ਆਰਸੀ ਰਿਸ਼ਮਾਂ ਤੇ ਨਵੀਆਂ ਰਚਨਾਵਾਂ....

ਤੁਹਾਡੇ ਧਿਆਨ ਹਿੱਤ

ਆਰਸੀ ਰਿਸ਼ਮਾਂ ਤੇ ਪੋਸਟ ਕੀਤੇ ਲੇਖਾਂ 'ਚ ਪ੍ਰਗਟਾਏ ਵਿਚਾਰ ਸਬੰਧਿਤ ਲੇਖਕ ਦੇ ਆਪਣੇ ਹਨ ਅਤੇ ਉਨ੍ਹਾਂ ਦੇ ਸਬੰਧ 'ਚ ਆਈਆਂ ਟਿੱਪਣੀਆਂ ਲਈ, ਉਹ ਖ਼ੁਦ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗਾ। ਆਰਸੀ ਜਾਂ ਕਿਸੇ ਹੋਰ ਦਾ ਉਹਨਾਂ ਨਾਲ਼ ਸਹਿਮਤ ਹੋਣਾ ਲਾਜ਼ਮੀ ਨਹੀਂ ਹੈ। ਸ਼ੁਕਰੀਆ।

Sunday, January 3, 2010

ਸੁਖਿੰਦਰ - ਲੇਖ

ਕੈਨੇਡੀਅਨ ਪੰਜਾਬੀ ਕਵਿਤਾ ਦਾ ਇੱਕ ਰੰਗ ਇਹ ਵੀ - ਹਾਮਿਦ ਯਜ਼ਦਾਨੀ

ਲੇਖ

ਸਿੱਧੀਆਂ ਸਾਦੀਆਂ ਗ਼ਜ਼ਲਾਂ, ਗੀਤਾਂ ਅਤੇ ਕਵਿਤਾਵਾਂ ਲਿਖਣ ਵਾਲੇ ਕੈਨੇਡੀਅਨ ਪੰਜਾਬੀ ਸ਼ਾਇਰ ਹਾਮਿਦ ਯਜ਼ਦਾਨੀ ਨੇ ਆਪਣਾ ਕਾਵਿ-ਸੰਗ੍ਰਹਿ ਰਾਤ ਦੀ ਨੀਲੀ ਚੁੱਪਮਈ 2002 ਵਿੱਚ ਉਰਦੂ ਅੱਖਰਾਂ ਵਿੱਚ ਪ੍ਰਕਾਸ਼ਿਤ ਕੀਤਾ ਸੀਉਹ ਆਪਣੀਆਂ ਕਵਿਤਾਵਾਂ ਵਿੱਚ ਬਹੁਤੀਆਂ ਗੁੰਝਲਦਾਰ ਗੱਲਾਂ ਨਹੀਂ ਕਰਦਾਨਾ ਹੀ ਉਹ ਬਹੁਤੇ ਗੁੰਝਲਦਾਰ ਵਿਚਾਰਾਂ ਜਾਂ ਸਮੱਸਿਆਵਾਂ ਨੂੰ ਹੀ ਆਪਣੀਆਂ ਰਚਨਾਵਾਂ ਦਾ ਵਿਸ਼ਾ ਬਣਾਉਂਦਾ ਹੈਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਹ ਸਾਡੇ ਸਮੇਂ ਦੀਆਂ ਗੁੰਝਲਦਾਰ ਸਮੱਸਿਆਵਾਂ ਤੋਂ ਵਾਕਿਫ਼ ਨਹੀਂਅਜਿਹੀਆਂ ਗੁੰਝਲਦਾਰ ਸਮੱਸਿਆਵਾਂ ਬਾਰੇ ਵੀ ਉਹ ਧੀਮੇ ਜਿਹੇ ਅੰਦਾਜ਼ ਵਿੱਚ ਹੀ ਆਪਣੇ ਅਹਿਸਾਸ ਪ੍ਰਗਟਾਅ ਜਾਂਦਾ ਹੈ ਉਹ ਆਮ ਮਨੁੱਖ ਦੀਆਂ ਨਿੱਕੀਆਂ ਨਿੱਕੀਆਂ ਖ਼ੁਸ਼ੀਆਂ-ਗਮੀਆਂ ਨੂੰ ਹੀ ਆਪਣੀਆਂ ਕਵਿਤਾਵਾਂ ਵਿੱਚ ਚਰਚਾ ਦਾ ਵਿਸ਼ਾ ਬਣਾਉਂਦਾ ਹੈਪਹਿਲੀ ਨਜ਼ਰੇ ਉਸ ਦੀ ਸ਼ਾਇਰੀ ਰਵਾਇਤੀ ਕਿਸਮ ਦੀ ਹੀ ਜਾਪਦੀ ਹੈਆਪਣੀ ਗੱਲ ਕਹਿਣ ਲਈ ਭਾਵੇਂ ਕਿ ਉਹ ਅਕਸਰ ਗੀਤ, ਗ਼ਜ਼ਲ ਜਾਂ ਨਜ਼ਮ ਦਾ ਰੂਪ ਹੀ ਚੁਣਦਾ ਹੈ; ਪਰ ਕਈ ਵਾਰੀ ਉਹ ਆਪਣੀ ਗੱਲ ਸਿਰਫ ਇੱਕ ਸ਼ਿਅਰ ਵਿੱਚ ਹੀ ਪੂਰੀ ਕਰ ਜਾਂਦਾ ਹੈ

----

ਹਾਮਿਦ ਯਜ਼ਦਾਨੀ ਦੀ ਸ਼ਾਇਰੀ ਬਾਰੇ ਚਰਚਾ ਉਸਦੇ ਇਸ ਸ਼ਿਅਰ ਨਾਲ ਸ਼ੁਰੂ ਕੀਤਾ ਜਾ ਸਕਦਾ ਹੈ:

ਸਾਨੂੰ ਰਾਸ ਨਾ ਆਈ ਹਾਮਿਦ, ਰੌਣਕ ਸ਼ਹਿਰਾਂ ਵਾਲੀ,

ਅਸੀਂ ਤਾਂ ਭੀੜ ਦੇ ਅੰਦਰ ਆ ਕੇ, ਹੋਰ ਵੀ ਕੱਲੇ ਹੋ ਗਏ

ਅਜੋਕੇ ਮਨੁੱਖ ਦੀ ਇਹ ਤ੍ਰਾਸਦੀ ਹੈ ਕਿ ਜਿਉਂ ਜਿਉਂ ਮਨੁੱਖ ਵਿਗਿਆਨਕ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਤਰੱਕੀ ਕਰਦਾ ਜਾ ਰਿਹਾ ਹੈ ਤਿਉਂ ਤਿਉਂ ਮਨੁੱਖ ਦਾ ਆਪਣੇ ਚੌਗਿਰਦੇ ਅਤੇ ਆਪਣੇ ਆਪ ਨਾਲ ਰਿਸ਼ਤਾ ਟੁੱਟਦਾ ਜਾ ਰਿਹਾ ਹੈਲੋਕ ਆਪਣੇ ਆਪ ਵਿੱਚ ਕੈਦ ਹੋ ਕੇ ਰਹਿ ਗਏ ਹਨਇਸ ਗੱਲ ਦਾ ਹੀ ਵਿਸਥਾਰ ਹਾਮਿਦ ਯਜ਼ਦਾਨੀ ਆਪਣੇ ਹੀ ਇੱਕ ਹੋਰ ਸ਼ਿਅਰ ਵਿੱਚ ਵੀ ਬੜੀ ਹੀ ਖ਼ੂਬਸੂਰਤੀ ਨਾਲ ਕਰਦਾ ਹੈ:

ਲੋਕੀਂ ਆਪਣੇ ਆਪਣੇ ਘਰ ਵਿੱਚ, ਕੈਦੀ ਹੋ ਕੇ ਰਹਿ ਗਏ ਨੇ,

ਹਾਲ ਕੋਈ ਨਹੀਂ ਪੁੱਛਦਾ ਆ ਕੇ, ਅੱਜ ਕੱਲ੍ਹ ਸ਼ਾਮ ਸੁਹਾਣੀ ਦਾ

-----

ਨਵ-ਪੂੰਜੀਵਾਦ ਮਨੁੱਖ ਦੀ ਚੇਤਨਾ ਅੰਦਰ ਨਿੱਜਵਾਦ ਇਸ ਹੱਦ ਤੱਕ ਭਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਆਪਣੀ ਹੋਂਦ ਬਣਾਈ ਰੱਖਣ ਲਈ ਮਨੁੱਖ ਹੋਰ ਹਰ ਕਿਸੇ ਨੂੰ ਆਪਣੇ ਪੈਰਾਂ ਹੇਠ ਦਰੜ ਕੇ ਅੱਗੇ ਲੰਘ ਜਾਣਾ ਚਾਹੁੰਦਾ ਹੈਮਨੁੱਖ ਦੀ ਮੈਂਉਸਦੇ ਹਰ ਕੰਮ, ਉਸਦੀ ਹਰ ਗੱਲ, ਵਿੱਚ ਏਨੀ ਭਾਰੂ ਹੋ ਚੁੱਕੀ ਹੈ ਕਿ ਉਸ ਲਈ ਮਨੁੱਖੀ ਰਿਸ਼ਤਿਆਂ, ਜ਼ਜ਼ਬਾਤਾਂ ਅਤੇ ਭਾਵਨਾਵਾਂ ਲਈ ਕੋਈ ਥਾਂ ਬਾਕੀ ਨਹੀਂ ਰਹੀਉਸ ਦੀ ਸਾਰੀ ਭੱਜ ਦੌੜ ਘਰਾਂ ਨੂੰ ਮਹਿੰਗੀਆਂ ਅਤੇ ਚਮਕੀਲੀਆਂ ਚੀਜ਼ਾਂ ਨਾਲ ਭਰਨ ਦੀ ਲਾਲਸਾ ਤੱਕ ਸੀਮਿਤ ਹੋ ਕੇ ਰਹਿ ਗਈ ਹੈਖਪਤ ਸਭਿਆਚਾਰ ਦੇ ਅਸਰ ਹੇਠ ਵਿਕਸਤ ਹੋ ਰਹੀ ਅਜਿਹੀ ਮਨੁੱਖੀ ਚੇਤਨਾ ਨੂੰ ਵੀ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਉਂਦਾ ਹੋਇਆ ਹਾਮਿਦ ਯਜ਼ਦਾਨੀ ਇਸ ਗੱਲ ਦਾ ਵੀ ਅਹਿਸਾਸ ਕਰਵਾਉਣਾ ਜ਼ਰੂਰੀ ਸਮਝਦਾ ਹੈ ਕਿ ਘਰ, ਮਹਿਜ਼, ਇੱਟਾਂ, ਰੋੜਿਆਂ ਨਾਲ ਹੀ ਨਹੀਂ ਬਣੇ ਹੁੰਦੇਘਰ ਤਾਂ ਉਸ ਵਿੱਚ ਰਹਿਣ ਵਾਲੇ ਮਨੁੱਖਾਂ ਦੇ ਆਪਸੀ ਰਿਸ਼ਤਿਆਂ ਅਤੇ ਇੱਕ ਦੂਜੇ ਲਈ ਪ੍ਰਗਟਾਏ ਜਾਂਦੇ ਜਜ਼ਬਾਤਾਂ ਨਾਲ ਬਣਦੇ ਹਨ:

ਇੱਟਾਂ, ਗਾਰੇ, ਰੋੜੀ ਦੇ ਨਾਲ

ਘਰ ਤੇ ਖੌਰੇ ਬਣ ਜਾਵਣ, ਪਰ

ਸੁਪਨੇ ਬਣਦੇ ਨਾਹੀਂ

(ਇੱਕ ਨਜ਼ਮ)

-----

ਖਪਤ ਸਭਿਆਚਾਰ ਦੀਆਂ ਪਰਤਾਂ ਫਰੋਲਦਾ ਹੋਇਆ ਹਾਮਿਦ ਯਜ਼ਦਾਨੀ ਲੱਚਰ ਸਭਿਆਚਾਰ ਜਾਂ ਨੰਗੇਜ਼ਵਾਦ ਦਾ ਵੀ ਜ਼ਿਕਰ ਕਰਦਾ ਹੈਇਸ ਸਭਿਆਚਾਰ ਵਿੱਚ ਮਨੁੱਖ ਵੀ ਇੱਕ ਵਸਤ ਬਣ ਕੇ ਰਹਿ ਗਿਆ ਹੈਸ਼ਰਮ-ਹਯਾ ਵਰਗੇ ਸ਼ਬਦ ਇਸ ਸਭਿਆਚਾਰ ਦਾ ਹਿੱਸਾ ਨਹੀਂਮਨੁੱਖੀ ਸਰੀਰ ਨੂੰ ਵੇਚਣ ਲਈ ਨੰਗੇਜ਼ ਦੀ ਕਿਸੀ ਹੱਦ ਤੱਕ ਵੀ ਜਾਇਆ ਜਾ ਸਕਦਾ ਹੈਅਜਿਹੇ ਸਭਿਆਚਾਰ ਦੀਆਂ ਕਦਰਾਂ-ਕੀਮਤਾਂ ਮਨੁੱਖੀ ਚੇਤਨਾ ਵਿੱਚ ਉੱਕਰਨ ਲਈ ਟੈਲੀਵੀਜ਼ਨ ਮਾਧਿਅਮ ਸਭ ਤੋਂ ਵੱਧ ਯੋਗਦਾਨ ਪਾ ਰਿਹਾ ਹੈਗਾਇਕ ਲੋਕਾਂ ਨੂੰ ਆਪਣੀ ਗਾਇਕੀ ਜਾਂ ਸੰਗੀਤ ਨਾਲ ਪ੍ਰਭਾਵਤ ਕਰਨ ਦੀ ਥਾਂ ਬੈਂਡ ਨਾਲ ਡਾਂਸ ਕਰ ਰਹੀਆਂ ਕੁੜੀਆਂ ਦੇ ਅੱਧ-ਨੰਗੇ ਅੰਗਾਂ ਦੇ ਕਾਮ-ਰੁਚੀਆਂ ਜਗਾਉਣ ਵਾਲੇ ਕੀਤੇ ਜਾ ਰਹੇ ਪ੍ਰਗਟਾਵੇ ਨਾਲ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰਦੇ ਹਨਕਈ ਹਾਲਤਾਂ ਵਿੱਚ ਤਾਂ ਅਜਿਹੀਆਂ ਡਾਂਸਰਾਂ ਆਪਣੇ ਸਰੀਰ ਦੇ ਸਭ ਕੱਪੜੇ ਉਤਾਰ ਦੇਣ ਤੋਂ ਵੀ ਨਹੀਂ ਝਿਜਕਦੀਆਂਕੈਨੇਡਾ ਵਰਗੇ ਵਿਕਸਤ ਕਹਾਉਂਦੇ ਦੇਸ਼ ਦੇ ਹਰ ਛੋਟੇ-ਵੱਡੇ ਸ਼ਹਿਰ ਵਿੱਚ ਅਲਫ਼-ਨੰਗੀਆ ਹੋ ਕੇ ਡਾਂਸ ਕਰਨ ਵਾਲੀਆਂ ਔਰਤਾਂ ਦੇ ਡਾਂਸ ਕਲੱਬ ਆਮ ਵੇਖੇ ਜਾ ਸਕਦੇ ਹਨਅਜਿਹੇ ਕਲੱਬ ਪੱਛਮੀ ਸਭਿਆਚਾਰ ਦਾ ਇੱਕ ਜ਼ਰੂਰੀ ਅੰਗ ਬਣ ਚੁੱਕੇ ਹਨਨਵ-ਪੂੰਜੀਵਾਦੀ ਸਭਿਆਚਾਰ ਦੇ ਇਸ ਪੱਖ ਨੂੰ ਵੀ ਹਾਮਿਦ ਯਜ਼ਦਾਨੀ ਆਪਣੇ ਇਸ ਸ਼ਿਅਰ ਰਾਹੀਂ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਕਰਦਾ ਹੈ:

ਝਮਝਮ ਕਰਦੀਆਂ ਸ਼ਾਨਾਂ ਵਿੱਚੋਂ, ਲਿਸ਼ਕਾਂ ਮਾਰਨ ਗਰਜਾਂ

ਕੱਪੜੇ ਪਾ ਕੇ ਸ਼ਹਿਰ ਦੇ ਲੋਕੀਂ, ਹੋਰ ਵੀ ਨੰਗੇ ਹੋ ਗਏ

ਇਸ ਸਭਿਆਚਾਰ ਨੇ ਨ ਸਿਰਫ਼ ਲੋਕਾਂ ਨੂੰ ਇਕੱਲਤਾ ਹੀ ਦਿੱਤੀ ਹੈ, ਇਸ ਨੇ ਲੋਕਾਂ ਨੂੰ ਨਕਲੀਪਨ ਵੀ ਦਿੱਤਾ ਹੈਹਰ ਪਾਸੇ ਫੈਲ ਰਹੇ ਬਹੁ-ਪੱਖੀ ਸਮਾਜਿਕ/ਸਭਿਆਚਾਰਕ/ਰਾਜਨੀਤਿਕ ਭ੍ਰਿਸ਼ਟਾਚਾਰ ਕਾਰਨ ਅਤੇ ਮਨੁੱਖੀ ਕਦਰਾਂ-ਕੀਮਤਾਂ ਵਿੱਚ ਆ ਰਹੀ ਗਿਰਾਵਟ ਕਾਰਨ ਭਾਵੇਂ ਕਿ ਲੋਕ ਬਹੁਤ ਦੁਖੀ ਹਨ; ਪਰ ਫਿਰ ਵੀ ਜੱਗ ਦਿਖਾਵੇ ਕਾਰਨ ਉਹ ਚਿਹਰਿਆਂ ਉੱਤੇ ਨਕਲੀ ਮੁਸਕਰਾਹਟਾਂ ਪਹਿਣ ਕੇ ਘੁੰਮ ਰਹੇ ਹਨਖਪਤ ਸਭਿਆਚਾਰ ਨੇ ਅਜੋਕੇ ਮਨੁੱਖ ਨੂੰ ਕੁਝ ਇਸ ਤਰ੍ਹਾਂ ਦਾ ਹੀ ਜਿਉਣ ਦਾ ਢੰਗ ਦਿੱਤਾ ਹੈ ਇਸ ਹਕੀਕਤ ਦਾ ਜਾਇਜ਼ਾ ਲੈਂਦਾ ਹਾਮਿਦ ਯਜ਼ਦਾਨੀ ਦਾ ਇੱਕ ਸ਼ਿਅਰ ਦੇਖੋ:

ਜਿਸ ਪਾਸੇ ਵੀ ਪਾਈ ਝਾਤ

ਉਸ ਪਾਸੇ ਇਕਲਾਪਾ ਸੀ

ਦਿਲ ਦੇ ਅੰਦਰ ਹੌਕੇ ਸਨ

ਬੁੱਲ੍ਹੀਆਂ ਉੱਤੇ ਹਾਸਾ ਸੀ

........

ਇਹੀ ਗੱਲ ਉਹ ਇੱਕ ਹੋਰ ਵੀ ਸ਼ਿਅਰ ਵਿੱਚ ਕਹਿੰਦਾ ਹੈ:

ਟੁੱਟੇ ਪਰ, ਮੁਰਝਾਏ ਚਿਹਰੇ, ਸਾਹ ਵੀ ਉੱਖੜੇ ਉੱਖੜੇ

ਮੂੰਹ ਦੇ ਵੱਲੋਂ ਇੰਜ ਪਰਤੇ ਨੇ, ਅੱਜ ਨਜ਼ਰਾਂ ਦੇ ਪੰਛੀ

ਅਜਿਹੇ ਉਦਾਸ ਸਮਿਆਂ ਵਿੱਚ ਲੋਕ ਦਿਲ ਨੂੰ ਧਰਵਾਸ ਦੇਣ ਲਈ ਚੰਗੇ ਸਮਿਆਂ ਨੂੰ ਮੁੜ, ਮੁੜ ਯਾਦ ਕਰਦੇ ਹਨਉਨ੍ਹਾਂ ਕੋਲ ਇਹੀ ਇੱਕ ਸਾਧਨ ਰਹਿ ਜਾਂਦਾ ਹੈ ਦਿਲ ਨੂੰ ਹੌਂਸਲਾ ਦੇਣ ਲਈ, ਇਕਲਾਪੇ ਦੀ ਕੈਦ ਚੋਂ ਕੁਝ ਪਲ ਲਈ ਆਜ਼ਾਦ ਹੋਣ ਲਈ:

ਇਕਲਾਪੇ ਦੇ ਕੈਦੀ ਦਾ ਦਿਲ, ਝੱਟ ਨੂੰ ਪਰਚਾਵਣ ਲਈ

ਸ਼ਾਮ ਬਨੇਰੇ ਤੇ ਆ ਬੈਠਣ, ਕੁਝ ਯਾਦਾਂ ਦੇ ਪੰਛੀ

------

ਹਾਮਿਦ ਯਜ਼ਦਾਨੀ ਇੱਕ ਚੇਤੰਨ ਸ਼ਾਇਰ ਹੈਉਹ ਅਜੋਕੇ ਮਨੁੱਖ ਦੀ ਸਥਿਤੀ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ ਹੈਉਹ ਇਹ ਵੀ ਸਮਝਦਾ ਹੈ ਕਿ ਅਜਿਹੀ ਨਿਰਾਸ਼ਤਾ ਪੈਦਾ ਕਰਨ ਵਾਲੀ ਸਥਿਤੀ ਆਪਣੇ ਆਪ ਨਹੀਂ ਬਦਲਣੀਇਸ ਨੂੰ ਬਦਲਣ ਲਈ ਲੋਕਾਂ ਨੂੰ ਹੀ ਇਕੱਠੇ ਹੋ ਕੇ ਹੰਭਲਾ ਮਾਰਨਾ ਪੈਂਦਾ ਹੈਉਹ ਇਹ ਵੀ ਜਾਣਦਾ ਹੈ ਕਿ ਇਹ ਸਥਿਤੀ ਤਾਂ ਹੀ ਬਦਲੇਗੀ ਜਦੋਂ ਅਸੀਂ ਸਮਾਂ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਅਤੇ ਵਿਚਾਰਾਂ ਨੂੰ ਤਿਆਗ ਕੇ ਨਵੇਂ ਵਿਚਾਰ ਅਪਣਾਵਾਂਗੇਵਿਚਾਰ ਜੋ ਕਿ, ਮਹਿਜ਼, ਨਵੇਂ ਹੋਣ ਲਈ ਹੀ ਨਵੇਂ ਨਹੀਂ ਹੋਣਗੇਬਲਕਿ ਜੋ ਮਨੁੱਖਵਾਦੀ ਹੋਣਗੇਜਿਨ੍ਹਾਂ ਦਾ ਉਦੇਸ਼ ਸਮੁੱਚੀ ਜਨਤਾ ਲਈ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਿਆਉਣਾ ਹੋਵੇਗਾਇਨ੍ਹਾਂ ਵਿਚਾਰਾਂ ਦੀ ਨੁਮਾਇੰਦਗੀ ਕਰਦੇ ਹਾਮਿਦ ਯਜ਼ਦਾਨੀ ਦੇ ਕੁਝ ਖ਼ੂਬਸੂਰਤ ਸ਼ਿਅਰ ਹਾਜ਼ਰ ਹਨ:

1.ਅੱਖ ਵੀਰਾਨ ਜਿਹੀ ਲੱਗਦੀ ਏ

ਮੁੜ ਨਵੇਂ ਖ਼ਾਬ ਉਸਾਰੇ ਕੋਈ

.........

2.ਨਵੇਂ ਜ਼ਮਾਨੇ ਅੰਦਰ, ਨਵੀਆਂ ਸੋਚਾਂ ਦਾ ਵਿਉਪਾਰ ਕਰੋ,

ਜ਼ਿਹਨਾਂ ਵਿੱਚੋਂ ਕੱਢਕੇ ਸੌਦਾ, ਕੱਲ੍ਹ ਦੀ ਸੋਚ ਪੁਰਾਣੀ ਦਾ

.........

3.ਦਰਿਆਵਾਂ ਦੇ ਸੱਜਰੇ ਪਾਣੀਕਹਿੰਦੇ ਜਾਵਣ ਅਜਬ ਕਹਾਣੀ

-----

ਜ਼ਿੰਦਗੀ ਇੱਕ ਲੰਬੀ ਦੌੜ ਵਾਂਗ ਹੈਜਿਸ ਵਿੱਚ ਉਹੀ ਮਨੁੱਖ ਜਿੱਤ ਪ੍ਰਾਪਤ ਕਰਦੇ ਹਨ ਜੋ ਹੌਂਸਲੇ ਅਤੇ ਦ੍ਰਿੜਤਾ ਨਾਲ ਅਪਣੀ ਦੌੜ ਜਾਰੀ ਰੱਖਦੇ ਹਨਜਿ਼ੰਦਗੀ ਵਿੱਚ ਨ ਤਾਂ ਸਦਾ ਖੁਸ਼ੀ ਹੀ ਜ਼ਿਆਦਾ ਦੇਰ ਰਹਿੰਦੀ ਹੈ ਅਤੇ ਨ ਹੀ ਗ਼ਮੀ ਹੀਜ਼ਿੰਦਗੀ ਵਿੱਚ ਜਦੋਂ ਨਿਰਾਸ਼ਾ ਦਾ ਸਾਹਮਣਾ ਕਰਨਾ ਪਵੇ ਤਾਂ ਅਸੀਂ ਕੁਦਰਤ ਦੇ ਵਰਤਾਰਿਆਂ ਤੋਂ ਬਹੁਤ ਕੁਝ ਸਿਖ ਸਕਦੇ ਹਾਂਕੁਦਰਤ ਵਿੱਚ ਮੌਸਮੀ ਵਰਤਾਰਿਆਂ ਦਾ ਸਿਲਸਿਲਾ ਨਿਰੰਤਰ ਜਾਰੀ ਰਹਿੰਦਾ ਹੈਪੱਤਝੜ ਦੇ ਬਾਹਦ ਬਹਾਰ ਦਾ ਮੌਸਮ ਆਉਣਾ ਲਾਜ਼ਮੀ ਹੈਇਸੇ ਕਾਰਨ ਕੁਦਰਤ ਵਿੱਚ ਸਦਾ ਹੀ ਖ਼ੂਬਸੂਰਤੀ ਅਤੇ ਤਾਜ਼ਗੀ ਬਣੀ ਰਹਿੰਦੀ ਹੈਮਨੁੱਖ ਨੂੰ ਵੀ ਖ਼ੁਸ਼ਗਵਾਰ ਮੌਸਮਾਂ ਦੀ ਤਲਾਸ਼ ਵਿੱਚ ਆਪਣੀ ਜ਼ਿੰਦਗੀ ਵਿਚਲੀ ਜੱਦੋਜਹਿਦ ਨਿਰੰਤਰ ਜਾਰੀ ਰੱਖਣੀ ਚਾਹੀਦੀ ਹੈ

-----

ਜ਼ਿੰਦਗੀ ਦੀ ਕਰਮਭੂਮੀ ਵਿੱਚ ਜਿੱਥੇ ਕਿ ਨਿਰੰਤਰ ਜੱਦੋ-ਜਹਿਦ ਕਰਨ ਦੀ ਲੋੜ ਹੁੰਦੀ ਹੈ, ਉੱਥੇ ਹੀ ਸਾਡੇ ਲਈ ਇਸ ਗੱਲ ਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਕਿ ਅਸੀਂ ਕਦੀ ਵੀ ਬੇਅਸੂਲੀ ਜੰਗ ਲੜਕੇ ਜ਼ਿੰਦਗੀ ਵਿੱਚ ਕੋਈ ਜਿੱਤ ਪ੍ਰਾਪਤ ਨ ਕਰੀਏਬੇਅਸੂਲੀ ਅਤੇ ਝੂਠ ਉੱਤੇ ਆਧਾਰਤ ਜਿੱਤ ਮਨੁੱਖ ਨੂੰ ਕਦੇ ਵੀ ਤਸੱਲੀ ਨਹੀਂ ਦੇ ਸਕਦੀਇਸੇ ਤਰ੍ਹਾਂ ਨਿਹੱਥੇ ਵਿਅਕਤੀ ਉੱਤੇ ਤਲਵਾਰ ਦਾ ਵਾਰ ਕਰਨਾ ਵੀ ਕਦੀ ਕਿਸੇ ਮਨੁੱਖ ਲਈ ਸੂਰਮਗਤੀ ਨਹੀਂ ਹੁੰਦੀਜਿਸ ਮਨੁੱਖ ਦੀ ਜ਼ਿੰਦਗੀ ਦੇ ਕੋਈ ਅਸੂਲ ਨਹੀਂ, ਉਹ ਮਨੁੱਖ ਜਾਨਵਰਾਂ ਵਾਲੀ ਜ਼ਿੰਦਗੀ ਹੀ ਜਿਉਂਦਾ ਹੈਕਿਉਂਕਿ ਉਸ ਕੋਲ ਆਪਣੀ ਮੈਂਤੋਂ ਬਿਨ੍ਹਾਂ ਹੋਰ ਕੁਝ ਨਹੀਂ ਹੁੰਦਾਦੇਖੋ ਹਾਮਿਦ ਯਜ਼ਦਾਨੀ ਆਪਣੇ ਇਨ੍ਹਾਂ ਸ਼ਿਅਰਾਂ ਰਾਹੀਂ ਇਨ੍ਹਾਂ ਗੱਲਾਂ ਦੀ ਗਵਾਹੀ ਕਿੰਨੀ ਖ਼ੂਬਸੂਰਤੀ ਨਾਲ ਦਿੰਦਾ ਹੈ:

1.ਜਿੱਤ ਅਸੂਲ ਤੋਂ ਵੱਧ ਕੇ ਨਹੀਂ ਏ

ਸੁੱਤੇ ਤੇ ਹਥਿਆਰ ਨ ਚੁੱਕੀਏ

..........

2.ਜਿਸ ਦੇ ਹੱਥ ਵਿੱਚ ਫੁੱਲ ਹੋਵਣ

ਉਹਦੇ ਤੇ ਤਲਵਾਰ ਨ ਚੁੱਕੀਏ

-----

ਪਿਛਲੇ ਕੁਝ ਦਹਾਕਿਆਂ ਤੋਂ ਅਸੀਂ ਦੇਖ ਰਹੇ ਹਾਂ ਕਿ ਵਿਸ਼ਵ ਭਰ ਵਿੱਚ ਧਾਰਮਿਕ ਕੱਟੜਵਾਦੀ ਦਹਿਸ਼ਤਗਰਦੀ ਦਾ ਬੋਲਬਾਲਾ ਹੈਅੱਲਾ ਦੇ ਨਾਮ ਉੱਤੇ, ਰੱਬ ਦੇ ਨਾਮ ਉੱਤੇ, ਖ਼ੂਨ ਦੀਆਂ ਨਦੀਆਂ ਵਹਾਈਆਂ ਜਾ ਰਹੀਆਂ ਹਨਬੇਗੁਨਾਹ ਲੋਕਾਂ ਦੇ ਕਤਲ ਕੀਤੇ ਜਾ ਰਹੇ ਹਨਧਾਰਮਿਕ ਕੱਟੜਵਾਦੀ ਰਹਿਨੁਮਾ ਨਿੱਕੇ ਨਿੱਕੇ ਬੱਚਿਆਂ ਦੇ ਦਿਮਾਗ਼ਾਂ ਵਿੱਚ ਧਾਰਮਿਕ ਜਨੂੰਨ ਭਰਕੇ ਉਨ੍ਹਾਂ ਮਾਸੂਮ ਬੱਚਿਆਂ ਨੂੰ ਫਨੀਅਰ ਸੱਪ ਬਣਾ ਕੇ ਸੜਕਾਂ, ਚੌਰਸਤਿਆਂ, ਸਕੂਲਾਂ, ਕਾਲਿਜਾਂ, ਯੂਨੀਵਰਸਿਟੀਆਂ, ਧਾਰਮਿਕ ਅਦਾਰਿਆਂ ਵਿੱਚ ਛੱਡ ਦਿੰਦੇ ਹਨਜਿੱਥੇ ਇਹ ਫਨੀਅਰ ਸੱਪ ਆਪਣੀਆਂ ਮਸ਼ੀਨ ਗੰਨਾਂ ਨਾਲ ਗੋਲੀਆਂ ਦੀ ਬੁਛਾੜ ਕਰਕੇ ਮਨੁੱਖੀ ਖ਼ੂਨ ਨਾਲ ਹੌਲੀ ਖੇਡਦੇ ਹਨਇੱਕ ਜਾਗਰੂਕ ਸ਼ਾਇਰ ਹੋਣ ਦੇ ਨਾਤੇ ਹਾਮਿਦ ਯਜ਼ਦਾਨੀ ਆਪਣੇ ਕੁਝ ਸੰਵੇਦਨਸ਼ੀਲ ਸ਼ਿਅਰਾਂ ਰਾਹੀਂ ਇਨ੍ਹਾਂ ਕਾਤਲਾਂ ਅਤੇ ਉਨ੍ਹਾਂ ਦੇ ਪਰਵਰਦਿਗਾਰਾਂ ਵੱਲੋਂ ਮਚਾਈ ਜਾ ਰਹੀ ਮਨੁੱਖੀ ਤਬਾਹੀ ਵੱਲ ਸਾਡਾ ਧਿਆਨ ਦੁਆਉਂਦਾ ਹੈ:

1.ਤੱਤੀਆਂ ਤੇਜ਼ ਹਵਾਵਾਂ ਦੀ

ਰੁੱਤ ਏ ਹੌਕਿਆਂ ਹਾਵਾਂ ਦੀ

............

2.ਚਾਰ ਚੁਫੇਰੇ ਗ਼ਮ ਦੀ ਧੂੜ

ਚਿੱਟੀ ਚਾਦਰ ਮਾਵਾਂ ਦੀ

..........

3.ਦੁੱਖ ਪਰਹੁਣਾ ਆਇਆ ਹੈ

ਬੋਲੀ ਸਮਝੋ ਕਾਵਾਂ ਦੀ

...........

4.ਵੇਲੇ ਦੇ ਸੱਪਾਂ ਨੇ ਇੰਜ ਜ਼ਖ਼ਮਾਇਆ ਏ

ਜ਼ਖ਼ਮੀ ਜ਼ਖ਼ਮੀ ਰੂਹ, ਜੁੱਸਾ ਕੁਮਲਾਇਆ ਏ

...........

5.ਆਪਣੇ ਮੋਢਿਆਂ ਉੱਤੇ ਮੌਸਮ, ਸ਼ੋਹਲੇ ਚੁੱਕੀ ਫਿਰਦਾ ਏ,

ਸਾਹ ਲੈਣਾ ਹੁਣ ਔਖਾ ਹੋਇਆ, ਮੇਰੀ ਜਿੰਦ ਨਿਮਾਣੀ ਦਾ

-------

ਅਜਿਹੀਆਂ ਹਾਲਤਾਂ ਵਿੱਚ ਵੀ ਕਵੀ ਇਹ ਸੋਚਦਾ ਹੈ ਕਿ ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ ਭਾਵੁਕਤਾ ਕਾਰਨ ਮੇਰੀਆਂ ਅੱਖਾਂ ਵਿੱਚ ਆਏ ਅੱਥਰੂ ਵੇਖਕੇ ਕਿਧਰੇ ਮੇਰਾ ਬੱਚਾ ਇਹ ਨਾ ਸਮਝ ਲਵੇ ਕਿ ਮੈਂ ਇੱਕ ਕਮਜ਼ੋਰ ਦਿਲ ਵਾਲਾ ਇਨਸਾਨ ਹਾਂਇਸ ਲਈ ਉਹ ਦਿਲ ਵਿੱਚ ਮੋਹ ਅਤੇ ਪਿਆਰ ਰੱਖਣ ਦੇ ਬਾਵਜੂਦ ਵੀ ਬੱਚੇ ਤੋਂ ਕੁਝ ਫਾਸਲਾ ਰੱਖਣਾ ਹੀ ਜ਼ਰੂਰੀ ਸਮਝਦਾ ਹੈਇਹ ਅਰਥਭਰਪੂਰ ਗੱਲ ਇਸ ਸ਼ਿਅਰ ਵਿੱਚ ਕਿੰਨੀ ਖ਼ੂਬਸੂਰਤੀ ਨਾਲ ਕਹੀ ਗਈ ਹੈ:

ਅੱਖਾਂ ਦੇ ਵਿੱਚ ਅੱਥਰੂ ਨੇ

ਬੱਚੇ ਕੋਲ ਖਲੋਣਾ ਨਹੀਂ

-------

ਜ਼ਿੰਦਗੀ ਦੇ ਕੁਝ ਸਰਬ-ਪ੍ਰਵਾਣਿਤ ਸੱਚ ਵੀ ਹੁੰਦੇ ਹਨਜੋ ਕਿ ਲੋਕ ਮੁਹਾਵਰਿਆਂ ਵਾਂਗ ਦੁਹਰਾਏ ਜਾਂਦੇ ਹਨਇਹ ਸੱਚ ਕਿਸੀ ਇੱਕ ਸਭਿਆਚਾਰ ਜਾਂ ਧਰਤੀ ਦੇ ਕਿਸੇ ਇੱਕ ਖ਼ਾਸ ਦੇਸ ਜਾਂ ਹਿੱਸੇ ਤੱਕ ਵੀ ਸੀਮਿਤ ਨਹੀਂ ਹੁੰਦੇਇਨ੍ਹਾਂ ਵਿੱਚੋਂ ਹੀ ਇੱਕ ਸੱਚ ਹੈ ਮਾਂ ਦਾ ਪਿਆਰਮਾਂ ਦਾ ਪਿਆਰ, ਹਰ ਬੋਲੀ, ਹਰ ਸਭਿਆਚਾਰ, ਹਰ ਦੇਸ ਵਿੱਚ ਇੱਕੋ ਜਿਹਾ ਹੀ ਹੁੰਦਾ ਹੈਮਨੁੱਖ ਹੋਰ ਹਰ ਚੀਜ਼ ਮੁੜ, ਮੁੜ ਪ੍ਰਾਪਤ ਕਰ ਸਕਦਾ ਹੈ, ਪਰ ਉਸ ਨੂੰ ਮਾਂ ਕਦੀ ਵੀ ਦੁਬਾਰਾ ਨਹੀਂ ਮਿਲ ਸਕਦੀਇਸੀ ਕਾਰਨ ਮਨੁੱਖ ਮਾਂ ਦੇ ਪਿਆਰ ਨੂੰ ਕਦੀ ਵੀ ਭੁਲਾ ਨਹੀਂ ਸਕਦਾਇਸ ਸਰਬ-ਪ੍ਰਵਾਨਿਤ ਸੱਚ ਨੂੰ ਇਨ੍ਹਾਂ ਸ਼ਿਅਰਾਂ ਵਿੱਚ ਵੀ ਬੜੀ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਹੈ:

1.ਜਿਸ ਦੇ ਸਾਹ ਨਾਲ

ਦੀਵੇ ਬਲਦੇ

ਜੀਹਦੀ ਛਾਵੇਂ

ਸੂਰਜ ਪਲਦੇ

(ਨਜ਼ਮ - ਮਾਂ)

........

2.ਖੁੰਝੀਆਂ ਹੋਈਆਂ ਛਾਵਾਂ ਲੱਭੀਏ

ਕਿੱਥੋਂ ਜਾ ਹੁਣ ਮਾਵਾਂ ਲੱਭੀਏ

...............

3.ਧੁੱਪਾਂ ਵਾਲੀ ਉਹ ਅੱਤ ਮੱਚੀ

ਰੁੱਖ ਪਏ ਲੱਭਣ ਛਾਂ

ਖੌਰੇ ਕਿਸ ਦੀਆਂ ਰਾਹਾਂ ਤੱਕਦੀ

ਬੂਹੇ ਬੈਠੀ ਮਾਂ

(ਨਜ਼ਮ - ਐ ਕਸ਼ਮੀਰ)

-----

ਇਸੇ ਤਰ੍ਹਾਂ ਹੀ ਇੱਕ ਸਰਬ-ਪ੍ਰਵਾਨਿਤ ਸੱਚ ਮਨੁੱਖੀ ਦੋਸਤੀ ਬਾਰੇ ਵੀ ਹੈਸਾਡਾ ਸਭ ਤੋਂ ਵੱਧ ਨੁਕਸਾਨ, ਅਕਸਰ, ਉਹੀ ਲੋਕ ਹੀ ਕਰਦੇ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਸਭ ਤੋਂ ਚੰਗੇ ਦੋਸਤ ਸਮਝਦੇ ਰਹਿੰਦੇ ਹਾਂਇਹ ਵੀ ਇੱਕ ਸਚਾਈ ਹੈ ਕਿ ਸਾਡੇ ਨਾਲ ਈਰਖਾ ਵੀ ਸਭ ਤੋਂ ਵੱਧ ਉਹੀ ਲੋਕ ਕਰਦੇ ਹਨ ਜੋ ਸਾਡੇ ਦਿਲ ਦੇ ਕਰੀਬ ਹੁੰਦੇ ਹਨਉਹੀ ਲੋਕ ਹੀ ਵਕਤ ਆਉਣ ਉੱਤੇ ਬੁੱਕਲ ਦੇ ਸੱਪਾਂ ਵਾਂਗ ਸਭ ਤੋਂ ਵੱਧ ਜ਼ਹਿਰੀਲੇ ਡੰਗ ਮਾਰਦੇ ਹਨਦੇਖੋ ਹਾਮਿਦ ਯਜ਼ਦਾਨੀ ਜ਼ਿੰਦਗੀ ਦੀ ਇਸ ਸੱਚਾਈ ਨੂੰ ਕਿੰਨੀ ਸੂਖ਼ਮਤਾ ਨਾਲ ਪੇਸ਼ ਕਰਦਾ ਹੈ:

1.ਫੇਰ ਕਿਸੇ ਨੇ ਅਪਣਾ ਬਣਕੇ ਡੰਗਿਆ ਏ

ਹਾਮਿਦ ਮੈਨੂੰ ਫੇਰ ਕੋਈ ਯਾਦ ਆਇਆ ਏ

............

2.ਤੁਲਨਾ ਜਿਹੀ ਤਲਵਾਰਾਂ ਕੋਲੋਂ

ਬਚਕੇ ਲੰਘ ਜਾ ਯਾਰਾਂ ਕੋਲੋਂ

...........

3.ਸਾਨੂੰ ਰੋਲ ਕੇ ਲੰਘਣ ਵਾਲੇ

ਯਾਰ ਤੇ ਨੇ ਪਰ ਡੰਗਣ ਵਾਲੇ

------

ਸਾਡੇ ਸਮਿਆਂ ਦੀ ਇੱਕ ਇਹ ਵੀ ਹਕੀਕਤ ਹੈ ਕਿ ਚਾਹੇ ਕਿਸੇ ਦੇਸ਼ ਵਿੱਚ ਫੌਜੀ ਰਾਜ ਹੋਵੇ ਅਤੇ ਚਾਹੇ ਉੱਥੇ ਡੈਮੋਕਰੇਸੀ ਹੋਵੇ, ਅਕਸਰ, ਇਹ ਦੇਖਿਆ ਜਾਂਦਾ ਹੈ ਕਿ ਇਮਾਨਦਾਰ ਅਤੇ ਕਾਬਿਲ ਲੋਕ ਤਾਂ ਦਰਸ਼ਕ ਬਣੇ ਹੁੰਦੇ ਹਨ; ਪਰ ਮੁਖੌਟਾਧਾਰੀ ਅਤੇ ਚਲਾਕ ਲੋਕ ਜ਼ਿੰਦਗੀ ਦੇ ਹਰ ਖੇਤਰ ਵਿੱਚ ਰਹਿਨੁਮਾ ਬਣ ਕੇ ਮੌਜਾਂ ਲੁੱਟ ਰਹੇ ਹੁੰਦੇ ਹਨਇਹ ਵੀ ਜ਼ਿੰਦਗੀ ਦੀ ਇੱਕ ਵੱਡੀ ਹਕੀਕਤ ਹੈ, ਜਿਸ ਨੂੰ ਮੰਨਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ:

ਮਾਲੀ ਪਿਆ ਬੂਹੇ ਤੇ ਪਹਿਰਾ ਦਿੰਦਾ ਏ

ਗਾਲ੍ਹੜ ਬਾਗ ਦੇ ਮੇਵੇ ਟੁੱਕਦੇ ਜਾਂਦੇ ਨੇ

-----

ਸਮਾਜ ਦੀ ਅਜਿਹੀ ਹਾਲਤ ਉਦੋਂ ਹੁੰਦੀ ਹੈ ਜਦੋਂ ਆਮ ਲੋਕਾਂ ਦੀ ਮਾਨਸਿਕਤਾ ਭੇਡਾਂ ਵਰਗੀ ਹੋ ਜਾਵੇਜਦੋਂ ਚਲਾਕ ਅਤੇ ਗਾਲ੍ਹੜ ਭੇੜੀਏ ਆਪਣੇ ਚਿਹਰਿਆਂ ਉੱਤੇ ਭੇਡਾਂ ਦੇ ਮੁਖੌਟੇ ਪਾ ਕੇ ਜਨਤਾ ਵਿੱਚ ਵਿਚਰ ਰਹੇ ਹੋਣਜਦੋਂ ਆਮ ਜਨਤਾ ਇਨ੍ਹਾਂ ਗਾਲ੍ਹੜਾਂ ਦੀ ਮੈਂ ਮੈਂਵਿੱਚ ਆਪਣੀ ਮੈਂਮਿਲਾਉਂਦੀ ਹੋਈ ਅੱਖਾਂ ਬੰਦ ਕਰਕੇ ਤੁਰੀ ਜਾਵੇ; ਭਾਵੇਂ ਇਨ੍ਹਾਂ ਗਾਲ੍ਹੜ ਬਘਿਆੜਾਂ ਨੇ ਰਾਹ ਵਿੱਚ ਇਨ੍ਹਾਂ ਭੇਡਾਂ ਦੇ ਡਿੱਗਣ ਲਈ ਡੂੰਘੇ ਖੂਹ ਹੀ ਕਿਉਂ ਨਾ ਪੁੱਟੇ ਹੋਏ ਹੋਣਪਰ ਇਨ੍ਹਾਂ ਭੇਡਾਂ ਦੀ ਮਾਨਸਿਕਤਾ ਇੰਨੀ ਭਰਿਸ਼ਟ ਚੁੱਕੀ ਹੁੰਦੀ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਕਦੀ ਵੀ ਸਮਝ ਨਹੀਂ ਲੱਗਦੀ ਕਿ ਉਨ੍ਹਾਂ ਦੇ ਆਸ ਪਾਸ ਅੰਤਾਂ ਦੀ ਤਬਾਹੀ ਕਿਉਂ ਹੋ ਰਹੀ ਹੈ ਅਤੇ ਇਸ ਤਬਾਹੀ ਲਈ ਕੌਣ ਜ਼ਿੰਮੇਵਾਰ ਹੈ? ਹਾਮਿਦ ਦੀ ਨਜ਼ਮ ਮੁਸਤਕਬਿਲਦੀਆਂ ਇਹ ਸਤਰਾਂ ਸਾਡੇ ਸਮਿਆਂ ਦੀ ਇਸ ਰਾਜਨੀਤਿਕ ਸਚਾਈ ਨੂੰ ਬਾਖ਼ੂਬੀ ਪੇਸ਼ ਕਰਦੀਆਂ ਹਨ:

ਏਨੇ ਝੱਖੜ ਝੁੱਲਦੇ

ਬੇਹਿਸ ਲੋਕ ਨਾ

ਕੁਝ ਵੀ ਸਮਝਣ-

ਭੇੜੀਏ ਭੇਡਾਂ ਦੀਆਂ ਖੱਲਾਂ ਵਿੱਚ

ਹਰ ਪਾਸੇ ਪਏ ਫਿਰਦੇ ਨੇ

ਕੌਣ ਪਛਾਣੇ ਏਨਾਂ ਨੂੰ

-----

ਜ਼ਿੰਦਗੀ ਵਿੱਚ ਕੋਈ ਵੀ ਤਬਦੀਲੀ ਆਉਣ ਤੋਂ ਪਹਿਲਾਂ ਉਹ ਤਬਦੀਲੀ ਸਾਡੀ ਸੋਚ ਵਿੱਚ ਆਉਂਦੀ ਹੈਫਿਰ, ਉਹ ਤਬਦੀਲੀ ਆਪਣੀ ਜ਼ਿੰਦਗੀ ਵਿੱਚ ਲਿਆਉਣ ਲਈ ਸਾਡੇ ਮਨ ਵਿੱਚ ਇੱਕ ਇੱਛਾ ਜਾਗਦੀ ਹੈਇਸ ਇੱਛਾ ਨੂੰ ਹੀ ਅਸੀਂ ਸੁਫਨਾ ਕਹਿੰਦੇ ਹਾਂਇਸ ਇੱਛਾ ਨੂੰ ਹਕੀਕਤ ਦਾ ਜਾਮਾ ਪਹਿਨਾਉਣ ਲਈ ਫਿਰ ਅਸੀਂ ਵਿਉਂਤਬੰਦੀ ਕਰਦੇ ਹਾਂਅਨੇਕਾਂ ਵਾਰ ਨਿੱਜੀ ਜ਼ਿੰਦਗੀ ਵਿੱਚ ਜਾਂ ਸਮਾਜ ਵਿੱਚ ਤਬਦੀਲੀ ਲਿਆਉਣ ਲਈ ਹਾਲਾਤ ਸਾਜ਼ਗਾਰ ਨਹੀਂ ਹੁੰਦੇ; ਪਰ ਸਾਨੂੰ ਉਹ ਸੁਫਨਾ ਆਪਣੀ ਚੇਤਨਾ ਵਿੱਚ ਫਿਰ ਵੀ ਜਾਗਦਾ ਰੱਖਣਾ ਪੈਂਦਾ ਹੈਆਪਣੇ ਸੁਫ਼ਨੇ ਨੂੰ ਹਕੀਕਤ ਦਾ ਜਾਮਾ ਪਹਿਨਾਉਣ ਲਈ ਨ ਸਿਰਫ ਸਾਨੂੰ ਸਾਜ਼ਗਾਰ ਮਾਹੌਲ ਦੀ ਉਡੀਕ ਹੀ ਕਰਨੀ ਪੈਂਦੀ ਹੈ; ਬਲਕਿ ਸਾਨੂੰ ਆਪਣੀ ਜੱਦੋ-ਜਹਿਦ ਵੀ ਤੇਜ਼ ਕਰਨੀ ਪੈਂਦੀ ਹੈਸਥਿਤੀ ਵਿੱਚ ਆਈ ਹੋਈ ਖੜੋਤ ਨੂੰ ਤੋੜਨ ਲਈ, ਚੁੱਪ ਨੂੰ ਭੰਗ ਕਰਨ ਲਈ, ਖੜੋਤੇ ਪਾਣੀਆਂ ਵਿੱਚ ਕੰਕਰ ਵੀ ਸੁੱਟਣਾ ਪੈਂਦਾ ਹੈਅਜਿਹੀ ਆਸ਼ਾਵਾਦੀ ਸੋਚ ਹੀ ਹਾਮਿਦ ਯਜ਼ਦਾਨੀ ਦੇ ਇਨ੍ਹਾਂ ਸ਼ਿਅਰਾਂ ਵਿੱਚੋਂ ਵੀ ਝਲਕਦੀ ਹੈ:

1.ਸੌਂ ਜਾ ਸੁਫ਼ਨੇ, ਸੌਂ ਜਾ ਤੂੰ

ਚੰਨ ਤਾਰੇ ਪਏ ਜਗਦੇ ਰਹਿਣ

...........

2.ਚੁੱਪ ਦਾ ਜ਼ਹਿਰ ਫਫਜ਼ਾ ਵਿੱਚ ਘੁਲਿਆ

ਆਓ ਫੇਰ ਸਦਾਵਾਂ ਲੱਭੀਏ

..............

3.ਜਗਰਾਤੇ ਜਦ ਅੱਖੀਆਂ ਦੀ ਪੁਤਲੀ ਬਣ ਜਾਣ

ਸੁੱਤੇ ਖ਼ਾਬ ਨੂੰ ਫੇਰ ਜਗਾਣਾ ਪੈਂਦਾ ਏ

-----

ਹਾਮਿਦ ਯਜ਼ਦਾਨੀ ਦੇ ਕਾਵਿ-ਸੰਗ੍ਰਹਿ ਰਾਤ ਦੀ ਨੀਲੀ ਚੁੱਪਦੀ ਪ੍ਰਕਾਸ਼ਨਾ ਕੈਨੇਡੀਅਨ ਪੰਜਾਬੀ ਸਾਹਿਤ ਵਿੱਚ ਇੱਕ ਜ਼ਿਕਰਯੋਗ ਵਾਧਾ ਹੈਉਹ ਭਾਵੇਂ ਆਪਣੀ ਵਧੇਰੇ ਕਵਿਤਾ ਰਵਾਇਤੀ ਅੰਦਾਜ਼ ਵਿੱਚ ਹੀ ਪੇਸ਼ ਕਰਦਾ ਹੈ; ਪਰ ਫਿਰ ਵੀ ਉਸ ਦੀ ਕਵਿਤਾ ਵਿੱਚ ਰੌਚਿਕਤਾ ਹੈਸਭ ਤੋਂ ਵੱਧ ਤਸੱਲੀ ਵਾਲੀ ਗੱਲ ਇਹ ਹੈ ਕਿ ਹਾਮਿਦ ਯਜ਼ਦਾਨੀ ਇੱਕ ਚੇਤੰਨ ਅਤੇ ਮਨੁੱਖਵਾਦੀ ਸ਼ਾਇਰ ਹੈਉਹ ਕੁਦਰਤ ਨਾਲ ਇੱਕ-ਮਿੱਕ ਹੈਉਹ ਜਾਣਦਾ ਹੈ ਕਿ ਮੌਸਮ ਸਦਾ ਇੱਕੋ ਜਿਹੇ ਨਹੀਂ ਰਹਿੰਦੇਮਨੁੱਖ ਨੂੰ ਹਰ ਮੌਸਮ ਵਿੱਚ ਜ਼ਿੰਦਗੀ ਜਿਉਣ ਦਾ ਢੰਗ ਸਿੱਖਣਾ ਚਾਹੀਦਾ ਹੈਹਾਮਿਦ ਅਨੁਸਾਰ ਜ਼ਿੰਦਗੀ ਜਿਉਣ ਦਾ ਢੰਗ ਵੀ ਅਸੀਂ ਕੁਦਰਤ ਦੇ ਵਰਤਾਰਿਆਂ ਤੋਂ ਹੀ ਸਿੱਖ ਸਕਦੇ ਹਾਂ:

ਸਾਡੀ ਧਰਤੀ ਪਲ ਪਲ ਵੱਸੇ

ਸਾਨੂੰ ਜੀਵਨ ਦਾ ਵੱਲ ਦੱਸੇ

********

No comments: