਰ ਨਾਨਕ ਪ੍ਰਗਟਿਆ 21-3-1955
59. ਹਰਿਗੋਬਿੰਦ ਸਾਹਿਬ ਪ੍ਰਗਟੇ 20-4-1955
60. ਪ੍ਰਸੰਗ ਭਾਈ ਜੋਗਾ ਸਿੰਘ 26-4-1955
61. ਚਵਿੰਡੇ ਦੀਆਂ ਸਿੰਘਣੀਆਂ ਦੀ ਬਹਾਦਰੀ 5-7-1955
62. ਸ਼ਹੀਦੀ ਹਕੀਕਤ ਰਾਏ 9-7-1955
63. ਜੰਗ ਰਾਮ ਰਉਣੀ ਮੀਰ ਮੰਨੂ ਨਾਲ 12-7-1955
64. ਨਾਦਰ ਦਾ ਹਿੰਦ ’ਤੇ ਹਮਲਾ 11-9-1955
65. ਮਾਤਾ ਸੁਲੱਖਣੀ (ਪਾ:6) 1-8-1956
66. ਸੱਜਣ ਠੱਗ ਤੇ ਗੁਰੂ ਨਾਨਕ ਦੇਵ ਜੀ 5-8-1956
67. ਪਿੰਗਲਾ ਤੇ ਬੀਬੀ ਰਜਨੀ 9-8-1956
68. ਖਡੂਰ ਦਾ ਤਪਾ ਸ਼ਿਵਨਾਥ 10-8-1956
69. ਬਾਬਾ ਆਦਮ ਤੇ ਭਾਈ ਭਗਤੂ 30-12-1956
70. ਅਘੜ ਸਿੰਘ ਹੱਥੋਂ ਮੋਮਨ ਖਾਂ ਦੀ ਮੌਤ 18-1-1957
71. ਸੱਤਾ ਬਲਵੰਡ ਤੇ ਲੱਧਾ ਉਪਕਾਰੀ 8-6-1957
72. ਭਾਈ ਗੁਰਦਾਸ ਦੇ ਸਿਦਕ ਦੀ ਪਰਖ 13-6-1957
73. ਮੱਖਣ ਸ਼ਾਹ ਗੁਰੂ ਲਾਧੋ ਰੇ 27-6-1957
74. ਵਿਆਹ ਕੰਵਰ ਨੌਨਿਹਾਲ ਸਿੰਘ 18-8-1957
75. ਜੰਗ ਹਿੰਦ ਤੇ ਚੀਨ 25-12-1962
76. ਹੈਦਰਾਬਾਦ ਦੀ ਜਿੱਤ 20-9-1948
77. ਜੰਗ ਹਜ਼ਰੋ 29-8-1950
78. ਸ਼ਹੀਦੀ ਸ. ਕੇਵਲ ਸਿੰਘ,
79. ਸ਼ਹੀਦੀ ਸ. ਊਧਮ ਸਿੰਘ 2-12-1979
ਇਨ੍ਹਾਂ ਸਾਰੇ ਪ੍ਰਸੰਗਾਂ ਨੂੰ ਸੀਤਲ ਜੀ ਨੇ 18 ਪੁਸਤਕਾਂ ਵਿਚ ਪ੍ਰਕਾਸ਼ਿਤ ਕੀਤਾ।
1. ਸੀਤਲ ਕਿਰਣਾਂ 2. ਸੀਤਲ ਸੁਨੇਹੇ
3. ਸੀਤਲ ਹੰਝੂ 4. ਸੀਤਲ ਹੁਲਾਰੇ
5. ਸੀਤਲ ਤਰੰਗਾਂ 6. ਸੀਤਲ ਪ੍ਰਸੰਗ
7. ਸੀਤਲ ਪ੍ਰਕਾਸ਼ 8. ਸੀਤਲ ਤਰਾਨੇ
9. ਸੀਤਲ ਵਾਰਾਂ 10. ਸੀਤਲ ਤਾਘਾਂ
11. ਸੀਤਲ ਵਲਵਲੇ 12. ਸੀਤਲ ਚੰਗਿਆੜੇ
13. ਸੀਤਲ ਚਮਕਾਂ 14. ਸੀਤਲ ਰਮਜ਼ਾਂ
15. ਸੀਤਲ ਉਮੰਗਾਂ 16. ਸੀਤਲ ਅੰਗਿਆਰੇ
17. ਸੀਤਲ ਮੁਨਾਰੇ 18. ਸੀਤਲ ਸੁਗਾਤਾਂ
----
ਲੜੀ ਜੋੜਨ ਲਈ ਦੂਜਾ ਭਾਗ ਪੜ੍ਹੋ।
1 comment:
ਗਾਗਰ ਵਿਚ ਸਾਗਰ
ਸ਼ਨਸ਼ੇਰ ਸਿਂਘ ਸਂਧੂ ਜੀ ਤੇ ਤਨਦੀਪ ਜੀ ੲਿਸ ਲੇਖ ਲੲੀ ਲਖ ਲਖ ਵਧਾੲੀ
Post a Comment