ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, October 4, 2009

ਸੁਖਿੰਦਰ - ਸਭਿਆਚਾਰਕ ਸਮੱਸਿਆਵਾਂ ਵੱਲੋ ਚੇਤੰਨ ਗੀਤ – ਗੁਰਦਰਸ਼ਨ ਬਾਦਲ - ਲੇਖ

ਸਭਿਆਚਾਰਕ ਸਮੱਸਿਆਵਾਂ ਵੱਲੋ ਚੇਤੰਨ ਗੀਤ ਗੁਰਦਰਸ਼ਨ ਬਾਦਲ

ਲੇਖ

ਕੈਨੇਡੀਅਨ ਪੰਜਾਬੀ ਸ਼ਾਇਰ ਗੁਰਦਰਸ਼ਨ ਬਾਦਲ ਦੀ ਪਹਿਚਾਣ ਇੱਕ ਵਧੀਆ ਗ਼ਜ਼ਲਗੋ ਵਾਲੀ ਬਣੀ ਹੋਈ ਹੈ; ਪਰ ਉਹ ਇੱਕ ਵਧੀਆ ਗੀਤਕਾਰ ਵੀ ਹੈਭਾਵੇਂ ਕਿ ਉਸ ਦੇ ਗੀਤ ਵਧੇਰੇ ਕਰਕੇ ਨੌਜਵਾਨ ਦਿਲਾਂ ਵਿੱਚ ਉੱਠਦੀਆਂ ਪਿਆਰ ਦੀਆਂ ਤਰੰਗਾਂ ਦਾ ਹੀ ਬਹੁ-ਦਿਸ਼ਾਵੀ ਦ੍ਰਿਸ਼ ਉਲੀਕਦੇ ਹਨ; ਪਰ ਉਹ ਆਪਣੇ ਗੀਤਾਂ ਨੂੰ ਪੰਜਾਬੀ ਸਭਿਆਚਾਰ ਦੀਆਂ ਸਮੱਸਿਆਵਾਂ ਪੇਸ਼ ਕਰਨ ਲਈ ਵੀ ਵਰਤਦਾ ਹੈ

-----

ਗੁਰਦਰਸ਼ਨ ਬਾਦਲ ਹੁਣ ਤੱਕ ਪੰਜ ਪੁਸਤਕਾਂ ਪ੍ਰਕਾਸ਼ਿਤ ਕਰ ਚੁੱਕਾ ਹੈ: ਜੰਗੀ ਨਗ਼ਮੇ’ (ਕਾਵਿ ਸੰਗ੍ਰਹਿ) 1965, ‘ਗੰਦਲਾਂ’ (ਗ਼ਜ਼ਲ ਸੰਗ੍ਰਹਿ) 1992, ‘ਕਿਰਚਾਂ’ (ਗ਼ਜ਼ਲ ਸੰਗ੍ਰਹਿ) 2000, ‘ਵਿਓਹ ਮਿਟਾਉਂਦੇ ਗੀਤ’ (ਗੀਤ ਸੰਗ੍ਰਹਿ) 2002 ਅਤੇ ਘਰ ਚ ਕਲੇਸ਼ ਪੈ ਗਿਆ’ (ਗੀਤ ਸੰਗ੍ਰਹਿ) 2003

ਇਸ ਨਿਬੰਧ ਵਿੱਚ ਚਰਚਾ ਲਈ ਮੈਂ ਬਾਦਲ ਦੇ ਗੀਤ-ਸੰਗ੍ਰਹਿ ਘਰ ਚ ਕਲੇਸ਼ ਪੈ ਗਿਆਨੂੰ ਚੁਣਿਆ ਹੈਭਾਵੇਂ ਕਿ ਬਾਦਲ ਅਜੇ ਤੀਕ ਇੱਕ ਗੀਤਕਾਰ ਨਾਲੋਂ ਇੱਕ ਗਜ਼ਲਗੋ ਵਜੋਂ ਆਪਣੀ ਪਹਿਚਾਣ ਬਣਾ ਸਕਿਆ ਹੈ; ਪਰ ਮੈਂ ਉਸਦੀ ਗੀਤ ਲਿਖਣ ਦੀ ਪ੍ਰਤਿਭਾ ਨੂੰ ਸਮਝਣ ਦਾ ਯਤਨ ਕਰਨ ਦਾ ਫੈਸਲਾ ਕੀਤਾ ਹੈਤਾਂ ਜੋ ਕੈਨੇਡੀਅਨ ਪੰਜਾਬੀ ਸਾਹਿਤ ਦੇ ਪਾਠਕਾਂ ਨੂੰ ਗੁਰਦਰਸ਼ਨ ਬਾਦਲ ਦੀ ਸ਼ਖ਼ਸੀਅਤ ਦੇ ਇਸ ਪੱਖ ਤੋਂ ਵੀ ਜਾਣੂੰ ਕਰਵਾਇਆ ਜਾ ਸਕੇ

-----

ਘਰ ਚ ਕਲੇਸ਼ ਪੈ ਗਿਆਕਾਵਿ ਸੰਗ੍ਰਹਿ ਦਾ ਪਹਿਲਾ ਗੀਤ ਹੀ ਸਾਡੇ ਸਮਿਆਂ ਦੀ ਇੱਕ ਮਹੱਤਵ-ਪੂਰਨ ਸਭਿਆਚਾਰਕ ਸਮੱਸਿਆ ਬਾਰੇ ਚਰਚਾ ਛੇੜਦਾ ਹੈਇਹ ਵਿਸ਼ਾ ਹੈ ਸਾਡੇ ਸਮਾਜ ਵਿੱਚ ਕੀਤਾ ਜਾ ਰਿਹਾ ਧੀਆਂ ਨਾਲ ਵਿਤਕਰਾਸਾਡੇ ਸਮਿਆਂ ਵਿੱਚ ਭਾਵੇਂ ਕਿ ਤਾਰਾ ਸ਼ਕੋਵਾ, ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮਜ਼ ਵਰਗੀਆਂ ਜਾਂਬਾਜ਼ ਔਰਤਾਂ ਮਰਦਾਂ ਦੇ ਕਦਮਾਂ ਨਾਲ ਕਦਮ ਮਿਲਾਂਦਿਆਂ ਹੋਇਆਂ ਪੁਲਾੜ ਯਾਤਰਾ ਵੀ ਕਰ ਚੁੱਕੀਆਂ ਹਨ; ਪਰ ਅਜੇ ਵੀ ਅਨੇਕਾਂ ਘਰਾਂ ਵਿੱਚ ਧੀ ਦਾ ਜੰਮਣਾ ਸ਼ੁੱਭ ਨਹੀਂ ਮੰਨਿਆ ਜਾਂਦਾਇਸ ਸਮੱਸਿਆ ਦੇ ਅਨੇਕਾਂ ਪਹਿਲੂਆਂ ਨੂੰ ਪੇਸ਼ ਕਰਦਾ ਹੋਇਆ ਗੁਰਦਰਸ਼ਨ ਬਾਦਲ ਦਾ ਇੱਕ ਸਮੁੱਚਾ ਗੀਤ ਪੇਸ਼ ਹੈ:

ਬਾਪੂ ਧਰਤੀ ਖੁਰਚਣ ਲੱਗਾ, ਬੇਬੇ ਬੁਕ-ਬੁਕ ਰੋਈ

ਘਰ ਦੇ ਵਿੱਚ ਭੂਚਾਲ ਆ ਗਿਆ, ਜਦ ਮੈਂ ਪੈਦਾ ਹੋਈ

-----

ਦਾਦੀ ਹੋਰ ਵੀ ਕੁੱਬੀ ਹੋਈ, ਪੋਤਾ ਚਹੁੰਦੀ-ਚਹੁੰਦੀ,

ਭੂਆ ਸਹੁਰੇ-ਘਰ ਹੀ ਰੁਕ ਗਈ, ਪੇਕੀਂ ਆਉਂਦੀ-ਆਉਂਦੀ,

ਬਾਬਾ ਵੀ ਸਿਰ ਸੁਟ ਕੇ ਪੈ ਗਿਆ, ਮੂੰਹ ਤੇ ਲੈ ਕੇ ਲੋਈ

ਘਰ ਦੇ ਵਿੱਚ ਭੂਚਾਲ................

-----

ਬੁਸ-ਬੁਸ, ਬੁਸ-ਬੁਸ ਕਰਦੀਆਂ ਫਿਰਦੀਆਂ ਚਾਰੇ ਵੱਡੀਆਂ ਭੈਣਾਂ,

ਰੱਖੜੀ ਦੇ ਚਾਅ ਦਿਲ ਵਿੱਚ ਰਹਿਗੇ, ਬੁਝਿਆ ਆਸ-ਟਟੈਹਿਣਾਂ,

ਨਿੰਮੋਝੂਣੀ ਹੋ ਕੇ ਤੁਰ ਗਈ, ਦਾਈ ਖੋਈ-ਖੋਈ

ਘਰ ਦੇ ਵਿੱਚ ਭੂਚਾਲ................

-----

ਏਸ ਵਾਰ ਤਾਂ ਰੱਬ ਸੁਣ ਲੈਂਦਾ, ਰੱਖੋ ਬੋਬੀ ਬੋਲੀ,

ਸਾਰੇ ਪਿੰਡ ਵਿੱਚ ਰੌਲਾ ਪਾ ਗਈ, ਸਰਪੰਚਾਂ ਦੀ ਭੋਲੀ,

ਓਵੇਂ ਭਾਂਡੇ-ਟੀਂਡੇ ਖਿਲਰੇ, ਸੁੰਨੀ ਪਈ ਰਸੋਈ

ਘਰ ਦੇ ਵਿੱਚ ਭੂਚਾਲ.................

-----

ਕੀਹਨੇ ਮੇਰੇ ਚਾਅ ਕਰਨੇ ਸੀ, ਦੇਵੇ ਕੌਣ ਵਧਾਈਆਂ?

ਵਿੱਚੋਂ-ਵਿੱਚੋਂ ਖ਼ੁਸ਼ ਸੀ ਚਾਰੇ, ਮੇਰੀਆਂ ਚਾਚੀਆਂ ਤਾਈਆਂ,

ਜੰਮ ਸਕੀ ਨਾ ਬੇਬੇ ਵਾਰਿਸ, ਮਿਹਣਿਆਂ ਨਾਲ ਪਰੋਈ

ਘਰ ਦੇ ਵਿੱਚ ਭੂਚਾਲ...............

-----

ਮੈਂ ਵੀ ਇਕ ਇਨਸਾਨ ਹਾਂ ਮਾਏ ! ਸੁੱਟ ਨਾ ਐਵੇਂ ਅੱਥਰ,

ਮੈਂ ਹਾਂ ਇਕ ਅਣਮੁੱਲਾ ਮੋਤੀ, ਆਖ ਨਾ ਮੈਨੂੰ ਪੱਥਰ,

ਮਾਪਿਆਂ ਦਾ ਦੁੱਖ ਸੁਣਦੀਆਂ ਧੀਆਂ, ਧੀਆਂ ਜੇਡ ਨਾ ਕੋਈ

ਘਰ ਦੇ ਵਿੱਚ ਭੂਚਾਲ..................

-----

ਧੀਆਂ ਤਾਈਂ ਰਹੇ ਸਲਾਹੁੰਦੀ, ਇਹ ਬਾਦਲਦੀ ਕਾਨੀ,

ਇਹ ਵੀ ਸਾਰੀਆਂ ਧੀਆਂ ਹੀ ਸਨ, ਗੁਜਰੀ, ਭਾਗੋ, ਭਾਨੀ,

ਧੀਆਂ ਨੂੰ ਜੋ ਆਖੇ ਮਾੜਾ, ਉਸਨੂੰ ਕਿਤੇ ਨਾ ਢੋਈ

ਘਰ ਦੇ ਵਿੱਚ ਭੂਚਾਲ..................

------

ਪੰਜਾਬੀ ਸਮਾਜ ਵਿੱਚ ਇੱਕ ਹੋਰ ਸਮੱਸਿਆ, ਅਕਸਰ, ਸਾਡਾ ਧਿਆਨ ਖਿੱਚਦੀ ਹੈਇਹ ਸਮੱਸਿਆ ਇਸ ਹੱਦ ਤੱਕ ਵੱਧ ਚੁੱਕੀ ਹੈ ਕਿ ਇਹ ਪੰਜਾਬੀ ਸਭਿਆਚਾਰ ਦਾ ਇੱਕ ਅਨਿੱਖੜਵਾਂ ਅੰਗ ਬਣ ਚੁੱਕੀ ਹੈਪੰਜਾਬੀਆਂ ਵਿੱਚ ਸ਼ਰਾਬ ਪੀਣ ਦੀ ਆਦਤ ਇਸ ਹੱਦ ਤੱਕ ਵੱਧ ਚੁੱਕੀ ਹੈ ਕਿ ਪੰਜਾਬੀ ਰਾਜਨੀਤੀਵਾਨਾਂ ਨੇ ਇਸ ਆਦਤ ਨੂੰ ਅਜੋਕੇ ਸਮਿਆਂ ਦੇ ਰੀਤੀ-ਰਿਵਾਜਾਂ ਵਿੱਚ ਹੀ ਸ਼ਾਮਿਲ ਕਰ ਲਿਆ ਜਾਪਦਾ ਹੈਪੰਜਾਬੀਆਂ ਦਾ ਕਿਸੀ ਤਰ੍ਹਾਂ ਦਾ ਵੀ ਕੋਈ ਜਸ਼ਨ ਹੋਵੇ, ਉੱਥੇ ਸ਼ਰਾਬ ਦੀ ਵਰਤੋਂ ਜ਼ਰੂਰ ਕੀਤੀ ਜਾਂਦੀ ਹੈਸ਼ਰਾਬ ਦੀ ਵਧੇਰੇ ਅਤੇ ਨਿਰੰਤਰ ਵਰਤੋਂ ਨਾਲ ਜਿਸ ਕਿਸਮ ਦੀਆਂ ਪ੍ਰਵਾਰਕ ਅਤੇ ਘਰੇਲੂ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਉਨ੍ਹਾਂ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾਸ਼ਰਾਬ ਪੀਣ ਦੀ ਨਿਰੰਤਰ ਆਦਤ ਨਾਲ ਨ ਸਿਰਫ ਅਨੇਕਾਂ ਪਰਿਵਾਰਾਂ ਦਾ ਆਰਥਿਕ ਤੌਰ ਉੱਤੇ ਉਜਾੜਾ ਹੋ ਰਿਹਾ ਹੈ, ਬਲਕਿ ਇਸ ਨਾਲ ਪਰਿਵਾਰਕ ਰਿਸ਼ਤਿਆਂ ਵਿੱਚ ਵੀ ਹਿੰਸਾ ਵੱਧ ਰਹੀ ਹੈਪੰਜਾਬੀ ਸਮਾਜ ਦੀ ਇਸ ਸਮੱਸਿਆ ਨੂੰ ਵੀ ਗੁਰਦਰਸ਼ਨ ਬਾਦਲ ਆਪਣੇ ਇੱਕ ਗੀਤ ਦੀਆਂ ਸਤਰਾਂ ਵਿੱਚ ਬਹੁਤ ਹੀ ਸੂਖਮ ਪਰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਾ ਹੈ:

ਘਰ ਦੇ ਵਿੱਚ ਕੰਗਾਲੀ ਆ ਗਈ, ਰਾਤ-ਦਿਨੇ ਨਾ ਪੀ ਵੇ !

ਤੈਨੂੰ ਕਰਾਂ ਬੇਨਤੀ, ਵੱਡੀ ਹੋ ਗਈ ਧੀ ਵੇ ! ਤੈਨੂੰ ਕਰਾਂ ਬੇਨਤੀ....

-----

ਟੁੱਟਿਆ ਹੋਇਆ ਪੀ ਕੇ ਜੁੜਦੈਂ, ਬਿਨ ਪੈਰਾਂ ਤੋਂ ਰਾਤੀਂ ਮੁੜਦੈਂ,

ਲੈ ਬੈਠੀ ਹੈ ਸਾਰੇ ਘਰ ਨੂੰ, ਆਦਤ ਇੱਕੋ ਹੀ ਵੇ !

ਤੈਨੂੰ ਕਰਾਂ ਬੇਨਤੀ,............

-----

ਪੈਲੀ ਨੂੰ ਤੂੰ ਖੋਰਾ ਲਾਇਆ, ਬਾਪੂ ਜੀ ਦਾ ਨਾਮ ਗੁਆਇਆ,

ਸੂਲੀ ਉੱਤੇ ਟੰਗਿਆ ਹੈ ਤੂੰ, ਕੱਲਾ-ਕੱਲਾ ਜੀਅ ਵੇ !

ਤੈਨੂੰ ਕਰਾਂ ਬੇਨਤੀ,...........

ਪਰ ਇਕੱਲੀ ਸ਼ਰਾਬ ਪੀਣ ਦੀ ਆਦਤ ਹੀ ਪੰਜਾਬੀਆਂ ਲਈ ਤਬਾਹੀ ਦਾ ਕਾਰਨ ਨਹੀਂ ਬਣ ਰਹੀ; ਬਲਕਿ ਅਜੋਕੇ ਸਮਿਆਂ ਵਿੱਚ ਤਾਂ ਪੰਜਾਬੀ ਨੌਜਵਾਨ ਭੰਗ, ਚਰਸ, ਕਰੈਕ, ਕੁਕੇਨ ਅਤੇ ਅਨੇਕਾਂ ਹੋਰ ਨਸ਼ਿਆਂ ਦੀ ਵਰਤੋਂ ਕਰਨ ਦੇ ਆਦੀ ਹੁੰਦੇ ਜਾ ਰਹੇ ਹਨਜਿਸ ਕਾਰਨ ਉਨ੍ਹਾਂ ਨੂੰ ਏਡਜ਼ ਵਰਗੀਆਂ ਖ਼ਤਰਨਾਕ ਬੀਮਾਰੀਆਂ ਲੱਗ ਰਹੀਆਂ ਹਨਗੁਰਦਰਸ਼ਨ ਬਾਦਲ ਨਸ਼ਿਆਂ ਦੀ ਸਮੱਸਿਆ ਨੂੰ ਵੀ ਆਪਣੇ ਗੀਤਾਂ ਦਾ ਵਿਸ਼ਾ ਬਣਾਉਂਦਾ ਹੈਇਸ ਸਮੱਸਿਆ ਨੂੰ ਪੇਸ਼ ਕਰਨ ਦਾ ਬਾਦਲ ਦਾ ਅੰਦਾਜ਼ ਵੇਖੋ:

ਤੇਰਾ ਰੰਗਲਾ ਸਰੀਰ, ਸੁੱਕੀ ਜਾਵੇ ਮੇਰੇ ਵੀਰ, ਤੇਰੀ ਮੱਤ ਝੂਠੇ ਨਸ਼ਿਆਂ ਨੇ ਮਾਰੀ

ਛੱਡ ਦੇ ਕੁਰੀਤੀਆਂ ਨੂੰ, ਨਹੀਂ ਤਾਂ ਬੁੱਢੇ ਬਾਰੇ ਹੋਊਗੀ ਖੁਆਰੀਛੱਡ ਦੇ.........

----

ਇਹਨਾਂ ਨਸ਼ਿਆਂ ਨੇ ਜਿੰਦ ਤੇਰੀ ਗਾਲਤੀ,

ਬਿਨਾਂ ਅੱਗੋਂ ਇਹ ਵਿੱਚ-ਵਿੱਚ ਜਾਲਤੀ,

ਮੇਰੇ ਦੇਸ਼ ਦੇ ਜੁਆਨਾ ! ਹੋਇਆ ਸੁੱਕ ਕੇ ਤੂੰ ਕਾਨਾ,

ਪੈਰ ਪੁੱਟਣੇ ਵੀ ਹੋਏ ਤੈਨੂੰ ਭਾਰੀਛੱਡ ਦੇ.........

-----

ਲਾਲ ਬੁੱਲ੍ਹਾਂ ਤਾਈਂ ਜਰਦਾ ਜੋ ਛੋਹ ਗਿਆ,

ਦੰਦਾਂ ਮੋਤੀਆਂ ਦਾ ਰੰਗ ਕਾਲਾ ਹੋ ਗਿਆ,

ਸ਼ਾਮੀਂ ਖੁੰਢਾਂ ਉੱਤੇ ਬਹਿਕੇ, ਵਿੱਚ ਨਸ਼ਿਆਂ ਦੇ ਲਹਿ ਕੇ,

ਰੋਲੇਂ ਬਾਪ-ਦਾਦੇ ਵਾਲੀ ਸਰਦਾਰੀਛੱਡ ਦੇ......

-----

ਜ਼ਿੰਦਗੀ ਵਿੱਚ ਉਤਰਾਅ-ਚੜ੍ਹਾਅ ਆਉਂਦੇ ਹੀ ਰਹਿੰਦੇ ਹਨਜਿਸਦਾ ਅਸਰ ਸਾਡੀ ਮਾਨਸਿਕਤਾ ਉੱਤੇ ਵੀ ਪੈਂਦਾ ਹੈਜਿਸ ਕਾਰਨ ਅਸੀਂ ਕਈ ਵੇਰ ਬਹੁਤ ਹੀ ਨਿਰਾਸਤਾ ਵਿੱਚ ਡੁੱਬ ਜਾਂਦੇ ਹਾਂਨਿਰਾਸਤਾ ਵਿੱਚੋਂ ਬਾਹਰ ਨਿਕਲਣ ਲਈ ਕਈ ਵਾਰੀ ਸਾਨੂੰ ਕਾਫ਼ੀ ਮਿਹਨਤ ਕਰਨੀ ਪੈਂਦੀ ਹੈਪਰ ਕੁਝ ਲੋਕ ਢੇਰੀ ਢਾਹ ਕੇ ਬਹਿ ਜਾਂਦੇ ਹਨਉਹ ਸੋਚਦੇ ਹਨ ਕਿ ਇਹ ਤਾਂ ਰੱਬਨਾਮ ਦੀ ਕਿਸੇ ਗੈਬੀ ਸ਼ਕਤੀ ਦੇ ਹੀ ਹੱਥ ਵਿੱਚ ਹੈ ਕਿ ਉਹ ਸਾਨੂੰ ਨਿਰਾਸਤਾ ਵਾਲੀ ਹਾਲਤ ਵਿੱਚੋਂ ਬਾਹਰ ਕੱਢੇਬੰਦੇ ਦੇ ਹੱਥ ਵਿੱਚ ਤਾਂ ਕੁਝ ਵੀ ਨਹੀਂਬੰਦਾ ਤਾਂ ਰੱਬ ਦੇ ਹੱਥ ਵਿੱਚ ਮਹਿਜ਼ ਇੱਕ ਕਠਪੁਤਲੀ ਹੈਪਰ ਬਾਦਲ ਦੇ ਵਿਚਾਰ ਇਸ ਨਾਲੋਂ ਵੱਖਰੇ ਹਨਉਹ ਸਮਝਦਾ ਹੈ ਕਿ ਜੇਕਰ ਜ਼ਿੰਦਗੀ ਵਿੱਚ ਨਿਰਾਸਤਾ ਆ ਗਈ ਹੈ ਤਾਂ ਆਪਣੇ ਦੋਸਤਾਂ-ਮਿੱਤਰਾਂ ਅਤੇ ਚਾਹੁਣ ਵਾਲਿਆਂ ਦੀ ਮੱਦਦ ਲੈਣ ਵਿੱਚ ਕੋਈ ਹਰਜ਼ ਨਹੀਂਇਸ ਆਸ ਉੱਤੇ ਬੈਠੇ ਰਹਿਣ ਨਾਲ ਕਿ ਕਿਸੇ ਗੈਬੀ ਸ਼ਕਤੀ ਨੇ ਹੀ ਉਸ ਨੂੰ ਨਿਰਾਸਤਾ ਵਾਲੀ ਹਾਲਤ ਵਿੱਚ ਡੋਬਿਆ ਹੈ ਹੁਣ ਉਹੀ ਇਸ ਹਾਲਤ ਵਿੱਚੋਂ ਬਾਹਰ ਕੱਢੇਗੀ - ਕਦੀ ਵੀ ਹਾਲਾਤ ਸੁਧਰ ਨਹੀਂ ਸਕਦੇਮਨੁੱਖ ਨੂੰ ਆਪ ਹੀ ਹਿੰਮਤ ਜੁਟਾ ਕੇ ਅਤੇ ਆਪਣੇ ਸਹਿਯੋਗੀਆਂ ਦਾ ਮਿਲਵਰਤਣ ਲੈ ਕੇ ਹਾਲਾਤ ਚੋਂ ਬਾਹਰ ਨਿਕਲਣਾ ਪੈਂਦਾ ਹੈਦੇਖੋ ! ਬਾਦਲ ਇਸ ਗੱਲ ਨੂੰ ਆਪਣੇ ਗੀਤਾਂ ਵਿੱਚ ਕਿੰਝ ਕਹਿ ਰਿਹਾ ਹੈ:

ਦੋ ਪਲ ਕੋਲੇ ਬਹੁ ਵੇ ਸੱਜਣਾ ! ਦੋ ਪਲ ਕੋਲੇ ਬਹੁ

ਖੁੱਲ੍ਹ ਕੇ ਦਿਲ ਦੀਆਂ ਕਹੁ ਵੇ ਸੱਜਣਾ ! ਖੁੱਲ੍ਹ ਕੇ ਦਿਲ ਦੀਆਂ ਕਹੁ

-----

ਰੱਬ ਦੀ ਭੈੜੀ ਕੀਤੀ ਦਾ ਨਾ, ਮੰਨੀ ਜਾਹ ਤੂੰ ਭਾਣਾ,

ਐਡੀ ਦੁਨੀਆਂ ਵਿੱਚ ਵੀ ਜੇਕਰ, ਤੇਰਾ ਨਹੀਂ ਟਿਕਾਣਾ,

ਸਾਡੇ ਦਿਲ ਵਿਚ ਰਹੁ ਵੇ ਸੱਜਣਾ ! ਸਾਡੇ ਦਿਲ ਵਿੱਚ ਰਹੁ

ਖੁੱਲ੍ਹ ਕੇ ਦਿਲ ਦੀਆਂ ਕਹੁ ਵੇ.....

-----

ਆਰਥਿਕ ਖੁਸ਼ਹਾਲੀ ਦੀ ਭਾਲ ਵਿੱਚ ਹੋਰਨਾਂ ਦੇਸ਼ਾਂ ਵਿੱਚ ਪਰਵਾਸ ਕਰਨ ਦਾ ਰੁਝਾਨ ਪੰਜਾਬੀਆਂ ਵਿੱਚ ਪਿਛਲੀਆਂ ਕਈ ਸਦੀਆਂ ਤੋਂ ਬਣਿਆਂ ਹੋਇਆ ਹੈਪਰ ਵਧੇਰੇ ਹਾਲਤਾਂ ਵਿੱਚ ਮਰਦ ਇਕੱਲੇ ਹੀ ਇਸ ਸਫਰ ਉੱਤੇ ਨਿਕਲਦੇ ਰਹੇ ਹਨਪਿੱਛੇ ਰਹਿ ਗਈਆਂ ਉਨ੍ਹਾਂ ਦੀਆਂ ਜਵਾਨ ਪਤਨੀਆਂ ਨੂੰ ਆਪਣੀ ਜਵਾਨੀ ਦੇ ਦਿਨ ਇਕੱਲਤਾ ਵਿੱਚ ਹੀ ਕੱਟਣੇ ਪੈਂਦੇ ਰਹੇ ਹਨਵਿਛੋੜੇ ਦੇ ਉਨ੍ਹਾਂ ਪਲਾਂ ਅਤੇ ਅਧੂਰੇ ਰਹਿ ਗਏ ਚਾਵਾਂ-ਮਲ੍ਹਾਰਾਂ ਨੂੰ ਗੁਰਦਰਸ਼ਨ ਬਾਦਲ ਆਪਣੇ ਗੀਤਾਂ ਦੇ ਦਿਲਾਂ ਦੀ ਧੜਕਣ ਕੁਝ ਇਸ ਤਰ੍ਹਾਂ ਬਣਾਉਂਦਾ ਹੈ:

1.ਦੇ ਕੇ ਚੰਦਰਾ ਰੁਮਾਲ, ਫੇਰ ਪੁੱਛਿਆ ਨਾ ਹਾਲ,

ਤੇਰੇ ਨਾਮ ਸੀ ਲਿਖਾਈ ਜ਼ਿੰਦਗਾਨੀ ਸੋਹਣਿਆਂ !

ਆਹ ਲੈ ! ਸਾਂਭ ਲੈ ਤੂੰ ਆਪਣੀ ਨਿਸ਼ਾਨੀ ਸੋਹਣਿਆਂ !

-----

ਰੋਗ ਚੰਦਰਾ ਹੱਡਾਂ ਨੂੰ ਅਸਾਂ ਲਾ ਲਿਆ,

ਤੇਰੀ ਯਾਦ ਨਾਲ ਦਿਲ ਪਰਚਾਅ ਲਿਆ,

ਤੀਰ ਹਿਜਰਾਂ ਦੇ ਮਾਰ, ਭੁੱਲ ਗਿਓਂ ਜਾਂਦੇ ਸਾਰ,

ਸਾਨੂੰ ਡੱਸਿਆ ਕਰੂਗੀ ਕਾਲੀ-ਗਾਨੀ ਸੋਹਣਿਆਂ ! ਆਹ ਲੈ ! ਸਾਂਭ ਲੈ....

-----

ਤੇਰੇ ਸੁਪਨੇ ਸਜਾਏ ਅਸੀਂ ਅੱਖੀਆਂ ਦੇ ਵਿੱਚ,

ਪੈਂਦੀ ਸੀਨੇ ਵਿੱਚ ਰਹੀ ਤੇਰੇ ਪਿਆਰ ਵਾਲੀ ਖਿੱਚ,

ਰਾਤੀਂ ਗਿਣ-ਗਿਣ ਤਾਰੇ, ਖਾਧੇ ਫੇਰ ਵੀ ਕਸਾਰੇ,

ਸਾਡੀ ਖੁਰ ਚੱਲੀ ਕੀਮਤੀ ਜਵਾਨੀ ਸੋਹਣਿਆਂ ! ਆਹ ਲੈ ! ਸਾਂਭ ਲੈ....

------

2.ਗਹਿਣਾ ਇਕ ਵੀ ਬਣਾ ਕੇ ਨਾ ਲਿਆਇਆ, ਵੇ ਬਹੁਤੀਆਂ ਕਮਾਈਆਂ ਵਾਲ਼ਿਆ !

ਮੇਰੇ ਪਿਆਰ ਤਾਈਂ ਕਿੰਨਾ ਤੜਪਾਇਆ, ਵੇ ਬਹੁਤੀਆਂ ਕਮਾਈਆਂ ਵਾਲ਼ਿਆ !

-----

ਉਮਰਾ ਤੂੰ ਗਾਲ਼ ਛੱਡੀ ਸਾਰੀ ਪ੍ਰਦੇਸ ਵੇ,

ਯਾਦਾਂ ਵਿੱਚ ਖੁੱਸੀ ਮੇਰੀ, ਅੱਲ੍ਹੜ-ਵਰੇਸ ਵੇ,

ਛੇਤੀ ਆਉਣ ਦਾ ਬਹਾਨਾ ਤੈਂ ਲਗਾਇਆ, ਵੇ ਬਹੁਤੀਆਂ ਕਮਾਈਆਂ ਵਾਲਿਆ !

ਮੇਰੇ ਪਿਆਰ ਤਾਈਂ ਕਿੰਨਾ ਤੜਪਾਇਆ, ਵੇ ਬਹੁਤੀਆਂ......

-----

ਭਾੜੇ ਲਈ ਵੇਚ ਦਿੱਤੇ, ਸਾਰੇ ਹੀ ਮੈਂ ਗਹਿਣੇ ਵੇ,

ਮੈਨੂੰ ਹੀ ਹੈ ਪਤਾ, ਕਿੰਨੇ ਦੁੱਖ ਪਏ ਸਹਿਣੇ ਵੇ,

ਫੁੱਲ ਰੂਪ ਵਾਲਾ ਮੇਰਾ ਕੁਮਲਾਇਆ, ਵੇ ਬਹੁਤੀਆਂ.....

ਮੇਰੇ ਪਿਆਰ ਤਾਈਂ ਕਿੰਨਾ ਤੜਪਾਇਆ, ਵੇ ਬਹੁਤੀਆਂ.....

3.ਸਾਡੇ ਲਾ ਕੇ ਹੱਡਾਂ ਨੂੰ ਝੋਰਾ, ਵੇ ਆਪ ਜਾ ਵਲੈਤ ਬਹਿ ਗਿਆ

ਸਾਡਾ ਮੁੱਕ ਗਿਆ ਫੇਰਾ-ਤੋਰਾ, ਵੇ ਆਪ ਜਾ ਵਲੈਤ ਬਹਿ ਗਿਆ

ਪਿੱਛੇ ਦੇਸ ਵਿੱਚ ਰਹਿ ਗਏ ਲੋਕ ਸੋਚਦੇ ਹਨ ਕਿ ਪ੍ਰਵਾਸ ਵਿੱਚ ਲੋਕ ਮੌਜਾਂ ਮਾਣਦੇ ਹਨਉਨ੍ਹਾਂ ਨੂੰ ਇਸ ਗੱਲ ਦਾ ਕੋਈ ਅਹਿਸਾਸ ਵੀ ਨਹੀਂ ਹੁੰਦਾ ਕਿ ਇੱਥੇ ਜ਼ਿੰਦਗੀ ਕਿੰਨੀ ਔਖੀ ਹੈ ਅਤੇ ਰੁਝੇਵਿਆਂ ਭਰੀ ਹੈਪ੍ਰਵਾਸ ਵਿੱਚ ਆ ਕੇ ਬੰਦਾ ਮਸ਼ੀਨ ਨਾਲ ਮਸ਼ੀਨ ਬਣ ਜਾਂਦਾ ਹੈ ਅਤੇ ਡਾਲਰਾਂ ਦੀ ਪ੍ਰਾਪਤੀ ਲਈ ਲੱਗੀ ਅੰਨ੍ਹੀ ਦੌੜ ਵਿੱਚ ਇੰਜ ਗ਼ਲਤਾਨ ਹੋ ਜਾਂਦਾ ਹੈ ਕਿ ਉਸ ਨੂੰ ਆਪਣੇ ਆਪ ਦੀ ਵੀ ਕੋਈ ਹੋਸ਼ ਨਹੀਂ ਰਹਿ ਜਾਂਦੀਪ੍ਰਵਾਸੀਆਂ ਦੀ ਜ਼ਿੰਦਗੀ ਦੀ ਇਸ ਹਕੀਕਤ ਨੂੰ ਕਿਉਂਕਿ ਕੋਈ ਸਹੀ ਤਰ੍ਹਾਂ ਬਿਆਨ ਨਹੀਂ ਕਰਦਾ ਇਸ ਲਈ ਪ੍ਰਵਾਸੀ ਬਣਨ ਦੀ ਦੌੜ ਵਿੱਚ ਲੋਕ ਠੱਗ ਇਮੀਗਰੇਸ਼ਨ ਏਜੰਟਾਂ ਅਤੇ ਟਰੈਵਲ ਏਜੰਟਾਂ ਨੂੰ ਲੱਖਾਂ ਡਾਲਰ ਲੁਟਾ ਰਹੇ ਹਨਇਨ੍ਹਾਂ ਠੱਗ ਏਜੰਟਾਂ ਨੂੰ ਲੱਖਾਂ ਡਾਲਰ ਲੁਟਾਉਣ ਤੋਂ ਬਾਹਦ ਵੀ ਹਜ਼ਾਰਾਂ ਪੰਜਾਬੀ ਵਿਸ਼ਵ ਦੇ ਅਨੇਕਾਂ ਦੇਸ਼ਾਂ ਦੀਆਂ ਜੇਲ੍ਹਾਂ ਵਿੱਚ ਕੈਦ ਮੁਸੀਬਤਾਂ ਭਰੇ ਦਿਨ ਕੱਟ ਰਹੇ ਹਨਪ੍ਰਵਾਸੀ ਬਣਨ ਦੀ ਦੌੜ ਵਿੱਚ ਗ਼ੈਰ-ਕਾਨੂੰਨੀ ਜਾਹਾਜ਼ਾਂ ਵਿੱਚ ਸਫ਼ਰ ਕਰਦੇ ਹੋਏ ਹਜ਼ਾਰਾਂ ਹੀ ਪੰਜਾਬੀ ਲਾਲਚੀ ਅਤੇ ਠੱਗ ਏਜੰਟਾਂ ਵੱਲੋਂ ਸਮੁੰਦਰਾਂ ਦੇ ਡੂੰਘੇ ਪਾਣੀਆਂ ਵਿੱਚ ਡੋਬ ਦਿੱਤੇ ਗਏਪ੍ਰਵਾਸੀ ਪੰਜਾਬੀਆਂ ਦੀ ਅਜਿਹੀ ਜ਼ਿੰਦਗਾਨੀ ਦੀ ਦਰਦ ਭਰੀ ਦਾਸਤਾਨ ਗੁਰਦਰਸ਼ਨ ਬਾਦਲ ਆਪਣੇ ਇੱਕ ਗੀਤ ਰਾਹੀਂ ਕੁਝ ਇਸ ਤਰ੍ਹਾਂ ਦੇ ਦਿਲਕਸ਼ ਅੰਦਾਜ਼ ਵਿੱਚ ਸੁਣਾਉਂਦਾ ਹੈ:

ਸੁਣ ਸਮੇਂ ਦੀਆਂ ਸੋਹਣਿਆਂ ਪੁਕਾਰਾਂ, ਸੌਖਾ ਨਹੀਂ ਕਨੇਡੇ ਵੱਸਣਾ

ਹੀਰੇ ਆਉਂਦੇ-ਆਉਂਦੇ ਰੁਲ ਗਏ ਹਜ਼ਾਰਾਂ, ਸੌਖਾ ਨਹੀਂ ਕਨੇਡੇ ਵੱਸਣਾ

-----

ਡੁੱਬਦੇ ਜਹਾਜ਼ ਨਿੱਤ, ਸਾਗਰਾਂ ਦੇ ਵਿੱਚ ਨੇ,

ਗਾਲਤੀ ਜੁਆਨੀ ਬੀਬਾ ! ਡਾਲਰਾਂ ਦੀ ਖਿੱਚ ਨੇ,

ਦੂਣਾ ਕੰਮ ਹੈ ਕਰਾਉਣਾ ਠੇਕੇਦਾਰਾਂ, ਸੌਖਾ ਨਹੀਂ...

ਹੀਰੇ ਆਉਂਦੇ-ਆਉਂਦੇ.....

----

ਧੀਆਂ ਸਾਡੀਆਂ ਦੇ ਏਥੇ ਬੁਰੇ ਹਾਲ ਨੇ,

ਜਦੋਂ ਕੰਮ ਉੱਤੇ ਜਾਣ, ਰੋਂਦੇ ਬਾਲ ਨੇ,

ਹਉਕੇ ਲੈਂਦੀਆਂ ਰਹਿਣ ਮੁਟਿਆਰਾਂ, ਸੌਖਾ ਨਹੀਂ...

ਹੀਰੇ ਆਉਂਦੇ-ਆਉਂਦੇ....

-----

ਬੇਬੇ-ਬਾਪੂ ਦੋਵੇਂ, ਫਾਰਮਾਂ ਚ ਰੁਲ਼ਦੇ,

ਵਿਤੋਂ ਬਾਹਰ ਹੋ ਕੇ, ਕੰਮ ਨਾਲ ਘੁਲ਼ਦੇ,

ਰਾਤੀਂ ਸੌਂਦਿਆਂ ਨੂੰ ਵੱਜ ਜਾਣ ਬਾਰਾਂ, ਸੌਖਾ ਨਹੀਂ...

ਹੀਰੇ ਆਉਂਦੇ-ਆਉਂਦੇ.........

-----

ਬਾਦਲਨੂੰ ਦੱਸ ਦੇਵੀਂ, ਮੇਰੇ ਜੀਣ ਜੋਗਿਆ,

ਪਹਿਲਾਂ ਆ ਕੇ ਸਾਰਿਆਂ ਨੇ, ਬੜਾ ਦੁੱਖ ਭੋਗਿਆ,

ਦੇਸ ਵਾਲੀਆਂ ਨੂੰ ਭਾਲੀਂ ਨਾ ਬਹਾਰਾਂ, ਸੌਖਾ ਨਹੀਂ....

ਹੀਰੇ ਆਉਂਦੇ-ਆਉਂਦੇ................

-----

ਘਰ ਚ ਕਲੇਸ਼ ਪੈ ਗਿਆਕਾਵਿ-ਸੰਗ੍ਰਹਿ ਵਿੱਚ ਗੁਰਦਰਸ਼ਨ ਬਾਦਲ ਨੇ ਹੁਣ ਤੱਕ ਚਰਚਾ ਹੇਠ ਲਿਆਂਦੇ ਗਏ ਵਿਸ਼ਿਆਂ ਤੋਂ ਇਲਾਵਾ ਹੋਰ ਵੀ ਵਿਸ਼ਿਆਂ ਬਾਰੇ ਲਿਖੇ ਗਏ ਗੀਤ ਸ਼ਾਮਿਲ ਕੀਤੇ ਹਨ

ਇਸ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਗੀਤਾਂ ਦਾ ਇੱਕ ਹੋਰ ਮੁੱਖ ਵਿਸ਼ਾ ਹੈ: ਨੌਜੁਆਨ ਦਿਲਾਂ ਦੇ ਪਿਆਰ ਦਾ ਇਜ਼ਹਾਰ ਅਤੇ ਪਿਆਰ ਨਾਲ ਸਬੰਧਤ ਸਭਿਆਚਾਰਕ ਸਮੱਸਿਆਵਾਂ

ਅਨੇਕਾਂ ਹੋਰ ਸਭਿਆਚਾਰਾਂ ਵਾਂਗ ਪੰਜਾਬੀ ਸਭਿਆਚਾਰ ਵਿੱਚ ਵੀ ਖੁੱਲ੍ਹਮ-ਖੁੱਲ੍ਹਾ ਪਿਆਰ ਦਾ ਪ੍ਰਗਟਾਵਾ ਕਰਨ ਦੀ ਇਜਾਜ਼ਤ ਨਹੀਂਜਿਸ ਕਾਰਨ ਨਵੀਂ ਪੀੜ੍ਹੀ ਅਤੇ ਪੁਰਾਣੀ ਪੀੜ੍ਹੀ ਦੇ ਲੋਕਾਂ ਦਰਮਿਆਨ ਇੱਕ ਤਨਾਓ ਬਣਿਆਂ ਰਹਿੰਦਾ ਹੈਬੜੀ ਅਜੀਬ ਗੱਲ ਹੈ ਕਿ ਹਰ ਧਰਮ ਅਤੇ ਸਭਿਆਚਾਰ ਇਸ ਗੱਲ ਦੀ ਦੁਹਾਈ ਦਿੰਦਾ ਹੈ ਕਿ ਲੋਕਾਂ ਵਿੱਚ ਪਿਆਰ ਅਤੇ ਮਿਲਵਰਤਣ ਦੀ ਭਾਵਨਾ ਹੋਣੀ ਚਾਹੀਦੀ ਹੈਪਰ ਜਦੋਂ ਲੋਕ ਇਸ ਗੱਲ ਉੱਤੇ ਅਮਲ ਕਰਦੇ ਹੋਏ ਇੱਕ ਦੂਜੇ ਵੱਲ ਪਿਆਰ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਧਰਮ ਅਤੇ ਸਭਿਆਚਾਰ ਉਨ੍ਹਾਂ ਦੇ ਪਿਆਰ ਦਰਮਿਆਨ ਦੀਵਾਰ ਬਣ ਕੇ ਖੜ੍ਹ ਜਾਂਦਾ ਹੈਮਨੁੱਖੀ ਇਤਿਹਾਸ ਅਜਿਹੀਆਂ ਉਦਾਹਰਣਾਂ ਨਾਲ ਭਰਿਆ ਪਿਆ ਹੈਜਦੋਂ ਕਿ ਦੋ ਵਿਅਕਤੀਆਂ ਨੇ ਆਪਸੀ ਪਿਆਰ ਦਾ ਪ੍ਰਗਟਾਵਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਾਡੇ ਸਮਾਜ ਦੇ ਰਾਖਵਾਲਿਆਂ ਨੇ ਉਨ੍ਹਾਂ ਦਾ ਜਿਉਣਾ ਵੀ ਮੁਸ਼ਕਿਲ ਕਰ ਦਿੱਤਾਪਿਆਰ ਕਰਨ ਵਾਲਿਆਂ ਨੂੰ ਕਿਸ ਕਿਸ ਤਰ੍ਹਾਂ ਦੇ ਹਾਲਤਾਂ ਵਿੱਚੋਂ ਲੰਘਣਾ ਪੈਂਦਾ ਹੈ, ਉਸ ਦਾ ਜ਼ਿਕਰ ਗੁਰਦਰਸ਼ਨ ਬਾਦਲ ਆਪਣੇ ਗੀਤਾਂ ਵਿੱਚ ਕੁਝ ਇਸ ਤਰ੍ਹਾਂ ਕਰਦਾ ਹੈ:

1.ਖ਼ੁਸ਼ੀਆਂ ਬਦਲੇ ਦੁਨੀਆਂ ਏਥੇ, ਗ਼ਮੀਆਂ ਦਵੇ ਪਿਆਰਾਂ ਨੂੰ,

ਪਿਆਰ ਦੇ ਰਾਹ ਵਿੱਚ ਰੋੜਾ ਬਣਦੀ, ਝੂਠੇ ਕਰੇ ਕਰਾਰਾਂ ਨੂੰ,

ਉਤੋਂ ਤਾਂ ਫੁੱਲ ਭੇਂਟ ਹੀ ਕਰਦੀ, ਵਿੱਚ ਲੁਕੌਂਦੀ ਖ਼ਾਰ ਵੇ ਬੀਬਾ !

ਠੇਲ੍ਹ ਨਾ ਬੇੜੀ ਭੰਵਰਾਂ ਅੰਦਰ, ਹੋ ਸਕਣਾ ਨਹੀਂ ਪਾਰ ਵੇ ਬੀਬਾ !

ਅੱਜ ਸਮੇਂ ਦੀ ਮੰਗ ਹੈ ਏਹੀ, ਨਾ ਕਰ ਤੂੰ ਇਤਬਾਰ ਵੇ ਬੀਬਾ !

2.ਪਿਆਰ ਦਾ ਹੈ ਮੁੱਲ ਏਥੇ, ਜਾਨ ਪੈਂਦੀ ਵਾਰਨੀ,

ਹੱਸਣੇ ਦਾ ਮੁੱਲ ਹੈ, ਰੋ ਉਮਰ ਗੁਜ਼ਾਰਨੀ,

ਬੇ ਜਾਨ ਕਪਾਹਾਂ ਨੂੰ ਵੀ ਹੱਸਣ ਨਾ ਦੇਣ ਇਹ, ਡਾਢੇ ਬੇ-ਪਰਵਾਹੀਏ,

ਰੋ-ਰੋ ਵਿਛੜਾਂਗੇ, ਡੂੰਘੇ ਪਿਆਰ ਨਾ ਚੰਦਰੀਏ ! ਪਾਈਏ,

ਰੋ-ਰੋ ਵਿਛੜਾਂਗੇ, ਹਾਏ ਰੋ-ਰੋ ਵਿਛੜਾਂਗੇ

3.ਬੈਠਕੇ ਸਕੂਲੇ ਵੀ ਉਹ, ਖ਼ਤ ਲਿਖੇ ਪਿਆਰਾਂ ਦੇ,

ਲਿਖ ਕੇ ਯਕੀਨ ਦੁਆਵੇ, ਕੀਤਿਆਂ ਕਰਾਰਾਂ ਦੇ,

ਵੇ ਕੋਲ ਤੇਰੇ ਠਿੱਲ੍ਹ ਪਈ ਹਾਂ, ਕੱਚੇ ਉੱਤੇ ਹੀ ਲਗਾ ਕੇ ਤਾਰੀ

ਅੱਧੀ-ਅੱਧੀ ਰਾਤ ਪੜ੍ਹਦੀ, ਸ਼ੀਲਾ ਚਿੱਠੀਆਂ ਲਿਖਣ ਦੀ ਮਾਰੀ

-----

ਕੁੜੀ ਜਦੋਂ ਜੁਆਨ ਹੋ ਜਾਂਦੀ ਹੈ ਅਤੇ ਉਸਦੀਆਂ ਆਂਢਣਾਂ-ਗੁਆਂਢਣਾਂ, ਜਮਾਤਣਾਂ-ਸਹੇਲੀਆਂ ਵਿਆਹ ਕਰਵਾਕੇ ਸਹੁਰੇ ਚਲੀਆਂ ਜਾਂਦੀਆਂ ਹਨ ਤਾਂ ਉਸ ਦਾ ਵੀ ਦਿਲ ਕਰਦਾ ਹੈ ਕਿ ਉਸ ਦੇ ਘਰ ਵਾਲੇ ਵੀ ਕੋਈ ਚੰਗਾ ਜਿਹਾ ਮੁੰਡਾ ਲੱਭ ਕੇ ਉਸਦਾ ਵਿਆਹ ਕਰ ਦੇਣਉਹ ਵੀ ਸਜ-ਸੰਵਰ ਕੇ ਆਪਣੇ ਪਤੀ ਨਾਲ ਘੁੰਮੇ ਫਿਰੇਨੌਜਵਾਨ ਔਰਤਾਂ ਦੇ ਦਿਲਾਂ ਵਿੱਚ ਧੜਕਦੇ ਅਜਿਹੇ ਚਾਵਾਂ ਦੀ ਤਰਜਮਾਨੀ ਕਰਦੇ ਗੁਰਦਰਸ਼ਨ ਬਾਦਲ ਦੇ ਇੱਕ ਗੀਤ ਦੇ ਬੋਲ ਦੇਖੋ:

ਚਿੱਤ ਸਹੁਰੀਂ ਜਾਣ ਨੂੰ ਕਰਦਾ, ਨੀ ਮਾਏ ! ਮੇਰਾ ਵਰ ਲੱਭ ਦੇ

ਚਿੱਤ ਚੰਦਰੇ ਜ਼ਮਾਨੇ ਕੋਲੋਂ ਡਰਦਾ, ਨੀ ਮਾਏ ! ਮੇਰਾ ਵਰ ਲੱਭ ਦੇ

-----

ਸਭ ਟੁਰ ਗਈਆਂ ਮੇਰੀਆਂ ਸਹੇਲੀਆਂ,

ਖਾਣ ਵੱਢ-ਵੱਢ ਭਰੀਆਂ ਹਵੇਲੀਆਂ,

ਪੈਂਦੇ ਕਾਲਜੇ ਨੂੰ ਹੌਲ, ਜੀਆ ਭਰਦਾ, ਨੀ ਮਾਏ ! ਮੇਰਾ ਵਰ ਲੱਭਦੇ

ਚਿੱਤ ਚੰਦਰੇ ਜ਼ਮਾਨੇ ਕੋਲੋਂ ਡਰਦਾ, ਨੀ ਮਾਏ.................

-----

ਅੰਗ-ਅੰਗ ਵਿੱਚੋਂ ਫੁੱਟ ਪਈ ਜਵਾਨੀ ਨੀ,

ਸੋਚਾਂ ਸੋਚ-ਸੋਚ ਹੋਈ ਮੈਂ ਦੀਵਾਨੀ ਨੀ,

ਤੈਨੂੰ ਬਾਪੂ ਪਿਆ ਆਖਦਾ ਏ ਪਰ ਦਾ, ਨੀ ਮਾਏ ! ਮੇਰਾ....

ਚਿੱਤ ਚੰਦਰੇ ਜ਼ਮਾਨੇ ਕੋਲੋਂ ਡਰਦਾ, ਨੀ ਮਾਏ.......

-----

ਇੱਕ ਗੱਲ ਆਖਾਂ ਤੈਨੂੰ ਜੇ ਤੂੰ ਲਵੇਂ ਮੰਨ ਨੀ,

ਨਾ ਕੋਈ ਦਾਜ ਦੇਵੇਂ ਨਾ ਸੱਦੀਂ ਜੰਨ ਨੀਂ,

ਆਖੀਂ ਕੰਨਿਆਂ ਦਾ ਦਾਨ ਮੈਥੋਂ ਸਰਦਾ, ਨੀ ਮਾਏ ! ਮੇਰਾ....

ਚਿੱਤ ਚੰਦਰੇ ਜ਼ਮਾਨੇ ਕੋਲੋਂ ਡਰਦਾ, ਨੀ ਮਾਏ.................

-----

ਘਰ ਚ ਕਲੇਸ਼ ਪੈ ਗਿਆਕਾਵਿ-ਸੰਗ੍ਰਹਿ ਵਿੱਚ ਗੁਰਦਰਸ਼ਨ ਬਾਦਲ ਨੇ ਸਾਧਾਰਨ ਪਾਠਕ ਨੂੰ ਆਪਣੇ ਨਾਲ ਤੋਰਣ ਲਈ ਕੁਝ ਹਲਕੇ-ਫੁਲਕੇ ਗੀਤ ਵੀ ਸ਼ਾਮਿਲ ਕੀਤੇ ਹਨ; ਪਰ ਇਸਦਾ ਇਹ ਮਤਲਬ ਨਹੀਂ ਕਿ ਇਹ ਗੀਤ ਕੋਈ ਲੱਚਰਵਾਦੀ ਗੀਤ ਹਨ, ਜਿਵੇਂ ਕਿ ਅੱਜ ਕੱਲ੍ਹ ਦੇ ਬਹੁਤ ਸਾਰੇ ਗੀਤਕਾਰ ਸਸਤੀ ਸ਼ੌਹਰਤ ਲੈਣ ਲਈ ਲਿਖ ਰਹੇ ਹਨਹਲਕੇ-ਫੁਲਕੇ ਗੀਤ ਲਿਖਦਿਆਂ ਵੀ ਗੁਰਦਰਸ਼ਨ ਬਾਦਲ ਇਸ ਗੱਲੋਂ ਚੇਤੰਨ ਰਹਿੰਦਾ ਹੈ ਕਿ ਉਸਦੇ ਗੀਤਾਂ ਦਾ ਮਿਆਰ ਨਾ ਡਿੱਗੇ ਅਤੇ ਉਹ ਪਰਿਵਾਰ ਵਿੱਚ ਬੈਠਕੇ ਵੀ ਸੁਣੇ ਜਾ ਸਕਣਇਸ ਤਰ੍ਹਾਂ ਕਰਕੇ ਉਹ ਹਰ ਉਮਰ ਦੇ ਪਾਠਕਾਂ ਨੂੰ ਆਪਣੇ ਨਾਲ ਜੋੜੀ ਰੱਖਣ ਵਿੱਚ ਕਾਮਯਾਬ ਰਹਿੰਦਾ ਹੈਉਸਦੇ ਗੀਤਾਂ ਵਿੱਚ ਵਰਤੀ ਗਈ ਸ਼ਬਦਾਵਲੀ ਬਹੁਤ ਹੀ ਸਰਲ ਹੁੰਦੀ ਹੈ ਅਤੇ ਇਸ ਪੁਸਤਕ ਵਿੱਚ ਸ਼ਾਮਿਲ ਅਨੇਕਾਂ ਖ਼ੂਬਸੂਰਤ ਗੀਤ ਗਾਏ ਜਾ ਸਕਦੇ ਹਨਪੇਸ਼ ਹਨ ਉਸਦੇ ਅਜਿਹੇ ਗੀਤਾਂ ਵਿੱਚੋਂ ਕੁਝ ਖ਼ੂਬਸੂਰਤ ਉਦਾਹਰਣਾਂ:

1.ਕਾਲੇ ਰੰਗ ਨੇ ਗੋਰਾ ਨਹੀਂ ਜੇ ਹੋਣਾ, ਨੀ ਦੀਵੇ ਭਾਵੇਂ ਲੱਖ ਬਾਲ਼ ਲੈ

ਲੱਖ ਤੂੰ ਬਣਾ ਲੈ ਚੰਦ-ਸੂਰਜਾਂ ਦੇ ਗਹਿਣੇ ਨੀ,

ਤਾਰਿਆਂ ਨੂੰ ਜੜ ਭਾਵੇਂ ਗੁੱਤ ਚ ਸ਼ੁਦੈਣੇ ਨੀ,

ਚਿੱਟੇ ਪੌਡਰਾਂ ਨੇ ਰੰਗ ਨਹੀਂ ਲੁਕੋਣਾ, ਨੀ ਦੀਵੇ ਭਾਵੇਂ...

ਕਾਲੇ ਰੰਗ ਨੇ ਗੋਰਾ ਨਹੀਂ ਜੇ ਹੋਣਾ....

2.ਜਦੋਂ ਚਾਟੀ ਵਿੱਚ ਘੁੰਮਦੀ ਮਧਾਣੀ ਹਾਣੀਆਂ !

ਰਹਿਣ ਸੁੱਤੀਆਂ ਇਹ ਸੱਸ ਤੇ ਜਠਾਣੀ ਹਾਣੀਆਂ !

ਆਵੇ ਹਰ ਇੱਕ ਗੇੜੇ ਤੇਰੀ ਯਾਦ ਸੱਜਣਾ !

ਮੁੱਖ ਵੇਖ-ਵੇਖ ਤੇਰਾ ਮੈਨੂੰ ਆਵੇ ਰੱਜ ਨਾ,

ਦਿਲੀ ਰਮਜ਼ ਤੂੰ ਮੇਰੀ ਨਾ ਪਛਾਣੀ ਹਾਣੀਆਂ !

ਰਹਿਣ ਸੁੱਤੀਆਂ ਇਹ ਸੱਸ ਤੇ ਜਠਾਣੀ ਹਾਣੀਆਂ !

3.ਤੂੰ ਨਾ ਪੱਕੀਆਂ ਮੇਰੀਆਂ ਖਾਵੇਂ, ਮੈਂ ਮੱਚ ਗਈ ਤੰਦੂਰ ਤੇ ਖੜ੍ਹੀ

ਨਿੱਤ ਭਾਬੀਆਂ ਦੇ ਦਰਾਂ ਉੱਤੇ ਜਾਵੇਂ, ਮੈਂ ਮੱਚ ਗਈ ਤੰਦੂਰ ਤੇ ਖੜ੍ਹੀ

ਕੋਠੇ ਉੱਤੋਂ ਸੁੱਕਾ-ਸੁੱਕਾ, ਬਾਲਣ ਮੈਂ ਲਾਹਿਆ ਵੇ,

ਆਟੇ ਦੀ ਪਰਾਤ ਵਿਚ, ਹਿੱਸਾ ਤੇਰਾ ਪਾਇਆ ਵੇ,

ਅੱਗੋਂ ਨਖ਼ਰੇ ਤੂੰ ਕਰਕੇ ਵਿਖਾਵੇਂ, ਮੈਂ ਮੱਚ ਗਈ ਤੰਦੂਰ ਤੇ ਖੜ੍ਹੀ

ਨਿੱਤ ਭਾਬੀਆਂ ਦੇ ਦਰਾਂ ਉੱਤੇ ਜਾਵੇਂ, ਮੈਂ ਮੱਚ ਗਈ...

-----

ਘਰ ਚ ਕਲੇਸ਼ ਪੈ ਗਿਆਇੱਕ ਖ਼ੂਬਸੂਰਤ ਗੀਤ-ਸੰਗ੍ਰਹਿ ਹੈਇਸ ਗੀਤ-ਸੰਗ੍ਰਹਿ ਦੀ ਪ੍ਰਕਾਸ਼ਨਾ ਨਾਲ ਗੁਰਦਰਸ਼ਨ ਬਾਦਲ ਕੈਨੇਡਾ ਦੇ ਪੰਜਾਬੀ ਗੀਤਕਾਰਾਂ ਦੀ ਢਾਣੀ ਵਿੱਚ ਵੀ ਸ਼ਾਮਿਲ ਹੋ ਗਿਆ ਹੈਇੱਕ ਸਫ਼ਲ ਗ਼ਜ਼ਲਗੋ ਵਜੋਂ ਤਾਂ ਉਸ ਦੀ ਪਹਿਚਾਣ ਪਹਿਲਾਂ ਹੀ ਬਣੀ ਹੋਈ ਸੀ; ਗੁਰਦਰਸ਼ਨ ਬਾਦਲ ਦੀ ਸਾਹਿਤਕ ਸ਼ਖ਼ਸੀਅਤ ਵਿਚਲੇ ਇੱਕ ਵਧੀਆ ਗੀਤਕਾਰ ਵਾਲੇ ਗੁਣਾਂ ਨਾਲ ਕੈਨੇਡਾ ਦੇ ਪੰਜਾਬੀ ਪਾਠਕਾਂ ਦੀ ਜਾਣ ਪਹਿਚਾਣ ਕਰਵਾਕੇ ਮੈਨੂੰ ਦਿਲੀ ਖ਼ੁਸ਼ੀ ਮਹਿਸੂਸ ਹੋ ਰਹੀ ਹੈਮੈਨੂੰ ਉਮੀਦ ਹੈ ਕਿ ਇਸ ਕਾਵਿ-ਸੰਗ੍ਰਹਿ ਨੂੰ ਪੜ੍ਹਣ ਤੋਂ ਬਾਅਦ ਪੰਜਾਬੀ ਪਾਠਕ ਵੀ ਅਜਿਹੀ ਹੀ ਖ਼ੁਸ਼ੀ ਮਹਿਸੂਸ ਕਰਨਗੇ

No comments: