ਜਿੰਨ ਦੀ ਕੈਦ
ਕਹਾਣੀ
ਬਰਫਾਂ ਲੱਦਿਆ ਮੌਸਮ ਗੁਜ਼ਰ ਚੁੱਕਾ ਸੀ।ਸੂਰਜ ਦੀ ਤਪਸ਼ ਹੁਣ ਵਾਤਾਵਰਨ ਨੂੰ ਨਿੱਘਾ ਕਰਨ ਲੱਗ ਪਈ ਸੀ।ਅਪਾਰਟਮੈਂਟ ਦੀ ਚੌਦਵੀਂ ਮੰਜ਼ਿਲ ਤੇ ਰਹਿੰਦਿਆਂ ਰੂਪਾ ਨੂੰ ਇੰਜ ਲੱਗਦਾ ਸੀ ਜਿਵੇਂ ਉਹ ਅੱਧ ਅਸਮਾਨ ਵਿੱਚ ਟੰਗੀ ਹੋਵੇ, ਪਰ ਨਾਲ ਹੀ ਏਨੀ ਉਚਾਈ ਤੋਂ ਉੱਪਰ ਵੱਲ ਨੂੰ ਵੇਖਿਆਂ ਦੂਰ ਤੱਕ ਫੈਲਿਆ ਆਕਾਸ਼ ਬਹੁਤ ਹੀ ਖ਼ੂਬਸੂਰਤ ਜਾਪਦਾ। ਖੁੱਲ੍ਹੇ ਆਕਾਸ਼ ਵਿੱਚ ਦੌੜਦੀਆਂ ਤਿੱਤਰ-ਖੰਭੀਆਂ ਬੱਦਲੀਆਂ ਕਦੀ ਏਧਰ ਤੇ ਕਦੀ ਉਧਰ ਦੌੜਦੀਆਂ ਬਿਲਕੁਲ ਆਜ਼ਾਦ.....। ਜਿਨ੍ਹਾਂ ਨੂੰ ਵੇਖ ਕੇ ਰੂਪਾ ਠੰਢਾ ਸਾਹ ਭਰਦੀ ਅਤੇ ਸੋਚਦੀ," ਕਿਸਦੀ ਨਜ਼ਰ ਲੱਗ ਗਈ ਸੀ ਉਸਦੀ ਆਜ਼ਾਦੀ ਨੂੰ?" ਸੋਚਾਂ ਦਾ ਮੱਕੜੀ ਜਾਲ਼ ਉਸਦੇ ਦਿਮਾਗ ਵਿੱਚ ਹੋਰ ਵੀ ਪੀਢਾ ਹੋਣ ਲੱਗਦਾ।
-----
ਕਿੰਨੀ ਕਿੰਨੀ ਦੇਰ ਉਹ ਮੂੰਹ ਚੁੱਕ ਕੇ ਖੁੱਲ੍ਹੇ ਆਕਾਸ਼ ਵਿੱਚ ਦੌੜਦੇ ਬੱਦਲਾਂ ਨੂੰ ਤੱਕਦੀ ਰਹਿੰਦੀ।ਕੋਈ ਕਾਲ਼ਾ ਕਲੂਟਾ ਬੱਦਲ਼ ਦਾ ਟੁਕੜਾ ਆਉਂਦਾ ਤੇ ਅੱਗ ਵਾਂਗੂੰ ਦਗਦੇ ਸੂਰਜ ਦੀ ਸਾਰੀ ਰੋਸ਼ਨੀ ਹੜੱਪ ਕਰ ਜਾਂਦਾ। ਉਹ ਭੈ-ਭੀਤ ਹੋ ਜਾਂਦੀ, ਤ੍ਰਭਕ ਕੇ ਉੱਠਦੀ ਤੇ ਬਾਲਕੋਨੀ ਤੋਂ ਹੇਠਾਂ ਵਲ ਵੇਖਦੀ । ਸ਼ਹਿਰ ਜਿਵੇਂ ਪ੍ਰਕਿਰਤੀ ਦੇ ਸ਼ੋਅ ਕੇਸ ਰੱਖਿਆ ਛੋਟਾ ਜਿਹਾ ਮਾਡਲ ਹੋਵੇ।ਨਿੱਕੇ ਨਿੱਕੇ ਘਰਾਂ ਵਿੱਚ ਵਲ਼ ਖਾਂਦੀਆਂ ਨਿੱਕੀਆਂ ਨਿੱਕੀਆਂ ਸੜਕਾਂ ਅਤੇ ਉਨ੍ਹਾਂ ਤੇ ਦੌੜਦੀਆਂ ਕੀੜੀਆਂ ਵਰਗੀਆਂ ਮੋਟਰ ਗੱਡੀਆਂ।ਉਹ ਕਿੰਨੀ ਹੀ ਦੇਰ ਤੱਕ ਤੱਕਦੀ ਰਹਿੰਦੀ ਪਰ ਜਿਉਂ ਹੀ ਉਸਨੂੰ ਆਪਣੇ ਪੈਰਾਂ ਹੇਠ ਫੈਲੀ ਉਚਾਈ ਦਾ ਖ਼ਿਆਲ ਆਉਂਦਾ ਤਾਂ ਜਿਵੇਂ ਉਸ ਨੂੰ ਚੱਕਰ ਜਿਹਾ ਆ ਜਾਂਦਾ। " ਐਨੀ ਉਚਾਈ......।" ਉਹ ਸੋਚਦੀ।ਆਲੇ ਦੁਆਲੇ ਦੂਰ ਤੱਕ ਫੈਲੀਆਂ ਬਿਲਡਿੰਗਾਂ ਨੂੰ ਤੱਕਦੀ ਤੇ ਅੰਦਾਜ਼ਾ ਲਾਉਂਦੀ ਕਿ, " ਕਿੰਨੇ ਕੁ ਲੋਕ ਰਹਿ ਰਹੇ ਹੋਣਗੇ ਇਨ੍ਹਾਂ ਬਿਲਡਿੰਗਾਂ ਅੰਦਰ? ਸ਼ਾਇਦ ਅਣਗਿਣਤ ਹੀ।ਕੀ ਇਨ੍ਹਾਂ ਬਿਲਡਿੰਗਾਂ ਵਾਂਗੂੰ ਲੋਕਾਂ ਦੀ ਸੋਚ ਵੀ ਏਨੀ ਹੀ ਉੱਚੀ ਹੋਵੇਗੀ?" ਤੇ ਫੇਰ ਇੱਕ ਪ੍ਰਸ਼ਨ ਚਿੰਨ ਉਸਦੇ ਦਿਮਾਗ ਵਿੱਚ ਲਟਕ ਜਾਂਦਾ।
----
ਬਹੁਤ ਹੀ ਉਚਾਈ ਤੋਂ ਡਿੱਗੀ ਅਤੇ ਲਹੂ ਵਿੱਚ ਲੱਥਪੱਥ ਇੱਕ ਲਾਸ਼ ਉਸਦੀ ਸੋਚ ਵਿੱਚੋਂ ਗੁਜ਼ਰਦੀ ਤੇ ਫੇਰ ਅਣਗਿਣਤ ਖ਼ਬਰਾਂ। 'ਇੱਕ ਭਾਰਤੀ ਮੂਲ ਦੇ ਬੰਦੇ ਨੇ ਆਪਣੀ ਪਤਨੀ ਦੀ ਇੰਸ਼ੋਰੈਂਸ ਕਰਵਾ ਕੇ ਉਸ ਨੂੰ ਬਾਹਰਵੀਂ ਮੰਜ਼ਿਲ ਤੋਂ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ।' 'ਇੱਕ ਭਾਰਤ ਤੋਂ ਵਿਆਹ ਕੇ ਲਿਆਂਦੀ ਅੱਲੜ ਮੁਟਿਆਰ ਆਪਣੀ ਉਮਰ ਤੋਂ ਤਿੰਨ ਗੁਣਾ ਵੱਡੇ ਪਤੀ ਤੋਂ ਤੰਗ ਆ ਕੇ ਬੈੱਡ-ਰੂਮ ਵਿੱਚੋਂ ਬਾਹਰ ਕੁੱਦ ਗਈ।' ਉਹ ਸੋਚਦੀ," ਮਰਨਾਂ ਵੀ ਕਿੰਨਾ ਔਖਾ ਹੁੰਦਾ ਹੋਵੇਗਾ,ਤੇ ਉਹ ਵੀ ਐਨੀ ਉਚਾਈ ਤੋਂ ਡਿੱਗਕੇ ਜਿਸਮ ਦਾ ਇੱਕ ਇੱਕ ਅੰਗ ਕਾੜ ਕਾੜ ਕਰਕੇ ਟੁੱਟ ਜਾਂਦਾ ਹੋਵੇਗਾ।' ਫੇਰ ਮਨ ਅੰਦਰੋਂ ਇੱਕ ਹੋਰ ਆਵਾਜ਼ ਉੱਠਦੀ,"ਹੁਣ ਕਿਹੜਾ ਜੀ ਰਹੀ ਹਾਂ? ਰੋਜ਼ ਤਿਲ ਤਿਲ ਕਰਕੇ ਮਰਨ ਨਾਲੋਂ ਤਾਂ ਇੱਕ ਦਿਨ ਮਰ ਜਾਣਾ ਸੁਖਾਲ਼ਾ ਹੀ ਹੁੰਦਾ ਹੋਵੇਗਾ।" ਪਰ ਤਾਂ ਵੀ ਉਸ ਨੂੰ ਮਰਨ ਤੋਂ ਬਹੁਤ ਡਰ ਲੱਗਦਾ।ਇੱਕ ਹਸਦੇ ਖੇਡਦੇ ਚਿਹਰੇ ਦਾ ਐਨਾ ਭਿਆਨਕ ਹੋ ਜਾਣਾ।ਫੇਰ ਉਹ ਤ੍ਰਭਕ ਉੱਠਦੀ " ਨਹੀਂ ਨਹੀਂ ਮੈਂ ਮਰਨਾ ਨਹੀਂ ਚਾਹੁੰਦੀ।"
-----
ਜਦੋਂ ਉਹ ਪਹਿਲੀ ਵਾਰੀ ਕੈਨੇਡਾ ਆਈ ਤਾਂ ਉਸਦਾ ਪਤੀ ਕੁਲਵੰਤ ਟੋਰਾਂਟੋ ਡਾਊਨ ਟਾਊਨ ਲੇਕ ਉਨਟਾਰੀਉ ਦੇ ਕੰਢੇ ਉਸ ਨੂੰ ਦੁਨੀਆਂ ਦੁਨੀਆਂ ਦਾ ਸਭ ਤੋਂ ਉੱਚਾ ਟਾਵਰ ਸੀ ਐੱਨ ਟਾਵਰ ਦਿਖਾਉਣ ਲੈ ਗਿਆ ਸੀ।ਜਦੋਂ ਉਹ ਟਾਵਰ ਦੀ ਸਿਖਰਲੀ ਮੰਜ਼ਿਲ ਤੇ ਘੁੰਮ ਫਿਰ ਕੇ ਵੇਖ ਰਹੇ ਸਨ ਤਾਂ ਉਸਦੀ ਫਰਸ਼ ਤੇ ਜੜਿਆ ਮੋਟੀ ਪਰਤ ਦਾ ਪਾਰਦਰਸ਼ੀ ਸੀਸ਼ਾ ਲੋਕਾਂ ਲਈ ਦਿਲਚਸਪੀ ਦਾ ਕਾਰਨ ਬਣਿਆ ਹੋਇਆ ਸੀ।ਉਸ ਬਾਰੇ ਜਾਣਕਾਰੀ ਦੇਣ ਵਾਲੀ ਔਰਤ ਇਹ ਦੱਸ ਰਹੀ ਸੀ ਕਿ ਇਹ ਸੀਸ਼ਾ ਕੰਕਰੀਟ ਨਾਲੋਂ ਵੀ ਕਈ ਗੁਣਾ ਮਜ਼ਬੂਤ ਹੈ, ਪਰ ਤਾਂ ਵੀ ਲੋਕ ਡਰਦੇ ਮਾਰੇ ਇਸ ਉੱਪਰ ਪੈਰ ਨਾਂ ਧਰਦੇ, ਜਿਵੇਂ ਉਨ੍ਹਾਂ ਦੇ ਪੈਰ ਧਰਨ ਸਾਰ ਇਹ ਸੀਸ਼ਾ ਟੁੱਟ ਜਾਵੇਗਾ ਤੇ ਉਹ ਧੜੱਮ ਦੇ ਕੇ ਹੇਠਾਂ ਜਾ ਡਿੱਗਣਗੇ। ਰੂਪਾ ਵੀ ਇਸ ਸੀਸ਼ੇ ਤੇ ਪੈਰ ਧਰ ਕੇ ਪਿੱਛੇ ਵਲ ਉੱਲਰ ਗਈ ਸੀ। ਹੇਠਾਂ ਵੇਖਣ ਸਾਰ ਉਸ ਨੂੰ ਚੱਕਰ ਜਿਹਾ ਆ ਗਿਆ ਸੀ।ਛੋਟੀਆਂ ਛੋਟੀਆਂ ਇਮਾਰਤਾਂ ਵਿੱਚ ਵਲ਼ ਖਾਂਦੀਆਂ ਸੜਕਾਂ ਅਤੇ ਉਨ੍ਹਾਂ ਨੂੰ ਛੂਹ ਰਿਹਾ ਲੇਕ ਉਨਟਾਰੀਉ ਦਾ ਨੀਲਾ ਪਾਣੀ।ਸੜਕਾਂ ਤੇ ਦੌੜਦੀਆਂ ਅਣਗਿਣਤ ਮੋਟਰ ਗੱਡੀਆਂ ਤੇ ਨਾਲ ਹੀ ਇੱਕ ਪਾਸੇ ਸਕਾਈਡੋਮ ਵਿੱਚ ਚੱਲਦੀ ਬੇਸਬਾਲ ਦੀ ਗੇਮ। ਵਿਸ਼ਾਲ ਸਕਾਈਡੋਮ ਮੂਧੇ ਪਏ ਕੌਲ ਵਾਂਗੂੰ ਜਾਪ ਰਿਹਾ ਸੀ। ਰੂਪਾ ਨੂੰ ਖਿਆਲ ਆਇਆ ਸੀ ਕਿ ਜੇ ਕੋਈ ਏਨੀ ਉੱਚੀ ਥਾਂ ਤੋਂ ਡਿੱਗ ਜਾਵੇ? ਤੇ ਫੇਰ ਜਿਵੇਂ ਉਸਦੇ ਸਾਰੇ ਸ਼ਰੀਰ ਨੂੰ ਕੰਬਣੀ ਜਿਹੀ ਚੜ੍ਹ ਗਈ ਸੀ। ਪੈਰ ਆਪ ਮੁਹਾਰੇ ਪਿੱਛੇ ਹਟ ਗਏ ਸਨ। ਨਾਲ਼ ਖੜ੍ਹਾ ਕੁਲਵੰਤ ਉਸਦੀ ਪਿੱਠ ਤੇ ਹੱਥ ਮਾਰਦਾ ਬੋਲਿਆ ਸੀ," ਕਰਦੀ ਕੀ ਏ ਡਰਪੋਕ ਜਿਹੀ। ਮੁੜਕੇ ਨਹੀਂ ਤੈਨੂੰ ਲੈ ਕੇ ਜਾਂਦਾ ਕਿਤੇ।" ਫੇਰ ਉਹ ਉਸਨੂੰ ਕਿਤੇ ਵੀ ਨਹੀਂ ਸੀ ਲੈ ਕੇ ਗਿਆ।ਹੁਣ ਵੀ ਜਦੋਂ ਕਦੇ ਅਪਾਰਮੈਂਟ ਦੀ ਬਾਲਕੋਨੀ ਵਿੱਚ ਖੜ੍ਹਕੇ ਉਹ ਹੇਠਾਂ ਵਲ ਤੱਕਦੀ ਹੈ ਤਾਂ ਦਹਿਸ਼ਤ ਦਾ ਮਾਰੂ ਰਾਗ ਉਸਦੀਆਂ ਨਸਾਂ ਵਿੱਚ ਝਰਨਾਹਟ ਛੇੜ ਦਿੰਦਾ ਹੈ ਤੇ ਉਹ ਡਰ ਨਾਲ ਭੈ-ਭੀਤ ਹੋ ਜਾਂਦੀ ਹੈ।
-----
ਇਸ ਡਰ ਦੇ ਨਾਲ ਨਾਲ ਹੁਣ ਇੱਕ ਹੋਰ ਡਰ ਰੂਪਾ ਦੇ ਅੰਦਰ ਉਨ੍ਹਾਂ ਹੀ ਮਾਰੂ ਰਾਗ ਛੇੜਦਾ ਹੈ," ਜੇ ਕੁਲਵੰਤ ਨੇ ਮੈਨੂੰ ਇਸ ਤਰ੍ਹਾਂ ਬਾਲਕੋਨੀ ਵਿੱਚ ਖੜ੍ਹੀ ਨੂੰ ਵੇਖ ਲਿਆ ਤਾਂ ਫੇਰ ਆਕੇ ਖਰੂਦ ਪਾਵੇਗਾ ਕਿ ਤੂੰ ਬਾਲਕੋਨੀ ਵਿੱਚ ਖੜ੍ਹੀ ਕਿਸ ਨੂੰ ਤੱਕ ਰਹੀ ਸੀ? ਕਿਤੇ ਕੋਈ ਨਵਾਂ ਯਾਰ ਤਾਂ ਨਹੀਂ ਬਣਾ ਲਿਆ? ਹਰ ਸੱਗੀ ਵਾਲੀ ਕਾਰ ਭਾਵੇਂ ਉਹ ਟੈਕਸੀ ਹੋਵੇ ਜਾਂ ਕਿਸੇ ਡਰਾਈਵਿੰਗ ਸਕੂਲ ਦੀ ਕਾਰ, ਰੂਪਾ ਨੂੰ ਕੁਲਵੰਤ ਦੀ ਟੈਕਸੀ ਹੀ ਜਾਪਦੀ।ਉਸ ਨਾਲ ਅਜਿਹਾ ਵਾਪਰ ਚੁੱਕਾ ਸੀ। ਇੱਕ ਵਾਰੀ ਗਰਮੀ ਦੀ ਸਤਾਈ ਹੋਈ ਉਹ ਹਵਾ ਦਾ ਝੋਂਕਾ ਲੈਣ ਲਈ ਬਾਲਕੋਨੀ ਵਿੱਚ ਆ ਖੜ੍ਹੀ ਹੋਈ ਸੀ ਤਾਂ ਉਧਰੋਂ ਅਚਾਨਕ ਕੁਲਵੰਤ ਦੁਪਹਿਰ ਦੀ ਰੋਟੀ ਖਾਣ ਘਰ ਆ ਗਿਆ। ਉਸਦੀ ਨਿਗਾਹ ਪਹਿਲਾਂ ਰੂਪਾ ਤੇ ਪਈ ਤੇ ਫੇਰ ਪਾਰਕਿੰਗ ਲੌਟ ਵਿੱਚੋਂ ਕਾਰ ਕੱਢਦੇ ਕਿਸੇ ਮੁੰਡੇ ਤੇ, ਜੋ ਆਪਣੇ ਕੰਮ ਤੇ ਜਾ ਰਿਹਾ ਸੀ।ਬੱਸ ਫੇਰ ਕੀ ਸੀ ਉਸ ਨੇ ਅਪਾਰਟਮੈਂਟ ਵਿੱਚ ਵੜਨ ਸਾਰ ਖਰੂਦ ਮਚਾ ਦਿੱਤਾ ਕਿ," ਮੈਨੂੰ ਕੰਮ ਤੇ ਤੋਰ ਕੇ ਕੀ ਪਿੱਛੋਂ ਇਹ ਹੀ ਕੰਮ ਕਰਨ ਨੂੰ ਰਹਿ ਗਏ ਨੇ? ਤਿਆਰ ਬਿਆਰ ਹੋ ਕੇ ਬਾਲਕੋਨੀ ਵਿੱਚ ਕਿਹੜੇ ਯਾਰ ਦਾ ਮੂਹ ਤੱਕਣ ਲਈਂ ਖੜੀ ਸੀ? ਮੈਂ ਤਾਂ ਟੁਕੜੇ ਟੁਕੜੇ ਕਰ ਕੇ ਰੱਖ ਦਊਂ ਸਾਲ਼ੀ ਕੁੱਤੀ ਜਾਤ ਨੂੰ..।" ਉਸ ਨੇ ਬਥੇਰਾ ਕਿਹਾ ਸੀ ਕਿ “ਮੈਂ ਤਾਂ ਕਿਸੇ ਨੂੰ ਵੀ ਨਹੀਂ ਦੇਖਦੀ” ਪਰ ਕੁਲਵੰਤ ਕਹਿੰਦਾ “ਮੈਂ ਜਾਣਦਾ ਹਾਂ ਔਰਤਾਂ ਦੇ ਚਲਿੱਤਰਾਂ ਨੂੰ ਵਿਆਹ ਤੋਂ ਪਹਿਲਾਂ ਇਹ ਹੀ ਕੁੱਝ ਸਿੱਖਿਆ ਹੈ ਮੈਂ.....।"
-----
ਰੂਪਾ ਆਪਣੇ ਮਾਂ ਪਿਉ ਦੀ ਸਭ ਤੋਂ ਵੱਡੀ ਔਲਾਦ ਸੀ ਤੇ ਉਸ ਦੀਆਂ ਦੋ ਭੈਣਾਂ ਹੋਰ ਸਨ।ਮਾਂ ਨੇ ਬੜੇ ਦੁੱਖੜੇ ਝੱਲ ਕੇ ਤਿੰਨਾਂ ਭੈਣਾਂ ਨੂੰ ਪਾਲਿਆ ਸੀ। ਛੋਟੀਆਂ ਹੁੰਦੀਆਂ ਨੂੰ ਮਾਂ ਲਾਡ ਲਡਾਉਂਦੀ ਅਤੇ ਚਿੜੀ ਕਾਂ ਦੀਆਂ ਬਾਤਾਂ ਸੁਣਾਉਂਦੀ। ਬਾਤਾਂ ਵਿੱਚ ਇੱਕ ਬਾਤ ਸੀ ਜਿੰਨ ਅਤੇ ਪਰੀ ਦੀ।ਇੱਕ ਵਾਰੀ ਇੱਕ ਜਿੰਨ ਇੱਕ ਖ਼ੂਬਸੂਰਤ ਪਰੀ ਨੂੰ ਆਪਣੀ ਕੈਦ ਵਿੱਚ ਬੰਦ ਕਰ ਲੈਂਦਾ ਹੈ। ਜਿੱਥੇ ਉਹ ਬੇਹੱਦ ਤਸੀਹੇ ਝੱਲਦੀ ਅਤੇ ਦੁੱਖ ਭੋਗਦੀ ਹੈ ਤੇ ਇਸ ਕੈਦ ਵਿੱਚੋਂ ਨਿਕਲ਼ਣ ਲਈ ਤਰਲੇ ਲੈਂਦੀ ਹੈ।ਰੂਪਾ ਨੂੰ ਇਹ ਬਾਤ ਸੁਣ ਕੇ ਹਮੇਸ਼ਾਂ ਡਰ ਲੱਗਿਆ ਕਰਦਾ ਸੀ। ਸਾਰੀ-ਸਾਰੀ ਰਾਤ ਉਸ ਨੂੰ ਜਿੰਨ ਦੇ ਸੁਪਨੇ ਆਂਉਦੇ ਤੇ ਉਹ ਡਰਦੀ ਮਾਰੀ ਆਪਣੀ ਮੰਮੀ ਨਾਲ ਚਿੰਬੜ ਕੇ ਪੈ ਜਾਂਦੀ, ਪਰ ਹੁਣ ਜਦੋਂ ਕਦੇ ਉਸ ਨੂੰ ਬਚਪਨ ਵਿੱਚ ਮਾਂ ਤੋਂ ਸੁਣੀ ਉਸ ਬਾਤ ਦਾ ਖ਼ਿਆਲ ਆਉਂਦਾ ਤਾਂ ਜਾਪਦਾ ਜਿਵੇਂ ਉਹ ਪਰੀ ਖ਼ੁਦ ਰੂਪਾ ਹੀ ਹੋਵੇ ਤੇ ਜਾਂ ਫੇਰ ਉਸ ਦੇ ਹੀ ਕਿਸੇ ਪਹਿਲੇ ਜਨਮ ਦੀ ਕਹਾਣੀ।
-----
ਫੇਰ ਉਹ ਵੱਡੀ ਹੋਈ ਸਕੂਲ ਤੋਂ ਬਾਅਦ ਕਾਲਜ ਗਈ।ਕਾਲਜ ਜਾਣ ਤੋਂ ਬਾਅਦ ਉਸ ਵਿੱਚ ਹੋਰ ਵੀ ਸ਼ੌਂਕ ਪੈਦਾ ਹੋਏ ਜਿਵੇਂ ਸੰਗੀਤ ਸੁਣਨਾ ਅਤੇ ਗਿੱਧੇ ਵਿੱਚ ਭਾਗ ਲੈਣਾ। ਮੈਡਮ ਸੋਬਤੀ ਨੇ ਉਸਦੇ ਇਹ ਸ਼ੌਂਕ ਵੇਖ ਕੇ ਉਸਦੀ ਬੇਹੱਦ ਮੱਦਦ ਕੀਤੀ। ਅਤੇ ਸਾਲ ਦੇ ਅੰਦਰ ਅੰਦਰ ਹੀ ਉਹ ਕਾਲਜ ਦੀ ਜਾਣੀ ਪਛਾਣੀ ਕੁੜੀ ਬਣ ਗਈ।ਜੋ ਹਰ ਫੰਕਸ਼ਨ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀ ਅਤੇ ਬਾਹਰਲੇ ਕਾਲਜਾਂ ਵਿੱਚੋਂ ਵੀ ਟ੍ਰਾਫੀਆਂ ਜਿੱਤ ਕੇ ਲਿਆਉਂਦੀ। ਜਦੋਂ ਯੂਥ ਫੈਸਟੀਵਲ ਤੇ ਉਸ ਨੇ ਸੋਨ-ਤਮਗਾ ਹਾਸਲ ਕੀਤਾ ਤਾਂ ਕਾਲਜ ਦੇ ਪ੍ਰਿੰਸੀਪਲ ਨੇ ਉਸ ਨੂੰ ਕਾਲਜ ਦਾ ਮਾਣ ਕਹਿ ਕੇ ਸਨਮਾਨਿਆ। ਫੇਰ ਗੱਲ ਏਥੇ ਹੀ ਨਹੀਂ ਸੀ ਰੁਕੀ, ਯੂਥ ਫੈਸਟੀਵਲ ਦੀ ਕਵਰੇਜ ਲਈ ਆਈ ਦੂਰਦਰਸ਼ਨ ਦੀ ਟੀਮ ਦੇ ਨਿਰਦੇਸ਼ਕ ਨੇ ਉਸ ਨੂੰ ਦੂਰਦਰਸ਼ਨ ਤੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਲਈ ਸੱਦਾ ਦਿੱਤਾ ਸੀ। ਟੈਲੀਵੀਯਨ ਤੇ ਕੁੱਝ ਹੀ ਪ੍ਰੋਗ੍ਰਾਮ ਕਰਨ ਤੋਂ ਬਾਅਦ ਉਹ ਪੰਜਾਬ ਦਾ ਮਾਣ ਬਣ ਗਈ ਸੀ। ਇੱਕ ਆਮ ਪਰਿਵਾਰ 'ਚੋਂ ਉੱਠੀ ਸਧਾਰਨ ਮਾਂ-ਪਿਉ ਦੀ ਔਲਾਦ ਦਾ ਇਸ ਤਰ੍ਹਾਂ ਨਾਉ ਬਣਾਉਣਾ ਸ਼ਰੀਕੇ ਤੋਂ ਬਰਦਾਸ਼ਤ ਨਹੀਂ ਸੀ ਹੋਇਆ।ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ, ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰਦੇ, ਕਹਾਣੀਆਂ ਘੜਦੇ ਫੇਰ ਖੰਭਾਂ ਦੀਆਂ ਡਾਰਾਂ ਬਣਾ ਕੇ ਉਸਦੇ ਬਾਪ ਤੱਕ ਪਹੁੰਚਾਉਂਦੇ। ਇਹ ਹੀ ਕਾਰਨ ਸੀ ਕਿ ਫਿਕਰਮੰਦ ਬਾਪ ਐਨੀ ਛੇਤੀ ਆਪਣੀ ਧੀ ਦੇ ਹੱਥ ਪੀਲ਼ੇ ਕਰਨ ਲਈ ਰਾਜੀ ਹੋ ਗਿਆ। ਆਖਣ ਨੂੰ ਤਾਂ ਮੁੰਡਾ ਬਾਹਰਲੇ ਮੁਲਕ ਵਿੱਚੋਂ ਆਇਆ ਸੀ। ਰੂਪਾ ਵੀ ਏਹੋ ਸੋਚਦੀ ਸੀ ਕਿ ਵਿਕਸਤ ਮੁਲਕ ਵਿੱਚੋਂ ਆਇਆ ਹੈ ਸ਼ਾਇਦ ਵਿਕਸਤ ਖ਼ਿਆਲਾਂ ਦਾ ਹੋਵੇ ਪਰ ਬਾਅਦ ਵਿੱਚ ਜਾ ਕੇ ਉਸ ਨੂੰ ਪਤਾ ਲੱਗਿਆ ਕਿ ਅਜਿਹਾ ਨਹੀਂ ਸੀ। ਉਸ ਨੂੰ ਕੀ ਪਤਾ ਸੀ ਕਿ ਵਿਆਹ ਦਾ ਬੰਧਨ ਉਸ ਲਈ ਪਿੰਜਰਾ ਬਣ ਜਾਵੇਗਾ। ਇਸ ਪਿੰਜਰੇ ਵਿੱਚ ਉਸ ਦੇ ਪਰ ਕੁਤਰ ਦਿੱਤੇ ਗਏ ਸਨ। ਸੰਗੀਤ ਸੁਣਨਾ ਗਿੱਧਾ ਪਾਉਣਾ ਉਸ ਲਈ ਸਿਰਫ਼ ਮਿੱਠੀਆਂ ਯਾਦਾਂ ਬਣ ਕੇ ਰਹਿ ਗਏ।ਕਦੀ ਕਦੀ ਉਹ ਸੋਚਦੀ," ਇਹ ਮਰਦ ਵੀ ਕਿੰਨਾ ਬੇਦਰਦ ਹੁੰਦਾ ਹੈ ਆਪ ਭਾਵੇਂ ਕੁੱਝ ਵੀ ਕਰਦਾ ਫਿਰੇ ਪਰ ਔਰਤ ਦੇ ਪਰ ਕੁਤਰਨ ਨੂੰ ਸੈਕਿੰਡ ਲਾਉਂਦਾ ਹੈ। ਔਰਤ ਮਰਦ ਦੀ ਬਰਾਬਰੀ ਦਾ ਹੋਕਾ ਦੇਣ ਵਾਲੇ ਵੱਡੇ ਵੱਡੇ ਕਲਾਕਾਰਾਂ ਦੇ ਵੀ ਦਿਖਾਵੇ ਦੇ ਦੰਦ ਹੋਰ ਹੀ ਹੁੰਦੇ ਹਨ।" ਫੇਰ ਉਸ ਨੂੰ ਫਿਲਮ ਇੰਡਸਟਰੀ ਵਿੱਚੋਂ ਸਨਿਆਸ ਲੈ ਚੁੱਕੀਆਂ ਨਾਮਵਰ ਕਲਾਕਾਰ ਔਰਤਾਂ ਦੀ ਯਾਦ ਆਉਂਦੀ, ਜਿਨ੍ਹਾਂ ਦੇ ਪਤੀਆਂ ਨੇ ਵਿਆਹ ਹੋਣ ਪਿੱਛੋਂ ਉਨ੍ਹਾਂ ਦੇ ਖੰਭ ਨੋਚ ਲਏ ਸਨ ਤੇ ਉਨ੍ਹਾਂ ਦੀ ਕਲਾ ਦੀ ਮੌਤ ਹੋ ਗਈ ਸੀ। ਉਨ੍ਹਾਂ ਦੇ ਕਲਾਕਾਰ ਪਤੀ ਤਾਂ ਉਸੇ ਤਰ੍ਹਾਂ ਸਰਗਰਮ ਰਹੇ ਪਰ ਉਨ੍ਹਾਂ ਔਰਤਾਂ ਨੂੰ ਮੁੜਕੇ ਕਿਸੇ ਨੇ ਪਰਦੇ ਤੇ ਨਾ ਵੇਖਿਆ। ਉਨ੍ਹਾਂ ਸਾਹਮਣੇ ਰੂਪਾ ਤਾਂ ਬਹੁਤ ਛੋਟੀ ਜਿਹੀ ਗੱਲ ਸੀ।
-----
ਆਪਣੀ ਅਪਾਰਟਮੈਂਟ ਵੀ ਰੂਪਾ ਨੂੰ ਕਦੀ ਕਦਾਈਂ ਪਿੰਜਰਾ ਜਿਹਾ ਹੀ ਜਾਪਦੀ। ਉਹ ਇਹ ਵੀ ਜਾਣਦੀ ਸੀ ਕਿ ਜਿਸ ਮੁਲਕ ਵਿੱਚ ਉਹ ਰਹਿੰਦੀ ਹੈ ਜੇ ਉਹ ਚਾਹੇ ਤਾਂ ਕਿਸੇ ਵੀ ਸਮੇਂ ਇਸ ਪਿੰਜਰੇ ਦੀਆਂ ਸਲਾਖਾਂ ਤੋੜ ਕੇ ਖੁੱਲ੍ਹੇ ਅੰਬਰਾਂ ਵਿੱਚ ਉਡਾਣ ਭਰ ਸਕਦੀ ਸੀ ਪਰ ਉਸਦੇ ਗਰੀਬ ਮਾਂ ਬਾਪ ਅਤੇ ਛੋਟੀਆਂ ਭੈਣਾਂ ਦਾ ਖ਼ਿਆਲ ਉਸ ਦੇ ਪੈਰਾਂ ਨੂੰ ਚਿੰਬੜ ਬਹਿੰਦਾ ਅਤੇ ਫੇਰ ਉਹ ਕੁੱਝ ਵੀ ਨਾਂ ਕਰ ਸਕਦੀ। ਡਰਦੀ ਆਪਣੇ ਮਾਂ ਬਾਪ ਨੂੰ ਫੋਨ ਵੀ ਨਾਂ ਕਰਦੀ।ਉਸ ਨੂੰ ਪਤਾ ਸੀ ਕਿ ਉਸਦਾ ਫੌਜੀ ਬਾਪ ਜੋ ਜੋ ਰੀਟਾਇਰਮਿੰਟ ਸਮੇਂ ਢਾਈ ਤਿੰਨ ਲੱਖ ਰੁਪਏ, ਜ਼ਿੰਦਗੀ ਭਰ ਦੀ ਪੂੰਜੀ, ਬੂੰਦ-ਬੂੰਦ ਕਰਕੇ ਜੋੜ ਕੇ ਲਿਆਇਆ ਸੀ, ਉਹ ਉਸਦੇ ਵਿਆਹ ਤੇ ਖਰਚ ਹੋ ਚੁੱਕੀ ਹੈ। ਫੇਰ ਅਜੇ ਦੋ ਛੋਟੀਆਂ ਵਿਆਹੁਣ ਵਾਲੀਆਂ ਹੋਰ ਸਨ। ਰੂਪਾ ਦੇ ਕੈਨੇਡਾ ਪਹੁੰਚਣ ਤੇ ਹੀ ਉਸਦਾ ਪਿਉ ਗੁਰਦੇਵ ਸਿੰਘ ਕੁੱਝ ਖੁਸ਼ ਰਹਿਣ ਲੱਗਿਆ ਸੀ। ਇਹ ਨਿੱਕੀ ਜਿਹੀ ਖੁਸ਼ੀ ਵੀ ਉਹ ਆਪਣੇ ਮਾਂ ਬਾਪ ਕੋਲੋ ਕਿਸ ਤਰ੍ਹਾਂ ਖੋਹ ਸਕਦੀ ਸੀ? ਮਾਂ ਤਾਂ ਉਸਦੀ ਪਹਿਲਾਂ ਹੀ ਐਨੀ ਭਾਵੁਕ ਸੀ ਕਿ ਛੋਟੀ ਛੋਟੀ ਗੱਲ ਨੂੰ ਮਨ ਤੇ ਲਾ ਲੈਂਦੀ ਤੇ ਫੇਰ ਉਸੇ ਬਾਰੇ ਸੋਚ ਸੋਚ ਕੇ ਬਿਮਾਰ ਹੋ ਜਾਂਦੀ। ਜਦੋਂ ਉਹ ਕਿਸੇ ਅਖ਼ਬਾਰ ਵਿੱਚ ਪੜ੍ਹ ਲੈਂਦੀ ਕਿ ਫਲਾਣੇ ਥਾਂ ਕੋਈ ਕੁੜੀ ਦਾਜ ਦੀ ਬਲੀ ਚੜ ਗਈ ਤਾਂ ਸਾਰੀ ਸਾਰੀ ਰਾਤ ਉਸਨੂੰ ਨੀਂਦ ਨਾਂ ਪੈਂਦੀ। ਪਰੀ ਕਹਾਣੀ ਵਾਲਾ ਜਿੰਨ ਸਾਰੀ ਸਾਰੀ ਰਾਤ ਉਸਦੀ ਬਿਰਤੀ ਭੰਗ ਕਰਦਾ ਰਹਿੰਦਾ। ਮਾਂ ਦੀ ਇਹ ਹਾਲਤ ਵੇਖ ਕੇ ਰੂਪਾ ਨੂੰ ਬੇਹੱਦ ਠੇਸ ਪਹੁੰਚਦੀ। ਫੇਰ ਘਰ ਨੂੰ ਫੋਨ ਕਰਕੇ ਉਹ ਆਪਣੀ ਮਾਂ ਨੂੰ ਅਜਿਹੀ ਮੁਸੀਬਤ ਵਿੱਚ ਕਿਵੇਂ ਪਾ ਸਕਦੀ ਸੀ? ਉਸਦੇ ਦਿਮਾਗ ਵਿੱਚ ਤਾਂ ਘਰ ਦਾ ਸੁਪਨਾ ਛੋਟਾ ਜਿਹਾ ਸਵਰਗ ਸੀ। ਜਿਥੇ ਬਹਿ ਕੇ ਬੰਦਾ ਮਨ-ਪਸੰਦ ਸੰਗੀਤ ਸੁਣ ਸਕੇ, ਪੁਸਤਕਾਂ ਪੜ੍ਹ ਸਕੇ, ਹੱਸ ਖੇਡ ਸਕੇ।ਉਹ ਸੋਚਿਆ ਕਰਦੀ ਸੀ ਕਿ ਉਸਦੇ ਘਰ ਦੀਆਂ ਦੀਵਾਰਾਂ ਤੇ ਵੱਡੇ ਵੱਡੇ ਕਲਾਕਾਰਾਂ ਦੇ ਚਿੱਤਰ ਹੋਣਗੇ,ਕਲਾ ਦੀ ਦੇਵੀ ਸ੍ਰਸਵਤੀ ਦੀ ਪੂਜਾ ਹੋਵੇਗੀ। ਗੀਤ ਸੰਗੀਤ ਦੀਆਂ ਗੱਲਾਂ ਹੋਣਗੀਆਂ। ਕਲਾ ਦੇ ਖੇਤਰ ਵਿੱਚ ਉਹ ਬਹੁਤ ਉੱਚਾ ਉੱਠਣਾ ਚਾਹੁੰਦੀ ਸੀ।
-----
ਜਦੋਂ ਉਹ ਅਜੇ ਕੈਨੇਡਾ ਆਈ ਹੀ ਸੀ ਤਾਂ ਰੇਡੀਉ ਟੀ ਵੀ ਵੇਖ ਸੁਣ ਕੇ ਉਸਨੂੰ ਜਾਪਿਆ ਕਿ ਕਲਾ ਦੀ ਪ੍ਰਦਰਸ਼ਨੀ ਲਈ ਏਥੋਂ ਦਾ ਵਾਯੂਮੰਡਲ ਕਾਫੀ ਖੁੱਲ੍ਹਾ-ਡੁੱਲ੍ਹਾ ਹੈ।ਰੇਡੀਉ ਟੀ: ਵੀ: ਪ੍ਰਾਈਵੇਟ ਹੱਥਾਂ ਵਿੱਚ ਹੋਣ ਕਰਕੇ ਉਨ੍ਹਾਂ ਤੱਕ ਪਹੁੰਚ ਕਰਨੀ ਵੀ ਕੋਈ ਕੋਈ ਮੁਸ਼ਕਲ ਕੰਮ ਨਹੀ। ਵਧੀਆ ਤੋਂ ਵਧੀਆ ਹਾਲ ਹਨ,ਚੰਗੇ ਪ੍ਰਚਾਰ ਦੇ ਸਾਧਨ ਹਨ। ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਫੋਨ ਨੰਬਰ ਛੱਡੇ ਜਾਂਦੇ ਹਨ। ਤੇ ਇੱਕ ਵਾਰੀ ਰੂਪਾ ਨੇ ਟੈਲੀਵੀਯਨ ਤੋਂ ਅਜਿਹਾ ਹੀ ਨੰਬਰ ਪੜ੍ਹ ਕੇ ਕੁਲਵੰਤ ਨੂੰ ਪੁੱਛਿਆ ਸੀ "ਕੀ ਮੈਂ ਵੀ ਫੋਨ ਕਰ ਦੇਵਾਂ?" ਤਾਂ ਉਹ ਅੱਗੋਂ ਭੱਜ ਕੇ ਪਿਆ," ਕਾਹਦੇ ਲਈ?" " ਆਹ ਜਿੱਥੇ ਸੱਭਿਆਚਾਰਕ ਪ੍ਰੋਗਰਾਮ ਹੋ ਰਿਹਾ ਹੈ ਕਹਿੰਦੇ ਉਥੇ ਗਿੱਧੇ ਵਾਲੀਆਂ ਕੁੜੀਆਂ ਦੀ ਜ਼ਰੂਰਤ ਹੈ।" " ਨਾਂ ਤੂੰ ਹੁਣ ਵਿਆਹੀ ਵਰੀ ਆਪਣੇ ਆਪ ਨੂੰ ਕੁੜੀ ਚਿੜੀ ਸਮਝਦੀ ਏਂ?" ਕੁਲਵੰਤ ਦਾ ਕ੍ਰੋਧ ਉਬਾਲੇ ਖਾਣ ਲੱਗਾ। ਅੱਗੋਂ ਹਸਦੀ ਹੋਈ ਰੂਪਾ ਬੋਲੀ," ਅਜੇ ਈ ਕਿਹੜਾ ਉਮਰ ਬੀਤ ਗਈ ਅਜੇ ਪਿਛਲੇ ਸਾਲ ਤਾਂ ਆਪਣਾ ਵਿਆਹ ਹੋਇਆ ਹੈ, ਵੀਹ ਬਾਈ ਸਾਲ ਦੀ ਮੇਰੀ ਉਮਰ ਹੈ ਸਾਰੀ।" ਤਾਂ ਕੁਲਵੰਤ ਅੱਗੋਂ ਟੁੱਟ ਕੇ ਪਿਆ," ਮੈਨੂੰ ਨੀ ਇਹ ਕੰਜਰਖਾਨਾ ਪਸੰਦ। ਕੋਈ ਚੱਜ ਦੀ ਗੱਲ ਕਰਿਆ ਕਰ। ਇਉਂ ਤਾਂ ਨੀ ਆਖਦੀ ਬਈ ਮੈਨੂੰ ਕਿਤੇ ਕੰਮ ਲੱਭ ਦਿਉ। ਆਹ ਨੱਚਣ ਗਾਉਣ ਦੀਆਂ ਗੱਲਾਂ ਲੈ ਕੇ ਬਹਿ ਗਈ। ਕੁਲਵੰਤ ਦਾ ਇਹ ਵਤੀਰਾ ਉਸਦਾ ਹਿਰਦਾ ਛਲਣੀ ਕਰ ਗਿਆ ਸੀ। ਕੁਲਵੰਤ ਵਿੱਚ ਭਾਵੇਂ ਦਾਜ ਦਹੇਜ ਦੀ ਭੁੱਖ ਨਹੀਂ ਸੀ ਪਰ ਇਹ ਵੀ ਕੀ ਗੱਲ ਹੋਈ ਕਿ ਤੁਸੀਂ ਨਾਲ਼ ਦੇ ਸਾਥੀ ਦੇ ਸਾਰੇ ਸ਼ੌਂਕ ਹੀ ਮਿੱਟੀ ਵਿੱਚ ਮਿਲ਼ਾ ਕੇ ਰੱਖ ਦੇਵੋਂ। ਕੁਲਵੰਤ ਕੋਲ਼ ਤਾਂ ਹਰ ਸਮੇਂ ਇੱਕੋ ਗੱਲ ਸੀ ਕੰਮ ਕੰਮ..... ਡਾਲਰ ...ਔਵਰ ਟਾਈਮ.....ਪੇ-ਚੈੱਕ। ਰੂਪਾ ਦੇ ਕੰਨ ਪੱਕ ਗਏ ਸਨ ਏਹੋ ਮੁਹਾਰਨੀ ਸੁਣ ਸੁਣ ਕੇ। ਉਸ ਨੂੰ ਲੱਗਦਾ ਜਿਵੇਂ ਉਹ ਆਪਣੇ ਸ਼ੌਂਕ ਪੁੰਨੂ ਨੂੰ ਲੱਭਦੀ ਡਾਲਰਾਂ ਦੇ ਮਾਰੂਥਲ ਵਿੱਚ ਗੁਆਚਦੀ ਜਾ ਰਹੀ ਹੋਵੇ।ਉਹ ਸੋਚਦੀ ਕਿ ਪੈਸਾ ਤਾਂ ਬੰਦੇ ਦੀ ਬੇਹਤਰੀ ਲਈ ਹੁੰਦਾ ਪਰ ਇਹ ਕੇਹੋ ਜਿਹਾ ਬੰਦਾ ਹੈ ਜੋ ਸੋਚਦਾ ਹੈ ਕਿ ਪੈਸਾ ਬੰਦੇ ਲਈ ਨਹੀਂ ਸਗੋਂ ਬੰਦਾ ਹੈ ਹੀ ਸਿਰਫ ਪੈਸੇ ਕਮਾਉਣ ਲਈ। ਏਹੋ ਜਿਹੀ ਨੀਰਸ ਜ਼ਿੰਦਗੀ ਤਾਂ ਉਸ ਨੂੰ ਜਿੰਨ ਦੀ ਕੈਦ ਤੋਂ ਵੀ ਭੈੜੀ ਜਾਪਦੀ ਤੇ ਉਹ ਹਮੇਸ਼ਾਂ ਸੋਚਾਂ ਵਿੱਚ ਡੁੱਬੀ ਰਹਿੰਦੀ।
-----
ਰੂਪਾ ਅਤੇ ਕੁਲਵੰਤ ਵਿੱਚ ਪਾੜਾ ਵਧਦਾ ਹੀ ਗਿਆ।ਕੋਈ ਵੀ ਦੂਸਰੇ ਦੇ ਅਨੁਸਾਰ ਨਾਂ ਢਲ਼ਿਆ।ਇੱਕੋ ਘਰ ਵਿੱਚ ਦੋ ਸਮਾਂਤਰ ਖ਼ਿਆਲ ਤੁਰ ਰਹੇ ਸਨ ਜੋ ਆਪਸ ਵਿੱਚ ਕਿਤੇ ਵੀ ਨਾਂ ਮਿਲਦੇ। ਕੁਲਵੰਤ ਉਸ ਵਿੱਚ ਨੁਕਸ ਕੱਢਦਾ ਕਿ ਤੂੰ ਆਹ ਨਹੀਂ ਕਰਦੀ ਤੂੰ ਔਹ ਨਹੀਂ ਕਰਦੀ, ਕਿਤਾਬ ਚੁੱਕ ਕੇ ਬੈਠ ਜਾਨੀ ਏਂ, ਜਾਂ ਟੀ ਵੀ ਦੇਖਦੀ ਰਹਿੰਨੀ ਏਂ। ਘਰਦੇ ਕੰਮ ਕੌਣ ਕਰੂ?" ਜਦੋਂ ਰੂਪਾ ਨੂੰ ਪਲਾਸਟਿਕ ਦੀ ਫੈਕਟਰੀ ਵਿੱਚ ਕੰਮ ਮਿਲ ਗਿਆ ਉਹ ਉਦੋਂ ਵੀ ਆਖਦਾ ਰਿਹਾ। ਰੂਪਾ ਵੀ ਅੱਗੋਂ ਤਲਖ਼ ਹੋ ਕੇ ਜਵਾਬ ਦਿੰਦੀ, " ਮੈਂ ਅੱਠ ਅੱਠ ਘੰਟੇ ਕੰਮ ਕਰਦੀ ਹਾਂ,ਫੇਰ ਆ ਕੇ ਸਾਰਾ ਘਰਦਾ ਕੰਮ ਕਰਦੀ ਹਾਂ ਜੇ ਮੈਂ ਉਸ ਤੋਂ ਬਾਅਦ ਕੋਈ ਅਖ਼ਬਾਰ ਰਸਾਲਾ ਪੜ੍ਹਾਂ ਜਾਂ ਟੀ ਵੀ ਦੇਖਾਂ ਤਾਂ ਉਸ ਨੂੰ ਕੀ ਮਤਲਬ?" ਉਸਦੇ ਕੰਮ ਤੇ ਕੁੜੀਆਂ ਦੱਸਦੀਆਂ ਰਹਿੰਦੀਆਂ ਕਿ ‘ਇਹ ਕੈਨੇਡਾ ਹੈ ਇੰਡੀਆ ਨਹੀਂ। ਏਥੇ ਔਰਤਾਂ ਦੇ ਹੱਕ ਸੁਰੱਖਿਤ ਹਨ ਤੇ ਉਸਦਾ ਦਰਜ਼ਾ ਮਰਦ ਦੇ ਬਰਾਬਰ ਹੈ। ਜੇ ਉਸਦਾ ਕੋਈ ਸ਼ੌਂਕ ਹੈ ਉਹ ਪੂਰਾ ਕਰ ਸਕਦੀ ਹੈ’। ਇੱਕ ਕੁੜੀ ਨੇ ਤਾਂ ਇਹ ਵੀ ਕਿਹਾ ਸੀ ਕਿ “ਇਸ ਵੀਕ ਐਂਡ ਤੇ ਮਾਲਟਨ ਕਮਿਊਨਟੀ ਸੈਂਟਰ ਤੀਆਂ ਦਾ ਮੇਲਾ ਲੱਗਣਾ ਹੈ ਤੇ ਉਹ ਉੱਥੇ ਗਿੱਧਾ ਜ਼ਰੂਰ ਪਾਵੇ। ਤੇ ਇਸ ਤੋਂ ਅਗਲੇ ਹਫਤੇ ਵਾਈਲਡਵੁੱਡ ਪਾਰਕ ਵਿੱਚ ਪੰਜਾਬੀ ਮੇਲਾ ਹੈ,ਉਥੇ ਸਾਰੇ ਮੀਡੀਏ ਵਾਲੇ ਹੋਣਗੇ ਤੇ ਹੋਰ ਬਹੁਤ ਲੋਕ ਹੋਣਗੇ ਉਹ ਉਥੇ ਵੀ ਗਿੱਧੇ ਵਿੱਚ ਭਾਗ ਲਵੇਂ।ਪਰ ਜਦੋਂ ਉਸ ਨੇ ਇਹ ਗੱਲ ਕੁਲਵੰਤ ਨੂੰ ਦੱਸੀ ਤਾਂ ਉਹ ਅੱਗ ਭੰਬੂਕਾ ਹੁੰਦਾ ਹੋਇਆ ਬੋਲਿਆ," ਉਥੇ ਸਾਰੇ ਮੇਰੇ ਨਾਲ਼ ਦੇ ਟੈਕਸੀਆਂ ਵਾਲੇ ਹੋਣਗੇ ਤੇ ਕੀ ਕਹਿਣਗੇ ਕਿ ਆਹ ਫਾਈਵ ਫੋਰ ਫਾਈਵ ਦੀ ਘਰ ਵਾਲ਼ੀ ਨੱਚਦੀ ਹੈ।ਤੇ ਫੇਰ ਉਹ ਦੂਜੇ ਦਿਨ ਕੰਮਪਾਊਂਡ ਵਿੱਚ ਬਹਿ ਕੇ ਮੈਨੂੰ ਟਿੱਚਰਾਂ ਕਰਨਗੇ।ਮੈਂ ਨਹੀਂ ਇਹ ਬਰਦਾਸ਼ਤ ਕਰ ਸਕਦਾ।ਜੇ ਮੇਰੇ ਤੋਂ ਬਾਹਰੀ ਹੋ ਕੇ ਗਈ ਤਾਂ ਇਸਦੇ ਭੈੜੇ ਨਤੀਜੇ ਨਿੱਕਲਣਗੇ।"
-----
ਸ਼ਰਾਬ ਤਾਂ ਉਹ ਪਹਿਲਾਂ ਹੀ ਕਾਫੀ ਪੀਂਦਾ ਸੀ,ਪਰ ਹੁਣ ਰੂਪਾ ਦੇ ਵਰਤਾਅ ਨੂੰ ਕਾਰਨ ਬਣਾ ਰੱਜ ਕੇ ਪੀਂਦਾ। ਜੇ ਉਹ ਹਟਾਉਣ ਦੀ ਕੋਸਿਸ਼ ਕਰਦੀ ਤਾਂ ਗੱਲ ਕੁੱਟ ਮਾਰ ਤੱਕ ਵੀ ਪਹੁੰਚ ਜਾਂਦੀ। ਰੂਪਾ ਨੇ ਉਸ ਕਿਹਾ," ਜੇ ਤੂੰ ਮੈਨੂੰ ਏਸੇ ਤਰ੍ਹਾਂ ਰੱਖਣਾ ਹੈ ਤੇ ਗੱਲ ਗੱਲ ਤੇ ਸ਼ੱਕ ਕਰਨੀ ਹੈ ਤਾਂ ਮੈਂ ਕੰਮ ਤੇ ਵੀ ਨਹੀਂ ਜਾਣਾ।" ਤਾਂ ਅੱਗੋਂ ਕੁਲਵੰਤ ਕਹਿੰਦਾ "ਤੂੰ ਕੰਮ ਤੇ ਭੇਜਣ ਵਾਲੀ ਹੈ ਹੀ ਨਹੀਂ। ਉਥੇ ਹਰ ਲੱਲੀ ਛੱਲੀ ਤੈਨੂੰ ਕੁੱਝ ਨਾ ਕੁੱਝ ਸਿਖਾਉਂਦੀ ਰਹਿੰਦੀ ਹੈ। ਤੂੰ ਕੱਲ ਤੋਂ ਕੰਮ ਤੇ ਨਹੀਂ ਜਾਣਾ।" ਬੱਸ ਫੇਰ ਕੀ ਸੀ ਰੂਪਾ ਗੁੱਸਾ ਖਾ ਕੇ ਘਰ ਬੈਠ ਗਈ।ਪ ਰ ਗੱਲ ਏਥੇ ਹੀ ਬੱਸ ਨਾ ਹੋਈ ਕੁਲਵੰਤ ਡਾਲਰਾਂ ਦਾ ਲਾਲਚੀ ਤੇ ਹੋਰ ਵਧੇਰੇ ਸ਼ੱਕੀ ਹੁੰਦਾ ਹੀ ਗਿਆ। ਜੇ ਕਦੀ ਇਕੱਠੇ ਸਟੋਰ ਚਲੇ ਜਾਂਦੇ ਤਾਂ ਵੀ ਕਹੀ ਜਾਂਦਾ ਕਿ ਤੂੰ ਕਿਸ ਨੂੰ ਦੇਖ ਕੇ ਹੱਸਦੀ ਸੀ। ਜਾਂ ਫਲਾਣਾ ਮੁੰਡਾ ਤੈਨੂੰ ਅੱਖਾਂ ਪਾੜ ਪਾੜ ਕਿਉਂ ਦੇਖਦਾ ਸੀ। ਜੇ ਉਹ ਕਦੀ ਚੰਗੀ ਤਰ੍ਹਾਂ ਤਿਆਰ ਹੋ ਜਾਂਦੀ ਤਾਂ ਆਖਦਾ ਐਨਾ ਤਿਆਰ ਹੋ ਕੇ ਕਿਸ ਨੂੰ ਖੁਸ਼ ਕਰਨਾ ਹੈ? ਕਦੀ ਅਚਾਨਕ ਘਰ ਆ ਕੇ ਸਾਰੇ ਘਰ ਨੂੰ ਸੁੰਘਦਾ ਫਿਰਦਾ ਜਿਵੇਂ ਉਸ ਦੀ ਗੈਰ-ਹਾਜ਼ਰੀ ਵਿੱਚ ਕੋਈ ਬੰਦਾ ਘਰ ਆਇਆ ਹੋਵੇ। ਰੂਪਾ ਨੂੰ ਕਦੇ ਕਦੇ ਉਹ ਮਾਨਸਿਕ ਤੌਰ ਤੇ ਬਿਮਾਰ ਵਿਅਕਤੀ ਜਾਪਦਾ ਤੇ ਇਹ ਵੀ ਜਾਪਦਾ ਜਿਵੇਂ ਉਹ ਖ਼ੁਦ ਵੀ ਮਾਨਸਿਕ ਤੌਰ ਤੇ ਬਿਮਾਰ ਹੋ ਜਾਵੇਗੀ ਜਾਂ ਇਸੇ ਘਰ ਦੀ ਕੈਦ ਵਿੱਚ ਦਮ ਤੋੜ ਦੇਵੇਗੀ। ਜਾਣੀ ਮਰ ਜਾਵੇਗੀ। ਮੌਤ ਦਾ ਖ਼ਿਆਲ ਉਸ ਨੂੰ ਭੈ-ਭੀਤ ਕਰ ਜਾਂਦਾ, ਤੇ ਫੇਰ ਉਹ ਤ੍ਰਬਕ ਜਾਂਦੀ ਕਿ "ਨਹੀਂ ਨਹੀਂ ਇਸ ਤਰ੍ਹਾਂ ਨਹੀਂ ਮਰਾਂਗੀ ਪਿੰਜਰੇ ਪਈ ਬੁਲਬੁਲ ਵਾਂਗ।"
-----
ਕਦੀ ਕਦੀ ਉਸਦੇ ਮਨ 'ਚੋਂ ਆਵਾਜ਼ ਉੱਠਦੀ ਕਿਤੇ ਸ਼ੌਂਕ ਮਰ ਜਾਣੇ ਹੀ ਤਾਂ ਨਹੀਂ ਬੰਦੇ ਦਾ ਮਰਨਾ ਹੁੰਦਾ? ਫੇਰ ਆਪ ਹੀ ਜਵਾਬ ਜਨਮ ਲੈਂਦਾ, ਬੰਦਾ ਕਿਤੇ ਇਕੱਲਾ ਸਾਹ ਬੰਦ ਹੋਣ ਨਾਲ ਥੋੜੋ ਮਰਦਾ ਹੈ।ਸਾਹ ਤਾਂ ਅਖੀਰ ਵਿੱਚ ਬੰਦ ਹੁੰਦਾ ਹੈ।ਪਹਿਲਾ ਬੰਦਾ ਤਿਲ ਤਿਲ ਕਰਕੇ ਮਰਨਾ ਸ਼ੁਰੂ ਹੁੰਦਾ ਹੈ, ਜਿਵੇਂ ਪੱਤਝੜ ਆਉਣ ਸਮੇਂ ਇੱਕ ਇੱਕ ਪੱਤਾ ਰੁੱਖ ਨਾਲੋਂ ਟੁੱਟ ਕੇ ਡਿੱਗਣਾ ਸ਼ੁਰੂ ਹੁੰਦਾ ਹੈ। ਏਸੇ ਤਰ੍ਹਾਂ ਜਦੋਂ ਸ਼ੌਂਕ ਵੀ ਮਰਨ ਲੱਗ ਜਾਣ ਤਾਂ ਸ਼ਖ਼ਸੀਅਤ ਵੀ ਮਰਨੀ ਸ਼ੁਰੂ ਹੋ ਜਾਂਦੀ ਹੈ। ਰੂਪਾ ਮੋਮਬੱਤੀ ਦੀ ਲਾਟ ਵਾਂਗੂੰ ਬੁਝ ਰਹੀ ਸ਼ਖ਼ਸੀਅਤ ਨੂੰ ਹਰ ਹਾਲਤ ਵਿੱਚ ਬਚਾਉਣਾ ਚਾਹੁੰਦੀ ਸੀ। ਇੱਕ ਦਿਨ ਅਪਾਰਟਮੈਂਟ ਵਿੱਚੋਂ ਉੱਤਰ ਕੇ ਉਹ ਸਟੋਰ ਚਲੀ ਗਈ। ਉਸ ਨੇ ਇੱਕ ਭਾਰਤੀ ਸਟੋਰ ਤੋਂ ਆਪਣੇ ਮਨ ਪਸੰਦ ਦੀ ਹਿੰਦੀ ਮੂਵੀ ਲਈ ਤੇ ਇੱਕ ਨੁਸਰਤ ਫ਼ਤਹਿ ਅਲੀ ਖ਼ਾਨ ਦੀ ਟੇਪ।ਜਦੋਂ ਕੁਲਵੰਤ ਘਰ ਆਇਆ ਤਾਂ ਉਹ ਨੁਸਰਤ ਫ਼ਤਹਿ ਅਲੀ ਖ਼ਾਨ ਦੀ ਟੇਪ ਸੁਣ ਰਹੀ ਸੀ :-
....ਅੱਖੀਆਂ ਉਡੀਕਦੀਆਂ ਲੱਗਦਾ ਨਾਂ ਜੀ ਵੇ......
ਤੇ ਉਹ ਗੀਤ ਦੇ ਬੋਲਾਂ ਵਿੱਚ ਗੁਆਚੀ ਸੋਚੀ ਜਾ ਰਹੀ ਸੀ ਕਿ ‘ਕਾਸ਼ ਕੋਈ ਐਨਾ ਪਿਆਰ ਕਰਨ ਵਾਲਾ ਹੁੰਦਾ ਜਿਸ ਨੂੰ ਉਹ ਐਨੀ ਸ਼ਿੱਦਤ ਨਾਲ਼ ਉਡੀਕਦੀ’। ਪਰ ਕੁਲਵੰਤ ਆਕੇ ਬੋਲਣ ਲੱਗਿਆ," ਇਹ ਕੀ ਰਾਮ ਲੀਲਾ ਜਿਹੀ ਲਾਈਂਬੈਠੀ ਏਂ? ਕਿੱਥੋਂ ਆਈ ਹੈ ਇਹ ਟੇਪ? ਤੇ ਕਿਥੋਂ ਆਈ ਹੈ ਏਹ ਮੂਵੀ.....।" ਰੂਪਾ ਨੇ ਦੱਸਿਆ ਕਿ ਉਹ ਸਟੋਰ ਗਈ ਸੀ।ਤਾਂ ਕੁਲਵੰਤ ਫੇਰ ਬੋਲਣ ਲੱਗਿਆ," ਕਿਸ ਨਾਲ ਗਈ ਸੀ ਸਟੋਰ? ਕੌਣ ਆਇਆ ਸੀ ਤੇਰੇ ਕੋਲ। ਉਹ ਨਾਲ ਬਹੁਤ ਲੜਿਆ ਤੇ ਫੇਰ ਰੱਜ ਕੇ ਸ਼ਰਾਬ ਪੀਤੀ। ਇੱਕ ਦਿਨ ਰੂਪਾ ਫੋਨ ਕਰ ਰਹੀ ਸੀ ਤਾਂ ਕੁਲਵੰਤ ਕਹਿੰਦਾ," ਕਿਸ ਨੂੰ ਫੋਨ ਕਰਦੀ ਏਂ?" ਰੂਪਾ ਨੇ ਦੱਸਿਆ ਕਿ ਮੇਰੀ ਸਹੇਲੀ ਮਨਪ੍ਰੀਤ ਨੂੰ ਤਾਂ ਉਹ ਫੇਰ ਬੋਲਣ ਲੱਗਿਅ ਕਿ "ਖ਼ਬਰਦਾਰ ਜੇ ਮੁੜਕੇ ਅਜਿਹੀ ਕੁੜੀ ਨੂੰ ਫੋਨ ਕੀਤਾ ਹੈ।" " ਮਨਪ੍ਰੀਤ ਕੋਈ ਅਜਿਹੀ ਕੁੜੀ ਨਹੀਂ ਉਹ ਮੇਰੇ ਨਾਲ਼ ਕੰਮ ਕਰਦੀ ਸੀ।" ਰੂਪਾ ਬੋਲੀ, ਤਾਂ ਕੁਲਵੰਤ ਅੱਗੋਂ ਵਧਦਾ ਹੀ ਗਿਆ," ਮੈਂ ਜਾਣਦਾ ਹਾਂ ਮਨਪ੍ਰੀਤ ਵਰਗੀਆਂ ਨੂੰ ਕੰਮਾਂ ਤੇ ਇਨ੍ਹਾਂ ਨੇ ਸੁਪਰਵਾਈਜ਼ਰ ਹੱਥਾਂ ਤੇ ਚੜ੍ਹਾਏ ਹੁੰਦੇ ਹਨ।ਕੰਮ ਦਾ ਡੱਕਾ ਨਹੀਂ ਤੋੜਦੀਆਂ, ਲੋਕਾਂ ਦੇ ਘਰ ਪੱਟਣ ਤੇ ਲੱਗੀਆਂ ਰਹਿੰਦੀਆਂ ਹਨ ਕਦੀ ਏਧਰ ਫੋਨ ਘੁਮਾ ਲਿਆ ਤੇ ਕਦੀ ਉਧਰ। ਆਹ ਟੇਪਾਂ ਸੁਣਨ ਦੀ ਪੱਟੀ ਵੀ ਤੈਨੂੰ ਉਸੇ ਨੇ ਪੜ੍ਹਾਈ ਹੋਊ।" ਰੂਪਾ ਨੇ ਕਿਹਾ ਕਿ ਇਹ ਉਸਦੀਆਂ ਮਨ ਪਸੰਦ ਟੇਪਾਂ ਹਨ।" ਤਾਂ ਕੁਲਵੰਤ ਬੋਲਿਆ, "ਤੇਰੀ ਪਸੰਦ ਮੇਰੇ ਨਾਲੋਂ ਵੱਖ ਕਦੋਂ ਤੋਂ ਹੋ ਗਈ? ਕੱਲ ਨੂੰ ਕੁੱਝ ਹੋਰ ਕਹੇਂਗੀ। ਤੈਨੂੰ ਪਤਾ ਨਹੀਂ ਕਾਸੇ ਦਾ ਵੀ।" ਉਹ ਰੂਪਾ ਨਾਲ ਇਸ ਤਰ੍ਹਾਂ ਵਰਤਾ ਕਰਦਾ ਜਿਵੇਂ ਵੱਗ ਚੋਂ ਫੜ ਕੇ ਲਿਆਂਦੀ ਉਹ ਕੋਈ ਗਾਂ ਹੋਵੇ ਤੇ ਕੁਲਵੰਤ ਕੋਈ ਵੱਡਾ ਕਨੇਡੀਅਨ।ਉਹ ਉਸ ਦੀ ਹਰ ਗੱਲ ਵਿੱਚ ਨੁਕਸ ਕੱਢਦਾ ਰਹਿੰਦਾ ਤੇ ਆਖਦਾ ਆ ਗਈ ਪਿੰਡ 'ਚੋਂ ਉੱਠ ਕੇ ਤੈਨੂੰ ਕਨੇਡਾ ਬਾਰੇ ਤਾਂ ਕੱਖ ਵੀ ਪਤਾ ਨਹੀਂ।" ਰੂਪਾ ਜਾਣਦੀ ਸੀ ਕਿ ਇਹ ਕੁਲਵੰਤ ਵਿੱਚ ਘਟੀਆਪਨ ਦਾ ਅਹਿਸਾਸ ਹੈ ਉਹ ਰੂਪਾ ਨੂੰ ਨੀਵਾਂ ਵਿਖਾ ਕੇ ਆਪ ਉੱਚਾ ਹੋਣਾ ਚਾਹੁੰਦਾ ਹੈ। ਉਨ੍ਹਾਂ ਦਾ ਵਿਆਹ ਜੋੜ ਮੇਲ ਨੂੰ ਘੱਟ ਬਲਕਿ ਕੈਨੇਡਾ ਨੂੰ ਮੁੱਖ ਰੱਖਕੇ ਵੱਧ ਹੋਇਆ ਸੀ।ਕੈਨੇਡਾ ਕਰਕੇ ਹੀ ਉਸਦਾ ਮੁੱਲ ਪਿਆ ਸੀ ਨਹੀਂ ਤਾਂ ਉਹਦਾ ਅਤੇ ਰੂਪਾ ਦਾ ਭਲਾਂ ਕੀ ਮੇਲ ਸੀ? ਕੁਲਵੰਤ ਪੜ੍ਹਿਆ ਲਿਖਿਆ ਵੀ ਘੱਟ ਸੀ।ਤੇ ਜ਼ਿਆਦਾ ਸੋਹਣਾ ਵੀ ਨਹੀਂ ਸੀ। ਸਿਰ ਵਿੱਚ ਪਏ ਵੱਡੇ ਸਾਰੇ ਗੰਜ ਨੂੰ ਉਹ ਹਮੇਸ਼ਾਂ ਟੋਪੀ ਹੇਠਾਂ ਲੁਕਾ ਕੇ ਰੱਖਦਾ। ਉਸਦੇ ਮਨ ਅੰਦਰ ਡਰ ਸੀ ਕਿ ਜੇ ਰੂਪਾ ਇੱਕ ਵਾਰੀ ਲਛਮਣ ਰੇਖਾ ਉਲੰਘ ਗਈ ਤਾਂ ਸ਼ਾਇਦ ਉਹ ਉਸ ਦੀ ਛਤਰੀ ਤੋਂ ਉਡਾਣ ਭਰ ਜਾਵੇ।ਇਸੇ ਕਰਕੇ ਉਹ ਉਸਦੇ ਖੰਭ ਕੁਤਰ ਕੇ ਰੱਖਣਾ ਚਾਹੁੰਦਾ ਸੀ।ਜੋ ਗੱਲਾਂ ਰੂਪਾ ਵਿੱਚ ਵੱਧ ਸਨ ਉਹ ਉਨ੍ਹਾਂ ਨੂੰ ਖ਼ਤਮ ਕਰ ਦੇਣੀਆਂ ਚਾਹੁੰਦਾ ਸੀ।ਜਿਸ ਕਰਕੇ ਉਹ ਰੋਅਬ ਪਾਉਣ ਜਾਂ ਕਾਬੂ ਰੱਖਣ ਦੀ ਗੱਲ ਕਰਦਾ ਜਿਸ ਨੂੰ ਰੂਪਾ ਇੱਕ ਕੈਦ ਸਮਝਦੀ।
----
ਇੱਕ ਦਿਨ ਰੂਪਾ ਨੇ ਇੱਕ ਨਵੀਂ ਆਈ ਮੂਵੀ ਦੀ ਸਿਨਮੇ ਜਾ ਕੇ ਦੇਖਣ ਦੀ ਗੱਲ ਕੀਤੀ ਤਾਂ ਕੁਲਵੰਤ ਕਹਿੰਦਾ ਕਿ ਉਸ ਕੋਲ ਤਾਂ ਟਾਈਮ ਨਹੀਂ। ਰੂਪਾ ਕਹਿੰਦੀ ਫੇਰ ਮੈਂ ਮਨਪ੍ਰੀਤ ਨਾਲ ਚਲੀ ਜਾਂਦੀ ਹਾਂ। ਬੱਸ ਫੇਰ ਕੀ ਸੀ ਉਹ ਬੋਲਣ ਲੱਗ ਪਿਆ ਕਿ,"ਮੈਂ ਜਾਣਦਾ ਹਾਂ ਏਹੋ ਜਿਹੀਆਂ ਨੂੰ ਜਿਨਾਂ ਦੀਆਂ ਲੋਕ ਕੰਮਪਾਊਂਡ ਵਿੱਚ ਬਹਿ ਕੇ ਗੱਲਾਂ ਕਰਦੇ ਨੇ। ਨਾਲੇ ਐਲਬੀਅਨ ਸਿਨਮੇ ਵਿੱਚ ਜੋ ਚੰਦ ਚੜ੍ਹਦਾ ਹੈ ਉਹ ਫੋਰ ਓ ਫਾਈਵ ਨੇ ਤਾਂ ਆਪ ਆਪਣੇ ਅੱਖੀਂ ਵੇਖਿਆ ਹੈ। ਕੱਲ੍ਹ ਨੂੰ ਕੋਈ ਤੇਰੇ ਬਾਰੇ ਅਜਿਹੀ ਗੱਲ ਕਰੇ ਮੈਂ ਲੱਤਾਂ ਵੱਢ ਦਿਆਂਗਾ ਤੇਰੀਆਂ।" ਰੂਪਾ ਨੇ ਦੱਸਿਆ ਕਿ ਮਨਪ੍ਰੀਤ ਦੀ ਸਾਰੀ ਫੈਮਲੀ ਨੇ ਜਾਣਾ ਹੈ ਪਰ ਉਹ ਮੰਨਿਆ ਹੀ ਨਾਂ। ਤੇ ਫੇਰ ਅੱਗੋਂ ਰੂਪਾ ਵੀ ਅੜ ਗਈ।ਘਰ ਵਿੱਚ ਬਹੁਤ ਜ਼ਿਆਦਾ ਕਲੇਸ਼ ਪੈ ਗਿਆ।ਕੁਲਵੰਤ ਨੇ ਰੂਪਾ ਨੂੰ ਬੇਹੱਦ ਕੁੱਟਿਆ ਤੇ ਫੇਰ ਇਹ ਸਿਲਸਲਾ ਹਰ ਦੂਜੇ ਤੀਜੇ ਦਿਨ ਹੀ ਚੱਲ ਪਿਆ।
-----
ਰੂਪਾ ਹਰ ਵੇਲੇ ਸੋਚਾਂ ਵਿੱਚ ਡੁੱਬੀ ਰਹਿੰਦੀ।ਕਦੀ ਕੁੱਝ ਸੋਚਦੀ ਅਤੇ ਕਦੀ ਕੁੱਝ।ਉਸ ਨੂੰ ਚਾਚੀ ਬਚਨੋ ਦੇ ਕਹੇ ਉਹ ਬੋਲ ਯਾਦ ਆਉਂਦੇ," ਕੁੜੇ ਪਤੀ ਤਾਂ ਪ੍ਰਮੇਸ਼ਰ ਹੁੰਦਾ ਏ, ਉਸ ਦੀ ਹਰ ਚੰਗੀ ਮੰਦੀ ਗੱਲ ਕੰਨਾਂ ਵਿੱਚ ਕੌੜਾ ਤੇਲ ਪਾਕੇ ਸੁਣ ਲੈਣੀ ਚਾਹੀਦੀ ਆ।" ਤੇ ਫੇਰ ਕਦੇ ਮਨਪ੍ਰੀਤ ਦੀਆਂ ਗੱਲਾਂ ਉਸਦੇ ਕੰਨਾਂ ਵਿੱਚ ਗੂੰਜਣ ਲੱਗ ਜਾਂਦੀਆਂ," ਕੁੜੇ ਤੇਰਾ ਉਹ ਪਤੀ ਹੈ ਜਾਂ ਕੋਈ ਦੁਸ਼ਮਣ? ਏਸ ਮੁਲਕ ਵਿੱਚ ਪਤਨੀ ਨੂੰ ਕੁੱਟਣਾ ਜ਼ੁਲਮ ਹੈ ਤੇ ਤੂੰ ਇਹ ਜ਼ੁਲਮ ਕਿਉਂ ਸਹਾਰਦੀ ਹੈਂ? ਉਸ ਤੇ ਵਾਈਫ-ਅਸਾਲਟ ਦਾ ਚਾਰਜ ਲੁਆ ਕੇ ਉਸ ਨੂੰ ਸਬਕ ਸਿਖਾ.....।" ਰੂਪਾ ਨੂੰ ਕਦੇ ਸਮਾਜ ਦਾ ਖ਼ਿਆਲ ਆਂਉਦਾ ਕਦੇ ਮਾਂ ਬਾਪ ਦਾ ਅਤੇ ਕਦੇ ਉਨ੍ਹਾਂ ਦਲੇਰ ਔਰਤਾਂ ਦਾ ਜੋ ਜ਼ੁਲਮ ਦੇ ਖ਼ਿਲਾਫ ਲੜੀਆਂ। ਜਦੋਂ ਜ਼ੁਲਮ ਹੱਦੋਂ ਵੱਧ ਹੀ ਗਿਆ ਤਾਂ ਇੱਕ ਦਿਨ ਉਸ ਨੇ ਇੰਡੀਆ ਆਪਣੀ ਮੰਮੀ ਨੂੰ ਫੋਨ ਕੀਤਾ ਤੇ ਪੁੱਛਿਆ," ਮੰਮੀ ਤੂੰ ਜੋ ਮੈਨੂੰ ਛੋਟੀ ਹੁੰਦੀ ਨੂੰ ਪਰੀ ਤੇ ਜਿੰਨ ਵਾਲੀ ਬਾਤ ਸੁਣਾਉਂਦੀ ਹੁੰਦੀ ਸੀ ਜੇ ਕਦੀ ਉਹ ਪਰੀ ਜਿੰਨ ਦੀ ਕੈਦ ਵਿੱਚੋਂ ਨਿੱਕਲ ਜਾਵੇ ਤਾਂ ਫੇਰ.......?" " ਫੇਰ ਤਾਂ ਧੀਏ ਬਹੁਤਾ ਹੀ ਵਧੀਆ ਹੋਵੇ ਮਾਂ ਅਚਾਨਕ ਬੋਲੀ।" ਬੱਸ ਮਾਂ ਮੈਂ ਏਹੋ ਪੁੱਛਣਾ ਸੀ। ਮਾਂ ਆਪਣੀ ਧੀ ਦੀ ਝੱਲ ਵਲੱਲੀ ਗੱਲ ਤੇ ਹੈਰਾਨ ਹੋਈ।" ਮੰਮੀ ਫੇਰ ਉਹ ਪਰੀ ਜਿੰਨ ਦੀ ਕੈਦ ਤੋਂ ਸੱਚਮੁੱਚ ਆਜ਼ਾਦ ਹੋ ਜਾਵੇਗੀ।" ਇਹ ਕਹਿ ਕੇ ਰੂਪਾ ਨੇ ਫੋਨ ਕੱਟ ਦਿੱਤਾ।
-----
ਫੇਰ ਉਸੇ ਹੀ ਵੀਕ ਐਂਡ ਤੇ ਕੁੱਝ ਪੰਜਾਬੀ ਬੰਦੇ ਅਪਾਰਟਮੈਂਟ ਦੀ ਲਾਬੀ ਵਿੱਚ ਖੜ੍ਹੇ ਗੱਲਾਂ ਕਰ ਰਹੇ ਸਨ। ਕੋਈ ਬੋਲਿਆ," ਯਾਰ ਪਤਾ ਹੈ ਸਿਕਸੋ ਸੈਵਨ ਵਾਲਾ ਉਹ ਟੈਕਸੀ ਡਰਾਈਵਰ......।" " ਕੀ ਹੋਇਆ ਉਹ ਨੂੰ?" ਦੂਜਾ ਬੋਲਿਆ।"ਕੱਲ ਉਹਨੂੰ ਪੁਲੀਸ ਫੜ ਕੇ ਲੈ ਗਈ ਘਰ ਵਾਲੀ ਨੂੰ ਕੁੱਟਦਾ ਮਾਰਦਾ ਸੀ। ਆਪਣੀ ਕਮਿਊਨਟੀ ਵਿੱਚ ਵੀ ਹੁਣ ਤਾਂ ਆਏ ਦਿਨ ਤਲਾਕ ਹੁੰਦੇ ਨੇ। ਹੁਣ ਐਸੇ ਬਿਲਡਿੰਗ ਵਿੱਚ ਹੀ ਸਾਲ ਦੇ ਅੰਦਰ ਅੰਦਰ ਦੇਖ ਲੈ ਕਿੰਨੀਆਂ ਘਟਨਾਵਾਂ ਹੋ ਗੀਆਂ...।" ਤਾਂ ਕੋਲ ਖੜੇ ਪ੍ਰੀਤਮ ਸਿੰਘ ਤੋਂ ਰਿਹਾ ਨਾ ਗਿਆ," ਘਟਨਾਵਾਂ ਹੋਣ ਨਾਂ ਉਧਰੋਂ ਅਗਲੇ ਛਾਂਟ ਕੇ ਪੜ੍ਹੀਆਂ ਲਿਖੀਆਂ ਸੋਹਣੀਆਂ ਸੁਨੱਖੀਆਂ ਕੁੜੀਆ ਲੈ ਆਉਂਦੇ ਨੇ ਤੇ ਮਾਪੇ ਵੀ ਕਨੇਡਾ ਦੇ ਲਾਲਚ ਨੂੰ ਬਗੈਰ ਕਿਸੇ ਜੋੜ ਮੇਲ ਤੋਂ ਵਿਆਹ ਕਰਕੇ ਤੋਰੀਂ ਜਾਂਦੇ ਨੇ। ਹੁਣ ਏਸੇ ਦੀ ਗੱਲ ਲੈ ਲਉ ਸਾਡੇ ਤੋਂ ਤੀਜਾ ਡੋਰ ਏ ਏਹਨਾਂ ਦਾ।ਬੱਸ ਰੋਜ਼ ਦਾ ਕੰਜਰਖਾਨਾ ਸੀ । ਕੁੜੀ ਪੜ੍ਹੀ ਲਿਖੀ ਸੀ ਤੇ ਇਹ ਨਿਰਾ ਉੱਲੂ। ਰੋਜ਼ ਉਸਨੂੰ ਕੁੱਟਦਾ ਮਾਰਦਾ ਸੀ। ਕਦੇ ਹੱਥ ਸੁਜਾਏ ਹੁੰਦੇ ਅਤੇ ਕਦੇ ਮੂੰਹ।ਆਖਰ ਵਿਚਾਰੀ ਕਿੰਨਾ ਕੁ ਚਿਰ ਬਰਦਾਸ਼ਤ ਕਰਦੀ? ਸਬਰ ਦੀ ਵੀ ਕੋਈ ਹੱਦ ਹੁੰਦੀ ਹੈ। ਮਰਦਾ ਕੀ ਨਾ ਕਰਦਾ ਮੈਂ ਤਾਂ ਕਹਿਨਾ ਚੰਗਾ ਹੋਇਆ ਉਸ ਜਿੰਨ ਦੀ ਕੈਦ ਤੋਂ ਮੁਕਤ ਹੋ ਗਈ।" ਤੇ ਫੇਰ ਸਾਰੇ ਪਾਸੇ ਚੁੱਪ ਪਸਰ ਗਈ।
********
ਸਮਾਪਤ
No comments:
Post a Comment