ਅਦਬ ਸਹਿਤ
ਤਨਦੀਪ ‘ਤਮੰਨਾ’
**********
ਲੇਖ
ਰਾਤ ਦੇ ਦੋ ਵਜੇ ਮੈਂ ਅੱਖਾਂ ਬੰਦ ਕਰਕੇ ਸੋਚ ਰਿਹਾ ਸਾਂ, ਭਗਤ ਸਿੰਘ ਦਾ ਜਨਮ ਦਿਨ ਆਉਂਣ ਵਾਲ਼ਾ ਹੈ। ਹਾਲੇ ਸੋਚ ਦੇ ਪੰਛੀ ਨੇ ਪਰ ਖੋਲ੍ਹੇ ਹੀ ਸਨ ਕਿ ਵਿਚਾਰਾਂ ਦੀ ਦੁਨੀਆ ਅੰਦਰ ਧੂੰਏਂ ਦੇ ਬੱਦਲਾਂ ਵਿਚੋਂ ਨਿਕਲ਼ ਕੇ ਇੱਕ ਪਰਛਾਵਾਂ ਮੈਨੂੰ ਅਪਣੇ ਵੱਲ ਵੱਧਦਾ ਹੋਇਆ ਨਜ਼ਰ ਅਇਆ। ਇਸ ਰੂਹ ਦੇ ਮੱਥੇ ‘ਤੇ ਚਿੰਤਾਂ ਦੀਆਂ ਲਕੀਰਾਂ ਸਾਫ਼ ਚਮਕ ਰਹੀਆਂ ਸਨ। ਇਸ ਤੋਂ ਪਹਿਲਾਂ ਕਿ ਮੈਂ ਕੁਝ ਪੁੱਛਦਾ, ਉਸਨੇ ਇਸ਼ਾਰਾ ਕਰਕੇ ਮੈਨੂੰ ਇਕ ਸੁਨੇਹਾ ਲਿਖਣ ਲਈ ਕਿਹਾ ਅਤੇ ਮੇਰੀ ਕਲਮ ਕਾਗ਼ਜ਼ ਤੇ ਦੌੜਣ ਲੱਗੀ, ਉਸਨੇ ਲਿਖਵਾਇਆ-
ਸਭ ਤੋਂ ਪਹਿਲਾਂ ਮੈਂ ਅਪਣੇ ਦੇਸ਼ ਦੇ ਨੇਤਾਵਾਂ, ਰਾਜਨੀਤਿਕ ਪਾਰਟੀਆਂ, ਜੱਥੇਬੰਦੀਆਂ ਅਤੇ ਪਤਵੰਤੇ ਸੱਜਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਉਹ ਇਸ ਵਾਰ ਚੌਂਕ ਵਿਚ ਲੱਗੇ ਮੇਰੇ ਅਤੇ ਮੇਰੇ ਸਾਥੀਆਂ ਦੇ ਬੁੱਤਾਂ ਦੇ ਗਲ਼ਾਂ ਹਾਰਾਂ ਦੇ ਢੇਰ ਨਾ ਪਾਉਣ, ਕਿਉਂ ਕਿ ਅੱਜ ਕਲ ਦੇਸ਼ ਦੀ ਫ਼ਿਜ਼ਾ ਕਾਫੀ ਘੁੱਟੀ-ਘੁੱਟੀ ਮਹਿਸੂਸ ਹੋ ਰਹੀ ਹੈ। ਤੁਸੀਂ ਵੀ ਹਾਰਾਂ ਦਾ ਪਹਾੜ ਖੜ੍ਹਾ ਕਰ ਕੇ ਸਾਡਾ ਸਾਹ ਲੈਣਾ ਔਖਾ ਕਰ ਦਿੰਦੇ ਹੋ। ਵੈਸੇ ਵੀ ਦੋਬਾਰਾ 23 ਮਾਰਚ ਨੂੰ ਹੀ ਤੁਸੀ ਸਾਡਾ ਹਾਲ ਪੁੱਛਣ ਆਓਗੇ, ਉਦੋਂ ਤੱਕ ਇਨ੍ਹਾਂ ਹਾਰਾਂ ਦੇ ਮੁਰਝਾਏ ਫੁੱਲਾਂ ਦੇ ਢੇਰ ਨੇ ਸਾਡਾ ਦਮ ਘੋਟੀ ਰੱਖਣਾ ਹੈ। ਇਸ ਤੋਂ ਬਾਅਦ ਮੈਂ ਮਾਫ਼ੀ ਮੰਗਣਾ ਚਾਹੁੰਦਾ ਹਾਂ, ਦੇਸ਼ ਦੇ ਆਮ ਲੋਕਾਂ ਤੋਂ ਜਿਨ੍ਹਾਂ ਨੂੰ ਅਸੀ ਬੇਗਾਨਿਆਂ ਦੀ ਗੁਲਾਮੀ ਤੋਂ ਛੁਡਾ ਕੇ ਆਪਣਿਆਂ ਦੇ ਗ਼ੁਲਾਮ ਬਣਾ ਦਿੱਤਾ। ਬਸ ਅਸੀਂ ਇਨ੍ਹਾਂ ਹੀ ਕਰ ਸਕੇ ਕਿ ਤੁਸੀਂ ਆਪਣੀ ਤਕਦੀਰ ਦੇ ਮਾਲਕਾਂ ਨੂੰ ਵੋਟਾਂ ਰਾਹੀਂ ਖ਼ੁਦ ਚੁਣ ਸਕੋ।
-----
ਉਹ ਹਮੇਸ਼ਾ ਵਾਂਗ ਆਪਣੇ ਰੋਹ ਭਰੇ ਅੰਦਾਜ਼ ਵਿਚ ਬੋਲ ਰਿਹਾ ਸੀ। ਫਿਰ ਉਹ ਆਪਣੀ ਚਿੰਤਾ ਦਾ ਅਸਲ ਕਾਰਨ ਦੱਸਣ ਲੱਗਿਆ। ਬੋਲਿਆ, ਮੈਂ ਦੇਸ਼ ਦੀ ਇਸ ਦਸ਼ਾ ਬਾਰੇ ਜਾਨਣ ਲਈ ਸੰਸਦ ਭਵਨ ਗਿਆ, ਪਰ ਉੱਥੇ ਕੋਈ ਨਹੀਂ ਸੀ। ਅਚਾਨਕ ਮੇਰੀ ਨਜ਼ਰ ਉੱਥੇ ਰੱਖੀ ਹੋਈ ਇਕ ਫਾਈਲ ਉੱਤੇ ਪਈ। ਫਾਈਲ ਦਾ ਇਕ-ਇਕ ਪੰਨਾ ਪੜ੍ਹਦਿਆਂ ਮੇਰੀਆਂ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ। ਇਨ੍ਹਾਂ 62 ਸਾਲਾਂ ਵਿਚ ਹੋਏ ਘੋਟਾਲਿਆਂ, ਦੰਗਿਆਂ ਅਤੇ ਚਿੱਟੇ ਕੱਪੜਿਆਂ ਵਾਲਿਆਂ ਦੇ ਚਿਹਰਿਆਂ ਉੱਤੇ ਕਾਲੇ ਧੱਬੇ ਲਾਉਂਦੀਆਂ ਕਾਨੂੰਨ ਦੀਆਂ ਧਾਰਾਵਾਂ ਦੀ ਲੰਬੀ ਸੂਚੀ ਦੇਖ ਕੇ ਮੇਰੇ ਹੋਸ਼ ਉੱਡ ਗਏ। ਇਕ ਵਾਰ ਤਾਂ ਮੈਨੂੰ ਲੱਗਿਆ ਕਿ ਮੈਂ ਬੁਰੀ ਤਰ੍ਹਾਂ ਟੁੱਟ ਗਿਆ ਹਾਂ। ਮੈਂ ਸੋਚਿਆ ਕਿ ਮੈਂ ਉਨ੍ਹਾਂ ਸਭ ਦਾ ਗੁਨਾਹਗਾਰ ਹਾਂ, ਜੋ ਮੇਰੇ ਕਹਿਣ ਤੇ ਹੱਸਦੇ ਹੋਏ ਫਾਂਸੀ ਦਾ ਰੱਸਾ ਚੁੰਮ ਗਏ, ਸੀਨੇ ਉੱਤੇ ਗੋਲੀਆਂ ਝੱਲ ਗਏ। ਮੈਨੂੰ ਲੱਗਿਆ ਕਿ ਸਾਡੀ ਕੁਰਬਾਨੀ ਬੇਅਰਥ ਚਲੀ ਗਈ। ਪਰੰਤੂ ਇਕ ਵਾਰ ਫੇਰ ਮੇਰਾ ਆਜ਼ਾਦੀ ਦੀ ਜੰਗ ਲੜਨ ਦਾ ਜਜ਼ਬਾ ਜਾਗ ਉਠਿਆ। ਭਾਵੇਂ ਫਾਂਸੀ ਦੇ ਤਖਤੇ ਤੇ ਫੇਰ ਚੜ੍ਹਨਾ ਪਵੇ। ਇਹੀ ਸੋਚ ਕੇ ਮੈਂ ਬਾਜ਼ਾਰ ਵਿਚ ਖੜ੍ਹਾ ਹੋ ਕੇ ਨਾਅਰਾ ਮਾਰਿਆ... ਇੰਨਕਲਾਬ ਜ਼ਿੰਦਾਬਾਦ!!!, ਪਰ ਕਿਤੇ ਵੀ ਮੈਨੂੰ ਨੌਜਵਾਨਾਂ ਦਾ ਉਹ ਟੋਲਾ ਆਉਂਦਾ ਨਜ਼ਰ ਨਾ ਆਇਆ, ਜਿਹੜਾ ਪਹਿਲਾਂ ਮੇਰੀ ਇਕ ਆਵਾਜ਼ ਤੇ ਹੱਥਾਂ ਦੀਆਂ ਮੁੱਠੀਆਂ ਮੀਚ, ਜਾਨ ਤਲੀ ਤੇ ਟਿਕਾ, ਪਹਾੜਾਂ ਨਾਲ ਵੀ ਮੱਥਾ ਲਾਉਣ ਲਈ ਤਿਆਰ ਹੋ ਜਾਂਦਾ ਸੀ।
-----
ਮੈਂ ਇਕ ਵਾਰ ਫੇਰ ਸੋਚਾਂ ਵਿਚ ਡੁੱਬ ਗਿਆ। ਕਿੱਥੇ ਗਏ ਮੇਰੇ ਦੇਸ਼ ਦੇ ਉਹ ਨੌਜਵਾਨ। ਮੈਂ ਘਰ-ਘਰ ਜਾ ਕੇ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਬੇਰੁਜ਼ਗਾਰੀ ਤੋਂ ਹਾਰੇ ਮੇਰੇ ਦੇਸ਼ ਦੇ ਨੌਜਵਾਨ ਕਦੋਂ ਨਸ਼ੇ ਦੇ ਗ਼ੁਲਾਮ ਹੋ ਗਏ? ਮੇਰੇ ਵਤਨ ਦੇ ਹਾਲਾਤ ਕੀ ਬਣ ਗਏ? ਮੈਨੂੰ ਪਤਾ ਵੀ ਨਹੀਂ ਲੱਗਿਆ। ਥੱਕ ਹਾਰ ਕੇ ਮੈਂ ਵਾਪਸ ਮੁੜਨ ਹੀ ਵਾਲਾ ਸਾਂ ਕਿ ਮੇਰੀ ਨਜ਼ਰ ਤੇਰੇ ਕਮਰੇ ਦੀ ਦੀਵਾਰ ਤੇ ਲੱਗੀ ਮੇਰੀ ਤਸਵੀਰ ਤੇ ਪਈ। ਮੈਂ ਸਮਝ ਗਿਆ ਇੱਥੇ ਇਕ ਵਾਰ ਫੇਰ ਮੇਰੀ ਜ਼ਰੂਰਤ ਹੈ। ਮੈਂ ਫੈਸਲਾ ਕਰ ਲਿਆ ਕਿ ਮੈਂ ਜਗਾਵਾਂਗਾ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਅਤੇ ਇਨ੍ਹਾਂ ਤੋਂ ਪ੍ਰਣ ਲਵਾਂਗਾ ਕਿ ਤੁਸੀ ਉਦੋਂ ਤੱਕ ਚੈਨ ਦੀ ਨੀਂਦ ਨਹੀਂ ਸੌਣਾ, ਜਿੰਨੀ ਦੇਰ ਤੱਕ ਤੁਸੀ ਦੇਸ਼ ਨੂੰ ਗਰੀਬੀ, ਭੁੱਖਮਰੀ, ਭ੍ਰਿਸ਼ਟਾਚਾਰ ਅਤੇ ਗੰਦੀ ਸਿਆਸਤ ਤੋਂ ਆਜ਼ਾਦ ਨਹੀਂ ਕਰਵਾ ਦਿੰਦੇ। ਬਸ ਇਸੇ ਇਰਾਦੇ ਨਾਲ ਮੈਂ ਨਿੱਕਲ਼ ਪਿਆ ਹਾਂ ਸਭ ਨੂੰ ਜਗਾਉਂਣ। ਤੂੰ ਵੀ ਕਹਿ ਇਨ੍ਹਾਂ ਸਾਰਿਆਂ ਨੂੰ, ਉੱਠੋ! ਨੌਜਵਾਨੋ ਉੱਠੋ, ਭਗਤ ਸਿੰਘ ਬੁਲਾ ਰਿਹਾ ਹੈ! ਉੱਠੋ! ਉੱਠੋ!! ਉੱਠੋ!!!... ਦੂਰ ਜਾਂਦਾ ਹੋਇਆ ਉਹ ਕਹਿੰਦਾ ਰਿਹਾ ਤੇ ਫਿਰ ਹੌਲੀ ਹੌਲੀ ਅੱਖਾਂ ਤੋਂ ਉਹਲੇ ਹੋ ਗਿਆ।
No comments:
Post a Comment