ਸਵੈ-ਜੀਵਨੀ - ਕਿਸ਼ਤ - 6
ਲੜੀ ਜੋੜਨ ਲਈ ਕਿਸ਼ਤ – 5 ਪੜ੍ਹੋ ਜੀ।
ਮਾਂ ਨੇ ਮੱਝਾਂ ਦੇ ਗਲ਼ਾਂ ਵਿਚੋਂ ਰੱਸੇ ਖੋਲ੍ਹ ਦਿੱਤੇ ਤੇ ਬੜੇ ਭਰੇ ਮਨ ਨਾਲ ਕਿਹਾ, “ਜਾਓ ਭਲੀਓ ਲੋਕੋ! ਜਿਧਰ ਮਰਜ਼ੀ ਜਾਓ, ਜਿਧਰ ਤੁਹਾਡਾ ਜੀਅ ਕਰਦਾ, ਚਲੀਆਂ ਜਾਓ, ਤੁਹਾਡਾ ਸਾਡਾ ਰਿਸ਼ਤਾ ਖ਼ਤਮ”। ਮੱਝਾਂ ਨੇ ਮਾਂ ਦੀ ਗੱਲ ਨਾ ਮੰਨੀ, ਜਿਵੇਂ ਗ਼ੈਬੀ ਤੌਰ ਤੇ ਪਸੂਆਂ ਨੂੰ ਪੈਣ ਵਾਲੇ ਵਿਛੋੜੇ ਦਾ ਪਤਾ ਕਈ ਦਿਨ ਪਹਿਲਾਂ ਹੀ ਲੱਗ ਗਿਆ ਸੀ। ਘਰ ਦਾ ਗੋਹਾ ਕੂੜਾ ਕਰਨ ਵਾਲੀ ਗਰੇਸ ਕੋਲ ਖੜ੍ਹੀ ਸੀ ਤੇ ਮੇਰੇ ਨਾਲ ਬਚਪਨ ਵਿਚ ਖੇਡਣ ਵਾਲਾ ਉਸਦਾ ਮੁੰਡਾ ਹਲੀਮ ਵੀ ਜੋ ਕਦੀ ਕਦੀ ਸਾਡਾ ਮਾਲ ਡੰਗਰ ਚਾਰਣ ਜਾਇਆ ਕਰਦਾ ਸੀ। ਕਹਿਣ ਲੱਗੀ, “ਸਰਦਾਰਨੀਏ ਇਕ ਮੱਝ ਮੈਂ ਲੈ ਜਾਵਾਂ”। ਮਾਂ ਕਹਿਣ ਲੱਗੀ ਸਾਨੂੰ ਘਰੋਂ ਬਾਹਰ ਹੋ ਲੈਣ ਦੇ ਜੋ ਮਰਜ਼ੀ ਲੈ ਜਾਵੀਂ। ਅਸੀਂ ਭਰਿਆ ਭਰਾਇਆ ਘਰ ਛੱਡ ਕੇ ਚੱਲੇ ਆਂ। ਮੱਝਾਂ ਦੀਆਂ ਅੱਖਾਂ ਵਿਚੋਂ ਅੱਥਰੂ ਵਗ ਰਹੇ ਸਨ ਜਿਵੇਂ ਉਹਨਾਂ ਨੂੰ ਵੀ ਇਸ ਪੈਣ ਵਾਲੇ ਵਿਛੋੜੇ ਦਾ ਪਤਾ ਲੱਗ ਗਿਆ ਸੀ। ਮੈਂ ਡੱਬੂ ਕੁੱਤੇ ਦੀ ਪਿਠ ਤੇ ਹੱਥ ਫੇਰ ਰਿਹਾ ਸਾਂ ਪਰ ਉਹ ਅੱਗੋਂ ਪੂਛ ਨਹੀਂ ਹਿਲਾ ਰਿਹਾ ਸੀ। ਕੁਕੜੀ ਨੇ ਆਂਡਿਆਂ ਵਿਚੋਂ ਨਿਕਲੇ ਛੋਟੇ ਛੋਟੇ ਬੋਟਾਂ ਵਰਗੇ ਚੂਚਿਆਂ ਨੂੰ ਆਪਣੇ ਖੰਭਾਂ ਥੱਲੇ ਲੁਕਾ ਲਿਆ ਸੀ। ਪਤਾ ਨਹੀਂ ਕੀ ਹੋਇਆ ਕਿ ਡੱਬੂ ਅਤੇ ਦੂਜੇ ਕੁੱਤੇ ਅਸਮਾਨ ਵੱਲ ਮੂੰਹ ਕਰ ਕੇ ਉੱਚੀ-ਉੱਚੀ ਰੋਣ ਲੱਗ ਪਏ। ਬਾਪੂ ਨੇ ਬਾਹਰ ਗੱਡਾ ਲਿਆ ਕੇ ਖੜ੍ਹਾ ਕਰ ਦਿੱਤਾ। ਰਾਤੋ-ਰਾਤ ਬਣਾਇਆ ਪੰਜੀਰੀ ਦਾ ਪੀਪਾ ਤੇ ਖਾਣ ਪੀਣ ਦਾ ਸਾਮਾਨ ਗੱਡੇ ਵਿਚ ਰੱਖ ਦਿੱਤਾ। ਆਟੇ ਵਿਚ ਦੁੱਧ ਤੇ ਗੁੜ੍ਹ ਗੁੰਨ੍ਹ ਕੇ ਕਾਫੀ ਸਾਰੇ ਪਰੌਠੇ ਪਕਾ ਲਏ ਸਨ। ਰਾਸ਼ਨ ਪਾਣੀ ਤੇ ਘਰ ਦਾ ਹੋਰ ਸਾਮਾਨ ਜਿੰਨਾ ਕੁ ਗੱਡੇ ਤੇ ਲੱਦਿਆ ਜਾ ਸਕਦਾ ਸੀ, ਲੱਦ ਲਿਆ। ਜ਼ਿਆਦਾ ਦਰੀਆਂ, ਵਿਛਾਉਣੇ, ਸਰ੍ਹਾਣੇ, ਚਾਦਰਾਂ ਤੇ ਖੇਸ ਸਨ। ਬਾਪੂ ਨੇ ਕੁਝ ਪਸੂਆਂ ਦੇ ਲੱਕਾਂ ਦਵਾਲੇ ਰਜਾਈਆਂ ਵਲ ਕੇ ਉਤੋਂ ਰੱਸੇ ਬੰਨ੍ਹ ਦਿਤੇ ਸਨ। ਕਈ ਮਹੀਨਿਆਂ ਤੋਂ ਸਾਡੀ ਬੈਠਕ ਵਿਚ ਪਿਸ਼ੌਰੋਂ ਆ ਕੇ ਰਹਿੰਦੇ ਭਾਪਿਆਂ ਨੇ ਮੇਰੀ ਮਾਂ ਦੇ ਬਾਰ ਬਾਰ ਮਨ੍ਹਾ ਕਰਨ ਦੇ ਬਾਵਜੂਦ ਆਪਣਾ ਕਾਫੀ ਸਾਮਾਨ ਵੀ ਸਾਡੇ ਗੱਡੇ ਤੇ ਲੱਦ ਦਿਤਾ। ਘਰ ਵਿਚ ਸਾਮਾਨ ਏਨਾ ਜ਼ਿਆਦਾ ਸੀ ਕਿ ਕਈ ਗੱਡਿਆਂ ਵਿਚ ਵੀ ਨਹੀਂ ਆ ਸਕਦਾ ਸੀ। ਸਾਡੇ ਨਾਲ ਲਗਦੇ ਦੀਪੇ ਢਾਡੀ ਦੇ ਘਰ ਦੇ ਬਾਹਰ ਵੀ ਉਹਨਾਂ ਦਾ ਗੱਡਾ ਸਾਮਾਨ ਨਾਲ ਭਰਿਆ ਪਿਆ ਸੀ। ਇਹੀ ਦੀਪਾ ਢਾਡੀ ਪਿਛੋਂ ਪੜ੍ਹ ਲਿਖ ਕੇ ਸਾਡੇ ਮਾਝੇ ਵਾਲੇ ਪਿੰਡ “ਨਵਾਂ ਪਿੰਡ” ਵਿਚ ਬਹੁਤ ਸਾਲ ਖਾਲਸਾ ਹਾਈ ਸਕੂਲ ਦਾ ਕਾਮਯਾਬ ਪ੍ਰਿੰਸੀਪਲ ਰਿਹਾ ਤੇ ਹੁਣ ਫਤਹਿਪੁਰ ਰਾਜਪੂਤਾਂ ਪਿੰਡ ਵਿਚ ਬੁਢਾਪੇ ਦੇ ਰੰਗ ਮਾਣ ਰਿਹਾ ਹੈ। ਪਾਕਿਸਤਾਨ ਵਿਚ ਰਹਿ ਗਿਆ ਖਾਲਸਾ ਸਕੂਲ ਪੁਰਾਣੀ ਕਮੇਟੀ ਦੇ ਮੈਂਬਰਾਂ ਵੱਲੋਂ ਏਸ ਪਿੰਡ ਵਿਚ ਖੋਲ੍ਹ ਦਿੱਤਾ ਗਿਆ ਸੀ। ਭਾਦੋਂ ਦਾ ਮਹੀਨਾ ਹੋਣ ਕਰ ਕੇ ਗਰਮੀ ਵੀ ਬੜੀ ਸੀ ਤੇ ਲਗਾਤਾਰ ਮੀਂਹ ਪੈਂਦੇ ਰਹਿਣ ਕਾਰਨ ਜਿਥੇ ਬਹੁਤ ਚੁਮਾਸਾ ਲੱਗਾ ਹੋਇਆ ਸੀ, ਓਥੇ ਖੋਭਾ ਵੀ ਬੜਾ ਹੋ ਗਿਆ ਸੀ। ਹੈਡਮਾਸਟਰ ਹਰਨਾਮ ਸਿੰਘ ਨੇ ਗਲ ਵਿਚ ਪਠਾਣੀ ਬੰਦੂਕ ਪਾਈ ਹੋਈ ਸੀ ਤੇ ਘੋੜੀ ਤੇ ਚੜ੍ਹ ਬਾਜ਼ਾਰ ਵਿਚ ਘੋੜੀ ਘੁਮਾਉਂਦਾ ਹਮਲਾਵਰਾਂ ਦੀ ਬਿੜਕ ਰੱਖ ਰਿਹਾ ਸੀ। ਆਪੋ ਆਪਣੇ ਗੱਡਿਆਂ ਕੋਲ ਖੜ੍ਹੇ ਪਿੰਡ ਦੇ ਬਹੁਤੇ ਲੋਕਾਂ ਦੇ ਹੱਥਾਂ ਵਿਚ ਬਰਛੇ ਤੇ ਤਲਵਾਰਾਂ ਸਨ ਜੋ ਹਮਲਾ ਹੋਣ ਦੀ ਸੂਰਤ ਵਿਚ ਉਹਨਾਂ ਨੇ ਬਚਾਓ ਲਈ ਵਰਤਣੀਆਂ ਸਨ। ਇਹ ਵੀ ਸੁਣਨ ਵਿਚ ਆ ਰਿਹਾ ਸੀ ਕਿ ਜਿਥੇ ਮੁਸਲਮਾਨ ਧਾੜਵੀਆਂ ਨੇ ਨੌਜਵਾਨ ਸਿੱਖ ਕੁੜੀਆਂ ਖੋਹਣ ਦੀ ਕੋਸ਼ਿਸ਼ ਕੀਤੀ ਸੀ, ਓਥੇ ਉਹਨਾਂ ਦੇ ਪਿਓਵਾਂ ਜਾਂ ਜਵਾਨ ਭਰਾਵਾਂ ਨੇ ਆਪਣੇ ਹੱਥੀਂ ਉਹਨਾਂ ਕੁੜੀਆਂ ਨੂੰ ਵੱਢ ਦਿੱਤਾ ਸੀ ਤਾਂ ਜੋ ਉਹ ਜ਼ਾਲਮਾਂ ਦੇ ਹੱਥੀਂ ਜਾ ਕੇ ਖਵਾਰ ਹੋਣ ਤੇ ਮੁਸਲਮਾਨ ਬਣਨ ਤੋਂ ਬਚ ਜਾਣ। ਲਾਗੇ ਦੇ ਇਕ ਪਿੰਡ ਵਿਚ ਇੰਜ ਵੀ ਹੋਇਆ ਸੀ ਕਿ ਰੌਲਾ ਪੈ ਗਿਆ ਕਿ ਪਿੰਡ ਤੇ ਮੁਸਲਮਾਨ ਮਿਲਟਰੀ ਆਣ ਪਈ ਹੈ ਅਤੇ ਮੁਕਾਬਲੇ ਲਈ ਤਿਆਰ ਹੋ ਰਹੇ ਸਿੱਖਾਂ ਨੇ ਆਪਣੀਆਂ ਕੁੜੀਆਂ ਵੱਢ ਕੇ ਖੂਹ ਵਿਚ ਸੁੱਟ ਦਿੱਤੀਆਂ। ਮਗਰੋਂ ਉਹ ਮਿਲਟਰੀ ਵਾਲੇ ਗੋਰਖੇ ਅਤੇ ਹਿੰਦੂ ਫੌਜੀ ਨਿਕਲੇ ਜੋ ਓਸ ਪਿੰਡ ਦੇ ਕਿਸੇ ਰਸੂਖ ਵਾਲੇ ਹਿੰਦੂ ਪਰਿਵਾਰ ਨੂੰ ਆਪਣੀ ਹਿਫਾਜ਼ਤ ਵਿਚ ਇੰਡੀਆ ਲਿਜਾਣ ਲਈ ਆਏ ਸਨ।
-----
ਪਿੰਡ ਦੇ ਗੁਰਦਵਾਰੇ ਵਿਚੋਂ ਬੜੇ ਅਦਬ ਨਾਲ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਲਿਆ ਕੇ, ਅਰਦਾਸ ਕਰ ਕੇ ਸਾਡੇ ਘਰ ਲਾਗਲੇ ਖੂਹ ਵਿਚ ਜਲ ਪਰਵਾਹ ਕਰ ਦਿਤੀਆਂ ਸਨ। ਮਜੌਰਾਂ ਵਾਲੇ ਦੇ ਜਾਂਗਲੀਆਂ ਦਾ ਕਾਲੇ ਰੰਗ ਵਾਲਾ ਮੁਸਲਮਾਨ ਚੌਧਰੀ ਵੀ ਹੱਥ ਵਿਚ ਬੰਦੂਕ ਲੈ ਕੇ ਆ ਗਿਆ ਸੀ ਤੇ ਪੱਕੇ ਡੱਲੇ ਵਾਲੇ ਸਰਕਾਰੀ ਬੰਗਲੇ ਦਾ ਮੁਸਲਮਾਨ ਡਾਕਟਰ ਵੀ ਪਿੰਡ ਵਾਲਿਆਂ ਨੂੰ ਅਲਵਿਦਾ ਕਹਿਣ ਲਈ ਆਪਣੇ ਰੈਲ਼ੇ ਸਾਈਕਲ ਤੇ ਤੁਰਿਆ ਫਿਰਦਾ ਪਿੰਡ ਛੱਡ ਕੇ ਜਾ ਰਹੇ ਲੋਕਾਂ ਨੂੰ ਮਿਲ ਰਿਹਾ ਸੀ। ਜਾਂਗਲੀ ਮੁਸਲਮਾਨ ਚੌਧਰੀ ਕਹਿ ਰਿਹਾ ਸੀ ਕਿ ਉਹਦੇ ਹੁੰਦਿਆਂ ਤੁਹਾਡੇ ਤੇ ਕੋਈ ਮੁਸਲਮਾਨ ਹਮਲਾ ਨਹੀਂ ਕਰੇਗਾ ਤੇ ਜੇ ਕੋਈ ਅਜਿਹਾ ਕਰੇਗਾ ਤਾਂ ਉਹ ਉਹਦੇ ਕੋਲੋਂ ਬਚ ਕੇ ਨਹੀਂ ਜਾਏਗਾ। ਉਹ ਇਹ ਵੀ ਕਹਿ ਰਿਹਾ ਸੀ ਕਿ ਚਾਰ ਦਿਨਾਂ ਦਾ ਰੌਲਾ ਗੌਲਾ ਖ਼ਤਮ ਹੋਣ ਤੋਂ ਬਾਅਦ ਤੁਸਾਂ ਸਾਰਿਆਂ ਵਾਪਸ ਘਰਾਂ ਨੂੰ ਪਰਤ ਆਉਣਾ ਹੈ। ਪਰ ਕੌਣ ਜਾਣਦਾ ਸੀ ਕਿ ਰਾਜ਼ੀ ਬਾਜ਼ੀ ਵਸਦੇ ਹਿੰਦੋਸਤਾਨ ਦੀ ਏਸ ਵੰਡ ਵਿਚੋਂ ਬਣੇ ਨਵੇਂ ਮੁਲਕ ਪਾਕਿਸਤਾਨ ਵਿਚਲੇ ਇਸ ਪਿੰਡ ਨਾਲੋਂ ਕੁਝ ਘੜੀਆਂ ਪਲਾਂ ਵਿਚ ਸਦਾ ਲਈ ਨਾਤਾ ਟੁਟਣ ਵਾਲਾ ਸੀ। ਕਈਆਂ ਨੇ ਰਾਹ ਵਿਚ ਲੁਟੇਰਿਆਂ ਤੋਂ ਲੁਟੇ ਜਾਣ ਦੇ ਡਰੋਂ ਨਕਦੀ ਤੇ ਜ਼ੇਵਰ ਕੰਧਾਂ ਵਿਚ ਆਲੇ ਬਣਾ ਕੇ, ਖੁਰਲੀਆਂ ਜਾਂ ਚੱਕੀ ਦੇ ਪੁੜਾਂ ਹੇਠਾਂ ਥਾਂ ਪੁੱਟ ਕੇ ਸਾਂਭ ਦਿਤੇ ਸਨ ਕਿ ਜਦੋਂ ਫਿਰ ਆਵਾਂਗੇ ਤਾਂ ਕੱਢ ਲਵਾਂਗੇ। ਪਿੰਡ ਧੁਪਸੜੀ ਵਾਲੇ ਤਾਏ ਸੰਤਾ ਸਿਹੁੰ ਨੇ ਪਹਿਲੇ ਤੋੜ ਦੀਆਂ ਕੱਢੀਆਂ ਛੇ ਬੋਤਲਾਂ ਨਲਕੇ ਦੇ ਚੋਬਚੇ ਲਾਗਿਓਂ ਕੇਲਿਆਂ ਨੂੰ ਜਾਂਦੇ ਪਾਣੀ ਵਾਲੇ ਪਾਸੇ ਕਹੀ ਨਾਲ ਡੂੰਘੀ ਥਾਂ ਪੁੱਟ ਕੇ ਨੱਪ ਦਿੱਤੀਆਂ ਸਨ ਕਿ ਠੰਢ ਠੁੱਕਰ ਹੋਣ ਤੇ ਜਦੋਂ ਵਾਪਸ ਆ ਜਾਵਾਂਗੇ ਤਾਂ ਫਿਰ ਯਾਰਾਂ ਦੀਆਂ ਢਾਣੀਆਂ ਵਿਚ ਬੈਠ ਕੇ ਪੀਆਂਗੇ। ਸਾਡੇ ਸ਼ਰੀਕੇ ਦੇ ਬਹੁਤੇ ਘਰ ਜਿਵੇਂ ਤਾਇਆ ਸੰਤਾ ਸਿਹੁੰ, ਪਰੇਮ ਸਿਹੁੰ, ਉਜਾਗਰ ਸਿਹੁੰ, ਚਾਚਾ ਗਿਆਨੀ ਸੋਹਨ ਸਿੰਘ ਆਦਿ ਨੇ ਇਸ ਨਵੇਂ ਬਣੇ ਪਿੰਡ ਧੁਪਸੜੀ ਵਿਚ ਮਕਾਨ ਬਣਾ ਲਏ ਸਨ। ਇਸ ਪਿੰਡੋਂ ਉਹਨਾਂ ਦੇ ਮੁਰੱਬੇ ਨੇੜੇ ਪੈਂਦੇ ਸਨ। ਅਸੀਂ ਵੀ ਇਸ ਪਿੰਡ ਨਵੇਂ ਮਕਾਨ ਪਾ ਲਏ ਸਨ ਪਰ ਬਾਪੂ ਕਹਿੰਦਾ ਸੀ ਕਿ ਜਦੋਂ ਤਕ ਮੈਂ ਦਸਵੀਂ ਪਾਸ ਨਹੀਂ ਕਰ ਲੈਂਦਾ, ਨਵੇਂ ਪਿੰਡ ਹੀ ਰਹਾਂਗੇ। ਮੁੰਡਾ ਕਿਥੋਂ ਸਵੇਰੇ ਸਵੇਰੇ ਧੁਪਸੜੀ ਤੋਂ ਤੁਰ ਕੇ ਸਕੂਲ ਜਾਇਆ ਕਰੇਗਾ। ਨਵਾਂ ਪਿੰਡ ਬਹੁਤ ਵੱਡਾ ਪਿੰਡ ਸੀ ਤੇ ਇਸ ਤੋਂ ਪਹਿਲਾਂ ਏਸੇ ਪਿੰਡ ਵਿਚੋਂ ਇਕ ਹੋਰ ਪਿੰਡ “ਚੋਰ ਕੋਟ” ਵੀ ਬੱਝ ਚੁੱਕਾ ਸੀ। ਫੋਟੋਗਰਾਫਰ ਪੱਤਰਕਾਰ ਅਤੇ “ਸਮੇਂ” ਹਿੰਦੀ ਦੇ ਐਡੀਟਰ ਵਜੋਂ ਕੈਨੇਡਾ ਵਿਚ ਛਾ ਚੁੱਕਿਆ ਕੰਵਲਜੀਤ ਸਿੰਘ ਕੰਵਲ ਵੀ ਪਿਛੋਂ ਇਸੇ ਪਿੰਡ ਦਾ ਸੀ ਜਿਥੇ ਇਸ ਦਾ ਪਿਤਾ ਅੱਠਵੀਂ ਤੱਕ ਮੇਰੇ ਨਾਲ ਪੜ੍ਹਦਾ ਰਿਹਾ ਸੀ। ਇਸਦੇ ਵਡੇਰੇ ਅਤੇ ਪ੍ਰੋ: ਡਾ: ਪਰਕਾਸ਼ ਸਿੰਘ ਜਮੂ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਰੀਟਾਇਰ ਹੋ ਕੇ ਹੁਣ ਕੈਨੇਡਾ ਸੈਟਲ ਹੋ ਗਏ ਹਨ, ਇਸੇ ਪਿੰਡ ਦੇ ਸਨ ਤੇ ਇਸਦੇ ਕਰੀਬੀ ਰਿਸ਼ਤੇਦਾਰ ਸਨ, ਓਥੇ ਸਾਡੀ ਭੂਆ ਬੀਬੀ ਭਾਨੀ ਦੇ ਪਰਿਵਾਰ ਵਿਚੋਂ ਸਨ।
-----
ਸਾਮਾਨ ਨਾਲ ਨੱਕੋ-ਨੱਕ ਭਰਿਆ ਗੱਡਾ ਤੁਰਨ ਲੱਗਾ ਤਾਂ ਕਿਸੇ ਨੂੰ ਕੋਈ ਪਤਾ ਨਹੀਂ ਸੀ ਕਿ 1890 ਵਿਚ ਬਾਰ ਆਬਾਦ ਹੋਣ ਵੇਲੇ ਬਝੇ ਇਸ ਪਿੰਡ ਦੇ ਲੋਕ ਸਦਾ ਲਈ ਖੇਰੂੰ-ਖੇਰੂੰ ਹੋ ਜਾਣਗੇ ਅਤੇ ਜ਼ਿੰਦਗੀ ਵਿਚ ਮੁੜ ਕਦੀ ਵੀ ਇਕਠੇ ਨਹੀਂ ਹੋ ਸਕਣਗੇ। ਫਿਰ ਕਦੀ ਇਕ ਦੂਜੇ ਨੂੰ ਮਿਲ ਵੀ ਨਹੀਂ ਸਕਣਗੇ ਤੇ ਸੱਠਾਂ-ਸੱਤਰ ਸਾਲਾਂ ਵਿਚ ਬਾਰ ਦੇ ਇਲਾਕੇ ਵਿਚ ਪੈਦਾ ਹੋਇਆ ਇਕ ਨਵਾਂ ਸਭਿਆਚਾਰ ਸਦਾ ਲਈ ਸਮਾਪਤ ਹੋ ਜਾਵੇਗਾ ਜਿਸ ਵਿਚ ਹਿੰਦੂ, ਸਿੱਖ, ਮੁਸਲਮਾਨ, ਈਸਾਈ ਤੇ ਪਿੰਡ ਦੇ ਕਮੀ ਕਮੀਨ ਇਕੱਠੇ ਹੋ ਵਸਦੇ ਸਨ ਤੇ ਇਕ ਦੂਜੇ ਦੀ ਖ਼ੈਰ ਸੁਖ ਦੇ ਭਾਈਵਾਲ ਸਨ। ਗੱਡਾ ਅਜੇ ਪਿੰਡ ਦੇ ਬਾਹਰਵਾਰ ਛੱਪੜ ਲਾਗੇ ਈ ਪੁੱਜਾ ਸੀ ਕਿ ਚਲ੍ਹੇ ਵਿਚ ਐਸਾ ਖੁੱਭਿਆ ਕਿ ਮੁੜ ਨਾ ਨਿਕਲਿਆ। ਗਰਮੀ ਦੇ ਮਾਰੇ ਪਸੂ ਛੱਪੜ ਵਿਚ ਜਾ ਵੜੇ ਸਨ। ਖ਼ਾਸ ਕਰ ਜਿਨ੍ਹਾਂ ਦੁਆਲੇ ਰਜ਼ਾਈਆਂ ਲਪੇਟ ਕੇ ਰੱਸੇ ਬੰਨ੍ਹੇ ਹੋਏ ਸਨ। ਮੇਰਾ ਸੱਜਾ ਪੈਰ ਗਾਰੇ ਵਿਚ ਏਨਾ ਜ਼ਿਆਦਾ ਖੁੱਭ ਗਿਆ ਕਿ ਜਦੋਂ ਮੈਂ ਪੈਰ ਬਾਹਰ ਕੱਢਿਆ ਤਾਂ ਬੂਟ ਥੱਲੇ ਈ ਰਹਿ ਗਿਆ ਸੀ। ਦੂਜਾ ਪੈਰ ਕੱਢਣ ਲਗਾ ਤਾਂ ਉਸ ਪੈਰ ਵਾਲਾ ਬੂਟ ਵੀ ਥੱਲੇ ਗਾਰੇ ਵਿਚ ਨਪਿਆ ਗਿਆ। ਓਧਰੋਂ ਮੁਸਲਮਾਨਾਂ ਦੀ ਵਾਹਰ ਵੱਲੋਂ ਅੱਲਾ-ਹੂ ਦੇ ਨਾਅਰੇ ਮਾਰਦਿਆਂ ਹੱਲਾ ਕਰਨ ਦੀਆਂ ਅਫ਼ਵਾਹਾਂ ਆ ਰਹੀਆਂ ਸਨ। ਅਖੀਰ ਬਾਪੂ ਨੇ ਗੱਡਾ ਸਣੇ ਸਾਮਾਨ ਹੀ ਓਥੇ ਛੱਡ ਦਿੱਤਾ ਤੇ ਅਸੀਂ ਪਾਣੀ ਵਿਚੋਂ ਦੀ ਤੁਰਦੇ, ਡਿਗਦੇ ਢਹਿੰਦੇ ਧੁੱਪਸੜੀ ਵਾਲੇ ਰਾਹ ਤੇ ਆ ਪਏ ਚਾਚੇ ਗਿਆਨੀ ਸੋਹਨ ਸਿੰਘ ਹੀ ਹਵੇਲੀ ਕੋਲੋਂ ਸੱਜੇ ਜਾਂਦੇ ਰਾਹ ਤੇ ਮੁੜ ਕੇ ਕਾਫ਼ਲੇ ਵਿਚ ਜਾ ਰਲੇ। ਹੋਰਨਾਂ ਲੋਕਾਂ ਦੇ ਗੱਡੇ ਵੀ ਚਿੱਕੜ ਵਿਚ ਫਸ ਗਏ ਸਨ ਤੇ ਉਹ ਵੀ ਜੋ ਹੱਥ ਵਿਚ ਚੁੱਕਿਆ ਜਾ ਸਕਦਾ ਸੀ, ਚੁੱਕ ਕੇ ਪੈਦਲ “ਸੱਚੇ ਸੌਦੇ” ਨੂੰ ਜਾਂਦੇ ਕਾਫਲੇ ਵਿਚ ਰਲਣ ਦੀ ਕੋਸ਼ਿਸ਼ ਕਰ ਰਹੇ ਸਨ।
-----
ਮੈਂ ਆਪਣੀ ਢਾਈ ਸਾਲ ਦੀ ਛੋਟੀ ਭੈਣ ਰਣਜੀਤ ਨੂੰ ਕੁੱਛੜ ਚੁੱਕਿਆ ਅਤੇ ਮਾਂ ਨੇ ਓਸ ਤੋਂ ਛੋਟੀ 21 ਦਿਨਾਂ ਦੀ ਛੋਟੀ ਭੈਣ ਛਿੰਦੋ ਨੂੰ। ਬਾਪੂ ਜਿਸ ਦੀਆਂ ਗਰਮੀ ਕਰ ਕੇ ਅਖਾਂ ਦੁਖਣੀਆਂ ਆਈਆਂ ਹੋਈਆਂ ਸਨ, ਨੇ ਪੰਜੀਰੀ ਵਾਲਾ ਪੀਪਾ ਸਿਰ ਤੇ ਚੁਕਿਆ ਹੋਇਆ ਸੀ। ਨਵੇਂ ਪਿੰਡ ਵਿਚਲਾ ਭਰਿਆ ਭਰਾਇਆ ਘਰ, ਮੱਝਾਂ ਗਾਈਆਂ ਤੇ ਬਲਦਾਂ ਦੀਆਂ ਜੋੜੀਆਂ, ਕਣਕ ਤੇ ਛੋਲਿਆਂ ਦੀਆਂ ਭਰੀਆਂ ਬੋਰੀਆਂ ਤੇ ਭੜੋਲੇ, ਦੇਸੀ ਘਿਓ ਦੇ ਜੋੜ ਜੋੜ ਕੇ ਭਰੇ ਪੀਪੇ ਅਤੇ ਚਾਟੀਆਂ, ਵੱਡੀ ਨਹਿਰ ਦੀ ਵੱਖੀ ਚੋਂ ਖਬੇ ਨਿਕਲਦੀ ਛੋਟੀ ਨਹਿਰ ਚੋਂ ਖਬੇ ਪਾਸੇ ਨਿਕਲਦੇ ਪਹਿਲੇ ਵਡੇ ਮੋਘੇ ਵਾਲੀ ਜ਼ਮੀਨ ਜਿਥੇ ਪਾਣੀ ਦਾ ਜ਼ੋਰ ਐਨਾ ਜ਼ਿਆਦਾ ਸੀ ਕਿ ਘੰਟੇ ਵਿਚ ਕਿੱਲਾ ਭਰ ਜਾਂਦਾ ਸੀ। ਭਰਿਆ ਭਰਾਇਆ ਬਾਗ਼ ਤੇ ਉਸ ਵਿਚ ਅੰਬਾਂ ਤੋਂ ਇਲਾਵਾ ਲੱਗੇ ਅਨੇਕਾਂ ਫਲਾਂ ਦੇ ਵੱਖੋ-ਵੱਖਰੇ ਦਰੱਖਤ, ਸਭ ਕੁਝ ਛਡ ਕੇ ਹੁਣ ਇਹ ਸਾਡਾ ਨਿੱਕਾ ਜਿਹਾ ਪਰਿਵਾਰ ਕਾਫ਼ਲੇ ਵਿਚ ਰਲਣ ਲਈ ਓਸ ਸੁੱਕੀ ਡੰਡੀ ਤੇ ਤੁਰਿਆ ਜਾ ਰਿਹਾ ਸੀ ਜਿਥੇ ਅੱਗੇ ਮੇਰਾ ਪਿਓ, ਪਿਛੇ ਮਾਂ, ਧੀ ਨੂੰ ਗਲ਼ ਨਾਲ ਲਾਈ ਮਾਂ ਟੁਰ ਰਹੀ ਸੀ। ਓਹਨਾਂ ਪਿੱਛੇ ਢਾਈ ਸਾਲ ਦੀ ਛੋਟੀ ਭੈਣ ਨੂੰ ਮੋਢਿਆਂ ਤੇ ਚੁੱਕ ਤੇ ਕਿਤਾਬਾਂ ਵਾਲਾ ਬਸਤਾ ਗਲ ਵਿਚ ਪਾਈਂ ਨੰਗੇ ਪੈਰੀਂ ਮੈਂ ਤੁਰ ਰਿਹਾ ਸਾਂ। ਗਰਮ ਧਰਤੀ ਨਾਲ ਪੈਰ ਸੜਦੇ ਸਨ ਤੇ ਕੰਡੇ ਵੱਜ ਵੱਜ ਕੇ ਪੈਰਾਂ ਵਿਚੋਂ ਲਹੂ ਵਗਣ ਲਗ ਪਿਆ ਸੀ। ਕਈ ਮੀਲ ਤੁਰ ਕੇ ਜਦ ਇਹ ਕਾਫ਼ਲਾ ਇਕ ਰਾਤ ਲਈ ਵਿਰਕਾਂ ਦੇ ਇਕ ਪਿੰਡ ਵਿਚ ਰੁਕਿਆ ਤਾਂ ਉਹਨਾਂ ਨੇ ਉਜੜ ਕੇ ਆ ਰਹੇ ਲੋਕਾਂ ਦੇ ਖਾਣ ਪੀਣ ਲਈ ਲੰਗਰ ਲਾ ਦਿਤੇ। ਰਾਤ ਜਦੋਂ ਉਹਨਾਂ ਦੇ ਘਰਾਂ ਦੀਆਂ ਛੱਤਾਂ ਤੇ ਅਸੀਂ ਜ਼ਿੰਦਗੀ ਵਿਚ ਪਹਿਲੀ ਵਾਰ ਭੁੰਜੇ ਸੁੱਤੇ ਤਾਂ ਮੇਰੀ ਮਾਂ ਨੇ ਕੰਡੇ ਵੱਜ ਵੱਜ ਕੇ ਮੇਰੇ ਲਹੂ ਲੁਹਾਣ ਹੋਏ ਪੈਰ ਜਿਨ੍ਹਾਂ ਵਿਚ ਧੁੱਪੇ ਤੁਰਨ ਨਾਲ ਛਾਲੇ ਵੀ ਹੋ ਗਏ ਸਨ, ਆਪਣੀਆਂ ਗੱਲ੍ਹਾਂ ਨਾਲ ਲਾ ਲਏ। ਉਹਦੀਆਂ ਅੱਖਾਂ ਦੇ ਅੱਥਰੂ ਮੇਰੇ ਲਹੂ ਲੁਹਾਨ ਪੈਰਾਂ ਨੂੰ ਧੋ ਰਹੇ ਸਨ। ਫਿਰ ਉਹ ਭਰੇ ਭਰਾਏ ਘਰ ਨੂੰ ਛਡਣ ਦੇ ਗਮ ਵਿਚ ਵੈਣ ਪਾਉਣ ਲੱਗ ਪਈ। ਓਸ ਅਨਪੜ੍ਹ ਔਰਤ ਜਿਸ ਨੂੰ ਦਸ ਤੋਂ ਅਗੇ ਗਿਣਤੀ ਨਹੀਂ ਆਉਂਦੀ ਸੀ, ਨੂੰ ਕੀ ਪਤਾ ਸੀ ਅੱਗੇ ਆਉਣ ਵਾਲੇ ਦਿਨ ਹੋਰ ਵੀ ਕਿੰਨੇ ਕੁ ਭਿਆਨਕ ਹੋਣੇ ਹਨ। ਅੱਜ ਦੀ ਰਾਤ ਤਾਂ ਵਿਰਕਾਂ ਵੜੈਚਾਂ ਦੇ ਪਿੰਡ ਵਿਚ ਖਾਣ ਲਈ ਰੋਟੀ ਤੇ ਲੰਮੇ ਪੈਣ ਲਈ ਕੋਠੇ ਦੀ ਛੱਤ ਮਿਲ ਗਈ ਸੀ। ਅਗਲੇ ਦਿਨ ਤਾਂ ਉਹਨਾਂ ਨੇ ਵੀ ਸਾਡੇ ਕਾਫ਼ਲੇ ਦੇ ਨਾਲ ਈ ਰਲ ਕੇ ਗੁਰੂ ਨਾਨਕ ਦੇਵ ਦੇ ਗੁਰਦਵਾਰੇ ਸੱਚੇ ਸੌਦੇ ਵਿਖੇ ਬਣੇ ਹਿੰਦੂ ਸਿੱਖਾਂ ਦੇ ਕੈਂਪ ਲਈ ਸਾਡੇ ਨਾਲ ਈ ਰਵਾਨਾ ਹੋ ਪੈਣਾ ਸੀ। ਰਾਤ ਨੂੰ ਗੱਭਰੂ ਵਿਰਕ ਕਿਰਪਾਨਾਂ ਤੇ ਬਰਛੇ ਲੈ ਕੇ ਜਾਗਦੇ ਰਹਿਣ ਦੀਆਂ ਆਵਾਜ਼ਾਂ ਲਾਉਂਦੇ ਪਿੰਡ ਵਿਚ ਪਹਿਰਾ ਦੇਂਦੇ ਰਹੇ। ਅਗਲੇ ਦਿਨ ਓਥੋਂ ਸਵੇਰੇ ਕਾਫ਼ਲਾ ਫਿਰ ਚਲਿਆ ਤਾਂ ਸ਼ਾਮ ਤਕ ਸੱਚੇ ਸੌਦੇ ਤੋਂ ਉਰ੍ਹਾਂ ਇਕ ਹੋਰ ਪਿੰਡ ਦੇ ਗੁਰਦਵਾਰੇ ਵਿਚ ਆ ਠਹਿਰਿਆ।
*******
ਸੱਚਾ ਸੌਦਾ ਕੈਂਪ ਦੇ ਹਿੰਦੂ ਸਿੱਖਾਂ ਉਤੇ ਬਲੋਚ ਮਿਲਟਰੀ ਵੱਲੋਂ ਅੰਨ੍ਹਾ ਧੁੰਦ ਫਾਇਰਿੰਗ – ਅਗਲੀ ਕਿਸ਼ਤ - 7
No comments:
Post a Comment