ਲੁਕ਼ਮਾਨ ਮੱਧ ਪੂਰਬ ਦਾ ਬਹੁਤ ਵੱਡਾ ਵਿਦਵਾਨ ਹੋਇਆ ਹੈ। ਕਥਾਵਾਂ/ ਕਹਾਣੀਆਂ ਮੁਤਾਬਕ ਉਸਦਾ ਰੰਗ ਕਾਲ਼ਾ ਅਤੇ ਸਿਹਤ ਦਰਮਿਆਨੀ ਸੀ। ਬਗ਼ਦਾਦ ਦੇ ਇੱਕ ਅਮੀਰ ਨੇ ਉਸਨੂੰ ਆਪਣਾ ਦਾਸ/ ਗ਼ੁਲਾਮ ਸਮਝ ਕੇ ਮਿੱਟੀ ਪੁੱਟਣ ਦੇ ਕੰਮ ਤੇ ਲਗਾ ਦਿੱਤਾ। ਇੱਕ ਸਾਲ ਲੁਕ਼ਮਾਨ ਬਿਨ੍ਹਾ ਸ਼ਿਕਾਇਤ ਕੀਤੇ ਓਸੇ ਤਰ੍ਹਾਂ ਕੰਮ ਕਰਦਾ ਰਿਹਾ। ਇੱਕ ਦਿਨ ਉਸ ਅਮੀਰ ਵਿਅਕਤੀ ਦਾ ਅਸਲੀ ਨੌਕਰ ਵਾਪਸ ਆ ਗਿਆ ਤਾਂ ਉਸਨੂੰ ਪਤਾ ਲੱਗਾ ਕਿ ਲੁਕ਼ਮਾਨ, ਜਿਸਨੂੰ ਉਸਨੇ ਗ਼ੁਲਾਮ ਬਣਾ ਕੇ ਰੱਖਿਆ, ਦਰਅਸਲ ਇੱਕ ਵਿਦਵਾਨ ਵਿਅਕਤੀ ਸੀ।
-----
ਉਹ ਲੁਕ਼ਮਾਨ ਤੋਂ ਡਰ ਕੇ ਉਸਦੇ ਪੈਰਾਂ ਤੇ ਡਿੱਗ ਕੇ ਮੁਆਫ਼ੀ ਮੰਗਣ ਲੱਗਿਆ ਤਾਂ ਲੁਕ਼ਮਾਨ ਨੇ ਹੱਸ ਕੇ ਆਖਿਆ, “ ਹੁਣ ਮੁਆਫ਼ੀ ਦਾ ਕੀ ਫ਼ਾਇਦਾ? ਮੈਂ ਤੇਰੇ ਜ਼ੁਲਮ ਸਹਿੰਦਿਆਂ ਇੱਕ ਸਾਲ ਤੱਕ ਆਪਣੇ ਆਪ ਦਾ ਖ਼ੂਨ ਕੀਤਾ ਹੈ। ਇਹ ਕਸ਼ਟ ਮੈਂ ਦਿਲ ‘ਚੋਂ ਇਕਦਮ ਕਿਵੇਂ ਕੱਢ ਦੇਵਾਂ? ਪਰ ਹੇ ਖ਼ੁਦਾ ਦੇ ਨੇਕ ਬੰਦੇ! ਮੈਂ ਤੈਨੂੰ ਇਸ ਲਈ ਮੁਆਫ਼ ਕਰਦਾ ਹਾਂ ਕਿਉਂਕਿ ਤੇਰੇ ਲਾਭ ਨੇ ਮੇਰਾ ਕੋਈ ਨੁਕਸਾਨ ਨਹੀਂ ਕੀਤਾ। ਤੇਰਾ ਕਾਰਜ ਪੂਰਾ ਹੋ ਗਿਆ ਤੇ ਮੇਰੀ ਬੁੱਧੀ ਅਤੇ ਗਿਆਨ ‘ਚ ਵਾਧਾ ਹੋ ਗਿਆ।”
ਫੇਰ ਉਹ ਅਮੀਰ ਨੂੰ ਸੰਬੋਧਤ ਹੋ ਕੇ ਆਖਣ ਲੱਗਾ, “ਡਰ ਨਾ। ਮੇਰਾ ਵੀ ਇਕ ਗ਼ੁਲਾਮ/ਦਾਸ ਹੈ। ਮੈਂ ਉਸਨੂੰ ਔਖੇ ਕੰਮਾਂ ਤੇ ਲਾ ਛੱਡਦਾ ਹਾਂ। ਪਰ ਹੁਣ ਜਦੋਂ ਮੈਂ ਖ਼ੁਦ ਮਿੱਟੀ ਨਾਲ਼ ਮਿੱਟੀ ਹੋ ਕੇ ਕੰਮ ਕੀਤਾ ਹੈ ਤਾਂ ਮੈਂ ਉਸਨੂੰ ਕਦੇ ਵੀ ਤੰਗ ਨਹੀਂ ਕਰਾਂਗਾ।”
-----
ਜਿਸਨੇ ਆਪਣੇ ਤੋਂ ਵੱਡਿਆਂ ਦਾ ਜ਼ੁਲਮ ਸਹਿ ਕੇ ਨਾ ਵੇਖਿਆ ਹੋਵੇ, ਉਹ ਕਮਜ਼ੋਰਾਂ ਉੱਤੇ ਤਰਸ ਨਹੀਂ ਕਰਦਾ। ਜੇ ਮਾਲਕ ਹੈਂ ਤਾਂ ਨੌਕਰਾਂ/ਦਾਸਾਂ/ ਗ਼ੁਲਾਮਾਂ ਤੋਂ ਔਖੇ ਕੰਮ ਨਾ ਕਰਵਾ। ਜੇ ਕਿਸੇ ਦਾ ਜ਼ੁਲਮ ਤੂੰ ਨਹੀਂ ਸਹਿ ਸਕਦਾ ਤਾਂ ਆਪਣੇ ਤੋਂ ਛੋਟਿਆਂ 'ਤੇ ਜ਼ੁਲਮ ਕਰਨ ਤੋਂ ਤੌਬਾ ਕਰ!
No comments:
Post a Comment