ਲੇਖ
“....ਜੇ ਰੱਬ ਮਿਲ਼ਦਾ ਨ੍ਹਾਤਿਆਂ ਧੋਤਿਆਂ
ਤਾਂ ਮਿਲਦਾ ਡੱਡੀਆਂ ਮੱਛੀਆਂ...”
‘ਧਰਮ’ ਕਿਸ ਨੂੰ ਕਹਿੰਦੇ ਹਨ? ਧਰਮ ਦੀ ਸਹੀ ਅਰਥਾਂ ਵਿਚ ਕੀ ਪਰਿਭਾਸ਼ਾ ਹੈ ਕੋਈ ਨਹੀਂ ਜਾਣਦਾ ਤੇ ਨਾ ਹੀ ਜਾਨਣਾ ਚਾਹੁੰਦਾ ਹੈ, ਕਿਸੇ ਵੀ ਧਰਮ ਨੂੰ ਨਿੰਦਨ ਦਾ ਸਾਨੂੰ ਕੋਈ ਹੱਕ ਨਹੀਂ, ਵੈਸੇ ਵੀ ਧਰਮ ਤੇ ਇਨਸਾਨ ਦਾ ਬਣਾਇਆ ਹੈ। ਰੱਬ ਵਲੋਂ ਤੇ ਧਰਮ ਨਾਂ ਦੀ ਚੀਜ਼ ਨੂੰ ਕੋਈ ਮਨਜ਼ੂਰੀ ਦਿੱਤੀ ਹੀ ਨਹੀਂ ਗਈ, ਰੱਬ ਵਲੋਂ ਸਭ ਇਨਸਾਨਾਂ ਦਾ ਇਕੋ ਹੀ ਧਰਮ ਹੈ ਤੇ ਉਹ ਹੈ ਇਨਸਾਨੀਅਤ ਜੋ ਧਰਤੀ ਤੇ ਵੱਸਦੇ ਇਨਸਾਨਾਂ ਵਿਚ ਹੈ ਹੀ ਨਹੀਂ।
ਮੈਂ ਕਿਸੇ ਧਰਮ ਦੀ ਨਿੰਦਿਆ ਨਹੀਂ ਕਰ ਰਹੀ ਤੇ ਨਾਂ ਹੀ ਮੈਨੂੰ ਇਹ ਹੱਕ ਹੈ, ਮੈਂ ਇਕ ਸਿੱਖ ਹਾਂ ਤੇ ਸਿੱਖ ਧਰਮ ਪ੍ਰਤੀ ਭਾਵਨਾਤਮਕ ਰੁਤਬਾ ਰੱਖਣ ਦੇ ਨਾਲ ਨਾਲ ਮੈ ਸਿੱਖ ਧਰਮ ਦੇ ਫਲਸਫੇ ਦਾ ਵੀ ਆਦਰ ਕਰਦੀ ਹਾਂ ਪਰ ਅੱਜ ਸਿੱਖ ਧਰਮ ਦੇ ਇਸ ਫਲਸਫੇ ਨੂੰ ਸਿੱਖ ਧਰਮ ਦੇ ਠੇਕੇਦਾਰਾਂ ਨੇ ਬਹੁਤ ਠੇਸ ਪੁਚਾਈ ਹੈ!
-----
ਦੁਨੀਆਂ ਦੇ ਸਬ ਧਰਮਾਂ ਵਿਚ ਸਿੱਖ ਧਰਮ ਹੀ ਕੱਲਾ ਐਸਾ ਧਰਮ ਹੈ ਜਿਸ ਵਿਚ ਲੰਗਰ ਦੀ ਪ੍ਰਥਾ ਮੌਜੂਦ ਹੈ, ਤੇ ਗੁਰੂ ਦੇ ਲੰਗਰ ਵਿਚ ਏਨੀ ਬਰਕਤ ਹੈ ਕਿ ਇਹ ਵਧਦਾ ਹੈ। ਗੁਰੂ ਘਰੋਂ ਕੋਈ ਭੁੱਖਾ ਨਹੀਂ ਜਾਂਦਾ, ਇਸ ਪ੍ਰਥਾ ਅਨੁਸਾਰ ਅਮੀਰ ਤੇ ਗਰੀਬ ਰਾਜਾ ਤੇ ਰੰਕ ਸਭ ਇਕੱਠੇ ਬੈਠ ਕੇ ਲੰਗਰ ਛਕਦੇ ਨੇ। ਸਿੱਖ ਧਰਮ ਹੀ ਐਸਾ ਹੈ ਜਿਸ ਵਿਚ ਦੁਨੀਆਂ ਦੇ ਹਰ ਇਨਸਾਨ ਲਈ ਦਰਵਾਜ਼ੇ ਖੁੱਲ੍ਹੇ ਹਨ, ਪਰ ਪਿਛਲੇ ਕੁਝ ਸਮੇਂ ਤੋਂ ਗੁਰੂ ਦੇ ਸਿੰਘਾਂ ਨੇ ਸਿੱਖ ਧਰਮ ਦੀ ਛਵੀ ਨੂੰ ਢਾਹ ਲਾਈ ਹੈ।
-----
ਕਹਿੰਦੇ ਨੇ ਕੀ ਰੱਬ ਬੰਦੇ ਦੇ ਅੰਦਰ ਹੁੰਦਾ ਹੈ ਹਾਲ ਦੁਹਾਈ ਮਚਾ ਕੇ ਦੁਨੀਆਂ ਨੂੰ ਇਹ ਦੱਸਣਾ ਕੀ ਰੱਬ ਦੇ ਪਿਆਰੇ ਬੰਦੇ ਅਸੀਂ ਹੀ ਹਾਂ ਕਿਸ ਲਈ?? ਰੱਬ ਲਈ ਤੇ ਸਬ ਇਨਸਾਨ ਹੀ ਉਸ ਦੇ ਆਪਣੇ ਨੇ, ਮੇਰੇ ਕਹਿਣ ਤੋਂ ਭਾਵ ਹੈ ਕਿ ਸਿੱਖ ਹਿੰਦੂਆਂ ਨੂੰ ਕੋਸਦੇ ਸਨ ਕੀ ਜਗਰਾਤਿਆਂ ਵਿਚ ਸਾਰੀ ਰਾਤ ਸਪੀਕਰਾਂ ਵਿਚ ਰੌਲਾ ਪਾ ਕੇ ਜੇ ਰੱਬ ਲੱਭ ਜਾਏ ਤਾਂ ਘਾਟਾ ਕਿਸ ਗੱਲ ਦਾ ਹੈ? ਹੁਣ ਮੇਰਾ ਸਵਾਲ ਮੇਰੇ ਸਿੱਖ ਭਰਾਵਾਂ ਨੂੰ ਹੈ ਜਿਨ੍ਹਾਂ ਨੇ ਜਗਰਾਤੇ ਤੇ ਪਰਭਾਤ ਫੇਰੀ ਵਿਚ ਕੋਈ ਫ਼ਰਕ ਨਹੀਂ ਰਹਿਣ ਦਿੱਤਾ। ਅੱਜ ਤੋਂ ਕੋਈ 5 ਕੁ ਸਾਲ ਪਹਿਲਾਂ ਹੀ ਜਦੋਂ ਤੜਕੇ ਪਰਭਾਤ ਫੇਰੀ ਆਉਂਦੀ ਸੀ ਤਾਂ ਢੋਲਕੀ ਛੈਣਿਆਂ ਦੀ ਮਿੱਠੀ ਆਵਾਜ਼ ਜੋ ਬਿਨਾਂ ਸਪੀਕਰਾਂ ਦੇ ਹੁੰਦੀ ਸੀ ਕੰਨਾਂ ਨੂੰ ਬੜੀ ਚੰਗੀ ਲੱਗਦੀ ਸੀ ਪਰ ਅੱਜਕਲ ਸਪੀਕਰਾਂ ਦੀ ਕੰਨਪਾਟਵੀਂ ਆਵਾਜ਼ ਨੇ ਪਰਭਾਤਤ ਫੇਰੀਆਂ ਦੀ ਆਨੰਦਮਈ ਤੇ ਅਧਿਆਤਮਕਤਾ ਨੂੰ ਜਿਵੇਂ ਗ਼ਾਇਬ ਹੀ ਕਰ ਦਿੱਤਾ ਹੈ! ਪਰਭਾਤ ਫੇਰੀ ਕੱਢਣ ਵਾਲੇ ਆਪ ਤੇ ਤੜਕੇ ਉਠ ਕੇ ਪਰੇਸ਼ਾਨ ਹੁੰਦੇ ਹੀ ਨੇ ਨਾਲ ਸਪੀਕਰਾਂ ਦੀ ਮੌਜੂਦਗੀ ਬਾਕੀ ਲੋਕਾਂ ਲਈ ਵੀ ਪਰੇਸ਼ਾਨੀ ਦਾ ਸਬੱਬ ਬਣਦੀ ਹੈ, ਲੋਕ ਕਈ ਤਰ੍ਹਾਂ ਦੇ ਨਿੰਦਿਆ ਭਰੇ ਲਫ਼ਜ਼ ਵੀ ਬੋਲਦੇ ਨੇ ਇਸ ਵਿਚ ਨਿਰਾਦਰ ਕਿਸ ਦਾ ਹੈ?
-----
ਅੱਜ ਕਲ੍ਹ ਗੁਰਪੁਰਬ ਦੇ ਦਿਨਾਂ ਵਿਚ ਨਗਰ ਕੀਰਤਨ ਕੱਢਣ ਦਾ ਬਹੁਤ ਰਿਵਾਜ ਹੈ, ਮੇਰਾ ਇਕੋ ਸਵਾਲ ਮੇਰੇ ਸਿੱਖ ਭਰਾਵਾਂ ਨੂੰ ਹੈ ਉਹ ਇਹ ਹੈ ਕੀ ਸਿੱਖਾਂ ਨੂੰ ਆਪਣੇ ਗੁਰੂਆਂ ਨੂੰ ਇਹ ਦੱਸਣ ਦੀ ਲੋੜ ਕਦੋਂ ਤੋਂ ਪੈ ਗਈ ਕੀ ਅਸੀਂ “ਗੁਰੁ ਕੇ ਚੇਲੇ” ਹਾਂ, ਮੇਰਾ ਖ਼ਿਆਲ ਹੈ ਕਿ ਸਾਡੇ ਗੁਰੂ ਇਹ ਤੇ ਨਹੀਂ ਕਹਿੰਦੇ ਕੀ ਸਾਰੀ ਜਨਤਾ ਨੂੰ ਪਰੇਸ਼ਾਨੀ ਵਿਚ ਪਾ ਕੇ ਤੁਸੀ ਗੁਰਪੁਰਬ ਮਨਾਉ,ਜਿਸ ਵੇਲੇ ਨਗਰ ਕੀਰਤਨ ਨਿਕਲ ਰਿਹਾ ਹੁੰਦਾ ਹੈ, ਸਿੱਖ ਸੰਗਤਾ ਬੜੀ ਸ਼ਰਧਾ ਭਾਵ ਨਾਲ ਨਗਰ ਕੀਰਤਨ ਦੀ ਸੇਵਾ ਤੇ ਸਵਾਗਤ ਕਰਦੀਆਂ ਹਨ ਪਰ ਦੂਜੇ ਪਾਸੇ ਜੋ ਲੋਕ ਜਾਮ ਵਿਚ ਫਸੇ ਹੁੰਦੇ ਨੇ ਉਨ੍ਹਾਂ ਵਲੋਂ ਉਸ ਵੇਲੇ ਕੀਤੀ ਜਾ ਰਹੀ ਨਿੰਦਿਆ ਸੁਣ ਕੇ ਲੱਗਦਾ ਹੈ ਕਿ ਸਾਡੇ ਗੁਰੂ ਸਾਹਿਬਾਨਾਂ ਦਾ ਨਿਰਾਦਰ ਹੈ ਤੇ ਇਸ ਲਈ ਅਸੀਂ ਹੀ ਜ਼ਿੰਮੇਵਾਰ ਹਾਂ,ਦੂਜੇ ਪਾਸੇ ਅੱਜਕਲ ਨਗਰ ਕੀਰਤਨ ਵਿਚ ਨੌਜਵਾਨ ਮੁੰਡੇ ਮੋਟਰਸਾਇਕਲਾਂ ਤੇ ਕਰਤੱਬ ਕਰ ਕੇ ਕੀ ਵਿਖਾਉਣਾ ਚਾਹੁੰਦੇ ਨੇ? ਮੇਰਾ ਖ਼ਿਆਲ ਹੈ ਕਿ ਇਕ ਸੱਚੇ ਸਿੱਖ ਅਤੇ ਸਿੰਘ ਨੂੰ ਆਪਣੇ ਆਪ ਨੂੰ ਸਿੱਧ ਕਰਨ ਦੀ ਲੋੜ ਨਹੀਂ ਹੋਣੀ ਚਾਹੀਦੀ। ਮੇਰਾ ਮੰਨਣਾ ਹੈ ਕਿ ਜਦੋਂ ਤੁਸੀਂ ਪਰੇਸ਼ਾਨੀ ਵਿਚ ਹੋ ਜਦੋਂ ਤੁਹਾਡੇ ਕੋਲ ਵਕ਼ਤ ਦੀ ਕਮੀ ਹੈ ਤੁਸੀਂ ਘੜੀ ਵੱਲ ਵੇਖ ਵੇਖ ਕੇ ਪਾਠ ਕਰਨਾ ਹੈ ਤਾਂ ਇਸ ਤੋਂ ਚੰਗਾ ਹੈ ਕਿ ਪਾਠ ਨਾ ਕਰੋ,ਪਾਠ ਕਰਦੇ ਵਕ਼ਤ ਜੇ ਸਾਡਾ ਧਿਆਨ ਪਾਠ ਵਿਚ ਨਹੀਂ ਲੱਗ ਰਿਹਾ ਤਾਂ ਪਾਠ ਕਰਨਾ ਛੱਡ ਦਿਉ ਵਿਖਾਵੇ ਦੀ ਲੋੜ ਨਹੀਂ ਕਿ ਤੁਸੀਂ ਪਾਠ ਕਰ ਰਹੇ ਹੋ, ਤੁਹਾਡੇ ਮਨ ਵਿਚ ਰੱਬ ਦਾ ਭੈਅ ਹੋਣਾ ਚਾਹੀਦਾ ਹੈ, ਵਿਖਾਵਾ ਕਰਕੇ ਅਸੀਂ ਰੱਬ ਦਾ ਨਿਰਾਦਰ ਕਰ ਰਹੇ ਹੁੰਦੇ ਹਾਂ, ਰੱਬ ਦੇ ਬੰਦਿਆਂ ਦਾ ਭਲਾ ਕਰੋ ਰੱਬ ਆਪ ਨਜ਼ਰ ਆ ਜਾਏਗਾ, ਪਰ ਇਸ ਤੋਂ ਵੱਡਾ ਗੁਨਾਹ ਹੋਰ ਕੋਈ ਨਹੀਂ ਜੇ “ਮੂੰਹ ਮੇਂ ਰਾਮ ਰਾਮ ਬਗਲ ਮੇਂ ਛੁਰੀ” ਵਾਲੀ ਗੱਲ ਹੈ ਤਾਂ, ਗੁਰਦੁਆਰੇ ਸੇਵਾ ਕਰਨ ਦਾ ਉਦੋਂ ਤੱਕ ਕੋਈ ਫਾਇਦਾ ਨਹੀਂ ਜਦੋਂ ਤੱਕ ਤੁਸੀਂ ਆਪਣੇ ਫ਼ਰਜ਼ਾਂ ਤੋਂ ਵਾਕਿਫ਼ ਨਹੀਂ । ਬੀਬੀਆਂ ਘਰੋਂ ਗੁਰੂਦੁਆਰੇ ਆ ਕੇ ਸੇਵਾ ਕਰਦੀਆਂ ਹਨ ਤੇ ਘਰ ਜੁਆਕ ਭੁੱਖੇ ਬੈਠੇ ਉਡੀਕਦੇ ਹਨ ,ਘਰ ਦੇ ਕੰਮ ਛੱਡ ਕੇ ਲੋਕ ਨਗਰ ਕੀਰਤਨ ਵਿਚ ਸਾਰਾ ਦਿਨ ਕੱਢਦੇ ਹਨ , ਇਸ ਤੋਂ ਚੰਗਾ ਕਿਸੇ ਰੱਬ ਦੇ ਬੰਦੇ ਦੀ ਕਿਸੇ ਜ਼ਰੂਰਤ ਨੂੰ ਪੂਰਾ ਕਰੋ ਉਸੇ ਵਿੱਚ ਰੱਬ ਹੈ,ਆਪਣੇ ਆਪ ਨੂੰ ਤਕਲੀਫ਼ ਵਿਚ ਪਾ ਕੇ ਦੁਨੀਆਂ ਨੂੰ ਪਰੇਸ਼ਾਨ ਕਰਕੇ ਜੇ ਰੱਬ ਲੱਭਦਾ ਤੇ ਅੱਜ ਦੁਨੀਆਂ ਦੇ ਹਰ ਘਰ ਵਿਚ ਰੱਬ ਦਾ ਵਾਸਾ ਹੁੰਦਾ ਸ਼ਾਇਦ, ਮੇਰੀ ਗੁਜ਼ਾਰਿਸ਼ ਧਰਮ ਦੇ ਹਰ ਠੇਕੇਦਾਰ ਨੂੰ ਹੈ ਕਿ ਰੱਬ ਨੁਮਾਇਸ਼ ਦੀ ਚੀਜ਼ ਨਹੀਂ,ਰੱਬ ਆਪਣੇ ਮਨ ਵਿਚ ਲੱਭੋ, ਰੱਬ ਗਲੀਆਂ ਬਜ਼ਾਰਾਂ ਵਿਚ ਨਹੀਂ ਆਪਣੇ ਹੀ ਮਨ ਦੇ ਕਿਸੇ ਕੋਨੇ ਵਿਚ ਹੈ……
“...ਜੇ ਰੱਬ ਮਿਲਦਾ ਜੰਗਲ ਭੰਵਿਆਂ
ਤਾਂ ਮਿਲਦਾ ਗਾਈਆਂ ਵੱਛੀਆਂ...”
ਪਰ ਇਨਸਾਨ ਦੀ ਇਨਸਾਨੀਅਤ ਹੀ ਏਨੀ ਮਾੜੀ ਹੋ ਗਈ ਹੈ ਕਿ ਅੱਜ ਰੱਬ ਮੱਝੀਆਂ ਗਾਵਾਂ ਨੂੰ ਤੇ ਮਿਲ ਜਾਏਗਾ ਪਰ ਇਨਸਾਨ ਨੂੰ ਨਹੀਂ!
No comments:
Post a Comment