ਲੇਖ
ਪੰਜਾਬ ਯੂਨੀਵਰਸਿਟੀ ਦੀ ਆਪਣੀ ਖ਼ਾਸ ਤੇ ਵਿਲੱਖਣ ਮਹੱਤਤਾ ਹੈ ਜਿਸ ’ਤੇ ਜਿੰਨਾ ਮਾਣ ਕੀਤਾ ਜਾਵੇ ਓਨਾ ਥੋੜਾ। ਇਸ ਨਾਲ ਜੁੜੇ ‘ਪੰਜਾਬ’ ਸ਼ਬਦ ਦੀ ਆਪਣੀ ਹੀ ਉੱਚੀ ਗੌਰਵਤਾ ਹੈ ਜਿਹੜੀ ਲਾਹੌਰ ਤੋਂ ਚੰਡੀਗੜ੍ਹ ਤੱਕ ਕਦੇ ਫ਼ਿੱਕੀ ਨਹੀਂ ਪਈ। ਭਾਵੇਂ ਇਸ ਦਾ ਚਾਂਸਲਰ ਦਿੱਲੀ ’ਚ ਹੈ ਤੇ ਇਸ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਵੀ ਉਹ ਹੀ ਕਰਦਾ ਹੈ, ਫੇਰ ਵੀ ਪੰਜਾਬ ਸ਼ਬਦ ਕਾਰਨ ਪੰਜਾਬ ਦੇ ਲੋਕ ਇਸ ਤੋਂ ਪਰ੍ਹੇ ਹੋਣ ਲਈ ਤਿਆਰ ਨਹੀਂ। ਮੁਲਾਜ਼ਮਾਂ ਦੀ ਗਿਣਤੀ / ਭਰਤੀ ਵੀ ਰਲ਼ੀ ਮਿਲ਼ੀ ਹੈ ਜਿਨ੍ਹਾਂ ਨੂੰ ਇਕ ਦੂਜੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ।
-----
ਮੁਲਾਜ਼ਮਾਂ ਦਾ ਕੁੱਝ ਹਿੱਸਾ, ਕੁੱਝ ਬੁੱਧੀਜੀਵੀ ਕੁੱਝ ਦਿਖਾਵੇ ਖ਼ਾਤਰ ਫ਼ਿਕਰ ਕਰਨ ਵਾਲੇ ਆਪੇ ਸਜੇ ਆਗੂ ਪੰਜਾਬ ਯੂਨੀਵਰਸਿਟੀ ਦਾ ਸਿਰਨਾਵਾਂ ਬਦਲਣ ਦੀ ਮੰਗ ਕਰਦੇ ਆ ਰਹੇ ਹਨ ਜਿਹੜੀ ਅਜੇ ਤੱਕ ਮੰਨੀ ਨਹੀਂ ਗਈ। ਇਸ ਮੰਗ ਦੀ ਹਮਾਇਤ ਮੀਡੀਏ ਦਾ ਕੁੱਝ ਹਿੱਸਾ ਵੀ ਅੰਨ੍ਹੇਵਾਹ ਕਰੀ ਜਾ ਰਿਹਾ ਕਿਉਂਕਿ ਉਸ ਨੂੰ ਨਾ ਤਾਂ ਪੰਜਾਬ ਦੇ ਹਿੱਤਾਂ ਨਾਲ ਕੋਈ ਮੋਹ-ਤੇਹ ਹੈ ਅਤੇ ਨਾ ਹੀ ਪੰਜਾਬੀਆਂ ਦੀ ਗਹਿਰੀ ਮਾਨਸਿਕਤਾ ਨਾਲ। ਉਹ ਸ਼ਬਦਾਂ ਦੇ ਫੋਕੇ ਤੀਰ ਛੱਡੀ ਜਾ ਰਹੇ ਹਨ ਜਿਨ੍ਹਾਂ ਦਾ ਨਾ ਕੋਈ ਅਰਥ ਹੈ ਨਾ ਹੀ ਸਾਰਥਿਕਤਾ।
-----
ਬਿਨਾਂ ਦਲੀਲ ਬੋਲਣ ਵਾਲੇ ਕੇਵਲ ਸ਼ੋਰ ਮਚਾ ਰਹੇ ਹਨ, ਮੰਗ ਦੀ ਜ਼ਰੂਰਤ ਤੇ ਸਾਰਥਿਕਤਾ ਨਹੀਂ ਦੱਸ ਰਹੇ। ਕੇਵਲ ਫੰਡਾਂ ਦੀ ਘਾਟ ਨੂੰ ਬਹਾਨਾ ਬਣਾਇਆ ਜਾ ਰਿਹੈ, ਜਿਨ੍ਹਾਂ ਦੀ ਘਾਟ ਭਲਾਂ ਪੰਜਾਬ ਵਿਚ ਹੋਰ ਕਿੱਥੇ ਨਹੀਂ? ਵਾਰ ਵਾਰ ਆਰਥਿਕ ਸੰਕਟ ਦੀ ਗੱਲ ਕੀਤੀ ਜਾ ਰਹੀ ਹੈ ਜੋ ਇਸ ਦਾ ਸਿਰਨਾਵਾਂ ਸੈਂਟਰਲ ਯੂਨੀਵਰਸਿਟੀ ਹੋ ਜਾਣ ਨਾਲ ਦੂਰ ਹੋ ਸਕੇਗਾ। ਸਾਰੇ ਦਾ ਸਾਰਾ ਪੰਜਾਬ ਹੀ ਸੰਕਟ ਦਾ ਸ਼ਿਕਾਰ ਹੈ ਤਾਂ ਕੀ ਰਾਜ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਜਾਂ ਸਿਰਫ਼ ਕੇਂਦਰੀ ਫੰਡ ਹਾਸਲ ਕਰਨ ਲਈ ਕਰੋੜਾਂ ਰੁਪਏ ਦੇ ਕਰਜ਼ਾਈ ਪੰਜਾਬ ਨੂੰ ਕੇਂਦਰ ਦੇ ਸਪੁਰਦ ਕਰ ਦਿੱਤਾ ਜਾਵੇ? ਇਸ ਸਵਾਲ ਦਾ ਜਵਾਬ ‘ਹਾਂ’ ਵਿਚ ਦੇਣ ਵਾਸਤੇ ਸ਼ਾਇਦ ਕੋਈ ਵੀ ਤਿਆਰ ਨਾ ਹੋਵੇ।
-----
ਹਰ ਯੂਨੀਵਰਸਿਟੀ ਵਾਂਗ ਪੰਜਾਬ ਯੂਨੀਵਰਸਿਟੀ ਵੀ ਇਮਾਰਤਾਂ ਬਣਾਉਣ, ਇਨ੍ਹਾਂ ਦੀ ਸੰਭਾਲ, ਵਿਦਿਅਕ ਮਿਆਰ ਵਧਾਉਣ, ਖੋਜ ਪ੍ਰਾਜੈਕਟਾਂ ’ਤੇ ਕੰਮ ਕਰਵਾਉਣ ਅਤੇ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਮਾਇਆ ਦਾ ਪ੍ਰਬੰਧ ਕਰਦੀ ਹੈ ਅਤੇ ਭਵਿੱਖ ਵਿਚ ਵੀ ਕਰਦੀ ਰਹੇਗੀ। ਇਸ ਲਈ ਕੇਵਲ ਖੋਜ ਪ੍ਰਾਜੈਕਟਾਂ ਵਾਸਤੇ ਮਾਇਆ ਦੀ ਥੁੜ ਦਾ ਜ਼ਿਕਰ ਕਰਨਾ ਹਾਸੋਹੀਣੀ ਗੱਲ ਵੀ ਹੈ ਤੇ ਬਚਕਾਨਾ ਵੀ। ਕੇਵਲ ਮਾਇਆ ਨਾਲ ਖੋਜ ਤੇ ਵਿਦਿਆ ਦਾ ਮਿਆਰ ਉੱਚਾ ਨਹੀਂ ਚੁੱਕਿਆ ਜਾ ਸਕਦਾ, ਇਹ ਤਾਂ ਕੇਵਲ ਉਹ ਅਧਿਆਪਕ ਕਰ ਸਕਦੇ ਹਨ ਜਿਹੜੇ ਪੜ੍ਹਨ-ਲਿਖਣ ਵਾਲੇ ਖੋਜੀ-ਬਿਰਤੀ ਦੇ ਹੋਣ ਅਤੇ ਦੂਜਿਆਂ ਦੀ ਰੁਚੀ ਇਸ ਤਰ੍ਹਾਂ ਦੀ ਬਣਾ ਸਕਣ ਦੇ ਯੋਗ ਹੋਣ, ਅਕਾਦਮਿਕਤਾ ਦੇ ਮਿਆਰਾਂ ਵਿਚ ਵਾਧਾ ਕਰਨ ਲਈ ਤਤਪਰ ਰਹਿਣ। ਅਕਾਦਮਿਕਤਾ ਵਿਚ ਮੌਲਿਕਤਾ ਅਤੇ ਰਚਨਾਤਮਿਕਤਾ ਲਿਆਉਣ ਲਈ ਤਾਜ਼ੇ ਗਿਆਨ ਦੇ ਹਾਣੀ ਅਧਿਆਪਕਾਂ ਦੀ ਲੋੜ ਹੁੰਦੀ ਹੈ ਜਿਹੜੇ ਕੇਵਲ ਤੇ ਕੇਵਲ ਮਾਇਆ ਨਾਲ ਤਿਆਰ ਨਹੀਂ ਕੀਤੇ ਜਾ ਸਕਦੇ। ਇਹੋ ਜਿਹੇ ਓਹੀ ਅਧਿਆਪਕ ਹੋ ਸਕਦੇ ਹਨ ਜਿਨ੍ਹਾਂ ਦੀ ਤਰਜੀਹ ਤਾਜ਼ਾ ਗਿਆਨ ਹਾਸਲ ਕਰਨ ਦੀ ਹੋਵੇ ਅਤੇ ਸੰਸਾਰ ਪੱਧਰ ਦੇ ਗਿਆਨ ਦੀ ਗਹਿਰਾਈ ਦੀਆਂ ਪਰਤਾਂ ਵਿਚ ਵਿਚਰਨ ਅਤੇ ਝਾਕਣ ਦੀ ਲਗਨ ਹੋਵੇ। ਵਿਦਿਆ ਦੇ ਮਿਆਰਾਂ ਪ੍ਰਤੀ ਮਿਸ਼ਨਰੀ ਅਤੇ ਪ੍ਰਤੀਬੱਧ ਅਧਿਆਪਕਾਂ ਬਿਨਾ ਫੰਡਾਂ ਦੇ ਢੇਰਾਂ ਦੇ ਢੇਰ ਵੀ ਬੇਅਰਥ ਹੋ ਜਾਣਗੇ। ਮਾਅਨਾ ਸਮਝੋ।
-----
ਯੂਨੀਵਰਸਿਟੀ ਨਾਲ ਜੁੜਿਆ ਪੰਜਾਬ ਸਰਬ-ਸੰਸਾਰ ਦੇ ਪੰਜਾਬੀਆਂ ਲਈ ਬੜਾ ਖਿੱਚਵਾਂ, ਮਾਣ-ਭਰਪੂਰ ਤੇ ਅਰਥਵਾਨ ਸ਼ਬਦ ਹੈ ਅਤੇ ਉਨ੍ਹਾਂ ਦੀ ਭਾਵੁਕ ਪੂਰਤੀ ਦਾ ਪ੍ਰਗਟਾਵਾ ਵੀ। ਇਸ ਨੂੰ ਕੇਂਦਰ ਦੇ ਹੱਥਾਂ ’ਚ ਦੇਣ ਨਾਲ ਮਾਣ ਵੀ ਫ਼ਿੱਕਾ ਪੈ ਜਾਵੇਗਾ ਅਤੇ ਭਾਵੁਕਤਾ ਵੀ ਜ਼ਖ਼ਮੀ ਹੋ ਕੇ ਰਹਿ ਜਾਵੇਗੀ। ਪੰਜਾਬ ਯੂਨੀਵਰਸਿਟੀ ਦੇ ਕਿਰਦਾਰ / ਚਿਹਰੇ-ਮੋਹਰੇ / ਬਣਤਰ ਵਿਚ ਕਿਸੇ ਤਰ੍ਹਾਂ ਦੀ ਵੀ ਤਬਦੀਲੀ ਪੰਜਾਬੀਆਂ ਦੀ ਮਾਨਸਿਕਤਾ ਨੂੰ ਦੁਖੀ ਕਰੇਗੀ ਅਤੇ ਭੜਕਾਹਟ ਨੂੰ ਵੀ ਪੈਦਾ ਹੋਣ ਤੋਂ ਰੋਕਿਆ ਨਹੀਂ ਜਾ ਸਕੇਗਾ। ਇਸ ਲਈ ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਦਾ ਦਰਜਾ ਦੇਣ ਦੀ ਮੰਗ ਕਰਨ ਵਾਲਿਆਂ ਦਾ ਪੈਂਤੜਾ ਨਾ ਸੂਝ-ਬੂਝ ਵਾਲਾ ਹੈ ਨਾ ਜਾਇਜ਼।
-----
ਕੇਵਲ ਸੈਂਟਰਲ ਦਰਜਾ ਮਿਲਣ ਨਾਲ ਅਕਾਦਮਿਕ ਮਿਆਰ ਉੱਚੇ ਨਹੀਂ ਹੋਣ ਲੱਗੇ, ਖੋਜਾਂ ਦਾ ਕੰਮ ਨਹੀਂ ਵਧਣ ਲੱਗਾ ਅਤੇ ਨਾ ਹੀ ਅਧਿਆਪਕਾਂ ਦੇ ਅਧਿਆਪਨ-ਕਾਰਜ ਵਿਚ ਕੋਈ ਜਾਦੂਮਈ ਤਰੱਕੀ ਹੋਵੇਗੀ। ਚੰਗਾ ਹੋਵੇ ਜੇ ਯੂਨੀਵਰਸਿਟੀ ਲਈ ਫ਼ਿਕਰ ਕਰਨ ਵਾਲੇ ਨਵੇਂ ਪ੍ਰਾਜੈਕਟਾਂ ਬਾਰੇ ਸੋਚਣ ਅਤੇ ਵਾਈਸ ਚਾਂਸਲਰ ਨੂੰ ਸੁਝਾਉਣ ਤਾਂ ਕਿ ਉਨ੍ਹਾਂ ਵਾਸਤੇ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਤੋਂ ਵੱਧ ਗਰਾਂਟਾਂ ਲਈਆਂ ਜਾ ਸਕਣ।
-----
ਹੁਣ ਜਦ ਬਠਿੰਡੇ ਵਿਚ ਸੈਂਟਰਲ ਯੂਨੀਵਰਸਿਟੀ ਕਾਇਮ ਹੋ ਚੁੱਕੀ ਹੈ ਫੇਰ ਇਸ ਖਿੱਤੇ ’ਚ ਹੋਰ ਸੈਂਟਰਲ ਯੂਨੀਵਰਸਿਟੀ ਦੀ ਕੀ ਤੁਕ? ਹਾਂ, ਜਿਹੜੇ ਅਧਿਆਪਕ ਸੈਂਟਰਲ ਯੂਨੀਵਰਸਿਟੀ ਵਿਚ ਹੀ ਕੰਮ ਕਰਨ ਦੇ ਇੱਛਾਵਾਨ ਹਨ ਉਹ ਨਿਕਲ ਰਹੀਆਂ ਅਸਾਮੀਆਂ ਲਈ ਜਤਨ ਕਰਨ। ਜਿਹੜੇ ਵਿਦਿਆਰਥੀ ਅਜਿਹੀਆਂ ਯੂਨੀਵਰਸਿਟੀਆਂ ਵਿਚ ਪੜ੍ਹਨਾ ਚਾਹੁੰਦੇ ਹਨ, ਉਹ ਵੀ ਜਿਸ ਵਿਚ ਚਾਹੁਣ ਜਾ ਸਕਦੇ ਹਨ ਕੋਈ ਰੋਕ ਨਹੀਂ। ਸਿਆਸੀ ਗੱਲਾਂ ਛੱਡਦਿਆਂ ਕੇਵਲ ਯੂਨੀਵਰਸਿਟੀ ਦੀ ਗੱਲ ਕਰਨੀ ਚਾਹੀਦੀ ਹੈ ਅਤੇ ਉਹ ਵੀ ਉਹ ਜਿਹੜੀ ਇਸ ਖਿੱਤੇ ਦੇ ਲੋਕਾਂ ਦੀ ਭਲਾਈ ਤੇ ਹਿਤਾਂ ਵਿਚ ਹੋਵੇ।
********
ਖਿਲਵਾੜ ਕਦੇ ਨਾ ਚੰਗੀ
ਖਿਲਵਾੜ ਕਦੇ ਵੀ ਚੰਗੀ ਨਹੀਂ ਹੁੰਦੀ । ਇਸ ਦਾ ਸ਼ਿਕਾਰ ਇਸ ਨਾਲ ਦੁਖੀ ਹੁੰਦਾ ਹੈ ਜਾਂ ਫੇਰ ਸ਼ਰਮਸਾਰ। ਕਿਸੇ ਗ਼ਰੀਬ / ਭਿਖਾਰੀ ਦੀ ਮੱਦਦ ਕਰਕੇ ਉਸਨੂੰ ਮੱਦਦ ਦਾ ਅਹਿਸਾਸ ਕਰਾਉਣਾ ਉਸ ਦੇ ਮਨ ’ਤੇ ਬੋਝ ਪਾਉਣਾ ਹੈ ਅਤੇ ਉਸ ਨੂੰ ਸ਼ਰਮਸਾਰੀ ਦੇ ਟੋਏ ਵਿਚ ਸੁੱਟਣਾ। ਜੇ ਕੋਈ ਆਪਣੀ ਮਰਜ਼ੀ / ਦਰਿਆ-ਦਿਲੀ ਨਾਲ ਕਿਸੇ ਦੇ ਕੰਮ ਆਉਂਦਾ ਹੈ ਤਾਂ ਉਸ ਨੂੰ ਕੰਮ ਆਏ ਹੋਣ ਦਾ ਚੇਤਾ ਹੀ ਨਹੀਂ ਰੱਖਣਾ ਚਾਹੀਦਾ, ਜੇ ਉਹ ਚੇਤਾ ਰੱਖਦਾ ਹੈ ਤਾਂ ਸਮਝੋ ਕਿ ਉਸ ਨੇ ਕੰਮ ਆਉਣ ਦਾ ਢਕਵੰਜ ਕਿਸੇ ਸਵਾਰਥ ਲਈ ਰਚਿਆ ਹੈ ਜਿਸ ਦੀ ਖੱਟੀ ਉਹ ਭਵਿੱਖ ਵਿਚ ਜ਼ਰੂਰ ਕਰਕੇ ਰਹੇਗਾ।
-----
ਕਿਸੇ ਦੇ ਧਰਮ ਨਾਲ ਖਿਲਵਾੜ ਕਰਨਾ ਲਹੂ-ਭਿੱਜੀਆਂ ਘਟਨਾਵਾਂ ਨੂੰ ਸੱਦਾ ਦੇ ਸਕਦੈ। ਕਿਸੇ ਦੇ ਨਿੱਜ ’ਤੇ ਹਮਲੇ ਨੂੰ ਵੀ ਖਿਲਵਾੜ ਹੀ ਕਿਹਾ ਜਾਵੇਗਾ। ਦੋਸਤੀਆਂ ਵਿਚ ਖਿਲਵਾੜ ਸਦਾ ਹੀ ਅਨਾਚਾਰ ਹੁੰਦੀ ਹੈ ਜਿਸ ਨੂੰ ਕਿਸੇ ਤਰ੍ਹਾਂ ਵੀ ਮੁਆਫ਼ ਨਹੀਂ ਕੀਤਾ ਜਾ ਸਕਦਾ। ਅਜਿਹੇ ਅਨਾਚਾਰ ਦਾ ਉੱਤਰ ਜੇ ਕੋਈ ਦਿੰਦਾ ਹੈ ਤਾਂ ਉਹ ਵੀ ਬਦਲੇ ਦੀ ਖਿਲਵਾੜ ਹੀ ਹੋਵੇਗੀ।
-----
ਪਿਆਰ ਵਿਚ ਖਿਲਵਾੜ ਬਹੁਤ ਹੋ ਰਹੀ ਹੈ ਜਿਸ ਕਾਰਨ ਕਈ ਵਾਰ ਲੋਕਾਂ ਨੂੰ ਜਾਨ ਤੋਂ ਵੀ ਹੱਥ ਧੋਣੇ ਪੈ ਜਾਂਦੇ ਹਨ ਪਰ ਕਰਨ ਵਾਲੇ ਬਾਜ਼ ਨਹੀਂ ਆਉਂਦੇ । ਕਿਸੇ ਨਾਲ ਗ਼ਰੀਬ / ਅਮੀਰ ਹੋਣ ਦੀ, ਉੱਚੇ ਨੀਵੇਂ ਹੋਣ ਦੀ ਅਤੇ ਸੋਹਣੇ / ਕਰੂਪ ਹੋਣ ਦੀ ਖਿਲਵਾੜ ਕਰਨੀ ਕਿਸੇ ਤਰ੍ਹਾ ਵੀ ਜਾਇਜ਼ ਨਹੀਂ ਹੁੰਦੀ। ਅਜਿਹਾ ਕਰਨਾ ਗਹਿਰੀਆਂ ਭਾਵਨਾਵਾਂ ਨਾਲ ਖਿਲਵਾੜ ਕਰਨੀ ਹੈ ਜਿਹੜੀ ਸੱਭਿਅਕ ਸਮਾਜ ਵਿਚ ਬੁਰਿਆਈ ਦੀ ਹੱਦ ਤੱਕ ਉੱਕੀ ਹੀ ਬੁਰੀ ਸਮਝੀ ਜਾਵੇਗੀ। ਖਿਲਵਾੜ ਨਾ ਕਿਸੇ ਨਾਲ ਕਰਨੀ ਚਾਹੀਦੀ ਹੈ ਨਾ ਆਪਣੇ ਨਾਲ ਸਹਿਣੀ।
*********
ਲਤੀਫੇ ਦਾ ਚਿਹਰਾ-ਮੋਹਰਾ
ਨਵੀਂ ਛਪੀ ਕਿਤਾਬ ਦੀਆਂ ਕਾਪੀਆਂ ਦਾ ਬੰਡਲ ਚੁੱਕੀ ਆ ਰਹੇ ਲੇਖਕ ਤੋਂ ਭਿਖਾਰੀ ਨੇ ਪੈਸੇ ਮੰਗਣ ਵਾਸਤੇ ਹੱਥ ਅੱਡੇ ਤਾਂ ਲੇਖਕ ਨੇ ਰੁਕ ਨੇ ਬੰਡਲ ’ਚੋਂ ਇਕ ਕਿਤਾਬ ਕੱਢੀ ਤੇ ਭਿਖਾਰੀ ਨੂੰ ਫੜਾ ਦਿੱਤੀ।
.........
ਭਿਖਾਰੀ ਨੇ ਤੁਰਤ ਫੁਰਤ ਕਿਤਾਬ ਦੇ ਵਰਕੇ ਫੋਲੇ ਤੇ ਲੇਖਕ ਨੂੰ ਵਾਪਸ ਕਰ ਦਿੱਤੀ ।
...........
ਲੇਖਕ ਨੇ ਉਸਨੂੰ ਕਿਹਾ “ਲੈ ਜਾ, ਲੈ ਜਾ – ਵਿਹਲ ਮਿਲੇ ਤਾਂ ਪੜ੍ਹ ਲਿਆ ਕਰ।” ਭਿਖਾਰੀ ਨੇ ਨਾਂਹ ਵਿਚ ਸਿਰ ਫੇਰ ਦਿੱਤਾ।
.............
ਲੇਖਕ ਨੇ ਫੇਰ ਕਿਹਾ “ਇਸ ਵਿਚ ਅਕਲ ਦੀਆਂ ਗੱਲਾਂ ਹਨ ਤੇਰੇ ਬਹੁਤ ਕੰਮ ਆਉਣਗੀਆਂ”
.............
ਉਹ ਕੁੱਝ ਢਿੱਲਾ ਪੈ ਕੇ ਲੇਖਕ ਨੂੰ ਕਹਿਣ ਲੱਗਾ , “ਅੱਛਾ ਸਾਹਿਬ ਅਗਰ ਤੁਮ ਇਤਨਾ ਜ਼ੋਰ ਲਗਾਤੇ ਹੋ ਤੋ ਲੇ ਜਾਤਾ ਹੂੰ, ਪਰ ਏਕ ਬਾਤ ਮੁਝੇ ਬਤਾ ਦੋ ਕਿ ਯੇਹ ਕਿਤਨੇ ਪੈਸੇ ਕੀ ਬਿਕ ਜਾਏਗੀ?”
No comments:
Post a Comment