ਲੇਖ/ਯਾਦਾਂ
ਲੜੀ ਜੋੜਨ ਲਈ ਪਹਿਲਾ ਭਾਗ ਜ਼ਰੂਰ ਪੜ੍ਹੋ ਜੀ।
ਸਫ਼ਰੀ ਹੁਰਾਂ ਨੂੰ ਗ਼ਜ਼ਲਾਂ ਲਿਖਣ ਵਿੱਚ ਵੀ ਬਹੁਤ ਨਿਪੁੰਨਤਾ ਸੀ। ਹੇਠ ਲਿਖੇ ਕੁਝ ਸ਼ੇਅਰ ਮਿਸਾਲ ਵਜੋਂ ਦੇਖੋ-
ਹੱਥ ਮਹਿੰਦੀ ਰੰਗਲੇ ਕੋਈ ਫੁੱਲ ਤੋੜਨ ਜਾ ਰਿਹਾ
ਪੋਟਿਆਂ ਵਿਚ ਅੱਗ ਹੈ, ਨਾ ਫੂਕ ਦੇਵੇ ਗੁਲਜ਼ਾਰ ਨੂੰ।
-----
ਖ਼ਤ ਹੁਸੀਨਾ ਦੇ ਹੀ ਮੇਰੀ ਲਾਸ਼ ਉੱਤੇ ਪਾ ਦਿਓ
ਕੌਣ ਕਫ਼ਨ ਲੈਣ ਸਾਡਾ ਜਾਏਗਾ ਬਾਜ਼ਾਰ ਨੂੰ।
-----
ਕਿਉਂ ਮਧਾਣੀ ਸੜੀ, ਮੱਖਣ ਕਿਵੇਂ ਕੋਲੇ ਹੋ ਗਿਆ
ਦੁੱਧ ਨੂੰ ਕਿਉਂ ਹੰਝੂਆਂ ਦਾ ਜਾਗ ਲਾਇਆ ਕਿਸੇ ਨੇ।
-----
ਖ਼ਾਬ ਵਿਚ ਮਹਿਬੂਬ ਸਫ਼ਰੀ ਹਾਲ ਪੁੱਛਦਾ ਰਹਿ ਗਿਆ
ਅਫ਼ਸੋਸ ਸਾਨੂੰ ਸੁੱਤਿਆਂ ਨੂੰ ਕਿਉਂ ਜਗਾਇਆ ਕਿਸੇ ਨੇ।
-----
ਸਫ਼ਲ ਗਾਇਕਾਂ ਦੀ ਮਸ਼ਹੂਰੀ ਅਤੇ ਚੜ੍ਹਤ ਪਿੱਛੇ ਚੰਗੇ ਗੀਤ ਲੇਖਕਾਂ ਦਾ ਬਹੁਤ ਹੱਥ ਹੁੰਦਾ ਹੈ, ਪਰ ਬਦਕਿਸਮਤੀ ਇਹ ਹੈ ਕਿ ਚੰਗੇ ਗੀਤਾਂ ਲਈ ਲਗ ਭਗ ਸਾਰੀ ਸਲਾਹੁਣਾ ਗਾਇਕਾਂ ਦੀ ਝੋਲ਼ੀ ਵਿੱਚ ਹੀ ਪੈਂਦੀ ਹੈ। ਬਹੁਤੇ ਲੋਕਾਂ ਨੂੰ ਨਾ ਹੀ ਇਹ ਪਤਾ ਹੁੰਦਾ ਹੈ ਅਤੇ ਨਾ ਹੀ ਉਨ੍ਹਾਂ ਨੇ ਕਦੇ ਇਹ ਸੋਚਿਆ ਹੁੰਦਾ ਹੈ ਕਿ ਸਫ਼ਲ ਗੀਤ ਕਿਸ-ਕਿਸ ਗੀਤਕਾਰ ਨੇ ਲਿਖੇ ਹਨ। ਕਿੰਨੇ ਕੁ ਲੋਕ ਜਾਣਦੇ ਹਨ ਕਿ ਸੁਰਿੰਦਰ ਕੌਰ ਅਤੇ ਪ੍ਰਕਾਸ਼ ਕੌਰ ਦੇ ਗਾਏ ਗੀਤ 'ਇਕ ਮੇਰੀ ਅੱਖ ਕਾਸ਼ਣੀ ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ’ ਅਤੇ 'ਮੈਨੂੰ ਹੀਰੇ ਹੀਰੇ ਆਖੇ ਹਾਏ ਨੀ ਮੁੰਡਾ ਲੰਬੜਾਂ ਦਾ’ ਅਸਲ ਵਿਚ ਸ਼ਿਵ ਕੁਮਾਰ ਬਟਾਲਵੀ ਨੇ ਲਿਖੇ ਸਨ? ਜਾਂ ਫਿਰ 'ਆ ਲੈ ਮਾਏਂ ਸਾਂਭ ਕੁੰਜੀਆਂ ਧੀਆਂ ਕਰ ਚਲੀਆਂ ਸਰਦਾਰੀ’ ਦੀਪਕ ਜੈਤੋਈ ਨੇ ਲਿਖਿਆ ਸੀ। ਮਸ਼ਹੂਰ ਗੀਤ 'ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ, ਗਲ਼ੀ-ਗਲ਼ੀ ਵਿੱਚ ਡੰਡ ਪਾਉਂਦੀਆਂ ਗਈਆਂ‘ ਨੰਦ ਲਾਲ ਨੂਰਪੁਰੀ ਦੀ ਲਿਖਤ ਸੀ। ਬਹੁਤੇ ਗੀਤਕਾਰ ਭੁੱਖਾਂ ਨਾਲ ਜੂਝਦੇ ਜ਼ਿੰਦਗੀ ਗੁਜ਼ਾਰ ਜਾਂਦੇ ਹਨ। ਨੰਦ ਲਾਲ ਨੂਰਪੁਰੀ ਗਰੀਬੀ ਵਿੱਚ ਆਤਮ-ਹੱਤਿਆ ਕਰ ਗਿਆ ਸੀ। ਪਰ ਇਨ੍ਹਾਂ ਹੀ ਗੀਤਕਾਰਾਂ ਦੇ ਲਿਖੇ ਖ਼ੂਬਸੂਰਤ ਗੀਤ ਗਾ ਕੇ ਗਾਇਕ ਅਤੇ ਸੰਗੀਤ ਕੰਪਨੀਆਂ ਲੱਖਾਂ-ਕਰੋੜਾਂ ਰੁਪਏ ਕਮਾਉਂਦੀਆਂ ਹਨ।
-----
ਮੈਂ 14 ਦਸੰਬਰ (2005) ਨੂੰ ਪੰਜਾਬ ਗਿਆ ਸੀ ਅਤੇ 5 ਜਨਵਰੀ (2006) ਨੂੰ ਵਾਪਸ ਅਮਰੀਕਾ ਆ ਗਿਆ ਸੀ। ਤਰਸੇਮ ਮੈਨੂੰ ਦੋ ਵਾਰੀ ਮਿਲਣ ਆਇਆ ਸੀ। ਮੈਂ ਇਕ ਵਿਆਹ ਵਿੱਚ ਰੁੱਝਾ ਹੋਣ ਕਰਕੇ ਅਤੇ ਕੁਝ ਹੋਰ ਰੁਝੇਵਿਆਂ ਕਾਰਨ ਸਫ਼ਰੀ ਹੁਰਾਂ ਨੂੰ ਮਿਲਣ ਨਾ ਜਾ ਸਕਿਆ ਭਾਵੇਂ ਦਿਲ ਬਹੁਤ ਚਾਹੁੰਦਾ ਸੀ। ਇਹ ਵੀ ਨਹੀਂ ਸੀ ਪਤਾ ਕਿ ਸਫ਼ਰੀ ਹੁਰੀਂ ਛੇਤੀ ਹੀ ਤੁਰ ਜਾਣਗੇ। ਤਿੰਨ ਜਨਵਰੀ ਨੂੰ ਜਦੋਂ ਤਰਸੇਮ ਮਿਲਣ ਆਇਆ ਤਾਂ ਅਸੀਂ ਸਫ਼ਰੀ ਹੁਰਾਂ ਦੀਆਂ ਅਤੇ ਉਨ੍ਹਾਂ ਦੀ ਕਵਿਤਾ ਬਾਰੇ ਕਾਫ਼ੀ ਦੇਰ ਗੱਲਾਂ ਕਰਦੇ ਰਹੇ। ਮੈਂ ਸਫ਼ਰੀ ਹੁਰਾਂ ਦੀ ਸਿਹਤ ਬਾਰੇ ਪੁੱਛਿਆ ਤਾਂ ਤਰਸੇਮ ਨੇ ਸਰਸਰੀ ਜਿਹੀ ਆਖਿਆ, ''ਪਿਤਾ ਜੀ ਥੋੜ੍ਹਾ ਢਿੱਲੇ ਰਹਿੰਦੇ ਹਨ। ਉਮਰ ਵੀ ਤਾਂ ਹੁਣ ਕਾਫ਼ੀ ਹੋ ਗਈ ਹੈ।”
-----
ਤਰਸੇਮ ਗੀਤ ਅਤੇ ਗ਼ਜ਼ਲਾਂ ਲਿਖਦਾ ਹੈ। ਉਹ ਧਾਰਮਿਕ ਕਵਿਤਾਵਾਂ ਨਹੀਂ ਲਿਖਦਾ। ਸਫ਼ਰੀ ਹੁਰਾਂ ਨੇ ਬਹੁਤੀਆਂ ਧਾਰਮਿਕ ਕਵਿਤਾਵਾਂ ਅਤੇ ਗੀਤ ਲਿਖੇ ਹਨ। ਸਫ਼ਰੀ ਹੁਰਾਂ ਦਾ ਅਤੇ ਤਰਸੇਮ ਦਾ ਹਮੇਸ਼ਾ ਪਿਆਰ-ਭਰਿਆ ਝਗੜਾ ਰਿਹਾ ਹੈ ਕਿ ਕੌਣ ਠੀਕ ਹੈ। ਸਫ਼ਰੀ ਸਾਹਿਬ ਹਮੇਸ਼ਾ ਤਰਸੇਮ ਨੂੰ ਕਹਿੰਦੇ ਸਨ ਕਿ ਗ਼ਜ਼ਲਾਂ ਅਤੇ ਪਿਆਰ ਦੇ ਗੀਤ ਲਿਖਣ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਇਸ ਤੋਂ ਰੋਟੀ ਨਹੀਂ ਮਿਲਦੀ। ਉਨ੍ਹਾਂ ਨੇ ਧਾਰਮਿਕ ਕਵਿਤਾਵਾਂ ਅਤੇ ਗੀਤ ਲਿਖ ਕੇ ਅਤੇ ਸਟੇਜਾਂ ‘ਤੇ ਪੜ੍ਹ ਕੇ ਆਪਣਾ ਬਹੁਤ ਵਧੀਆ ਗੁਜ਼ਾਰਾ ਕੀਤਾ ਸੀ। ਤਰਸੇਮ ਕਹਿੰਦਾ ਹੈ ਕਿ ਧਾਰਮਿਕ ਗੀਤਾਂ ਦੀ ਜ਼ਿੰਦਗੀ ਲੰਬੀ ਨਹੀਂ। ਉਸਦਾ ਕਹਿਣਾ ਹੈ ਕਿ ਸਫ਼ਰੀ ਹੁਰਾਂ ਦੇ ਤੁਰ ਜਾਣ ਤੋਂ ਬਾਅਦ ਕਿਸ ਨੇ ਉਨ੍ਹਾਂ ਦੀਆਂ ਧਾਰਮਿਕ ਕਵਿਤਾਵਾਂ ਅਤੇ ਗੀਤ ਪੜ੍ਹਨੇ ਹਨ ਅਤੇ ਇਨ੍ਹਾਂ ਦੀ ਗੱਲ ਕਰਨੀ ਹੈ? ਦੋਵੇਂ ਆਪੋ-ਆਪਣੇ ਥਾਂ ਠੀਕ ਹਨ। ਸਫ਼ਰੀ ਹੁਰਾਂ ਕੋਲ ਕਵਿਤਾ ਲਿਖਣ ਦੀ ਜਿੰਨੀ ਕਲਾ ਸੀ, ਜੇ ਉਹ ਪਿਆਰ ਦੀ ਕਵਿਤਾ ਲਿਖਦੇ ਤਾਂ ਸ਼ਾਇਦ ਸ਼ਿਵ ਕੁਮਾਰ ਦੇ ਬਰਾਬਰ ਖੜ੍ਹੇ ਹੁੰਦੇ। ਭਾਵੇਂ ਸਫ਼ਰੀ ਹੁਰਾਂ ਦਾ ਧਾਰਮਿਕ ਕਵਿਤਾਵਾਂ ਅਤੇ ਗੀਤਾਂ ਵਿੱਚ ਬਹੁਤ ਉੱਚਾ ਅਸਥਾਨ ਹੈ ਪਰ ਮੈਂ ਕੁਝ ਹੱਦ ਤਕ ਤਰਸੇਮ ਨਾਲ ਸਹਿਮਤ ਹਾਂ।
-----
ਸਫ਼ਰੀ ਹੁਰਾਂ ਨੇ ਮਿਰਜ਼ਾ-ਸਾਹਿਬਾਂ, ਹੀਰ-ਰਾਂਝੇ ਅਤੇ ਸੱਸੀ-ਪੁੰਨੂੰ ਬਾਰੇ ਵੀ ਗੀਤ ਤੇ ਕਵਿਤਾਵਾਂ ਲਿਖੀਆਂ ਹਨ। ਉਨ੍ਹਾਂ ਦੀ ਇਕ ਮਿਰਜ਼ਾ-ਸਾਹਿਬਾਂ ਤੇ ਲਿਖੀ ਕਵਿਤਾ ਵਿੱਚੋਂ ਕੁਝ ਸਤਰਾਂ ਪੇਸ਼ ਹਨ-
ਇਕ ਪਾਸੇ ਮਿਰਜ਼ਾ ਯਾਰ ਹੈ
ਇਕ ਪਾਸੇ ਵੀਰ ਸਿਆਲ।
ਵੇ ਮੈਂ ਦੋਂਹ ਪੁੜਾਂ ਵਿੱਚ ਪਿਸ ਗਈ
ਮੇਰਾ ਮਿਰਜ਼ਿਆ ਮੰਦੜਾ ਹਾਲ।
..........
ਨੀ ਮੈਂ ਮਿਰਜ਼ਾ ਸਾਫ਼ ਜ਼ਮੀਰ ਦਾ
ਤੂੰ ਖੇਖਨ ਹੱਥੀਂ ਰੰਡ।
ਤੂੰ ਭਾਈਆਂ ਵਲ ਦੀ ਹੋ ਗਈ
ਇਕ ਯਾਰ ਦੀ ਲਾ ਕੇ ਕੰਡ।
.............
ਮੇਰਾ ਤਰਕਸ਼ ਭੰਨਿਆ ਵੈਰਨੇ
ਰਹੇ ਪੰਛੀ ਪਾਉਂਦੇ ਡੰਡ।
ਕਿਸ ਦਗ਼ਾਬਾਜ਼ ‘ਨਾ ਲਾ ਲਈਆਂ
ਮੈਨੂੰ ਤਾਅਨੇ ਦੇਂਦਾ ਜੰਡ।
-----
ਮੈਂ 5 ਜਨਵਰੀ (2006) ਨੂੰ ਹਿੰਦੁਸਤਾਨ ਤੋਂ ਵਾਪਸ ਅਮਰੀਕਾ ਪਹੁੰਚਿਆ ਸੀ। 6 ਜਨਵਰੀ (2006) ਦੀ ਸ਼ਾਮ ਨੂੰ ਮੈਨੂੰ ਪਤਾ ਲੱਗਾ ਕਿ ਸਫ਼ਰੀ ਹੁਰੀਂ ਪੂਰੇ ਹੋ ਗਏ ਹਨ। ਸੁਣ ਕੇ ਦੁੱਖ ਹੋਇਆ ਪਰ ਖ਼ੁਸ਼ੀ ਇਸ ਗੱਲ ਦੀ ਹੈ ਕਿ ਸਫ਼ਰੀ ਹੁਰੀਂ ਲੰਬੀ ਅਤੇ ਖ਼ੁਸ਼ਹਾਲ ਜ਼ਿੰਦਗੀ ਭੋਗ ਕੇ ਤੁਰਦੇ-ਫਿਰਦੇ ਹੀ ਇਸ ਦੁਨੀਆਂ ਤੋਂ ਗਏ ਹਨ। ਸਫ਼ਰੀ ਹੁਰਾਂ ਦੀ ਪੰਜਾਬੀ ਸਾਹਿਤ, ਸਿੱਖ ਧਰਮ ਅਤੇ ਪੰਜਾਬੀ ਗੀਤਕਾਰੀ ਨੂੰ ਦਿੱਤੀ ਦੇਣ ਛੇਤੀ ਮਿਟਣ ਵਾਲੀ ਨਹੀਂ। ਅਖ਼ੀਰ ਵਿਚ ਸਫ਼ਰੀ ਹੁਰਾਂ ਦੀ ਇਕ ਗ਼ਜ਼ਲ ਦਾ ਸ਼ਿਅਰ ਪੇਸ਼ ਹੈ:
ਸੁਖੀ ਵਸੋ ਬੁਲਬੁਲੋ, ਤੇ ਮੌਜ ਮਾਣੋ ਭੌਰਿਓ!
ਜਾ ਰਿਹਾ ਹੈ ਇਕ 'ਸਫ਼ਰੀ‘ ਚਮਨ ਵਿੱਚੋਂ ਜਾ ਰਿਹਾ!!
******
1999 ‘ਚ ਖਿੱਚੀ ਗਈ ਤਸਵੀਰ ਵਿਚ ਡਾ: ਪ੍ਰੇਮ ਮਾਨ ਜੀ ਦੇ ਨਾਲ਼ ਚਰਨ ਸਿੰਘ ਸਫ਼ਰੀ ਜੀ ਅਤੇ ਗਾਇਕਾ ਨਰਿੰਦਰ ਮਾਵੀ।
No comments:
Post a Comment