ਲੇਖ
ਮਨੁੱਖੀ ਹੋਂਦ ਅਤੇ ਸਰੋਕਾਰਾਂ ਨਾਲ ਜੁੜਿਆ ਪੰਜਾਬੀ ਨਾਵਲ ‘ਅਮ੍ਰਿਤ’ ਕੈਨੇਡੀਅਨ ਪੰਜਾਬੀ ਨਾਵਲਕਾਰ ਜਸਬੀਰ ਕਾਲਰਵੀ ਨੇ 2005 ਵਿੱਚ ਪ੍ਰਕਾਸ਼ਿਤ ਕੀਤਾ ਸੀ।
ਵਿਸ਼ਵ ਪੱਧਰ ਉੱਤੇ ਮਨੁੱਖੀ ਹੋਂਦ ਅਤੇ ਉਸ ਨਾਲ ਜੁੜੇ ਸਰੋਕਾਰਾਂ ਬਾਰੇ ਚਰਚਾ ਅਲਬਰਟ ਕਾਮੂੰ ਦੀਆਂ ਲਿਖਤਾਂ ‘ਆਊਟਸਾਈਡਰ’, ‘ਮਿੱਥ ਆਫ ਸਿਸੀਪਸ’, ਜਾਂ ਪਾਲ ਸਾਰਤਰ ਦੀ ਲਿਖਤ ‘ਐਸੇਜ਼ ਇਨ ਅਗਜ਼ਿਸਟੈਂਸ਼ੇਲਿਜ਼ਮ’ ਅਤੇ ਸੈਮੂਅਲ ਬੈਕਟ ਦੇ ਨਾਟਕ ‘ਵੇਟਿੰਗ ਫਾਰ ਗੋਦੋ’ ਨਾਲ ਛਿੜਿਆ। ਇਹ ਚਰਚਾ ਦੂਸਰੇ ਮਹਾਂ ਯੁੱਧ ਤੋਂ ਬਾਹਦ ਹੋਰ ਵੀ ਭਖ ਗਿਆ। ਹਿਟਲਰ ਦੀਆਂ ਫੌਜਾਂ ਵੱਲੋਂ ਲੱਖਾਂ ਯਹੂਦੀਆਂ ਨੂੰ ਗੈਸ ਚੈਂਬਰਾਂ ਵਿੱਚ ਸਾੜਨ ਅਤੇ ਅਮਰੀਕਾ ਵੱਲੋਂ ਜਪਾਨ ਦੇ ਸ਼ਹਿਰਾਂ ਹੀਰੋਸ਼ੀਮਾ/ਨਾਗਾਸਾਕੀ ਉੱਤੇ ਐਟਮ ਬੰਬ ਸੁੱਟ ਕੇ ਹਜ਼ਾਰਾਂ ਲੋਕਾਂ ਨੂੰ ਪਲ ਛਿਨ ਵਿੱਚ ਹੀ ਮਿੱਟੀ ਦਾ ਢੇਰ ਬਨਾਉਣ ਤੋਂ ਬਾਹਦ ਮਨੁੱਖ ਦੀ ਇਸ ਦੁਨੀਆਂ ਵਿੱਚ ਹੋਂਦ ਬਾਰੇ ਚਰਚਾ ਜ਼ੋਰ ਫੜ ਗਿਆ। 1960 ਦੇ ਆਸ ਪਾਸ ਮਨੁੱਖੀ ਹੋਂਦ ਦੀ ਹੋ ਰਹੀ ਤਬਾਹੀ ਲਈ ਜ਼ਿੰਮੇਵਾਰ ਬਣ ਰਹੀ ਆਧੁਨਿਕਤਾ ਅਤੇ ਅਜਿਹੀਆਂ ਸਥਿਤੀਆਂ ਨੂੰ ਜਨਮ ਦੇ ਰਹੇ ਤਰਕਸ਼ੀਲ ਵਿਚਾਰਾਂ ਦੇ ਵਿਰੋਧ ਵਿੱਚ ਹਿੱਪੀ ਕਲਚਰ ਪੈਦਾ ਹੋਇਆ। 1970 ਦੇ ਆਸ ਪਾਸ ਵੀਅਤਨਾਮ ਦੀ ਜੰਗ ਵਿੱਚ ਉਲਝੀ ਅਮਰੀਕਨ ਫੌਜ ਦੀਆਂ ਹਜ਼ਾਰਾਂ ਲਾਸ਼ਾਂ ਦੇ ਤਾਬੂਤ ਅਮਰੀਕਾ ਦੇ ਹਵਾਈ ਅੱਡਿਆਂ ਉੱਤੇ ਉਤਰਨ ਲੱਗੇ ਤਾਂ ਇਹੀ ਚਰਚਾ ਬੀਟ ਕਲਚਰ/ਕਾਊਂਟਰ ਕਲਚਰ ਦੇ ਰੂਪ ਵਿੱਚ ਉੱਭਰਿਆ।
-----
‘ਅਮ੍ਰਿਤ’ ਨਾਵਲ ਵਿੱਚ ਜਸਬੀਰ ਕਾਲਰਵੀ ਮਨੁੱਖੀ ਜ਼ਿੰਦਗੀ ਨਾਲ ਸਬੰਧਤ ਅਨੇਕਾਂ ਗਿਆਨ ਪ੍ਰਣਾਲੀਆਂ ਨੂੰ ਆਪਣੀ ਚਰਚਾ ਦਾ ਵਿਸ਼ਾ ਬਣਾਉਂਦਾ ਹੈ। ਕੈਨੇਡੀਅਨ ਪੰਜਾਬੀ ਨਾਵਲ ਦੇ ਖੇਤਰ ਵਿੱਚ ਇਸ ਤਰ੍ਹਾਂ ਦਾ ਪ੍ਰਯੋਗ ਸ਼ਾਇਦ ਇਸ ਤੋਂ ਪਹਿਲਾਂ ਕਿਸੇ ਹੋਰ ਨਾਵਲਕਾਰ ਨੇ ਨਹੀਂ ਕੀਤਾ। ਇਸ ਨਾਵਲ ਵਿੱਚ ਜਸਬੀਰ ਕਾਲਰਵੀ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਬਾਰੇ ਵੀ ਆਪਣੇ ਵਿਚਾਰ ਪੇਸ਼ ਕਰਦਾ ਹੈ। ਇਸ ਨਾਵਲ ਵਿੱਚ ਉਹ ਕਿਸੇ ਵੀ ਪ੍ਰਚਲਿਤ ਵਿਚਾਰਧਾਰਾ ਜਾਂ ਵਾਦ ਦਾ ਸਮਰਥਨ ਕਰਨ ਦੀ ਥਾਂ ਇੱਕ ਅਜਿਹੇ ਸਮਾਜ ਦੀ ਉਸਾਰੀ ਵਿੱਚ ਰੁਚੀ ਦਿਖਾਂਦਾ ਹੈ। ਜਿਸ ਵਿੱਚ ਮੁਕੰਮਲ ਮਨੁੱਖ ਦੀ ਗੱਲ ਹੋਵੇ। ਇੱਕ ਅਜਿਹਾ ਸਮਾਜ ਜਿਸ ਵਿੱਚ ਮਨੁੱਖ, ਮਹਿਜ਼, ਵਸਤਾਂ ਦੀ ਪ੍ਰਾਪਤੀ ਕਰਨ ਨੂੰ ਹੀ ਆਪਣੀ ਜ਼ਿੰਦਗੀ ਦਾ ਇੱਕੋ ਇੱਕ ਮਨੋਰਥ ਨਾ ਸਮਝ ਲਵੇ; ਬਲਕਿ ਜਿਸ ਸਮਾਜ ਵਿੱਚ ਮਨੁੱਖ ਚੇਤੰਨ ਪੱਧਰ ਉੱਤੇ ਵੀ ਜਾਗਰੂਕ ਹੋਵੇ ਅਤੇ ਸੰਵੇਦਨਸ਼ੀਲਤਾ ਦੀ ਪੱਧਰ ਉੱਤੇ ਵੀ। ਇੱਕ ਅਜਿਹਾ ਸਮਾਜ ਜਿਸ ਵਿੱਚ ਮਨੁੱਖ ਸੰਵੇਦਨਸ਼ੀਲ ਹੋਣ ਅਤੇ ਜੋ ਹੋਰਨਾਂ ਲੋਕਾਂ ਦੇ ਦੁੱਖਾਂ-ਦਰਦਾਂ ਨੂੰ ਮਹਿਸੂਸ ਕਰ ਸਕਦੇ ਹੋਣ। ਅਜਿਹਾ ਸਮਾਜ ਜਿਸ ਵਿੱਚ ਵਿਦਿਆਰਥੀਆਂ ਨੂੰ ਇੱਕ ਦੂਜੇ ਨੂੰ ਦਰੜ ਕੇ ਅੱਗੇ ਲੰਘ ਜਾਣਾ ਹੀ ਨਾ ਸਿਖਾਇਆ ਜਾਵੇ; ਬਲਕਿ ਜਿਸ ਸਮਾਜ ਵਿੱਚ ਸਾਂਝੀਵਾਲਤਾ, ਮਿਲਵਰਤਣ ਅਤੇ ਵਿਸ਼ਵ ਅਮਨ ਜਿਹੇ ਸੰਕਲਪਾਂ ਨੂੰ ਮਨੁੱਖੀ ਜ਼ਿੰਦਗੀ ਦਾ ਆਧਾਰ ਬਣਾਇਆ ਜਾਵੇ। ਨਾਵਲਕਾਰ ਇੱਕ ਅਜਿਹੇ ਸਮਾਜ ਦੀ ਉਸਾਰੀ ਹੋਈ ਦੇਖਣੀ ਚਾਹੁੰਦਾ ਹੈ ਜਿਸ ਵਿੱਚ ਪੂਰਬੀ ਅਤੇ ਪੱਛਮੀ ਸਭਿਆਚਾਰਾਂ ਦੀਆਂ ਖ਼ੂਬਸੂਰਤ ਗੱਲਾਂ ਦਾ ਸੁਮੇਲ ਹੋਵੇ। ਉਸ ਦਾ ਵਿਚਾਰ ਹੈ ਕਿ ਮਨੁੱਖ ਦੀ ਹੋਂਦ ਨਾਲ ਜੁੜੇ ਸਰੋਕਾਰਾਂ ‘ਚੋਂ ਪੈਦਾ ਹੁੰਦੇ ਸੰਕਟਾਂ ਦਾ ਆਰੰਭ ਮਨੁੱਖ ਦੀ ਬਾਲ ਅਵਸਥਾ ਵਿੱਚ ਹੀ ਹੋ ਜਾਂਦਾ ਹੈ। ਉਸਦਾ ਵਿਚਾਰ ਹੈ ਕਿ ਅਜੋਕੀ ਵਿੱਦਿਆ ਪ੍ਰਣਾਲੀ ਬੱਚਿਆਂ ਦੇ ਦਿਮਾਗ਼ ਬੰਦ ਕਰਦੀ ਹੈ। ਇਸ ਸੰਦਰਭ ਵਿੱਚ ‘ਅਮ੍ਰਿਤ’ ਨਾਵਲ ਦੇ ਮੁੱਖ ਪਾਤਰ ਅੰਮ੍ਰਿਤ ਦੀ ਸੋਚ ਪ੍ਰਗਟਾਉਂਦੇ ਸ਼ਬਦ ਪੜ੍ਹਨੇ ਵਧੇਰੇ ਲਾਹੇਵੰਦ ਹੋਣਗੇ:
“ਉਹ ਸੋਚਦਾ ਸੀ ਕਿ ਹਰ ਵਿਦਿਆਰਥੀ ਵਿਸ਼ਵ-ਵਿਦਿਆਲਿਆਂ ‘ਚੋਂ ਜਦੋਂ ਨਿਕਲਦਾ ਹੈ ਤਾਂ ਉਹ ਰੱਦੀ ਦੀ ਟੋਕਰੀ ਵਰਗਾ ਹੋ ਕੇ ਨਿਕਲਦਾ ਹੈ; ਹਾਲਾਂ ਕਿ ਉਸਨੂੰ ਜਗਦੇ ਦੀਵੇ ਵਰਗਾ ਹੋਣਾ ਚਾਹੀਦਾ ਹੈ। ਅੱਜ ਦੀ ਪੜ੍ਹਾਈ ਸਿਰਫ਼ ਢਿੱਡ ਤੱਕ ਸੀਮਤ ਹੈ। ਉਹ ਢਿੱਡ ਤੋਂ ਉੱਪਰ ਤੇ ਢਿੱਡ ਤੋਂ ਥੱਲੇ ਦੇ ਸੰਸਾਰ ਦਾ ਕੋਈ ਬੋਧ ਨਹੀਂ ਕਰਵਾਉਂਦੀ...ਉਹ ਚਾਹੁੰਦਾ ਸੀ ਕਿ ਬੱਚੇ ਨਿਰੋਲ ਭੌਤਿਕਵਾਦ ਤੇ ਅੰਨ੍ਹੇ ਭੋਗਵਾਦ ਦਾ ਸ਼ਿਕਾਰ ਨਾ ਹੋਣ।”
2.“ਅਮ੍ਰਿਤ ਸੋਚਦਾ ਆਇਆ ਸੀ ਕਿ ਮਨ ਦਾ ਬਾਹਰਮੁਖੀ ਵਿਕਾਸ ਜਿੱਥੇ ਇੰਨੀ ਖ਼ੁਸ਼ਹਾਲੀ ਦੇ ਸਕਦਾ ਹੈ- ਉੱਥੇ ਮਨ ਦਾ ਅੰਤਰਮੁਖੀ ਵਿਕਾਸ ਕਿੰਨਾ ਆਨੰਦ ਦੇਵੇਗਾ। ਅਸੀਂ ਅੰਤਰਮੁਖੀ ਨਹੀਂ ਰਹੇ।”
3.“ਅਮ੍ਰਿਤ ਚਾਹੁੰਦਾ ਸੀ ਕਿ ਸਿੱਖਿਆ ਦਾ ਆਧਾਰ ਪ੍ਰੇਮ ਹੋਣਾ ਚਾਹੀਦਾ ਹੈ-ਈਰਖਾ ਨਹੀਂ। ਸਿੱਖਿਆ ਦਾ ਆਧਾਰ ਸੁਖ ਹੋਣਾ ਚਾਹੀਦਾ ਹੈ-ਦੁੱਖ ਨਹੀਂ। ਪਰਿਵਾਰ ਤੇ ਸਕੂਲ ਸਿੱਖਿਆ ਦੇ ਦੋ ਵਿਦਿਆਲੇ ਹਨ-ਤੇ ਇਹ ਦੋਵੇਂ ਹੀ ਆਪਣੀ ਹੋਂਦ ਗੁਆ ਚੁੱਕੇ ਹਨ। ਦੋਵੇਂ ਹੀ ਬੱਚਿਆਂ ਨੂੰ ਦੂਸ਼ਿਤ ਸਿੱਖਿਆ ਦੇ ਕੇ ਉਨ੍ਹਾਂ ਦੇ ਆਪਣੇ ਅਸਤਿਤਵ ਨੂੰ ਖਰਾਬ ਕਰ ਰਹੇ ਹਨ”
ਨਾਵਲਕਾਰ ਦਾ ਇਹ ਵੀ ਯਕੀਨ ਹੈ ਕਿ ਸਕੂਲਾਂ ਨੂੰ ਇਹ ਪੁੱਛਣਾ ਵੀ ਬੰਦ ਕਰਨਾ ਪਵੇਗਾ ਕਿ ਕੌਣ ਹਿੰਦੂ, ਕੌਣ ਮੁਸਲਮਾਨ ਹੈ, ਕੌਣ ਈਸਾਈ ਹੈ ਤੇ ਕੌਣ ਸਿੱਖ ਹੈ। ਅਜੋਕੀ ਵਿੱਦਿਆ ਪ੍ਰਣਾਲੀ ਢਿੱਡ ਭਰਦੀ ਹੈ ਤੇ ਦਿਮਾਗ਼ ਨੂੰ ਖ਼ਾਲੀ ਕਰਦੀ ਹੈ। ਜਿਸ ਤਰ੍ਹਾਂ ਖ਼ਾਲੀ ਘਰਾਂ ਨੂੰ ਤਾਲੇ ਲੱਗ ਜਾਂਦੇ ਹਨ ਇਸੇ ਤਰ੍ਹਾਂ ਇਹ ਦਿਮਾਗ਼ ਦੇ ਬੂਹੇ ਬੰਦ ਕਰ ਦਿੰਦੀ ਹੈ।
-----
ਜਸਬੀਰ ਕਾਲਰਵੀ ਇਸ ਨਾਵਲ ਵਿੱਚ ਇਹ ਤੱਥ ਵੀ ਉਭਾਰਦਾ ਹੈ ਕਿ ਅਸੀਂ ਬਚਪਨ ਵਿੱਚ ਬੱਚੇ ਨੂੰ ਜੋ ਸਿੱਖਿਆ ਦਿੰਦੇ ਹਾਂ ਉਸ ਦੀ ਸਜ਼ਾ ਉਸ ਨੂੰ ਉਮਰ ਭਰ ਭੁਗਤਣੀ ਪੈਂਦੀ ਹੈ। ਉਹ ਸੰਸਕਾਰ ਉਸਦੇ ਨਾਲ ਮਰਨ ਤੱਕ ਜਾਂਦੇ ਹਨ:
“ਪੈਦਾ ਹੁੰਦੇ ਬੱਚੇ ਨੂੰ ਹੀ ਸਮਾਜ ਦਾ ਸਭ ਤੋਂ ਜੰਗਾਲਿਆ ਤੇ ਸਖਤ ਸੰਗਲ ਉਸ ਨੂੰ ਕਾਲੇ ਧਰਮਾਂ ਦੀ ਕੈਦ ‘ਚ ਨੂੜ ਦਿੰਦਾ ਹੈ। ਪੈਦਾ ਹੁੰਦਾ ਬੱਚਾ ਹੀ ਹਿੰਦੂ, ਸਿੱਖ, ਮੁਸਲਮਾਨ ਤੇ ਈਸਾਈ ਬਣ ਜਾਂਦਾ ਹੈ-ਪਰ ਇਨਸਾਨ ਕਦੀ ਵੀ ਨਹੀਂ ਬਣਦਾ। ਉਹ ਇਕ ਸੰਭਾਵਨਾ ਵਰਗਾ ਹੁੰਦਾ ਹੈ-ਜਿਸ ਨੇ ਫੁੱਲ ਬਣਨਾ ਹੁੰਦਾ ਹੈ - ਪਰ ਜੰਮਦੇ ਬੱਚੇ ਨੂੰ ਅਸੀਂ ਸੰਵੇਦਨਾਹੀਣ ਪੱਥਰ ਬਣਾ ਦਿੰਦੇ ਹਾਂ। ਬੱਚਿਆਂ ਨੂੰ ਬਚਪਨ ‘ਚ ਹੀ ਸਾਂਚਿਆਂ ‘ਚ ਢਾਲ ਦਿੱਤਾ ਜਾਂਦਾ ਹੈ।”
-----
ਮਨੁੱਖ ਨੂੰ ਬੌਣਾ ਬਨਾਉਣ ਲਈ ਧਰਮ, ਸਭਿਆਚਾਰ ਅਤੇ ਰਾਜਨੀਤੀ ਦੀ ਤਿਕੜੀ ਇੱਕਠੀ ਹੋ ਕੇ ਚਲਦੀ ਹੈ। ਜਸਬੀਰ ਕਾਲਰਵੀ ਨੇ ਭਾਵੇਂ ਇਹ ਨਾਵਲ ਕੈਨੇਡਾ ਵਿੱਚ ਰਹਿੰਦਿਆਂ ਲਿਖਿਆ ਹੈ ਪਰ ਉਸਦੇ ਨਾਵਲ ਵਿੱਚ ਲਿਖੀਆਂ ਗੱਲਾਂ ਕੈਨੇਡੀਅਨ ਸਮਾਜ ਨਾਲੋਂ ਭਾਰਤੀ/ਪੰਜਾਬੀ ਸਮਾਜ ਉੱਤੇ ਵਧੇਰੇ ਲਾਗੂ ਹੁੰਦੀਆਂ ਹਨ। ਜਿੱਥੇ ਕਿ ਉਸਨੇ ਆਪਣੀ ਜ਼ਿੰਦਗੀ ਦਾ ਵਧੇਰੇ ਹਿੱਸਾ ਗੁਜ਼ਾਰਿਆ ਹੈ। ਭਾਰਤੀ ਸਮਾਜ ਉੱਤੇ ਧਰਮ ਦੀ ਤੱਕੜੀ ਜਕੜ ਹੈ। ਇਸਦਾ ਲਾਭ ਰਾਜਨੀਤੀਵਾਨ ਪੂਰੀ ਤਰ੍ਹਾਂ ਉਠਾਉਂਦੇ ਹਨ. ਧਰਮ ਦੇ ਨਾਮ ਉੱਤੇ ਪੰਡਤ, ਪਾਦਰੀ, ਮੁੱਲਾਂ ਅਤੇ ਭਾਈ ਲੋਕਾਂ ਨੂੰ ਲੁੱਟਦੇ ਹਨ। ਇਸ ਲੁੱਟ ਨੂੰ ਕਾਇਮ ਰੱਖਣ ਲਈ ਹੀ ਉਹ ਸਮਾਜਿਕ, ਸਭਿਆਚਾਰਕ ਅਤੇ ਰਾਜਨੀਤਕ ਆਗੂਆਂ ਦਾ ਸਮਰਥਨ ਕਰਦੇ ਹਨ; ਪਰ ਭਾਰਤੀ ਸਮਾਜ ਵਿੱਚ ਇਹ ਗੱਲ ਕੋਈ ਨਵੀਂ ਨਹੀਂ। ਹਜ਼ਾਰਾਂ ਸਾਲਾਂ ਤੋਂ ਇਸ ਲੁਟੇਰੀ ਤਿਕੜੀ ਵੱਲੋਂ ਭਾਰਤੀ ਧਾਰਮਿਕ, ਸਮਾਜਿਕ ਅਤੇ ਸਭਿਆਚਾਰਕ ਗ੍ਰੰਥ ਸਮਾਜ ਦੇ ਦੱਬੇ ਕੁਚਲੇ ਲੋਕਾਂ ਨੂੰ ਗੁਲਾਮਾਂ ਵਰਗੀ ਜ਼ਿੰਦਗੀ ਜਿਉਣ ਲਈ ਮਜਬੂਰ ਕਰਨ ਵਾਸਤੇ ਆਧਾਰ ਬਣਾਏ ਜਾਂਦੇ ਆ ਰਹੇ ਹਨ। ਭਾਰਤੀ ਰਾਜਨੀਤੀਵਾਨ ਧਾਰਮਿਕ ਕੱਟੜਵਾਦੀ ਫਿਰਕੂ ਜਨੂੰਨਵਾਦੀ ਦਹਿਸ਼ਤਗਰਦੀ ਫੈਲਾ ਕੇ ਆਮ ਆਦਮੀ ਦੇ ਮਨ ਵਿੱਚ ਸਹਿਮ ਪੈਦਾ ਕਰਨ ਦੀ ਆਪਣੀ ਘਿਨੌਣੀ ਖੇਡ ਅਕਸਰ ਹੀ ਖੇਡਦੇ ਰਹਿੰਦੇ ਹਨ। ਇਸ ਗੱਲ ਦਾ ਚਰਚਾ ‘ਅਮ੍ਰਿਤ’ ਨਾਵਲ ਵਿੱਚ ਵੀ ਕੀਤਾ ਗਿਆ ਹੈ:
“ਹਰ ਸਮਾਜ ‘ਚ ਰਾਜਨੀਤਿਕ ਬੰਦਿਆਂ ਦਾ ਅਸਲੀ ਗੱਠਜੋੜ ਪੁਜਾਰੀ ਜਮਾਤ ਨਾਲ ਹੁੰਦਾ ਹੈ। ਪੰਜਾਬੀ ਸਮਾਜ ‘ਚ ਵੀ ਧਰਮ ਤੇ ਰਾਜਨੀਤੀ ‘ਇਕ ਹੈ’ ਦਾ ਨਾਅਰਾ ਲਗਪਗ ਪ੍ਰਵਾਨ ਹੋ ਚੁੱਕਾ ਹੈ।”
-----
ਇਸ ਨਾਵਲ ਵਿੱਚ ਜਸਬੀਰ ਕਾਲਰਵੀ ਮੁਖੌਟਾਧਾਰੀ ਆਖੌਤੀ ਪੰਜਾਬੀ ਲੇਖਕਾਂ ਬਾਰੇ ਵੀ ਚਰਚਾ ਛੇੜਦਾ ਹੈ। ਜਿਨ੍ਹਾਂ ਪੰਜਾਬੀ ਲੇਖਕਾਂ, ਚਿੰਤਕਾਂ ਅਤੇ ਬੁੱਧੀਜੀਵੀਆਂ ਨੇ ਆਮ ਮਨੁੱਖ ਦੀ ਅਗਵਾਈ ਕਰਨੀ ਹੈ, ਉਨ੍ਹਾਂ ਦਾ ਆਪਣਾ ਕਿਰਦਾਰ ਹੀ ਸ਼ੱਕੀ ਕਿਸਮ ਦਾ ਹੈ। ਸਾਡੀਆਂ ਸਾਹਿਤ ਸਭਾਵਾਂ ਵਿੱਚ ਬੰਦਿਆਂ ਦੀ ਵੱਧ ਅਤੇ ਸਾਹਿਤ ਦੀ ਗੱਲ ਘੱਟ ਹੁੰਦੀ ਹੈ। ਨਾਵਲਕਾਰ ਅਜਿਹੇ ਮੁਖੌਟਾਧਾਰੀ ਪੰਜਾਬੀ ਲੇਖਕਾਂ ਬਾਰੇ ਕਹਿੰਦਾ ਹੈ ਕਿ ਅਜਿਹੇ ਮੁਖੌਟਾਧਾਰੀ ਆਖੌਤੀ ਲੇਖਕ ਸਾਹਿਤ ਵਿੱਚ ਲੱਚਰਵਾਦ ਫੈਲਾ ਰਹੇ ਹਨ। ਅਜਿਹੇ ਲੇਖਕਾਂ ਨੂੰ ਜਦੋਂ ਕਦੀ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿਵੇਂ ਲਿਖਦੇ ਹੋ? ਤਾਂ ਚਿਹਰਿਆਂ ਉੱਤੇ ਨਕਲੀ ਮੁਸਕਾਨਾਂ ਲਿਆ ਕੇ ਉਹ ਝੱਟ ਆਖ ਦਿੰਦੇ ਹਨ ਕਿ ਇਹ ਤਾਂ ਜੀ ਕੋਈ ਗ਼ੈਬੀ ਸ਼ਕਤੀ ਹੀ ਸਾਡੇ ਕੋਲੋਂ ਲਿਖਵਾਂਦੀ ਹੈ। ਨਾਵਲਕਾਰ ਪੁੱਛਦਾ ਹੈ ਕਿ ਜੇਕਰ ਗ਼ੈਬੀ ਸ਼ਕਤੀ ਹੀ ਇਨ੍ਹਾਂ ਲੇਖਕਾਂ ਤੋਂ ਲਿਖਵਾ ਰਹੀ ਹੈ ਤਾਂ ਇਨ੍ਹਾਂ ਲੇਖਕਾਂ ਦਾ ਉਨ੍ਹਾਂ ਦੀਆਂ ਲਿਖਤਾਂ ਲਿਖਣ ਵਿੱਚ ਕੀ ਯੋਗਦਾਨ ਹੈ? ਨਾਵਲਕਾਰ ਇਹ ਨੁਕਤਾ ਵੀ ਉਠਾਂਦਾ ਹੈ ਕਿ ਕੋਈ ਵੀ ਲੇਖਕ ਆਪਣੇ ਤੋਂ ਬਾਹਰੀ ਰਚਨਾ ਨਹੀਂ ਕਰ ਕਰ ਸਕਦੇ। ਜੇਕਰ ਉਨ੍ਹਾਂ ਦੀਆਂ ਰਚਨਾਵਾਂ ਵਿੱਚ ਲੱਚਰਵਾਦ ਫੈਲਿਆ ਹੋਇਆ ਹੋਵੇਗਾ ਤਾਂ ਇਸਦਾ ਮਤਲਬ ਸਪੱਸ਼ਟ ਹੈ ਕਿ ਉਨ੍ਹਾਂ ਦੀ ਮਾਨਸਿਕਤਾ ਵਿੱਚ ਵੀ ਲੱਚਰਵਾਦ ਹੀ ਹੋਵੇਗਾ। ਸਾਹਿਤਕਾਰਾਂ ਅਤੇ ਸਾਹਿਤਕ ਸੰਸਥਾਵਾਂ ਵਿੱਚ ਧੜੇਬੰਦੀਆਂ ਕਿਵੇਂ ਨੁਕਸਾਨ ਕਰ ਰਹੀਆਂ ਹਨ ਇਸ ਵਿਸ਼ੇ ਬਾਰੇ ‘ਅਮ੍ਰਿਤ’ ਨਾਵਲ ਦੀਆਂ ਹੇਠ ਲਿਖੀਆਂ ਸਤਰਾਂ ਸਾਡਾ ਧਿਆਨ ਖਿੱਚਦੀਆਂ ਹਨ:
“ਸਾਹਿਤ ਧਾਰਾਵਾਂ ਦਾ ਘਚੋਲਾ ਵੀ ਪੰਜਾਬੀ ਸਾਹਿਤ ਦੀ ਪੁੱਛ ਪ੍ਰਤੀਤ ਨੂੰ ਘੱਟ ਕਰ ਰਿਹਾ ਹੈ। ਜੇ ਤੁਸੀਂ ਮਾਲਕ ਮਜ਼ਦੂਰ ਜਾਂ ਪਦਾਰਥਵਾਦ ਦੇ ਫਲਸਫ਼ੇ ਦੇ ਇਰਦ ਗਿਰਦ ਰਹਿ ਕੇ ਕੁਝ ਲਿਖੋ ਤਾਂ ਬੇਸ਼ਕ ਉਸ ਤੋਂ ਭੂੰਡ ਵੀ ਨਾ ਨਿਕਲੇ-ਮਾਰਕਸਵਾਦੀ ਵਿਚਾਰਾਂ ਵਾਲੇ ਇਨਾਮ ਦੇਣਗੇ-ਤੇ ਉੱਤਰ-ਆਧੁਨਿਕਤਾ ਵਾਲੇ ਅਣਗੌਲ ਦੇਣਗੇ। ਇਹੀ ਸ਼ਬਦਾਂ ਦੀ ਸੀਮਤ ਸ਼ਕਤੀ ਹੁੰਦੀ ਹੈ। ਉਹ ਚਾਹੁੰਦਾ ਸੀ ਕਿ ਹਰ ਸਾਹਿਤ ਨੂੰ ਸਾਰੇ ਧਾਰਾਵਾਂ ਵਾਲੇ ਮਿਲ ਬੈਠ ਕੇ ਵਿਚਾਰਨ-ਤੇ ਲੇਖਕ ਨੂੰ ਯੋਗ ਥਾਂ ਦੇਣ।”
-----
ਪੰਜਾਬੀ ਸਾਹਿਤ ਦੇ ਖੇਤਰ ਵਿੱਚ ਇਨਾਮਾਂ-ਸਨਮਾਨਾਂ ਦੀ ਜੋ ਦੁਰਗਤੀ ਹੋ ਰਹੀ ਹੈ ਅਤੇ ਜਿਸ ਤਰ੍ਹਾਂ ਸਾਹਿਤਕਾਰ ਇਨਾਮ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੇ ਘਟੀਆ ਤੋਂ ਘਟੀਆ ਢੰਗ ਅਪਣਾ ਰਹੇ ਹਨ, ਉਹ ਵੀ ਲੇਖਕਾਂ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਸਰਕਾਰਾਂ ਵੀ ਲੇਖਕਾਂ ਨੂੰ ਇਨਾਮ ਦੇ ਕੇ ਉਨ੍ਹਾਂ ਦੀ ਜ਼ੁਬਾਨ ਹੀ ਬੰਦ ਕਰਨਾ ਚਾਹੁੰਦੀਆਂ ਹਨ। ਜਿਸ ਦਿਨ ਕੋਈ ਲੇਖਕ ਜੁੱਰਤ ਨਾਲ ਲਿਖਦਾ ਹੈ ਤਾਂ ਉਹ ਲੇਖਕ ਸਰਕਾਰ ਦੀਆਂ ਅੱਖਾਂ ਵਿੱਚ ਰੜਕਣ ਲੱਗਦਾ ਹੈ ਅਤੇ ਸਰਕਾਰ ਦੀ ਹਰ ਕੋਸ਼ਿਸ਼ ਉਸਦੇ ਸੀਨੇ ਵਿੱਚ ਖ਼ੰਜਰ ਖੋਭ ਕੇ ਉਸਦੀ ਜ਼ੁਬਾਨ ਚੁੱਪ ਕਰਵਾਉਣ ਦੀ ਹੁੰਦੀ ਹੈ। ‘ਅਮ੍ਰਿਤ’ ਨਾਵਲ ਦਾ ਮੁੱਖ ਪਾਤਰ ਅਮ੍ਰਿਤ ਇਸ ਵਿਸ਼ੇ ਬਾਰੇ ਕੀ ਕਹਿੰਦਾ ਹੈ ਉਹ ਵੀ ਸੁਣ ਲਵੋ:
“ਸਰਕਾਰੇ ਦਰਬਾਰੇ ਲੇਖਕ ਦੀ ਇਜ਼ਤ ਹੀ ਇਸੇ ਕਰਕੇ ਹੁੰਦੀ ਹੈ ਕਿ ਉਹ ਹਾਲੇ ਬੁੱਲੇ ਸ਼ਾਹ ਨਹੀਂ ਹੋਇਆ। ਜਿਸ ਦਿਨ ਕੋਈ ਕਵੀ ਬੁੱਲ੍ਹੇ ਸ਼ਾਹ ਹੁੰਦਾ ਹੈ ਉਸ ਦਿਨ ਸਰਕਾਰ ਦੀ ਚਿੰਤਾ ਉਸ ਦੀ ਜ਼ੁਬਾਨ ਬੰਦ ਕਰਨ ਲਈ ਹੁੰਦੀ ਹੈ-ਸਨਮਾਨ ਤਾਂ ਆਮ ਸਾਧਾਰਣ ਲੇਖਕਾਂ ਲਈ ਹੁੰਦੇ ਹਨ।”
-----
ਮਨੁੱਖੀ ਜ਼ਿੰਦਗੀ ਨਾ ਤਾਂ ਪੂਰੀ ਤਰ੍ਹਾਂ ਤਰਕਸ਼ੀਲ ਵਿਚਾਰਾਂ ਦੇ ਹੀ ਸਹਾਰੇ ਬਿਤਾਈ ਜਾ ਸਕਦੀ ਹੈ ਅਤੇ ਨਾ ਹੀ ਪੂਰੀ ਤਰ੍ਹਾਂ ਅਤਰਕਸ਼ੀਲ ਵਿਚਾਰਾਂ ਦੇ ਸਹਾਰੇ ਹੀ. ਦੋਹਾਂ ਤਰ੍ਹਾਂ ਦੇ ਵਿਚਾਰਾਂ ਦੇ ਸੰਤੁਲਿਤ ਸੁਮੇਲ ਦੇ ਸਹਾਰੇ ਹੀ ਜ਼ਿੰਦਗੀ ਨੂੰ ਸਮਝਿਆ ਅਤੇ ਜਿਉਣਾ ਸੰਭਵ ਹੁੰਦਾ ਹੈ। ਕਿਉਂਕਿ ਤਰਕਸ਼ੀਲ ਅਤੇ ਵਿਗਿਆਨਕ ਵਿਚਾਰ ਵੀ ਕਿਸੇ ਗੱਲ ਨੂੰ ਮੁਕੰਮਲ ਤੌਰ ਉੱਤੇ ਸਮਝਾ ਨਹੀਂ ਸਕਦੇ। ਭਾਸ਼ਾ ਵੀ ਕਿਸੀ ਗੱਲ ਨੂੰ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦੀ। ਰੋਜ਼ਾਨਾ ਜ਼ਿੰਦਗੀ ਵਿੱਚ ਅਸੀਂ ਅਕਸਰ ਦੇਖਦੇ ਹਾਂ ਕਿ ਅਨੇਕਾਂ ਵੇਰ ਸਾਨੂੰ ਕਿਸੀ ਸਥਿਤੀ ਵਿੱਚ ਕਹਿਣਾ ਪੈਂਦਾ ਹੈ ਕਿ ਜੋ ਤੁਸੀਂ ਸਮਝਿਆ ਹੈ ਮੈਂ ਦਰਅਸਲ ਇਹ ਨਹੀਂ ਕਿਹਾ ਸੀ। ਨਾਵਲ ਦੇ ਮੁੱਖ ਪਾਤਰ ਅਮ੍ਰਿਤ ਦੇ ਤਜਰਬੇ ਵੀ ਅਜਿਹੇ ਅਹਿਸਾਸ ਨਾਲ ਹੀ ਭਰੇ ਹੋਏ ਹਨ ਜਦੋਂ ਉਹ ਕਹਿੰਦਾ ਹੈ:
“ਉਹ ਹਰ ਉਸ ਥਾਂ ਗਿਆ-ਜਿੱਥੇ ਚੈਨ ਮਿਲ ਸਕਦਾ ਸੀ-ਪਰ ਉਸ ਨੂੰ ਉਸਦੇ ਸੁਪੁਨਿਆਂ ਦੀ ਠਾਹਰ ਨਾ ਮਿਲੀ। ਕਦੀ ਉਸਨੂੰ ਧਾਰਮਿਕ ਤਰਕਸ਼ੀਲ ਮਿਲੇ ਤੇ ਕਦੀ ਅਧਾਰਮਿਕ ਤਰਕਸ਼ੀਲ। ਪਰ ਸਭ ਦੀਆਂ ਅੱਖਾਂ ‘ਚ ਉਸਨੇ ਸ਼ੈਤਾਨੀ ਸੁਪਨੇ ਤਰਦੇ ਦੇਖੇ। ਉਦੋਂ ਉਸਨੂੰ ਪਹਿਲੀ ਵਾਰ ਮਹਿਸੂਸ ਹੋਇਆ ਕਿ ਤਰਕ ਨਾਲ ਸ਼ਬਦਾਂ ਦੇ ਹਾਰ ਬਣ ਸਕਦੇ ਹਨ - ਜ਼ਿੰਦਗੀ ਦੇ ਨਹੀਂ। ਜਦੋਂ ਅਸੀਂ ਜ਼ਿੰਦਗੀ ਨੂੰ ਤਰਕ ਨਾਲ ਪਰਿਭਾਸ਼ਤ ਕਰਨ ਤੁਰਦੇ ਹਾਂ ਤਾਂ ਉਹ ਅੱਗੇ ਜਾ ਚੁੱਕੀ ਹੁੰਦੀ ਹੈ।”
-----
‘ਅਮ੍ਰਿਤ’ ਇੱਕ ਸੰਵਾਦ ਮੁਖੀ ਨਾਵਲ ਹੈ। ਪੰਜਾਬੀ ਨਾਵਲ ਲਿਖਣ ਦੀ ਪਰਚਲਿਤ ਵਿਧਾ ਵਿੱਚ ਇਹ ਨਾਵਲ ਨਹੀਂ ਲਿਖਿਆ ਗਿਆ। ਇਹ ਨਾਵਲ ਅਜੋਕੇ ਸਮਿਆਂ ਵਿੱਚ ਇੱਕ ਚੇਤੰਨ ਅਤੇ ਸੰਵੇਦਨਸ਼ੀਲ ਮਨੁੱਖ ਦੀ ਮਾਨਸਿਕਤਾ ਦਾ ਪ੍ਰਗਟਾਅ ਹੈ। ਇਕ ਅਜਿਹਾ ਮਨੁੱਖ ਜੋ ਆਪਣੇ ਆਸ ਪਾਸ ਵਾਪਰ ਰਹੀਆਂ ਘਟਨਾਵਾਂ ਅਤੇ ਵਰਤਾਰਿਆਂ ਨੂੰ ਦੇਖਕੇ ਹੈਰਾਨ ਹੋ ਰਿਹਾ ਹੈ। ਜੋ ਇਹ ਵੀ ਅਨੁਭਵ ਕਰਦਾ ਹੈ ਕਿ ਹਰ ਪਾਸੇ ਝੂਠ, ਲੋਭ, ਮੋਹ, ਹੰਕਾਰ, ਹਉਮੈ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਪਰ ਇਸ ਅਨ੍ਹੇਰ ਨਗਰੀ ਵਿੱਚ ਉਸ ਦੀ ਹੋਂਦ ਮਹਿਜ਼ ਇੱਕ ਰੇਤ ਦੇ ਕਿਣਕੇ ਤੋਂ ਵੱਧ ਕੁਝ ਨਹੀਂ। ਆਮ ਆਦਮੀ ਦੀ ਕਿਧਰੇ ਵੀ ਸੁਣਵਾਈ ਨਹੀਂ। ਇਸੇ ਲਈ ਸਮਾਜ ਵਿੱਚ ਜਦੋਂ ਵੀ ਕੁਝ ਚੰਗਾ ਜਾ ਮੰਦਾ ਵਾਪਰਦਾ ਹੈ ਤਾਂ ਆਮ ਮਨੁੱਖ ਉਸ ਵੱਲ ਕੋਈ ਦਿਲਚਸਪੀ ਨਹੀਂ ਦਿਖਾਂਦਾ। ਉਦਾਹਰਣ ਵਜੋਂ ਦਹਿਸ਼ਤਗਰਦਾਂ ਨੇ ਮੁੰਬਈ ਦੇ ਪੰਜ ਸਿਤਾਰਾ ਹੋਟਲਾਂ ਉੱਤੇ ਹਮਲਾ ਕੀਤਾ ਜਿਸ ਵਿੱਚ 200 ਦੇ ਕਰੀਬ ਵਿਅਕਤੀ ਮਾਰੇ ਗਏ ਅਤੇ 400 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ। ਦੁਨੀਆਂ ਭਰ ਦੀਆਂ ਅਖਬਾਰਾਂ ਨੇ ਇਸ ਘਟਨਾ ਨੂੰ ਆਪਣੇ ਅਖਬਾਰਾਂ ਦੇ ਮੁੱਖ ਪੰਨਿਆਂ ਦੀਆਂ ਸੁਰਖ਼ੀਆਂ ਬਣਾਇਆ। ਵਿਸ਼ਵ ਭਰ ਦੇ ਰੇਡੀਓ/ਟੀਵੀ/ਇੰਟਰਨੈੱਟ ਨੇ ਕਈ ਕਈ ਦਿਨ ਤੱਕ ਇਸ ਘਟਨਾ ਦਾ ਚਰਚਾ ਕੀਤਾ। ਪਰ ਕੀ ਮੁੰਬਈ ਦੀਆਂ ਝੁੱਗੀਆਂ ਝੌਂਪੜੀਆਂ ਵਿੱਚ ਰਹਿ ਰਹੇ ਅਤਿ ਦਰਜੇ ਦੇ ਗਰੀਬ ਲੋਕਾਂ ਉੱਤੇ ਇਸ ਘਟਨਾ ਦਾ ਕੋਈ ਅਸਰ ਹੋਇਆ ਹੋਵੇਗਾ? ਸ਼ਾਇਦ, ਬਿਲਕੁਲ ਨਹੀਂ। ਇੰਡੀਆ ਦੇ ਇਨ੍ਹਾਂ ਭੁੱਖੇ ਨੰਗੇ ਲੱਖਾਂ ਲੋਕਾਂ ਦਾ ਇੰਡੀਆ ਦੇ ਇਨ੍ਹਾਂ ਮਹਿਕਾਂ ਛੱਡਦੇ ਸ਼ੀਸ਼ ਮਹੱਲਾਂ ਵਾਂਗ ਸਜੇ-ਧਜੇ ਪੰਜ ਸਿਤਾਰਾ ਹੋਟਲਾਂ ਨਾਲ ਕੀ ਵਾਸਤਾ?
----
ਜਿਉਂ ਜਿਉਂ ਗਿਆਨ ਵਿਗਿਆਨ ਦੀ ਤਰੱਕੀ ਹੋ ਰਹੀ ਹੈ ਮਨੁੱਖ ਆਪਣੇ ਆਪ ਨਾਲੋਂ ਟੁੱਟਦਾ ਜਾ ਰਿਹਾ ਹੈ। ਉਪਭੋਗਤਾਵਾਦੀ ਸਭਿਆਚਾਰ ਦੇ ਅਸਰ ਹੇਠ ਮਨੁੱਖ ਵਸਤਾਂ ਨਾਲ ਘਰ ਭਰਨ ਦੀ ਦੌੜ ਵਿੱਚ ਹਰ ਸਮੇਂ ਤਨਾਓ ਅਤੇ ਬੇਆਰਾਮੀ ਦੀ ਹਾਲਤ ਵਿੱਚ ਜ਼ਿੰਦਗੀ ਗੁਜ਼ਾਰ ਰਿਹਾ ਹੈ। ਵਿਗਿਆਨ ਦੀਆਂ ਨਵੀਨ ਪ੍ਰਾਪਤੀਆਂ ਮਨੁੱਖ ਨੂੰ ਤਬਾਹ ਕਰਨ ਲਈ ਵਰਤੀਆਂ ਜਾ ਰਹੀਆਂ ਹਨ। ਰਾਜਨੀਤਿਕ ਭ੍ਰਿਸ਼ਟਾਚਾਰ ਆਪਣੀਆਂ ਸਭ ਸੀਮਾਵਾਂ ਪਾਰ ਕਰ ਰਿਹਾ ਹੈ। ਧਾਰਮਿਕ ਕੱਟੜਵਾਦ ਵੱਲੋਂ ਫੈਲਾਇਆ ਜਾ ਰਿਹਾ ਆਤੰਕਵਾਦ ਦੁਨੀਆਂ ਦੇ ਕਿਸੇ ਵੀ ਹਿੱਸੇ ਵਿੱਚ ਵਾਪਰ ਸਕਦਾ ਹੈ। ਦੇਸ਼ਾਂ ਦੀਆਂ ਸਰਕਾਰਾਂ ਹੁਣ ਲੋਕਾਂ ਦੇ ਚੁਣੇ ਹੋਏ ਪਾਰਲੀਮੈਂਟ ਮੈਂਬਰ ਨਹੀਂ ਚਲਾਉਂਦੇ; ਬਲਕਿ ਵੱਡੀਆਂ ਵੱਡੀਆਂ ਮੈਗਾ ਕੰਪਨੀਆਂ ਦੇ ਚੀਫ ਐਗਜ਼ੈਕੇਟਿਵ ਅਫਸਰ ਚਲਾਉਂਦੇ ਹਨ। ਗਲੋਬਲੀਕਰਨ ਦੀ ਆੜ ਹੇਠ ਟੈਲੀਵੀਜ਼ਨ ਚੈਨਲਾਂ ਰਾਹੀਂ ਟੈਲੀਵੀਜ਼ਨ ਦੇ ਆਦਮ ਕੱਦ ਸਕਰੀਨਾਂ ਉੱਤੇ ਘਰ ਘਰ ਬੇਅਰਥੇ ਟੈਲੀਵੀਜ਼ਨ ਪ੍ਰੋਗਰਾਮ ਦਿਖਾਕੇ ਸਥਾਨਕ ਸਭਿਆਚਾਰਾਂ ਦੀ ਤਬਾਹੀ ਕੀਤੀ ਜਾ ਰਹੀ ਹੈ। ਅਮਰੀਕਾ ਵਰਗੀਆਂ ਮਹਾਂ-ਸ਼ਕਤੀਆਂ ਕਿਸੇ ਵੀ ਦੇਸ਼ ਦੀ ਹਕੂਮਤ ਨੂੰ ਬਦਲਣ ਲਈ ਕੋਈ ਵੀ ਬਹਾਨਾ ਬਣਾ ਕੇ ਉਸ ਦੇਸ਼ ਉੱਤੇ ਫੌਜੀ ਹਮਲਾ ਕਰ ਸਕਦੀਆਂ ਹਨ ਅਤੇ ਲੱਖਾਂ ਲੋਕਾਂ ਦੀਆਂ ਲਾਸ਼ਾਂ ਦੇ ਢੇਰ ਲਗਾ ਕੇ ਆਪਣੇ ਆਪ ਨੂੰ ਵਿਸ਼ਵ ਅਮਨ ਦੇ ਪੁਜਾਰੀ ਹੋਣ ਦਾ ਦਾਹਵਾ ਕਰ ਸਕਦੀਆਂ ਹਨ। ਅਜਿਹੀਆਂ ਹਾਲਤਾਂ ਵਿੱਚ ਆਖਿਰ ਆਮ ਆਦਮੀ ਆਪਣੇ ਆਪ ਨੂੰ ਹੀ ਸੁਆਲ ਕਰਨ ਲੱਗਦਾ ਹੈ ਕਿ ਕੀ ਉਸਦੀ ਕੋਈ ਬੁੱਕਤ ਹੈ? ਅਜਿਹੇ ਹੀ ਸੁਆਲਾਂ ਨਾਲ ਜੂਝ ਰਿਹਾ ਹੈ ਜਸਬੀਰ ਕਾਲਰਵੀ ਦਾ ਨਾਵਲ ‘ਅਮ੍ਰਿਤ’।
-----
ਜਸਬੀਰ ਕਾਲਰਵੀ ਦਾ ਨਾਵਲ ‘ਅਮ੍ਰਿਤ’ ਕੈਨੇਡੀਅਨ ਪੰਜਾਬੀ ਨਾਵਲ ਦੇ ਖੇਤਰ ਵਿੱਚ ਸਾਹਿਤਕ, ਸਮਾਜਿਕ, ਸਭਿਆਚਾਰਕ, ਆਰਥਿਕ, ਧਾਰਮਿਕ, ਰਾਜਨੀਤਿਕ ਅਤੇ ਦਾਰਸ਼ਨਿਕ ਪੱਖ ਤੋਂ ਵਿਚਾਰਧਾਰਕ ਪੱਧਰ ਉੱਤੇ ਗੰਭੀਰ ਸੰਵਾਦ ਛੇੜਨ ਵਾਲੇ ਚੇਤਨਾ ਭਰਪੂਰ ਵਿਚਾਰਾਂ ਦੀ ਪੇਸ਼ਕਾਰੀ ਕਰਨ ਵਾਲੇ ਕ੍ਰਾਂਤੀਕਾਰੀ ਨਾਵਲਾਂ ਦੀ ਸ਼ੇਣੀ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ਇਹ ਨਵੀਂ ਸੋਚ ਨਾਲ ਜੁੜਿਆ ਹੋਇਆ ਨਾਵਲ ਹੈ। ਇਹ ਨਾਵਲ ਖੜੋਤੇ ਪਾਣੀਆਂ ਵਿੱਚ ਪੱਥਰ ਸੁੱਟਣ ਵਾਂਗ ਹੈ। ਕੈਨੇਡੀਅਨ ਪੰਜਾਬੀ ਸਾਹਿਤ ਲਈ ਅਜਿਹੇ ਨਾਵਲ ਦਾ ਪ੍ਰਕਾਸ਼ਿਤ ਹੋਣਾ ਇੱਕ ਸ਼ੁੱਭ ਸ਼ਗਨ ਹੈ।
No comments:
Post a Comment