ਸਵੈ-ਜੀਵਨੀ - ਕਿਸ਼ਤ - 9
ਲੜੀ ਜੋੜਨ ਲਈ ਕਿਸ਼ਤ – 8 ਪੜ੍ਹੋ ਜੀ।
ਕਾਸੂ ਬੇਗੂ ਤੋਂ ਚੱਲੀ ਗੱਡੀ ਮੁਸਾਫ਼ਿਰਾਂ ਨੂੰ ਗੋਨਿਆਣਾ ਮੰਡੀ ਦੇ ਰੇਲਵੇ ਸਟੇਸ਼ਨ ਤੇ ਲਾਹ ਕੇ ਮੁੜ ਗਈ। ਗੱਡੀ ਤੋਂ ਉੱਤਰ ਕੇ ਸ਼ਰਨਾਰਥੀ ਲਾਗਲੇ ਪਿੰਡਾਂ ਦੇ ਗੁਰਦਵਾਰਿਆਂ ਵਿਚ ਚਲੇ ਗਏ। ਦੱਸ ਪੈਣ ਤੇ ਅਸੀਂ ਵੀ ਤਿੰਨ ਚਾਰ ਮੀਲ ਤੇ ਪੈਂਦੇ ਇਕ ਪਿੰਡ ਅਮਰਗੜ੍ਹ ਦੇ ਗੁਰਦਵਾਰੇ ਵੱਲ ਨੂੰ ਤੁਰ ਪਏ। ਇਥੇ ਜਾਣ ਲਈ ਪਿੰਡ ਬਲਾੜ੍ਹ ਤੱਕ ਪੱਕੀ ਸੜਕ ਤੇ ਅਗੋਂ ਨਹਿਰ ਤੇ ਸੱਜੇ ਹੱਥ ਮੁੜ ਕੇ ਪਹਿਲੇ ਪੁਲ ਤੋਂ ਮੁੜ ਕੇ ਗੁਰਦਵਾਰੇ ਜਾਣ ਦਾ ਰਾਹ ਕਿਸੇ ਨੇ ਸਾਨੂੰ ਦੱਸ ਦਿਤਾ। ਅਸੀਂ ਮੁਰੱਬਿਆਂ ਦੇ ਮਾਲਕ ਤੇ ਭਰੇ ਘਰਾਂ ਦੇ ਵਾਰਸ ਪਾਕਿਸਤਾਨ ਵਿਚੋਂ ਉਜੜ ਕੇ ਤਿੰਨੀਂ ਕੱਪੜੀਂ ਬੂਟੇ ਜਾਲੀ ਸਮੇਤ ਆਜ਼ਾਦ ਹਿੰਦੋਸਤਾਨ ਵਿਚ ਪੈਰੋਂ ਨੰਗੇ, ਢਿੱਡੋਂ ਭੁੱਖੇ ਤੇ ਜੇਬੋਂ ਖ਼ਾਲੀ ਸੜਕ ਤੇ ਤੁਰੇ ਜਾ ਰਹੇ ਸਾਂ। ਪਿੰਡ ਬਲਾੜ੍ਹ ਕੋਲੋਂ ਲੰਘਦਿਆਂ ਮੈਂ ਮਾਂ ਨੂੰ ਆਖਿਆ ਮੈਨੂੰ ਬਹੁਤ ਭੁੱਖ ਲੱਗੀ ਆ ਤੇ ਮੈਥੋਂ ਤੁਰਿਆ ਨਹੀਂ ਜਾਂਦਾ। ਉਹ ਮੈਨੂੰ ਪਿੰਡ ਦੇ ਬਾਹਰਵਾਰ ਇਕ ਵੱਡੇ ਦਰਵਾਜ਼ੇ ਵਾਲੇ ਘਰ ਅੱਗੇ ਲੈ ਗਈ ਤੇ ਦਰਵਾਜ਼ਾ ਖੜਕਾਇਆ। ਵੱਡੇ ਦਰਵਾਜ਼ੇ ਵਿਚੋਂ ਇਕ ਛੋਟਾ ਦਰਵਾਜ਼ਾ ਖੁੱਲ੍ਹਿਆ ਤੇ ਇਕ ਅੱਧਖੜ ਜਿਹੀ ਮਲਵੈਣ ਨੇ ਆ ਕੇ ਪੁੱਛਿਆ ਕੀ ਚਾਹੀਦਾ ਹੈ। ਮੇਰੀ ਮਾਂ ਨੇ ਕਿਹਾ ਅਸੀਂ ਪਾਕਿਸਤਾਨ ਵਿਚੋਂ ਉੱਜੜ ਕੇ ਆਏ ਹਾਂ, ਮੇਰੇ ਮੁੰਡੇ ਨੂੰ ਬੜੀ ਭੁੱਖ ਲੱਗੀ ਹੋਈ ਆ। ਇਹਨੂੰ ਰੋਟੀ ਲਿਆ ਕੇ ਦੇ। ਉਹ ਬੜੀਆਂ ਹਕਾਰਤ ਭਰੀਆਂ ਨਜ਼ਰਾਂ ਨਾਲ ਸਾਡੇ ਵੱਲ ਵੇਖਦੀ ਜਿਵੇਂ ਅਸੀਂ ਜੱਦੀ ਪੁਸ਼ਤੀ ਮੰਗਤੇ ਹੋਈਏ, ਮੂੰਹ ਵਿਚ ਕੁਝ ਬੁੜਬੜਾਉਂਦੀ ਚਲੀ ਗਈ ਤੇ ਇਕ ਵੱਡੀ ਸਾਰੀ ਬਾਜਰੇ ਦੀ ਰੋਟੀ ਤੇ ਆਚਾਰ ਰੱਖ ਕੇ ਮੈਨੂੰ ਦੇ ਗਈ। ਇਹ ਰੋਟੀ ਏਨੀ ਸਖ਼ਤ ਸੀ ਤੇ ਰੋਟੀ ਫੜਾਉਣ ਦਾ ਉਹਦਾ ਤਰੀਕਾ ਏਨਾ ਕੁਰੱਖਤ ਜਿਹਾ ਸੀ ਕਿ ਮੈਂ ਪਰ੍ਹਾਂ ਜਾ ਕੇ ਉਹ ਰੋਟੀ ਕੁੱਤਿਆਂ ਅੱਗੇ ਸੁੱਟ ਦਿੱਤੀ ਤੇ ਮੇਰੀਆਂ ਅੱਖਾਂ ਵਿਚ ਅੱਥਰੂ ਆ ਗਏ।
------
ਮੈਨੂੰ ਯਾਦ ਆਇਆ ਜਦ ਬਾਰ ਵਿਚ ਸਾਡਾ ਘਰ ਜੋ ਸਾਰੇ ਪਿੰਡ ਦੇ ਵਿਚਕਾਰ ਸੀ। ਚੌਕ ਵਿਚ ਇਕ ਪਾਸੇ ਮਾਸਟਰ ਜਗਤ ਸਿੰਘ ਦੇ ਘਰ ਅੱਗੇ ਵੱਡਾ ਪਿੱਪਲ ਜਿਸ ਤੇ ਮੈਂ ਪੀਂਘ ਝੂਟਣੀ ਸਿੱਖੀ ਸੀ ਤੇ ਦੂਜੇ ਪਾਸੇ ਮੁਖੇ ਦੇ ਘਰ ਵੱਲ ਬਹੁਤ ਵੱਡਾ ਬੋਹੜ ਸੀ ਜਿਸ ਥਲੇ ਵੱਡੇ-ਵੱਡੇ ਤਖ਼ਤਪੋਸ਼ ਪਏ ਹੁੰਦੇ ਸਨ। ਦੀਪੇ ਢਾਡੀ ਦੇ ਘਰ ਵਾਲੇ ਪਾਸੇ ਖੂਹ ਸੀ ਜਿਸ ਵਿਚੋਂ ਲੋਹੇ ਦੇ ਡੋਲ ਨਾਲ ਪਾਣੀ ਕੱਢ ਕੇ ਲੋਕ ਪੀਂਦੇ, ਨਹਾਂਦੇ ਅਤੇ ਪਸੂਆਂ ਨੂੰ ਵੀ ਪਾਣੀ ਪਿਆਇਆ ਕਰਦੇ ਸਨ। ਸਾਡੇ ਘਰ ਦੀ ਬੈਠਕ ਅੱਗੇ ਬਹੁਤ ਵੱਡਾ ਥੜ੍ਹਾ ਸੀ ਸੀ। ਲੰਘਦੇ ਟਪਦੇ ਰਾਹੀ ਇਸ ਚੌਕ ਵਿਚ ਅਰਾਮ ਕਰਨ ਲਈ ਰੁਕ ਜਾਇਆ ਕਰਦੇ ਸਨ। ਜਦ ਇਹ ਰਾਹੀ ਸਾਹ ਲੈਣ ਲਈ ਰੁਕਦੇ ਸਨ ਤਾਂ ਬਾਪੂ ਦਾ ਕਿਹਾ ਹੋਇਆ ਸੀ ਕਿ ਇਹਨਾਂ ਨੂੰ ਅੰਨ ਪਾਣੀ ਭਾਵ ਪਰਸ਼ਾਦਾ ਛਕਾਏ ਬਗੈਰ ਜਾਣ ਨਹੀਂ ਦੇਣਾ। ਜੇ ਉਹਨਾਂ ਕੋਲ ਪਸੂ ਹੁੰਦੇ ਤਾਂ ਉਹਨਾਂ ਨੂੰ ਚਰਨ ਲਈ ਪੱਠੇ ਜਾਂ ਤੂੜੀ ਵਿਚ ਵੰਡ ਭਿਓਂ ਕੇ ਦਿਤਾ ਜਾਂਦਾ। ਜਿਸ ਮੁਲਕ ਦੀ ਆਜ਼ਾਦੀ ਲਈ ਬਾਪੂ ਨੇ, ਤਾਏ ਨੇ ਅਤੇ ਸਾਡੇ ਪਰਿਵਾਰ ਦੇ ਹੋਰ ਲੋਕਾਂ ਨੇ ਅੰਗਰੇਜ਼ਾਂ ਦੀ ਕੁੱਟ ਖਾਧੀ ਤੇ ਜੇਲ੍ਹਾਂ ਕੱਟੀਆਂ ਸਨ ਤੇ ਮੈਂ ਪਿੰਡ ਦੀਆਂ ਗਲੀਆਂ ਵਿਚ ਮੁੰਡਿਆਂ ਨਾਲ ਰਲ ਕੇ ਆਜ਼ਾਦੀ ਲੈਣ ਦੇ ਨਾਅਰੇ ਲਾਏ ਸਨ, ਹੁਣ ਓਸ ਆਜ਼ਾਦ ਦੇਸ਼ ਵਿਚ ਪਹਿਲੇ ਦਿਨ ਮੰਗਣ ਤੇ ਵੀ ਬਾਜਰੇ ਦੀ ਸੁੱਕੀ ਰੋਟੀ ਮਿਲੀ ਸੀ ਜਿਸ ਨੂੰ ਦੰਦ ਚੱਬ ਨਹੀਂ ਸਕਦੇ ਸਨ। ਇਸ ਤੋਂ ਬਾਅਦ ਮਾਲਵੇ ਦੇ ਜਿਨ੍ਹਾਂ ਲੋਕਾਂ ਨਾਲ ਵੀ ਵਾਹ ਪਿਆ, ਉਹਨਾਂ ਵਿਚੋਂ ਕਈਆਂ ਦਾ ਵਤੀਰਾ ਆਮ ਤੌਰ ਤੇ ਖ਼ੁਸ਼ਕ ਈ ਸੀ। ਉਹ ਸਾਨੂੰ ਮੁਸਲਿਆਂ ਵੱਟੇ ਵਟਾਏ ਕਹਿ ਕੇ ਬੁਲਾਂਦੇ ਸਨ। ਉਹ ਕੀ ਸਮਝ ਸਕਦੇ ਸਨ ਕਿ ਅਸੀਂ ਕਿਹੜੀਆਂ ਹਾਲਤਾਂ ਵਿਚ ਪਾਕਿਸਤਾਨ ਵਿਚੋਂ ਆਪਣੀਆਂ ਜਾਨਾਂ ਬਚਾ ਕੇ ਹਿੰਦੋਸਤਾਨ ਪਹੁੰਚੇ ਹਾਂ ਤੇ ਨਵਾਂ ਜੀਵਨ ਕਿਵੇਂ ਤੇ ਕਿਥੋਂ ਸ਼ੁਰੂ ਕਰਨਾ ਹੈ।
-----
ਮਾਲਵੇ ਦੇ ਇਹਨਾਂ ਪਿੰਡਾਂ ਵਿਚ ਚੁਫ਼ੇਰੇ ਰੇਤ ਦੇ ਟਿੱਬੇ ਸਨ ਜਿਥੋਂ ਸੁੱਕੇ ਅੱਕ ਤੇ ਬੂਈਆਂ ਲਿਆ ਕੇ ਅੱਗ ਬਾਲਣੀ ਪੈਂਦੀ ਸੀ। ਖੂਹ ਦਾ ਖਾਰਾ ਪਾਣੀ ਸਵਾਦ ਨਹੀਂ ਲਗਦਾ ਸੀ। ਜੇ ਨਹਿਰ ਦਾ ਪਾਣੀ ਪੀਣ ਲਈ ਦਿਲ ਕਰਦਾ ਤਾਂ ਵੇਖੀਦਾ ਸੀ ਕਿ ਕਈ ਕਈ ਦਿਨਾਂ ਦੀਆਂ ਮੁਸਲਮਾਨਾਂ ਦੀਆਂ ਲਾਸ਼ਾਂ ਪੁਲਾਂ ਅਗੇ ਪੈਂਦੀਆਂ ਘੁੰਮਣਘੇਰੀਆਂ ਵਿਚ ਅਟਕੀਆਂ ਗੇੜੇ ਕੱਢੀ ਜਾ ਰਹੀਆਂ ਸਨ ਅਤੇ ਉਹਨਾਂ ਦੇ ਢਿੱਡ ਫੁੱਲੇ ਹੋਏ ਸਨ। ਧੱਕੇ ਬਿਨਾਂ ਇਹ ਲਾਸ਼ਾਂ ਅੱਗੇ ਨਹੀਂ ਤੁਰਦੀਆਂ ਸਨ। ਜੇ ਸਾਨੂੰ ਹਿੰਦੂ ਸਿੱਖਾਂ ਨੂੰ ਓਧਰ ਮੁਸਲਮਾਨ ਮਾਰ ਰਹੇ ਸਨ ਤਾਂ ਘੱਟ ਏਧਰ ਵੀ ਨਹੀਂ ਹੋ ਰਹੀ ਸੀ। ਕਿਸੇ ਨੇ ਬਾਪੂ ਤੇ ਬੂਟੇ ਜਾਲੀ ਨੂੰ ਕਿਹਾ, ਤੁਹਾਨੂੰ ਓਧਰ ਮਾਰਿਆ ਤੇ ਲੁੱਟਿਆ ਗਿਆ ਹੈ। ਤੁਸੀਂ ਏਧਰ ਮੁਸਲਮਾਨਾਂ ਨੂੰ ਮਾਰੋ ਤੇ ਲੁੱਟੋ ਪਰ ਬਾਪੂ ਨੇ ਅਗੋਂ ਗੁੱਸੇ ਵਿਚ ਕਿਹਾ ਕਿ ਇਹੋ ਜਿਹੀ ਗੱਲ ਫੇਰ ਨਾ ਕਰਿਓ। ਪਾਕਿਸਤਾਨ ਵਾਲਾ ਛੱਡਿਆ ਘਰ ਬਹੁਤ ਚੇਤੇ ਆਉਂਦਾ ਸੀ। ਇਕ ਦਿਨ ਬਾਪੂ ਮੈਨੂੰ ਗੋਨਿਆਣੇ ਮੰਡੀ ਦੇ ਸਕੂਲ ਵਿਚ ਦਾਖਲ ਕਰਵਾ ਆਇਆ। ਟੈਸਟ ਲੈ ਕੇ ਮੈਨੂੰ ਅੱਠਵੀਂ ਵਿਚ ਦਾਖਲ ਕਰ ਲਿਆ ਗਿਆ ਪਰ ਜੋ ਮੇਰੇ ਕੱਪੜਿਆਂ ਦੀ ਹਾਲਤ ਸੀ। ਨਾ ਪੈਰੀਂ ਜੁੱਤੀ ਸੀ ਤੇ ਸਿਰ ਤੇ ਪੱਗ, ਓਸ ਵਿਚ ਮੇਰਾ ਸਕੂਲ ਜਾਣ ਨੂੰ ਦਿਲ ਨਾ ਕਰਦਾ ਤੇ ਓਸ ਪਿੰਡ ਦੇ ਕੁਝ ਮੁੰਡਿਆਂ ਨਾਲ ਕਦੀ ਮੈਂ ਸਕੂਲ ਚਲਾ ਜਾਂਦਾ ਤੇ ਕਦੀ ਨਾ ਜਾਂਦਾ। ਸਕੂਲ ਦੂਰ ਵੀ ਸੀ ਤੇ ਕਾਫੀ ਪੈਦਲ ਤੁਰਨਾ ਪੈਂਦਾ ਸੀ। ਸਫ਼ਰ ਨੂੰ ਛੋਟਾ ਕਰਨ ਲਈ ਕਈ ਵਾਰ ਅਸੀਂ ਤਿਲਕਰਿਆਂ ਵਾਲੇ ਸੰਘਣੇ ਜੰਗਲ ਵਿਚੋਂ ਲੰਘ ਜਾਂਦੇ ਜਿਥੇ ਪੁਰਾਣੇ ਵਣ, ਬੇਰੀਆਂ ਤੇ ਕਰੀਰਾਂ ਦੇ ਸੰਘਣੇ ਰੁੱਖ ਸਨ। ਵਣਾਂ ਦੀਆਂ ਪੀਲਾਂ ਤੇ ਕਰੀਰਾਂ ਦੇ ਲਾਲ ਪੇਂਝੂ ਅਸੀਂ ਰੱਜ ਰੱਜ ਕੇ ਖਾਂਦੇ ਤੇ ਕਈ ਵਾਰ ਸਾਡੀਆਂ ਜੀਭਾਂ ਉੱਚੜ ਜਾਂਦੀਆਂ। ਇਸ ਛੋਟੇ ਜਹੇ ਜੰਗਲ ਦੇ ਐਨ ਵਿਚਕਾਰ ਘੋਨ ਮੋਨ ਸਿਰ ਤੇ ਗੇਰੂਏ ਰੰਗ ਦੇ ਲੰਮੇ ਚੋਲੇ ਤੇ ਪੈਰੀਂ ਖੜਾਵਾਂ ਪੌਣ ਵਾਲੇ ਤਿਲਕਰਿਆਂ ਵਾਲੇ ਸੰਤਾਂ ਦੀ ਕਾਫੀ ਵੱਡੀ ਝੁੱਗੀ ਸੀ। ਝੁੱਗੀ ਦੇ ਬਾਹਰ ਗੋਹੇ ਦਾ ਪੋਚਾ ਫੇਰਿਆ ਹੁੰਦਾ। ਜਿਸ ਦੇ ਦਵਾਲੇ ਛੋਟੀ ਜਿਹੀ ਪਾਣੀ ਦੀ ਛੱਪੜੀ ਸੀ ਤੇ ਲਾਗੇ ਕਈ ਪ੍ਰਕਾਰ ਦੀਆਂ ਸਬਜ਼ੀਆਂ ਤੇ ਕਵਾਰਗੰਦਲ ਦੇ ਵੱਡੇ ਵੱਡੇ ਬੂਟੇ ਲਗੇ ਹੋਏ ਸਨ। ਗੁਲਾਬ ਅਤੇ ਕਲੀਆਂ ਦੇ ਫੁੱਲ ਵੀ ਲਾਏ ਹੋਏ ਸਨ। ਛੱਪੜੀ ਨੂੰ ਪਾਣੀ ਦੇਣ ਦੀ ਲਾਗਲੇ ਪਿੰਡ ਵਾਲਿਆਂ ਨੇ ਵਾਰੀ ਬੱਧੀ ਹੋਈ ਸੀ। ਮਸਿਆ ਵਾਲੇ ਦਿਨ ਆਸ ਪਾਸ ਦੇ ਪਿੰਡਾਂ ਤੋਂ ਔਰਤਾਂ ਤੇ ਆਦਮੀ ਦੁੱਧ ਦੀਆਂ ਛੋਟੀਆਂ ਬਾਲਟੀਆਂ ਜਾਂ ਵਲਟੋਹੀਆਂ ਲੈ ਕੇ ਸੰਤਾਂ ਨੂੰ ਚੜ੍ਹਾਉਣ ਲਈ ਔਂਦੇ। ਜੰਗਲ ਵਿਚ ਮੰਗਲ ਲਗਿਆ ਹੁੰਦਾ। ਸਾਨੂੰ ਵੀ ਉਸ ਦਿਨ ਖਾਣ ਪੀਣ ਲਈ ਬਹੁਤ ਕੁਝ ਮਿਲ ਜਾਂਦਾ। ਕਈ ਵਾਰ ਮੇਵੇ ਤੋ ਸੌਗੀ ਵਾਲੀ ਖੀਰ ਦਾ ਗੱਫਾ ਵੀ ਮਿਲ ਜਾਂਦਾ। ਸੰਤ ਸਾਲ ਵਿਚ ਇਕ ਵਾਰ ਏਥੇ ਮਹੋਸ਼ਾ ਵੀ ਕਰਦੇ ਸਨ ਜਦੋਂ ਬਹੁਤ ਦੂਰੋਂ ਲੋਕ ਬੜੀ ਸ਼ਰਧਾ ਨਾਲ ਪੁੱਜਦੇ ਸਨ। ਲਾਗਲੇ ਪਿੰਡਾਂ ਦੇ ਘਰਾਂ ਚੋਂ ਗਦਾ ਕਰਨ ਲਈ ਵਡੇ ਸੰਤਾਂ ਨੇ ਇਕ ਛੋਟਾ ਸੰਤ ਰੱਖਿਆ ਹੋਇਆ ਸੀ ਜੋ ਵਡੇ ਸੰਤਾਂ ਵਾਂਗ ਹੀ ਆਪਣੇ ਤਨ ਦੁਆਲੇ ਗੇਰੂਏ ਰੰਗ ਦੀ ਗਿਲਟੀ ਬੰਨ੍ਹ ਕੇ ਰਖਦਾ ਸੀ। ਮਨ ਹੀ ਮਨ ਵਿਚ ਮੈਂ ਇਸ ਛੋਟੇ ਜਿਹੇ ਜੰਗਲ ਦਾ ਮੁਕਾਬਲਾ ਆਪਣੇ ਪਿੱਛੇ ਛੱਡੇ ਪਿੰਡ ਲਾਗੇ ਪੱਕੇ ਡਲੇ ਦੀਆਂ ਕਬਰਾਂ ਵਾਲੇ ਛੋਟੇ ਜੰਗਲ ਨਾਲ ਕਰਦਾ ਜਿਥੇ ਪੁਰਾਣੇ ਥੇਹ ਸਨ ਅਤੇ ਹਰੇ ਚੋਗਿਆਂ ਵਾਲੇ ਮੁਸਲਮਾਨ ਪੀਰ ਹਾਲ ਖੇਡਦੇ ਤੇ ਕਵਾਲੀਆਂ ਗਾਇਆ ਕਰਦੇ ਸਨ।
------
ਕੁਝ ਹਫ਼ਤਿਆਂ ਪਿਛੋਂ ਮੈਨੂੰ ਪੀਲੀਆ ਹੋ ਗਿਆ। ਅੱਖਾਂ ਤੇ ਚਿਹਰੇ ਦਾ ਰੰਗ ਪੀਲਾ ਪੈ ਗਿਆ। ਮੈਂ ਨਾ ਖਲੋਅ ਸਕਦਾ ਸਾਂ ਤੇ ਨਾ ਤੁਰ ਸਕਦਾ ਸਾਂ। ਭੁੱਖ ਨਹੀਂ ਲਗਦੀ ਸੀ ਤੇ ਅੰਨ ਦੀ ਬੁਰਕੀ ਅੰਦਰ ਨਹੀਂ ਲੰਘਦੀ ਸੀ। ਸੁੱਕ ਕੇ ਤੀਲਾ ਹੁੰਦਾ ਜਾ ਰਿਹਾ ਸਾਂ। ਕਈ ਦਿਨ ਇਸੇ ਤਰ੍ਹਾਂ ਪਏ ਰਹਿਣ ਨਾਲ ਮੈਂ ਏਨਾ ਨਿਢਾਲ ਹੋ ਗਿਆ ਕਿ ਮੈਨੂੰ ਇਸ ਤਰ੍ਹਾਂ ਲੱਗਣ ਲੱਗਾ ਕਿ ਪਾਕਿਸਤਾਨ ਵਿਚੋਂ ਤਾਂ ਬਚ ਕੇ ਆ ਗਏ ਸਾਂ ਪਰ ਇਹ ਪੀਲੀਆ ਜਿਸ ਨੂੰ ਯਰਕਾਣ ਵੀ ਕਹਿੰਦੇ ਸਨ, ਮੇਰੀ ਜਾਨ ਲੈ ਲਵੇਗਾ। ਮਾਂ ਭਰੇ-ਭਰਾਏ ਘਰ ਨੂੰ ਛਡਣ ਦੇ ਸੱਲ ਵਿਚ ਵੈਣ ਪਾਉਣੋਂ ਨਾ ਹਟਦੀ ਤੇ ਪਾਗਲਾਂ ਵਾਂਗ ਬੋਲੀ ਜਾਂਦੀ “ਰੱਬਾ ਇਕੋ ਜਿਹੇ ਕਰ”, “ਰੱਬਾ ਇਕੋ ਜਿਹੇ ਕਰ”। ਬਾਪੂ ਨੂੰ ਪਾਕਿਸਤਾਨ ਵਾਲੇ ਪਿੰਡੋਂ ਓਥੇ ਰਹਿ ਗਈ ਕੱਪੜੇ ਸਿਉਣ ਵਾਲੀ ਮਸ਼ੀਨ ਲੈ ਕੇ ਆਉਣ ਲਈ ਬਾਰ ਬਾਰ ਆਖਦੀ। ਇਸ ਤਰ੍ਹਾਂ ਦੇ ਮਾੜੇ ਦਿਨ ਸਨ ਜਦ ਕਿਸੇ ਸਿਆਣੇ ਦੇ ਦੱਸ ਪਾਉਣ ਤੇ ਬਾਪੂ ਮੈਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਵਡੇ ਗੋਨਿਆਣਾ ਨਾਂ ਦੇ ਇਕ ਪਿੰਡ ਵਿਚ ਲੈ ਗਿਆ ਜਿਥੇ ਇਕ ਹਕੀਮ ਨੇ ਮੇਰੀ ਨਬਜ਼ ਟੋਹੀ। ਮੇਰੀਆਂ ਅੱਖਾਂ ਟਡਾ ਕੇ ਵੇਖੀਆਂ। ਮੂੰਹ ਖੁਲ੍ਹਾ ਕੇ ਜੀਭ ਵੀ ਵੇਖੀ। ਹੱਥਾਂ ਤੇ ਪੈਰਾਂ ਦੇ ਨਹੁੰ ਵੇਖੇ ਤੇ ਕਾਲਜੇ ਤੇ ਹਥ ਧਰ ਕੇ ਵੀ ਵੇਖਿਆ। ਬਾਪੂ ਨੇ ਹਕੀਮ ਅਗੇ ਦੋਵੇਂ ਹੱਥ ਜੋੜ ਕੇ ਤੇ ਬਹੁਤ ਨੀਵੇਂ ਹੋ ਕੇ ਤਰਲਾ ਲੈਂਦਿਆਂ ਕਿਹਾ, “ਹਕੀਮ ਜੀ, ਮੇਰੇ ਇਕੋ ਇਕ ਮੁੰਡੇ ਨੂੰ ਤੰਦਰੁਸਤ ਕਰ ਦਿਓ, ਬੜੀ ਮੁਸ਼ਕਲ ਨਾਲ ਇਹਨੂੰ ਪਾਕਿਸਤਾਨ ਵਿਚੋਂ ਬਚਾਅ ਕੇ ਲਿਆਏ ਹਾਂ”। ਇਸ ਤਰ੍ਹਾਂ ਦਾ ਤਰਲਾ ਬਾਪੂ ਨੇ ਇਕ ਵਾਰ ਓਦੋਂ ਕੀਤਾ ਸੀ ਜਦੋਂ ਮੈਂ ਪੰਜਵੀਂ ਪੜ੍ਹਦਾ ਸਾਂ ਅੱਧੀ ਛੁੱਟੀ ਵੇਲੇ ਫੁੱਟ ਬਾਲ ਖੇਡਦਿਆਂ ਮੇਰੀ ਸੱਜੀ ਬਾਂਹ ਟੁੱਟ ਗਈ ਸੀ ਤੇ ਬਾਂਹ ਬੰਨ੍ਹਾਉਣ ਲਈ ਮੈਨੂੰ ਬਾਪੂ ਜ਼ਿਲਾ ਲਾਇਲਪੁਰ ਦੇ ਇਕ ਪਿੰਡ ਚੌਧਰੀ ਵਾਲੇ ਵਿਚ ਇਕ ਮੁਸਲਮਾਨ ਹਕੀਮ ਕੋਲ ਲੈ ਗਿਆ ਸੀ। ਬੜੇ ਤਰਲੇ ਨਾਲ ਬਾਂਹ ਠੀਕ ਕਰਨ ਲਈ ਬੇਨਤੀ ਕੀਤੀ ਸੀ ਪਰ ਕਈ ਮਹੀਨਿਆਂ ਦੀ ਮਾਲਿਸ਼ ਅਤੇ ਇਲਾਜ ਪਿਛੋਂ ਵੀ ਮੇਰੀ ਬਾਂਹ ਠੀਕ ਨਹੀਂ ਹੋਈ ਸੀ। ਫਿਰ ਦੱਸ ਪਈ ਤੇ ਹਾਫਜ਼ਾਬਾਦ ਸ਼ਹਿਰ ਵਿਚ ਇਕ ਹੋਰ ਮੁਸਲਮਾਨ ਲੁਹਾਰ ਹੈ ਜੋ ਭੱਜੀਆਂ ਟੱਟੀਆਂ ਬਾਹਾਂ ਬੰਨ੍ਹਦਾ ਹੈ ਤੇ ਬੜੀ ਦੂਰੋਂ ਦੂਰੋਂ ਲੋਕ ਉਹਦੇ ਕੋਲ ਇਲਾਜ ਲਈ ਆਉਂਦੇ ਹਨ। ਬਾਪੂ ਮੈਨੂੰ ਛੋਟੇ ਜਿਹੇ ਨੂੰ ਹਾਫਜ਼ਾਬਾਦ ਲੈ ਗਿਆ ਤੇ ਟੁੱਟੀਆਂ ਤੇ ਭੱਜੀਆਂ ਬਾਹਾਂ ਵਾਲੇ ਮੁਸਲਮਾਨ ਲੁਹਾਰ ਦਾ ਘਰ ਲੱਭਿਆ। ਉਹ ਕਿਸੇ ਦੇ ਟੁੱਟੇ ਲੱਕ ਦਾ ਇਲਾਜ ਕਰਨ ਲਈ ਦੂਰ ਗਿਆ ਹੋਇਆ ਸੀ। ਜਿੰਨੇ ਦਿਨ ਹਕੀਮ ਨਾ ਮਿਲਿਆ, ਓਨੇ ਦਿਨ ਅਸੀਂ ਹਾਫਜ਼ਾਬਾਦ ਦੇ ਇਕ ਗੁਰਦਵਾਰੇ ਵਿਚ ਠਹਿਰੇ। ਮੁਸਲਮਾਨ ਲੁਹਾਰ ਨੇ ਮੇਰੀ ਸੱਜੀ ਬਾਂਹ ਹਿਲਾ ਕੇ ਵੇਖੀ ਜੋ ਮੁੜਦੀ ਨਹੀਂ ਸੀ। ਫਿਰ ਬੜੇ ਆਰਾਮ ਨਾਲ ਬਾਂਹ ਤੇ ਪੋਲਾ ਪੋਲਾ ਹਥ ਫੇਰਦਿਆਂ ਜਦੋਂ ਕੂਹਣੀ ਲਾਗਿਓਂ ਦੱਬੀ ਤਾਂ ਪੀੜ ਨਾਲ ਮੇਰੀ ਚੀਕ ਨਿਕਲ ਗਈ। ਉਸ ਨੇ ਕਿਹਾ ਬਾਂਹ ਕੂਹਣੀ ਤੋਂ ਨਿਕਲਿਆਂ ਕਈ ਮਹੀਨੇ ਹੋ ਗਏ ਹਨ। ਇਸ ਨੂੰ ਪਹਿਲਾਂ ਕੱਚੀ ਕੀਤੀ ਜਾਵੇਗੀ ਤੇ ਮਾਲਸ਼ ਕਰਦਿਆਂ ਕਰਦਿਆਂ ਫਿਰ ਇਸ ਨੂੰ ਸਿੱਧੀ ਕਰ ਕੇ ਬਾਂਹ ਬੰਨ੍ਹ ਦਿਤੀ ਜਾਵੇਗੀ ਤੇ ਬਾਂਹ ਆਪਣੇ ਟਿਕਾਣੇ ਤੇ ਆ ਜਾਵੇਗੀ। ਉਸ ਨੇ ਸਿੱਟਿਆਂ ਤੇ ਆਈ ਕਣਕ ਦੀਆਂ ਕਰੂੰਬਲਾਂ ਗਰਮ ਤੇਲ ਵਿਚ ਭਿਉਂ ਭਿਉਂ ਕੇ ਬਾਂਹ ਤੇ ਬੰਨ੍ਹ ਬੰਨ੍ਹ ਕੇ ਬਾਂਹ ਕੱਚੀ ਕਰਨ ਤੇ ਨਾਲ ਇਕ ਤੇਲ ਮਾਲਸ਼ ਦੇ ਕੇ ਮਹੀਨੇ ਬਾਅਦ ਆਣ ਲਈ ਕਿਹਾ। ਮਹੀਨੇ ਬਾਅਦ ਇਕ ਖ਼ਾਸ ਕਿਸਮ ਦਾ ਕਾਲਾ ਜਿਹਾ ਤੇਲ ਮਲ਼ਦਿਆਂ ਮਲ਼ਦਿਆਂ ਓਸ ਬਾਂਹ ਦਾ ਕੜਾਕਾ ਕਢ ਕੇ ਬਾਂਹ ਸਿੱਧੀ ਕਰ ਦਿਤੀ ਸੀ। ਪੀੜ ਤਾਂ ਬਹੁਤ ਹੋਈ ਪਰ ਸੁੱਕਦੀ ਜਾਂਦੀ ਬਾਂਹ ਵਿਚ ਹੌਲੀ ਹੌਲੀ ਫਿਰ ਜਾਨ ਪੈ ਗਈ ਸੀ।
-----
ਪੀਲੀਏ ਠੀਕ ਕਰਨ ਦੇ ਮਾਹਰ ਹਕੀਮ ਨੇ ਕੁਝ ਪੁੜੀਆਂ ਬਣਾ ਕੇ ਮੈਨੂੰ ਖਾਣ ਲਈ ਦਿੱਤੀਆਂ ਅਤੇ ਇਕ ਪੁੜੀ ਬਧੋ-ਬਧੀ ਮੇਰੇ ਮੂੰਹ ਅੰਦਰ ਸੁੱਟ ਦਿਤੀ ਤੇ ਕਿਹਾ “ਬੱਚੂ ਇਸ ਪੁੜੀ ਦਾ ਅਸਰ ਹੁੰਦਿਆਂ ਹੀ ਤੇਰਾ ਰੋਟੀ ਖਾਣ ਨੂੰ ਜੀ ਕਰੇਗਾ।” ਬਾਪੂ ਨੂੰ ਹੌਸਲਾ ਦਿੱਤਾ ਤੇ ਸਾਨੂੰ ਬਾਹਰ ਪਏ ਮੰਜਿਆਂ ਤੇ ਜਾ ਕੇ ਆਰਾਮ ਕਰਨ ਲਈ ਕਹਿ ਦਿੱਤਾ। ਓਥੇ ਹੋਰ ਵੀ ਕਈ ਮਰੀਜ਼ ਪਏ ਸਨ। ਕਰਨੀ ਰੱਬ ਦੀ ਕਿ ਓਸ ਇਕ ਪੁੜੀ ਨੇ ਹੀ ਜਾਦੂ ਵਰਗਾ ਅਸਰ ਕੀਤਾ। ਹਕੀਮ ਦੇ ਘਰ ਦੇ ਵਿਹੜੇ ਵਿਚੋਂ ਲੋਹ ਤੇ ਪੱਕਦੀਆਂ ਰੋਟੀਆਂ ਅਤੇ ਆਲੂ ਮੂੰਗਰਿਆਂ ਦੀ ਬਣ ਰਹੀ ਸਬਜ਼ੀ ਦੀ ਖ਼ੁਸ਼ਬੂ ਮੇਰੇ ਨੱਕ ਨੂੰ ਚੜ੍ਹ ਮੈਨੂੰ ਬਹੁਤ ਚੰਗੀ ਲੱਗ ਰਹੀ ਸੀ। ਮੈਂ ਬਾਪੂ ਨੂੰ ਕਿਹਾ ਕਿ ਮੇਰਾ ਮੂੰਗਰਿਆਂ ਦੀ ਸਬਜ਼ੀ ਨਾਲ ਰੋਟੀ ਖਾਣ ਨੂੰ ਦਿਲ ਕਰਦਾ ਹੈ। ਬਾਪੂ ਨੇ ਜਾ ਕੇ ਹਕੀਮ ਨੂੰ ਕਿਹਾ ਤੇ ਹਕੀਮ ਬੋਲਿਆ ਕਿ ਮੈਂ ਕਿਹਾ ਸੀ ਨਾ ਕਿ ਮੇਰੀ ਇਕ ਪੁੜੀ ਨਾਲ ਹੀ ਫ਼ਰਕ ਪੈ ਜਾਵੇਗਾ। ਉਹਨੇ ਦੋ ਰੋਟੀਆਂ ਉਤੇ ਆਲੂ ਮੂੰਗਰਿਆਂ ਦੀ ਸਬਜ਼ੀ ਪਾ ਕੇ ਬਾਪੂ ਨੂੰ ਫੜਾ ਦਿਤੀਆਂ ਜਿਨ੍ਹਾਂ ਵਿਚੋਂ ਇਕ ਰੋਟੀ ਮੇਰੇ ਅੰਦਰ ਲੰਘ ਗਈ। ਅਸੀਂ ਦੋ ਦਿਨ ਓਸ ਹਕੀਮ ਦੇ ਬਾਹਰ ਇਲਾਜ ਲਈ ਲੋਕਾਂ ਦੇ ਉੱਠਣ ਬੈਠਣ ਲਈ ਡਾਹੇ ਮੰਜਿਆਂ ਤੇ ਕੱਢੇ। ਅਗਲੇ ਦਿਨ ਹਕੀਮ ਦੇ ਵਿਹੜੇ ਵਿਚ ਬਰਾਨੀ ਚਿੱਭੜਾਂ ਦੀ ਬਣੀ ਚਟਣੀ ਨਾਲ ਇਕ ਰੋਟੀ ਹੋਰ ਖਾ ਲਈ ਤੇ ਸ਼ਾਮ ਨੂੰ ਬੈਂਗਣਾਂ ਦੀ ਸਬਜ਼ੀ ਨਾਲ। ਤੀਜੇ ਦਿਨ ਮੈਨੂੰ ਇੰਜ ਲੱਗਣ ਲੱਗਾ ਜਿਵੇਂ ਮੇਰੀਆਂ ਲੱਤਾਂ ਵਿਚ ਜਾਨ ਆ ਰਹੀ ਸੀ ਤੇ ਮੈਂ ਹੌਲੀ-ਹੌਲੀ ਤੁਰ ਕੇ ਪਿੰਡ ਜਾ ਸਕਦਾ ਹਾਂ।
-----
ਪਤਾ ਲਗਾ ਕਿ ਬਠਿੰਡੇ ਸ਼ਹਿਰ ਵਿਚੋਂ ਉਜੜ ਕੇ ਗਏ ਮੁਸਲਮਾਨਾਂ ਦੇ ਬਹੁਤ ਘਰ ਖ਼ਾਲੀ ਪਏ ਸਨ। ਇਕ ਦਿਨ ਬਾਪੂ, ਮੈਂ ਤੇ ਬੂਟਾ ਜਾਲੀ ਜੋ ਆਪਣੀਆਂ ਭੇਡਾਂ ਬੱਕਰੀਆਂ ਬਗੈਰ ਬੜਾ ਬੁਝਿਆ ਬੁਝਿਆ ਰਹਿੰਦਾ ਸੀ, ਬਠਿੰਡੇ ਚਲੇ ਗਏ। ਏਥੇ ਸਾਨੂੰ ਸ਼ਰੀਕੇ ਚੋਂ ਲਗਦਾ ਤਾਇਆ ਰਣਜੋਧ ਸਿੰਘ ਮਿਲ ਗਿਆ ਜੋ ਬਹਾਵਲਪੁਰ ਰਿਆਸਤ ਵਿਚੋਂ ਆਪਣੇ ਪੁਤੱਰ ਕੜਾਕਾ ਸਿੰਘ ਤੇ ਬਾਕੀ ਪਰਵਾਰ ਸਮੇਤ ਆ ਕੇ ਕਿਲੇ ਲਾਗੇ ਪੈਂਦੇ ਮੁਸਲਮਾਨਾਂ ਦੇ ਇਕ ਟੁੱਟੇ ਜਹੇ ਘਰ ਵਿਚ ਟਿਕ ਗਿਆ ਸੀ। ਤਾਏ ਰਣਜੋਧ ਸਿੰਘ ਅਤੇ ਤਾਏ ਗਿਆਨ ਸਿੰਘ ਨੇ ਨਵੇਂ ਪਿੰਡ ਵਾਲੀ ਜ਼ਮੀਨ ਵੇਚ ਕੇ ਪਹਿਲਾਂ ਸਿੰਧ ਤੇ ਫਿਰ ਬਹਾਵਲਪੁਰ ਵੱਲ ਜ਼ਮੀਨਾਂ ਲੈ ਲਈਆਂ ਸਨ ਜਿਥੇ ਜ਼ਮੀਨਾਂ ਸਸਤੀਆਂ ਸਨ ਤੇ ਪੈਲੀ ਵਧ ਬਣ ਜਾਂਦੀ ਸੀ। ਤਾਏ ਤੋਂ ਈ ਪਤਾ ਲਗਾ ਕਿ ਤਾਇਆ ਗਿਆਨ ਸਿੰਘ ਜਿਸ ਨੇ ਢਾਬਾਂ ਸਿੰਘ ਰਾਇਟ ਕੇਸ ਵਿਚ ਫਾਂਸੀ ਤੋਂ ਉਮਰ ਕੈਦ ਵਿਚ ਬਦਲੀ ਕਾਲੇ ਪਾਣੀ ਦੀ ਸਜ਼ਾ ਕੱਟੀ ਸੀ, ਆਪ ਤਾਂ ਘਰ ਵਾਲੀ ਤੇ ਛੋਟੀ ਕੁੜੀ ਨਾਲ ਬਚ ਕੇ ਨਿਕਲ ਗਿਆ ਸੀ ਪਰ ਵੱਡੀ ਪੰਦਰਾਂ ਸੋਲਾਂ ਸਾਲਾਂ ਦੀ ਕੁੜੀ ਮੁਸਲਮਾਨ ਧਾੜਵੀਆਂ ਨੇ ਖੋਹ ਲਈ ਸੀ। ਜਦੋਂ ਤਾਇਆ ਤਾਈ ਤੇ ਦੋਵੇਂ ਕੁੜੀਆਂ ਨਵੇਂ ਪਿੰਡ ਆ ਕੇ ਸਾਡੇ ਘਰ ਠਹਿਰਿਆ ਕਰਦੇ ਸਨ ਤਾਂ ਮੇਰਾ ਇਹਨਾਂ ਸਾਰਿਆਂ ਨਾਲ ਬੜਾ ਪਿਆਰ ਸੀ। ਕੁੜੀਆਂ ਪੁੱਜ ਕੇ ਸੁਹਣੀਆਂ ਸਨ ਕਿਉਂਕਿ ਤਾਇਆ ਆਪ ਵੀ ਬੜਾ ਜਵਾਨ ਤੇ ਸੁਹਣਾ ਸੀ ਅਤੇ ਤਾਈ ਜੋ ਸ਼ਾਇਦ ਤਰਨਤਾਰਨ ਜਾਂ ਅੰਮ੍ਰਿਤਸਰ ਦੀ ਅਰੋੜੀ ਜਾਂ ਖਤਰਾਣੀ ਸੀ, ਵੀ ਬਹੁਤ ਖ਼ੂਬਸੂਰਤ ਸੀ। ਤਾਇਆ ਦੱਸਦਾ ਹੁੰਦਾ ਸੀ ਕਿ ਲਾਹੌਰ ਜੇਲ੍ਹ ਵਿਚ ਸ਼ਹੀਦ ਭਗਤ ਸਿੰਘ ਤੇ ਉਹ ਇਕੱਠੇ ਰਹੇ ਸਨ। ਤਾਏ ਨੇ ਭਗਤ ਸਿੰਘ ਨੂੰ ਮੁੜ ਸਿੱਖੀ ਵਿਚ ਮੁੜ ਆਉਣ ਦੀ ਪ੍ਰੇਰਣਾ ਵੀ ਦਿਤੀ ਸੀ।
******
ਚਲਦਾ
No comments:
Post a Comment