ਲੇਖ
ਬੜਾ ਵਿਦਵਾਨ ਸੀ ਰਾਵਣ ਤੇ ਲੰਕਾ ਦਾ ਰਾਜਾ। ਰਾਜਿਆਂ ਵਾਲੇ ਉੱਚ ਕਰਮ ਕਰਦਾ ਕਰਦਾ ਉਹ ਜਿਹੜੀਆਂ ਹਾਲਤਾਂ ਵਿਚ ਸ਼ਿਸ਼ਟਾਚਾਰ ਦੇ ਮਿਆਰ ਤੋਂ ਹੇਠਾਂ ਡਿੱਗ ਪਿਆ ਇਸ ਦਾ ਪੂਰਾ ਪਤਾ ਅਤੀਤ ਦੀਆਂ ਕੰਧਾਂ ਨੂੰ ਜ਼ਰੂਰ ਹੋਵੇਗਾ। ਪਰ ਗੁਜ਼ਰਦੇ ਵਕਤ ਨਾਲ ਜਿਹੜਾ ਸੱਚ ਅੱਜ ਕੋਲ ਪਹੁੰਚਿਆ ਹੈ ਉਸ ਮੁਤਾਬਕ ਬਦੀ ਦੇ ਪ੍ਰਤੀਕ ਤੋਂ ਵੱਧ ਉਹ ਕੁੱਝ ਵੀ ਨਹੀਂ ਰਹਿ ਗਿਆ। ਜੋ ਵੀ ਉਸ ਨੇ ਸੀਤਾ ਨਾਲ ਵਿਵਹਾਰ ਕੀਤਾ ਉਹ ਹਾਕਮ ਸੱਭਿਆਚਾਰ ਦਾ ਹਿੱਸਾ ਨਹੀਂ ਸੀ ਹੁੰਦਾ। ਇਸੇ ਹੀ ਕਾਰਨ ਉਸ ਦੀਆਂ ਬਦੀਆਂ ਦਾ ਕਿੱਸਾ ਸਦੀਆਂ ਤੱਕ ਬੰਦ ਹੋਣ ਦਾ ਨਾਂ ਨਹੀਂ ਲੈਂਦਾ। ਉਸ ਦੀ ਬਦੀ ਵਕਤ ਦੇ ਅਸੀਮਤ ਸਮਿਆਂ ਦੇ ਸਫ਼ਿਆਂ ’ਤੇ ਲਿਖੀ ਰਹਿ ਗਈ।
-----
ਵਿਦਵਾਨ ਰਾਵਣ ਸੀਤਾ ਹਰਨ ਵਾਲੇ ਪਾਸੇ ਕਿਉਂ ਤੁਰਿਆ, ਇਸ ਦਾ ਉੱਤਰ ਕਿਸੇ ਤੋਂ ਲੁਕਿਆ-ਛੁਪਿਆ ਨਹੀਂ। ਭੈਣ ਸਰੂਪ ਨਖਾਂ ਦੇ ਹੋਏ ਅਪਮਾਨ ਦਾ ਬਦਲਾ ਲੈਣ ਨੂੰ ਇਕ ਦਮ ਅਨਿਆਂ ਪੂਰਨ ਨਹੀਂ ਠਹਿਰਾਇਆ ਜਾ ਸਕਦਾ। ਸੀਤਾ ਹਰਨ ਅਤੇ ਉਸ ਨੂੰ ਕੈਦ ‘ਚ ਰੱਖਣ ਨੂੰ ਕਾਰਨ ਜਿਹੜੀ ਬਦੀ ਰਾਵਣ ਨਾਲ ਜੁੜ ਗਈ, ਉਸ ਤੋਂ ਸ਼ਾਇਦ ਉਹ ਕਦੇ ਵੀ ਪਿੱਛਾ ਨਹੀਂ ਛੁਡਾ ਸਕਦਾ। ਇਸੇ ਬਦੀ ਕਾਰਨ ਉਸ ਨੂੰ ਹਰ ਸਾਲ ਪੁਤਲੇ ਦੇ ਰੂਪ ਵਿਚ ਸਾੜਿਆ ਜਾਂਦਾ ਹੈ ਅਤੇ ਇਹ ਆਖਿਆ ਜਾਂਦਾ ਹੈ ਕਿ ਰਾਵਣ ਦੇ ਪੁਤਲੇ ਨੂੰ ਰਾਵਣ ਵਿਚਲੀ ਬੁਰਾਈ ਕਾਰਨ ਸਾੜਿਆ ਜਾ ਰਿਹੈ। ਇਹ ਵੀ ਕਿ ਲੋਕਾਂ ਨੂੰ ਇਸ ਤੋਂ ਮੱਤ ਮਿਲੇ ਤੇ ਉਹ ਕਿਸੇ ਵੀ ਬੁਰਾਈ ਦੇ ਰਾਹੇ ਨਾ ਪੈਣ। ਜੇ ਬਦੀ ਦਾ ਨਾਂ ਹੀ ਰਾਵਣ ਹੈ ਤਾਂ ਸਭ ਵਲੋਂ ਆਪਣੀ ਅੰਦਰਲੀ ਬਦੀ ਨੂੰ ਖ਼ਤਮ ਕਰਨ ਦੇ ਜਤਨ ਹੋਣੇ ਚਾਹੀਦੇ ਹਨ। ਜਿਸ ਵਲ ਬਹੁਤੇ ਲੋਕ ਰੁਚਿਤ ਨਹੀਂ, ਪਰ ਹੋਣੇ ਚਾਹੀਦੇ ਹਨ।
-----
ਮਹਾਂ ਪੰਡਤ ਰਾਵਣ ਦੀਆਂ ਬੁਰਾਈਆਂ ਤੋਂ ਆਪਾਂ ਸਾਰੇ ਇਹ ਸਬਕ ਲੈ ਸਕਦੇ ਹਾਂ ਕਿ ਰਾਵਣ ਦੇ ਪੁਤਲਿਆਂ ਨੂੰ ਵਾਰ ਵਾਰ ਸਾੜਨ ਦੀ ਬਜਾਏ ਆਪੋ ਆਪਣੇ ਅੰਦਰਲੇ ਰਾਵਣ ਨੂੰ ਪਛਾਣੀਏਂ, ਭਾਲ਼ੀਏ ਤੇ ਉਸ ਨੂੰ ਗਿਆਨ ਦੇ ਚਾਨਣ ਵਲ ਤੋਰੀਏ, ਵਕਤ ਦੇ ਜ਼ਾਬਤੇ ਵਿਚ ਬੰਨ੍ਹੀਏ ਤਾਂ ਕਿ ਆਪਣੇ ਆਪ ਨੂੰ ਤਿੱਖੀ ਤਪਸ਼ ਤੋਂ ਬਚਾਈਏ। ਇਹ ਵੀ ਕਿ ਸਾੜਨ ਦੀ ਗੱਲ ਤਾਂ ਦੂਰ ਆਪਣੇ ਆਪ ਦੇ ਪੁਤਲੇ ਤੱਕ ਬਣਾਉਂਣ ਦੀ ਨੌਬਤ ਤੱਕ ਨਾ ਆਉਣ ਦੇਈਏ। ਅਕਲ ਨੂੰ ਪ੍ਰਗਟ ਕਰਦੇ ਦਸ ਸਿਰਾਂ ਵਾਲੇ ਰਾਵਣ ਦਾ ਸਾਰਾ ਬੌਧਿਕ-ਸੰਸਾਰ ਇਕ ਬਦੀ ਹੇਠ ਅਜਿਹਾ ਆਇਆ ਕਿ ਉਸ ਦਾ ਬਾਕੀ ਸਾਰਾ ਜੀਵਨ ਹਨੇਰਿਆਂ ਵਿਚ ਘਿਰ ਕੇ ਰਹਿ ਗਿਆ। ਆਪਣੇ ਆਪ ਨੂੰ ਭੁੱਲ ਕੇ ਜਿਹੜਾ ਵੀ ਬਦੀ ਕਰਦਾ ਹੈ ਉਸ ਦੀ ਬਦੀ ਨੂੰ ਹੀ ਚਰਚਾ ਦਾ ਵਿਸ਼ਾ ਬਣਾਇਆ ਜਾਂਦਾ ਹੈ। ਜ਼ਮਾਨਾ ਉਸ ਦੀਆਂ ਨੇਕੀਆਂ ਤੇ ਚੰਗਿਆਈਆਂ ਦੀ ਗੱਲ ਤੱਕ ਨਹੀਂ ਕਰਦਾ ਜਿਨ੍ਹਾਂ ’ਤੇ ਉਸ ਦੇ ਕਾਲੇ-ਕਾਰਨਾਮਿਆਂ ਦੀ ਕਾਲਖ ਫਿਰ ਗਈ ਹੁੰਦੀ ਹੈ।
-----
ਅੱਜ ਦੇ ਸਮਾਜ ਵਿਚ ਬਦੀਆਂ/ਬੁਰਾਈਆਂ ਦਾ ਜੰਗਲ ਉੱਗਿਆ ਫਿਰਦਾ ਜਿਸ ਨੂੰ ਖ਼ਤਮ ਕੀਤੇ ਬਗੈਰ ਵਿਕਾਸ ਦੇ ਰਾਹੇ ਨਹੀਂ ਪਾਇਆ ਜਾ ਸਕਦਾ। ਆਪੋ ਆਪਣੀਆਂ ਬੁਰਾਈਆਂ ਨਾਲ ਲੜਨ ਲਈ ਹਰ ਇਕ ਨੂੰ ਤਿਆਰ ਹੋਣਾ ਪਵੇਗਾ ਤਾਂ ਹੀ ਸਮਾਜ ਵਿਚੋਂ ਇਨ੍ਹਾਂ ਦੀ ਜੜ੍ਹ ਪੁੱਟ ਹੋ ਸਕੇਗੀ। ਆਪਣੇ ਅੰਦਰਲੀਆਂ ਬੁਰਾਈਆਂ ਨੂੰ ਸਾੜਨ ਲਈ ਆਪਾਂ ਸਭ ਨੂੰ ਆਪਣੇ ਅੰਦਰਲੇ ਰਾਵਣ ਨੂੰ ਦਲੇਰੀ ਤੇ ਨਿਝੱਕਤਾ ਨਾਲ ਹਰ ਸੂਰਤ ਸਾੜਨਾ ਹੋਵੇਗਾ। ਕਿੰਨੇ ਬਲਾਤਕਾਰ, ਹੱਤਿਆਵਾਂ ਅਤੇ ਅਨਿਆਂ ਹੋ ਰਿਹਾ ਹੈ ਸਾਡੇ ਸਮਾਜ ਅੰਦਰ ਇਹ ਸਭ ਕੁੱਝ ਰਾਵਣ ਦੀ ਹੋਂਦ ਕਾਰਨ ਹੀ ਹੋ ਰਿਹਾ ਹੈ ਜੋ ਸਾਡੇ ਅੰਦਰ ਨਿੱਤ ਬਣਦੀ ਰਹਿੰਦੀ ਹੈ ਜਿਸ ਤੋਂ ਮੁਕਤ ਹੋਣ ਲਈ ਅਸੀਂ ਜ਼ਰਾ ਮਾਤਰ ਵੀ ਜਤਨ ਨਹੀਂ ਕਰਦੇ।
-----
ਗੱਲ ਸਿਰੇ ਤਾਂ ਹੀ ਲੱਗੇਗੀ ਜੇ ਬਦੀ ਦੇ ਕਿੱਸਿਆਂ ਦਾ ਪ੍ਰਚਾਰ ਕਰਨ ਦੀ ਥਾਂ ਅੱਜ ਦੇ ਸਮੇਂ ਦਾ ਦਲੇਰੀ ਨਾਲ਼ ਸਾਹਮਣਾ ਕਰੀਏ। ਬੀਤੇ ਦੀ ਬਦੀ ਨੂੰ ਛੱਡੀਏ ਅਤੇ ਅੱਜ ਆਪੋ ਆਪਣੇ ਅੰਦਰ ਦੀਆਂ ਬਦੀਆਂ ਨੂੰ ਹਰ ਰੋਜ਼ ਸਾੜੀਏ, ਖ਼ਤਮ ਕਰੀਏ। ਜੇ ਲਾਏ ਜਾਣ ਵਾਲੇ ਮਿਰਚ-ਮਸਾਲੇ ਕਾਇਮ ਕੀਤੇ ਜਾਂਦੇ ਰਹੇ ਤਾਂ ਪੁਤਲਿਆਂ ਵਾਲਾ ਸਿਲਸਿਲਾ ਕਦੇ ਖਤਮ ਨਹੀਂ ਹੋਣ ਲੱਗਾ। ਵਕਤ ਆ ਗਿਆ ਹੈ ਕਿ ਸਮੇਂ ਨੂੰ ਹੋਰ ਗੰਢਾਂ ਨਾ ਪਾਈਏ ਸਗੋਂ ਖੋਲ੍ਹੀਏ:
ਹੋਈ ਬੀਤੀ ਬਦੀ ਦੇ ਕਿੱਸੇ
ਅੱਜ ਦੇ ਪਲ ਕਿਉਂ ਗਾਵਣ
ਮਿਰਚ ਮਸਾਲਾ ਪੁਤਲਿਆਂ ਵਾਲਾ
ਸ਼ਰੇਆਮ ਕਿਉਂ ਲਾਵਣ
ਗੰਢ ਸਮੇਂ ਦੀ ਖੋਲ੍ਹਣ ਵਾਲੇ
ਕਿਉਂ ਵਕਤ ਨੂੰ ਪਾਵਣ
ਕਿਉਂ ਨਾ ਨਿੱਤ ਦਿਨ ਸਾੜੀਏ ਆਪਾਂ
ਆਪਣੇ ਵਿਚਲਾ ਰਾਵਣ
------
ਪੰਜਾਬੀ ਲਈ ਕਮੇਟੀਆਂ
ਪੰਜਾਬ ਸਰਕਾਰ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਵਾਸਤੇ ਮਨੋਂ ਤਿਆਰ ਨਹੀਂ। ਸਾਰੇ ਵਿਭਾਗ ਅੰਗਰੇਜ਼ੀ ਦਾ ਖਹਿੜਾ ਨਹੀਂ ਛੱਡ ਰਹੇ। ਪੰਜਾਬੀ ਲਾਗੂ ਕਰਵਾਉਣ ਦੇ ਜ਼ਿੰਮੇਵਾਰ ਹੀ ਪੰਜਾਬੀ ਨੂੰ ਨਹੀਂ ਪੁੱਛ ਰਹੇ ਬਾਕੀਆਂ ਦੀ ਤਾਂ ਗੱਲ ਹੀ ਛੱਡੋ ਚਿੱਠੀਆਂ ਅਜੇ ਵੀ ਅੰਗਰੇਜ਼ੀ ਵਿਚ ਹੀ ਆ ਰਹੀਆਂ ਹਨ ਤੇ ਪ੍ਰੈਸ ਨੋਟ ਵੀ।
-----
ਪੰਜਾਬੀ ਲਾਗੂ ਕਰਵਾਉਣ ਲਈ ਜਿਹੜੀਆਂ ਕਮੇਟੀਆਂ ਪੰਜਾਬ ਸਰਕਾਰ ਨੇ ਕਾਇਮ ਕੀਤੀਆਂ ਹਨ ਉਹ ਨਾਟਕ ਤੋਂ ਵੱਧ ਕੁੱਝ ਨਹੀਂ। ਪੰਜਾਬ ਪੱਧਰ ਦੀ ਕਮੇਟੀ ’ਚ ਲਏ ਮੈਂਬਰਾਂ ਦੇ ਨਾਵਾਂ ਤੋਂ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਕਮੇਟੀ ਸਿਫਰ ਦੀ ਪਰਿਕਰਮਾਂ ਕਰਨ ਤੋਂ ਵੱਧ ਕੁੱਝ ਨਹੀਂ ਕਰ ਸਕਦੀ।
-----
ਕਮੇਟੀਆਂ ਕੋਲ ਕੋਈ ਸ਼ਕਤੀ ਨਹੀਂ, ਕੋਈ ਅਧਿਕਾਰ ਨਹੀਂ। ਫੇਰ ਇਨ੍ਹਾਂ ਦੀ ਭੂਮਿਕਾ ਹੀ ਕੀ ਹੋਵੇਗੀ। ਐਵੇਂ ਨਾਮਾਤਰ। ਸ਼ਾਇਦ ਇਸੇ ਲਈ ਕੇਂਦਰੀ ਲੇਖਕ ਸਭਾ ਤੇ ਪੰਜਾਬੀ ਸਾਹਿਤ ਅਗਾਦਮੀ ਲੁਧਿਆਣਾ ਨੇ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਲੇਖਕ ਕਮੇਟੀਆਂ ’ਚੋਂ ਅਸਤੀਫ਼ੇ ਦੇ ਦੇਣ।
-----
ਜੇ ਸਰਕਾਰ ਨੇ ਪੰਜਾਬੀ ਭਾਸ਼ਾ ਨੂੰ ਪੰਜਾਬ ਵਿਚ ਲਾਗੂ ਕਰਨਾ ਹੋਵੇ ਤਾਂ ਕਮੇਟੀਆਂ ਦੀ ਨਹੀਂ ਤਕੜੀਆਂ ਕਸੌਟੀਆਂ ਤੇ ਮਜਬੂਤ ਇਰਾਦਿਆਂ ਦੀ ਲੋੜ ਹੈ ਤਾਂ ਹੀ ਭਾਸ਼ਾ ਨੂੰ ਸਿਰਾਂ ’ਤੇ ਬਿਠਾਇਆ ਜਾ ਸਕੇਗਾ। ਲਛਮਣ ਸਿੰਘ ਗਿੱਲ ਵਾਲਾ ਫਾਰਮੂਲਾ ਵਰਤ ਕੇ ਹੀ ਅਸਲ ਵਿਚ ਪੰਜਾਬੀ ਰਾਜ ਭਾਸ਼ਾ ਬਣੇਗੀ।
-----
ਹਾਂ, ਸਰਕਾਰ ਦੀ ਅੱਧੀ ਮਿਆਦ ਪੁੱਗ ਗਈ ਹੈ ਅਤੇ ਅੱਧੀ ਇਨ੍ਹਾਂ ਲਾਰਿਆਂ ਵਿਚ ਪੁੱਗ ਜਾਵੇਗੀ। ਪੰਜਾਬੀ ਪਿਆਰੇ ਫੇਰ ਹੱਥ ਮਲ਼ਦੇ ਰਹਿ ਜਾਣਗੇ ਅਤੇ ਅਗਲੀ ਸਰਕਾਰ ਵਲ ਦੇਖਣ ਲੱਗ ਪੈਣਗੇ। ਅਗਲੀ ਸਰਕਾਰ ਵਾਲੇ ਵੀ ਵਾਅਦੇ ਤਾਂ ਕਰ ਲੈਣਗੇ ਪਰ ਪੂਰੇ ਨਹੀਂ ਕਰਨਗੇ ਕਿਉਂਕਿ ਸਰਕਾਰਾਂ ਵਾਲਿਆਂ ਵਿਚੋਂ ਕੋਈ ਵੀ ਪੰਜਾਬੀ ਦੇ ਹੱਕ ਵਿਚ ਨਹੀਂ। ਫੇਰ ਕਮੇਟੀਆਂ ਕਾਹਦੇ ਲਈ?
No comments:
Post a Comment