ਚਰਨ ਸਿੰਘ ਸਫ਼ਰੀ - ਇਕ ਕਵੀ – ਭਾਗ ਪਹਿਲਾ
ਲੇਖ/ਯਾਦਾਂ
(ਇਹ ਲੇਖ ਡਾ: ਪ੍ਰੇਮ ਮਾਨ ਜੀ ਨੇ ਫਰਵਰੀ 2006 ਵਿੱਚ ਚਰਨ ਸਿੰਘ ਸਫ਼ਰੀ ਜੀ ਦੇ ਤੁਰ ਜਾਣ ਤੇ ਲਿਖਿਆ ਸੀ)
ਪਹਿਲੀ ਵਾਰੀ ਮੈਂ ਚਰਨ ਸਿੰਘ ਸਫ਼ਰੀ ਨੂੰ 1969 ਵਿਚ ਮਿਲਿਆ ਸੀ। ਮੈਂ ਉਨ੍ਹਾਂ ਦੇ ਘਰ ਗਿਆ ਸੀ ਤਰਸੇਮ ਨੂੰ ਮਿਲ਼ਣ। ਸਫ਼ਰੀ ਹੁਰੀਂ ਵਿਹੜੇ ਵਿੱਚ ਡਿੱਠੇ ਵਾਣ ਦੇ ਨੰਗੇ ਮੰਜੇ ‘ਤੇ ਨੰਗੇ ਧੜ ਸਿਰਫ਼ ਕਛਹਿਰਾ ਪਾਈ ਲੰਮੇ ਪਏ ਸਨ। ਕੋਲ ਪੱਖੀ ਪਈ ਸੀ। ਗਰਮੀਆਂ ਦੇ ਦਿਨ ਸਨ। ਮੇਰੇ ਆਉਣ ‘ਤੇ ਉਹ ਉੱਠ ਕੇ ਬੈਠ ਗਏ। ਉਨ੍ਹਾਂ ਦੀ ਪਿੱਠ ‘ਤੇ ਵਾਣ ਦੇ ਨਿਸ਼ਾਨ ਪਏ ਹੋਏ ਸਨ। ਤਰਸੇਮ ਨੇ ਮੇਰੇ ਬਾਰੇ ਦੱਸਿਆ ਤਾਂ ਉਨ੍ਹਾਂ ਮੈਨੂੰ ਬੈਠਣ ਲਈ ਆਖਿਆ। ਬੜੇ ਪਿਆਰ ਨਾਲ ਮਿਲੇ ਅਤੇ ਕਹਿਣ ਲੱਗੇ, ''ਮੁੰਡੇ ਦੀ ਕੋਈ ਸੇਵਾ ਕਰੋ।” ਇਸ ਤੋਂ ਵੱਧ ਮੈਨੂੰ ਉਸ ਮਿਲਣੀ ਦੀਆਂ ਗੱਲਾਂ ਯਾਦ ਨਹੀਂ। ਮੈਂ ਉਦੋਂ ਹਾਲੇ ਕਾਲਜ ਵਿੱਚ ਪੜ੍ਹਦਾ ਸੀ।
-----
ਸਫ਼ਰੀ ਹੁਰੀਂ ਦਸੂਹੇ ਨੇੜੇ ਇਕ ਛੋਟੇ ਜਿਹੇ ਪਿੰਡ ਬੋਦਲ ਵਿੱਚ ਜੰਮੇ-ਪਲੇ ਸਨ। ਮੈਂ ਇਸੇ ਪਿੰਡ ਗਿਆ ਸੀ। ਇਹ ਉਹੀ ਪਿੰਡ ਹੈ ਜਿੱਥੋਂ ਦੇ ਪੰਜਾਬੀ ਸਾਹਿਤ ਦੇ ਸਮਰਥਕ ਡਾ. ਐੱਮ. ਐੱਸ. ਰੰਧਾਵਾ ਹੋਏ ਹਨ ਅਤੇ ਪ੍ਰਸਿੱਧ ਕਲਾਸੀਕਲ ਕੀਰਤਨੀਏ ਦਿਲਬਾਗ਼ ਸਿੰਘ-ਗੁਲਬਾਗ਼ ਸਿੰਘ ਹਨ।
-----
ਤਰਸੇਮ ਸਫ਼ਰੀ, ਜੋ ਆਪ ਇਕ ਬਹੁਤ ਅੱਛਾ ਸ਼ਾਇਰ ਹੈ, ਚਰਨ ਸਿੰਘ ਸਫ਼ਰੀ ਹੁਰਾਂ ਦਾ ਲੜਕਾ ਹੈ। ਤਰਸੇਮ ਮੇਰਾ 1968 ਤੋਂ ਬਹੁਤ ਪਿਆਰਾ ਅਤੇ ਨਿੱਘਾ ਦੋਸਤ ਹੈ ਜਦੋਂ ਉਹ ਸਾਡੇ ਕਾਲਜ ਕਵਿਤਾ ਦੇ ਮੁਕਾਬਲੇ ਵਿੱਚ ਕਵਿਤਾ ਪੜ੍ਹਨ ਆਇਆ ਸੀ ਅਤੇ ਮੈਂ ਉਸ ਕਾਲਜ ਦੇ ਵਿਦਿਆਰਥੀਆਂ ਦੀ ਯੂਨੀਅਨ ਦਾ ਜਨਰਲ ਸਕੱਤਰ ਸੀ।
-----
ਸਫ਼ਰੀ ਹੁਰਾਂ ਨਾਲ ਮੇਰੀ ਆਖ਼ਰੀ ਮਿਲਣੀ 1999 ਵਿੱਚ ਹੋਈ ਸੀ ਜਦੋਂ ਉਹ ਅਮਰੀਕਾ ਆਏ ਸਨ। ਮੈਨੂੰ ਉਨ੍ਹਾਂ ਦਾ ਫ਼ੋਨ ਆਇਆ। ਉਹ ਨਿਊਯਾਰਕ ਵਿੱਚ ਸੋਨੀ ਵਰਿੰਦਰ ਅਤੇ ਨਿਊਜਰਸੀ ਵਿੱਚ ਕ੍ਰਿਪਾਲ ਬਿੱਲੂ ਹੁਰਾਂ ਕੋਲ ਠਹਿਰੇ ਹੋਏ ਸਨ। ਮੈਂ ਉਸ ਵਕਤ ਨਿਊਯਾਰਕ ਸ਼ਹਿਰ ਤੋਂ ਡੇਢ ਸੌ ਮੀਲ ਦੂਰ ਕਨੈਟੀਕਟ ਦੇ ਸੂਬੇ ਵਿੱਚ ਰਹਿੰਦਾ ਸੀ। ਮੈਂ ਉਨ੍ਹਾਂ ਨੂੰ ਨਿਊਯਾਰਕ ਤੋਂ ਕਨੈਟੀਕਟ ਲੈ ਗਿਆ ਜਿੱਥੇ ਉਹ ਮੇਰੇ ਕੋਲ ਦੋ ਦਿਨ ਰਹੇ। ਖ਼ੂਬ ਗੱਲਾਂ ਕੀਤੀਆਂ। ਐਤਵਾਰ ਨੂੰ ਉਨ੍ਹਾਂ ਨੇ ਨੌਰਵਾਕ (ਕਨੈਟੀਕਟ) ਗੁਰਦੁਆਰੇ ਵਿੱਚ ਕਵਿਤਾਵਾਂ ਪੜ੍ਹਨੀਆਂ ਸਨ। ਮੈਂ ਉਨ੍ਹਾਂ ਨੂੰ ਉੱਥੇ ਲੈ ਗਿਆ। ਉਨ੍ਹਾਂ ਦਾ ਉੱਥੇ ਖ਼ੂਬ ਮਾਨ-ਸਨਮਾਨ ਹੋਇਆ। ਉਸੇ ਸ਼ਾਮ ਮੈਂ ਉਨ੍ਹਾਂ ਨੂੰ ਨਿਊਜਰਸੀ ਛੱਡ ਆਇਆ। ਫਿਰ ਜਿਸ ਦਿਨ ਉਨ੍ਹਾਂ ਨੇ ਵਾਪਸ ਹਿੰਦੁਸਤਾਨ ਜਾਣਾ ਸੀ, ਮੈਂ ਉਨ੍ਹਾਂ ਨੂੰ ਨਿਊਯਾਰਕ ਏਅਰਪੋਰਟ ਉੱਤੇ ਮਿਲਣ ਗਿਆ।
-----
ਸਫ਼ਰੀ ਹੁਰੀਂ ਜਿੰਨੀ ਸੋਹਣੀ ਕਵਿਤਾ ਲਿਖਦੇ ਸਨ, ਉਸ ਤੋਂ ਵੀ ਵਧੀਆ ਢੰਗ ਨਾਲ ਉਹ ਕਵਿਤਾ ਸਟੇਜ ‘ਤੇ ਪੜ੍ਹਦੇ ਸਨ। ਉਨ੍ਹਾਂ ਕੋਲ ਕਵਿਤਾ ਲਿਖਣ ਦੀ ਕਲਾ ਸੀ ਅਤੇ ਕਵਿਤਾ ਪੜ੍ਹਨ ਦਾ ਹੁਨਰ ਸੀ। ਵਾਹਿਗੁਰੂ ਨੇ ਉਨ੍ਹਾਂ ਨੂੰ ਆਵਾਜ਼ ਵੀ ਕਮਾਲ ਦੀ ਦਿੱਤੀ ਸੀ। ਸਟੇਜ ‘ਤੇ ਬੋਲਦੇ ਸਨ ਤਾਂ ਇੰਝ ਲੱਗਦਾ ਸੀ ਜਿਵੇਂ ਜ਼ੋਰਦਾਰ ਬਿਜਲੀ ਕੜਕ ਰਹੀ ਹੋਵੇ। ਕਵਿਤਾ ਪੜ੍ਹਦੇ ਸਨ ਤਾਂ ਸਰੋਤਿਆਂ ਦੇ ਰੌਂਗਟੇ ਖੜੇ ਕਰ ਦਿੰਦੇ ਸਨ। ਜਦੋਂ 81 ਸਾਲ ਦੀ ਉਮਰ ਵਿਚ 1999 ਵਿੱਚ ਉਹ ਨੌਰਵਾਕ ਗੁਰਦੁਆਰੇ ਵਿੱਚ ਬੋਲੇ ਤਾਂ ਇੰਝ ਲਗਦਾ ਸੀ ਜਿਵੇਂ ਹੁਣੇ ਗੁਰਦੁਆਰੇ ਦੀਆਂ ਕੰਧਾਂ ਹਿਲਣ ਲੱਗ ਪੈਣਗੀਆਂ। ਉਨ੍ਹਾਂ ਨੇ ਜਿਸ ਜੋਸ਼ ਨਾਲ ਕਵਿਤਾਵਾਂ ਪੜ੍ਹੀਆਂ ਉਸ ਨੂੰ ਦੇਖ ਕੇ ਕੋਈ ਸੋਚ ਵੀ ਨਹੀਂ ਸੀ ਸਕਦਾ ਕਿ ਉਨ੍ਹਾਂ ਦੀ ਉਮਰ 81 ਸਾਲ ਦੀ ਹੋਵੇਗੀ।
-----
ਸਫ਼ਰੀ ਹੁਰਾਂ ਨੂੰ ਦਾਰੂ ਪੀਣ ਦਾ ਬਹੁਤ ਸ਼ੌਕ ਸੀ। ਸੁਣਿਆ ਕਿ ਇਕ ਵਾਰੀ ਉਨ੍ਹਾਂ ਨੇ ਇਕ ਕਵੀ ਦਰਬਾਰ ‘ਤੇ ਲੁਧਿਆਣੇ ਜਾਣਾ ਸੀ। ਉਹ ਘਰੋਂ ਦਾਰੂ ਪੀ ਕੇ ਦਸੂਹੇ ਨੂੰ ਚੱਲ ਪਏ। ਸ਼ਰਾਬ ਦੇ ਨਸ਼ੇ ਵਿੱਚ ਦਸੂਹੇ ਤੋਂ ਲੁਧਿਆਣੇ ਦੀ ਥਾਂ ਪਠਾਨਕੋਟ ਵਾਲੀ ਗੱਡੀ ਫੜ ਲਈ। ਪਠਾਨਕੋਟ ਪਹੁੰਚਣ ‘ਤੇ ਸੁਰਤ ਆਈ ਤਾਂ ਪਤਾ ਲੱਗਾ ਕਿ ਗ਼ਲਤ ਥਾਂ ਪਹੁੰਚ ਗਏ ਸਨ। ਉਹ ਕਵੀ ਦਰਬਾਰ ਤੇ ਪਹੁੰਚ ਹੀ ਨਾ ਸਕੇ।
-----
ਸਫ਼ਰੀ ਹੁਰਾਂ ਨੇ ਜ਼ਿਆਦਾ ਧਾਰਮਿਕ ਗੀਤ ਅਤੇ ਕਵਿਤਾਵਾਂ ਲਿਖੀਆਂ ਹਨ। ਉਨ੍ਹਾਂ ਨੇ ਕੁਝ ਪਿਆਰ ਦੇ ਗੀਤ ਅਤੇ ਗ਼ਜ਼ਲਾਂ ਵੀ ਲਿਖੀਆਂ ਹਨ ਪਰ ਉਤਨੀਆਂ ਨਹੀਂ। ਉਨ੍ਹਾਂ ਦੇ ਧਾਰਮਿਕ ਅਤੇ ਦੂਜੇ ਗੀਤ ਬਹੁਤ ਸਾਰੇ ਪੰਜਾਬੀ ਗਾਇਕਾਂ ਨੇ ਗਾਏ ਹਨ। ਕਈ ਗਾਇਕਾਂ ਦੀ ਮਸ਼ਹੂਰੀ ਅਤੇ ਸਫ਼ਲਤਾ ਪਿੱਛੇ ਸਫ਼ਰੀ ਹੁਰਾਂ ਦਾ ਹੱਥ ਹੈ। ਨਰਿੰਦਰ ਬੀਬਾ ਨੇ ਸਫ਼ਰੀ ਹੁਰਾਂ ਦੇ ਧਾਰਮਿਕ ਗੀਤ ਗਾ ਕੇ ਹੀ ਏਨਾ ਨਾਂ ਖੱਟਿਆ ਸੀ। ਕਹਿੰਦੇ ਹਨ ਕਿ ਹੰਸ ਰਾਜ ਹੰਸ ਵੀ ਸਫ਼ਰੀ ਹੁਰਾਂ ਦਾ ਗੀਤ (ਨਾਗਣੇ ਨੀ ਇਕ ਡੰਗ ਹੋਰ ਮਾਰ ਜਾ) ਗਾ ਕੇ ਹੀ ਚੜ੍ਹਿਆ ਸੀ। ਦੇਬੀ ਮਖ਼ਸੂਸਪੁਰੀ ਦੀ ਇਕ ਕੈਸੇਟ ਦਾ ਸਭ ਤੋਂ ਵਧੀਆ ਗਾਣਾ ਵੀ ਸਫ਼ਰੀ ਹੁਰਾਂ ਦਾ ਹੀ ਲਿਖਿਆ ਹੋਇਆ ਹੈ। ਇਸ ਗੀਤ ਦੇ ਬੋਲ ਹਨ-
ਅੱਖਾਂ ‘ਚ ਸ਼ਰਾਬ ਗੋਰੀਏ,
ਨੀ ਤੂੰ ਸੁਰਮਾ ਪਾਉਣ ਨੂੰ ਕਹਿੰਦੀ।
ਮਹਿੰਦੀ ਵਾਲੇ ਹੱਥ ਨਾ ਕਰੀਂ,
ਅੱਗ ਉਡ ਕੇ ਨਸ਼ੇ ਨੂੰ ਪੈਂਦੀ।
-----
ਕਵੀ ਇਕ ਚਿੱਤਰਕਾਰ ਵਾਂਗੂੰ ਹੈ। ਚਿੱਤਰਕਾਰ ਬੁਰਸ਼ ਅਤੇ ਰੰਗ ਲੈ ਕੇ ਤਸਵੀਰ ਵਾਹੁੰਦਾ ਹੈ; ਕਵੀ ਕਲਮ ਤੇ ਪੇਪਰ ਲੈ ਕੇ ਸ਼ਬਦਾਂ ਨੂੰ ਵਰਤ ਕੇ ਤਸਵੀਰ ਬਣਾਉਂਦਾ ਹੈ। ਸਫ਼ਲ ਕਵੀ ਉਹੋ ਹੀ ਹੈ ਜਿਸਦੀ ਕਵਿਤਾ ਪੜ੍ਹ ਕੇ ਤੁਹਾਡਾ ਦਿਲ ਖਿੱਚਿਆ ਜਾਵੇ ਅਤੇ ਵਰਣਨ ਕੀਤੀ ਗੱਲ ਦੀ ਝਲਕੀ ਤੁਹਾਡੀਆਂ ਅੰਤਰ ਅੱਖਾਂ ਅੱਗਿਓਂ ਲੰਘ ਜਾਵੇ। ਸਫ਼ਰੀ ਹੁਰਾਂ ਦੀ ਕਵਿਤਾ ਵਿੱਚ ਇਹ ਗੁਣ ਆਮ ਮਿਲਦਾ ਹੈ। ਬਿੰਬ ਵਰਤਣ ਵਿੱਚ ਸਫ਼ਰੀ ਹੁਰੀਂ ਮਾਹਿਰ ਸਨ। ਹਰ ਗੱਲ ਨੂੰ ਸਧਾਰਨ ਪਰ ਬਹੁਤ ਹੀ ਸੁਚੱਜੇ ਅਤੇ ਕਲਾਮਈ ਢੰਗ ਨਾਲ ਕਹਿਣਾ ਉਨ੍ਹਾਂ ਦੀ ਖ਼ੂਬੀ ਸੀ। ਕਵਿਤਾ ਵਿੱਚ ਸ਼ਬਦਾਂ ਨੂੰ ਮੋਤੀਆਂ ਵਾਂਗ ਪਰੋ ਦੇਣ ਦੀ ਕਲਾ ਉਨ੍ਹਾਂ ਨੂੰ ਰੱਬ ਨੇ ਬਹੁਤ ਬਖ਼ਸ਼ੀ ਸੀ। ਇਸ ਦੀਆਂ ਪ੍ਰਤੀਕ ਮਾਤਾ ਗੁਜਰੀ ਬਾਰੇ ਲਿਖੀਆਂ ਇਕ ਕਵਿਤਾ ‘ਚੋਂ ਲਈਆਂ ਹੇਠ ਲਿਖੀਆਂ ਸਤਰਾਂ ਹਨ ਜਿਨ੍ਹਾਂ ਵਿੱਚ ਮਾਤਾ ਗੁਜਰੀ ਜੱਲਾਦ ਨੂੰ ਜਵਾਬ ਦਿੰਦੀ ਹੈ-
ਮਾਤਾ ਗੁਜਰੀ ਅੱਗੋਂ ਜਵਾਬ ਦਿੱਤਾ,
ਮੇਰਾ ਨਾਂ ਗੁਜਰੀ ਮੇਰੀ ਅੱਲ ਗੁਜਰੀ।
ਇਹੋ ਜਿਹੀ ਕਹਾਰੀ ਤਾਂ ਮੇਰੇ ਉੱਤੇ,
ਘੜੀ-ਘੜੀ ਗੁਜਰੀ ਪਲ-ਪਲ ਗੁਜਰੀ।
ਪਹਿਲਾਂ ਪਤੀ ਦਿੱਤਾ ਫਿਰ ਮੈਂ ਪੋਤੇ ਦਿੱਤੇ,
ਆ ਹੁਣ ਮੌਤ ਮੈਨੂੰ ਕਹਿੰਦੀ ਚਲ ਗੁਜਰੀ।
ਗੁਜਰੀ ਲੋਕ ਮੈਨੂੰ ਤਾਹੀਓਂ ਆਖਦੇ ਨੇ,
ਜਿਹੜੀ ਆਈ ਸਿਰ ‘ਤੇ ਉਹ ਮੈਂ ਝੱਲ ਗੁਜਰੀ।
-----
ਸਫ਼ਰੀ ਹੁਰਾਂ ਦੇ ਲਿਖਣ ਦਾ ਕਮਾਲ ਹੀ ਹੈ ਕਿ ਉਨ੍ਹਾਂ ਦੀਆਂ ਕਵਿਤਾਵਾਂ ਅਤੇ ਗੀਤਾਂ ਵਿੱਚ ਬਿਆਨ ਕੀਤੇ ਦ੍ਰਿਸ਼ ਇਹ ਕਵਿਤਾਵਾਂ ਅਤੇ ਗੀਤ ਪੜ੍ਹਦਿਆਂ ਅਤੇ ਸੁਣਦਿਆਂ ਤੁਹਾਡੀਆਂ ਅੱਖਾਂ ਅੱਗੇ ਆ ਜਾਂਦੇ ਹਨ। ਜਿਵੇਂ ਸਾਡੇ ਵਿੱਚੋਂ ਜਿਨ੍ਹਾਂ ਨੇ ਚਰਖ਼ੇ ਕੱਤਦੀਆਂ ਪੰਜਾਬਣਾਂ ਦੇਖੀਆਂ ਹਨ, ਇਹ ਗੀਤ ਪੜ੍ਹ-ਸੁਣ ਕੇ ਉਹ ਦ੍ਰਿਸ਼ ਝੱਟ ਸਾਡੀਆਂ ਅੰਤਰ-ਅੱਖਾਂ ਅੱਗਿਓਂ ਲੰਘ ਜਾਵੇਗਾ-
ਤੱਕਲੇ ਦੇ ਵਲ ਕੱਢ ਲੈ
ਤੇਰਾ ਤੰਦ ਨਾ ਲਪੇਟਿਆ ਜਾਏ।
ਇਹ ਸਤਰਾਂ ਪੜ੍ਹਦਿਆਂ ਹੀ ਹੱਥ ਨਾਲ ਤੱਕਲੇ ਦੇ ਵੱਟ ਕੱਢਦੀ ਪੰਜਾਬਣ ਦੀ ਤਸਵੀਰ ਅੱਖਾਂ ਅੱਗੇ ਆ ਜਾਂਦੀ ਹੈ। ਇਸੇ ਤਰ੍ਹਾਂ ਦੇ ਕੁਝ ਹੋਰ ਗੀਤਾਂ ਦੇ ਬੋਲਾਂ ਦੀਆਂ ਉਦਾਹਰਣਾਂ ਹਨ-
ਸਾਡੇ ਲਾਗਿਉਂ ਦੀ ਲੰਘ ਜਾ, ਬੁਲਾਈਂ ਨਾ ਬੁਲਾਈਂ।
ਤੇਰਾ ਹੈ ਨਹੀਂ ਵੇ ਪਿਆਰ, ਸੌਹਾਂ ਝੂਠੀਆਂ ਨਾ ਖਾਈਂ।
-----
ਹਵਾ ਬੇਈਮਾਨ, ਬੜਾ ਔਂਤਰਾ ਜ਼ਮਾਨਾ ਏ।
ਕੱਲ੍ਹ ਜਿਹੜਾ ਆਪਣਾ ਸੀ, ਅੱਜ ਉਹ ਬੇਗਾਨਾ ਏ।
-----
ਚਿੱਟੇ ਦੰਦ ਬੁੱਲੀਂ ਲਾਲ ਦੰਦਾਸਾ
ਹਾੜਾ ਓ ਰੱਬ ਖ਼ੈਰ ਕਰੇ।
ਹੱਥ ਅੱਲੜ੍ਹਾਂ ਦੇ ਤੇਜ਼ ਗੰਡਾਸਾ
ਹਾੜਾ ਓ ਰੱਬ ਖ਼ੈਰ ਕਰੇ।
-----
ਹੱਸ ਕੇ ਨਾ ਲੰਘ ਗੋਰੀਏ
ਫੁੱਲ ਕਿਰ ਗਏ ਗਲੀ ਦੇ ਵਿੱਚ ਸਾਰੇ।
-----
ਅੱਖਾਂ ਮੀਟ ਗਈ ਜਦੋਂ ਦੀ ਸਾਡੀ ਮਾਂ
ਸਾਡਾ ਨੀ ਏਥੇ ਦਿਲ ਲਗਦਾ।
ਸਾਡਾ ਲਿਖ ਲਓ ਯਤੀਮਾਂ ਵਿੱਚ ਨਾਂ,
ਸਾਡਾ ਨੀ ਏਥੇ ਦਿਲ ਲਗਦਾ।
-----
ਸਫ਼ਰੀ ਹੁਰਾਂ ਗ਼ਜ਼ਲਾਂ ਵੀ ਲਿਖੀਆਂ ਪਰ ਬਹੁਤੀਆਂ ਜ਼ਿਆਦਾ ਨਹੀਂ। ਉਨ੍ਹਾਂ ਦੀ ਇਕ ਗ਼ਜ਼ਲ ਦਾ ਹੇਠਲਾ ਸ਼ੇਅਰ ਤਾਂ ਬਹੁਤ ਮਸ਼ਹੂਰ ਹੋਇਆ ਸੀ ਜਿਸ ਵਿੱਚ ਮਾਸ਼ੂਕ ਦੇ ਨਾਤਾ ਤੋੜ ਜਾਣ ‘ਤੇ ਕਵੀ ਸਫ਼ਰੀ ਆਪਣੇ ਆਪ ਨੂੰ ਇਕ ਅਜੀਬ ਢੰਗ ਨਾਲ ਹੌਸਲਾ ਦਿੰਦਾ ਹੈ-
ਬੜਾ ਅਫ਼ਸੋਸ ਸੱਜਣਾ ‘ਤੇ, ਬਿਗੜ ਗਏ ਗ਼ੈਰ ਦੇ ਆਖੇ।
ਤੂੰ ਰੱਖ ਕੁਝ ਹੌਸਲਾ 'ਸਫ਼ਰੀ‘, ਕਈਆਂ ਦੇ ਮਰ ਵੀ ਜਾਂਦੇ ਨੇ।
-----
ਲੜੀ ਜੋੜਨ ਲਈ ਦੂਜਾ ਭਾਗ ( ਹੇਠਲੀ ਪੋਸਟ ) ਜ਼ਰੂਰ ਪੜ੍ਹੋ ਜੀ।
No comments:
Post a Comment