ਵਿਅੰਗ
‘ਥਾਂ ਥਾਂ ਭਟਕਣ ਦੀ ਜ਼ਰੂਰਤ ਨਹੀਂ ਹੁਣ ਘਰ ਦਾ ਸਾਰਾ ਸਮਾਨ ਲੋਟੂ ਸਟੋਰ ਦੀ ਇੱਕ ਛੱਤ ਥੱਲੇ’ -ਰੇਡੀਓ ਦੀ ਮਸ਼ਹੂਰੀ।
‘ਕਰੋੜਾਂ ਸਾਲਾਂ ਦਾ ਕਲੰਡਰ ਇੱਕ ਇੰਚ ਵਿੱਚ’- ਅਖ਼ਬਾਰ ਦੀ ਖ਼ਬਰ ।
ਹੈਂ...?? ਹਰ ਚੀਜ਼ ਇੰਨੀ ਛੋਟੀ ਹੈ ਤਾਂ ਇਹ ਵਿਚਾਰ ਡਮਾਕ ‘ਚ ‘ਥੌੜੇ ਵਾਂਗੂੰ ਵੱਜਾ ਕਿ ਫਿਰ ਜੋਤਸ਼ੀਆਂ ਨੇ ਇੰਨੀ “ਛੋਟੀ ਜਿਹੀ ਦੁਨੀਆਂ” ਵਿਚਲੇ 6,789,801,224 (31 ਅਗਸਤ 2009 , ਸ਼ਾਮ ਦੇ 5 ਵੱਜ ਕੇ 50 ਮਿਨਟ ਤੱਕ) ਲੋਕਾਂ ਨੂੰ ਸਿਰਫ ਬਾਰਾਂ ਰਾਸ਼ੀਆਂ ਵਿੱਚ ਵੰਡ ਕੇ ਖਾਹਮਖਾਹ ਆਪਣਾ ਤੇ ਲੋਕਾਂ ਦਾ ਡਮਾਕ ਕਿਉਂ ਖ਼ਰਾਬ ਕੀਤਾ ਹੋਇਐ । ਕਿਉਂ ਨਾ ਸਭ ਨੂੰ ਇੱਕ ਰਾਸ਼ੀ ਥੱਲੇ ਲਿਆਕੇ ਸਮੇਂ ਦੀ ਬੱਚਤ ਕੀਤੀ ਜਾਵੇ । ਪੂਰੇ 70 ਸਾਲਾਂ ਦੀ ਲੰਬੀ ਖੋਜ ਤੋਂ ਬਾਅਦ (ਭਾਵੇਂ ਕਿ ਮੇਰੀ ਉਮਰ ਅਜੇ ਪੰਦਰਾਂ ਗੁਣਾ ਦੋ ਜਮ੍ਹਾਂ ਦਸ ਸਾਲ ਹੀ ਹੈ) ਇਹ ਸਿੱਟੇ ਸਾਹਮਣੇ ਆਏ ਹਨ ਕਿ ਜੋ:-
ਮਾਸੂਮ ਬੱਚੇ:- ਜੋ ਅੱਗ ਵਿੱਚ ਹੱਥ ਪਾਉਣਾ ਚਾਹੁੰਦੇ ਹਨ ਪਰ ਮਾਂ-ਪਿਉ ਉਹਨਾਂ ਦੇ ਰਾਹ ਵਿੱਚ ਰੋੜਾ ਹਨ।
-----
ਜਵਾਨ :- ਜੋ ਸਮੁਚੇ ਹੀ ਅੱਗ ਵਿੱਚ ਸੜਨਾ ਚਹੁੰਦੇ ਨੇ ਪਰ ਸਮਝਦੇ ਨੇ ਕਿ ਸਮਾਜ, ਧਰਮ ,ਲੋਕਾਚਾਰੀ ਦੇ ਬੰਧਨ ਉਹਨਾਂ ਦੀ ਮੰਜ਼ਿਲ ਵਿੱਚ ਰੁਕਾਵਟ ਹਨ।
-----
ਬੁੱਢੇ:- ਜੋ ਸਾਰੀ ਜ਼ਿੰਦਗੀ ਆਪਣੀ ਔਲਾਦ ਲਈ ਮਰ ਮਿਟੇ ਪਰ ਅੰਤ ਸਮੇ ਉਹਹਾਂ ਦੀ ਹਾਲਤ ਘਰ ਵਿੱਚ ਰੱਖੇ ਕੁੱਤੇ ਤੋਂ ਵੀ ਬਦਤਰ ਹੈ ।
----
ਨੇਤਾ:- ਜੋ ਵੋਟਾਂ ਸਮੇ ਲੋਕਾਂ ਦੀਆਂ ਜੁੱਤੀਆਂ ਚੱਟ ਚੱਟ ਵੋਟਾਂ ਮੰਗੇ ਹਨ ਪਰ ਉਹਨਾ ਦੀਆਂ ਵੋਟਾਂ ਨੂੰ ਕੋਈ ਅਮੀਰ ਉਮੀਦਵਾਰ ਚੱਟ ਜਾਂਦਾ ਹੈ।
-----
ਨੇਤਾ ਨੰਬਰ 2:- ਧਰਮ ਤੇ ਰਾਜਨੀਤੀ ਅੱਡ-ਅੱਡ ਹੋਣ ਦਾ ਰੌਲਾ ਤਾਂ ਪਾਉਂਦਾ ਹੈ ਪਰ ਅਖ਼ਬਾਰ ਵਿੱਚ ਕਿਸੇ ਕਮੀਨੇ ਸਾਧ ਦਾ ਪੈਰਾਂ ‘ਚ ਝੁਕੇ ਦੀ ਫੋਟੋ ਸਾਰੇ ਪੋਲ ਖੋਲ੍ਹ ਦਿੰਦੀ ਹੈ ।
-----
ਪਰਜਾ:- ਜੋ ਆਪਣਾ ਕੀਮਤੀ ਵੋਟ ਦੇ ਕੇ ਨੇਤਾ ਦੀ ਕਿਸਮਤ ਤਾਂ ਬਦਲ ਦਿੰਦੀ ਹੈ ਪਰ ਫਿਰ ਪੰਜ ਸਾਲ ਆਪਣੀ ਬਦਕਿਸਮਤੀ ਤੇ ਝੂਰਦੀ ਹੈ।
-----
ਧਾਰਮਿਕ ਸੰਸਥਾਵਾਂ ਦੇ ਪ੍ਰਧਾਨ:- ਸੰਗਤਾਂ ਦੇ ਗੁਰੂ ਨੂੰ ਦਿੱਤੇ ਚੜ੍ਹਾਵੇ ਨੂੰ ਕੁੰਡਲ਼ੀ ਮਾਰ ਧਰਮ ਸਥਾਨ ਦੇ ਨਾਲ਼ ਨਾਲ਼ ਆਪਣਾ ਬਿਜ਼ਨਿਸ ਵੀ ਖੜ੍ਹਾ ਕਰ ਲੈਦੇ ਹਨ, ਹਰ ਹੀਲੇ ਕੁਰਸੀ ਨੂੰ ਸੱਪ ਵਲ਼ੇਵਾਂ ਮਾਰੀ ਰੱਖਦੇ ਹਨ ਤੇ ਆਪਣੀਆਂ ਕਰਤੂਤਾਂ ਜ਼ਾਹਰ ਹੋਣ ਤੇ ਪ੍ਰਧਾਨਗੀ ਦੀ ਚੋਣ ਹਾਰਨ ਮਗਰੋਂ ਨਵਾਂ ਧਰਮ ਸਥਾਨ ਉਸਾਰ ਲੈਂਦੇ ਹਨ।
-----
ਧਰਮ ਗੁਰੂ:- ਵੱਡੇ-ਵੱਡੇ ਡੇਰੇ ਬਣਾ ਗੁਰੂ ਬਣ ਬੈਠੇ ਡੇਰਿਆਂ ਵਿੱਚ ਰੱਖੀਆਂ ਦਾਸੀਆਂ ਨਾਲ਼ ਬਲਾਤਕਾਰ ਕਰਨ ਦੇ ਦੋਸ਼ ਮਗਰੋਂ ਜੇਲ੍ਹ ਵਿੱਚ ਸੜਨ ਦੇ ਡਰ ਤੋਂ ਮਸੂਮ ਲੋਕਾਂ ਨੂੰ ਆਪਸ ਵਿੱਚ ਭਿੜਵਾ ਭਿੜਵਾ ਮਰਾ ਦਿੰਦੇ ਨੇ ।
-----
ਬੀਬੀਆਂ :- “ਬੇ-ਔਲਾਦ ਬਾਬੇ” ਕੋਲੋਂ ‘ਕਾਕੇ’ ਮੰਗਣ ਗਈਆਂ ਆਪਣੀ ਸੁੱਚੀ ਚੁੰਨੀ ਤੇ ਦਾਗ ਲੁਆ ਕੇ ਮੁੜੀਆਂ।
-----
ਆਦਮੀ:- ਉਪਰੋਕਤ ਸੱਚ ਜਾਣਦੇ ਹੋਏ ਵੀ ਬੁੱਲ੍ਹੀਂ ਚੁੱਪ ਦਾ ਜੰਦਰਾ ਲਾ ਧਾਰਮਿਕ ਸ਼ਰਧਾ ‘ਚ ਅੰਨ੍ਹੇ ਹੋ ਬੈਠੇ ਹਨ।
-----
ਧਰਮ ਪੁਜਾਰੀ ਨੰਬਰ 1 :- ਧਰਮ ਦੇ ੳ ਅ ਤੋਂ ਅਣਜਾਣ ਪਰ ਜਿਹਨਾਂ ਨੇ ਧਰਮ ਵਿੱਚ ਅੰਨ੍ਹੀ ਸ਼ਰਧਾ ਰੱਖਣ ਵਾਲੇ ਲੋਕਾਂ ਨੂੰ ਆਪਣੇ ਧਰਮ ਗਰੰਥ ਦਾ ਅੱਖਰ ਅੱਖਰ ਵੇਚ ਛੱਡਿਆ ਹੈ।
----
ਧਰਮ ਪੁਜਾਰੀ ਨੰਬਰ 2:- ਧਰਮ ਅਸਥਾਨਾਂ ਅੰਦਰ ਹੋ ਰਹੀ ਕਮੀਨਗੀ ਵਿਰੁੱਧ ਆਵਾਜ਼ ਉਠਾਉਣੀ ਚਹੁੰਦੇ ਹਨ ਪਰ ਉਹਨਾ ਵਿਚਾਰਿਆਂ ਨੂੰ ਧਰਮ ਸਥਾਨ ਅੰਦਰ ਪੈਰ ਰੱਖਣ ਦੀ ਇਜ਼ਾਜਤ ਨਹੀਂ ।
----
ਧਾਰਮਿਕ ਵਿਦਵਾਨ:- ਧਰਮ ਦੇ ਕੇਂਦਰੀ ਸਥਾਨਾਂ ਉੱਪਰ ਧਰਮ ਦੇ ਨਾਂ ‘ਤੇ ਹੋ ਰਹੀ ਲੁੱਟ ਤੇ ਕਮੀਨਗੀ ਵਿਰੁੱਧ ਲਿਖਣ ਦੇ ਕਸੂਰ ਬਦਲੇ ਭਾੜੇ ਦੇ ਗਧੇ ਧਾਰਮਿਕ ਰਾਜਨੀਤੀ ਦੇ ਮੁਖੀਆਂ ਵੱਲੋਂ ਧਰਮ ਵਿੱਚੋਂ ਹੀ ਬਾਹਰ ਵਗਾਹ ਮਾਰੇ ਗਏ।
-----
ਜੋਤਸ਼ੀ:- ਲੋਕਾਂ ਦਾ ਭਵਿੱਖ ਦਸਦਾ ਟਰੱਕ ਥੱਲੇ ਆ ਕੇ ਮਾਰਿਆ ਗਿਆ ।
-----
ਵਿਦਿਆਰਥੀ:- ਨਸ਼ੇ ਦੀ ਲੋਰ ਵਿੱਚ ਸਾਰਾ ਸਾਲ ਕਿਤਾਬਾਂ ਵੱਲੋਂ ਮੂੰਹ ਮੋੜ ਇੱਕ ਤਰਫ਼ਾ ਪਿਆਰ ਦੀ ਖ਼ੁਮਾਰੀ ਵਿੱਚ ਕਾਲਜ ਤੋਂ ਕਥਿਤ ਪ੍ਰੇਮਿਕਾ ਦੇ ਘਰ ਤੱਕ ਚੱਕਰ ਲਉਣ ਤੀਕਰ ਸੀਮਤ ਰਹੇ।
-----
ਅਧਿਆਪਕ :- ਗੁਰੂ ਵਰਗੇ ਪਵਿੱਤਰ ਫ਼ਰਜ਼ਾਂ ਤੋਂ ਮੂੰਹ ਫੇਰ ਪੁੱਤਰਾਂ ਵਰਗੇ ਵਿਦਿਆਰਥੀਆਂ ਨੂੰ ਬਲ਼ਦੀ ਦੇ ਬੂਥੇ ਧੱਕ ਤਨਖਾਹਾਂ ਲੈਣ ਤੱਕ ਸੀਮਤ ਰਹੇ।
-----
ਲੇਖਕ ਨੰਬਰ 1:- ਸਥਾਪਿਤ ਲੇਖਕਾਂ ਦੀਆਂ ਰਚਨਾਵਾਂ ਚੋਰੀ ਕਰ ਆਪਣੇ ਨਾਮ ਥੱਲੇ ਛਪਾਉਣ ਦਾ ਮਹਾਨ ਕਾਰਜ ਕਰਦੇ ਰਹੇ ਤੇ ਪੱਲਿਓਂ ਪੈਸੇ ਖਰਚ ਆਪਣਾ ਸਨਮਾਨ ਕਰਾਉਂਦੇ ਦੇਖੇ ਗਏ।
-----
ਲੇਖਕ ਨੰਬਰ 2:- ਇਮਾਨਦਾਰੀ ਨਾਲ਼ ਮਾਂ ਬੋਲੀ ਦੀ ਸੇਵਾ ਕੀਤੀ ਪਰ ਅੰਤ ਸਮੇ ਅੱਡੀਆਂ ਰਗੜ ਰਗੜ ਕੇ ਮਰੇ।
-----
ਲੇਖਕ ਨੰਬਰ 3:- ਆਪਣੇ ਲਿਖੇ ਦੋ-ਅਰਥੇ ਗੀਤ ਆਪਣੀਆਂ ਮਾਵਾਂ ਭੈਣਾਂ ਦੇ ਕੰਨੀ ਪਾਉਂਣ ਦਾ ਅਪਵਿੱਤਰ ਕਾਰਜ ਕਰਦੇ ਨੇ ।
-----
ਪਾਠਕ:- ਇਮਾਨਦਾਰੀ ਨਾਲ਼ ਕਬੂਲ ਕਰਦੇ ਨੇ ਕਿ ਅਸੀਂ ਮਾਂ ਬੋਲੀ ਜਾਂ ਸਾਹਿਤ ਵੱਲ ਕਦੇ ਚੰਗੀ ਨਜ਼ਰ ਨਾਲ਼ ਨਹੀਂ ਦੇਖਿਆ ।
-----
ਗਾਇਕ:- ਸੜਕ ਤੇ ਤੁਰੀ ਜਾਂਦੀ ਕਿਸੇ ਦੀ ਧੀ ਭੈਣ ਜਿਹਨਾਂ ਨੂੰ ਅੱਗ ਵਰਗੀ ਲਗਦੀ ਹੈ ਤੇ ਜਾਂ ਆਪਣੀ ਆਵਾਜ਼ ਨੂੰ ਵੇਚਣ ਲਈ ਨੰਗੇ ਜਿਸਮਾਂ ਨੂੰ ਵਰਤ ਕੇ ਮਾਂ ਬੋਲੀ ਦੀ ਸੇਵਾ ਦੀ ਥਾਂ ਬਲਾਤਕਾਰ ਕਰ ਰਹੇ ਹਨ।
-----
ਉਪਰੋਕਤ ਬਾਲਕ ਅਤੇ ਬਾਲਿਕਾਵਾਂ ਦੇ ਜਨਮ ਸਮੇਂ ਸਾਰੇ ਗ੍ਰਹਿ ਸ਼ਰਮ ਨਾਲ਼ ਮੂੰਹ ਲੁਕੋ ਕੇ ਕਿਸੇ ਹੋਰ ਗ੍ਰਹਿ ਦੇ ਦਰਵਾਜ਼ੇ ਖੜਕਾਉਂਦੇ ਦੇਖੇ ਗਏ ਕੋਈ ਵੀ ਗ੍ਰਹਿ ਆਪਣੇ ਘਰ ਵਿੱਚ ਮੌਜੂਦ ਨਹੀਂ ਸੀ ਇਸ ਲਈ ਇਹਨਾਂ ਨੂੰ ਪ੍ਰਚੱਲਤ ਰਾਸ਼ੀ ਵਿੱਚ ਰੱਖਣਾ ਮਹਾਨ ਨਲਾਇਕੀ ਹੈ ਤੇ ਇਹਨਾਂ ਸਾਰਿਆਂ ਦੀ ਰਾਸ਼ੀ ‘ਤੁੱਥ-ਮੁੱਥ’ ਹੈ।
ਨੋਟ:- ਜੇ ਤੁੱਥ ਮੁੱਥ ਸ਼ਬਦ ਦਾ ਅਰਥ ਨਾ ਪਤਾ ਲੱਗੇ ਤਾਂ ਆਪਣਾ ਨਾਮ ,ਘਰ ਦਾ ਪਤਾ, ਜਨਮ ਤਰੀਕ ਭੇਜ ਕੇ ਪੁੱਛ ਸਕਦੇ ਹੋ “ਅਰਥ” ਇੱਕ ਹਫ਼ਤੇ ਵਿੱਚ ਤੁਹਾਡੇ ਦਰ ਤੇ ਪਹੁੰਚ ਜਾਏਗਾ ਅਤੇ ਤੁਹਾਡੇ ਨਾਮ ਦਾ “ਮਾਸਟਰ ਕਾਰਡ” ਬਣ ਕੇ ਦੋ ਹਫ਼ਤਿਆਂ ਵਿੱਚ ਮੇਰੇ ਦਰ ਤੇ......
ਘਟੀਆ ਤੇ ਨਕਲੀ ਜੋਤਸ਼ੀਆਂ ਤੋਂ ਸਾਵਧਾਨ
ਜੋਤਸ਼ੀਆਂ ਵਿੱਚ ਇੱਕੋ ਨਾਮ
ਅਨਾਮ
ਬਾਕੀ ਕਿਤੇ ਫੇਰ ...
No comments:
Post a Comment