ਲੇਖ
ਵੈਸੇ ਤਾਂ ਅੱਜ ਮਿਲਦੇ ਸਨਮਾਨਾਂ ਦੇ ਵਰਤਾਰੇ ਨੂੰ ਦੇਖਕੇ ਲਗਦਾ ਹੈ ਕਿ ਸਨਮਾਨ ਗਾਲ੍ਹ ਵਰਗੀ ਗੱਲ ਹੋ ਕੇ ਰਹਿ ਗਈ। ਫ਼ਜ਼ੂਲ ਤੇ ਬੇਮਾਅਨੀ। ਦਨਦਨਾਉਂਦੇ ਦੌੜੇ ਫਿਰਦੇ ਫੇਰ ਵੀ ਹਰ ਖੇਤਰ ਵਿਚ ਇਨਾਮ ਹਾਸਲ ਕਰਨ ਵਾਸਤੇ ਲੋਕ। ਇਨਾਮ ਦੇਣ ਵਾਲੀਆਂ ਕਮੇਟੀਆਂ ਦੇ ਮੈਂਬਰਾਂ ਕੋਲ ਜਾ ਕੇ ਜਾਂ ਟੈਲੀਫੂਨਾਂ ਰਾਹੀਂ ਇਨਾਮ-ਸਨਮਾਨ ਮੰਗਣ ਤੋਂ ਉੱਕਾ ਹੀ ਗੁਰੇਜ਼ ਨਹੀਂ ਕਰਦੇ। ਸਿਫ਼ਾਰਿਸ਼ਾਂ ਕਰਵਾਉਂਦੇ ਹਰ ਪਾਪੜ ਵੇਲਦੇ ਤਾਂ ਕਿ ਇਨਾਮ-ਸਨਮਾਨ ਦੀ ਕਲਗੀ ਤੋਂ ਦੂਰ ਨਾ ਰਹਿ ਜਾਣ। ਆਪਣੇ ਹੱਕ ’ਚ ਆਪਣੇ ਗੁਟ ਤੋਂ ਬਿਆਨ ਦੁਆਉਂਦੇ ਵੀ ਨਹੀਂ ਸ਼ਰਮਾਉਂਦੇ।
-----
ਪਹਿਲਾਂ ਹਾਸਲਾਂ/ ਕਲਾਵਾਂ/ ਰਚਨਾਵਾਂ ਲੋਕ-ਕਚਿਹਰੀ ਵਿਚ ਪ੍ਰਵਾਨ ਹੁੰਦੀਆਂ ਸਨ ਤੇ ਫੇਰ ਕਮੇਟੀਆਂ ਕੋਲ ਉਹੀ ਨਾਂ ਪਹੁੰਚਦੇ ਸਨ ਜਿਨ੍ਹਾਂ ’ਤੇ ਕੋਈ ਉਂਗਲ ਨਹੀਂ ਸੀ ਉੱਠਦੀ। ਲੋਕ ਪ੍ਰਵਾਨਗੀ ਨੂੰ ਕਮੇਟੀਆਂ ਵੀ ਰੱਦ ਕਰਨ ਦੀ ਹਿੰਮਤ ਨਾ ਕਰ ਸਕਦੀਆਂ। ਇਨਾਮ-ਸਨਮਾਨ ਨਾਲ ਸਜਾਈ ਜਾਂਦੀ ਹਸਤੀ ਨੂੰ ਹੀ ਕੇਵਲ ਖ਼ੁਸ਼ੀ ਨਾ ਹੁੰਦੀ ਸਗੋਂ ਲੋਕ ਵੀ ਖ਼ੁਸ਼ ਹੋ ਜਾਂਦੇ ਅਤੇ ਇਨਾਮ/ਸਨਮਾਨ ਦਾ ਕੱਦ ਵੀ ਦੂਣਾ-ਚੌਣਾ ਹੋ ਜਾਂਦਾ। ਅਜਿਹੀ ਹਸਤੀ ਨੂੰ ਥਾਂ-ਥਾਂ ਬੁਲਾਇਆ ਜਾਂਦਾ ਅਤੇ ਲੋਕ ਉਸਦੇ ਨੇੜਿਉਂ ਦਰਸ਼ਨ ਕਰਨਾ ਵੀ ਲੋਚਦੇ।
-----
ਹੁਣ ਪਹਿਲਾਂ ਨਾਲੋਂ ਕੰਮ ਬਿਲਕੁਲ ਉਲਟ ਹੋ ਕੇ ਰਹਿ ਗਿਆ। ਇਨਾਮ ਹਾਸਲ ਕਰਨ ਵਾਲਿਆਂ ਵਲੋਂ ਖ਼ੁਦ ਹੀ ਦਾਅਵੇ ਹੋਣ ਲੱਗ ਪਏ। ਦੂਜਾ ਇਨ੍ਹਾਂ ਦੀ ਗਿਣਤੀ ਏਨੀ ਵਧ ਗਈ ਕਿ ਹਰ ਕਿਸੇ ਨੂੰ ਨਿਵਾਜਣਾ ਔਖਾ ਹੋ ਗਿਆ। ਲੋਕ ਪ੍ਰਵਾਨਗੀ ਨਾਲੋਂ ਸਿਫ਼ਾਰਿਸ਼ੀ ਪ੍ਰਵਾਨਗੀ ਨੂੰ ਤਰਜੀਹ ਦਿੱਤੀ ਜਾਣ ਲੱਗ ਪਈ। ਅਚਾਨਕ ਹੀ ਜਦੋਂ ਇਨਾਮ/ਸਨਮਾਨ ਦਾ ਐਲਾਨ ਹੁੰਦਾ ਤਾਂ ਹਾਸਲ ਕਰਨ ਵਾਲ਼ਿਆਂ ਦਾ ਨਾਂ ਸੁਣ ਕੇ ਲੋਕ ਇਕ ਦੂਜੇ ਤੋਂ ਉਸ ਦੀ ਪਛਾਣ ਪੁੱਛਦੇ ਫਿਰਦੇ ਤੇ ਇਹ ਵੀ ਕਿ ਇਹ ਭਾਣਾ ਕਿਵੇਂ ਵਰਤ ਗਿਆ।
-----
ਇਨਾਮਾਂ ਸਨਮਾਨਾਂ ਦਾ ਬੇੜਾ ਇੱਥੋਂ ਤੱਕ ਗਰਕ ਹੋ ਕੇ ਰਹਿ ਗਿਆ ਕਿ ਪਹਿਲਾਂ ਇਨਾਮ ਦੇ ਦਿਉ, ਅਗਲੇ ਦੀਆਂ ਤਾਰੀਫ਼ਾਂ ਦੇ ਪੁਲ਼ ਬੰਨ ਦਿਉ, ਗੁੱਡੀ ਚੜ੍ਹਾ ਦਿਉ, ਫੋਟੋਆਂ ਛਪਵਾ ਕੇ, ਚੈਨਲਾਂ ’ਤੇ ਦਿਖਾ ਕੇ ਏਨੀ ਕਮਾਲ ਕਰ ਦਿਉ ਕਿ ਇਨਾਮੇ-ਸਨਮਾਨੇ ਗਏ ਸ਼ਖ਼ਸ ਏਨੇ ਖ਼ੁਸ਼ ਹੋ ਜਾਣ, ਏਨਾ ਮਾਣ ਮਹਿਸੂਸ ਕਰਨ ਕਿ ਮਾਣ-ਸਨਮਾਨ ਕਰਨ ਵਾਲਿਆਂ ਨੂੰ ਇਸ ਹਮਾਮ ਵਿਚ ਢਕਿਆ ਨਾ ਰਹਿਣ ਦਿੱਤਾ ਜਾਵੇ। ਉਹ ਉਸੇ ਹੀ ਸਮਾਗਮ ਵਿਚ ਉਨ੍ਹਾਂ ਦਾ ਵੀ ਸਨਮਾਨ ਕਰਨ ਲਈ ਮਜਬੂਰ ਹੋ ਜਾਣ। ਇੰਜ ਉਹ ਇਨਾਮ ਦੇਣ ਤੇ ਸਨਮਾਨ ਕਰਨ ਵਾਲਿਆਂ ਦਾ ਵੱਟੇ ਵਿਚ ਕਰਦੇ ਸਨਮਾਨ ਜਿਹੜੇ ਇਸ ਨੂੰ ਮਾਣ ਸਮਝਦੇ, ਸਮਝਣ ਨਾ ਅਪਮਾਨ।
-----
ਅਜਿਹਾ ਮਾਣ-ਸਨਮਾਨ ਉਹ ਹੀ ਹਾਸਲ ਕਰਦੇ ਹਨ ਜਿਨ੍ਹਾਂ ਨੂੰ ਇਸਦੀ ਬਹੁਤੀ ਹੀ ਤ੍ਰਿਸ਼ਨਾ ਹੋਵੇ, ਜਿਨ੍ਹਾਂ ਦੀ ਜ਼ਮੀਰ ਨਾ ਹੋਵੇ, ਜਿਹੜੇ ਸ਼ਰਮ-ਹਯਾ ਦਾ ਕਿਣਕਾ ਵੀ ਨੇੜੇ ਨਾ ਫਟਕਣ ਦਿੰਦੇ ਹੋਣ, ਜਿਹੜੇ ਫੋਕੀ ਸ਼ੋਹਰਤ ਦੀ ਹਵਾ ’ਤੇ ਸਵਾਰ ਹੋਣ ਲਈ ਸਦਾ ਹੀ ਤਤਪਰ ਰਹਿੰਦੇ ਹੋਣ, ਜਿਨ੍ਹਾਂ ਨੂੰ ਲੋਕਾਂ ਦੀਆਂ ਨਜ਼ਰਾਂ ਦਾ ਡਰ ਨਾ ਹੋਵੇ, ਜਿਹੜੇ ਸੱਚ ਵੱਲ ਪਿੱਠ ਕਰਕੇ ਤੁਰਨ ਦੇ ਆਦੀ ਹੋਣ ਅਤੇ ਜਿਨ੍ਹਾਂ ਨੂੰ ਇਹ ਕਿਰਿਆ ਨਾ ਤਾਂ ਗ਼ਲਤ ਲਗਦੀ ਹੋਵੇ ਤੇ ਨਾ ਹੀ ਅਪਮਾਨਤ/ਦੁਰਕਾਰਨ ਵਰਗੀ ਭਾਸਦੀ ਹੋਵੇ।
-----
ਕਵਿਤਾ ਵਿਚ ਜੇ ਇਹ ਸੱਚ ਕਹਿਣਾ ਹੋਵੇ ਤਾਂ ਕਵਿਤਾ ਚੁੱਪ ਨਹੀਂ ਰਹਿ ਸਕਦੀ। ਤੇ ਕਵਿਤਾ ਨੇ ਕੀ ਮਾਂਹ ਮਾਰੇ ਨੇ ਇਸ ਨੂੰ ਚੁੱਪ ਕਿਉਂ ਰਹਿਣ ਦਿੱਤਾ ਜਾਵੇ। ਜੇ ਕਵਿਤਾ ਨੇ ਵੇਲੇ ਦੀ ਗੱਲ ਨਾ ਕਹੀ ਤਾਂ ਕਾਹਦੀ ਕਵਿਤਾ। ਕਵਿਤਾ ਆਮਦ ਦੀ ਅਵਸਥਾ ਵਿਚ ਹੋਵੇ ਤਾਂ ਇਸ ਦੇ ਰਾਹ ਵਿਚ ਰੁਕਾਵਟ ਖੜ੍ਹੀ ਕਰਨੀ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ। ਹੁਣ ਕਵਿਤਾ ਨੂੰ ਬੋਲਣ ਹੀ ਦਿੱਤਾ ਜਾਵੇ :
ਸਮਝਣ ਕਿਉਂ ਨਾ ਕੀ ਹੁੰਦੇ ਨੇ, ਮਾਣ ਅਤੇ ਸਨਮਾਨ।
ਕਿਉਂ ਦਿਖਾਉਂਦੇ ਕਿਉਂ ਬਣਾਉਂਦੇ, ਧੱਕੇ ਨਾਲ ਪਹਿਚਾਣ।
ਕਰਕੇ ਦੂਜੇ ਦਾ ਕਰਨ ਕਿਉਂ, ਖੁਦ ਦਾ ਹੀ ਗੁਣਗਾਨ।
ਬਣਦੇ ਕਿਉਂ ਨੇ ਪੱਥਰ ਵਿਚੋਂ, ਬੁੱਤ ਜਹੇ ਭਗਵਾਨ।
ਜਾਈਏ ਕਿਉਂ ਨਾ ਇਨ੍ਹਾਂ ਲੋਕਾਂ ਤੋਂ , ਆਪਾਂ ਸਭ ‘ਕੁਰਬਾਨ’।
ਸਨਮਾਨ ਕਰਕੇ ਕਿਉਂ ਕਰਾਉਂਦੇ, ਵੱਟੇ ਵਿਚ ਸਨਮਾਨ।
-----
ਇਕ ਨਹੀਂ ਕਈ ਥਾਵਾਂ ’ਤੇ ਅਜਿਹਾ ਸੁਣਨ ਨੂੰ ਤਾਂ ਮਿਲਦਾ ਹੀ ਰਿਹਾ ਪਰ ਦੇਖਣ ਨੂੰ ਵੀ ਮਿਲਦਾ ਰਿਹਾ। ਜਦੋਂ ਅਜਿਹਾ ਅੱਖਾਂ ਸਾਹਮਣੇ ਹੋ ਰਿਹਾ ਸੀ ਤਾਂ ਸਨਮਾਨ ਕਰਾਉਣ ਵਾਲੇ ਨਹੀਂ ਸਗੋਂ ਦੇਖਣ ਵਾਲੇ ਲੋਕ ਸ਼ਰਮਿੰਦੇ ਹੋ ਕੇ ਰਹਿ ਗਏ ਕਿ ਉਨ੍ਹਾਂ ਨੂੰ ਕੀ ਦੇਖਣਾ ਪੈ ਗਿਆ। ਅਸਲ ਵਿਚ ਲੋਕਾਂ ਨੂੰ ਇਹ ਪਤਾ ਹੀ ਹੁੰਦਾ ਹੈ ਕਿ ਇਹ ਸਮਾਗਮ ਵਿਚ ਅਚਾਨਕ ਹੀ ਨਹੀਂ ਹੋ ਰਿਹਾ ਸਗੋਂ ਪਹਿਲਾਂ ਤੋਂ ਹੀ ਮਿਥਿਆ ਵੀ ਗਿਆ ਹੈ ਤੇ ਇੰਤਜ਼ਾਮਿਆ ਵੀ। ਅੱਜ ਦੇ ਜਾਗਦੇ ਅਤੇ ਸੁਚੇਤ ਸਮਿਆਂ ਵਿਚ ਅਜਿਹੀਆਂ ਚਾਲਾਂ ਬਲਕਿ ਕੁਚਾਲਾਂ ਲੋਕ-ਅੱਖਾਂ ’ਚ ਚੁਭਦੀਆਂ ਰਹਿੰਦੀਆਂ ਹਨ, ਕਤਈ ਛੁਪ ਨਹੀਂ ਸਕਦੀਆਂ। ਅਜਿਹੀ ਹੀ ਪ੍ਰਕ੍ਰਿਆ ਚੋਂ ਲੰਘੇ ਇਕ ਸ਼ਖ਼ਸ ਤੋਂ ਪੁੱਛਿਆ ਤਾਂ ਉਸਨੇ ਸਿੱਧਾ ਹੀ ਆਖਿਆ, “ਉਹ ਦੂਰ ਦਿੱਲੀਉਂ ਸਾਡੀ ਧਰਤੀ ’ਤੇ ਆਏ ਸਨ ਤੇ ਉਹ ਵੀ ਪਹਿਲੀ ਵਾਰ, ਕੀ ਅਸੀਂ ਉਨ੍ਹਾਂ ਦਾ ਸਨਮਾਨ ਨਾ ਕਰਦੇ। ਸਾਡੀਆਂ ਪ੍ਰਾਪਤੀਆਂ ਅਤੇ ਸਹਿਯੋਗ ਕਾਰਨ ਸਾਡਾ ਤਾਂ ਉਨ੍ਹਾਂ ਕਰਨਾ ਹੀ ਸੀ, ਅਸੀਂ ਭਾਵੇਂ ਉਨ੍ਹਾਂ ਦਾ ਨਾ ਵੀ ਕਰਦੇ । ਖ਼ੁਦਾ ਕਰੇ ਇਸ ਮਰਜ਼ ਦੀ ਕਿਸੇ ਨੂੰ ਸਮਝ ਨਾ ਆਏ, ਇਸ ਮਰਜ਼ ਦੀ ਦਵਾ ਕਯਾ ਹੈ।
No comments:
Post a Comment