ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Wednesday, January 27, 2010

ਬਲਜੀਤ ਬਾਸੀ - ਛੋਟੇ ਪਿੰਡ ਬਨਾਮ ਬੜੇ ਪਿੰਡ - ਵਿਅੰਗ

ਛੋਟੇ ਪਿੰਡ ਬਨਾਮ ਬੜੇ ਪਿੰਡ

ਵਿਅੰਗ

ਸਾਡਾ ਪਿੰਡ ਬੁੰਡਾਲਾ ਦੁਆਬੇ ਦੀ ਧੁੰਨੀ ਸਮਝੇ ਜਾਂਦੇ ਕਹਿੰਦੇ ਕਹਾਉਂਦੇ ਇਲਾਕੇ ਮੰਜਕੀ ਵਿਚ ਸਥਿਤ ਹੈਇਸ ਪਿੰਡ ਦੇ ਆਸ ਪਾਸ ਦਰਜਨ ਭਰ ਹੋਰ ਬਹੁਤ ਵੱਡੇ ਪਿੰਡ ਵਸੇ ਹੋਏ ਹਨਇਕ ਪਿੰਡ ਨੇ ਤਾਂ ਫੂਕ ਚ ਆਏ ਨੇ ਆਪਣਾ ਨਾਂ ਹੀ 'ਬੜਾ ਪਿੰਡ' ਧਰਾ ਲਿਆਇਨ੍ਹਾਂ ਪਿੰਡਾਂ ਦੇ ਵਸਨੀਕਾਂ ਵਿੱਚ ਆਪਣੇ ਆਪ ਨੂੰ ਵੱਡੇ ਪਿੰਡ ਦੇ ਹੋਣ ਦਾ ਬਹੁਤ ਗੁਮਾਨ ਹੈ ਤੇ ਇਸ ਵਡੱਪਣ ਦੇ ਨਸ਼ੇ ਵਿੱਚ ਉਨ੍ਹਾਂ ਦੇ ਧਰਤੀ ਤੇ ਪੈਰ ਨਹੀਂ ਲਗਦੇਇਹ ਇਲਾਕਾ ਪੰਜਾਬ ਦੀ ਸਿਆਸਤ, ਖ਼ਾਸ ਤੌਰ ਤੇ ਅਗਾਂਹਵਧੂ ਸਿਆਸਤ ਦਾ ਗੜ੍ਹ ਹੈਇਸ ਧਰਤੀ ਵਿੱਚ ਜਨਮ ਧਾਰ ਕੇ ਮੇਰੇ ਵੀ ਪੈਰ ਚੱਕੇ ਗਏ ਹਨਮਾਝੇ ਜਾਂ ਮਾਲਵੇ ਦੇ ਦੁਰਾਡੇ ਪਿੰਡਾਂ ਦੇ ਕਈ ਲੋਕ ਸਾਡੇ ਪਿੰਡਾਂ ਦੇ ਤਿਆਸਵੇਂ ਕੋਠੇ ਦੇਖ ਕੇ ਆਪਣੀ ਡਿਗਦੀ ਪੱਗ ਸੂਤ ਕਰਨ ਲੱਗ ਜਾਂਦੇ ਸਨਸਾਡੀਆਂ ਪੱਕੀਆਂ ਗਲੀਆਂ, ਲੰਮੀਆਂ-ਲੰਮੀਆਂ ਬੀਹੀਆਂ, ਥਾਂ-ਥਾਂ ਤੇ ਹੱਟੀਆਂ ਤੇ ਚੁਸਤ ਫੁਰਤ ਬੰਦੇ ਦੇਖ ਕੇ ਉਹ ਡੌਰ ਭੌਰ ਹੋਏ ਸੋਚੀਂ ਪੈ ਜਾਂਦੇ ਸਨ ਕਿ ਵਾਕਿਆ ਹੀ ਉਹ ਭਾਰਤ ਵਰਸ਼ ਵਿੱਚ ਘੁੰਮ ਰਹੇ ਹਨਪਰ ਉਨਾਂ ਨੂੰ ਕੀ ਪਤਾ ਊਂਚੀ ਦੁਕਾਨ.......

----

ਸਾਡੇ ਵੱਡੇ ਪਿੰਡਾਂ ਦੇ ਇਰਦ-ਗਿਰਦ ਕੁੱਕੜੀ ਦੇ ਚੂਚਿਆਂ ਵਰਗੇ ਬਹੁਤ ਸਾਰੇ ਛੋਟੇ ਪਿੰਡ ਖਿੱਲਰੇ ਪਏ ਹਨ ਜਿਨਾਂ ਦੇ ਰਹਿਣ ਵਾਲਿਆਂ ਨੂੰ ਵੱਡੇ ਪਿੰਡਾਂ ਵਾਲੇ ਟਿੱਚ ਸਮਝਦੇ ਸਨਉਹ ਵੀ ਵਿਚਾਰੇ ਇਨਾਂ ਦੇ ਸਾਹਮਣੇ ਮਾਊਂ ਜਿਹੇ ਬਣੇ ਰਹਿੰਦੇ ਸਨਇਕ ਬੋਟ ਜਿਹੇ ਪਿੰਡ ਨੇ ਤਾਂ ਇਸ ਧੌਂਸ ਦੇ ਡਰੋਂ ਆਪਣਾ ਨਿਮਾਣਾ ਜਿਹਾ ਨਾਂ ਰੱਖ ਲਿਆ, 'ਪੰਡੋਰੀ' ਪਰ ਕਿਸੇ ਜ਼ਮਾਨੇ ਇਕ ਪਟਵਾਰੀ ਨੇ ਤਰਸ ਖਾ ਕੇ ਇਸ ਦੇ ਨਾਂ ਪਿਛੇ 'ਮੁਸ਼ਾਰਕਤੀ' ਦਾ ਛੱਜ ਲਟਕਾ ਦਿਤਾ ਤੇ ਨਾਂ ਬਣ ਗਿਆ 'ਪੰਡੋਰੀ ਮੁਸ਼ਾਰਕਤੀ'ਸ਼ਾਇਦ ਸ਼ਹਿਰੀ ਲੋਕ ਵੀ ਪੇਂਡੂਆਂ ਨੂੰ ਏਨੀ ਹੇਚ ਦ੍ਰਿਸ਼ਟੀ ਨਾਲ ਨਹੀਂ ਦੇਖਦੇ ਹੋਣੇ ਜਿੰਨੇ ਵੱਡੇ ਪਿੰਡਾਂ ਵਾਲੇ ਛੋਟੇ ਪਿੰਡਾਂ ਵਾਲਿਆਂ ਨੂੰ ਦੇਖਦੇ ਹਨਸ਼ਹਿਰੀਆਂ ਨਾਲ ਮਿਲੀ-ਭੁਗਤ ਕਰਕੇ ਇਨ੍ਹਾਂ ਇਕ ਕਹਾਵਤ ਠੇਲ੍ਹ ਦਿੱਤੀ:

ਸ਼ਹਿਰੀਂ ਵਸਣ ਦੇਵਤੇ, ਵੱਡੇ ਪਿੰਡੀਂ ਮਨੁੱਖ:

ਛੋਟੇ ਪਿੰਡੀਂ ਭੂਤਨੇ, ਪੁੱਟ ਪੁੱਟ ਸੁੱਟਦੇ ਰੁੱਖ

-----

ਪਹਿਲੀਆਂ ਚ ਜੇ ਕਿਸੇ ਗਲੀ-ਗੁਆਂਢ ਵਹੁਟੀ ਕੁੜੀ ਦੀ ਸਲਵਾਰ ਉੱਚੀ ਬੰਨ੍ਹੀ ਹੁੰਦੀ ਤਾਂ ਮੇਰੀ ਮਾਂ ਝੱਟ ਕਹਿ ਦਿਆ ਕਰਦੀ, "ਦੇਖ ਖਾਂ, ਸਲਵਾਰ ਕਿੱਦਾਂ ਛੋਟੇ ਪਿੰਡਾਂ ਆਲੀਆਂ ਵਾਂਗੂੰ ਬੰਨ੍ਹੀ ਹੋਈ ਹੈਏਹਨੂੰ ਪਹਿਨਣ ਦਾ ਚੱਜ ਤਾਂ ਨਹੀਂ।" ਡੂਢੀ ਬੁੱਕਲ ਜਾਂ ਉਚੀ ਕੁੜਤੀ ਵੀ ਛੋਟੇ ਪਿੰਡਾਂ ਵਾਲੀਆਂ ਦੀ ਨਿਸ਼ਾਨੀ ਸਮਝੀ ਜਾਂਦੀ ਸੀਛੋਟੇ ਪਿੰਡਾਂ ਵਾਲਿਆਂ ਦੀ ਹਰ ਹਰਕਤ, ਤੌਰ ਤਰੀਕਾ, ਰਹਿਣੀ ਬਹਿਣੀ ਵੱਡੇ ਪਿੰਡਾਂ ਦੀ ਨਜ਼ਰ ਵਿੱਚ ਸਭਿਅਤਾ ਤੋਂ ਹੀਣੀ ਹੁੰਦੀ ਸੀਲੰਬੜਾਂ ਦੇ ਮੁੰਡੇ ਵਾਂਗ ਵੱਡੇ ਪਿੰਡ ਦਾ ਬੰਦਾ ਛੋਟੇ ਪਿੰਡ ਵਾਲੇ ਨੂੰ ਦੇਖਕੇ ਮੋਢੇ ਦੇ ਉਪਰ ਦੀ ਥੁੱਕ ਦੇਂਦਾ ਸੀਵੱਡੇ ਪਿੰਡ ਦੇ ਹੋਣ ਦੇ ਅਹਿਸਾਸ ਕਾਰਨ ਉਨਾਂ ਦਾ ਹਰ ਐਬ ਢਕਿਆ ਰਹਿੰਦਾ ਸੀਛੋਟੇ ਪਿੰਡਾਂ ਨੇ ਸਮੇਂ -ਮੇਂ ਸਿਰ ਵੱਡੇ ਪਿੰਡਾਂ ਦੇ ਇਸ ਫੋਕੇ ਟੌਹਰ ਪ੍ਰਤੀ ਰੋਸ ਤੇ ਵਿਦਰੋਹ ਦਾ ਝੰਡਾ ਵੀ ਚੁੱਕਿਆ ਹੈ

-----

ਮਾਲਵੇ ਤੋਂ ਵਿਆਹ ਕੇ ਲਿਆਂਦੀਆਂ ਔਰਤਾਂ ਪ੍ਰਤੀ ਵੀ ਇਨ੍ਹਾਂ ਵੱਡੇ ਡਮਾਕੀਆਂ ਦਾ ਏਹੋ ਜਿਹਾ ਹੀ ਵਿਉਹਾਰ ਸੀਉਨਾਂ ਨੂੰ ਨੱਕ ਸਿਕੋੜ ਕੇ 'ਪਾਰ ਦੀਆਂ' ਕਹਿ ਕੇ ਛੁਟਿਆਇਆ ਜਾਂਦਾ ਸੀ ਜਿਵੇਂ ਕਿਧਰੇ ਉਹ ਕੁਦੇਸਣਾਂ ਹੁੰਦੀਆਂ ਹਨਇਕ ਦੇਸ ਨੂੰ ਹੀ ਭੈੜਾ ਦੇਸ ਕਹਿ ਦੇਣਾ ਸਿਰੇ ਦਾ ਹੰਕਾਰ ਹੈਕੁਦੇਸ ਸ਼ਬਦ ਹੀ ਬਾਹਰੋਂ ਵਿਆਹ ਕੇ ਲਿਆਦੀਆਂ ਔਰਤਾਂ ਦੇ ਪ੍ਰਸੰਗ ਵਿੱਚ ਵਰਤਿਆ ਜਾਂਦਾ ਸੀਨੁਕਸ ਆਪਣੇ ਘਰ ਵਿੱਚ ਹੋਣਾ ਕਿ ਮੁੰਡਾ ਵਿਆਹ ਨਹੀਂ ਹੁੰਦਾਵਿਡੰਬਨਾ ਇਹ ਹੋਈ ਕਿ ਸਾਡੇ ਘਰ ਵਿੱਚ ਮੇਰੀ ਵਹੁਟੀ ਤੇ ਵੱਡੀ ਭਰਜਾਈ ਪਾਰ ਤੋਂ ਆ ਗਈਆਂ ਤੇ ਮੇਰੀ ਛੋਟੀ ਭਰਜਾਈ ਲਾਗੇ ਜਿਹੇ ਦੇ ਇਕ ਛੋਟੇ ਪਿੰਡ ਤੋਂਸੱਸਾਂ ਤਾਂ ਵੈਸੇ ਹੀ ਮਾਣ ਨਹੀਂ ਹੁੰਦੀਆਂ ਪਰ ਆਪਣੀਆਂ ਨੂੰਹਾਂ ਦੀ ਇਹ ਊਣਤਾਈ ਦੇਖਕੇ ਸਾਡੀ ਮਾਂ ਦੀ ਹੋਰ ਗੁੱਡੀ ਚੜ੍ਹ ਗਈਮੌਕਾ ਲਗਦੇ ਉਹ ਕਿਸੇ ਛੋਟੇ ਪਿੰਡ ਜਾਂ ਪਾਰ ਦੀ ਵਿਆਹੀ ਔਰਤ ਦੀ ਅਟ-ਪਟੀ ਹਰਕਤ ਦੇਖ ਕੇ ਟਾਂਚ ਕਰਨੋ ਨਾ ਰਹਿੰਦੀ ਪਰ ਨਾਲ ਹੀ ਆਪਣੀਆਂ ਨੂੰਹਾਂ ਨੂੰ ਵੀ ਕਹਿ ਦਿੰਦੀ,"ਓਦਾਂ ਤੁਸੀਂ ਤਾਂ ਨਹੀਂ ਏਦਾਂ ਦੀਆਂ।"

-----

ਵੱਡੇ ਪਿੰਡਾਂ ਦੇ ਲੋਕ ਛੋਟੇ ਪਿੰਡਾਂ ਦੀ ਹਰ ਚੀਜ਼ ਨਿੰਦਦੇ ਸਨਉਨ੍ਹਾਂ ਦੇ ਆਦਮੀ ਘਰੀਂ ਹੁੱਕੇ ਪੀਂਦੇ ਹਨ, ਉਨ੍ਹਾਂ ਨੇ ਸਿਰ ਘੋਨ ਮੋਨ ਕਰਾ ਕੇ ਰੱਖੇ ਹਨ, ਉਨ੍ਹਾਂ ਦੀਆਂ ਔਰਤਾਂ ਖੇਤਾਂ ਚ ਕੰਮ ਕਰਦੀਆਂ ਹਨ ਨਾਲੇ ਗੋਹਾ ਕੂੜਾ ਕਰਦੀਆਂ ਹਨ, ਉਨ੍ਹਾਂ ਦੇ ਨਹੁੰਆਂ ਵਿਚੋਂ ਛੇ-ਛੇ ਮਹੀਨੇ ਮੈਲ ਨਹੀਂ ਨਿਕਲਦੀਸਾਡੀਆਂ ਵਹੁਟੀਆਂ ਕੁੜੀਆਂ ਜੇ ਬਾਹਰ ਵੀ ਜਾਣਗੀਆਂ ਤਾਂ ਪਹਿਨ-ਪੱਚਰ ਕੇ ਜਾਣਗੀਆਂ, ਬਾਹਰੋਂ ਜੇ ਬਾਲਣ ਲਿਆਉਣਾ ਹੋਵੇ ਤਾਂ ਪੂਰਾ ਸੁਆਰ ਕੇ ਲਿਆਉਣਗੀਆਂ ਪਰ ਇਹ ਛੋਟੇ ਪਿੰਡਾਂ ਵਾਲੀਆ ਝੱਲ-ਕੁਕੜੀਆਂ ਰਾਹਾਂ ਗਲੀਆਂ ਵਿੱਚੀਂ ਛਾਪੇ ਘੜੀਸੀ ਲਿਆਉਣਗੀਆਂਇਕ ਛੋਟੇ ਪਿੰਡ ਗੁੜਿਆਂ ਦੇ ਮੇਰੇ ਇਕ ਮਿੱਤਰ ਨੇ ਦੱਸਿਆ ਕਿ ਉਹ ਇਕ ਵਾਰੀ ਨਾਲ ਦੇ ਵੱਡੇ ਪਿੰਡ ਸਰੀਂਹ ਤੋਂ ਪੰਜਾਂ ਦਾ ਨੋਟ ਤੁੜਾਉਣ ਗਿਆ ਤਾਂ ਦੁਕਾਨਦਾਰ ਨੇ ਪੁੱਛਿਆ ਕਿ ਤੇਰਾ ਪਿੰਡ ਕਿਹੜਾ ਹੈਉਸਦੇ ਦੱਸਣ ਤੇ ਦੁਕਾਨਦਾਰ ਨੇ ਅੱਗੋਂ ਪੁਛਿਆ, "ਉਥੇ ਕੋਈ ਬੱਸ ਜਾਂਦੀ ਹੈ?" ਮੇਰੇ ਮਿੱਤਰ ਵਲੋਂ ਨਹੀਂ ਦੇ ਉਤਰ ਵਿੱਚ ਉਸਨੇ ਹੋਰ ਸਵਾਲ ਕਰ ਦਿੱਤਾ,"ਰੇਲ ਜਾਂਦੀ ਹੈ?' ਫਿਰ ਨਹੀਂ ਉਤਰ ਆਇਆ ਤਾਂ ਉਸ ਨੇ ਟਿੱਪਣੀ ਕੀਤੀ,"ਤਾਂ ਫਿਰ ਉਥੇ ਅਕਲ ਵੀ ਨਹੀਂ ਜਾਂਦੀ ਹੋਣੀਮੇਰੇ ਕੋਲ ਆਇਆ ਕਰ, ਤੈਨੂੰ ਵੱਡੇ ਪਿੰਡਾਂ ਵਾਲੀ ਅਕਲ ਦੇ ਪਾਠ ਪੜ੍ਹਾਊਂਗਾ।" ਇਹ ਗੱਲ ਆਮ ਹੀ ਪ੍ਰਚੱਲਤ ਸੀ ਕਿ ਵੱਡੇ ਪਿੰਡ ਦੇ ਕਿਸੇ ਘਰ ਜੇ ਕੋਈ ਮਹਿਮਾਨ ਆ ਜਾਵੇ ਤਾਂ ਘਰ ਵਾਲੇ ਆਦਰ ਵਜੋਂ ਉਸ ਨੂੰ ਉਜਲੀ ਦਰੀ, ਸਿਰਹਾਣਾ ਤੇ ਖੇਸ ਵਿਛਾਕੇ ਮੰਜੇ ਤੇ ਬਹਾਲਦੇ ਹਨ, ਰੋਟੀ ਪਾਣੀ ਦੀ ਖ਼ੂਬ ਸੇਵਾ ਕਰਦੇ ਹਨ ਪਰ ਛੋਟੇ ਪਿੰਡਾਂ ਦੇ ਲੋਕ ਪਰਾਹੁਣਿਆਂ ਨੂੰ ਅਲਾਣੇ ਮੰਜੇ ਤੇ ਬਿਠਾ ਦਿੰਦੇ ਹਨ, ਸੇਵਾ ਲਈ ਨਿਆਣਿਆਂ ਨੂੰ ਦਾਣੇ ਭੁਨਾਉਣ ਭੇਜ ਦਿੰਦੇ ਹਨ, ਇਥੋਂ ਤਕ ਕਿ ਆਏ ਜਵਾਈ ਨੂੰ ਖੇਤ ਲਿਜਾ ਕੇ ਪੱਠੇ ਵਢਾਉਣ ਤੇ ਲਾ ਦਿੰਦੇ ਹਨਛੋਟੇ ਪਿੰਡ ਦਾ ਮੁੰਡਾ ਜੇ ਰੁੜਕੇ ਪਟਵਾਰੀ ਲੱਗ ਜਾਵੇ ਤਾਂ ਬੜੇ ਫ਼ਖ਼ਰ ਨਾਲ ਇਹ ਗੱਲ ਦੱਸਣਗੇ ਕਿ ਸਾਡਾ ਮੁੰਡਾ ਰੁੜਕੇ ਪਟਵਾਰੀ ਲੱਗਾ ਹੈ

-----

ਅਸਲ ਵਿੱਚ ਛੋਟੇ ਪਿੰਡ ਆਪਣੇ ਆਕਾਰ ਕਾਰਨ ਇਕ ਵੱਡੇ ਸਾਰੇ ਪਰਿਵਾਰ ਦੀ ਨਿਆਈਂ ਰਹਿੰਦੇ ਹਨ ਜਿਸ ਕਰਕੇ ਉਨ੍ਹਾਂ ਵਿੱਚ ਆਪਸੀ ਸਾਂਝ ਵੀ ਵੱਧ ਹੁੰਦੀ ਹੈ ਤੇ ਨਿਤਾਪ੍ਰਤੀ ਜੀਵਨ ਵਿੱਚ ਤਕੱਲੁਫ਼ ਵੀ ਬਹੁਤ ਘੱਟ ਹੁੰਦਾ ਹੈਉਹ ਸਾਰੇ ਪਿੰਡ ਨੂੰ ਘਰ ਜਿਹਾ ਹੀ ਸਮਝਦੇ ਹਨਵੱਡੇ ਪਿੰਡਾਂ ਦੀ ਜ਼ਿਆਦਾ ਆਬਾਦੀ ਤੇ ਵੱਡੇ ਆਕਾਰ ਕਾਰਨ ਲੋਕ ਇਕ ਦੂਜੇ ਤੋਂ ਥੋੜਾ ਨਿਖੜੇ ਹੋਏ ਰਹਿੰਦੇ ਹਨ, ਪਿੰਡ ਚ ਵੜਨ ਲੱਗਿਆਂ ਉਨਾਂ ਨੂੰ ਲੰਮੀਆਂ ਗਲੀਆਂ ਵਿਚੀਂ ਲੰਘਣਾ ਪੈਂਦਾ ਹੈ ਇਸ ਲਈ ਉਨ੍ਹਾਂ ਦੇ ਜੀਵਨ ਵਿੱਚ ਵਿਖਾਵਾ ਤੇ ਉਚੇਚਾਪਣ ਵਧੇਰੇ ਆ ਜਾਂਦਾ ਹੈ

-----

ਵੱਡੇ ਪਿੰਡਾਂ ਦੇ ਲੋਕ ਇਕ ਹੋਰ ਚੁਸਤੀ ਕਰਦੇ ਹਨ ਜੋ ਕਿ ਮਰਦ ਪ੍ਰਧਾਨ ਸਾਡੇ ਸਮਾਜ ਦੇ ਅੰਤਰਗਤ ਆਮ ਵਰਤਾਰਾ ਹੈਇਹ ਚੁਸਤੀ ਹੈ ਔਰਤ ਨੂੰ ਵਿਆਹੁਣ ਵਿੱਚਆਪ ਤੋਂ ਨੀਵੇਂ ਸਮਝੇ ਜਾਂਦੇ ਛੋਟੇ ਪਿੰਡਾਂ ਦੀਆਂ ਕੁੜੀਆਂ ਵਿਆਹ ਲਿਆਓ ਪਰ ਆਪਣੀਆ ਕੁੜੀਆਂ ਉਨ੍ਹਾਂ ਨੂੰ ਨਾ ਦਿਓਔਰਤ ਅਤੇ ਨੀਚਤਾ ਦੇ ਸਿਧੇ ਸਬੰਧ ਨੂੰ ਇਕ ਅਟੱਲ ਸੱਚਾਈ ਸਮਝਿਆ ਜਾਂਦਾ ਹੈਸਾਡੇ ਪਰਾਚੀਨ ਧਰਮਾਚਾਰੀਆਂ ਨੇ ਇਸ ਵਤੀਰੇ ਨੇ ਪਕੇਰਾ ਹੀ ਕੀਤਾ ਹੈਗੁਰੂ ਨਾਨਕ ਦੇਵ ਹਾਲਾਂ ਕੇ ਰਾਜਿਆਂ ਦੇ ਲੋਕ ਵਿਰੋਧੀ ਕਿਰਦਾਰ ਦੀ ਖੁੱਲ੍ਹ ਕੇ ਨਿੰਦਿਆ ਕਰਦੇ ਸਨ ਪਰ ਔਰਤ ਦਾ ਦਰਜਾ ਉਚਾ ਚੁੱਕਣ ਦੇ ਇਰਾਦੇ ਨਾਲ ਉਨ੍ਹਾਂ ਕਿਹਾ," ਸੋ ਕਿਓ ਮੰਦਾ ਆਖੀਐ, ਜਿਤ ਜੰਮੇ ਰਾਜਾਨ।"

-----

ਜਿਵੇਂ ਕਿ ਪਹਿਲਾਂ ਹੀ ਇਸ਼ਾਰਾ ਕੀਤਾ ਜਾ ਚੁੱਕਾ ਹੈ, ਛੋਟੇ ਪਿੰਡਾਂ ਦੇ ਲੋਕ ਵੱਡੇ ਪਿੰਡਾਂ ਦੇ ਇਸ ਵਤੀਰੇ ਦੀ ਅੰਦਰੋਂ ਅੰਦਰੀ ਨਿਖੇਧੀ ਕਰਦੇ ਸਨ ਤੇ ਮੌਕਾ ਮਿਲਣ ਤੇ ਆਪਣਾ ਗੁੱਭ-ਗੁਭਾਟ ਕੱਢ ਲੈਂਦੇ ਸਨਸਾਡੇ ਪਿੰਡਾਂ ਵਿੱਚ ਇਕ ਗੱਲ ਸੁਣਾਈ ਜਾਂਦੀ ਹੈ ਕਿ ਇਕ ਛੋਟੇ ਪਿੰਡ ਦੀ ਕੁੜੀ ਕਿਸੇ ਵੱਡੇ ਪਿੰਡ ਵਿਆਹੀ ਗਈਇਕ ਦਿਨ ਉਸਦਾ ਬਾਪ ਆਪਣੀ ਕੁੜੀ ਨੂੰ ਦੇਖਣ ਉਸਦੇ ਸਹੁਰੇ ਘਰ ਗਿਆਪਿਉ ਨੇ ਦੇਖਿਆ ਕਿ ਛੋਟੇ ਜਿਹੇ ਘਰ ਦੇ ਦਲਾਨ ਵਿੱਚ ਚਾਰੇ ਖੂੰਜਿਆਂ ਵਿੱਚ ਇਕ ਇਕ ਭੜੋਲਾ ਪਿਆ ਹੈਉਹ ਖ਼ੁਸ਼ ਹੋ ਗਿਆ ਕਿ ਘਰ ਵਿੱਚ ਚੋਖਾ ਦਾਣਾ-ਫੱਕਾ ਹੈ, ਉਸਦੀ ਧੀ ਸੁਖੀ ਵਸੇਗੀਪਰ ਫਿਰ ਵੀ ਉਸਨੇ ਜਿਗਿਆਸਾਵਸ ਆਪਣੀ ਕੁੜੀ ਤੋਂ ਪੁੱਛ ਲਿਆ ਕਿ ਇਨ੍ਹਾਂ ਭੜੋਲਿਆਂ ਵਿੱਚ ਕੀ ਹੈਕੁੜੀ ਨੇ ਸਤੀ ਹੋਈ ਨੇ ਕਿਹਾ,"ਇਕ ਵਿੱਚ ਬੁੰਡਾਲਾ, ਇਕ ਵਿੱਚ ਜੰਡਿਆਲਾ, ਇਕ ਵਿੱਚ ਸਰੀਂਹ ਤੇ ਇਕ ਵਿੱਚ ਸ਼ੰਕਰ।" ਅਰਥਾਤ ਉਸਨੇ ਚਾਰ ਚੁਫੇਰੇ ਦੇ ਵੱਡੇ ਪਿੰਡਾਂ ਦੇ ਨਾਂ ਗਿਣਾ ਦਿਤੇਪਿਉ ਨੇ ਹੈਰਾਨ ਹੋਏ ਨੇ ਗੱਲ ਦਾ ਮਤਲਬ ਪੁੱਛਿਆ ਤਾਂ ਧੀ ਨੇ ਵਿਆਖਿਆ ਕੀਤੀ,"ਇਕ ਵਿੱਚ ਪਾਥੀਆਂ, ਇਕ ਵਿੱਚ ਗੁੱਲ, ਇਕ ਵਿੱਚ ਛਿਟੀਆਂ ਤੇ ਇਕ ਵਿੱਚ ਟੋਕ।"

-----

ਵੱਡੇ ਪਿੰਡਾਂ ਦੇ ਜੱਟਾਂ ਨੂੰ ਵੱਡੇ-ਮੂੰਹੇਂ ਤੇ ਛੋਟੇ ਪਿੰਡਾਂ ਦੇ ਜੱਟਾਂ ਨੂੰ ਛੋਟੇ-ਮੂੰਹੇਂ ਕਿਹਾ ਜਾਂਦਾ ਸੀਇਹ ਗੱਲ ਸੱਚ ਹੈ ਕਿ ਛੋਟੇ ਪਿੰਡਾਂ ਦੇ ਲੋਕ ਵੱਡੇ ਪਿੰਡਾਂ ਵਿੱਚ ਆਪਣੀਆਂ ਧੀਆਂ ਨੂੰ ਵਿਆਹੁਣ ਵਿੱਚ ਆਪਣੀ ਵਡਿਆਈ ਸਮਝਦੇ ਸਨਇਸਦਾ ਨਤੀਜਾ ਇਹ ਹੁੰਦਾ ਸੀ ਕਿ ਵੱਡੇ ਪਿੰਡਾਂ ਦੇ ਰਹੇ-ਖਹੇ ਤੇ ਅਮਲੀ-ਠਮਲੀ ਵੀ ਵਿਆਹੇ ਜਾਂਦੇ ਸਨਇਸ ਕਾਰਨ ਵੱਡੇ ਪਿੰਡਾਂ ਦੀ ਆਬਾਦੀ ਹੋਰ ਵੀ ਵਧਦੀ ਜਾਂਦੀ ਤੇ ਹਿੱਸੇ ਆਉਂਦੀ ਭੋਇੰ ਘਟਦੀ ਜਾਂਦੀਵੱਡੇ ਪਿੰਡਾਂ ਦੀ ਊਂਚੀ ਦੁਕਾਨ ਵਿੱਚ ਫੀਕਾ ਪਕਵਾਨ ਪੱਕਣ ਲੱਗ ਜਾਂਦਾਹੋਰ ਤਾਂ ਹੋਰ ਪਿੰਡ ਦੀ ਪੱਧਰ ਤੇ ਇਹ ਵਰਤਾਰਾ ਪਿੰਡ ਦੇ ਅੰਦਰਵਾਰ ਵੀ ਵਾਪਰਨ ਲਗਦਾਪਿੰਡ ਦੀਆਂ ਵੱਡੀਆਂ ਛੋਟੀਆਂ ਪੱਤੀਆਂ ਵਿੱਚ ਵੀ ਇਹੋ ਕੁਝ ਹੋ ਰਿਹਾ ਹੁੰਦਾਸਾਡੇ ਪਿੰਡ ਵਿੱਚ ਦੋ ਵੱਡੀਆਂ ਪੱਤੀਆਂ ਹਨਖ਼ੁਸ਼ਕਿਸਮਤੀ ਨਾਲ ਮੇਰਾ ਸੰਬੰਧ ਵੱਡੀ ਪੱਤੀ ਨਾਲ ਹੈ ਤੇ ਮੇਰੇ ਸਿਰ ਵਿਚਲਾ ਦੂਹਰਾ ਗ਼ਰੂਰ ਮੇਰੇ ਪੈਰਾਂ ਨੂੰ ਧਰਤੀ ਤੇ ਨਹੀਂ ਲੱਗਣ ਦਿੰਦਾਅਮਰੀਕਾ ਨੇ ਇਹ ਗ਼ਰੂਰ ਹੋਰ ਵਧਾ ਦਿਤਾ ਪਰ ਲੇ-ਆਫ਼ ਨੇ ਸਾਰੀ ਹਵਾ ਕੱਢ ਦਿਤੀਮੈਂ ਤੇ ਮੇਰੇ ਚਾਚੇ ਦੇ ਪੁੱਤਰ ਮੱਖਣ ਸਿੰਘ ਨੇ ਜਦ ਇਕ ਛੋਟੀ ਪੱਤੀ ਵਾਲੇ ਦੋਸਤ ਦੇ ਘਰ ਜਾਣਾ ਤਾਂ ਉਸਦੀ ਮਾਂ ਨੇ ਸਾਡੇ ਟੱਸ਼ਨਾਂ ਵੱਲ ਰਸ਼ਕ ਭਰੀਆਂ ਨਜ਼ਰਾਂ ਨਾਲ ਦੇਖਦੇ ਹੋਏ ਕਹਿਣਾ," ਦੇਖੋ ਨੀ, ਨੀਏਂ ਵਾਲ ਦੇ ਮੁੰਡੇ ਤਾਂ ਚੜ੍ਹ ਚੜਾਉਂਦੇ ਹਨ।" ਪਿੰਡ ਦੇ ਸਿਆਣੇ ਲੋਕ ਦੱਸਦੇ ਹਨ ਕਿ ਇਨ੍ਹਾਂ ਦੋਵਾਂ ਵੱਡੀਆਂ ਪੱਤੀਆਂ ਦੇ ਲੋਕਾਂ ਕੋਲ ਜ਼ਮੀਨਾਂ ਘੱਟ ਹਨ ਪਰ ਆਬਾਦੀ ਜ਼ਿਆਦਾਦੂਜੇ ਪਾਸੇ ਪਿੰਡ ਦੀਆਂ ਤਿੰਨ ਛੋਟੀਆਂ ਪੱਤੀਆਂ ਦੇ ਲੋਕਾਂ ਕੋਲ ਜ਼ਮੀਨਾਂ ਵੱਧ ਹਨ ਪਰ ਛੜੇ ਵੀ ਵਧੇਰੇਹੋਰ ਪਿੰਡਾਂ ਦੇ ਲੋਕ ਇਹ ਦੇਖਕੇ ਵੀ ਆਪਣੀ ਕੁੜੀ ਦਾ ਸਾਕ ਕਰਦੇ ਸਨ ਕਿ ਮੁੰਡਾ ਵੱਡੀ ਪੱਤੀ ਦਾ ਹੈ ਕਿ ਛੋਟੀ ਪੱਤੀ ਦਾਅੰਦਰ ਕੀ ਭੰਗ ਭੁਜਦੀ ਹੈ, ਉਨ੍ਹਾਂ ਦੀ ਜਾਣੇ ਬਲਾਅ! ਏਹੋ ਹਾਲ ਸਾਡੇ ਨਾਲ ਦੇ ਪਿੰਡ ਜੰਡਿਆਲੇ ਦਾ ਹੈਇਥੇ ਦੀਆਂ ਦੋ ਵੱਡੀਆਂ ਪੱਤੀਆਂ ਹਨਜਿਵੇਂ ਕਹਿੰਦੇ ਹਨ ਵੱਡੇ ਘਰ ਦੀਆਂ ਵਡੀਆਂ ਮਿਰਚਾਂ, ਇਨ੍ਹਾਂ ਪੱਤੀਆਂ ਨੇ ਆਪਣੇ ਨਾਂ ਵੀ ਚੁਣ ਕੇ ਰਖਵਾਏ ਹਨ: 'ਵੱਡੀ ਪੱਤੀ' ਤੇ 'ਸਾਹਨ ਕੀ ਪੱਤੀ' ਵਿਚਾਰੀਆ ਦੋ ਛੋਟੀਆਂ ਪੱਤੀਆਂ ਦੇ ਹਿੱਸੇ ਨਾਂ ਆਏ ਹਨ, ਰਾਮ ਕੀ ਪੱਤੀ ਤੇ ਧੁੰਨੀ ਕੀ ਪੱਤੀਵੱਡੀਆਂ ਪੱਤੀਆਂ ਵਾਲਿਆਂ ਨੇ ਆਪਣੀ ਘਟ ਭੋਇੰ-ਮਾਲਕੀ ਤੋਂ ਪੈਦਾ ਹੋਏ ਕਮਤਰੀ ਦੇ ਅਹਿਸਾਸ ਨੂੰ ਇਹ ਧੁੰਮਾ ਕੇ ਲੁਕੋ ਲਿਆ ਹੈ:

ਖੇਹ ਧੁੰਨੀ, ਸੁਆਹ ਰਾਮਕੇ

ਬੜੀ ਪੱਤੀ ਸਰਦਾਰਾਂ ਦੀ, ਨਾਲੇ ਸਾਹਨਕੇ

ਵੱਡੇ ਪਿੰਡਾਂ ਦੀ ਆਪਸ ਵਿਚ ਪੁਸ਼ਤਾਂ ਬੱਧੀ ਲੜਾਈ ਹੁੰਦੀ ਰਹਿੰਦੀ ਸੀਸਾਡੇ ਪਿੰਡ ਬੁੰਡਾਲੇ ਅਤੇ ਜੰਡਿਆਲੇ ਦੇ ਇਸ ਅਮੁੱਕ ਸੰਗਰਾਮ ਤੇ ਜੰਡਿਆਲੇ ਦੇ ਇਕ ਲੇਖਕ ਨੇ ਨਾਵਲ ਹੀ ਲਿਖ ਮਾਰਿਆ ਹੈ

-----

ਪੱਤੀਆਂ ਦੀ ਪੱਤੀਆਂ ਨਾਲ ਵੀ ਖਹਿਬਾਜ਼ੀ ਹੁੰਦੀ ਹੈ ਜਿਸ ਨੂੰ ਪਾਸਾਵਾਦ ਕਿਹਾ ਜਾਂਦਾ ਹੈ ਤੇ ਅਗਾਂਹ ਗੁਆਂਢ ਦੀ ਗੁਆਂਢ ਨਾਲ ਤੇ ਬੰਨੇ ਦੀ ਬੰਨੇ ਨਾਲਆਮ ਤੌਰ ਤੇ ਵੱਡੀਆਂ ਪੱਤੀਆਂ ਆਪੋ ਵਿੱਚ ਪਿੰਡ ਦੀ ਸਰਦਾਰੀ ਲਈ ਇੱਕ ਦੂਜੇ ਨਾਲ ਖਹਿੰਦੀਆਂ ਹਨਪਿੰਡ ਵਿੱਚ ਕੋਈ ਸਾਝਾ ਕੰਮ ਹੋਣਾ ਹੋਵੇ, ਹਸਪਤਾਲ ਖੁੱਲ੍ਹਣਾ ਹੋਵੇ, ਅਨਾਜ ਦੀ ਮੰਡੀ ਆਉਣੀ ਹੋਵੇ ਜਾਂ ਨਕਲਾਂ ਹੋਣੀਆਂ ਹੋਣ, ਪਾਸਾਵਾਦ ਸਿਰ ਚੁੱਕਣ ਲਗਦਾ ਹੈਇਕ ਪੱਤੀ ਦੀਆਂ ਸੜਕਾਂ ਜਾਂ ਗਲੀਆਂ ਪੱਕੀਆਂ ਹੋ ਜਾਣ ਤਾਂ ਦੂਜੀ ਪੱਤੀ ਤੜਫਣ ਲਗਦੀ ਹੈਪਿੰਡ ਦਾ ਸਰਪੰਚ ਆਪਣੀ ਪੱਤੀ ਦੇ ਘੜੇ ਸੁਆਰਦਾ ਰਹਿੰਦਾ ਹੈ

-----

ਵੱਡੇ ਪਿੰਡਾਂ ਤੇ ਵੱਡੀਆਂ ਪੱਤੀਆਂ ਦੀ ਵਧਦੀ ਆਬਾਦੀ ਤੇ ਘਟਦੀ ਜ਼ਮੀਨ ਕਰਕੇ ਇਨ੍ਹਾਂ ਦੇ ਜ਼ਿਆਦਾ ਲੋਕ ਪਹਿਲਾਂ ਪਿੰਡ ਛੱਡਕੇ ਦੇਸ਼ ਦੇ ਹੋਰ ਹਿੱਸਿਆਂ ਜਾਂ ਹੋਰ ਦੇਸਾਂ ਚ ਜਾ ਵਸੇਬਾਹਰ ਜਾ ਕੇ ਉਨ੍ਹਾਂ ਦੀ ਅਮੀਰੀ ਨੇ ਇਸ ਫੋਕੀ ਸ਼ਾਨ ਨੂੰ ਹੋਰ ਤੂਲ ਦਿੱਤੀਇਨ੍ਹਾਂ ਪਿੰਡਾਂ ਚ ਸਕੂਲ ਹੋਣ ਕਾਰਨ ਜਾਗਰਤੀ ਵੀ ਵਧੇਰੇ ਏਥੇ ਹੀ ਆਈ ਤੇ ਇਹ ਆਲੇ ਦੁਆਲੇ ਦੇ ਇਲਾਕੇ ਦੇ ਲੀਡਰ ਬਣ ਗਏਸਾਡਾ ਪਿਛਲਾ ਰੱਖਿਆ ਮੰਤਰੀ ਸਵਰਨ ਸਿੰਘ, ਦੇਸ਼ ਭਰ ਦੀ ਸਿਆਸਤ ਦਾ ਸਿਕੰਦਰ ਹਰਕਿਸ਼ਨ ਸਿੰਘ ਸੁਰਜੀਤ ਅਤੇ ਪੰਜਾਬ ਦਾ ਪੁਰਾਣਾ ਮੁਖ ਮੰਤਰੀ ਦਰਬਾਰਾ ਸਿੰਘ ਮੰਜਕੀ ਦੇ ਇਨ੍ਹਾਂ ਪਿੰਡਾਂ ਵਿਚੋਂ ਹੀ ਆਏ ਹਨਗ਼ਦਰ ਲਹਿਰ ਤੇ ਬਬਰ ਅਕਾਲੀ ਲਹਿਰ ਵਿੱਚ ਇਨ੍ਹਾਂ ਪਿੰਡਾਂ ਦੇ ਲੋਕਾਂ ਦਾ ਆਗੂ ਰੋਲ ਹੈਇਹ ਲੋਕ ਬੜੇ ਚਤੁਰ, ਲੀਚੜ ਤੇ ਬੇ-ਇਤਬਾਰੇ ਸਮਝੇ ਹਨ, ਭੋਇੰ ਨਈਂ ਦਾ ਮਾਲਕ ਬਾਕੀ ਦਾ ਪੰਜਾਬ ਇਨ੍ਹਾਂ ਨੂੰ ਭੁੱਖੜ ਸਮਝਦਾ ਹੈ

------

ਮਾਝੇ ਵਾਲੇ ਆਪਣੇ ਆਪ ਨੂੰ ਰਾਣੀ ਖਾਂ ਦੇ ਸਾਲੇ ਸਮਝਦੇ ਹੋਏ ਦੁਆਬੇ ਵਾਲਿਆਂ ਨੂੰ ਦੁੱਕੀ ਜਾਣਦੇ ਸਨਦੁਆਬੇ ਦੇ ਲੇਖਕ ਗੁਲਜ਼ਾਰ ਸਿੰਘ ਸੰਧੂ ਦਾ ਕਿਸੇ ਤਰ੍ਹਾਂ ਮਾਝੇ ਦੇ ਕਹਿੰਦੇ ਕਹਾਉਂਦੇ ਘਰ ਦੀ ਡਾਕਟਰ ਕੁੜੀ ਨਾਲ ਪੱਕਾ ਠੱਕਾ ਹੋ ਗਿਆ ਤਾਂ ਉਸਨੂੰ ਆਪਣੇ ਦੁਆਬੀਆ ਹੋਣ ਦਾ ਪਾਲਾ ਮਾਰਨ ਲੱਗਾਟੌਹਰ ਦਿਖਾਉਣ ਲਈ ਨਾਮੀ ਲੇਖਕ ਸੰਤ ਸਿੰਘ ਸੇਖੋਂ, ਕਵੀ ਮੋਹਨ ਸਿੰਘ, ਸਾਧੂ ਸਿੰਘ ਹਮਦਰਦ, ਮੀਸ਼ਾ, ਕੁਲਵੰਤ ਸਿੰਘ ਵਿਰਕ ਤੇ ਸ਼ਿਵ ਕੁਮਾਰ ਬਟਾਲਵੀ ਨੂੰ ਜਨੇਤੇ ਲਿਜਾਣ ਲਈ ਤਿਆਰ ਕਰਨਾ ਪਿਆਲੇਖਕਾਂ ਨੂੰ ਇਕੱਠੇ ਕਰਦਾ ਸੰਧੂ ਸ਼ਾਮ ਢਲੀ ਤੇ ਪਿੰਡ ਪੁੱਜਾਪ੍ਰੋ.ਮੋਹਨ ਸਿੰਘ ਤਾਂ ਅਪਣੀ ਸ਼ਤਰੰਜ ਦੀ ਖੇਡ ਵਿੱਚ ਹੀ ਰੁੱਝਿਆ ਰਿਹਾ ਸੀਉਧਰੋਂ ਸੇਖੋਂ ਵੀ ਕਿਧਰੇ ਬੱਕਰੀਆਂ ਵਾਲੇ ਟਰੱਕ ਵਿਚੋਂ ਕੋਟ ਪੈਂਟ ਝਾੜਦਾ ਉੱਤਰ ਆਇਆਸੰਧੂ ਦਾ ਕੋਟ ਬੱਸ ਦੀ ਛੱਤ ਤੇ ਰਹਿ ਗਿਆਮੰਗਵਾਂ ਕੋਟ ਲੈ ਕੇ ਉਸਨੂੰ ਆਪਣੇ ਵਿਆਹ ਵਿੱਚ ਭੰਗੜਾ ਪਾਉਣਾ ਪਿਆਸੰਧੂ ਦਾ ਰੀਣ ਕੁ ਹੋ ਗਿਆ ਮੂੰਹ ਹੋਈ ਹੇਠੀ ਦੀ ਗਵਾਹੀ ਭਰਦਾ ਸੀਦੁਆਬੀਆਂ ਦੀ ਖ਼ੂਬ ਮਿੱਟੀ ਪਲੀਤ ਹੋਈਰਾਤ ਦੀ ਬੋਤਲ ਸ਼ਰਾਬ ਦੀ ਡੱਫੀ ਹੋਣ ਕਾਰਨ ਅਨੰਦ ਕਾਰਜ ਵੇਲੇ ਸ਼ਿਵ ਕੁਮਾਰ ਬਟਾਲਵੀ ਨੇ ਸੋਜ਼ ਭਰੀ ਅਵਾਜ਼ ਵਿੱਚ 'ਧੀਆਂ ਦੇ ਦੁੱਖ ਬੁਰੇ' ਵਾਲੇ ਗੀਤ ਗਾਏ ਤੇ ਸਭਨਾਂ ਦਾ ਰੁੱਗ ਭਰਿਆ ਗਿਆਮਝੈਲਾਂ ਸਮਝਿਆ ਧੀਆਂ ਤੋਰਨ ਵਾਲਾ ਕੋਈ ਪੇਸ਼ਾਵਰ ਗਾਇਕ ਸੱਦਿਆ ਗਿਆ ਹੈਆਖਰ ਦੁਆਬੇ ਦਾ ਮਾਝੇ ਤੇ ਰੋਹਬ ਪੈ ਗਿਆ

-----

ਦੁਆਬੇ ਵਾਲੇ ਮਾਲਵੇ ਵਾਲਿਆਂ ਨੂੰ ਨੱਕ ਥੱਲੇ ਨਹੀਂ ਸਨ ਰੱਖਦੇ ਕਿਉਂਕਿ ਉਨ੍ਹਾਂ ਦੀਆਂ ਜ਼ਮੀਨਾਂ ਮਾਰੂ ਸਨਹਾਂ, ਗਰੇਵਾਲਾਂ ਗਿੱਲਾਂ ਨਾਲ ਜ਼ਰੂਰ ਲੋੜ ਪੈਣ ਤੇ ਸਾਕ ਕਰ ਲਏ ਜਾਂਦੇ ਸਨਮਾਝੇ ਵਾਲੇ ਦੁਆਬੇ ਵਾਲਿਆਂ ਨੂੰ ਕੁੜੀਆਂ ਨਹੀਂ ਸਨ ਦੇਂਦੇਦੁਆਬੇ ਦੇ ਪਿੰਡ ਚੱਬੇਵਾਲ, ਫਰਾਲਾ, ਮਾਹਿਲਪੁਰ, ਕਾਲਾ ਸੰਘਿਆਂ ਆਦਿ ਦੇ ਲੋਕਾਂ ਦੀਆਂ ਕੁੜੀਆਂ ਦਾ ਸਾਕ ਮਾਝੇ ਵਾਲੇ ਲੈ ਲੈਂਦੇ ਸਨ ਕਿਉਂਕਿ ਉਨ੍ਹਾਂ ਨੂੰ ਉੱਚੇ ਸਮਝਿਆ ਜਾਦਾ ਸੀਏਥੇ ਤਾਂ ਇਹ ਵੀ ਕਿਹਾ ਜਾਣ ਲੱਗ ਪਿਆ ਕਿ ਜਦ ਕੋਈ ਤੀਵੀਂ ਕੁੜੀ ਜੰਮਣ ਲਗਦੀ ਹੈ ਤਾਂ ਉਹ ਆਪਣਾ ਮੂੰਹ ਮਾਝੇ ਵੱਲ ਕਰ ਲੈਂਦੀ ਹੈਚੱਬੇਵਾਲ ਦੇ ਰਹਿਣ ਵਾਲੇ ਇਕ ਫੌਜੀ ਅਫ਼ਸਰ ਨੇ ਆਪਣੀ ਕੁੜੀ ਦਾ ਵਿਆਹ ਮਾਝੇ ਚ ਕਰ ਦਿੱਤਾਇਕ ਦਿਨ ਉਹ ਆਪਣੀ ਕੁੜੀ ਨੂੰ ਮਿਲਣ ਗਿਆ ਤਾਂ ਉਨ੍ਹਾਂ ਦੇ ਘਰ ਡੱਠੇ ਮੰਜੇ ਦੇ ਸਰਹਾਂਦੀ ਬੈਠ ਗਿਆਕੁੜੀ ਦਾ ਖਰ-ਦਿਮਾਗ਼ ਸਹੁਰਾ ਉਸਦੀ ਇਸ ਮਜਾਲ ਤੇ ਸੜ-ਬਲ਼ ਗਿਆਉਸ ਅਨੁਸਾਰ ਕੁੜੀ ਵਾਲਿਆਂ ਨੂੰ ਪੁਆਂਦੀ ਬੈਠਣਾ ਚਾਹੀਦਾ ਸੀ, ਉਹ ਕੜਕਿਆ,"ਦੇਣੀਆਂ ਕੁੜੀਆਂ ਊ, ਤੇ ਬੈਠਣਾ ਸਿਰਹਾਣੇ ਊ!" ਅਫ਼ਸਰ ਸ਼ਰਮਸਾਰ ਹੋ ਗਿਆ ਪਰ ਅੰਦਰ ਕਿੜ ਰੱਖੀਉਸਨੇ ਪਿੰਡ ਆ ਕੇ ਇਲਾਕੇ ਦੇ ਪਿੰਡਾਂ ਦੀ ਕਮੇਟੀ ਕੀਤੀ ਤੇ ਮਤਾ ਪਾਸ ਕਰਾਇਆ ਕਿ ਜਿਹੜਾ ਮਾਝੇ ਵਿੱਚ ਕੁੜੀ ਦੇਵੇਗਾ ਉਸ ਨਾਲ ਸਾਕ ਨਹੀਂ ਕਰਨਾ

-----

ਦੇਖਾ-ਦੇਖੀ ਛੋਟੇ ਪਿੰਡਾਂ ਵਾਲਿਆਂ ਨੇ ਵੀ ਹੌਲੀ-ਹੌਲੀ ਹੌਸਲਾ ਫੜਿਆਉਨ੍ਹਾਂ ਜਦ ਦੇਖਿਆ ਕਿ ਵੱਡੇ ਪਿੰਡਾਂ ਵਾਲੇ ਆਪਣੀਆਂ ਕੁੜੀਆਂ ਛੋਟੇ ਪਿੰਡੀਂ ਨਹੀਂ ਦਿੰਦੇ ਤਾਂ ਉਨ੍ਹਾਂ ਕਮੇਟੀਆਂ ਕਰਕੇ ਫੈਸਲਾ ਲੈ ਲਿਆ ਕਿ ਜਿਹੜਾ ਵੱਡੇ ਪਿੰਡਾਂ ਚ ਸਾਕ ਕਰੇਗਾ ਉਸ ਦਾ ਬਾਈਕਾਟਤਾਂ ਕਿਧਰੇ ਜਾ ਕੇ ਵੱਡੇ ਪਿੰਡਾਂ ਵਾਲਿਆਂ ਦੀ ਧੌਣ ਵਿਚਲਾ ਕੀਲਾ ਵਿੰਗਾ ਹੋਇਆਜਾਗਰਤੀ ਦੇ ਵਧਣ ਨਾਲ ਅਤੇ ਬਹੁਤੇ ਲੋਕਾਂ ਦੇ ਬਾਹਰ ਚਲੇ ਜਾਣ ਨਾਲ ਹੁਣ ਸਭ ਟੋਏ ਟਿੱਬੇ ਬਰਾਬਰ ਹੋ ਗਏ ਹਨਹੁਣ ਤਾਂ ਜ਼ਮੀਨ ਜਾਇਦਾਦ ਅਤੇ ਵੱਡੇ ਛੋਟੇ ਪਿੰਡ ਨਾਲੋਂ ਲਿਆਕਤ ਅਤੇ ਪੜ੍ਹਾਈ ਦੇਖੀ ਜਾਂਦੀ ਹੈਪਰ ਕੋਈ ਵੇਲਾ ਸੀ ਛੋਟੇ ਪਿੰਡ ਛੋਟੀਆਂ ਜਾਤੀਆਂ ਵਾਂਗ ਹੀਣੇ ਸਮਝੇ ਜਾਂਦੇ ਸਨਪਹਿਲਾਂ ਜ਼ਿਕਰ ਵਿੱਚ ਆਇਆ ਛੋਟਾ ਪਿੰਡ ਪੰਡੋਰੀ ਮੁਸ਼ਾਰਕਤੀ ਸਾਡੇ ਤੋਂ ਕੋਹ ਕੁ ਦੀ ਵਾਟ ਤੇ ਹੀ ਹੈਚੰਗੇ ਕਰਮੀ ਇਸਦਾ ਨਾਂ ਤਾਂ ਵੱਡਾ ਹੋ ਗਿਆ ਪਰ ਰਿਹਾ ਇਹ ਸਾਡੇ ਪਿੰਡ ਦੀ ਇਕ ਛੋਟੀ ਪੱਤੀ ਜਿੱਡਾ ਹੀਪੁਰਾਣੇ ਸਮਿਆਂ ਵਿੱਚ ਇਕ ਵਾਰੀ ਚੇਚਕ ਫੈਲ ਗਈਪਿੰਡਾਂ ਸ਼ਹਿਰਾਂ ਵਿੱਚ ਬਹੁਤ ਲੋਕਾਂ ਦੀਆਂ ਮੌਤਾਂ ਹੋਣ ਲੱਗੀਆਂਉਦੋਂ ਕਿਹੜਾ ਕਿਸੇ ਬੀਮਾਰੀ ਦਾ ਇਲਾਜ ਹੁੰਦਾ ਸੀਪੰਡੋਰੀ ਮੁਸ਼ਾਰਕਤੀ ਦੇ ਸਿਵਿਆਂ ਵਿਚ ਕੁਝ ਵਧੇਰੇ ਹੀ ਰੌਣਕ ਹੋ ਗਈਉਧਰੋਂ ਸਾਡੇ ਪਿੰਡ ਦਾ ਇਕ ਬੰਦਾ ਲੰਘ ਰਿਹਾ ਸੀਉਸਤੋਂ ਪੰਡੋਰੀ ਦੇ ਸਿਵਿਆਂ ਵਿਚ ਇਕ ਤੋਂ ਵਧੀਕ ਬਲਦੇ ਸਿਵੇ ਦੇਖਕੇ ਜਰੇ ਨਾ ਗਏ ਤੇ ਆਖਰ ਉਹ ਬੋਲ ਉਠਿਆ," ਪੰਡੋਰੀਏ ਕਿੰਨਾ ਕੁ ਚਿਰ ਬੰਡਾਲੇ ਦੀ ਰੀਸ ਕਰੇਂਗੀ, ਏਦਾਂ ਤਾਂ ਝੱਟੇ ਮਰ ਮੁੱਕ ਜਾਏਂਗੀ।"

***********

No comments: