ਲੇਖ
ਮਿੰਨੀ ਗਰੇਵਾਲ ਨੇ ਆਪਣਾ ਕਹਾਣੀ ਸੰਗ੍ਰਹਿ ‘ਚਾਂਦੀ ਦਾ ਗੇਟ’ 2002 ਵਿੱਚ ਪ੍ਰਕਾਸ਼ਿਤ ਕੀਤਾ ਸੀ। ਇਸ ਤੋਂ ਪਹਿਲਾਂ ਉਹ ਦੋ ਹੋਰ ਪੁਸਤਕਾਂ ‘ਕੈਕਟਸ ਦੇ ਫੁੱਲ’ ਅਤੇ ‘ਫੁੱਲ ਪੱਤੀਆਂ’ ਵੀ ਪ੍ਰਕਾਸ਼ਿਤ ਕਰ ਚੁੱਕੀ ਸੀ।
ਕੈਨੇਡੀਅਨ ਪੰਜਾਬੀ ਕਹਾਣੀਕਾਰਾਂ ਵਿੱਚੋਂ ਮਿੰਨੀ ਗਰੇਵਾਲ ਇੱਕ ਨਿਵੇਕਲੀ ਕਿਸਮ ਦੀਆਂ ਕਹਾਣੀਆਂ ਲਿਖਣ ਵਾਲੀ ਕਹਾਣੀਕਾਰਾ ਹੈ। ਉਸਦੀਆਂ ਕਹਾਣੀਆਂ ਵਿੱਚ ਕਾਵਿਕ ਗੁਣ ਭਾਰਾ ਰਹਿੰਦਾ ਹੈ। ਉਸ ਦੀਆਂ ਕਹਾਣੀਆਂ ਪੜ੍ਹਦਿਆਂ ਕਈ ਵੇਰੀ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਉਹ ਕਹਾਣੀ ਲਿਖਦੀ ਲਿਖਦੀ ਕਾਵਿ-ਸਿਰਜਣਾ ਕਰਨ ਵੱਲ ਤੁਰ ਪਈ ਹੋਵੇ। ਉਹ ਆਪਣੀਆਂ ਕਹਾਣੀਆਂ ਲਿਖਣ ਵੇਲੇ ਅਨੇਕਾਂ ਤਕਨੀਕਾਂ ਦਾ ਪ੍ਰਯੋਗ ਕਰਦੀ ਹੈ। ਮਿੰਨੀ ਗਰੇਵਾਲ ਦੀਆਂ ਕਹਾਣੀਆਂ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਉਹ ਵੱਖੋ ਵੱਖ ਵਿਸ਼ਿਆਂ ਉੱਤੇ ਕਹਾਣੀਆਂ ਲਿਖਣ ਵੇਲੇ ਵੱਖੋ ਵੱਖ ਤਕਨੀਕਾਂ ਦਾ ਪ੍ਰਯੋਗ ਕਰਦੀ ਹੈ। ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਉਸਦੀ ਕਹਾਣੀ ਲਿਖਣ ਦੀ ਤਕਨੀਕ ਨੇ ਇੱਕ ਤੋਂ ਵੱਧ ਕਹਾਣੀਕਾਰਾਂ ਦੀ ਸਿਰਜਣ ਪ੍ਰਕ੍ਰਿਆ ਦਾ ਪ੍ਰਭਾਵ ਕਬੂਲਿਆ ਹੋਵੇ। ਇਹ ਪ੍ਰਭਾਵ ਚਰਚਿਤ ਪੰਜਾਬੀ ਕਹਾਣੀਕਾਰਾਂ ਤੋਂ ਬਿਨ੍ਹਾਂ ਅੰਗ੍ਰੇਜ਼ੀ ਜਾਂ ਹੋਰਨਾਂ ਜ਼ੁਬਾਨਾਂ ਦੇ ਕਹਾਣੀਕਾਰਾਂ ਦਾ ਵੀ ਹੋ ਸਕਦਾ ਹੈ।
-----
ਮਿੰਨੀ ਗਰੇਵਾਲ ਦੀਆਂ ਕਹਾਣੀਆਂ ਪੜ੍ਹਣ ਤੋਂ ਬਾਹਦ ਇੱਕ ਗੱਲ ਬਿਨ੍ਹਾਂ ਕਿਸੀ ਸੰਕੋਚ ਦੇ ਕਹੀ ਜਾ ਸਕਦੀ ਹੈ ਕਿ ਉਹ ਆਪਣੀਆਂ ਕਹਾਣੀਆਂ ਵਿੱਚ ਔਰਤ ਦੀ ਮਾਨਸਿਕਤਾ ਦੇ ਵੱਖੋ ਵੱਖ ਪਹਿਲੂਆਂ ਨੂੰ ਪੇਸ਼ ਕਰਨ ਦੇ ਨਾਲ ਨਾਲ ਔਰਤ ਸਾਹਮਣੇ ਪੇਸ਼ ਰਾਜਨੀਤਿਕ, ਸਭਿਆਚਾਰਕ, ਸਮਾਜਿਕ ਅਤੇ ਆਰਥਿਕ ਸਮੱਸਿਆਵਾਂ ਨੂੰ ਵੀ ਪੇਸ਼ ਕਰਦੀ ਹੈ। ਨਿਰਸੰਦੇਹ, ਮਿੰਨੀ ਗਰੇਵਾਲ ਨੂੰ ਕੈਨੇਡਾ ਦੀਆਂ ਉਨ੍ਹਾਂ ਕੁਝ ਕੁ ਚੇਤੰਨ ਅਤੇ ਜਾਗਰੂਕ ਲੇਖਕਾਵਾਂ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਜੋ ਕਿ ਇਸ ਗੱਲ ਨੂੰ ਬੜੇ ਸਪੱਸ਼ਟ ਰੂਪ ਵਿੱਚ ਸਮਝਦੀਆਂ ਹਨ ਕਿ ਜਦੋਂ ਤੱਕ ਔਰਤ ਉੱਤੇ ਸਦੀਆਂ ਤੋਂ ਹੋ ਰਹੇ ਅਤਿਆਚਾਰਾਂ ਵਿਰੁੱਧ ਜ਼ੋਰਦਾਰ ਆਵਾਜ਼ ਨਹੀਂ ਉਠਾਈ ਜਾਂਦੀ ਓਨੀ ਦੇਰ ਤੱਕ ਮਰਦ-ਪ੍ਰਧਾਨ ਸਮਾਜ ਵੱਲੋਂ ਪ੍ਰਚਲਤ ਕੀਤੀਆਂ ਗਈਆਂ ਸਮਾਂ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਨੂੰ ਬਦਲਿਆ ਨਹੀਂ ਜਾ ਸਕਦਾ। ਮਿੰਨੀ ਗਰੇਵਾਲ ਦੇ ਕਹਾਣੀ ਸੰਗ੍ਰਹਿ ‘ਚਾਂਦੀ ਦਾ ਗੇਟ’ ਵਿਚਲੀਆਂ ਕਹਾਣੀਆਂ ਅੰਦਰ ਪ੍ਰਗਟਾਏ ਗਏ ਅਜਿਹੇ ਸ਼ਕਤੀਸ਼ਾਲੀ ਵਿਚਾਰਾਂ ਦੀ ਥਾਹ ਪਾਉਣ ਲਈ ਉਸ ਦੀ ਕਹਾਣੀ ‘ਮੋਤੀਆਂ ਵਾਲੀ ਕਾਲੀ ਗੁਰਗਾਬੀ’ ਦੀਆਂ ਇਨ੍ਹਾਂ ਸਤਰਾਂ ਨਾਲ ਗੱਲ ਸ਼ੁਰੂ ਕੀਤੀ ਜਾ ਸਕਦੀ ਹੈ:
“ਹਰ ਕਬਰ ਵਿੱਚ ਮੈਂ ਹਾਂ, ਹਰ ਪੱਤੇ ਦੀਆਂ ਰਗਾਂ ਵਿੱਚ ਮੈਂ ਹਾਂ। ਧਰਤੀ ਉੱਤੇ ਉੱਗੇ ਹਰ ਫੁੱਲ ਵਿੱਚ ਮੈਂ ਹਾਂ ਅਤੇ ਉਡਦੀ ਮਿਟੀ ਦੇ ਹਰ ਕਿਣਕੇ ਵਿੱਚ ਮੈਂ ਹਾਂ। ਜੋ ਰੂਹਾਂ ਮਰ ਗਈਆਂ ਹਨ, ਜੋ ਰੂਹਾਂ ਮਾਰ ਦਿੱਤੀਆਂ ਗਈਆਂ ਹਨ ਅਤੇ ਜੋ ਮਾਰੀਆਂ ਜਾਣ ਵਾਲੀਆਂ ਹਨ ਉਹਨਾਂ ਰੂਹਾਂ ਦੇ ਹਰ ਜਿਸਮ ਵਿੱਚ ਮੈਂ ਹਾਂ। ਮੈਂ ਹਰ ਯੁੱਗ ਜੰਮੀ ਹਾਂ ਅਤੇ ਧਰਤੀ ਦੇ ਹਰ ਕੋਨੇ ਵਿੱਚ ਪੈਦਾ ਹੋਈ ਹਾਂ। ਇਸ ਰੂਹ ਉੱਤੇ, ਇਸ ਸਰੀਰ ਉੱਤੇ ਧੁੱਪਾਂ ਦੀ ਕੜਕਦੀ ਗਰਮੀ ਸਹੀ ਹੈ ਅਤੇ ਨਾੜਾਂ ਵਿੱਚ ਦੌੜਦੇ ਲਹੂ ਨੂੰ ਸੁੰਨ ਕਰ ਦੇਣ ਵਾਲੀਆਂ ਬਰਫ਼ਾਂ ਸਹੀਆਂ ਹਨ। ਨਿਆਣੇ ਜੰਮੇ ਹਨ ਅਤੇ ਸੁੱਕੀ ਧਰਤੀ ਬੀਜੀ ਹੈ। ਫਿਰ ਵੀ ਮੈਂ ਪਾਣੀਆਂ ਵਿੱਚ ਡੁਬੋਈ ਗਈ ਹਾਂ, ਮੇਰਾ ਸਰੀਰ ਤੀਰਾਂ ਨਾਲ ਛੱਲਣੀ ਕੀਤਾ ਗਿਆ ਹੈ। ਮੇਰਾ ਕਤਲ ਤਲਵਾਰਾਂ ਨਾਲ ਹੋਇਆ ਹੈ, ਮੈਨੂੰ ਅੱਗਾਂ ਵਿੱਚ ਸਾੜਿਆ ਹੈ ਅਤੇ ਦੀਵਾਰਾਂ ਵਿੱਚ ਚਿਣਿਆ ਹੈ।”
“ਫਿਰ ਵੀ ਹਰ ਯੁੱਗ ਵਿੱਚ ਮੈਂ ਜਨਮ ਲੈਂਦੀ ਹਾਂ, ਪਿਆਰ ਕਰਦੀ ਹਾਂ, ਖੁਸ਼ਬੂਆਂ ਨਾਲ ਇਸ ਧਰਤੀ ਉੱਤੇ ਛਾ ਜਾਂਦੀ ਹਾਂ। ਪਿਆਰ ਕਰਨਾ ਮੇਰੀ ਰੂਹ ਦਾ, ਮੇਰੇ ਜਿਸਮ ਦਾ ਜਮਾਂਦਰੂ ਹੱਕ ਹੈ। ਜਦ ਤਕ ਇਸ ਧਰਤੀ ਉਤੇ ਬੀਜ ਪੁੰਗਰਦੇ ਰਹਿਣਗੇ ਮੈਂ ਜਨਮ ਲੈਂਦੀ ਰਹਾਂਗੀ।”
‘ਮੋਤੀਆਂ ਵਾਲੀ ਕਾਲੀ ਗੁਰਗਾਬੀ’ ਕਹਾਣੀ ਦਾ ਇਹ ਆਖਰੀ ਪਹਿਰਾ, ਬਹੁਤ ਸੰਖੇਪ ਰੂਪ ਵਿੱਚ ਪਰ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਔਰਤ ਦੇ ਭੂਤ, ਭਵਿੱਖ ਅਤੇ ਵਰਤਮਾਨ ਦੀਆਂ ਇਤਿਹਾਸਕ ਹਕੀਕਤਾਂ ਪੇਸ਼ ਕਰਦਾ ਹੈ। ਜਿਸ ਤਰ੍ਹਾਂ ਆਪਣੇ ਵਰਤਮਾਨ ਨੂੰ ਖ਼ੂਬਸੂਰਤ ਬਣਾਉਣ ਲਈ ਸਾਡੇ ਲਈ ਆਪਣੇ ਭੂਤਕਾਲ ਨੂੰ ਸਮਝਣਾ ਜ਼ਰੂਰੀ ਹੁੰਦਾ ਹੈ; ਇਸੇ ਤਰ੍ਹਾਂ ਹੀ ਆਪਣੇ ਭਵਿੱਖ ਨੂੰ ਆਪਣੇ ਸੁਫਨਿਆਂ ਅਨੁਸਾਰ ਢਲਿਆ ਹੋਇਆ ਵੇਖਣ ਲਈ ਸਾਡੇ ਲਈ ਜ਼ਰੂਰੀ ਹੁੰਦਾ ਹੈ ਕਿ ਅਸੀਂ ਆਪਣੇ ਭੂਤਕਾਲ ਨੂੰ ਸਮਝਣ ਦੇ ਨਾਲ ਨਾਲ ਆਪਣੇ ਵਰਤਮਾਨ ਨੂੰ ਵੀ ਸਮਝੀਏ।
-----
ਸਦੀਆਂ ਤੋਂ ਭਾਰਤੀ ਸਮਾਜ ਔਰਤ ਉੱਤੇ ਜ਼ੁਲਮ ਕਰਦਾ ਆ ਰਿਹਾ ਹੈ। ਅਜਿਹੇ ਜ਼ੁਲਮ ਨਾਲ ਹੀ ਸਬੰਧਤ ਹੈ ਭਾਰਤੀ ਸਮਾਜ ਵਿੱਚ ਪ੍ਰਚਲਿਤ ਸਤੀ ਦੀ ਰਸਮ। ਪਤੀ ਦੀ ਮੌਤ ਤੋਂ ਬਾਹਦ ਔਰਤ ਕੋਲੋਂ ਜਿਉਣ ਦਾ ਹੱਕ ਵੀ ਖੋਹ ਲੈਣ ਦੀ ਇਹ ਘਿਨਾਉਣੀ ਸਮਾਜਿਕ ਰੀਤ। ਪਰ ਕਮਾਲ ਦੀ ਗੱਲ ਇਹ ਹੈ ਕਿ ਮਰਦ-ਪ੍ਰਧਾਨ ਸਮਾਜ ਨੇ ਇਸ ਘਿਨਾਉਣੀ ਸਮਾਜਿਕ ਰੀਤ ਨੂੰ ਵੀ ਇਸ ਤਰ੍ਹਾਂ ਦੀ ਚਲਾਕੀ ਨਾਲ ਪੇਸ਼ ਕੀਤਾ ਕਿ ਔਰਤਾਂ ਦਾ ਕੁਝ ਹਿੱਸਾ ਇਸ ਸਤੀ ਦੀ ਰਸਮ ਦੀ ਨਿੰਦਾ ਕਰਨ ਦੀ ਥਾਂ ਇਸ ਰੀਤ ਦੀ ਮਹਿਮਾ ਗਾਉਣ ਲੱਗਾ। ਜਿਸ ਸਦਕਾ ਆਪਣੇ ਪਤੀ ਦੀ ਮੌਤ ਤੋਂ ਬਾਹਦ ਆਪਣੇ ਆਪ ਨੂੰ ਵੀ ਚਿਖਾ ਦੇ ਹਵਾਲੇ ਕਰ ਦੇਣ ਵਾਲੀਆਂ ਔਰਤਾਂ ਨੂੰ ਬਹਾਦਰ ਔਰਤਾਂ ਕਿਹਾ ਜਾਣ ਲੱਗਾ। ਇਸ ਤੱਥ ਨੂੰ ਮਿੰਨੀ ਗਰੇਵਾਲ ਆਪਣੀ ਕਹਾਣੀ ‘ਮੋਤੀਆਂ ਵਾਲੀ ਕਾਲੀ ਗੁਰਗਾਬੀ’ ਵਿੱਚ ਬੜੀ ਸ਼ਿੱਦਤ ਨਾਲ ਉਘਾੜਦੀ ਹੈ। ਉਹ ਇਸ ਗੱਲ ਨੂੰ ਵੀ ਉਘਾੜਦੀ ਹੈ ਕਿ ਔਰਤ ਉੱਤੇ ਅਜਿਹੇ ਅਤਿਆਚਾਰ ਕਰਨ ਵਾਲਾ ਅਜਿਹਾ ਸਮਾਜਿਕ ਸਭਿਆਚਾਰਕ ਸਿਸਟਮ ਉਸਾਰਨ ਲਈ ਦਲਾਲਾਂ ਵਾਲੀ ਭੂਮਿਕਾ ਨਿਭਾਉਣ ਸਦਕਾ ਧਰਮ ਅਤੇ ਧਾਰਮਿਕ ਰਹਿਨੁਮਾ ਵੀ ਪੂਰੀ ਤਰ੍ਹਾਂ ਗੁਨਾਹਗਾਰ ਹਨ:
ਕੁਝ ਹਫਤਿਆਂ ਪਿਛੋਂ ਤਰਿਪਤਾ ਸੱਚਮੁੱਚ ਹੀ ਸ਼ਮਸ਼ਾਨ ਘਾਟ ਵਿੱਚ ਹਮੇਸ਼ਾਂ ਲਈ ਲੁਕੋ ਦਿਤੀ ਗਈ। ਸਾੜ ਕੇ ਸੁਆਹ ਕਰ ਦਿੱਤੀ ਗਈ। ਫਿਰ ਜ਼ਬਰਦਸਤੀ ਉਹਨੂੰ ਚੁੱਕ ਉਹਦੇ ਪਤੀ ਦੀ ਚਿਤਾ ਉੱਤੇ ਬਿਠਾ ਦਿੱਤਾ। ਚਿਤਾ ਜਲਦੀ ਰਹੀ। ਕੋਲ ਖਲੋਤੇ ਪੰਡਿਤ ਮੰਤਰ ਪੜ੍ਹਦੇ ਰਹੇ। ਔਰਤਾਂ ਸਤੀ ਦੀ ਕੁਰਬਾਨੀ ਦੇ ਗੀਤ ਗਾਉਂਦੀਆਂ ਰਹੀਆਂ। ਤ੍ਰਿਪਤਾ ਦਾ ਜਿਸਮ ਰੋਮ ਰੋਮ ਸੜਦਾ ਰਿਹਾ। ਸੜਦੇ ਕੱਚੇ ਮਾਸ ਦੀ ਬੂ ਉਹਦੇ ਨੱਕ, ਕੰਨਾਂ ਅਤੇ ਫੇਫ਼ੜਿਆਂ ਵਿੱਚ ਭਰ ਗਈ ਸੀ।
----
ਸਤੀ ਦੀ ਰਸਮ ਭਾਵੇਂ ਕਿ ਭਾਰਤੀ ਸਮਾਜ ਵਿੱਚ ਹੁਣ ਪਹਿਲਾਂ ਵਾਂਗ ਪ੍ਰਚਲਤ ਨਹੀਂ ਰਹੀ; ਪਰ ਫਿਰ ਵੀ ਜਿੱਥੇ ਕਿਤੇ ਵੀ ਕਠੋਰ ਧਾਰਮਿਕ ਰਹਿਨੁਮਾਵਾਂ ਦਾ ਜ਼ੋਰ ਚੱਲਦਾ ਹੈ ਉਹ ਭਾਰਤੀ ਔਰਤਾਂ ਉੱਤੇ ਇਹ ਰਸਮ ਲਾਗੂ ਕਰਕੇ ਉਨ੍ਹਾਂ ਨੂੰ ਆਪਣੇ ਪਤੀਆਂ ਦੀਆਂ ਜਲ ਰਹੀਆਂ ਚਿਤਾਵਾਂ ਵਿੱਚ ਸੁੱਟਣ ਤੋਂ ਗੁਰੇਜ਼ ਨਹੀਂ ਕਰਦੇ।
ਅਜੋਕੇ ਸਮਿਆਂ ਦੀ ਇੱਕ ਵੱਡੀ ਸਮੱਸਿਆ ਹੈ ਪਤੀ ਵੱਲੋਂ ਆਪਣੀ ਹੀ ਪਤਨੀ ਉੱਤੇ ਹਿੰਸਾਤਮਕ ਹਮਲਾ ਕਰਨਾ - ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕਰਨੀ ਅਤੇ ਕਈ ਹਾਲਤਾਂ ਵਿੱਚ ਪਤਨੀ ਦਾ ਕਤਲ ਕਰ ਦੇਣਾ। ਪਰ ਇਹ ਸਮੱਸਿਆ ਉਦੋਂ ਕੁਝ ਵਧੇਰੇ ਗੁੰਝਲਦਾਰ ਬਣ ਜਾਂਦੀ ਹੈ ਜਦੋਂ ਕੋਈ ਔਰਤ ਹੀ ਕਿਸੇ ਹੋਰ ਔਰਤ ਉੱਤੇ ਹਿੰਸਾਤਮਕ ਹਮਲਾ ਕਰਨ ਲਈ ਕਿਸੇ ਮਰਦ ਨੂੰ ਹੱਲਾਸ਼ੇਰੀ ਦੇ ਰਹੀ ਹੋਵੇ। ਸਾਡੇ ਸਮਾਜ ਦੀ ਅਜਿਹੀ ਸਮੱਸਿਆ ਦੇ ਇਸ ਲੁੱਕਵੇਂ ਪਰ ਅਹਿਮ ਪਹਿਲੂ ਨੂੰ ਵੀ ਮਿੰਨੀ ਗਰੇਵਾਲ ਆਪਣੀ ਕਹਾਣੀ ‘ਇੱਕ ਬੇਨਾਮ ਕਹਾਣੀ’ ਦੀਆਂ ਇਨ੍ਹਾਂ ਸਤਰਾਂ ਰਾਹੀਂ ਬੜੀ ਸ਼ਿੱਦਤ ਨਾਲ ਉਘਾੜਦੀ ਹੈ:
ਇੱਕ ਰਾਤ ਤਾਂ ਮੇਰੇ ਆਦਮੀ ਨੇ ਮੈਨੂੰ ਬਹੁਤ ਮਾਰਿਆ ਸੀ। ਦਰਵਾਜ਼ੇ ਵਿੱਚ ਖੜ੍ਹੀ ਸੱਸ, ਮੇਰੇ ਆਦਮੀ ਨੂੰ “ਇੱਕ ਹੋਰ ਖਿੱਚਕੇ ਮਾਰ” ਦੀ ਹੱਲਾਸ਼ੇਰੀ ਦੇਈ ਜਾ ਰਹੀ ਸੀ। ਇਸ ਮਾਰ ਕੁਟਾਈ ਦਾ ਕਾਰਣ ਰੋਟੀ ਦਾ ਸੁਆਲ ਸੀ। ਕੰਮ ਤੋਂ ਮੈਂ ਥੱਕੀ ਆਈ ਸੀ ਤੇ ਮੈਂ ਆਪਣੀ ਸੱਸ ਨੂੰ ਸੁਝਾਅ ਦਿੱਤਾ ਕਿ ਅੱਜ ਰੋਟੀ ਦੀ ਥਾਂ ਚਾਵਲ ਬਣਾ ਲੈਂਦੀ ਹਾਂ। ਮੇਰੀ ਗੱਲ ਮੁੱਕੀ ਹੀ ਸੀ ਕਿ ਸੱਸ ਨੇ ਰੌਲਾ ਹੀ ਚੁਕ ਦਿੱਤਾ। ਚੀਕਾਂ ਮਾਰ ਮਾਰ ਦੁਨੀਆਂ ਨੂੰ ਸੁਣਾਉਣ ਲੱਗੀ ਕਿ ਉਹਦੀ ਨੂੰਹ ਕੋਲੋਂ ਟੱਬਰ ਜੋਗੀਆਂ ਰੋਟੀਆਂ ਨਹੀਂ ਪੱਕਦੀਆਂ, ਚਾਵਲ ਖਾਣ ਨੂੰ ਕਹਿੰਦੀ ਹੈ। ਕਿਹੋ ਜਿਹੀ ਔਰਤ ਹੈ ਇਹ....”
-----
ਭਾਰਤੀ / ਪਾਕਿਸਤਾਨੀ ਮੂਲ ਦੇ ਲੋਕਾਂ ਨਾਲ ਸਬੰਧਤ ਇੱਕ ਹੋਰ ਸਮੱਸਿਆ ਵੀ ਮੀਡੀਆ ਦੀਆਂ ਸੁਰਖੀਆਂ ਬਣਦੀ ਰਹਿੰਦੀ ਹੈ। ਇਹ ਸਮੱਸਿਆ ਹੈ ਭਾਰਤੀ / ਪਾਕਿਸਤਾਨੀ ਮੂਲ ਦੀਆਂ ਨੌਜਵਾਨ ਔਰਤਾਂ ਦਾ ਗ਼ੈਰ ਭਾਰਤੀ / ਪਾਕਿਸਤਾਨੀ ਮਰਦਾਂ ਨਾਲ ਵਿਆਹ ਕਰ ਲੈਣਾ। ਭਾਰਤ / ਪਾਕਿਸਤਾਨ ਵਿੱਚ ਤਾਂ ਇਹ ਸਮੱਸਿਆ ਜ਼ਾਤ-ਪਾਤ ਦੇ ਰੂਪ ਵਿੱਚ ਉੱਭਰਦੀ ਹੈ; ਪਰ ਪੱਛਮੀ ਮੁਲਕਾਂ ਵਿੱਚ ਰਹਿ ਰਹੇ ਭਾਰਤੀ / ਪਾਕਿਸਤਾਨੀ ਮੂਲ ਦੇ ਲੋਕਾਂ ਵਿੱਚ ਇਹ ਸਮੱਸਿਆ ਭਾਰਤੀ / ਪਾਕਿਸਤਾਨੀ ਮੂਲ ਦੀਆਂ ਔਰਤਾਂ ਵੱਲੋਂ ਹੋਰਨਾਂ ਧਰਮਾਂ ਦੇ ਮਰਦਾਂ ਨਾਲ ਵਿਆਹ ਕਰਨ ਕਾਰਨ ਪੈਦਾ ਹੁੰਦੀ ਹੈ। ਮਿੰਨੀ ਗਰੇਵਾਲ ਆਪਣੀ ਕਹਾਣੀ ‘ਮੋਤੀਆਂ ਵਾਲੀ ਕਾਲੀ ਗੁਰਗਾਬੀ’ ਦੀਆਂ ਇਨ੍ਹਾਂ ਸਤਰਾਂ ਰਾਹੀਂ ਇਸ ਸਮੱਸਿਆ ਵੱਲ ਵੀ ਸੰਕੇਤ ਕਰਦੀ ਹੈ:
ਮੰਗਣੀ ਦੀ ਰਸਮ ਪੂਰੀ ਕਰਕੇ, ਵਿਆਹ ਦੀ ਤਿਆਰੀ ਕਰਨ ਉਹਦੇ ਮਾਪੇ ਕੈਨੇਡਾ ਮੁੜ ਆਏ। ਮਹੀਨੇ ਦੇ ਅੰਦਰ ਅੰਦਰ ਵਿਆਹ ਦੀ ਤਿਆਰੀ ਪਿਛੋਂ ਉਹ ਹਿੰਦੁਸਤਾਨ ਮੁੜ ਆਉਣਗੇ ਤੇ ਮਹੀਨੇ ਦੇ ਖ਼ਤਮ ਹੋਣ ਤੱਕ ਅਲਕਾ ਪੰਜਾਬ ਦੀ ਮਿੱਟੀ ਵਿੱਚ ਅਤੇ ਪੰਜਾਬ ਦੀਆਂ ਖ਼ੁਸ਼ਬੂਆਂ ਵਿੱਚ ਰਚ ਮਿਚ ਜਾਵੇਗੀ।
ਸ਼ਹਿਰ ਵਿੱਚ ਰਹਿੰਦੀ ਨਾਨੀ ਦੇ ਗੁਆਂਢ ਵਿਚ, ਕੁੱਲ ਦੋ ਘਰ ਛਡ ਕੇ ਇਕ ਬਹੁਤ ਹੀ ਸੁਹਣਾ ਮੁੰਡਾ ਰਹਿੰਦਾ ਸੀ। ਹਰ ਰੋਜ਼ ਸ਼ਾਮ ਅਤੇ ਸਵੇਰੇ ਉਹ ਆਪਣੀ ਗੀਤਾਂ ਭਰੀ ਆਵਾਜ਼ ਨਾਲ, ਸਾਰੇ ਮੁੱਹੱਲੇ ਦੇ ਵਾਤਾਵਰਣ ਨੂੰ ਗਾਣਿਆਂ ਦੀ ਗੂੰਜ ਨਾਲ ਢੱਕ ਦਿਆ ਕਰਦਾ ਸੀ। ਸੁਹਣੇ ਮੁੰਡੇ ਦੀ ਆਵਾਜ਼ ਅਲਕਾ ਦੇ ਕੰਨਾਂ ਤੋਂ ਹੁੰਦੀ ਹੋਈ, ਉਹਦੀ ਛਾਤੀ ਵਿੱਚ ਛੇਕ ਕਰਦੀ ਹੋਈ ਉਹਦੇ ਢਿਡ ਤਕ ਉਤਰ ਗਈ। ਉਸ ਸੁਹਣੇ ਮੁੰਡੇ ਕ੍ਰਿਸ਼ਨ ਨਾਲ ਨਜ਼ਰਾਂ ਮਿਲਦਿਆਂ ਸਾਰ ਦੁਹਾਂ ਦਿਲਾਂ ਵਿੱਚ ਪਿਆਰ ਦਾ ਅਲੱੜ ਤੂਫ਼ਾਨ ਉੱਠਿਆ। ਦੁਨੀਆਂ ਦੀਆਂ ਨਜ਼ਰਾਂ ਤੋਂ ਉਹਲੇ, ਸਵੇਰ ਦੀ ਬੁੱਕਲ ਵਿਚ, ਅਲਕਾ ਅਤੇ ਕ੍ਰਿਸ਼ਨ ਨੇ ਮੰਦਰ ਦੇ ਪੁਜਾਰੀ ਸਾਮ੍ਹਣੇ, ਭਗਵਾਨ ਦੇ ਦਰਬਾਰ ਵਿਚ, ਪੇਸ਼ ਹੋ ਕੇ ਉਮਰਾਂ ਦਾ ਵਾਅਦਾ ਕਰ ਲਿਆ। ਕੈਨੇਡਾ ਵਿਚ ਬੈਠੇ ਮਾਪਿਆਂ ਨੂੰ ਟੈਲੀਫੋਨ ਰਾਹੀਂ ਇਸ ਘਟਨਾ ਦਾ ਦੂਜੇ ਦਿਨ ਹੀ ਪਤਾ ਲੱਗ ਗਿਆ। ਉਹਦੀ ਮਾਂ ਨੇ ਮੁੜ ਆਪਣੇ ਭਰਾ ਨਾਲ ਮੀਟਿੰਗ ਕੀਤੀ। ਬਰਾਦਰੀ ਵਿੱਚ ਇੱਜ਼ਤ ਦੀ ਚਿੱਟੀ ਚਾਦਰ ਓੜੀ ਰੱਖਣ ਲਈ ਤਿੰਨਾਂ ਹਸਤੀਆਂ ਨੇ ਸਾਰੀ ਰਾਤ ਸਲਾਹਾਂ ਕੀਤੀਆਂ। ਦੂਜੇ ਦਿਨ ਭਰਾ ਟੈਲੀਫੋਨ ਦੀਆਂ ਤਾਰਾਂ ਨਾਲ ਜੁੜਿਆ ਰਿਹਾ।
-----
‘ਵਹਿੰਦੇ ਪਾਣੀਆਂ ਦੇ ਪਰਛਾਵੇਂ’ ਕਹਾਣੀ ਵਿੱਚ ਮਿੰਨੀ ਗਰੇਵਾਲ ਸਾਡੇ ਸਮਾਜ ਦੀ ਇੱਕ ਹੋਰ ਅਹਿਮ ਸਮੱਸਿਆ ਵੱਲ ਸਾਡਾ ਧਿਆਨ ਖਿੱਚਦੀ ਹੈ। ਇਹ ਸਮੱਸਿਆ ਹੈ: ਅਣਵਿਆਹੀਆਂ ਔਰਤਾਂ ਵੱਲੋਂ ਜੰਮੇ ਬੱਚੇ। ਅਜਿਹੀਆਂ ਅਣਵਿਆਹੀਆਂ ਮਾਵਾਂ ਦੀ ਤਰਸਨਾਕ ਹਾਲਤ ਦਾ ਬਿਆਨ ਵੀ ਮਿੰਨੀ ਗਰੇਵਾਲ ਆਪਣੀ ਕਹਾਣੀ ‘ਵਹਿੰਦੇ ਪਾਣੀਆਂ ਦੇ ਪਰਛਾਵੇਂ’ ਵਿੱਚ ਬੜੀ ਖ਼ੂਬਸੂਰਤੀ ਨਾਲ ਕਰਦੀ ਹੈ:
1.“ਮੀਰਾ ਸੋਚ, ਮੇਰੇ ਵੱਲ ਵੇਖ, ਕਰਿਸਚਨ ਦੇ ਘਰ ਦੇ ਬਾਹਰ ਮੈਂ ਅੱਧੀ ਅੱਧੀ ਰਾਤ ਤਾਈਂ ਇੱਕ ਲੰਡਰ ਕੁੱਤੇ ਵਾਂਗ ਪੂਛ ਹਿਲਾਂਦੀ ਰਹਿੰਦੀ ਸੀ। ਰੋਟੀ ਦੀ ਖੂਸ਼ਬੂ ਨਾਲ ਕੁੱਤੇ ਦੀਆਂ ਲਾਲਾਂ ਡਿਗਦੀਆਂ ਹਨ, ਅੱਖਾਂ ਵਿੱਚ ਚਮਕ ਆਉਂਦੀ ਹੈ। ਪਰ ਮੈਂ ਬੈਠਦੀ ਸਾਂ ਆਪਣੇ ਸਰੀਰ ਵਿੱਚ ਪਲ ਰਹੇ ਬੱਚੇ ਦੀ ਖਾਤਰ। ਬੱਚੇ ਨੂੰ ਦਿੱਤੇ ਜਾਣ ਵਾਲੇ ਪਿਓ ਦੇ ਨਾਂਅ ਅਤੇ ਇੱਜ਼ਤ ਦੀ ਖਾਤਿਰ। ਕਿੰਨੀਆਂ ਰਾਤਾਂ ਮੈਂ ਉਥੇ ਹਨੇਰੇ ਵਿੱਚ ਬੈਠ ਬਿਤਾਈਆਂ। ਅਖੀਰ ਇੱਕ ਲੰਡਰ ਕੁੱਤੇ ਵਾਂਗ ਹੀ ਦੁਰ੍ਹੇ ਦੁਰ੍ਹੇ ਕਰ ਮੈਨੂੰ ਉਸ ਦਰਵਾਜ਼ੇ ਤੋਂ ਭਜਾ ਦਿੱਤਾ ਗਿਆ...”
2.ਤੂੰ ਅੰਦਾਜ਼ਾ ਕਰ ਸਕਦੀ ਹੈਂ ਮੀਰਾ, ਕਿ ਅੱਜ ਤੋਂ ਪੈਂਤੀ ਸਾਲ ਪਹਿਲੋਂ ਇੱਕ ਅਣਵਿਆਹੀ ਕੁਆਰੀ ਕੁੜੀ ਜੇ ਮਾਂ ਬਣਨ ਵਾਲੀ ਹੋ ਜਾਵੇ ਤਾਂ ਉਸਦਾ ਕੀ ਹਸ਼ਰ ਹੁੰਦਾ ਸੀ!! ਮਾਪੇ ਉਹਦੀ ਹੋਂਦ ਤੋਂ ਮੁਨਕਰ ਹੋ ਜਾਂਦੇ ਸਨ। ਅਪਣੇ ਸ਼ਹਿਰੋਂ ਸੌਆਂ ਮੀਲ ਦੂਰ ਕਿਸੇ ਓਪਰੇ ਸ਼ਹਿਰ ਦੇ ਯਤੀਮਖਾਨੇ ਵਿੱਚ ਉਹਨੂੰ ਛੱਡ ਆਉਂਦੇ ਸਨ। ਬੱਚਾ ਜੰਮਣ ਪਿੱਛੋਂ, ਮਾਂ ਉਹਦੀ ਸ਼ਕਲ ਵੀ ਨਾ ਵੇਖ ਸਕਦੀ ਜਦ ਬੱਚੇ ਨੂੰ ਕੋਈ ਤੀਜਾ ਪਰਾਇਆ ਅਜਨਬੀ ਜੋੜਾ ਗੋਦੀ ਲੈ ਲੈਂਦਾ। ਪਤਾ ਨਹੀਂ ਕਿੰਨੇ ਹਜ਼ਾਰਾਂ ਬੱਚੇ ਅਪਣੀਆਂ ਮਾਵਾਂ ਤੋਂ ਵਿੱਛੜ ਗਏ।
ਆਪਣੀ ਇੱਜ਼ਤ ਪਾਕ ਰੱਖਣ ਲਈ ਮੇਰੇ ਮਾਪੇ ਵੀ ਮੈਨੂੰ ਜ਼ਬਰਦਸਤੀ ਇੱਕ ਓਪਰੇ ਸ਼ਹਿਰ ਛੱਡ ਆਏ। ਜਿੱਥੇ ਮੈਂ ਜੰਮੀ ਪਲੀ, ਜਿਸ ਵਿਹੜੇ ਵਿੱਚ ਬਚਪਨ ਦੀਆਂ ਖੇਡਾਂ ਖੇਡ ਮੈਂ ਜਵਾਨ ਹੋਈ ਉਸ ਘਰ ਦਾ ਦਰਵਾਜ਼ਾ ਮੇਰੇ ਵਾਸਤੇ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ।
-----
ਅਨੇਕਾਂ ਹਾਲਤਾਂ ਵਿੱਚ ਤਾਂ ਗੱਲ ਇਸ ਤੋਂ ਵੀ ਵੱਧ ਜਾਂਦੀ ਹੈ। ਆਪਣੀ ਇੱਜ਼ਤ ਦੇ ਨਾਮ ਉੱਤੇ ਮਾਪੇ ਆਪਣੀਆਂ ਹੀ ਨੌਜਵਾਨ ਧੀਆਂ ਦਾ ਕਤਲ ਵੀ ਕਰ ਦਿੰਦੇ ਹਨ। ਕੈਨੇਡਾ, ਇੰਗਲੈਂਡ, ਅਮਰੀਕਾ ਵਰਗੇ ਉੱਨਤ ਦੇਸ਼ਾਂ ਦੇ ਮੀਡੀਆ ਵਿੱਚ ਵੀ ਅਜਿਹੀਆਂ ਘਟਨਾਵਾਂ ਦੀਆਂ ਖ਼ਬਰਾਂ ਪੜ੍ਹਣ ਲਈ ਆਮ ਮਿਲਦੀਆਂ ਰਹਿੰਦੀਆਂ ਹਨ। ਮਾਪਿਆਂ ਵੱਲੋਂ ਆਪਣੀ ਇੱਜ਼ਤ-ਮਾਨ ਦੇ ਨਾਮ ਉੱਤੇ ਨੌਜਆਨ ਧੀਆਂ ਦੇ ਕੀਤੇ ਜਾ ਰਹੇ ਕਤਲ ਪੱਛਮੀ ਦੇਸ਼ਾਂ ਵਿੱਚ ਇੱਕ ਅਹਿਮ ਸਮਾਜਿਕ-ਸਭਿਆਚਾਰਕ ਮਸਲਾ ਬਣ ਕੇ ਉੱਭਰ ਰਿਹਾ ਹੈ। ਇੱਥੇ ਇਹ ਗੱਲ ਕਹਿਣ ਵਿੱਚ ਵੀ ਕੋਈ ਝਿਜਕ ਨਹੀਂ ਹੋ ਸਕਦੀ ਕਿ ਅਜਿਹੇ ਕਾਤਲ ਮਾਪਿਆਂ ਦਾ ਸਬੰਧ, ਵਧੇਰੇ ਕਰਕੇ, ਭਾਰਤ ਜਾਂ ਪਾਕਿਸਤਾਨ ਨਾਲ ਹੀ ਹੁੰਦਾ ਹੈ। ਅਜਿਹੇ ਮਾਪੇ ਵਧੇਰੇ ਕਰਕੇ ਧਾਰਮਿਕ ਕੱਟੜਵਾਦੀ ਵਿਚਾਰਾਂ ਦੇ ਧਾਰਣੀ ਅਤੇ ਪਿਛਾਂਹ-ਖਿੱਚੂ ਵਿਚਾਰਾਂ ਵਾਲੇ ਹੁੰਦੇ ਹਨ।
-----
‘ਚਾਂਦੀ ਦਾ ਗੇਟ’ ਕਹਾਣੀ-ਸੰਗ੍ਰਹਿ ਵਿੱਚ ਮਿੰਨੀ ਗਰੇਵਾਲ ਕੁਝ ਅਜਿਹੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਛੇੜਦੀ ਹੈ ਜਿਨ੍ਹਾਂ ਦਾ ਸਬੰਧ ਮਨੁੱਖ ਦੇ ਸੂਖਮ ਹਾਵਾਂ-ਭਾਵਾਂ ਨਾਲ ਵਧੇਰੇ ਹੁੰਦਾ ਹੈ। ਕਹਾਣੀ ‘ਦੋ ਅਸਮਾਨ’ ਸਾਨੂੰ ਇੱਕ ਅਜਿਹੀ ਹੀ ਸਮੱਸਿਆ ਦੇ ਰੂ-ਬ-ਰੂ ਕਰਦੀ ਹੈ। ਪਿਆਰ ਦੀਆਂ ਤਰੰਗਾਂ ਕਿਸੀ ਵੀ ਉਮਰ ਦੇ ਮਨੁੱਖ ਦੇ ਦਿਲ ਵਿੱਚ ਉੱਠ ਸਕਦੀਆਂ ਹਨ। ਇਨ੍ਹਾਂ ਤਰੰਗਾਂ ਦਾ ਸਬੰਧ ਨਾ ਉਮਰ ਨਾਲ ਹੁੰਦਾ ਹੈ, ਨਾ ਧਰਮ ਨਾਲ, ਨਾ ਜ਼ਾਤ-ਪਾਤ ਨਾਲ, ਨਾ ਰੰਗ ਨਾਲ, ਨਾ ਨਸਲ ਨਾਲ। ਇਹ ਤਰੰਗਾਂ ਨ ਦੇਸ਼ਾਂ ਦੀਆਂ ਸਰਹੱਦਾਂ ਦੀ ਪ੍ਰਵਾਹ ਕਰਦੀਆਂ ਹਨ ਅਤੇ ਨ ਮਹਾਂਦੀਪਾਂ ਦੀਆਂ ਦੂਰੀਆਂ ਦੀ। ‘ਦੋ ਅਸਮਾਨ’ ਕਹਾਣੀ ਦੀ ਪਾਤਰ ਲਕਸ਼ਮੀ ਅਤੇ ਟਾਮਸ ਵਿਚਾਲੇ ਵੀ ਕੁਝ ਅਜਿਹਾ ਹੀ ਵਾਪਰਦਾ ਹੈ। ਅਜਿਹੇ ਸੂਖਮ ਅਹਿਸਾਸਾਂ ਦੀ ਪੇਸ਼ਕਾਰੀ ਕਰਦੀ ਕਹਾਣੀ ‘ਦੋ ਅਸਮਾਨ’ ‘ਚੋਂ ਪੇਸ਼ ਹਨ ਦੋ ਉਦਾਹਰਣਾਂ:
1.“ਕੀ ਤੇਰੇ ਨਾਲ ਇੰਜ ਹੋਇਆ ਏ ਕਦੇ ਰਾਮੂ? ਤੂੰ ਕਿਸੇ ਨੂੰ ਪਿਆਰ ਕੀਤਾ ਹੋਵੇ ਅਤੇ ਉਹਦੇ ਸਾਹਮਣੇ ਬੈਠ ਕੇ ਉਸਨੂੰ ਦੱਸ ਵੀ ਨਾ ਸਕਿਆ ਹੋਵੇਂ।” ਲਕਸ਼ਮੀ ਨੇ ਪੁੱਛਿਆ।
“ਹਾਂ ਹੋਇਆ ਏ। ਇੰਜ ਹੋਣਾ ਕੋਈ ਅਣਹੋਣੀ ਗਲ ਨਹੀਂ ਹੈ।” ਗਲਾ ਸਾਫ ਕਰ, ਲਕਸ਼ਮੀ ਵਲ ਵੇਖਦਿਆਂ ਰਾਮੂ ਬੋਲਿਆ।
“ਤੂੰ ਪਿਆਰ ਕਰਦਾ ਸੀ? ਉਹਨੂੰ ਮਿਲਦਾ ਵੀ ਸੀ? ਫਿਰ ਵੀ ਕੁਝ ਨਹੀਂ ਕਿਹਾ?” ਲਕਸ਼ਮੀ ਨੇ ਹੈਰਾਨੀ ਭਰੀ ਆਵਾਜ਼ ਵਿੱਚ ਪੁੱਛਿਆ।
“ਹਾਂ, ਹਰ ਰੋਜ਼ ਮਿਲਦਾ ਸੀ। ਕਦੇ ਕਦੇ ਤਾਂ ਹੁਣ ਵੀ ਮਿਲਦਾ ਹਾਂ ਪਰ ਕਹਿ ਕੁਝ ਨਹੀਂ ਸਕਿਆ। ਇਸ ਤੋਂ ਵੱਡਾ ਕੀ ਕਹਿਰ ਹੋਵੇਗਾ? ਮੇਰੀ ਗੱਲ ਕੀ ਤੂੰ ਸਮਝਦੀ ਏਂ ਲਕਸ਼ਮੀ ਬਾਈ?” ਮੰਜੀ ਨੂੰ ਪਿਛਾਂਹ ਘੜੀਸ ਰਾਮੂ ਉਠ ਖੜੋਤਾ। ਪਾਣੀ ਲੈਣ ਦੇ ਬਹਾਨੇ ਉਸ ਲਕਸ਼ਮੀ ਵੱਲ ਪਿੱਠ ਕਰ ਲਈ।
2.ਕੁਝ ਦੇਰ ਦੋਵੇਂ ਚੁਪ ਚਾਪ ਖੜੇ ਰਹੇ।
ਚਿੱਠੀ ਦੇਣ ਤੋਂ ਲਕਸ਼ਮੀ ਝਿੱਜਕ ਰਹੀ ਸੀ।
ਚਿੱਠੀ ਫੜਣ ਤੋਂ ਰਾਮੂ ਝਿੱਜਕ ਰਿਹਾ ਸੀ।
“ਮੈਂ ਪੜ੍ਹ ਲਿਖ ਲੈਂਦਾ ਹਾਂ। ਤੂੰ ਚਿੱਠੀ ਪੜ੍ਹਵਾਣ ਲਈ ਆਈ ਏਂ ਨਾ?” ਚਿੱਠੀ ਪੜ੍ਹਣ ਲਈ ਰਾਮੂ ਨੇ ਹੱਥ ਅਗਾਂਹ ਕਰਦਿਆਂ ਪੁੱਛਿਆ। ਲਕਸ਼ਮੀ ਉਵੇਂ ਹੀ ਖੜੀ ਰਹੀ, ਜਿਵੇਂ ਉਸ ਰਾਮੂ ਦੀ ਗਲ ਹੀ ਨਾ ਸੁਣੀ ਹੋਵੇ ਅਤੇ ਨਾ ਹੀ ਉਹਦਾ ਅਗਾਂਹ ਵਧਿਆ ਹੱਥ ਵੇਖਿਆ ਹੋਵੇ। ਰਾਮੂ ਨੂੰ ਚਿੱਠੀ ਦੇਣ ਦੀ ਥਾਂ ਉਸ ਚਿੱਠੀ ਵਾਲਾ ਹੱਥ ਆਪਣੀ ਸਾੜੀ ਦੇ ਪੱਲੇ ਨਾਲ ਵਲੇਟ ਲਿਆ।
“ਕੀ ਗੱਲ ਲਕਸ਼ਮੀ ਬਾਈ? ਚਿੱਠੀ ਨਹੀਂ ਪੜ੍ਹਵਾਏਂਗੀ?” ਰਾਮੂ ਨੇ ਪੁੱਛਿਆ।
“ਨਹੀਂ....”
“ਇਰਾਦਾ ਬਦਲ ਗਿਆ?”
“ਹਾਂ! ਕੀ ਫਾਇਦਾ ਚਿੱਠੀ ਪੜ੍ਹਾਣ ਦਾ।” ਬੜੀ ਬੇਦਿਲੀ ਨਾਲ ਉਹ ਬੋਲੀ।
“ਚਿੱਠੀ ਪੜ੍ਹਣ ਵਿੱਚ ਫਾਇਦੇ ਅਤੇ ਨੁਕਸਾਨ ਦੀ ਕਿਹੜੀ ਗਲ ਏ। ਚਿੱਠੀ ਤਾਂ ਉਹਦਾ ਸੁਨੇਹਾ ਲੈ ਕੇ ਆਈ ਹੈ।” ਤਸੱਲੀ ਦੇਣ ਵਾਲੀ ਆਵਾਜ਼ ਵਿੱਚ ਰਾਮੂ ਬੋਲਿਆ।
“ਕੀ ਪਤਾ ਕੀ ਸੁਨੇਹਾ ਲੈ ਕੇ ਆਈ ਏ ਇਹ ਬੇਜਾਨ ਚਿੱਠੀ। ਮੈਂ ਨਹੀਂ ਜਾਣਨਾ ਚਾਹੁੰਦੀ...”
“ਪਰ ਤੂੰ ਤਾਂ ਉਡੀਕ ਰਹੀ ਸੀ ਉਹਦੇ ਹੁੰਗਾਰੇ ਨੂੰ...”
“ਹਾਂ ਰਾਮੂ। ਮੈਂ ਉਡੀਕ ਰਹੀ ਸੀ ਉਹਦੇ ਹੁੰਗਾਰੇ ਨੂੰ। ਪਰ ਇਹ ਚਿੱਠੀ ਪੜ੍ਹਣ ਤੋਂ, ਸੁਣਨ ਤੋਂ ਮੈਨੁੰ ਡਰ ਲਗਦਾ ਹੈ।”
“ਡਰ! ਕਾਹਦਾ ਡਰ!” ਲਕਸ਼ਮੀ ਦੇ ਬੇਜਾਨ ਚਿਹਰੇ ਵਲ ਵੇਖਦਿਆਂ ਰਾਮੂ ਨੇ ਸਵਾਲ ਕੀਤਾ।
“ਇਸ ਚਿੱਠੀ ਵਿੱਚ ਜੇ ਉਸ ਖਾਲੀ ਸਫ਼ਰ ਦਾ ਹਾਲ ਲਿਖਿਆ ਹੋਵੇ। ਜਾਂ ਫਿਰ ਮੌਸਮ ਦੀਆਂ ਹੀ ਗੱਲਾਂ ਕੀਤੀਆਂ ਹੋਣ, ਤਾਂ ਮੇਰਾ ਦਿਲ ਕਿਵੇਂ ਬਰਦਾਸ਼ਤ ਕਰੇਗਾ ਰਾਮੂ...”
ਗੱਲ ਪੂਰੀ ਕੀਤੇ ਬਗ਼ੈਰ ਲਕਸ਼ਮੀ ਉਥੋਂ ਜਾ ਚੁੱਕੀ ਸੀ।
-----
ਕੈਨੇਡਾ / ਅਮਰੀਕਾ ਦੀਆਂ ਅਖਬਾਰਾਂ ਵਿੱਚ ਅਸੀਂ ਨਿਤ ਅਜਿਹੀਆਂ ਖਬਰਾਂ ਪੜ੍ਹਦੇ ਹਾਂ ਕਿ ਇੱਕ ਕਾਲੇ ਰੰਗ ਦਾ ਨੌਜਵਾਨ ਇੱਕ ਗਰੋਸਰੀ ਸਟੋਰ ਤੋਂ ਗਰੋਸਰੀ ਚੋਰੀ ਕਰਦਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਅਨੇਕਾਂ ਹਾਲਤਾਂ ਵਿੱਚ ਅਜਿਹੀਆਂ ਖ਼ਬਰਾਂ ਵੀ ਪੜ੍ਹਣ ਨੂੰ ਮਿਲਦੀਆਂ ਹਨ ਕਿ ਕਿਸੀ ਗੈਸ ਸਟੇਸ਼ਨ ਤੋਂ 100 ਡਾਲਰ ਲੁੱਟ ਕੇ ਲਿਜਾਂਦਾ ਹੋਇਆ ਇੱਕ ਕਾਲੇ ਰੰਗ ਦਾ ਨੌਜਵਾਨ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ। ਅਜਿਹੀਆਂ ਖ਼ਬਰਾਂ ਨੂੰ ਹਰ ਟੈਲੀਵੀਜ਼ਨ ਸਟੇਸ਼ਨ ਬਾਰ ਬਾਰ ਦਿਖਾਂਦਾ ਹੈ ਅਤੇ ਟੋਰਾਂਟੋ ਦਾ 24 ਘੰਟੇ ਖਬਰਾਂ ਦੇਣ ਵਾਲਾ 680 ਨਿਊਜ਼ ਰੇਡੀਓ ਸਟੇਸ਼ਨ ਵੀ ਬਾਰ ਬਾਰ ਦੁਹਰਾਂਦਾ ਹੈ। ਪਰ ਉਸ ਦੇ ਮੁਕਾਬਲੇ ਵਿੱਚ ਲੱਖਾਂ ਡਾਲਰਾਂ ਦੀ ਹੇਰਾਫੇਰੀ ਕਰ ਜਾਣ ਵਾਲੇ ਅਮੀਰ ਵਿਉਪਾਰੀਆਂ ਦੀ ਖ਼ਬਰ ਦਿਨ ਵਿੱਚ ਵੱਧ ਤੋਂ ਵੱਧ ਇੱਕ ਦੋ ਵਾਰ ਸੁਣਾ ਕੇ ਚੁੱਪ ਧਾਰ ਲਈ ਜਾਂਦੀ ਹੈ। ਇੰਨਾ ਹੀ ਨਹੀਂ ਦੇਸ਼ ਦੀਆਂ ਉੱਚ ਅਦਾਲਤਾਂ ਵੀ ਇੰਨ੍ਹਾਂ ਵੱਡੇ ਮਗਰਮੱਛਾਂ ਨੂੰ ਇੱਕ ਦੋ ਸਾਲ ਦੀ ਕੈਦ ਦੀ ਸਜ਼ਾ ਦੇ ਕੇ ਦੇਸ਼ ਦੀ ਜਨਤਾ ਦੇ ਦਿਮਾਗ਼ਾਂ ਵਿੱਚ ਇਹ ਵਿਚਾਰ ਭਰਨ ਦੀ ਕੋਸ਼ਿਸ਼ ਕਰਦੀਆਂ ਹਨ ਕਿ ਦੇਸ਼ ਦਾ ਕਾਨੂੰਨ ਹਰ ਕਿਸੀ ਉੱਤੇ ਇੱਕੋ ਜਿੰਨਾ ਹੀ ਲਾਗੂ ਹੁੰਦਾ ਹੈ- ਕੋਈ ਅਮੀਰ ਹੋਵੇ ਚਾਹੇ ਗਰੀਬ। ਜਦੋਂ ਕਿ ਜੇਕਰ ਕੋਈ ਬੇਘਰ, ਬੇਸਹਾਰਾ ਗਰੀਬ ਵਿਅਕਤੀ 100 ਡਾਲਰ ਦੀ ਚੋਰੀ ਕਰਦਾ ਵੀ ਫੜਿਆ ਜਾਵੇ ਤਾਂ ਅਦਾਲਤ ਉਸਨੂੰ ਕਈ ਕਈ ਸਾਲ ਦੀ ਸਜ਼ਾ ਸੁਣਾ ਦਿੰਦੀ ਹੈ। ਸਾਡੇ ਸਮਾਜ ਦੀ ਇਸ ਹਕੀਕਤ ਨੂੰ ਮਿੰਨੀ ਗਰੇਵਾਲ ਆਪਣੀ ਕਹਾਣੀ ‘ਸੁਨਹਿਰੀ ਧਾਗੇ’ ਵਿੱਚ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਕਰਦੀ ਹੈ। ਇਸ ਕਹਾਣੀ ਦੀ ਮੁੱਖ ਪਾਤਰ ਵਿਜਯੰਤੀ ਜੋ ਕਿ ਆਪਣੇ ਲਈ ਜ਼ਰੂਰੀ ਦਵਾਈ ਖ੍ਰੀਦਣੀ ਵੀ ਤਨਖਾਹ ਮਿਲਣ ਵਾਲੇ ਦਿਨ ਤੱਕ ਅੱਗੇ ਪਾ ਕੇ ਆਪਣੀ ਜੇਬ ਵਿਚਲੇ ਡਾਲਰਾਂ ਦੀ ਗਿਣਤੀ ਮਿਣਤੀ ਕਰਕੇ ਘਰ ਦੀ ਗਰੋਸਰੀ ਖ੍ਰੀਦਦੀ ਹੈ। ਤਾਂ ਜੁ ਉਸ ਦੀ ਜੇਬ੍ਹ ਵਿੱਚ ਹਫਤਾ ਭਰ ਕੰਮ ਉੱਤੇ ਪਹੁੰਚਣ ਲਈ ਬੱਸ ਦੀਆਂ ਟਿਕਟਾਂ ਖ੍ਰੀਦਣ ਜੋਗੇ ਕੁਝ ਕੁ ਡਾਲਰ ਵੀ ਬਚ ਜਾਣ। ਪਰ ਜਦੋਂ ਗਰੋਸਰੀ ਖ੍ਰੀਦਣ ਤੋਂ ਬਾਹਦ ਅਚਾਨਕ ਕਾਊਂਟਰ ਉੱਤੇ ਖੜ੍ਹੀ ਕੁੜੀ ਉਸਨੂੰ ਬਿਨ੍ਹਾਂ ਧਿਆਨ ਦਿੱਤਿਆਂ ਗਰੋਸਰੀ ਦੇ ਡਾਲਰ ਲਏ ਬਗ਼ੈਰ ਲਾਈਨ ਵਿੱਚੋਂ ਅੱਗੇ ਲੰਘਾ ਦਿੰਦੀ ਹੈ ਤਾਂ ਵਿਜਯੰਤੀ ਦੇ ਮਨ ਵਿੱਚ ਇੱਕ ਗੁਨਾਹ ਦੀ ਭਾਵਨਾ ਬੈਠ ਜਾਂਦੀ ਹੈ ਕਿ ਉਸਨੇ ਆਪਣੀ ਗਰੋਸਰੀ ਦੀ ਕੀਮਤ ਅਦਾ ਨਹੀਂ ਕੀਤੀ। ਜਦੋਂ ਕਿ ਇਸ ਵਿੱਚ ਉਸਦਾ ਰਤਾ ਭਰ ਵੀ ਦੋਸ਼ ਨਹੀਂ। ਲਾਈਨ ਵਿੱਚੋਂ ਲੰਘ ਜਾਣ ਤੋਂ ਬਾਹਦ ਵੀ ਉਹ ਗਰੋਸਰੀ ਸਟੋਰ ਦੇ ਬੂਹੇ ਕੋਲ ਘੰਟਿਆਂ ਬੱਧੀ ਬੈਠੀ ਇਹ ਸੋਚਦੀ ਰਹਿੰਦੀ ਹੈ ਕਿ ਜੇਕਰ ਕਿਤੇ ਗਰੋਸਰੀ ਸਟੋਰ ਦੇ ਸਕਿਉਰਟੀ ਸਟਾਫ ਨੇ ਉਸਨੂੰ ਗਰੋਸਰੀ ਚੋਰੀ ਕਰਨ ਦੇ ਦੋਸ਼ ਹੇਠ ਫੜ ਲਿਆ ਤਾਂ ਕੀ ਹੋਵੇਗਾ? ਉਸਦੀ ਬੇਇਜ਼ਤੀ ਕੀਤੀ ਜਾਵੇਗੀ। ਸਾਰੇ ਸ਼ਹਿਰ ਵਿੱਚ ਇਹ ਗੱਲ ਫੈਲ ਜਾਵੇਗੀ ਅਤੇ ਜਿੱਥੋਂ ਵੀ ਉਹ ਲੰਘੇਗੀ ਲੋਕ ਉਸ ਵੱਲ ਉਂਗਲਾਂ ਕਰ ਕਰ ਕਹਿਣਗੇ ਕਿ ਉਹ ਜਾਂਦੀ ਹੈ ਵਿਜਯੰਤੀ। ਜਿਸਨੂੰ ਗਰੋਸਰੀ ਸਟੋਰ ਵਿੱਚੋਂ ਗਰੋਸਰੀ ਚੋਰੀ ਕਰਕੇ ਲਿਜਾਂਦੀ ਨੂੰ ਗਰੋਸਰੀ ਸਟੋਰ ਦੇ ਸਕਿਉਰਟੀ ਸਟਾਫ ਨੇ ਰੰਗੇ ਹੱਥੀਂ ਫੜ ਲਿਆ ਸੀ। ਪਰ ਇਸਦੇ ਉਲਟ, ਜਿਵੇਂ ਕਿ ਅਕਸਰ ਹੁੰਦਾ ਹੈ। ਉਸ ਦਿਨ ਦੀ ਅਖ਼ਬਾਰ ਦੀ ਮੁੱਢਲੀ ਸੁਰਖੀ ਸਾਡੇ ਸਮਾਜ ਦੇ ਕਾਨੂੰਨ ਦਾ ਦੋਗਲਾਪਨ ਦਿਖਾਂਦੀ ਹੋਈ ਇਹ ਸਾਫ ਸ਼ਬਦਾਂ ਵਿੱਚ ਦਸ ਰਹੀ ਸੀ ਕਿ ਦੇਸ਼ ਦਾ ਕਾਨੂੰਨ ਅਮੀਰ ਵਿਅਕਤੀਆਂ ਲਈ ਹੋਰ ਹੁੰਦਾ ਹੈ ਅਤੇ ਦੇਸ਼ ਦੇ ਗਰੀਬ ਵਿਅਕਤੀਆਂ ਲਈ ਹੋਰ। ਇਸ ਗੱਲ ਦਾ ਅਹਿਸਾਸ ਮਿੰਨੀ ਗਰੇਵਾਲ ਦੀ ਕਹਾਣੀ ‘ਸੁਨਹਿਰੀ ਧਾਗੇ’ ਦੀਆਂ ਇਨ੍ਹਾਂ ਖ਼ੂਬਸੂਰਤ ਸਤਰਾਂ ਪੜ੍ਹਣ ਤੋਂ ਬਾਅਦ ਹੀ ਲਗਾਇਆ ਜਾ ਸਕਦਾ ਹੈ:
ਬੈਂਚ ਉਥੇ ਬੈਠੀ ਵਿਜਯੰਤੀ ਨੇ ਦੁਬਾਰਾ ਫਿਰ ਅਖ਼ਬਾਰ ਦੀ ਸੁਰਖੀ ਵਲ ਦੇਖਿਆ ਅਤੇ ਏਸ ਵਾਰੀ ਉਹਦੀਆਂ ਨਜ਼ਰਾਂ ਸੁਰਖੀ ਉਤੇ ਅਟਕ ਗਈਆਂ।
ਵੱਡੇ ਵੱਡੇ, ਕਾਲੇ, ਕਾਲੇ, ਮੋਟੇ ਮੋਟੇ ਅੱਖਰਾਂ ਵਿੱਚ ਲਿਖਿਆ ਹੋਇਆ ਸੀ:
“ਸ਼ਹਿਰ ਦੇ ਪ੍ਰਸਿੱਧ ਕਰੋੜਪਤੀ ਦੀ ਬੀਵੀ, ਚੋਰੀ ਕਰਦੀ ਫੜੀ ਗਈ ਪਰ ਉਸ ਵਿਰੁੱਧ ਕੋਈ ਚਾਰਜ ਨਹੀਂ ਲਿਆਂਦਾ ਜਾਵੇਗਾ...”
ਅੱਗੇ ਲਿਖਿਆ ਸੀ।
“ਸਟੋਰ ਦੀ ਸਿਕਯੂਰਿਟੀ ਨੇ ਮਿਸਜ਼ ਬਰਾਊਨ ਨੂੰ ਕੱਪੜੇ ਚੋਰੀ ਕਰਦਿਆਂ ਰੰਗੇ ਹੱਥ ਫੜਿਆ। ਪਰ ਡਿਪਾਰਟਮੈਂਟ ਸਟੋਰ ਦੀ ਮੈਨਜਮੈਂਟ ਦਾ ਕਹਿਣਾ ਹੈ ਕਿ ਮਿਸਜ਼ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਕਿਉਂਕਿ ਉਹਦੇ ਕਰੋੜਪਤੀ ਸ਼ੌਹਰ ਨੇ ਚੋਰੀ ਕੀਤੀਆਂ ਚੀਜ਼ਾਂ ਦੇ ਪੈਸੇ ਚੁਕਾ ਦਿਤੇ...”
ਅਖਬਾਰ ਦੀ ਇਸ ਸੁਰਖੀ ਦਾ, ਇਨ੍ਹਾਂ ਕਾਲੇ ਮੋਟੇ ਸ਼ਬਦਾਂ ਦਾ ਪੂਰਾ ਅਰਥ ਵਿਜਯੰਤੀ ਦੇ ਦਿਮਾਗ਼ ਨੇ ਹਾਲੇ ਬਰਾਬਰ ਨਹੀਂ ਸੀ ਸਮਝਿਆ।
ਸਟੋਰ ਦੀਆਂ ਬੱਤੀਆਂ ਬੁਝਣ ਲਗੀਆਂ।
ਯੂਨੀਫਾਰਮ ਪਾਈ ਗਰੋਸਰੀ ਸਟੋਰ ਦਾ ਇਕ ਆਦਮੀ ਸਟੋਰ ਦੇ ਦਰਵਾਜ਼ੇ ਬੰਦ ਕਰਨ ਲੱਗਿਆ।
‘ਚਾਂਦੀ ਦਾ ਗੇਟ’ ਕਹਾਣੀ ਸੰਗ੍ਰਹਿ ਵਿਚਲੀਆਂ ਕਹਾਣੀਆਂ ਰਾਹੀਂ ਭਾਵੇਂ ਕਿ ਮਿੰਨੀ ਗਰੇਵਾਲ ਨੇ ਅਨੇਕਾਂ ਹੋਰ ਵਿਸ਼ਿਆਂ ਦੀ ਵੀ ਗੱਲ ਕੀਤੀ ਹੈ; ਪਰ ਮੈਂ ਸਿਰਫ ਉਸ ਦੀ ਕਹਾਣੀ ‘ਮੇਹਰਬਾਨੀਆਂ’ ਬਾਰੇ ਚਰਚਾ ਕਰਕੇ ਆਪਣੀ ਗੱਲ ਸਮੇਟਣ ਦੀ ਕੋਸ਼ਿਸ਼ ਕਰਾਂਗਾ।
-----
ਪੱਛਮੀ ਦੇਸ਼ਾਂ ਦਾ ਆਰਥਿਕ ਤਾਣਾ-ਬਾਣਾ ਕੁਝ ਇਸ ਤਰ੍ਹਾਂ ਉਸਾਰਿਆ ਗਿਆ ਹੈ ਕਿ ਪੂੰਜੀਵਾਦ ਦਾ ਅਜਗਰ ਤੁਹਾਨੂੰ ਆਪਣੇ ਵੱਲ ਖਿੱਚਦਾ ਹੀ ਜਾਂਦਾ ਹੈ। ਉਦੋਂ ਤੱਕ, ਜਦੋਂ ਤੱਕ ਕਿ ਤੁਸੀਂ ਉਸ ਦੇ ਮੂੰਹ ਵਿੱਚ ਪੂਰੀ ਤਰ੍ਹਾਂ ਫਸ ਨਹੀਂ ਜਾਂਦੇ। ਇੱਥੇ ਦਾ ਕੰਨਜ਼ੀਊਮਰ ਕਲਚਰ ਤੁਹਾਨੂੰ ਡਾਲਰਾਂ ਦੀ ਅੰਨ੍ਹੀ ਦੌੜ ਵਿੱਚ ਕੁਝ ਇਸ ਤਰ੍ਹਾਂ ਪਾ ਦਿੰਦਾ ਹੈ ਕਿ ਤੁਹਾਡੇ ਮਨ-ਮਸਤਕ ਵਿੱਚ ਹਰ ਪਲ ਡਾਲਰ, ਡਾਲਰ ਦੀ ਹੀ ਗੂੰਜ ਗੂੰਜਦੀ ਹੈ। ਚਮਕੀਲੀਆਂ ਭੜਕੀਲੀਆਂ ਵਸਤਾਂ ਨਾਲ ਚੁੰਧਿਆਈਆਂ ਚੀਜ਼ਾਂ ਖ੍ਰੀਦ ਖ੍ਰੀਦ ਕੇ ਆਪਣੇ ਘਰਾਂ ਨੂੰ ਭਰਨ ਲਈ ਤੁਸੀਂ ਅੰਨ੍ਹੇਵਾਹ ਘੋੜਿਆਂ ਵਾਂਗ ਸਰਪਟ ਦੌੜਦੇ ਰਹਿੰਦੇ ਹੋ। ਤੁਹਾਡੇ ਕੋਲ ਏਨਾ ਵੀ ਸਮਾਂ ਨਹੀਂ ਬਚਦਾ ਕਿ ਤੁਸੀਂ ਆਰਾਮ ਨਾਲ ਬੈਠਕੇ ਕਦੀ ਰੋਟੀ ਵੀ ਖਾਹ ਸਕੋ, ਆਰਾਮ ਨਾਲ ਬੈਠਕੇ ਆਪਣੀ ਬੀਵੀ, ਬੱਚਿਆਂ ਜਾਂ ਪ੍ਰਵਾਰ ਦੇ ਹੋਰਨਾਂ ਲੋਕਾਂ ਨਾਲ ਕੋਈ ਖੁਸ਼ਗਵਾਰ ਪਲ ਸਾਂਝੇ ਕਰ ਸਕੋਂ। ਅਨੇਕਾਂ ਹਾਲਤਾਂ ਵਿੱਚ ਤਾਂ ਇੰਜ ਵੀ ਹੁੰਦਾ ਹੈ ਕਿ ਬੀਵੀ ਕੰਮ ਤੋਂ ਪਰਤਦੀ ਹੈ ਤਾਂ ਘਰ ਵਾਲਾ ਕੰਮ ਉੱਤੇ ਜਾ ਰਿਹਾ ਹੁੰਦਾ ਹੈ। ਮਹੀਨਾ, ਮਹੀਨਾ ਭਰ ਉਨ੍ਹਾਂ ਕੋਲ ਇੰਨਾ ਕੁ ਸਮਾਂ ਵੀ ਨਹੀਂ ਹੁੰਦਾ ਕਿ ਉਹ ਦੋ ਪਲ ਇਕੱਠੇ ਬੈਠਕੇ ਆਪਣੇ ਬੱਚਿਆਂ ਦੀ ਜ਼ਿੰਦਗੀ ਬਾਰੇ ਹੀ ਕੋਈ ਗੱਲ ਕਰ ਸਕਣ। ਬੱਚਿਆਂ ਦਾ ਦਿਨ ਰਾਤ ਤਾਂ ਉਨ੍ਹਾਂ ਦੇ ਬੇਬੀ ਸਿਟਰਾਂ ਕੋਲ ਹੀ ਲੰਘਦਾ ਹੈ। ਉਨ੍ਹਾਂ ਬੱਚਿਆਂ ਦੀ ਜ਼ਿੰਦਗੀ ਬਾਰੇ, ਉਨ੍ਹਾਂ ਦੀਆਂ ਖੁਸ਼ੀਆਂ-ਗ਼ਮੀਆਂ ਬਾਰੇ, ਉਨ੍ਹਾਂ ਦੀਆਂ ਉਮੰਗਾਂ-ਇਛਾਵਾਂ ਬਾਰੇ ਉਨ੍ਹਾਂ ਦੇ ਮਾਪਿਆਂ ਨਾਲੋਂ ਉਨ੍ਹਾਂ ਦੇ ਬੇਬੀ ਸਿਟਰਾਂ ਨੂੰ ਵਧੇਰੇ ਜਾਣਕਾਰੀ ਹੁੰਦੀ ਹੈ। ਅਜੋਕੇ ਸਮਿਆਂ ਦੀ ਇਸ ਹਕੀਕਤ ਨੂੰ ਮਿੰਨੀ ਗਰੇਵਾਲ ਆਪਣੀ ਕਹਾਣੀ ‘ਮੇਹਰਬਾਨੀਆਂ’ ਦੇ ਪਾਤਰਾਂ ਸੁਲੇਖਾ ਅਤੇ ਮਾਲਤੀ ਦਰਮਿਆਨ ਚੱਲ ਰਹੇ ਵਾਰਤਾਲਾਪ ਰਾਹੀਂ ਕੁਝ ਇਸ ਅੰਦਾਜ਼ ਨਾਲ ਪੇਸ਼ ਕਰਦੀ ਹੈ:
“ਐਦਾਂ ਖੁੱਲ੍ਹੇ ਡੁੱਲ੍ਹੇ ਪੈਸੇ ਖਰਚ ਕਰਦੀ ਹੈਂ ਤਾਂ ਰਮੇਸ਼ ਵਿਚਾਰਾ ਬਹੁਤ ਗੁੱਸੇ ਹੁੰਦਾ ਹੋਵੇਗਾ।” ਮਾਲਤੀ ਨੇ ਟਾਂਚ ਲਾ ਕੇ ਪੁੱਛਿਆ।
“ਗੁੱਸਾ ਕਰਨ ਲਈ ਵੀ ਵਕਤ ਚਾਹੀਦਾ ਹੈ ਮਾਲਤੀ। ਰਮੇਸ਼ ਕੋਲ ਤਾਂ ਇੰਨਾ ਸਮਾਂ ਹੈ ਹੀ ਨਹੀਂ ਕਿ ਉਹ ਬੱਚਿਆਂ ਨਾਲ ਦੋ ਗੱਲਾਂ ਕਰੇ। ਉਨ੍ਹਾਂ ਦੀਆਂ ਚੀਜ਼ਾਂ ਵੇਖੇ ਜਾਂ ਫਿਰ ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕਰੇ। ਸਵੇਰੇ ਸਾਜਰੇ ਉਹ ਘਰੋਂ ਚਲਾ ਜਾਂਦਾ ਹੈ ਤੇ ਰਾਤ ਪਈ ਮੁੜਦਾ ਹੈ। ਸਵੇਰੇ ਨਿਆਣੇ ਸੁੱਤੇ ਪਏ ਹੁੰਦੇ ਹਨ ਤੇ ਰਾਤ ਨੂੰ ਉਹ ਆਪ ਹੀ ਥੱਕਿਆ ਘਰ ਮੁੜਦਾ ਹੈ। ਅਤੇ ਮੈਂ ਹਰ ਚੀਜ਼ ਦਾ ਚਰਚਾ ਨਹੀਂ ਕਰਦੀ, ਨਾ ਹੀ ਢੰਡੋਰਾ ਦੇਂਦੀ ਹਾਂ।”
-----
ਕੈਨੇਡੀਅਨ ਪੰਜਾਬੀ ਕਹਾਣੀਕਾਰਾ ਮਿੰਨੀ ਗਰੇਵਾਲ ਦਾ ਕਹਾਣੀ ਸੰਗ੍ਰਹਿ ‘ਚਾਂਦੀ ਦਾ ਗੇਟ’ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਉਸ ਦੀਆਂ ਕਹਾਣੀਆਂ ਦਾ ਸੁਭਾਅ ਕੈਨੇਡਾ ਦੇ ਹੋਰਨਾਂ ਪੰਜਾਬੀ ਕਹਾਣੀਕਾਰਾਂ ਵੱਲੋਂ ਲਿਖੀਆਂ ਜਾ ਰਹੀਆਂ ਕਹਾਣੀਆਂ ਨਾਲੋਂ ਬਿਲਕੁਲ ਵੱਖਰੀ ਕਿਸਮ ਦਾ ਹੈ। ਉਸਦੀਆਂ ਕਹਾਣੀਆਂ ਉਪਰ ਜੇਕਰ ਉਸਦਾ ਨਾਮ ਨਾ ਵੀ ਲਿਖਿਆ ਹੋਵੇ ਤਾਂ ਵੀ ਉਹ ਸਹਿਜੇ ਹੀ ਪਹਿਚਾਣੀਆਂ ਜਾ ਸਕਦੀਆਂ ਹਨ। ਕਹਾਣੀ ਲਿਖਣ ਵੇਲੇ ਉਹ ਆਪਣੀ ਕਹਾਣੀ ਵਿੱਚ ਅਜਿਹੇ ਸੰਕੇਤ ਵੀ ਛੱਡਦੀ ਜਾਂਦੀ ਹੈ ਜਿਨ੍ਹਾਂ ਤੋਂ ਇਹ ਪਤਾ ਲੱਗਦਾ ਰਹਿੰਦਾ ਹੈ ਕਿ ਕੋਈ ਕਹਾਣੀ ਪੱਛਮੀ ਸਭਿਆਚਾਰ ਵਿੱਚ ਰਹਿ ਕੇ ਲਿਖੀ ਹੋਈ ਹੈ ਜਾਂ ਕਿ ਉਹ ਕਹਾਣੀ ਕਿਸੀ ਪੂਰਬੀ ਸਭਿਆਚਾਰ ਵਾਲੇ ਦੇਸ਼ ਨਾਲ ਸਬੰਧ ਰੱਖਦੀ ਹੈ। ਉਸਦੀਆਂ ਕਹਾਣੀਆਂ ਦਾ ਇੱਕ ਹੋਰ ਗੁਣ ਵੀ ਸਹਿਜੇ ਹੀ ਪਹਿਚਾਣਿਆ ਜਾ ਸਕਦਾ ਹੈ। ਉਹ ਹਰ ਕਹਾਣੀ ਨੂੰ ਕਿਸੇ ਵੱਖਰੇ ਵਿਸ਼ੇ ਨਾਲ ਸਬੰਧਤ ਕਰਕੇ ਉਸ ਦੀ ਪੇਸ਼ਕਾਰੀ ਲਈ ਕੋਈ ਢੁੱਕਵੀਂ ਕਹਾਣੀ ਤਕਨੀਕ ਵਰਤਦੀ ਹੈ। ਇਸ ਤਰ੍ਹਾਂ ਉਸ ਦੀਆਂ ਕਹਾਣੀਆਂ ਇੱਕ ਕਹਾਣੀ ਸੰਗ੍ਰਹਿ ਦਾ ਹਿੱਸਾ ਬਣਦੀਆਂ ਹੋਈਆਂ ਵੀ ਵੰਨ-ਸੁਵੰਨਤਾ ਦਾ ਪ੍ਰਭਾਵ ਪੈਦਾ ਕਰਦੀਆਂ ਹਨ।
-----
ਮਿੰਨੀ ਗਰੇਵਾਲ ਦਾ ਕਹਾਣੀ ਸੰਗ੍ਰਹਿ ‘ਚਾਂਦੀ ਦਾ ਗੇਟ’ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਵੰਨ-ਸੁਵੰਨਤਾ ਪੈਦਾ ਕਰਦਾ ਹੈ। ਇਹ ਕਹਾਣੀ ਸੰਗ੍ਰਹਿ ਪੜ੍ਹਨ ਤੋਂ ਬਾਹਦ ਮੇਰੇ ਉੱਤੇ ਜੋ ਪ੍ਰਭਾਵ ਪਿਆ ਹੈ ਉਸ ਅਨੁਸਾਰ ਮੈਂ ਮਿੰਨੀ ਗਰੇਵਾਲ ਨੂੰ ਇੱਕ ਚੇਤੰਨ ਅਤੇ ਜਾਗਰੂਕ ਕਹਾਣੀ ਲੇਖਕਾ ਮੰਨਦਾ ਹਾਂ। ਕਹਾਣੀ ਲਿਖਦਿਆਂ ਮਿੰਨੀ ਗਰੇਵਾਲ ਨਾ ਸਿਰਫ ਸਾਡੇ ਸਮਾਜ ਵਿੱਚ ਔਰਤ ਦਰ ਪੇਸ਼ ਸਭਿਆਚਾਰਕ, ਸਮਾਜਿਕ, ਰਾਜਨੀਤਿਕ ਜਾਂ ਧਾਰਮਿਕ ਸਮੱਸਿਆਵਾਂ ਨੂੰ ਹੀ ਬੜੀ ਚੰਗੀ ਤਰ੍ਹਾਂ ਪੇਸ਼ ਕਰਦੀ ਹੈ; ਬਲਕਿ ਉਹ ਬੜੇ ਕਲਾਤਮਕ ਢੰਗ ਨਾਲ ਔਰਤ ਉੱਤੇ ਹੁੰਦੇ ਅਤਿਆਚਾਰਾਂ ਵਿਰੁੱਧ ਵੀ ਆਪਣੀ ਆਵਾਜ਼ ਬੁਲੰਦ ਕਰਦੀ ਹੈ। ਅਜੋਕੇ ਸਮਿਆਂ ਵਿੱਚ ਆਪਣੇ ਹੱਕਾਂ ਲਈ ਚੇਤੰਨ ਹੋ ਰਹੀ ਔਰਤ ਦੀ ਇਹੀ ਇੱਕ ਪਹਿਚਾਣ ਕਾਫੀ ਹੈ। ਇਹੀ ਗੱਲ ਸਾਡੇ ਸਭਨਾਂ ਲਈ ਹੌਂਸਲਾ ਦੇਣ ਵਾਲੀ ਹੈ।
No comments:
Post a Comment